“ਸ਼ੁਭ ਭਾਵਨਾਵਾਂ ਦਾ ਤੇਜ਼ ਮੀਂਹ ਵਰ੍ਹਾ ਕੇ, ਹਿੰਮਤ ਦੀ ਧਾਰ ਨੂੰ ਸਾਣ ਉੱਤੇ ਲਾ ਕੇ, ...”
(18 ਸਤੰਬਰ 2023)
1. ਗ਼ੈਰਤਮੰਦ ਪਰਿੰਦੇ
ਉਹ ਸੁੰਦਰ ਬਾਜ਼ਾਰ
ਸਜਾ ਕੇ ਬੈਠੇ ਹਨ,
ਮਾਇਆ ਦੇ ਅੰਬਾਰ
ਲਗਾ ਕੇ ਬੈਠੇ ਹਨ,
ਗ਼ੈਰਤਮੰਦ ਪਰਿੰਦੇ
ਚੀਰ ਕੇ ਲੰਘਣਗੇ,
ਜਿਹੜਾ ਤੰਦੂਆ-ਜਾਲ
ਵਿਛਾ ਕੇ ਬੈਠੇ ਹਨ।
***
2. ਸੌਂਦਰਯ
ਸ਼ੁਭ ਭਾਵਨਾਵਾਂ ਦਾ ਤੇਜ਼ ਮੀਂਹ ਵਰ੍ਹਾ ਕੇ,
ਹਿੰਮਤ ਦੀ ਧਾਰ ਨੂੰ ਸਾਣ ਉੱਤੇ ਲਾ ਕੇ,
ਹੱਥਾਂ ਅਤੇ ਪੈਰਾਂ ਵਿਚ ਅਥਾਹ ਸ਼ਕਤੀ ਜਗਾ ਕੇ,
ਉਤਸ਼ਾਹ ਦੇ ਤੀਰਾਂ ਨੂੰ ਚਿੱਲੇ ’ਤੇ ਚੜ੍ਹਾ ਕੇ,
ਫ਼ਰਜ਼ ਦੇ ਸੀਸ ’ਤੇ ਕਲਗੀ ਸਜਾ ਕੇ,
ਮੇਰੇ ਮਿੱਤਰਾ ਉੱਠ!
ਆ! ਪਹਿਲਾਂ ਔਹ ਸਾਹਮਣੇ ਲਾਂਬੂੰ ਲੱਗੇ
ਸ਼ਹਿਰਾਂ, ਬਸਤੀਆਂ, ਝੁੱਗੀਆਂ-ਝੌਂਪੜੀਆਂ, ਜੰਗਲਾਂ ਨੂੰ
ਭਸਮ ਹੋਣੋ ਬਚਾ ਲਈਏ।
ਨਫ਼ਰਤ ਦੇ ਦਾਵਾਨਲ ਨੂੰ ਬੁਝਾ ਲਈਏ।
ਸਮੇਂ ਦੇ ਕਹਿਰ ਨੂੰ ਦੁਮੇਲ ਤੋਂ ਪਰ੍ਹਾਂ ਕਿਤੇ
ਡੂੰਘੇ ਸਾਗਰ ਵਿਚ ਦਫ਼ਨਾ ਦੇਈਏ।
ਹਾਂ! ਹਾਂ!!
ਪਾਣੀ ਪਾਉਣ ਦੇ ਤੌਰ-ਤਰੀਕਿਆਂ,
ਅੱਗ ਬੁਝਾਉਣ ਦੇ ਸੁਹਜ, ਕੁਸ਼ਲਤਾ ਅਤੇ ਸਲੀਕਿਆਂ,
ਬਾਰੇ ਜਿਰ੍ਹਾ ਸਮਾਂ ਆਉਣ ’ਤੇ ਕਰਾਂਗੇ,
ਬਾਦਸਤੂਰ ਕਰਾਂਗੇ।
ਸੌਂਦਰਯ ਦੇ ਰੰਗ ਵੀ ਭਰਾਂਗੇ
ਆ! ਪਹਿਲਾਂ ਜਿੰਦਗੀ ਦੇ ਵਸੀਲਿਆਂ ਦੀਆਂ
ਪੁੰਗਰਦੀਆਂ ਕੋਮਲ ਲਗਰਾਂ ਨੂੰ
ਰਾਖ ਹੋ ਜਾਣ ਤੋਂ ਬਚਾ ਲਈਏ।
***
3. ਰਾਸ਼ਟਰੀਆ ਸਵੈਮ-ਸੇਵਕ ਸੰਘ
ਰੀਤ-ਰਿਵਾਜ ਤੁਹਾਡਾ ਭਗਤੋ!
ਵੱਜੂ ਨਾਦ ਤੁਹਾਡਾ ਭਗਤੋ!
ਗਿਰਜੇ, ਮਸਜਦ, ਹਰ ਪੂਜਾ ਘਰ,
ਚੱਲੂ ਰਾਜ ਤੁਹਾਡਾ ਭਗਤੋ!
ਭਗਤੋ! ਸੜਕਾਂ ਉੱਤੇ ਆਓ,
ਰਾਮ ਸ਼੍ਰੀ ਦੇ ਨਾਅਰੇ ਲਾਓ,
ਕੁੱਟ ਕੁੱਟ ਮਾਰੋ ਹਰ ‘ਮਾੜੇ’ ਨੂੰ,
ਨਾ-ਹਿੰਦੂਆਂ ਨੂੰ ਸਬਕ ਸਿਖਾਓ।
ਸ਼ਸਤਰ ਪੌਣਾਂ ਵਿਚ ਲਹਿਰਾਓ,
ਚਾਰੇ ਪਾਸੇ ਧੂਮ ਮਚਾਓ,
ਕੁਲ ਕਾਨੂੰਨ ਤੁਹਾਡੇ ਭਗਤੋ!
ਅੱਗਾਂ ਜਿੱਥੇ ਮਰਜ਼ੀ ਲਾਓ।
ਗਊ ਦਾ ਮੂਤ ਛਕਾਓ ਸਭ ਨੂੰ,
ਮੋਕਸ਼ ਇੰਜ ਦੁਆਓ ਸਭ ਨੂੰ,
ਜਿਹੜਾ ਕੁਸਕੇ ਰੱਤ ਵਿਚ ਰੰਗੋ,
ਈਨ ਇਉਂ ਮਨਵਾਓ ਸਭ ਨੂੰ।
ਹਿੰਦੂ ਬਿਨ ਕੋਈ ਨਜ਼ਰ ਨਾ ਆਵੇ,
ਹਰ ਸ਼ਹਿਰੀ ਹਿੰਦੂ ਬਣ ਜਾਵੇ,
ਹੋਵੇ ‘ਕੰਵਲ ਫੁੱਲ’ ਦਾ ਪਹਿਰਾ,
ਹੋਰ ਕੋਈ ਫੁੱਲ ਖਿੜ ਨਾ ਪਾਵੇ।
***
4. ਕਲੀਆਂ, ਕਲੀਆਂ, ਕਲੀਆਂ! ਕੁੜੀਆਂ!
ਕਲੀਆਂ, ਕਲੀਆਂ, ਕਲੀਆਂ! ਲੋਕੋ!
ਮੇਰੇ ਪਿੰਡ ਦੀਆਂ ਕਲੀਆਂ!
ਛੱਡ ਬੁਟੀਕ ਨੂੰ ਜਾਣਾ ਵੇਖੋ!
ਧਰਨੇ ਦੇ ਵਿਚ ਚੱਲੀਆਂ।
ਕਲੀਆਂ, ਕਲੀਆਂ, ਕਲੀਆਂ! ਯਾਰੋ!
ਦੇਸ਼ ਮੇਰੇ ਦੀਆਂ ਕਲੀਆਂ!
ਛੱਡ ਕੇ ਹੀਰੇ, ਸੋਨਾ, ਚਾਂਦੀ
ਲੋਹੇ ਦੇ ਵਿਚ ਢਲੀਆਂ।
ਕਲੀਆਂ, ਕਲੀਆਂ, ਕਲੀਆਂ! ਵੇਖੋ!
ਸਾਡੀ ਵੀਹੀ ਦੀਆਂ ਕਲੀਆਂ!
ਵੈਰੀ ਨੂੰ ਵੰਗਾਰਨ ਦੇ ਲਈ,
ਤਪਦੀਆਂ ਰਾਹਾਂ ਮੱਲੀਆਂ।
ਕਲੀਆਂ, ਕਲੀਆਂ, ਕਲੀਆਂ! ਯਾਰੋ!
ਕਲੀਆਂ, ਕਲੀਆਂ, ਕਲੀਆਂ!
ਕੁਲ ਦੁਨੀਆਂ ਨੂੰ ਤਾਰਨ ਦੇ ਲਈ,
ਕੁਦਰਤ, ਜੱਗ ’ਤੇ ਘੱਲੀਆਂ।
ਕਲੀਆਂ, ਕਲੀਆਂ, ਕਲੀਆਂ! ਮਿੱਤਰੋ!
ਕਲੀਆਂ, ਕਲੀਆਂ, ਕਲੀਆਂ!
ਦੁਨੀਆਂ ’ਤੇ ਖੁਸ਼ਹਾਲੀ ਵੰਡਣ,
ਇਹ ਰਹਿਮਤ ਦੀਆਂ ਡਲ਼ੀਆਂ।
ਕਲੀਆਂ, ਕਲੀਆਂ, ਕਲੀਆਂ! ਲੋਕੋ!
ਕਲੀਆਂ, ਕਲੀਆਂ, ਕਲੀਆਂ!
ਬੰਨ ਕਾਫ਼ਲੇ ਤੁਰਦੀਆਂ ਨੇ ਹੁਣ,
ਇਹ ਨਹੀਂ ਕੱਲਮ-ਕੱਲੀਆਂ।
ਕਲੀਆਂ, ਕਲੀਆਂ, ਕਲੀਆਂ! ਯਾਰੋ!
ਕਲੀਆਂ, ਕਲੀਆਂ, ਕਲੀਆਂ!
ਸੂਰਜ ਦਾ ਅੱਜ ਰਾਹ ਰੁਸ਼ਨਾਉਣ,
ਇਹ ਨਹੀਂ ਝੱਲ-ਵਲੱਲੀਆਂ।
ਕਲੀਆਂ, ਕਲੀਆਂ, ਕਲੀਆਂ! ਲੋਕੋ!
ਕਲੀਆਂ, ਕਲੀਆਂ, ਕਲੀਆਂ!
ਇਹ ਧਰਤੀ ਦੀ ਰੌਣਕ, ਸ਼ੋਭਾ,
ਇਹ ਨਹੀਂ ਦਲੀਆਂ-ਮਲੀਆਂ।
ਕਲੀਆਂ, ਕਲੀਆਂ, ਕਲੀਆਂ! ਸਾਥੀਓ!
ਕਲੀਆਂ, ਕਲੀਆਂ, ਕਲੀਆਂ!
ਕਦਰ ਇਨ੍ਹਾਂ ਦੀ ਕਰਕੇ ਖੱਟ ਲਓ,
ਪੁੰਨ ਤੇ ਨਾਲੇ ਫਲੀਆਂ।
***
5. ਛੰਦ ਪਰਾਗੇ
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਦਿੱਲੀ,
ਦਿੱਤੀ ਕੱਢ ਕਿਸਾਨਾਂ ਇਸ ਦੀ, ਧੌਣ ਦੇ ਵਿੱਚਲੀ ਕਿੱਲੀ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਕਾਹੀ,
ਜਿੱਤਿਆ ਇਕ ਪੜਾਅ ਹੈ ਯਾਰੋ! ਮੰਜ਼ਲ ਨਹੀਓਂ ਆਈ।
ਛੰਦ ਪਰਾਗੇ ਆਈਏ ਜਾਈਏ, ਰਲ਼ ਕੇ ਜਸ਼ਨ ਮਨਾਓ,
ਪ੍ਰਸਪਰ ਪਿਆਰ ਵਧਾ ਕੇ ਮੰਜ਼ਲ ਦੇ ਵੱਲ ਕਦਮ ਵਧਾਓ।
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਬੇਰੀ,
ਜਿੱਤ ਹਮੇਸ਼ਾ ਲੋਕਾਂ ਦੀ ਹੈ, ਨਾ ਤੇਰੀ ਨਾ ਮੇਰੀ।
ਛੰਦ ਪਰਾਗੇ ਆਈਏ, ਜਾਈਏ ਛੰਦ ਪਰਾਗੇ ਤਾਰੇ,
ਜਨ ਅੰਦੋਲਨ ਕਰਕੇ ਹੀ ਹੱਲ ਹੋਣੇ ਮਸਲੇ ਸਾਰੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4228)
(ਸਰੋਕਾਰ ਨਾਲ ਸੰਪਰਕ ਲਈ: (