“ਅੱਗ ਮਚੀ ਤਾਂ ਸਾਰਾ ਸ਼ਹਿਰ ਭਸਮ ਹੋ ਜਾਣਾ... ਕੱਖਾਂ ’ਤੇ ਚੰੜਿਆੜੀ ਧਰ ਕੇ ਕੀ ਲੈਣਾ ਹੈ ...”
(22 ਮਈ 2024)
1.
ਕੈਸੀ ਹਵਾ ਹੈ ਵਗਦੀ ਦੀਵੇ ਬੁਝਾ ਰਹੀ ਹੈ।
ਵਸਦੇ ਗਰਾਂ ਦੇ ਅੰਦਰ ਸੱਥਰ ਵਿਛਾ ਰਹੀ ਹੈ।
ਚੰਦਰਮਾ ਮੂੰਹ ਛੁਪਾਵੇ ਸੂਰਜ ਵੀ ਡੁੱਬ ਡੁੱਬ ਜਾਵੇ
ਤੱਕ ਡਾਇਣ ਚੰਦਰੀ ਜੋ ਬੰਦਿਆਂ ਨੂੰ ਖਾ ਰਹੀ ਹੈ।
ਸਾਰੇ ਦ੍ਰਖਤਾਂ ਦੇ ਪੱਤ ਸੜ ਸੁੱਕ ਗਏ ਨੇ
ਪੱਛਮ ਦੀ ਪੌਣ ਮਾਰੂ ਜਲਵੇ ਵਿਖਾ ਰਹੀ ਹੈ!
ਖੇਤਾਂ ਦੇ ਮੁੱਖੜਿਆਂ ’ਤੇ ਮਾਯੂਸੀਆਂ ਦਾ ਆਲਮ
ਮਾਸੂਮ ਚੁੱਲ੍ਹਿਆਂ ਦੀ ਅੱਗ ਵੀ ਬੁਝਾ ਰਹੀ ਹੈ।
ਇਸਦਾ ਇਲਾਜ ਯਾਰੋ! ਕਰਨਾ ਤਾਂ ਪੈਣਾ ਇੱਕ ਦਿਨ
ਇਹ ਧੂੜ ਜ਼ੁਲਮ ਦੀ ਜੋ ਅੰਬਰ ’ਤੇ ਛਾ ਰਹੀ ਹੈ।
* * *
2.
ਉਸ ਸ਼ਹਿਰ ਵਿੱਚ ਕੋਈ ਹੋਰ ਟਿਕਾਣਾ ਨਹੀਂ ਸੀ।
ਜਿਸ ਘਰ ਜਾ ਸਕਦੇ ਸੀ, ਉਸ ਘਰ ਜਾਣਾ ਨਹੀਂ ਸੀ।
ਉਸ ਘਰ ਜਾ ਕੇ ਬਹਿਣਾ ਸੀ ਸੂਲਾਂ ’ਤੇ ਬਹਿਣਾ
ਰਿਸ਼ਤਾ ਨਵਾਂ ਸੀ ਭਾਵੇਂ ਬਹੁਤ ਪੁਰਾਣਾ ਨਹੀਂ ਸੀ।
ਜਿਸ ਥਾਂ ਜਾ ਕੇ ਦਿਲ ਦਾ ਮੋਰ ਨਾ ਪੈਲਾਂ ਪਾਵੇ
ਉਸ ਥਾਂ ਜਾ ਕੇ ਦਿਲ ਦਾ ਹਾਲ ਸੁਣਾਣਾ ਨਹੀਂ ਸੀ।
ਜਿਸ ਬਗੀਚੇ ਵਿੱਚ ਫੁੱਲ ਬੀਜਿਆਂ ਕੰਡੇ ਉੱਗਦੇ
ਗੁਲਮੋਹਰ ਦਾ ਬੂਟਾ ਉਸ ਵਿੱਚ ਲਾਣਾ ਨਹੀਂ ਸੀ
ਜਿਸ ਵਿੱਚ ਰਾਖੇ ਡੋਲੀ ਦੀ ਪੱਤ ਖ਼ੁਦ ਲੁੱਟ ਲੈਂਦੇ
ਉਸ ਸ਼ਹਿਰ ਵਿੱਚ ਖੁਸ਼ੀ ਦਾ ਜਸ਼ਨ ਮਨਾਣਾ ਨਹੀਂ ਸੀ।
ਜਿਸਦੇ ਦਿਲ ਵਿੱਚ ਨਫਰਤ ਦਾ ਦਰਿਆ ਸੀ ਵਗਦਾ
ਉਸ ਰਾਹਬਰ ਨੇ ਪਿਆਰ ਦਾ ਸਬਕ ਪੜ੍ਹਾਣਾ ਨਹੀਂ ਸੀ।
ਕੱਚੀਆਂ ਕਲੀਆਂ ਉੱਤੇ ਅੱਗ ਦੀ ਵਰਖਾ ਹੋਈ
ਕਹਿਰ ਬੱਦਲ ਦਾ ਸੀ ਇਹ ਰੱਬ ਦਾ ਭਾਣਾ ਨਹੀਂ ਸੀ।
* * *
3.
ਹਾੜ੍ਹੇ ਕੱਢ ਬੁਲਾਇਆ ਪਰ ਉਹ ਆਇਆ ਨਾ।
ਸੱਚੇ ਦਿਲ ਤੋਂ ਚਾਹਿਆ ਪਰ ਉਹ ਆਇਆ ਨਾ।
ਇਸਦੇ ਨਾਲੋਂ ਵੱਧ ਭਲਾ ਅਸੀਂ ਕੀ ਕਰਦੇ
ਰੱਤ ਦਾ ਅਰਘ ਚੜ੍ਹਾਇਆ ਪਰ ਉਹ ਆਇਆ ਨਾ।
ਕੀਤਾ ਅਸੀਂ ਨਿਛਾਵਰ ਉਹਦੇ ਸਿਰ ਉੱਤੋਂ
ਜੀਵਨ ਦਾ ਸਰਮਾਇਆ ਪਰ ਉਹ ਆਇਆ ਨਾ।
ਅਸੀਂ ਤਾਂ ਆਪਣਾ ਇਸ਼ਟ ਜਾਣ ਕੇ ਦਿਲਬਰ ਨੂੰ
ਹਰ ਸਾਹ ਨਾਲ ਧਿਆਇਆ ਪਰ ਉਹ ਆਇਆ ਨਾ।
ਅਜਿਹਾ ਪੱਥਰ ਸੱਜਣ ਕਿਸੇ ਦਾ ਨਾ ਹੋਵੇ
ਮੰਨਤਾਂ ਮੰਨ ਮਨਾਇਆ ਪਰ ਉਹ ਆਇਆ ਨਾ।
ਸਾਗਰ ਦੇ ਵਿੱਚ ਠਿੱਲ੍ਹਦੇ, ਪਰਬਤ ਚੜ੍ਹਦੇ ਰਹੇ
ਹਰ ਹੀਲਾ ਅਜ਼ਮਾਇਆ ਪਰ ਉਹ ਆਇਆ ਨਾ।
ਰੰਗਾਂ ਅਤੇ ਸੁਗੰਧਾਂ ਵਾਲੀ ਮਹਿਫਲ ਵਿਚ
ਨਚਦਾ, ਗਾਉਂਦਾ ਆਇਆ, ਪਰ ਉਹ ਆਇਆ ਨਾ!
* * *
4.
ਮੰਨਿਆ, ਕਿ ਰਾਤ ਕਾਲੀ ਅੱਜ ਵਜਾਉਂਦੀ ਢੋਲ ਹੈ।
ਢੋਲ ਦੇ ਅੰਦਰ ਵੀ ਐਪਰ ਢੋਲ ਜਿੱਡਾ ਪੋਲ ਹੈ!
ਨਾ ਗੁਜ਼ਾਰੋ ਜ਼ਿੰਦਗੀ ਦੇ ਪਲ ਅਜਾਈਂ ਦੋਸਤੋ!
ਹਰ ਇੱਕ ਸਵਾਸ ਆਦਮੀ ਦਾ ਬੜਾ ਹੀ ਅਨਮੋਲ ਹੈ।
ਕਦ ਤਕ ਮੀਟਣਗੇ ਅੱਖਾਂ, ਦੇਖ ਬਿੱਲੀ ਨੂੰ ਕਬੂਤਰ
ਦਾਣੇ-ਦੁਣਕੇ ਲਈ ਆਖਰ ਲੜਨਾ ਪੈਣਾ ਘੋਲ ਹੈ।
ਤਸ਼ਤਰੀ ਦੇ ਵਿੱਚ ਪਾਕੇ ਪੇਸ਼ ਕਰੇਗਾ ਉਹ ਚੋਗ
ਭੋਲੀਓ ਚਿੜੀਓ! ਸ਼ਿਕਾਰੀ ਇੰਨਾ ਨਹੀਂ ਅਨਭੋਲ ਹੈ।
ਲਾਰਿਆਂ ਦੇ ਉਹ ਜਹਾਜ਼ ਹੈ ਉਡਾਉਂਦਾ ਹਰ ਘੜੀ
ਜੀਭ ਰਾਜੇ ਦੀ ਹੈ ਕਾਲੀ, ਕੁਫਰ ਹਰ ਇੱਕ ਬੋਲ ਹੈ।
ਗਿੱਧ, ਸ਼ਿਕਰੇ ਕਾਗ, ਨਾਗ ਖਾ ਰਹੇ ਜ਼ਿੰਦਗੀ ਦੇ ਫ਼ਲ
ਮੋਰ, ਤਿੱਤਰ, ਤਿਤਲੀਆਂ ਦੀ ਪਰ ਕਿਉਂ ਖਾਲੀ ਝੋਲ ਹੈ?
ਆਪਣੇ ਸੋਹਣੇ ਨੂੰ ਮੈਂ ਨਟਖਟ ਕਹਾਂ ਜਾਂ ਮਿਹਰਬਾਨ
ਪਲ ਵਿੱਚ ਲੱਗੇ ਜਨਮਾਂ ਦੂਰ ਪਲ ਵਿੱਚ ਲੱਗੇ ਕੋਲ ਹੈ।
* * *
5.
ਇੱਕ ਹਨੇਰੀ ਰਾਤ ਸ਼ਹਿਰ ’ਤੇ ਉੱਤਰਨ ਵਾਲੀ ਹੈ।
ਜਿਹੜੀ ਉੱਗਦੇ ਸੂਰਜ ਦੇ ਪਰ ਕੁਤਰਨ ਵਾਲੀ ਹੈ।
ਉਹ ਇਤਿਹਾਸ ਦੇ ਸੂਰਜ ਨੂੰ ਡੋਬਣਗੇ ਕਾਲਖ ਵਿਚ
ਸੋਚ ਉਨ੍ਹਾਂ ਦੀ ਸੱਚ ਦੀ ਲੋਅ ਤੋਂ ਮੁਕਰਨ ਵਾਲੀ ਹੈ।
ਸਮੇਂ ਦੀ ਗਰਦਸ਼ ਘੋਲ ਰਹੀ ਜੱਗ ਉੱਤੇ ਅਜਿਹਾ ਰੰਗ
ਕਾਲੇ ਰੰਗ ਵਿੱਚ ਸੰਦਲੀ ਰੁੱਤ ਨੂੰ ਰੰਗਣ ਵਾਲੀ ਹੈ।
ਕਰੀਂ ਹਿਫ਼ਾਜ਼ਤ ਮੇਰੇ ਪਿੰਡ ਦੇ ‘ਵਿਹੜੇ’ ਦੀ ‘ਦਾਤਾ’
ਪਿੰਡ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਵਾਲੀ ਹੈ।
ਰਾਖਸ਼ ਜਿਹੜਾ ਉਂਗਲਾਂ ਉੱਤੇ ਜੱਗ ਨਚਾਵੇ ਅੱਜ
ਉਸਦੇ ਹੱਥ ਵਿੱਚੋਂ ਜਿੱਤ ਦੀ ਬਾਜ਼ੀ ਨਿਕਲਣ ਵਾਲੀ ਹੈ।
ਕਦ ਤਕ ਬੁਝਦੇ ਰਹਿਣਗੇ ਖਾ ਕੇ ਪੌਣ ਦੀਆਂ ਛਮਕਾਂ
ਫੌਜ ਚਿਰਾਗਾਂ ਦੀ ਹੁਣ ਜੰਗ ਵਿੱਚ ਨਿੱਤਰਨ ਵਾਲੀ ਹੈ।
* * *
6.
ਸੱਪਾਂ ਨਾਲ ਮੁਹੱਬਤ ਕਰਕੇ ਕੀ ਲੈਣਾ ਹੈ।
ਕੋਮਲ ਦਿਲ ਨੂੰ ਵਿਖ ਸੰਗ ਭਰਕੇ ਕੀ ਲੈਣਾ ਹੈ।
ਚੀਤੇ ਦੇ ਸੰਗ ਪੱਗ ਵਟਾ ਕੇ ਪਛਤਾਵੇਂਗਾ
ਤੂੰ ਅਣਿਆਈ ਮੌਤੇ ਮਰ ਕੇ ਕੀ ਲੈਣਾ ਹੈ।
ਮਿੱਤਰ ਪਾਸੋਂ ਬਾਜ਼ੀ ਹਰ ਕੇ, ਜਿੱਤ ਗਿਆਂ ਤੂੰ
ਜਾ ਹੁਣ, ਜਿੱਤੀ ਬਾਜ਼ੀ ਹਰ ਕੇ ਕੀ ਲੈਣਾ ਹੈ।
ਅੱਗ ਮਚੀ ਤਾਂ ਸਾਰਾ ਸ਼ਹਿਰ ਭਸਮ ਹੋ ਜਾਣਾ
ਕੱਖਾਂ ’ਤੇ ਚੰੜਿਆੜੀ ਧਰ ਕੇ ਕੀ ਲੈਣਾ ਹੈ।
ਵਰ੍ਹਨਾ ਹੈ ਤਾਂ ਜਾ ਕੇ ਬਲਦੇ ਖੇਤਾਂ ’ਤੇ ਵਰ੍ਹ
ਬੱਦਲਾ! ਸਾਗਰ ਉੱਤੇ ਵਰ੍ਹ ਕੇ ਕੀ ਲੈਣਾ ਹੈ।
ਸੂਰਜ ਹੈਂ ਤੂੰ, ਤੇਰੀ ਸ਼ਾਨ ਹੈ ਅੰਬਰ ਉੱਤੇ
ਤੂੰ ਡੂੰਘੇ ਸਾਗਰ ਵਿੱਚ ਗ਼ਰ ਕੇ ਕੀ ਲੈਣਾ ਹੈ।
ਪਰਲੇ ਕੰਢੇ ਨਿਰੀ ਜਲਾਲਤ ਪੱਲੇ ਪੈਣੀ
ਮੁੜ ਜਾ! ਕਾਲੀ ਝੀਲ ਨੂੰ ਤਰ ਕੇ ਕੀ ਲੈਣਾ ਹੈ।
* * *
ਗੀਤ
ਆ ਰਲਮਿਲ ਕਰੀਏ ਉਹ ਬਾਤ ਹਾਣੀਆ!
ਜਿਸ ਨਾਲ ਮੁੱਕ ਜਾਵੇ ਕਾਲੀ ਰਾਤ ਹਾਣੀਆ।
ਆ ਖੇਤਾਂ ਵਿੱਚ ਆਪਣੇ ਚਿਰਾਗ ਬੀਜੀਏ
ਸੂਹੇ ਸੂਹੇ ਫੁੱਲਾਂ ਵਾਲਾ ਇੱਕ ਬਾਗ ਬੀਜੀਏ
ਖਿੜੇ ਜੱਗ ਉੱਤੇ ਸ਼ੁਭ ਪ੍ਰਭਾਤ ਹਾਣੀਆ,
ਆ ਰਲਮਿਲ ...
ਲੱਗ ਰੁੱਖਾਂ ਗੱਲ ਰੋਣ ਜ਼ਾਰ ਜ਼ਾਰ ਟਹਿਣੀਆਂ
ਔੜਾਂ ਦੁੱਖ ਦੀਆਂ ਇਨ੍ਹਾਂ ਸਿਰੋਂ ਕਦੋਂ ਲਹਿਣੀਆਂ?
ਕਰ ਖੁਸ਼ੀਆਂ ਦੀ ਦੇਈਏ ਬਰਸਾਤ ਹਾਣੀਆ,
ਆ ਰਲ ਮਿਲ...
ਮਾਰੂਥਲਾਂ ਵਿੱਚ ਹਰੇ-ਭਰੇ ਰੁੱਖ ਲਾਉਣ ਲਈ
ਸੁੱਕੇ ਪਿੰਜਰਾਂ ਦੇ ਵਿੱਚ ਜਿੰਦ-ਜਾਨ ਪਾਉਣ ਲਈ
ਕਿਉਂ ਕਰੀਏ ਨਾ ਅੱਜ ਸ਼ੁਰੂਆਤ ਹਾਣੀਆ,
ਆ ਰਲ ਮਿਲ...
ਅਸੀਂ ਸੂਰਜ ਨੂੰ ਮੋਢੇ ਉੱਤੇ ਚੁੱਕ ਤੁਰਾਂਗੇ
ਅਸੀਂ ਕਿਸੇ ਬਾਘ ਤੋਂ ਨਾ ਲੁਕ ਲੁਕ ਤੁਰਾਂਗੇ
ਨਾਲ ਤੁਰੂ ਸਾਡੇ ਸਾਹਾਂ ਦੀ ਬਰਾਤ ਹਾਣੀਆ,
ਆ ਰਲ ਮਿਲ...
ਕਿਸੇ ਗ਼ੈਬੀ ਸ਼ਕਤੀ ਨੇ ਸਾਡੇ ਕੰਮ ਆਉਣਾ ਨਹੀਂ
ਸਾਡੇ ਬੂਹੇ ਉੱਤੇ ਸ਼ਗਨਾਂ ਦਾ ਤੇਲ ਚੋਣਾ ਨਹੀਂ
ਹੱਥ ਬੰਦੇ ਦੇ ਕਰਨ ਕਰਾਮਾਤ ਹਾਣੀਆ,
ਆ ਰਲਮਿਲ ਕਰੀਏ ਉਹ ਬਾਤ ਹਾਣੀਆ
ਜਿਸ ਨਾਲ ਮੁੱਕ ਜਾਵੇ ਕਾਲੀ ਰਾਤ ਹਾਣੀਆ।
* * *
(ਛਪ ਰਹੀ ਪੁਸਤਕ ‘ਅਲਵਿਦਾ ਤੋਂ ਪਹਿਲਾਂ’ ਵਿੱਚੋਂ)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































