“ਪੁਰਾਣਾ ਤਾਂ ਫਿਰ ਮੈਂ ਵੀ ਬਹੁਤ ਹੋ ਗਿਆਂ ... ਮੈਨੂੰ ਵੀ ਚੁੱਕ ਕੇ ...”
(14 ਅਪਰੈਲ 2017)
ਤਾਏ ਨਰਾਇਣ ਸਿੰਘ ਦਾ ਨਾਮ ਪਿੰਡ ਦੇ ਮੋਹਤਬਰ ਬੰਦਿਆਂ ਵਿੱਚ ਗਿਣਿਆ ਜਾਂਦਾ ਸੀ। ਪਿੰਡ ਦੇ ਕਿਸੇ ਵੀ ਸਾਂਝੇ ਕੰਮ ਲਈ ਸਲਾਹ ਕਰਨ ਸਮੇਂ ਤਾਏ ਦੀ ਹਾਜ਼ਰੀ ਜਰੂਰੀ ਸਮਝੀ ਜਾਂਦੀ ਸੀ। ਤਾਇਆ ਹੱਸਮੁਖ ਸੁਭਾਅ ਦਾ ਬੰਦਾ ਸੀ, ਜਿੱਥੇ ਉਹ ਆਪਣੇ ਹਾਣੀਆਂ ਵਿੱਚ ਹਰਮਨ ਪਿਆਰਾ ਸੀ, ਉੱਥੇ ਹੀ ਪਿੰਡ ਦੇ ਨੌਜਵਾਨ ਅਤੇ ਬੱਚੇ ਵੀ ਤਾਏ ਦਾ ਹੱਦੋਂ ਵੱਧ ਸਤਿਕਾਰ ਕਰਦੇ ਸਨ। ਤਾਇਆ ਨਰਾਇਣ ਸਿੰਘ ਹਰ ਇੱਕ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲਾ ਅਤੇ ਲੋੜਵੰਦਾਂ ਦੇ ਹਮੇਸ਼ਾ ਕੰਮ ਆਉਣ ਵਾਲਾ ਬੰਦਾ ਸੀ। ਸਾਨੂੰ ਇਸ ਗੱਲ ਦਾ ਮਾਣ ਸੀ ਕਿ ਤਾਇਆ ਸਾਡਾ ਗੁਆਂਢੀ ਸੀ ਇਸ ਕਰਕੇ ਸਾਨੂੰ ਬਾਕੀਆਂ ਨਾਲੋਂ ਵੱਧ ਸਮਾਂ ਤਾਏ ਨਾਲ ਗੁਜ਼ਾਰਨ ਲਈ ਮਿਲ ਜਾਂਦਾ ਸੀ।
ਮੈਂਨੂੰ ਜਦੋਂ ਵੀ ਵਿਹਲਾ ਹੁੰਦਾ, ਹਮੇਸ਼ਾ ਤਾਏ ਕੋਲ ਬੈਠਕੇ ਉਸ ਕੋਲੋ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਜਾਨਣ ਦੀ ਕੋਸ਼ਿਸ਼ ਕਰਦਾ। ਤਾਇਆ ਵੀ ਮੇਰੇ ਨਾਲ ਪੂਰੀ ਤਰ੍ਹਾਂ ਘੁਲਿਆ-ਮਿਲਿਆ ਹੋਇਆ ਸੀ। ਉਹ ਆਪਣੇ ਪਰਿਵਾਰ ਦੀਆਂ ਸਾਰੀਆਂ ਨਿੱਕੀਆਂ-ਮੋਟੀਆਂ ਗੱਲਾਂ ਮੇਰੇ ਨਾਲ ਸਾਂਝੀਆਂ ਕਰ ਲੈਂਦਾ। ਮੈਨੂੰ ਇੰਝ ਲੱਗਦਾ ਜਿਵੇਂ ਤਾਇਆ ਮੇਰੇ ਆਪਣੇ ਪਰਿਵਾਰ ਦਾ ਮੈਂਬਰ ਹੋਵੇ। ਤਾਏ ਦਾ ਪਰਿਵਾਰ ਕਾਫੀ ਵੱਡਾ ਸੀ। ਤਾਏ ਦੇ ਦੋ ਮੁੰਡੇ ਸਨ ਤੇ ਦੋ ਕੁੜੀਆਂ, ਜੋ ਵਿਆਹ ਤੋਂ ਬਾਅਦ ਆਪਣੇ ਘਰੀਂ ਜਾ ਵਸੀਆਂ ਸਨ। ਹੁਣ ਤਾਏ ਦੇ ਪੋਤੇ ਵੀ ਜਵਾਨ ਹੋ ਗਏ ਸਨ। ਭਾਵੇਂ ਤਾਏ ਦੇ ਪਰਿਵਾਰ ਨੇ ਆਪਣੇ ਇਸ ਘਰ ਵਿੱਚ ਕੇਵਲ ਆਪਣੀ ਰਿਹਾਇਸ਼ ਹੀ ਰੱਖੀ ਹੋਈ ਸੀ ਅਤੇ ਪਸ਼ੂਆਂ ਲਈ ਪਿੰਡ ਦੀ ਬਾਹਰਲੀ ਫਿਰਨੀ ’ਤੇ ਥਾਂ ਬਣਾਇਆ ਹੋਇਆ ਸੀ ਪਰ ਪਰਿਵਾਰ ਵੱਡਾ ਹੋਣ ਕਾਰਨ ਹੁਣ ਇੱਕ ਪਰਿਵਾਰ ਲਈ ਪਸ਼ੂਆਂ ਵਾਲੇ ਥਾਂ ’ਤੇ ਰਿਹਾਇਸ਼ ਬਣਾਉਣ ਦੀਆਂ ਵਿਚਾਰਾਂ ਵੀ ਸ਼ੁਰੂ ਹੋ ਗਈਆ ਸਨ। ਇਸੇ ਥਾਂ ’ਤੇ ਤਾਏ ਨੇ ਆਪਣੇ ਹੱਥੀਂ ਇੱਕ ਅੰਬ ਦਾ ਬੂਟਾ ਲਾਇਆ ਸੀ ਜੋ ਹੁਣ ਕਾਫੀ ਵੱਡਾ ਰੁੱਖ ਬਣ ਚੁੱਕਿਆ ਸੀ। ਤਾਏ ਦਾ ਇਸ ਅੰਬ ਦੇ ਰੁੱਖ ਨਾਲ ਦਿਲੀ ਮੋਹ ਸੀ। ਤਾਇਆ ਦਿਨ ਦਾ ਬਹੁਤਾ ਸਮਾਂ ਇਸ ਅੰਬ ਦੇ ਰੁੱਖ ਥੱਲੇ ਬੈਠਕੇ ਹੀ ਗੁਜ਼ਾਰਦਾ। ਮੈਂ ਵੀ ਤਾਏ ਨੂੰ ਇੱਥੇ ਬੈਠਾ ਵੇਖਦਾ ਤਾਂ ਤਾਏ ਦੀਆਂ ਗੱਲਾਂ ਸੁਣਨ ਲਈ ਉਸ ਕੋਲ ਆ ਬਹਿੰਦਾ। ...
ਤਾਇਆ ਦੱਸਦਾ ਕਿ ਪੁੱਤਰਾ ਜਦੋਂ ਮੈਂ ਅਜੇ 18-20 ਸਾਲ ਦਾ ਸੀ ਤਾਂ ਇਸ ਥਾਂ ਤੇ ਇਸ ਅੰਬ ਦੇ ਬੂਟੇ ਨੂੰ ਮੈਂ ਆਪਣੇ ਹੱਥੀਂ ਲਾਇਆ ਸੀ। ਅੰਬ ਦੀ ਉਮਰ ਬਹੁਤ ਹੁੰਦੀ ਹੈ। ਇਹ ਸੌ ਸੌ ਸਾਲ ਤੱਕ ਖੜ੍ਹੇ ਰਹਿੰਦੇ ਐ। ਹੁਣ ਵੇਖ ਲੈ ਮੇਰੀ ਉਮਰ 70 ਤੋਂ ਪਾਰ ਹੋਗੀ ਆ ਤੇ ਇਹ ਅੰਬ ਮੈਥੋਂ 20 ਕੁ ਸਾਲ ਛੋਟਾ ਐ, ਜਣੀ ਇਹਦੀ ਉਮਰ ਹੁਣ 50 ਦੇ ਕਰੀਬ ਐ। ਮੈਨੂੰ ਯਾਦ ਐਂ ਜਦੋ ਮੈਂ ਇਹਨੂੰ ਲਾਇਆ, ਉਦੋਂ ਆਪਣੇ ਪਿੰਡ ਦੇ ਛੱਪੜ ਵਿੱਚੋਂ ਪਾਣੀ ਲਿਆ ਲਿਆ ਕੇ ਪਾਉਂਦਾ ਰਿਹਾ। ਨਲਕਾ ਵੀ ਆਪਣੇ ਘਰ ਤੋਂ ਕਾਫੀ ਦੂਰ ਸੀ। ਤੇਰੀ ਤਾਈ ਵਰਗੀਆਂ ਪਿੰਡੋ ਪਰਲੇ ਪਾਸੇ ਲੱਗੇ ਨਲਕੇ ਤੋਂ ਸਿਰਾਂ ਤੇ ਪਾਣੀ ਢੋਂਹਦੀਆਂ ਰਹੀਆਂ। ਕਈ ਵਾਰ ਤਾਂ ਤੇਰੀ ਤਾਈ ਦਾ ਲਿਆਂਦਾ ਹੋਇਆ ਪਾਣੀ ਦਾ ਘੜਾ ਹੀ ਮੈਂ ਇਸ ਅੰਬ ਨੂੰ ਪਾ ਦਿੰਦਾ। ਫਿਰ ਉਹ ਮੇਰੇ ਨਾਲ ਲੜਦੀ। ਮੈਂ ਇਸ ਅੰਬ ਦੀ ਬਹੁਤ ਦੇਖਭਾਲ ਕੀਤੀ, ਪਸ਼ੂਆਂ ਤੋਂ ਬਚਾ ਕੇ ਰੱਖਿਆਂ ਤਾਂ ਈ ਅੱਜ ਵੇਖ ਲੈ ਇਹ ਸਾਰੇ ਪਸ਼ੂਆਂ ਅਤੇ ਜੀਆਂ ਦਾ ਸਹਾਰਾ ਬਣਿਆ ਹੋਇਐ। ਭਾਵੇਂ ਤੇਰੀ ਤਾਈ ਤਾਂ ਮੇਰਾ ਸਾਥ ਛੱਡਗੀ ਪਰ ਇਹ ਮੇਰਾ ਸਾਥ ਨਿਭਾਉਂਦਾ ਆ ਰਿਹੈ। …”
ਇੰਝ ਬੋਲਦਿਆਂ ਬੋਲਦਿਆਂ ਤਾਏ ਦਾ ਗੱਚ ਭਰ ਆਉਂਦਾ ਪਰ ਉਹ ਫਿਰ ਇੱਕ ਵਾਰੀ ਅੰਬ ਦੇ ਉੱਚੇ ਰੁੱਖ ਵੱਲ ਵੇਖਦਾ ਅਤੇ ਆਪਣੀਆਂ ਅੱਖਾਂ ਮੋਢੇ ਰੱਖੇ ਪਰਨੇ ਨਾਲ ਪੂੰਝ ਕੇ ਆਪਣੇ ਦਿਲ ਨੂੰ ਧਰਵਾਸਾ ਦਿੰਦਾ। ਤਾਏ ਦੀਆਂ ਅਜਿਹੀਆਂ ਗੱਲਾਂ ਸੁਣਕੇ ਮੈਨੂੰ ਤਾਏ ਨਰਾਇਣ ਸਿੰਘ ਅਤੇ ਅੰਬ ਦੇ ਇਸ ਰੁੱਖ ਦੀ ਗੂੜ੍ਹੀ ਸਾਂਝ ਦਾ ਅਹਿਸਾਸ ਹੁੰਦਾ। ਮੇਰਾ ਵੀ ਤਾਏ ਨਾਲ ਮੋਹ ਐਨਾ ਵਧ ਗਿਆ ਸੀ ਕਿ ਜਿਸ ਦਿਨ ਮੈਂ ਤਾਏ ਨੂੰ ਨਾ ਮਿਲਦਾ ਤਾਂ ਮੈਨੂੰ ਇੰਝ ਲੱਗਦਾ ਜਿਵੇ ਮੇਰਾ ਕੁਝ ਗੁਆਚ ਗਿਆ ਹੋਵੇ।
ਇੱਕ ਦਿਨ ਅਚਾਨਕ ਹੀ ਮੈਨੂੰ ਘਰ ਤੋਂ ਬਾਹਰ ਜਾਣਾ ਪੈ ਗਿਆ ਤਾਂ ਮੈਂ ਲਗਾਤਾਰ 6-7 ਦਿਨ ਤਾਏ ਨੂੰ ਮਿਲ ਨਾ ਸਕਿਆ। ਜਦੋਂ ਘਰ ਪਰਤਿਆ ਤਾਂ ਤਾਏ ਨੂੰ ਮਿਲਣ ਲਈ ਬਾਹਰਲੇ ਘਰ ਗਿਆ। ਹਮੇਸ਼ਾ ਹਸਮੁੱਖ ਰਹਿਣ ਵਾਲਾ ਤਾਇਆ ਅੱਜ ਉਦਾਸ ਹੋਇਆ ਉਸ ਅੰਬ ਦੇ ਰੁੱਖ ਥੱਲੇ ਬੈਠਾ ਸੀ। ਕੋਲ ਬੈਠਦਿਆਂ ਹੀ ਜਦੋਂ ਮੈਂ ਤਾਏ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਬੋਲਣ ਤੋਂ ਪਹਿਲਾਂ ਹੀ ਤਾਏ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਮੈਨੂੰ ਲੱਗਿਆ ਜਿਵੇਂ ਤਾਇਆ ਕੋਈ ਵੱਡਾ ਦਰਦ ਦਿਲ ਵਿੱਚ ਛੁਪਾ ਕੇ ਮੇਰੀ ਉਡੀਕ ਕਰ ਰਿਹਾ ਸੀ। ਤਾਏ ਨੂੰ ਇੰਝ ਵੇਖਦਿਆਂ ਮੈਂ ਉਸਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਮੇਰੀਆਂ ਵੀ ਅੱਖਾਂ ਨਮ ਹੋ ਗਈਆ। ਮੈਂ ਪੁੱਛਿਆ, “ਤਾਇਆ, ਦੱਸ ਤਾਂ ਸਹੀ ਤੂੰ ਗੱਲ ਕੀ ਐ? ਕੋਈ ਗੱਲ ਨਹੀਂ ਜੇ ਕੋਈ ਘਰੇ ਗੱਲਬਾਤ ਹੋ ਗਈ ਤਾਂ ਮੈਂ ਆਪੇ ਗੱਲ ਕਰੂੰ, ਤੁਸੀਂ ਮੈਨੂੰ ਦੱਸੋ ਤਾਂ ਸਹੀ।”
ਤਾਏ ਨੇ ਇੱਕ ਵਾਰ ਫਿਰ ਲੰਬਾ ਹਉਕਾ ਲਿਆ ਅਤੇ ਅੰਬ ਦੇ ਰੁੱਖ ਵੱਲ ਵੇਖ ਕੇ ਕਹਿਣ ਲੱਗਾ, “ਆਹ ਹੁਣ ਮੇਰਾ ਸਾਥ ਛੱਡਣ ਲੱਗਾ ਐ …”
“ਹੈਂ? ਤਾਇਆ ਇਹ ਤੂੰ ਕਿ ਕਹੀਂ ਜਾਨੈ? ਮੈਨੂੰ ਕੁਝ ਪਤਾ ਵੀ ਲੱਗੇ। ਬੁਝਾਰਤਾਂ ਨਾ ਪਾਓ ਤਾਇਆ ਜੀ, ਮੈਨੂੰ ਸਹੀ ਸਹੀ ਗੱਲ ਦੱਸੋ।”
“ਚਾਰ ਪੰਜ ਦਿਨ ਹੋਗੇ ... ਘਰੇ ਸਕੀਮਾਂ ਬਣ ਰਹੀਆਂ, ਜੈਲੇ ਹੁਰੀਂ ਕਹਿੰਦੇ ਇੱਕ ਜਣਾ ਬਾਹਰਲੇ ਘਰੇ ਘਰ ਬਣਾ ਲਈਏ। ਹੁਣ ਅੰਦਰਲੇ ਘਰੇ ਗੁਜ਼ਾਰਾ ਨ੍ਹੀਂ ਹੁੰਦਾ ਸਾਰਿਆਂ ਦਾ। ਕੱਲ੍ਹ ਮਿਸਤਰੀ ਨੂੰ ਲਿਆ ਕੇ ਇਸ ਥਾਂ ਦੀ ਗਿਣਤੀ-ਮਿਣਤੀ ਕੀਤੀ ਸੀ। ਮਿਸਤਰੀ ਕਹਿੰਦਾ, ਇੱਥੇ ਕੋਠੀ ਤਾਂ ਬਣੂੰ ਵਧੀਆ ਪਰ ਆਹ ਅੰਬ ਦਾ ਰੁੱਖ ਵਿਚਾਲੇ ਆਉਂਦੈ।” ਇੰਨਾ ਕਹਿੰਦਿਆਂ ਹੀ ਤਾਇਆ ਛੋਟੇ ਛੋਟੇ ਬੱਚਿਆਂ ਵਾਂਗ ਭੁੱਬੀਂ ਰੋ ਪਿਆ।
ਤਾਏ ਦੀ ਵਿਰਾਗਮਈ ਗੱਲਬਾਤ ਸੁਣ ਕੇ ਮੈ ਵੀ ਆਪਣੇ ਮੱਥੇ ’ਤੇ ਹੱਥ ਰੱਖ ਕੇ ਕਾਫੀ ਸਮਾਂ ਸੋਚੀਂ ਪਿਆ ਰਿਹਾ। ਮਨ ਉਦਾਸ ਹੋ ਗਿਆ। ਇਸ ਅੰਬ ਦੇ ਰੁੱਖ ਥੱਲੇ ਬੈਠਕੇ ਤਾਏ ਨਾਲ ਸਾਂਝੀਆਂ ਕੀਤੀਆਂ ਗੱਲਾਂ ਚੇਤੇ ਆਉਣ ਲੱਗੀਆਂ। ਆਖ਼ਰ ਤਾਏ ਨੇ ਕਿੰਨੀ ਮਿਹਨਤ ਨਾਲ ਇਸ ਰੁੱਖ ਨੂੰ ਪਾਲ ਕੇ ਵੱਡਾ ਕੀਤਾ ਸੀ। ਨਾਲੇ ਤਾਇਆ ਤਾਂ ਹੁਣ ਆਪਣੇ ਜਿਉਣ ਦਾ ਸਹਾਰਾ ਵੀ ਇਸ ਅੰਬ ਦੇ ਰੁੱਖ ਨੂੰ ਹੀ ਮੰਨੀ ਬੈਠਾ ਸੀ। ਅਨੇਕਾਂ ਸਵਾਲ ਦਿਮਾਗ ਵਿੱਚ ਉੱਸਲਵੱਟੇ ਲੈਣ ਲੱਗੇ।
“ਕੋਈ ਗੱਲ ਨ੍ਹੀਂ ਤਾਇਆ, ਮੈਂ ਇੱਕ ਵਾਰ ਬਾਈ ਜਰਨੈਲ ਹੁਰਾਂ ਨਾਲ ਇਸ ਬਾਰੇ ਗੱਲ ਜਰੂਰ ਕਰੂੰਗਾ। ਨਾਲੇ ਮਿਸਤਰੀ ਨੂੰ ਲਿਆ ਕੇ ਥਾਂ ਦੀ ਦੋਬਾਰਾ ਗਿਣਤੀ ਮਿਣਤੀ ਕਰ ਲਾਂ’ਗੇ। ਤੂੰ ਚਿੰਤਾ ਨਾ ਕਰ ਬਹੁਤੀ।” ਮੈਂ ਤਾਏ ਨੂੰ ਧਰਵਾਸ ਬੰਨ੍ਹਾਉਣ ਵਿੱਚ ਲੱਗ ਗਿਆ।
ਦੋ ਦਿਨ ਬਾਅਦ ਫਿਰ ਥਾਂ ਦੀ ਮਿਣਤੀ ਕੀਤੀ। ਉਹ ਅੰਬ ਦਾ ਰੁੱਖ ਦੋਨਾਂ ਪਾਸਿਆਂ ਤੋਂ ਹੀ ਵਿਚਾਲੇ ਆ ਰਿਹਾ ਸੀ। ਮਿਸਤਰੀ ਅਨੁਸਾਰ ਇਸ ਅੰਬ ਦੇ ਰੁੱਖ ਨੂੰ ਇੱਥੋਂ ਪੁੱਟੇ ਬਗੈਰ ਇੱਥੇ ਕੋਠੀ ਨਹੀਂ ਸੀ ਬਣ ਸਕਦੀ।
ਆਖ਼ਿਰ ਇਸ ਅੰਬ ਦੇ ਰੁੱਖ ਨੂੰ ਪੁੱਟਣ ਦਾ ਫੈਸਲਾ ਹੋ ਗਿਆ ਸੀ ਪਰ ਮੇਰੇ ਕਹਿਣ ’ਤੇ ਘਰਦਿਆਂ ਨੇ ਅਜੇ ਤੱਕ ਇਸ ਗੱਲ ਨੂੰ ਤਾਏ ਤੋਂ ਛੁਪਾਕੇ ਰੱਖਿਆ ਹੋਇਆ ਸੀ। ਉਸ ਤੋਂ ਬਾਅਦ ਮੈਂ ਤਾਏ ਕੋਲ ਬੈਠਦਾ ਤਾਂ ਤਾਇਆ ਪਹਿਲਾ ਇਹੀ ਸਵਾਲ ਪੁੱਛਦਾ, ਕੀ ਬਣਿਆ ਪੁੱਤਰਾਂ ਅੰਬ ਦਾ? ਮੈਂ ਉਦਾਸ ਮਨ ਨਾਲ ਤਾਏ ਨੂੰ ਧਰਵਾਸਾ ਦੇ ਛੱਡਦਾ।
ਆਖ਼ਿਰ ਉਹ ਦਿਨ ਵੀ ਆ ਗਿਆ ਜਦੋਂ ਕੋਠੀ ਦੀ ਨੀਂਹ ਰੱਖੀ ਜਾਣੀ ਸੀ। ਘਰਦਿਆਂ ਨੇ ਦਰਖਤ ਪੁੱਟਣ ਵਾਲਿਆਂ ਨੂੰ ਦੋ ਦਿਨ ਪਹਿਲਾਂ ਇਸ ਅੰਬ ਨੂੰ ਪੁੱਟ ਕੇ ਥਾਂ ਖਾਲੀ ਕਰਨ ਲਈ ਕਹਿ ਦਿੱਤਾ ਸੀ। ਤਾਇਆ ਅਜੇ ਵੀ ਇਸ ਗੱਲ ਤੋਂ ਅਣਜਾਣ ਸੀ। ਜਦੋਂ ਇੱਕ ਦਿਨ ਅਚਾਨਕ ਹੀ ਦਰਖਤ ਪੁੱਟਣ ਵਾਲੇ ਆਪਣੇ ਸੰਦ ਲੈ ਕੇ ਅੰਬ ਦੇ ਦੁਆਲੇ ਜਾ ਹੋਏ ਤਾਂ ਵੇਖਦਿਆਂ ਹੀ ਤਾਏ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਗਸ਼ ਖਾ ਕੇ ਧਰਤੀ ਡਿੱਗ ਪਿਆ। ਆਸਪਾਸ ਖੜ੍ਹੇ ਲੋਕਾਂ ਨੇ ਤਾਏ ਨੂੰ ਸੰਭਾਲਿਆ ਅਤੇ ਮੰਜੇ ’ਤੇ ਪਾਇਆ। ਡਾਕਟਰ ਨੂੰ ਬੁਲਾਕੇ ਤਾਏ ਨੂੰ ਦਵਾਈ ਦਿੱਤੀ ਗਈ। ਹੋਸ਼ ਆਉਦਿਆਂ ਹੀ ਤਾਏ ਨੇ ਅੰਬ ਦੇ ਰੁੱਖ ਵੱਲ ਵੇਖਿਆ ਅਤੇ ਡੂੰਘਾ ਸਾਹ ਲਿਆ। ਡਾਕਟਰ ਦੇ ਕਹਿਣ ’ਤੇ ਕੁਝ ਸਮੇਂ ਬਾਅਦ ਤਾਏ ਨੂੰ ਅੰਦਰਲੇ ਘਰ ਲਿਜਾ ਕੇ ਅਰਾਮ ਕਰਨ ਲਈ ਆਖਿਆ ਗਿਆ।
ਜਦੋਂ ਮੈਨੂੰ ਇਸ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਮੈਂ ਤਾਏ ਦਾ ਪਤਾ ਲੈਣ ਲਈ ਘਰੇ ਚਲਾ ਗਿਆ। ਤਾਇਆ ਉਦਾਸ ਹੋਇਆ ਮੰਜੇ ’ਤੇ ਪਿਆ ਸੀ। ਮੈਨੂੰ ਵੇਖਦਿਆਂ ਹੀ ਤਾਏ ਦੀ ਭੁੱਬ ਨਿਕਲ ਗਈ। ਤਾਏ ਦੀ ਇਹ ਹਾਲਤ ਵੇਖਕੇ ਮੈਂ ਵੀ ਤਾਏ ਦੇ ਗਲ ਲੱਗ ਕੇ ਰੋਇਆ ਤੇ ਆਪਣੇ ਮਨ ਨੂੰ ਹੌਲਾ ਕੀਤਾ।
“ਹੁਣ ਨ੍ਹੀਂ ਪੁੱਤਰਾਂ ਮੈਂ ਬਹੁਤਾ ਟਾਇਮ ਕੱਢਦਾ … ਇਹ ਅੰਬ ਹੀ ਮੇਰੇ ਜਿਉਣ ਦਾ ਸਹਾਰਾ ਸੀ … ਤੇਰੀ ਤਾਈ ਦੇ ਸਾਥ ਛੱਡ ਜਾਣ ਤੋਂ ਬਾਅਦ ਮੈਂ ਇਸ ਅੰਬ ਵੱਲ ਵੇਖ ਵੇਖ ਕੇ ਹੀ ਜਿਉਂਦਾ ਆਂ ਰਿਹਾਂ … ਮੇਰਾ ਆਪਣੀ ਔਲਾਦ ਨਾਲੋਂ ਇਸ ਅੰਬ ਵਿੱਚ ਮੋਹ ਕਿਤੇ ਜ਼ਿਆਦਾ ਐ … ਆਪਣੇ ਸਵਾਰਥ ਲਈ ਵੇਖ ਲੈ ਇਨ੍ਹਾਂ ਨੂੰ ਮੇਰੀ ਕੋਈ ਪਰਵਾਹ ਨ੍ਹੀਂ। ਮੈਨੂੰ ਪਤੈ ਪੁੱਤਰਾ, ਮੈਂ ਇਸ ਅੰਬ ਨੂੰ ਕਿਵੇ ਪਾਲਿਆ। ਨਾਲੇ ਇਹ ਤਾਂ ਅਜੇ ਉਦੋਂ ਜੰਮੇ ਵੀ ਨਹੀਂ ਸੀ, ਜਦੋਂ ਦਾ ਇਹ ਅੰਬ ਵਿਹੜੇ ’ਚ ਲੱਗਿਆ ਐ। ਜੇ ਮੈਂ ਇਹਨੂੰ ਔਖਾ ਹੋ ਕੇ ਪਾਲਿਐ ਤਾਂ ਇਸ ਅੰਬ ਦੇ ਰੁੱਖ ਨੇ ਮੈਨੂੰ ਵੀ ਬਹੁਤ ਸੁਖ ਦਿੱਤੈ। ਪਾਲਿਆਂ ਤਾਂ ਮੈਂ ਆਪਣੀ ਔਲਾਦ ਨੂੰ ਵੀ ਐ ਪਰ ਅੱਜ ਇਹ ਮੈਨੂੰ ...” ਤਾਇਆ ਨਰਾਇਣ ਸਿੰਘ ਇੱਕੋ ਸਾਹੇ ਬੋਲੀ ਜਾ ਰਿਹਾ ਸੀ।
ਸਾਡੀ ਗੱਲਬਾਤ ਸੁਣਦਿਆਂ ਹੀ ਤਾਏ ਦਾ ਵੱਡਾ ਮੁੰਡਾ ਜਰਨੈਲ ਵੀ ਸਾਡੇ ਕੋਲ ਆ ਬੈਠਿਆ। ਤਾਏ ਦੀਆਂ ਕਈ ਗੱਲਾਂ ਪਹਿਲਾਂ ਹੀ ਉਸਦੇ ਕੰਨੀਂ ਪੈ ਗਈਆਂ ਸਨ।
“ਲੈ ਬਾਪੂ, ਜਦੋਂ ਹੁਣ ਇਹਨੂੰ ਪੁੱਟੇ ਬਗੈਰ ਕੋਠੀ ਬਣਦੀ ਹੀ ਨਹੀ ਤਾਂ ਫਿਰ ਅਸੀਂ ਦੱਸ ਹੋਰ ਕੀ ਕਰੀਏ? ਨਾਲੇ ਇਹ ਅੰਬ ਤਾਂ ਹੁਣ ਕਾਫੀ ਪੁਰਾਣਾ ਹੋ ਗਿਆ। ਹੋਰ ਦੋ ਚਾਰ ਸਾਲਾਂ ਨੂੰ ਇਹਨੇ ਆਪੇ ਸੁੱਕ ਜਾਣੈ…” ਜਰਨੈਲ ਬੋਲਿਆ।
ਤਾਇਆ ਇੱਕ ਵਾਰ ਫਿਰ ਆਪਣੇ ਮਨ ਦੀ ਭੜਾਸ ਕੱਢਣ ਲੱਗ ਪਿਆ, “ਵਾਹ ਪੁੱਤਰਾ, ਠੀਕ ਐ। ਪੁਰਾਣਾ ਤਾਂ ਫਿਰ ਮੈਂ ਵੀ ਬਹੁਤ ਹੋ ਗਿਆਂ ... ਮੈਨੂੰ ਵੀ ਚੁੱਕ ਕੇ ਸਿਵਿਆਂ ’ਚ ਸੁੱਟ ਆਓ ...” ਜ਼ਜਬਾਤੀ ਹੁੰਦਾ ਤਾਇਆ ਖੇਸ ਨਾਲ ਆਪਣਾ ਮੂੰਹ ਢਕ ਕੇ ਮੰਜੇ ’ਤੇ ਲੰਮਾ ਪੈ ਗਿਆ। ਮੈਂ ਆਪਣੇ ਘਰ ਚਲਾ ਗਿਆ।
ਆਖ਼ਿਰ ਅੰਬ ਦਾ ਰੁੱਖ ਉਸ ਥਾਂ ਤੋਂ ਪੁੱਟਿਆਂ ਜਾ ਚੁੱਕਾ ਸੀ ਅਤੇ ਤਾਏ ਅਤੇ ਅੰਬ ਦੀ ਸਾਲਾਂ ਪੁਰਾਣੀ ਗੂੜ੍ਹੀ ਸਾਂਝ ਟੁੱਟ ਚੁੱਕੀ ਸੀ ਪਰ ਘਰ ਵਾਲੇ ਵੀ ਤਾਏ ਨੂੰ ਉੱਧਰ ਨਹੀਂ ਸੀ ਜਾਣ ਦਿੰਦੇ। ਸਮਾਂ ਬੀਤਦਾ ਗਿਆ। ਤਾਏ ਦੀ ਸਿਹਤ ਵਿੱਚ ਲਗਾਤਾਰ ਗਿਰਾਵਟ ਆਉਣ ਲੱਗ ਪਈ। ਫਿਰ ਉਹ ਸਿਰਫ਼ ਮੰਜੇ ਜੋਗਾ ਹੀ ਰਹਿ ਗਿਆ ਸੀ।
ਕੁਝ ਕੁ ਮਹੀਨਿਆਂ ਵਿੱਚ ਹੀ ਇਸ ਅੰਬ ਵਾਲੀ ਥਾਂ ’ਤੇ ਨਵੀਂ ਕੋਠੀ ਬਣਕੇ ਤਿਆਰ ਹੋ ਗਈ। ਘਰ ਦੇ ਸਾਰੇ ਜੀਆਂ ਤੋਂ ਨਵੀਂ ਕੋਠੀ ਵਿੱਚ ਜਾ ਕੇ ਵਸਣ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ... ਇੱਕ ਰਾਤ ਗੁਆਂਢ ਵਿੱਚੋਂ ਰੋਣ ਦੀ ਅਵਾਜਾਂ ਆਈਆਂ ਤਾਂ ਮੈਂ ਝੱਟ ਸਮਝ ਗਿਆ ਕਿ ਜੋ ਨਹੀਂ ਹੋਣਾ ਚਾਹੀਦਾ ਸੀ ਉਹ ਭਾਣਾ ਵਰਤ ਗਿਆ ਹੈ। ਮੈਂ ਤਾਏ ਦੇ ਘਰ ਵੱਲ ਦੌੜਿਆ। ਘਰ ਦੇ ਸਾਰੇ ਜੀਅ ਤਾਏ ਦੇ ਮੰਜੇ ਦੁਆਲੇ ਇੱਕਠੇ ਹੋ ਕੇ ਰੋ ਰਹੇ ਸਨ। ਮੈਂ ਜਾ ਕੇ ਤਾਏ ਦੇ ਮੂੰਹ ਉੱਤੋਂ ਕੱਪੜਾ ਚੁੱਕਿਆ। ਮੇਰੀ ਭੁੱਬ ਨਿਕਲ ਗਈ। ਮੈਨੂੰ ਲੱਗਾ ਜਿਵੇਂ ਮੰਜੇ ਤੇ ਖਾਮੋਸ਼ ਹੋਇਆ ਪਿਆ ਤਾਇਆ ਮੈਨੂੰ ਕਹਿ ਰਿਹਾ ਹੋਵੇ, “ਵੇਖ ਲੈ ਪੁੱਤਰਾ ਤੂੰ ਵੀ ਨ੍ਹੀਂ ਮੇਰੇ ਅੰਬ ਨੂੰ ਬਚਾ ਸਕਿਆ। ...”
ਮੈਂ ਆਪਣੇ ਆਪ ਨੂੰ ਵੱਡਾ ਗੁਨਾਹਗਾਰ ਸਮਝਦਾ ਹੋਇਆ ਤਾਏ ਦੇ ਮੰਜੇ ਦੀ ਬਾਹੀ ਫੜ ਕੇ ਰੋਣ ਲੱਗ ਪਿਆ। ਹੁਣ ਜਦੋਂ ਮੈਂ ਅਖ਼ਬਾਰਾਂ, ਮੈਗਜ਼ੀਨਾਂ ਵਿੱਚ ਮਨੁੱਖ ਅਤੇ ਰੁੱਖ ਦੀ ਸਾਂਝ ਬਾਰੇ ਲਿਖੇ ਆਰਟੀਕਲ ਪੜ੍ਹਦਾ ਹਾਂ ਤਾਂ ਤਾਇਆ ਨਰਾਇਣ ਸਿੰਘ ਅੱਜ ਵੀ ਮੇਰੇ ਸਾਹਮਣੇ ਆ ਖੜੋਂਦਾ ਹੈ। ਜਦੋਂ ਤਾਏ ਦੇ ਬਾਹਰਲੇ ਘਰ ਕੋਲੋਂ ਲੰਘਦਾ ਹਾਂ ਤਾਂ ਉਸ ਥਾਂ ’ਤੇ ਉੱਸਰੀ ਹੋਈ ਵੱਡੀ ਕੋਠੀ ਭਾਵੇਂ ਘਰ ਦੇ ਜੀਆਂ ਨੂੰ ਸਕੂਨ ਦਿੰਦੀ ਹੈ, ਪਰ ਤਾਏ ਅਤੇ ਅੰਬ ਦੇ ਰੁੱਖ ਦੀ ਹੋਂਦ ਤੋਂ ਬਿਨਾਂ ਮੈਨੂੰ ਇਹ ਥਾਂ ਸੁੰਨੀ ਜਾਪਦੀ ਹੈ। ਤਾਏ ਅਤੇ ਅੰਬ ਦੀ ਗੂੜ੍ਹੀ ਸਾਂਝ ਨੂੰ ਚੇਤੇ ਕਰਕੇ ਮਨ ਭਰ ਆਉਂਦਾ ਹੈ। ਮੈਂ ਤਾਏ ਨਾਲ ਇਸ ਥਾਂ ’ਤੇ ਬੈਠ ਕੇ ਕੀਤੀਆਂ ਗੱਲਾਂ ਨੂੰ ਯਾਦ ਕਰਕੇ ਘੋਰ ਉਦਾਸੀ ਦੇ ਆਲਮ ਵਿੱਚ ਡੁੱਬ ਜਾਂਦਾ ਹਾਂ।
*****
(666)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)