“ਇਸ ਵਿਆਹ ਵਿੱਚ ਸ਼ਿਰਕਤ ਕਰਨ ਲਈ ਆਏ ਸਭ ਦੋਸਤ, ਮਿੱਤਰ, ਰਿਸ਼ਤੇਦਾਰ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਏ ਕਿ ...”
(23 ਫਰਬਰੀ 2018)
‘ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ, ਯੁਗਾਂ ਤੋਂ ਕਾਫ਼ਲੇ ਆਉਂਦੇ, ਇਸੇ ਸੱਚ ਦੇ ਗਵਾਹ ਬਣ, ਇਹ ਤਪਦੀ ਰੇਤ ਦੱਸਦੀ ਹੈ ਕਿ ਰਸਤਾ ਠੀਕ ਹੈ ਮੇਰਾ, ਇਹ ਸੜਦੇ ਪੈਰ ਠਰਦੇ ਦਿਲ ਮੇਰੇ ਸੱਚ ਦੇ ਗਵਾਹ ਬਣਦੇ।
ਭਾਵੇਂ ਇਹ ਸਤਰਾਂ ਡਾਕਟਰ ਸੁਰਜੀਤ ਪਾਤਰ ਦੀ ਇੱਕ ਨਜ਼ਮ ਦੀਆਂ ਹਨ ਪਰ ਪਿਛਲੇ ਦਿਨੀਂ ਜਦੋਂ ਇੱਕ ਵਿਆਹ ਸਮਾਗਮ ਵਿੱਚ ਮੈ ਡਾਕਟਰ ਸੁਰਜੀਤ ਪਾਤਰ ਜੀ ਵਲੋਂ ਇਨ੍ਹਾਂ ਸਤਰਾਂ ਨੂੰ ਅਮਲੀਜਾਮਾ ਪਹਿਨਾਉਂਦਿਆ ਤੱਕਿਆ ਤਾਂ ਮਨ ਸ਼ਾਇਰੀ ਦੇ ਉਸ ਉਸਤਾਦ ਨੂੰ ਵੇਖਕੇ ਇਸ ਲਈ ਪ੍ਰਸੰਨ ਹੋਇਆ ਕਿ ਅਜੋਕੇ ਸਮੇ ਵਿੱਚ ਬਹੁਤ ਹੀ ਘੱਟ ਲੋਕ ਅਜਿਹੇ ਹਨ, ਜੋ ਕਹਿੰਦੇ ਹਨ, ਉਹੀ ਕਰਕੇ ਵੀ ਵਿਖਾਉਂਦੇ ਹਨ। ਕਾਮਰੇਡ ਹਰਦੇਵ ਸਿੰਘ ਵਿਰਕ ਕੈਨੇਡਾ (ਪਿੰਡ ਅਮ੍ਰਿਤਸਰ ਕਲਾਂ - ਸਿਰਸਾ) ਵਲੋਂ ਡਾਕਟਰ ਸੁਰਜੀਤ ਪਾਤਰ ਦੇ ਸਹਿਯੋਗ ਨਾਲ ਉਪਰੋਕਤ ਸਤਰਾਂ ਨੂੰ ਵਿਹਾਰਕ ਜਾਮਾ ਪੁਆਉਣ ਦਾ ਇੱਕ ਸਾਰਥਕ, ਉਸਾਰੂ, ਹਾਂ-ਪੱਖੀ ਸਫ਼ਲ ਯਤਨ ਕੀਤਾ ਗਿਆ।
ਇਹ ਮੁਬਾਰਕ ਮੌਕਾ ਸੀ ਕਾਮਰੇਡ ਹਰਦੇਵ ਸਿੰਘ ਵਿਰਕ ਦੇ ਮਾਮਾ ਜਸਵੰਤ ਸਿੰਘ ਬਾਜਵਾ ਦੇ ਪੋਤੇ ਅਤੇ ਭੁਪਿੰਦਰ ਸਿੰਘ ਬਾਜਵਾ ਦੇ ਸਪੁੱਤਰ ਭਗਵੰਤ ਸਿੰਘ ਬਾਜਵਾ ਨਾਲ ਨਵਜੋਤ ਕੌਰ ਦੇ ਵਿਆਹ ਦਾ। ਅਜੋਕੇ ਸਮੇਂ ਪ੍ਰਚੱਲਿਤ ਆਰਕੈਸਟਰਾ ਕਲਚਰ ਅਤੇ ਕੰਨ ਪਾੜਵੇਂ ਡੀਜੇ ਸ਼ੋਰ ਉੱਪਰ ਭੱਦੇ ਨਾਚ ਪ੍ਰਦਰਸ਼ਨ ਦੇ ਵਰਤਾਰੇ ਨੂੰ ਰੱਦ ਕਰਦਿਆਂ ਇਸ ਮੌਕੇ ਸਿਹਤਮੰਦ ਸੱਭਿਆਚਾਰ ਪ੍ਰੋਗਰਾਮ ਦੀ ਰੀਤ ਸ਼ੁਰੂ ਕਰਨ ਦਾ। ਕਾਮਰੇਡ ਹਰਦੇਵ ਸਿੰਘ ਵਲੋਂ ਲਿਆ ਗਿਆ ਇਹ ਸਟੀਕ ਨਿਰਣਾ ਇੱਕ ਉਸਾਰੂ ਪਗਡੰਡੀ ਦੀ ਸ਼ੁਰੂਆਤ ਬਣਦਾ ਲੋਕ-ਮਨਾਂ ਉੱਪਰ ਇੱਕ ਸਦੀਵੀ ਛਾਪ ਛੱਡ ਗਿਆ। ਵਿਆਹ ਦਾ ਆਯੋਜਨ ਮੈਰਿਜ ਪੈਲੇਸ ਦੀ ਥਾਂ ਘਰ ਵਿੱਚ ਹੀ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਤ ਹੋਇਆ, ਜਿਸ ਵਿੱਚ ਡਾਕਟਰ ਸੁਰਜੀਤ ਪਾਤਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨ੍ਹਾਂ ਦੇ ਪੁੱਤਰ ਮਨਰਾਜ ਪਾਤਰ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਇਸ ਵਿਆਹ ਸਮਾਗਮ ਦੌਰਾਨ ਬੋਲਦਿਆਂ ਡਾਕਟਰ ਸੁਰਜੀਤ ਪਾਤਰ ਨੇ ਭਗਵੰਤ ਸਿੰਘ ਬਾਜਵਾ ਅਤੇ ਨਵਜੋਤ ਕੌਰ ਨੂੰ ਮੁਬਾਰਕਬਾਦ ਦਿੰਦਿਆ ਆਖਿਆ ਕਿ ਇਨ੍ਹਾਂ ਦਾ ਵਿਆਹ ਇੱਕ ਇਤਿਹਾਸਕ ਘੜੀ ਉਸਾਰਨ ਦਾ ਸਬੱਬ ਵੀ ਬਣਿਆ ਹੈ। ਉਨ੍ਹਾਂ ਪ੍ਰਚਲਿਤ ਆਰਕੈਸਟਰਾ ਕਲਚਰ ਨੂੰ ਰੱਦ ਕਰਨ ਅਤੇ ਸਿਹਤਮੰਦ, ਉਸਾਰੂ ਸੰਗੀਤਕ ਸੱਭਿਆਚਾਰ ਦਾ ਦੱਬ ਕੇ ਪੱਖ ਪੂਰੇ ਜਾਣ ?ਤੇ ਜ਼ੋਰ ਦਿੱਤਾ। ਡਾਕਟਰ ਪਾਤਰ ਨੇ ਇਸ ਦੌਰਾਨ ਆਖਿਆ ਕਿ ਮਨਰਾਜ ਪਾਤਰ ਭਾਵੇਂ ਪੇਸ਼ੇ ਵਜੋਂ ਕੰਪਿਊਟਰ ਸਾਇੰਸ ਦਾ ਪ੍ਰੋਫੈਸਰ ਹੈ ਪਰ ਇਸ ਨੂੰ ਘਰੇਲੂ ਮਾਹੌਲ ਹੀ ਅਜਿਹਾ ਮਿਲਿਆ ਕਿ ਇਹ ਆਪ ਮੁਹਾਰੇ ਹੀ ਸਿਹਤਮੰਦ ਸੱਭਿਆਚਾਰ ਵਰਤਾਰੇ ਦੇ ਲੜ ਲੱਗ ਇਸਦੇ ਪ੍ਰਚਾਰ-ਪਾਸਾਰ ਦਾ ਸ਼ੈਦਾਈ ਬਣ ਗਿਆ ਹੈ। ਉਨ੍ਹਾਂ ਆਖਿਆ ਕਿ ਘਰੇਲੂ ਮਾਹੌਲ ਦਾ ਬੱਚਿਆਂ ਉੱਪਰ ਵਧੇਰੇ ਅਸਰ ਹੁੰਦਾ ਹੈ। ਵਿਆਹ ਵਿੱਚ ਮੌਜੂਦ ਲੋਕਾਂ ਨੂੰ ਉਨ੍ਹਾਂ ਸਿਹਤਮੰਦ ਘਰੇਲੂ ਮਾਹੌਲ ਸਿਰਜਣ ਦੀ ਅਪੀਲ ਕੀਤੀ। ਇਸ ਵਿਆਹ ਸਮਾਗਮ ਵਿੱਚ ਡਾਕਟਰ ਪਾਤਰ ਨੇ ਤਰੰਨੁਮ ਵਿੱਚ ਆਪਣੀਆਂ ਰਚਨਾਵਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਅਤੇ ਆਪਣੇ ਪ੍ਰੌਢ ਵਿਚਾਰਾਂ ਦੀ ਗਹਿਰਾਈ ਦੀ ਵਿਆਖਿਆ ਕਰਦਿਆਂ ਇਹ ਦਾਅਵਾ ਵੀ ਕੀਤਾ ਕਿ ਜਦੋਂ ਉਨ੍ਹਾਂ ਨੂੰ ਇਹ ਅਹਿਸਾਸ ਹੋਣ ਲਗਦਾ ਹੈ ਕਿ ਨਵੇਂ ਰਾਹ ਸਿਰਜਦਿਆਂ ਜਦੋਂ ਪੈਰ ਸੜ-ਮੱਚ ਰਹੇ ਹੋਣ ਪਰ ਹਿਰਦਾ ਇਹ ਸੋਚਕੇ ਠੰਢ ਮਹਿਸੂਸ ਕਰ ਰਿਹਾ ਹੋਵੇ ਕਿ ਇਹ ਰਾਹ ਸੱਚ ਦਾ ਰਾਹ ਹੈ ਅਤੇ ਇਨ੍ਹਾਂ ਰਾਹਾਂ ਉੱਪਰ ਹੀ ਤੁਰਿਆ ਜਾਣਾ ਚਾਹੀਦਾ ਹੈ।
ਇਸ ਵਿਆਹ ਸਮਾਗਮ ਵਿੱਚ ਮਨਰਾਜ ਪਾਤਰ ਨੇ ਆਪਣੀ ਸੰਗੀਤ ਮੰਡਲੀ ਨਾਲ ਡਾਕਟਰ ਸੁਰਜੀਤ ਪਾਤਰ, ਸੁਖਵਿੰਦਰ ਅਮ੍ਰਿਤ ਦੀਆਂ ਰਚਨਾਵਾਂ ਤੋਂ ਇਲਾਵਾ ਸੂਫ਼ੀਆਨਾ ਕਲਾਮ ਦੀ ਪੇਸ਼ਕਾਰੀ ਨਾਲ ਮਾਹੌਲ ਨੂੰ ਲਗਾਤਾਰ ਖੁਸ਼ਗਵਾਰ ਅਤੇ ਉਤਸ਼ਾਹੀ ਬਣਾਈ ਰੱਖਿਆ। ਤਿੰਨ ਘੰਟਿਆਂ ਤੋਂ ਵੀ ਜ਼ਿਆਦਾ ਸਮੇਂ ਦੀ ਮਨਰਾਜ ਦੀ ਇਸ ਪੇਸ਼ਕਾਰੀ ਨੇ ਵਿਆਹ ਸਮਾਗਮ ਵਿੱਚ ਸ਼ਾਮਲ ਲੋਕਾਂ ਨੂੰ ਕੀਲ ਕੇ ਬਿਠਾਈ ਹੀ ਨਹੀਂ ਰੱਖਿਆ, ਸਗੋਂ ਇਹ ਸੋਚਣ ਲਈ ਵੀ ਮਜਬੂਰ ਕਰ ਦਿੱਤਾ ਕਿ ਵਿਆਹ ਵਰਗੇ ਮੌਕਿਆਂ ਉੱਪਰ ਵੀ ਅਜਿਹੇ ਸਮਾਗਮਾਂ ਦਾ ਆਯੋਜਨ ਇੱਕ ਵਿਲੱਖਣ ਛਾਪ ਛੱਡ ਸਕਦਾ ਹੈ। ਚੇਅਰਮੈਨ ਹਰਮੀਤ ਸਿੰਘ, ਨੰਬਰਦਾਰ ਗੁਰਦੇਵ ਸਿੰਘ, ਮਲਕੀਤ ਸਿੰਘ ਖੋਸਾ, ਗੁਰਚਰਨ ਸਿੰਘ ਧਾਲੀਵਾਲ, ਐਡਵੋਕੇਟ ਗੁਰਮੀਤ ਸਿੰਘ ਵੜੈਚ, ਬਲਵਿੰਦਰ ਸਿੰਘ ਬਾਜਵਾ, ਜੋਗਿੰਦਰ ਸਿੰਘ ਬਾਜਵਾ, ਦਵਿੰਦਰ ਸਿੰਘ, ਪ੍ਰਿੰਸੀਪਲ ਹਰਭਗਵਾਨ ਚਾਵਲਾ, ਗੁਰਬਖ਼ਸ ਮੋਂਗਾ, ਸੁਤੰਤਰ ਭਾਰਤੀ, ਡਾਕਟਰ ਹਰਵਿੰਦਰ ਸਿੰਘ, ਸ਼ਿੰਦਰ ਕੌਰ, ਕੁਲਵੰਤ ਸਿੰਘ, ਡਾਕਟਰ ਹਰਵਿੰਦਰ ਕੌਰ ਵਰਗੇ ਇਲਾਕੇ ਦੇ ਹਮ-ਖਿਆਲ, ਚਿੰਤਕਾਂ, ਵਿਚਾਰਕਾਂ ਲੇਖਕਾਂ ਨੂੰ ਇਸ ਸਿਹਤਮੰਦ ਰੁਝਾਨ ਸਿਰਜਣ ਵਾਲੀ ਇਤਿਹਾਸਕ ਘੜੀ ਦੇ ਗਵਾਹ ਬਣਨ ਦਾ ਮਾਣ ਮਿਲਿਆ।
ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਇਹ ਆਯੋਜਨ ਡਾਕਟਰ ਸੁਰਜੀਤ ਪਾਤਰ ਦੇ ਵਿਚਾਰ, ਮਨਰਾਜ ਪਾਤਰ ਦੀ ਸਿਹਤਮੰਦ ਸੰਗੀਤਕ ਪੇਸ਼ਕਾਰੀ, ਭਗਵੰਤ ਸਿੰਘ ਬਾਜਵਾ ਅਤੇ ਨਵਜੋਤ ਕੌਰ ਦੀ ਜੋੜੀ ਦਾ ਵਿਆਹ ਅਤੇ ਕਾਮਰੇਡ ਹਰਦੇਵ ਸਿੰਘ ਵਿਰਕ ਵਲੋਂ ਕੀਤਾ ਵੱਡਾ ਉੱਦਮ ਲੋਕ-ਮਨਾਂ ਦੀ ਸਿਮ੍ਰਤੀ ਵਿੱਚ ਸਦਾ ਵਸਿਆ ਰਹੇਗਾ ਅਤੇ ਸਿਹਤਮੰਦ, ਸਾਰਥਕ ਸੰਗੀਤਕ-ਸੱਭਿਆਚਾਰਕ ਮਾਹੌਲ ਦੀ ਸਿਰਜਣਾ ਲਈ ਹਮੇਸ਼ਾ ਲੋਕਾਂ ਨੂੰ ਉਤਸ਼ਾਹਿਤ ਕਰਦਾ ਰਹੇਗਾ। ਇਸ ਵਿਆਹ ਨੂੰ ਵੇਖਣ ਤੋਂ ਬਾਅਦ ਡਾਕਟਰ ਸੁਰਜੀਤ ਪਾਤਰ ਦੀਆਂ ਸਤਰਾਂ ਮੈਨੂੰ ‘ਮੈਂ ਰਾਹਾਂ ਤੇ ਨਹੀਂ ਤੁਰਦਾ, ਮੈਂ ਤੁਰਦਾ ਹਾਂ ਤਾਂ ਰਾਹ ਬਣਦੇ’ ਮੈਨੂੰ ਉਸ ਵੇਲੇ ਹੋਰ ਵੀ ਸਾਰਥਿਕ ਸਿੱਧ ਹੁੰਦੀਆਂ ਜਾਪੀਆਂ ਜਦੋਂ ਇਸ ਵਿਆਹ ਵਿੱਚ ਸ਼ਿਰਕਤ ਕਰਨ ਲਈ ਆਏ ਸਭ ਦੋਸਤ, ਮਿੱਤਰ, ਰਿਸ਼ਤੇਦਾਰ ਇਸ ਗੱਲ ਦੀ ਗਵਾਹੀ ਭਰਦੇ ਨਜ਼ਰ ਆਏ ਕਿ ਅੱਜਕੱਲ ਵਿਆਹਾਂ ਵਿੱਚ ਸੱਭਿਆਚਾਰ ਦੇ ਨਾਮ ਤੇ ਪਰੋਸੀ ਜਾਂਦੀ ਅਸ਼ਲੀਲਤਾਂ ਨੂੰ ਮੁੱਢੋਂ ਰੱਦ ਕਰਕੇ ਅਜਿਹੇ ਪ੍ਰੋਗਰਾਮ ਹੀ ਵਿਆਹਾਂ ਵਿੱਚ ਹੋਣੇ ਚਾਹੀਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੀਆਂ ਧੀਆਂ-ਭੈਣਾਂ ਨਾਲ ਬੈਠਕੇ ਵੇਖਣ ਤੋਂ ਬਾਅਦ ਮਾਣ ਮਹਿਸਸੂ ਕਰ ਸਕੀਏ।
ਸੱਚਮੁੱਚ ਰਾਹ ਬਣਦੇ ਨਹੀਂ, ਸਗੋਂ ਬਣਾਉਣੇ ਪੈਂਦੇ ਨੇ। ਆਓ ਆਪਾਂ ਵੀ ਸਾਰੇ ਅਜਿਹੇ ਵਿਆਹ ਸਮਾਗਮਾਂ ’ਤੇ ਲੱਚਰ ਤੇ ਅਸ਼ਲੀਲਤਾ ਭਰੀ ਗਾਇਕੀ ਅਤੇ ਦਿਖਾਵੇ ਨੂੰ ਰੱਦ ਕਰਕੇ ਡਾਕਟਰ ਸੁਰਜੀਤ ਪਾਤਰ ਅਤੇ ਮਨਰਾਜ ਪਾਤਰ ਵਲੋਂ ਦਿਖਾਏ ਇਸ ਰਸਤੇ ’ਤੇ ਚੱਲਣ ਦਾ ਪ੍ਰਣ ਕਰੀਏ ਅਤੇ ਇਨ੍ਹਾਂ ਰਾਹਾਂ ਨੂੰ ਇੱਕ ਅਜਿਹਾ ਰਸਤਾ ਬਣਾ ਦੇਈਏ ਕਿ ਫਿਰ ਸੱਚ ਵੱਲ ਜਾਂਦੇ ਇਸ ਰਸਤੇ ਨੂੰ ਛੱਡਕੇ ਕਦੇ ਵੀ ਝੂਠ ਵਾਲੇ ਪਾਸੇ ਨੂੰ ਜਾਂਦੇ ਰਸਤੇ ’ਤੇ ਚੱਲਣ ਲਈ ਕੋਈ ਮਜਬੂਰ ਹੀ ਨਾ ਹੋਵੇ।
*****
(1028)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)