GurnamDhillon7ਨਾ ਗੁਜ਼ਾਰੋ ਜ਼ਿੰਦਗੀ ਦੇ ਪਲ ਅਜਾਈਂ ਦੋਸਤੋ! ... ਹਰ ਇਕ ਸਾਹ ਹੀ ਆਦਮੀ ਦਾ ਬੜਾ ਅਨਮੋਲ ਹੈ।
(4 ਮਾਰਚ 2026)


ਕਵਿਤਾ: ਡੀ ਐੱਨ ਏ (
Deoxyribonucleic acid)

ਹੋਵੇ ਚੌਕ-ਚੁਰਾਹਾ ਉਪਸਥਿਤ
ਭਾਰਤ ਦੇ ਕਿਸੇ ਸੁਪ੍ਰਸਿੱਧ ਸ਼ਹਿਰ ਦੇ ਦਿਲ, ਹਿਰਦੇ, ਕਲੇਜੇ ਵਿੱਚ,
ਢਾਹ ਕੇ ਪਾਕਿਸਤਾਨ ਦੀ ਕੇਂਦਰੀ ਜੇਲ੍ਹ ਨੂੰ
ਤਮੀਰ ਹੋਵੇ ਕੀਤਾ ਲਹੌਰ ਵਿੱਚ
ਜਾਂ ਕਿਤੇ ਦੂਰ-ਦੁਰਾਡੇ ਦੇਸ਼ਾਂ-ਦੇਸ਼ਾਂਤਰਾਂ ਵਿੱਚ
ਹੋਵੇ ਬਿਰਾਜਮਾਨ ਕਿਸੇ ਵੀ ਭੂ-ਖੰਡ ਦੀ ਨਾਭੀ ਵਿੱਚ,
ਚੌਕ-ਚੁਰਾਹੇ ਦਾ ਨਾਂ ਹੋਵੇ
ਸ਼ਾਦਮਨ ਚੌਕ ਜਾਂ ਸ਼ਹੀਦ ਭਗਤ ਸਿੰਘ ਚੌਕ,
ਸੁਸ਼ੋਭਿਤ ਹੋਵੇ ਜਿਸ ਵਿੱਚ ਬੁੱਤ
ਭਗਤ ਸਿੰਘ,
ਇਸ਼ਫਾਕਉੱਲਾ ਖਾਨ
ਜਤਿੰਦਰ ਨਾਥ ਸਨਿਆਲ
ਚੇ ਗਵੇਰਾ
ਜਾਂ ਕਿਸੇ ਵੀ ਹੋਰ ਕ੍ਰਾਂਤੀਕਾਰੀ ਯੋਧੇ ਦਾ
ਰਤਾ ਫਰਕ ਨਹੀਂ ਪੈਂਦਾ
ਹਾਂ, ਰਤਾ ਫਰਕ ਨਹੀਂ ਪੈਂਦਾ!
ਕਰੋ ਖੜ੍ਹੇ ਤੁਸੀਂ ਲੱਖ ਵੱਖਰੇਵਿਆਂ ਦੇ ਪਹਾੜ
ਆਪਣੀ ਆਪਣੀ ਸ਼ਨਾਖਤ ਖ਼ਾਤਰ
ਲੜੋ ਮੁਕੱਦਮੇ ਸਿਖਰਲੀਆਂ ਅਦਾਲਤਾਂ ਵਿੱਚ
ਚੌਕ ਦੇ ਨਾਮਕਰਣ ਲਈ,
ਲਹਿਲਹਾਉਂਦੇ ਕੁਰਬਾਨੀਆਂ ਦੇ ਉਪਜਾਊ ਖੇਤਾਂ ਵਿੱਚ
ਠੋਕੋ ਕਿੱਲ
ਵਿਛਾਓ ਲੁੱਕ
ਪਾਓ ਨੇਜ਼ਿਆਂਹਾਰ ਵੱਟਾਂ
ਗੱਡੋ ਇਸਪਾਤ ਦੇ ਡਰਨੇ
ਵੰਡੋ ਨਫਰਤੀ ਕਿਆਰੇ, ਕਿਆਰੀਆਂ ਵਿੱਚ
ਕਰੋ ਖੜ੍ਹੀਆਂ ਕੰਡਿਆਲੀਆਂ ਤਾਰਾਂ, ਉੱਚੀਆਂ ਦਿਵਾਰਾਂ
ਉਸਾਰੋ ਕਿਲ੍ਹੇ ਬੇਪਰਤੀਤੀਆਂ ਦੇ
ਮੋੜੋ ਪੁੱਠੇ ਪਾਸੇ ਤਵਰੀਖ ਦੇ ਵਗਦੇ ਦਰਿਆਵਾਂ ਦੇ ਵਹਿਣ
ਐਪਰ
ਸਾਰੇ ਮਰਦੇ-ਮੁਜਾਹਦਾਂ
ਆਪਣੇ ਇਸ਼ਟ ਖ਼ਾਤਰ
ਹੱਸ ਹੱਸ ਮੌਤ ਨੂੰ ਗਲੇ ਲਾਉਣ ਵਾਲੇ ਯੋਧਿਆਂ ਦੇ
ਨਾਂ ਭਾਵੇਂ ਵੱਖਰੇ ਵੱਖਰੇ ਹੋਣ
ਰੂਪ ਭਾਵੇਂ ਵੱਖਰੇ ਵੱਖਰੇ ਹੋਣ
ਖਿੱਤੇ ਭਾਵੇਂ ਵੱਖਰੇ ਵੱਖਰੇ ਹੋਣ
ਦੇਸ਼ ਭਾਵੇਂ ਵੱਖਰੇ ਵੱਖਰੇ ਹੋਣ
ਅੰਦਰ ਦਿਲ ਇੱਕ ਹੁੰਦਾ ਹੈ, ਇੱਕ
ਆਭਾਮੰਡਲ ਇੱਕ ਹੁੰਦਾ ਹੈ, ਇੱਕ
ਹੁੰਦੀ ਹੈ ਉਗਮਦੇ ਵਲਵਲਿਆਂ ਤੇ
ਛਟਪਟਾਉਂਦੀਆਂ ਤਰੰਗਾਂ ਦੀ ਸਰਗਮ ਇੱਕ
ਹੁੰਦਾ ਹੈ ਰਗਾਂ ਵਿੱਚ ਵਗਦੇ ਖ਼ੂਨ ਦੀ ਰਵਾਨੀ ਦਾ ਅਸਰ ਇੱਕ
ਅੱਖਾਂ ਵਿੱਚੋਂ ਡੁੱਲ੍ਹਦੀ ਲਾਲੀ ਦਾ ਜਲੌਅ ਇੱਕ
ਸੰਜੋਏ ਸੁਪਨਿਆਂ ਦਾ ਸੰਸਾਰ ਇੱਕ
ਜਾਂਦੀ ਹੈ ਰਮ ਉਨ੍ਹਾਂ ਦੇ ਚਿੰਤਨ ਅਤੇ ਚੇਤਨਾ ਦੀ ਮਹਿਕ
ਕੁਦਰਤ ਦੇ ਜ਼ੱਰੇ ਜ਼ੱਰੇ ਵਿੱਚ
ਉਹ ਇਤਿਹਾਸ ਦੇ ਕਿਸੇ ਵੀ ਯੁਗ ਵਿੱਚ ਵਿਗਸਣ
ਉਨ੍ਹਾਂ ਦੇ ਪਦਚਿੰਨ੍ਹ
ਹਸ਼ਰ ਤੀਕਰ ਨਸਲਾਂ ਦੇ ਰਾਹ ਰੁਸ਼ਨਾਉਣ
ਉਹ ਉੱਜੜੀ ਗੁਲਜ਼ਾਰ ਨੂੰ ਆਪਣੇ ਗ਼ਰਮ ਖ਼ੂਨ ਨਾਲ ਸਿੰਜਣ
ਕਲੀਆਂ ਦੀਆਂ ਮੀਢੀਆਂ ਆਪਣੇ ਹਿੰਮਤੀ ਹੱਥਾਂ ਨਾਲ ਗੁੰਦਣ
ਉਲਝੀਆਂ ਅਤੇ ਖਿੰਡੀਆਂ ਜ਼ੁਲਫਾਂ ਸੁਲਝਾਉਣ
ਨੈਣਾਂ ਵਿੱਚ ਕਜਲਾ ਪਾਉਣ
ਸੱਖਣੇ ਕੰਨਾਂ ਵਿੱਚ ਜੁਗਨੂੰਆਂ ਦੇ ਬੁੰਦੇ ਸਜਾਉਣ
ਬੇਚਿਰਾਗ ਮੱਥਿਆਂ ਉੱਤੇ ਸੂਰਜ ਦਾ ਟਿੱਕਾ ਲਾਉਣ
ਸੋਕੜੇ ਮਾਰੀਆਂ ਰੁੱਤਾਂ ਨੂੰ ਤਰੋ-ਤਾਜ਼ਾ ਕਰਨ
ਬੇਰੰਗ ਗੁਲਾਂ ਵਿੱਚ ਸ਼ੋਖ ਰੰਗ ਭਰਨ
ਬੇਪਰੇ ਪੰਖੇਰੂਆਂ ਨੂੰ ਉਡਣ ਲਈ ਪੰਖ ਲਾਉਣ
ਬੇਬੋਲ ਚਿੜੀਆਂ, ਘੁੱਗੀਆਂ ਨੂੰ ਚਹਿਚਹਾਉਣਾ,
ਗੀਤ ਗਾਉਣਾ ਸਿਖਾਉਣ
ਕੋਈ ਮੁਸੀਬਤ ਉਨ੍ਹਾਂ ਦੇ ਰਾਹ ਵਿੱਚ ਪਹਾੜ ਬਣ ਨਾ ਖਲੋਵੇ
ਉਨ੍ਹਾਂ ਦੀ ਕਲਪਨਾ, ਕਿਰਿਆਸ਼ੀਲਤਾ ਅਤੇ ਦਰਸ਼ਨ ਦਾ ਡੀ ਐੱਨ ਏ
ਸਮਰੂਪ, ਸਮਾਨ, ਇਕਰੂਪ ਹੋਵੇ

       *     *     *

              ਚਾਰ ਗ਼ਜ਼ਲਾਂ
1.

ਇੱਕ ਹਨੇਰੀ ਰਾਤ ਸ਼ਹਿਰ ’ਤੇ ਉੱਤਰਨ ਵਾਲੀ ਹੈ,
ਜਿਹੜੀ ਉੱਗਦੇ ਸੂਰਜ ਦੇ ਪਰ ਕੁਤਰਨ ਵਾਲੀ ਹੈ

ਉਹ ਇਤਿਹਾਸ ਦੇ ਸੂਰਜ ਨੂੰ ਡੋਬਣਗੇ ਕਾਲਖ ਵਿੱਚ,
ਸੋਚ ਉਨ੍ਹਾਂ ਦੀ ਸੱਚ ਦੀ ਲੋਅ ਤੋਂ ਮੁਕਰਨ ਵਾਲੀ ਹੈ

ਸਮੇਂ ਦੀ ਗਰਦਸ਼ ਘੋਲ ਰਹੀ ਜੱਗ ਉੱਤੇ ਅਜਿਹਾ ਰੰਗ,
ਕਾਲੇ ਰੰਗ ਵਿੱਚ ਸੰਦਲੀ ਰੁੱਤ ਨੂੰ ਰੰਗਣ ਵਾਲੀ ਹੈ

ਕਰੀਂ ਹਿਫ਼ਾਜ਼ਤ ਮੇਰੇ ਪਿੰਡ ਦੇ ‘ਵਿਹੜੇ’ ਦੀ ‘ਦਾਤਾ’,
ਪਿੰਡ ਦੇ ਪੈਰਾਂ ਹੇਠੋਂ ਧਰਤੀ ਖਿਸਕਣ ਵਾਲੀ ਹੈ

ਰਾਖਸ਼ ਜਿਹੜਾ ਉਂਗਲਾਂ ਉੱਤੇ ਜੱਗ ਨਚਾਵੇ ਅੱਜ,
ਉਸਦੇ ਹੱਥ ਵਿੱਚੋਂ ਜਿੱਤ ਦੀ ਬਾਜ਼ੀ ਨਿਕਲਣ ਵਾਲੀ ਹੈ

ਕਦੋਂ ਤਕ ਬੁਝਦੇ ਰਹਿਣਗੇ ਖਾ ਕੇ ਪੌਣ ਦੀਆਂ ਛਮਕਾਂ,
ਫੌਜ ਚਿਰਾਗਾਂ ਦੀ ਹੁਣ ਜੰਗ ਵਿੱਚ ਨਿੱਤਰਨ ਵਾਲੀ ਹੈ

                  *     *    *

 2.

ਉਂਝ ਭਲਾ ਮੈਂ ਕੀ ਨਹੀਂ ਕਰਦਾ,
ਵਿਕ ਜਾਵਣ ਨੂੰ ਜੀ ਨਹੀਂ ਕਰਦਾ

ਜ਼ਾਲਮ! ਸਿਰ ਨੂੰ ਵੱਢ ਲੈ ਭਾਵੇਂ,
ਦੇਖ ਲਵੀਂ ਮੈਂ ਸੀ ਨਹੀਂ ਕਰਦਾ

ਸ਼ਾਸਕ ਦੇ ਸੰਗ ਪੱਗ ਵਟਾਵਾਂ,
ਕਰਮ ਮੈਂ ਅਜਿਹਾ ਵੀ ਨਹੀਂ ਕਰਦਾ

ਰੱਤ ਜਿਸਮ ਦੀ ਡੋਲ੍ਹ ਕੇ ਪਾਲ਼ਾਂ,
ਕਲੀਆਂ ਲਈ ਮੈਂ ਕੀ ਨਹੀਂ ਕਰਦਾ!

ਫਸਿਆ ਗੱਡਾ ਕੱਢਣ ਦੇ ਲਈ,
ਮੈਂ ਰਾਜੇ ਨੂੰ ਜੀ ਨਹੀਂ ਕਰਦਾ

ਹੰਸਾਂ ਨਾਲ ਨਿਭਾਵਾਂ ਯਾਰੀ,
ਬਗਲਿਆਂ ਨੂੰ ਹਾਂ ਵੀ ਨਹੀਂ ਕਰਦਾ

ਕਰਦਾ ਹਾਂ ਮੈਂ ਖਿਦਮਤ ਸਭ ਦੀ,
ਐਪਰ ਨਾਗਾਂ ਦੀ ਨਹੀਂ ਕਰਦਾ

      *     *     *

3.

ਦਿਲ ਵਿੱਚੋਂ ਉੱਠਦਾ ਰੋਹ ਦਾ ਤੁਫਾਨ ਹੈ,
ਕਿਉਂ ਗੁਲ ਦਾ ਜਿਸਮ ਲਹੂ-ਲੁਹਾਣ ਹੈ?

ਮੌਤ ਦੀ ਬਰਸਾਤ ਕਰਦਾ ਅੰਬਰੋਂ,
ਕਿਉਂ ਬੰਦਾ ਬਣ ਗਿਆ ਹੈਵਾਨ ਹੈ?

ਪਿੰਡ ਤਾਈਂ ਖਾ ਰਿਹਾ ਹੈ ਸ਼ਹਿਰ ਉਫ਼!
ਸ਼ਹਿਰ ਤਾਈਂ ਖਾ ਰਿਹਾ ਸ਼ਮਸ਼ਾਨ ਹੈ

ਕੌਣ ਮੋਤੀ ਕਰ ਰਿਹਾ ਮੁੜ੍ਹਕੇ ਦੇ ਕਤਲ,
ਹੱਥ ਵਿੱਚ ਕਿਸਦੇ ਜਬਰ ਦੀ ਕਿਰਪਾਨ ਹੈ?

ਗੀਤ ਗਾਉਂਦੇ ਪੰਛੀ ਗ਼ਾਇਬ ਹੋ ਗਏ,
ਬਾਗ ਬਣਿਆ ਜਾਪੇ ਬੀਆਬਾਨ ਹੈ

ਹਾਇ! ਧਰਤੀ ਭੱਠ ਵਾਂਗ ਤਪ ਰਹੀ,
ਹੋਇਆ ਨਖਸਲਤਾਨ, ਰੇਗਿਸਤਾਨ ਹੈ

ਦੁੱਧ ਚੁੰਘਦੇ ਬਾਲ ਝੁਲਸਣ ਅੱਗ ਵਿੱਚ,
ਦੇਖੋ! ਭਖਿਆ ਯੁੱਧ ਦਾ ਮੈਦਾਨ ਹੈ

ਤਾਰਿਆਂ ਦੇ ਜਿਗਰ ਛਲਣੀ ਹੋ ਗਏ,
ਕੌਣ ਛੱਡਦਾ ਬਾਣ ਵੱਲ ਅਸਮਾਨ ਹੈ?

ਨਫਰਤਾਂ ਦੇ ਬੋਹੜ ਬੀਜੇ ਛਾਂ ਲਈ,
ਕਿੰਨਾ ਸੱਭਿਅਕ ਸਮੇਂ ਦਾ ਸੁਲਤਾਨ ਹੈ!

ਦੇਖ ਕੇ ਸੂਰਜ ਨੂੰ ਰੋਂਦਾ ਅਰਸ਼ ’ਤੇ,
ਫਰਸ਼ ’ਤੇ ਊਸ਼ਾ ਵੀ ਸੋਗਵਾਨ ਹੈ

         *     *     *

4.

ਮੰਨਿਆ, ਕਿ ਰਾਤ ਕਾਲ਼ੀ ਅੱਜ ਵਜਾਉਂਦੀ ਢੋਲ ਹੈ,
ਢੋਲ ਦੇ ਅੰਦਰ ਵੀ ਐਪਰ ਢੋਲ ਜਿੱਡਾ ਪੋਲ ਹੈ!

ਨਾ ਗੁਜ਼ਾਰੋ ਜ਼ਿੰਦਗੀ ਦੇ ਪਲ ਅਜਾਈਂ ਦੋਸਤੋ!
ਹਰ ਇਕ ਸਾਹ ਹੀ ਆਦਮੀ ਦਾ ਬੜਾ ਅਨਮੋਲ ਹੈ।

ਕਦ ਤਕ ਮੀਟਣਗੇ ਅੱਖਾਂ, ਵੇਖ ਬਿੱਲੀ ਨੂੰ ਕਬੂਤਰ,
ਦਾਣੇ-ਦੁਣਕੇ ਦੇ ਲਈ ਆਖਰ ਲੜਨਾ ਪੈਣਾ ਘੋਲ ਹੈ।

ਤਸ਼ਤਰੀ ਦੇ ਵਿਚ ਪਾਕੇ ਪੇਸ਼ ਕਰੇਗਾ ਉਹ ਚੋਗ,
ਭੋਲ਼ੀਓ ਚਿੜੀਓ! ਸ਼ਿਕਾਰੀ ਏਨਾ ਨਈਂ ਅਨਭੋਲ ਹੈ।

ਲਾਰਿਆਂ ਦੇ ਉਹ ਜਹਾਜ਼ ਹੈ ਉਡਾਉਂਦਾ ਹਰ ਘੜੀ,
ਜੀਭ ਰਾਜੇ ਦੀ ਹੈ ਕਾਲ਼ੀ, ਕੁਫ਼ਰ ਹਰ ਇਕ ਬੋਲ ਹੈ।

ਗਿੱਧ, ਸ਼ਿਕਰੇ, ਕਾਗ, ਨਾਗ, ਖਾ ਰਹੇ ਜ਼ਿੰਦਗੀ ਦੇ ਫ਼ਲ,
ਮੋਰ
, ਤਿੱਤਰ, ਤਿਤਲੀਆਂ ਦੀ ਪਰ ਕਿਉਂ ਖਾਲੀ ਝੋਲ ਹੈ?

ਚੀਰ ਸੁੱਟੇਗਾ ਜਿਗਰ ਹਾਇ! ਤਾਰਿਆਂ ਦੇ ਆਸਮਾਨ,
ਤੇਜ਼ ਛੁਰੀ ’ਤੇ ਚੜ੍ਹਾਇਆ ਬੱਦਲ਼ਾਂ ਦਾ ਖੋਲ ਹੈ।

ਆਪਣੇ ਸੋਹਣੇ ਨੂੰ ਮੈਂ ਨਟਖਟ ਕਹਾਂ ਜਾਂ ਮਿਹਰਬਾਨ,
ਪਲ ’ਚ ਲੱਗੇ ਜਨਮਾਂ ਦੂਰ ਪਲ ’ਚ ਲੱਗੇ ਕੋਲ ਹੈ।

      *       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਗੁਰਨਾਮ ਢਿੱਲੋਂ

ਗੁਰਨਾਮ ਢਿੱਲੋਂ

Phone: (UK: 44 - 77870 - 59333)
Email: (gdhillon4@hotmail.com)

More articles from this author