“ਵਗਦੀ ਉਲਟ ਹਵਾ ਵਿਚ ਜਿਨ੍ਹਾਂ ਹਿੰਮਤ ਨਹੀਂ ਹਾਰੀ, ... ਉਨ੍ਹਾਂ ਡੁੱਬਦੇ ਬੇੜੇ ਤਾਈਂ ਪਾਰ ਲੰਘਾਇਆ ਹੈ। ...”
(10 ਮਈ 2024)
ਇਸ ਸਮੇਂ ਪਾਠਕ: 385.
1.
ਮੇਰੇ ਮੂੰਹ ’ਚੋਂ ਗੱਲ ਕੈਸੀ ਹੋ ਗਈ!
ਜਿਸ ਤਰ੍ਹਾਂ ਚਾਹੁੰਦਾ ਸੀ ਵੈਸੀ ਹੋ ਗਈ।
ਤੀਸਰੇ ਬੰਦੇ ਦੇ ਪਾਸ ਜਦ ਗਈ,
ਗੱਲ ਮੇਰੀ ਐਸੀ-ਵੈਸੀ ਹੋ ਗਈ।
ਮੇਰੇ ਵਿਹੜੇ ਵਿਚ ਪੱਥਰ ਆ ਰਹੇ,
ਉਫ! ਮੈਥੋਂ ਗੱਲ ਕੈਸੀ ਹੋ ਗਈ!
ਚਾਰੇ ਪਾਸੇ ਮਚ ਗਿਆ ਏ ਤਹਿਲਕਾ,
ਮੇਰੀ ਚੁੱਪ ’ਚੋਂ ਗੱਲ ਐਸੀ ਹੋ ਗਈ।
ਸੱਚ ਵਾਲਾ ਸੰਖ ਮੈਂ ਕੀ ਪੂਰਿਆ,
ਝੱਟ ਮੇਰੀ ਐਸੀ-ਤੈਸੀ ਹੋ ਗਈ।
ਮਰਨ ਪਿੱਛੋਂ ਮੇਰੇ, ਅਗਲੇ ਦਿਨ ਹੀ,
ਸ਼ਹਿਰ ਦੇ ਵਿਚ ਕੋਈ, ਹੈ-ਸੀ, ਹੋ ਗਈ।
* * *
2.
ਮੇਰੇ ਸਾਰੇ ਸੁਪਨੇ ਮਿਤਵਾ! ਤੇਰੇ ਨੇ,
ਤੇ ਸਾਰੇ ਗ਼ਮ ਤੇਰੇ ਅੱਜ ਤੋਂ ਮੇਰੇ ਨੇ।
ਕਿੱਸੇ, ਚਿੱਠੇ ਮੇਰੇ ਪਾਸ ਬਥੇਰੇ ਨੇ,
ਪਰ ਇਹਨਾਂ ਵਿਚ ਨੈਣ-ਨਕਸ਼ ਸਭ ਤੇਰੇ ਨੇ।
ਤੇਰੇ ਬਾਝੋਂ ਜੀਣਾ ਵੀ ਕੀ ਹੈ ਜੀਣਾ!
ਉੱਜੜੇ ਵਿਹੜੇ ਸੁੰਞੇ ਕੁੱਲ ਬਨੇਰੇ ਨੇ।
ਕਦਮ ਕਦਮ ’ਤੇ ਸੂਰਜ ਮੇਰੇ ਨਾਲ ਤੁਰੇ,
ਕੁੱਲ ਰਸਤੇ ਪਰ ਤੇਰੇ ਬਾਝ ਹਨੇਰੇ ਨੇ।
ਮੇਰੀਆਂ ਸਧਰਾਂ ਦਾ ਫੁੱਲ ਹਾਇ! ਹੈ ਗ਼ਾਇਬ,
ਖਿੜੇ ਬਗੀਚੇ ਮੇਰੇ ਚਾਰ-ਚੁਫੇਰੇ ਨੇ।
ਸੜ ਕੇ ਕੋਲੇ ਹੋ ਗਏ ਕੁੱਲ ਫੁੱਲ ਸਰਘੀ ਦੇ,
ਕਿਸ ਕੋਇਲ ਨੇ ਰਾਤੀਂ ਹੰਝੂ ਕੇਰੇ ਨੇ!
ਮੇਰੀ ਆਸ ਦੀ ਫੁੱਲਵਾੜੀ ਨੇ ਖਿੜ ਪੈਣਾ,
ਭਾਵੇ ਪਤਝੜ ਦਿਲ ਵਿਚ ਲਾਏ ਡੇਰੇ ਨੇ।
* * *
3.
ਸੋਨੇ ਦੇ ਖੰਭ ਟੋਪੀ ਅਤੇ ਪਗੜੀ ਵਿਚ ਲਗਾ ਕੇ ਬਹਿ ਗਏ,
ਉਹ ਦਰਬਾਰੀ ਬੋਹੜ ਦੀ ਛਾਵੇਂ ਲ੍ਹੀਲਾ-ਰਾਸ ਰਚਾ ਕੇ ਬਹਿ ਗਏ।
ਰੁੱਤਾਂ ਵਿਚ ਹੈ ਸਾੜ੍ਹਸਤੀ ਤੇ ਅੱਗ ਲੱਗੀ ਬਸਤੀਆਂ ਤਾਈਂ,
ਵੇਖੋ! ਰਾਖੇ ਅੱਖੀਆਂ ਉੱਤੇ ਖੋਪੇ ਕਿੰਝ ਚੜ੍ਹਾ ਕੇ ਬਹਿ ਗਏ।
ਮਛਲੀਆਂ ਏਕਾ ਕਰਕੇ ਇਕ ਦਿਨ ਤੋੜ ਦੇਣਗੀਆਂ ਸਾਰੇ ਬੰਧਨ,
ਭਾਵੇਂ ਚੱਪੇ ਚੱਪੇ ਉੱਤੇ ਮਾਛੀ ਜਾਲ ਵਿਛਾ ਕੇ ਬਹਿ ਗਏ।
ਗੋਰੀ ਨਦੀ ਨੇ ਵਗਦੀ ਰਹਿਣਾ, ਨਹੀਂ ਕੋਈ ਜੰਮਿਆ ਰੋਕਣ ਵਾਲਾ,
ਕੀ ਹੋਇਆ ਮਾਰੂਥਲ ਚਾਰੇ ਪਾਸੇ ਘੇਰਾ ਪਾ ਕੇ ਬਹਿ ਗਏ!
ਪਿਆਰ, ਮੁਹੱਬਤ ਹੀ ਮੌਲਣਗੇ ਤੇ ਨਫ਼ਰਤ ਦੇ ਚਲਣੇ ਨਹੀਂ ਡੰਗ,
ਕੋਈ ਗ਼ਮ ਨਹੀਂ ਜ਼ਹਿਰੀ ਨਾਗ ਜੇ ਆਪਣੇ ਫੰਨ ਫੈਲਾ ਕੇ ਬਹਿ ਗਏ।
* * *
4.
ਆਪਣਾ ਆਪ ਲੁਟਾ ਕੇ ਕੁਝ ਨਹੀਂ ਅਸੀਂ ਗੁਆਇਆ ਹੈ,
ਲੜਨ ਲਈ ਪਰਬਤ ਨਾਲ ਜਦ ਦਾ ਮੱਥਾ ਲਾਇਆ ਹੈ।
ਮੁੱਢ-ਕਦੀਮੋਂ ਲੜਨਾ ਸਾਡੇ ਹਿੱਸੇ ਆਇਆ ਹੈ,
ਰਣ ਵਿਚ ਜਾਣੋ ਚਿੱਤ ਕਦੀ ਨਈਂ ਘਬਰਾਇਆ ਹੈ।
ਸੂਰਜ, ਚੰਦ ਤੇ ਤਾਰਾਮੰਡਲ ਰਾਹ ਰੁਸ਼ਨਾਇਆ, ਜਦ
ਮਾਛੀਵਾੜੇ ਦੇ ਜੰਗਲ ਵੱਲ ਕਦਮ ਵਧਾਇਆ ਹੈ।
ਦਗ ਦਗ ਕਰਦਾ ਜਿੱਤ ਦਾ ਜੱਗ ’ਤੇ ਸੂਰਜ ਹੈ ਚੜ੍ਹਿਆ,
ਖੇਤਾਂ ਦੇ ਪੁੱਤਾਂ ਨੇ ਜਦ ਵੀ ਖ਼ੂਨ ਵਹਾਇਆ ਹੈ।
ਵਗਦੀ ਉਲਟ ਹਵਾ ਵਿਚ ਜਿਨ੍ਹਾਂ ਹਿੰਮਤ ਨਹੀਂ ਹਾਰੀ,
ਉਨ੍ਹਾਂ ਡੁੱਬਦੇ ਬੇੜੇ ਤਾਈਂ ਪਾਰ ਲੰਘਾਇਆ ਹੈ।
ਪੈਰ ਪੈਰ ’ਤੇ ਖੱਡਾਂ, ਟੋਏ ਕੀਤੇ ਪਾਰ ਅਸਾਂ,
ਔਖਾਂ, ਰਾਹ ਦੀਆਂ ਰੋਕਾਂ ਲੜਨਾ ਖ਼ੂਬ ਸਿਖਾਇਆ ਹੈ।
ਉਨ੍ਹਾਂ ਨੂੰ ਯਾਦ ਕਰਨ ਲਈ ਜੱਗ ’ਤੇ ਮੇਲੇ ਹਨ ਲਗਦੇ,
ਜਿਨ੍ਹਾਂ ਨੇ ਚੜ੍ਹ ਕੇ ਸਿਦਕ ਦੀ ਸੂਲੀ ਇਛਕ ਨਿਭਾਇਆ ਹੈ।
ਇਸ ਜੱਗ ਦੇ ਵਿਚ ਕਰਦੇ ਲੂੰਬੜ ਵਣਜ ਜ਼ਮੀਰਾਂ ਦਾ,
ਸ਼ੇਰਾਂ ਨੇ ਪਰ ਇੱਕ ਬੋਲ ’ਤੇ ਸੀਸ ਕਟਾਇਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4955)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)