“ਅਣਖ ਦੇ ਨਾਲ ਜਿਉਣਾ ਹੈ ਮੜਕ ਦੇ ਨਾਲ ਤੁਰਨਾ ਹੈ, ... ਮੈਂ ਏਸ ਜਨਮ ਵਿਚ ਯਾਰੋ! ਜਿਉਂਦੀ ਲਾਸ਼ ਨਹੀਂ ਹੋਣਾ। ...”
(17 ਦਸੰਬਰ 2023)
ਇਸ ਸਮੇਂ ਪਾਠਕ: 360.
1.
ਸਹਿਜੇ ਸਹਿਜੇ ਨਜ਼ਰ ਕੁਝ ਨਾਰਾਜ਼ ਹੁੰਦੀ ਜਾ ਰਹੀ ਹੈ,
ਹੋਰ ਉੱਚੀ ਪਰ ਮੇਰੀ ਪਰਵਾਜ਼ ਹੁੰਦੀ ਜਾ ਰਹੀ ਹੈ।
ਜਿਉਂ ਜਿਉਂ ਗੈਰ ਹਮਲੇ ਕਰ ਰਹੇ ਹਨ ਹੋਰ ਤੇਜ਼
ਤਿਉਂ ਤਿਉਂ ਮੰਜ਼ਲ ਮਿਰੀ ਹਮਰਾਜ਼ ਹੁੰਦੀ ਜਾ ਰਹੀ ਹੈ।
ਪਹਿਨ ਲਿਆ ਚੁੱਪ ਦਾ ਲਿਬਾਸ ਮੈਂ ਕੁਝ ਇਸ ਤਰ੍ਹਾਂ,
ਨਸ਼ਰ ਮੇਰੀ ਜੱਗ ਵਿਚ ਆਵਾਜ਼ ਹੁੰਦੀ ਜਾ ਰਹੀ ਹੈ।
ਫ਼ਾਸਲਾ ਮੈਂ ਜੀਭ, ਹੱਥ ਦਾ ਖ਼ਤਮ ਕੀਤਾ ਇਸ ਕਦਰ,
ਸੋਚ ਮੇਰੀ ਦੀ ਚਿੜੀ ਹੁਣ ਬਾਜ਼ ਹੁੰਦੀ ਜਾ ਰਹੀ ਹੈ।
ਅਮਲ ਦੇ ਸੂਰਜ ਦੇ ਵਿੱਚੋਂ ਫੁੱਟ ਪਈ ਸੱਜਰੀ ਸਵੇਰ,
ਮੇਰੀ ਹਰ ਇਕ ਸਫਲਤਾ ਵਾਹ! ਨਾਜ਼ ਹੁੰਦੀ ਜਾ ਰਹੀ ਹੈ।
ਇਕ ਦਿਨ ਸੂਰਜ ਨੇ ਮੇਰੇ ਕੰਨ ਦੇ ਵਿਚ ਆਖਿਆ,
ਤੇਰੀ, ਮੇਰੀ ਸਾਂਝ ਯਾਰਾ! ਰਾਜ਼ ਹੁੰਦੀ ਜਾ ਰਹੀ ਹੈ।
ਧਾਰਕੇ ਵਿਸ਼ਵਾਸ ਪੱਕਾ ਨ੍ਹੇਰਿਆਂ ਦੇ ਨਾਲ ਲੜ ਕੇ,
ਚੜ੍ਹ ਰਹੀ ਜੋ ਧੁੱਪ ਸਿਰ ਦਾ ਤਾਜ ਹੁੰਦੀ ਜਾ ਰਹੀ ਹੈ।
* * *
2.
ਚੰਦ ’ਤੇ ਜਾ ਕੇ ਜਿਸ ਦਿਨ ਵਾਪਿਸ ਆਵੇਗਾ,
ਬੰਦਾ ਅਕਲ ਦੀ ਕੁੰਜੀ ਨਾਲ ਲਿਆਵੇਗਾ।
ਖੁੱਲ੍ਹਣਗੇ ਦਰਵਾਜ਼ੇ ਗਿਆਨ ਦੇ ਮੰਡਲਾਂ ਦੇ,
ਸੋਚਾਂ ਦੇ ਧੁੰਦਲੇ ਸ਼ੀਸ਼ੇ ਲਿਸ਼ਕਾਵੇਗਾ।
ਮਾਨਵ ਹੈ ਸਮਰੱਥ ਤੇ ਕੀ ਨਹੀਂ ਕਰ ਸਕਦਾ!,
ਏਸ ਤਰਕ ਨੂੰ ਸੱਚ ਕਰਕੇ ਦਿਖਲਾਵੇਗਾ।
ਬਾਬ ਨਵੇਂ ਜੋੜੇਗਾ ਖੋਜ ਦੀ ਪੁਸਤਕ ਵਿਚ,
ਨਵਿਆਂ ਖ਼ਾਬਾਂ ਦਾ ਰਸਤਾ ਖੁੱਲ੍ਹ ਜਾਵੇਗਾ।
ਫੁੱਲਾਂ ਲਈ ਵਰਤੇਗਾ ਇਸ ਉਪਲਭਦੀ ਨੂੰ,
ਧਰਤੀ ਦੀ ਗੁਲਜ਼ਾਰ ਦੀ ਮਹਿਕ ਵਧਾਵੇਗਾ।
* * *
3.
ਅਸੀਂ ਕੁਝ ਹੋਰ ਚਾਹੁੰਦੇ ਸੀ ਤੁਸੀਂ ਕੁਝ ਹੋਰ ਕਰ ਦਿੱਤਾ,
ਇਹ ਕਿੱਸਾ ਬਹੁਤ ਲੰਮਾ ਸੀ ਤੁਸੀਂ ਕਰ ਮੁਖ਼ਤਸਰ ਦਿੱਤਾ।
ਇਸ ਦੇ ਨੀਰ ਨੇ ਰੱਕੜਾਂ ਨੂੰ ਬਾਗੋ-ਬਾਗ ਕਰਨਾ ਸੀ,
ਤੁਸੀਂ ਦਰਿਆ ਨੂੰ ਪੱਥਰ, ਰੋੜ, ਰੇਤੇ ਨਾਲ ਭਰ ਦਿੱਤਾ।
ਹਵਾ ਵੀ ਆਪਣੀ ਸੀ ਰੁੱਤ ਵੀ ਸੀ ਵੱਸ ਵਿਚ ਸਾਡੇ,
ਕਿਉਂ ਖੁਸ਼ਬੂ ਦੇ ਦਿਲ ਉੱਤੇ ਅਸੀਂ ਅੰਗਿਆਰ ਧਰ ਦਿੱਤਾ?
ਵਕਤ ਦੀ ਲੋੜ ਸੀ ਸਾਰੇ ਜਹਾਂ ਵਿਚ ਰੌਸ਼ਨੀ ਹੋਵੇ,
ਤੁਸੀਂ ਤਾਂ ਤੇਲ ਦੀ ਥਾਂ ਦੀਵਿਆਂ ਵਿਚ ਜ਼ਹਿਰ ਭਰ ਦਿੱਤਾ!
ਉਨ੍ਹਾਂ ਬਾਗਾਂ ਦੇ ਬੂਟੇ ਰੌਸ਼ਨੀ ਤੋਂ ਬਾਂਝ ਨਹੀਂ ਰਹਿੰਦੇ,
ਜਿਨ੍ਹਾਂ ਨੇ ਫਲ਼, ਫੁੱਲ, ਪੱਤ ਕਰ ਸੂਰਜ ਦੀ ਨਜ਼ਰ ਦਿੱਤਾ।
ਇਹ ਕੈਸਾ ਰਾਜ ਹੈ ਰਾਜਾ! ਇਹ ਕੈਸੀ ਮਿਹਰ ਹੈ ਤੇਰੀ,
ਘਰਾਂ ’ਚੋਂ ਕੱਢ ਕੇ ਫੁੱਲਾਂ ਨੂੰ ਕਰ ਤੂੰ ਦਰ-ਬ-ਦਰ ਦਿੱਤਾ।
ਹਾਇ! ਵਾਪਸ ਨਹੀਂ ਪਰਤੇ, ਪਰ ਇਕ ਦਿਨ ਆਉਣਗੇ ਪੰਛੀ,
ਜਿਨ੍ਹਾਂ ਤੂਫ਼ਾਨ ਦੇ ਸੰਗ ਲੜਨ ਲਈ ਛੱਡ ਆਪਣਾ ਘਰ ਦਿੱਤਾ।
ਮੈਂ, ਤੇਰੇ ਪਿਆਰ ਦੀ ਇਕ ਬੂੰਦ ਪੀ ਕੇ ਹੋ ਗਿਆਂ ਸਾਗਰ,
ਤੂੰ ਭਾਵੇਂ ਆਪਣੇ ਵੱਲੋਂ ਸੀ ਮੈਂਨੂੰ ਰੀਣ-ਭਰ ਦਿੱਤਾ।
ਮੈਂ, ਤੇਰੇ ਪਿਆਰ ਤਾਈਂ ਵੇਖ! ਅੱਜ ਤੱਕ ਭੁੱਲ ਨਹੀਂ ਸਕਿਆ,
ਕਿ ਜਿਸ ਨੇ ਕੱਢ ਕੇ ‘ਢਿਲਵਾਂ’ ਵਿੱਚੋਂ ਮੈਂਨੂੰ ‘ਮੁਕਤਸਰ’ ਦਿੱਤਾ।
* * *
4.
ਜ਼ਰਾ ਕੁ ਦੂਰ ਰਹਿਣਾ ਹੈ ਮੈਂ ਏਨਾ ਪਾਸ ਨਹੀਂ ਹੋਣਾ,
ਮੈਂ ਬੰਦਾ ਆਮ ਚੰਗਾ ਹਾਂ ਮੈਂ ਬੰਦਾ ਖਾਸ ਨਹੀਂ ਹੋਣਾ।
ਮੇਰਾ ਵਿਸ਼ਵਾਸ ਹੈ ਕਿ ਇਕ ਦਿਨ ਤੂੰ ਮਿਲਣ ਆਵੇਂਗੀ,
ਮੈਂ ਮਰਦੇ ਦਮ ਤੀਕਰ ਵੀ ਕਦੀ ਬੇਆਸ ਨਹੀਂ ਹੋਣਾ।
ਇਹ ਤੇਰਾ ਪਿਆਰ ਹੈ ਜੋ ਮੈਂਨੂੰ ਏਥੋਂ ਤੀਕ ਲੈ ਆਇਆ,
ਜ਼ਮਾਨੇ ਦਾ ਕੋਈ ਮੌਸਮ ਵੀ ਮੇਰੇ ਰਾਸ ਨਹੀਂ ਹੋਣਾ।
ਅਣਖ ਦੇ ਨਾਲ ਜਿਉਣਾ ਹੈ ਮੜਕ ਦੇ ਨਾਲ ਤੁਰਨਾ ਹੈ,
ਮੈਂ ਏਸ ਜਨਮ ਵਿਚ ਯਾਰੋ! ਜਿਉਂਦੀ ਲਾਸ਼ ਨਹੀਂ ਹੋਣਾ।
ਮੈਂ ਏਡੀ ਦੂਰ ਬੈਠਾ ਵੀ ਤੇਰੇ ਸਾਹੀਂ ਜਿਉਂਦਾ ਹਾਂ,
ਤੂੰ ਕਰ ਕਰ ਯਾਦ ਮੇਰੀ ਮਾਂ ਕਦੀ ਉਦਾਸ ਨਹੀਂ ਹੋਣਾ।
ਜੋ ਸਿੱਧਾ ਤੀਰ ਵਾਂਙੂੰ ਆ ਕੇ ਤੇਰੇ ਦਿਲ ’ਚ ਹੈ ਖੁੱਭਿਆ,
ਉਸ ਕੰਡੇ ਨੂੰ ਤੇਰੇ ਦਰਦ ਦਾ ਇਹਸਾਸ ਨਹੀਂ ਹੋਣਾ।
ਜ਼ਿਮੀਂ ਜ਼ਰਖੇਜ਼ ਵਿਚ ਉੱਗਿਆ ਲਹੂ ਦੇ ਨਾਲ ਹੈ ਸਿੰਜਿਆ,
ਇਸ ਬੂਟੇ ਦਾ ਬੀਜ ਹਸ਼ਰ ਤੀਕਰ ਨਾਸ਼ ਨਹੀਂ ਹੋਣਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4551)
(ਸਰੋਕਾਰ ਨਾਲ ਸੰਪਰਕ ਲਈ: (