GurnamDhillon7ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ! ... ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ। ...
(26 ਜੁਲਾਈ 2023)

 

                  1.

ਤੇਰੇ ਰੁਕੇ ਨਾ ਪਾਣੀ ਉਸ ਵਰਜਿਆ ਬਥੇਰਾ,
ਆਖਰ ਨੂੰ ਥਲ ਵਿਚ ਜਾ ਕੇ ਗਿਆ ਸੁੱਕ ਨੀਰ ਤੇਰਾ

ਚਿਹਰੇ ’ਤੇ ਗ਼ਮ ਦੇ ਸਾਏ ਤੇ ਅੱਖੀਆਂ ’ਚ ਖੰਡਰ,
ਕਿਸ ਨੇ ਉਧਾਲਿਆ ਹੈ ਤਿਰੇ ਰੂਪ ਦਾ ਸਵੇਰਾ।

ਭੱਜੇ ਘਰੋਂ ਇਹ ਸਮਝ ਕੇ, ਹੈ ਮੁੱਠ ਵਿਚ ਸੂਰਜ,
ਜਦ ਭੇਦ ਖੁੱਲ੍ਹਾ ਪੇਸ਼ ਸੀ ਬੇਦਰਦ ਘੁੱਪ ਹਨੇਰਾ।

ਦਿੱਤਾ ਬੁਝਾ ਇਕਦਮ ਤੂੰ ਜਗਦਾ ਸੀ ਇਕ ਚਿਰਾਗ,
ਅਸੀਂ ਵੇਖਿਆ ਹੈ ਐ! ਹਵਾ ਕਿੱਡਾ ਕੁ ਤੇਰਾ ਜੇਰਾ

ਮੈਂ ਡੁੱਬ ਗਿਆ ਕਿ ਯਾਰ ਨੂੰ ਬਚਾ ਲਾਂ’ ਕਿਸੇ ਤਰ੍ਹਾਂ,
ਉਹ ਕਹਿ ਰਹੇ ਨੇ ਇਸ ਵਿਚ ਸਾਰਾ ਕਸੂਰ ਮੇਰਾ।

ਅੰਬਰ ਦੀ ਦਾੜ੍ਹੀ ਪੁੱਟਣੋਂ ਮੈਂ ਖੁੰਝਣਾ ਨਹੀਂ ਹੈ,
ਪਾਏ ਤਾਂ ਸਈ ਇਕ ਵਾਰ ਉਹ ਇਸ ਧਰਤ ਉੱਤੇ ਫੇਰਾ।

ਉੱਡਣਾ ਆਜ਼ਾਦ ਹੋ ਕੇ, ਹਰ ਹਾਲ ਤੋੜ ਕੇ ਮੈਂ,
ਮੇਰੇ ਦੁਆਲੇ ਪਾਇਆ ਗਿਰਝਾਂ ਨੇ ਜੋ ਇਹ ਘੇਰਾ।

                     ***

                 2.

ਬਿਨ ਚਾਨਣ ਦੇ ਉਜਲਾ ਵਿਹੜਾ ਹੋਣਾ ਨਹੀਂ,
ਪਾਰ, ਬਿਨਾਂ ਨਿਸ਼ਚੈ ਦੇ ਬੇੜਾ ਹੋਣਾ ਨਹੀਂ।

ਤੂੰ! ਜੇ ਟੀਚਾ ਮਿੱਥ ਕੇ ਢੇਰੀ ਢਾਹ ਬੈਠਾ,
ਤੇਰਾ ਮੰਜ਼ਲ ਦੇ ਸੰਗ ਨੇੜਾ ਹੋਣਾ ਨਹੀਂ।

ਬੇਰਹਿਮੀ ਨਾਲ ਲਗਰਾਂ, ਫੁੱਲਾਂ ਨੂੰ ਲੂਹ ਕੇ,
ਮਾਲੀ! ਤੇਰੇ ਬਾਗ 'ਚ ਖੇੜਾ ਹੋਣਾ ਨਹੀਂ।

ਕੱਤਣ ਵਾਲੀ ਦੀ ਨੀਯਤ ਜਦ ਖੋਟੀ ਹੈ,
ਇਸ ਚਰਖੇ ਦਾ ਪੂਰਾ ਗੇੜਾ ਹੋਣਾ ਨਹੀਂ।

ਤੂੰ ਜੇ ਬੱਦਲਾਂ ਦੇ ਵਿਚ ਰਚ ਕੇ ਉਡਣਾ ਹੈ,
ਧੁੱਪ ਤੇ ਛਾਂ ਦਾ ਫੇਰ ਨਿਖੇੜਾ ਹੋਣਾ ਨਹੀਂ।

ਲੋਕਾਂ ਦੀ ਸ਼ਕਤੀ ਦੇ ਸਾਹਵੇਂ ਮੁਸ਼ਕਿਲ ਕੰਮ!
ਹੈ ਦੁਨੀਆਂ ਵਿਚ ਕਿਹੜਾ ਜਿਹੜਾ ਹੋਣਾ ਨਹੀਂ।

ਸ਼ਬਦ ਤਲੀ ’ਤੇ ਰੱਖ ਕੇ ਮੰਡੀ ਵਿਚ ਨਾ ਜਾ,
ਸ਼ਾਇਰਾ! ਸ਼ੁਹਰਤ ਨਾਲ ਨਬੇੜਾ ਹੋਣਾ ਨਹੀਂ।

ਐਵੇਂ ਨਾ ‘ਗੁਰਨਾਮ’ ਤਿਜਾਰਤ ਕਰ ਬੈਠੀਂ,
ਤੈਥੋਂ ਇਸ ਦਾ ਝੰਜਟ - ਝੇੜਾ ਹੋਣਾ ਨਹੀਂ।
                 ***

                   3.

ਜਦੋਂ ਵੀ ਵੱਸ ਵਿਚ ਹੋਇਆ ਅਸੀਂ ਚਾਨਣ ਖਿੰਡਾ ਦੇਣਾ,
ਹਨੇਰੇ ਦੇ ਬਨੇਰੇ ’ਤੇ ਨਵਾਂ ਸੂਰਜ ਟਿਕਾ ਦੇਣਾ।

ਘਟਾ ਪਾਣੀ ਨੂੰ ਗਲਵਕੜੀ ’ਚ ਲੈ ਕੇ, ਇਸ ਤਰ੍ਹਾਂ ਗੱਜੀ
“ਅਸੀਂ ਧਰਤੀ ਦੇ ਵਿਹੜੇ ਨੂੰ ਗੁਲਾਬਾਂ ਸੰਗ ਸਜਾ ਦੇਣਾ”।

ਬਰਫ਼ ਪਿਘਲੀ ਪਹਾੜਾਂ ਤੋਂ ਬਣੇ ਦਰਿਆ ਅਤੇ ਨਦੀਆਂ,
ਜਿਨ੍ਹਾਂ ਨੇ ਜਿਧਰ ਵੀ ਜਾਣਾ ਨਵਾਂ ਰਸਤਾ ਬਣਾ ਦੇਣਾ।

ਬਿਰਖ ਸਨ ਸੋਗ ਵਿਚ ਡੁੱਬੇ ਸੁਬ੍ਹਾ ਨੇ ਹੌਸਲਾ ਦਿੱਤਾ,
ਨਵਾਂ ਦਿਨ ਚੜ੍ਹ ਗਿਆ ਹੈ ਸੰਕਟ ਜਿਸ ਨੇ ਕੁੱਲ ਮਿਟਾ ਦੇਣਾ।

ਅਸਾਡੇ ਹੁੰਦਿਆਂ ਘੋਲਾਂ ਦੇ ਸਾਗਰ ਸੁੱਕ ਨਹੀਂ ਸਕਦੇ,
ਲਹੂ ਕਰਕੇ ਪਸੀਨਾ ਇੱਕ ਅਸੀਂ ਵਿਚ ਸੀਰ ਪਾ ਦੇਣਾ।

                        ***

                        4.

ਤੂੰ ਗ਼ਮ ਨਾ ਕਰ ਇਕ ਦਿਨ ਆਪਾਂ ਮੰਜ਼ਲ ’ਤੇ ਪੁੱਜ ਜਾਣਾ ਹੈ,
ਕਠਿਨ ਬੜਾ ਹੈ ਦਰਿਆ ਐਪਰ ਕਰ ਕੇ ਪਾਰ ਵਿਖਾਣਾ ਹੈ।

ਸੂਰਜ. ਚੰਦ ਹਮੇਸ਼ਾ ਜੱਗ ’ਤੇ ਚੜ੍ਹਦੇ, ਲਹਿੰਦੇ ਰਹਿਣੇ ਹਨ,
ਸਾਬਤ ਕਦਮ ਅਸੀਂ ਹੈ ਚੱਲਣਾ ਦਿਲ ਨੂੰ ਨਹੀਂ ਡੋਲਾਣਾ ਹੈ।

ਪੂਰਾ ਜੋਸ਼ ਤੋਰ ਵਿਚ ਭਰਕੇ ਅਸੀਂ ਖਿਲਾਅ ਨੂੰ ਚੀਰਾਂਗੇ,
ਦੋ-ਮੇਲਾਂ ਦੇ ਪਰਲੇ ਪਾਸੇ, ਸਾਡੀ ਠਹਿਰ, ਠਿਕਾਣਾ ਹੈ।

ਸਾਡੇ ਜੋਸ਼ ਗ਼ਜ਼ਬ ਨੂੰ ਤੱਕ ਕੇ ਅੰਬਰ ਵੀ ਝੁਕ ਜਾਵੇਗਾ,
ਕੂੜ ਅਮਾਵਸ ਦੇ ਮੱਥੇ ’ਤੇ ਸੋਹਣਾ ਚੰਦ ਚੜ੍ਹਾਣਾ ਹੈ।

ਅਸੀਂ ਸੁਨਾਮੀ ਬਣ ਕੇ ਕਰਨੀ ਦੁਨੀਆਂ ਦੀ ਬਰਬਾਦੀ ਨਹੀਂ,
ਅਸੀਂ ਤਾਂ ਖੁਸ਼ਹਾਲੀ ਦਾ ਪਰਚਮ ਜੱਗ ਉੱਤੇ ਲਹਿਰਾਉਣਾ ਹੈ।

                             ***

              5.

ਮੇਰੇ ਸ਼ਬਦਾਂ ਵਿਚ ਕੋਈ ਜਾਦੂ ਨਹੀਂ,
ਜਦ ਕਹੀ ਦਿਲ ਆਪਣੇ ਦੀ ਗੱਲ ਕਹੀ।

ਖੋਲ੍ਹ ਕੇ ਕੰਨ ਸੁਣ ਲਓ ਦੁਨੀਆਂ ਵਾਲਿਓ!
ਗੱਲ ਅਸੀਂ ਕਰਨੀ ਹੈ ਜੋ ਹੋਵੇ ਸਹੀ।

ਪਾਰ ਕਰ ਲਈ ਹੁਣ ਮੈਂ ਜ਼ਖਮਾਂ ਦੀ ਨਦੀ,
ਕਿਉਂ ਨਾ ਢੁੱਕੇ ਮੱਲ੍ਹਮ ਦੀ ਜਦ ਲੋੜ ਸੀ!

ਅੱਜ ਵਗਦੀ ਪੌਣ ਹੈ ਜੇਹੋ ਜਹੀ,
ਰੁੱਖ ਸੁੱਕ ਜਾਣੇ ਨੇ ਜੇ ਵਗਦੀ ਰਹੀ।

ਰੁੜ੍ਹ ਚੱਲੇ ਬਾੜ੍ਹ ਵਿਚ ਸਭ ਘਰ ਦੇ ਜੀਅ,
ਸੰਦੂਕ ਨੂੰ ਸਾਂਭਣ ਦੀ ਹੈ ਤੈਂਨੂੰ ਪਈ!

ਗੱਲ ਉਸ ਦੀ ਨਜ਼ਰ ਨੇ ਐਸੀ ਕਹੀ,
ਮੇਰੇ ਦਿਲ ਵਿਚ ਜੋ ਹੈ ਅੱਜ ਤਕ ਮਹਿਕਦੀ।

ਦੋਹੀਂ ਪਾਸੀਂ ਢੇਰ ਸਨ ਮਜਬੂਰੀਆਂ,
ਹੁਣ ਹੈ ਇਕ ਦੂਜੇ ਨੂੰ ਦੇਣਾ ਦੋਸ਼ ਕੀ?

             *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4112)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author