“ਭਾਜਪਾ ਨੇ ਹੁਣ ਹਰਿਆਣਾ ਵਿੱਚ ਜਾਤੀ ਸਮੀਕਰਨਾਂ ਦਾ ਪੱਤਾ ਖੇਡਦਿਆਂ ਨਾਇਬ ਸਿੰਘ ਸੈਣੀ ਨੂੰ ਸੀਐੱਮ ਦੀ ਕੁਰਸੀ ’ਤੇ ...”
(14 ਮਾਰਚ 2024)
ਇਸ ਸਮੇਂ ਪਾਠਕ: 470.
ਹਰਿਆਣਾ ਵਿੱਚ ਕਰੀਬ ਪੰਜ ਸਾਲ ਪੁਰਾਣਾ ਭਾਜਪਾ-ਜਜਪਾ ਗਠਜੋੜ ਟੁੱਟ ਗਿਆ ਹੈ। ਮੰਗਲਵਾਰ ਨੂੰ ਸਵੇਰੇ ਹੀ ਸੂਬੇ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਦੁਪਹਿਰ ਤਕ ਇਹ ਵੱਡੇ ਸਿਆਸੀ ਭੂਚਾਲ ਵਿੱਚ ਬਦਲ ਗਈਆਂ ਅਤੇ ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਆਪਣੀ ਪੂਰੀ ਕੈਬਨਿਟ ਨੇ ਸਹਿਤ ਅਸਤੀਫ਼ਾ ਦੇ ਦਿੱਤਾ। ਇਸ ਤੋਂ ਬਾਅਦ ਵਿਧਾਇਕ ਦਲ ਦੀ ਬੈਠਕ ਹੋਈ ਜਿਸ ਵਿੱਚ ਓਬੀਸੀ ਸਮਾਜ ਨਾਲ ਸਬੰਧਿਤ ਅਤੇ ਭਾਜਪਾ ਦੇ ਸੂਬਾਈ ਪ੍ਰਧਾਨ ਨਾਇਬ ਸਿੰਘ ਸੈਣੀ ਨੂੰ ਨਵਾਂ ਨੇਤਾ ਚੁਣਿਆ ਗਿਆ। ਨਾਇਬ ਸਿੰਘ ਸੈਣੀ ਮੌਜੂਦਾ ਸਮੇਂ ਦੌਰਾਨ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਸਾਂਸਦ ਹਨ ਅਤੇ ਉਹ ਬਿਨਾਂ ਵਿਧਾਇਕ ਚੁਣੇ ਹੀ ਹੁਣ ਅਗਲੇ ਕਰੀਬ 6 ਮਹੀਨੇ ਤਕ ਸੂਬੇ ਦੇ ਮੁੱਖ ਮੰਤਰੀ ਰਹਿਣਗੇ। ਨਾਇਬ ਸਿੰਘ ਸੈਣੀ ਨੂੰ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਤਿ ਕਰੀਬੀ ਸਾਥੀਆਂ ਵਿੱਚ ਗਿਣਿਆ ਜਾਂਦਾ ਹੈ।
27 ਅਕਤੂਬਰ 2023 ਨੂੰ ਓਮ ਪ੍ਰਕਾਸ਼ ਧਨਖੜ ਨੂੰ ਸੂਬਾਈ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਕਰਕੇ ਭਾਜਪਾ ਵੱਲੋਂ ਨਾਇਬ ਸਿੰਘ ਸੈਣੀ ਨੂੰ ਸੂਬਾਈ ਪ੍ਰਧਾਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। 25 ਜਨਵਰੀ 1970 ਨੂੰ ਅੰਬਾਲਾ ਦੇ ਪਿੰਡ ਮਿਰਜ਼ਾਪੁਰ ਮਾਜਰਾ ਵਿੱਚ ਜਨਮੇ ਨਾਇਬ ਸਿੰਘ ਸੈਣੀ ਆਰਐੱਸਐੱਸ ਨਾਲ ਜੁੜੇ ਰਹੇ ਹਨ। 1996 ਤੋਂ ਹੀ ਉਹ ਹਰਿਆਣਾ ਭਾਜਪਾ ਦੇ ਸੰਗਠਨ ਵਿੱਚ ਕੰਮ ਕਰਦੇ ਆ ਰਹੇ ਹਨ। ਸਾਲ 2002 ਵਿੱਚ ਉਹ ਅੰਬਾਲਾ ਤੋਂ ਭਾਰਤੀ ਜਨਤਾ ਯੁਵਾ ਮੋਰਚਾ ਦੇ ਜ਼ਿਲ੍ਹਾ ਮਹਾਂ ਮੰਤਰੀ ਬਣੇ। ਉਨ੍ਹਾਂ ਨੇ ਸਾਲ 2009 ਵਿੱਚ ਨਰਾਇਣਗੜ੍ਹ ਵਿਧਾਨ ਸਭਾ ਹਲਕੇ ਤੋਂ ਪਹਿਲੀ ਵਾਰ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਸਾਲ 2014 ਵਿੱਚ ਉਹ ਵਿਧਾਨ ਸਭਾ ਚੋਣ ਜਿੱਤਕੇ ਮੰਤਰੀ ਬਣੇ ਅਤੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕੁਰੂਕਸ਼ੇਤਰ ਤੋਂ ਚੋਣ ਜਿੱਤਕੇ ਸਾਂਸਦ ਬਣੇ ਸਨ। ਮਨੋਹਰ ਲਾਲ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ 2016 ਵਿੱਚ ਉਨ੍ਹਾਂ ਨੂੰ ਰਾਜ ਮੰਤਰੀ ਬਣਾਇਆ ਗਿਆ ਸੀ।
ਭਾਜਪਾ ਨੇ ਹੁਣ ਹਰਿਆਣਾ ਵਿੱਚ ਜਾਤੀ ਸਮੀਕਰਨਾਂ ਦਾ ਪੱਤਾ ਖੇਡਦਿਆਂ ਨਾਇਬ ਸਿੰਘ ਸੈਣੀ ਨੂੰ ਸੀਐੱਮ ਦੀ ਕੁਰਸੀ ’ਤੇ ਬਿਠਾਇਆ ਹੈ। ਹਰਿਆਣਾ ਵਿੱਚ 22.2 ਪ੍ਰਤੀਸ਼ਤ ਜਾਟ ਵੋਟਰਾਂ ਤੋਂ ਬਾਅਦ ਦੂਜੇ ਨੰਬਰ ’ਤੇ ਓਬੀਸੀ ਵੋਟ ਬੈਂਕ ਆਉਂਦਾ ਹੈ। ਹਰਿਆਣਾ ਵਿੱਚ ਓਬੀਸੀ ਵੋਟਰਾਂ ਦੀ ਗਿਣਤੀ 21 ਪ੍ਰਤੀਸ਼ਤ ਹੈ। ਹਰਿਆਣਾ ਵਰਗੇ ਜਾਟ ਬਹੁਤਾਤ ਸੂਬੇ ਵਿੱਚ ਵੀ ਭਾਜਪਾ ਹਮੇਸ਼ਾ ਹੀ ਨਾਨ ਜਾਟ ਰਾਜਨੀਤੀ ਕਰਦੀ ਆ ਰਹੀ ਹੈ ਅਤੇ ਹੁਣ ਨਾਇਬ ਸਿੰਘ ਸੈਣੀ ਨੂੰ ਸੂਬੇ ਦਾ ਮੁੱਖ ਮੰਤਰੀ ਬਣਾਕੇ ਭਾਜਪਾ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਰਸਤੇ ’ਤੇ ਚੱਲੇਗੀ।
ਦੂਜੇ ਪਾਸੇ ਵਿਰੋਧੀ ਧਿਰ ਵੱਲੋਂ ਇਸ ਪੂਰੇ ਘਟਨਾਕ੍ਰਮ ਨੂੰ ਵੱਡਾ ਸਿਆਸੀ ਡਰਾਮਾ ਕਰਾਰ ਦਿੱਤਾ ਗਿਆ ਹੈ। ਰਾਜਨੀਤਿਕ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਅਤੇ ਜਜਪਾ ਦੋਨਾਂ ਪਾਰਟੀਆਂ ਦਾ ਹੀ ਵੋਟ ਬੈਂਕ ਅਲੱਗ-ਅਲੱਗ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਜਪਾ ਵੱਲੋਂ ਆਪਣੇ ਜਾਟ ਬੈਂਕ ਦੇ ਸਹਾਰੇ ਹੀ ਸੂਬੇ ਦੀਆਂ 10 ਵਿਧਾਨ ਸਭਾ ਸੀਟਾਂ ਜਿੱਤੀਆਂ ਗਈਆਂ ਸਨ। ਹਰਿਆਣਾ ਵਿੱਚ ਕਾਂਗਰਸ ਦਾ ਵੀ ਵੱਡਾ ਜਾਟ ਵੋਟ ਬੈਂਕ ਹੈ। ਅਜਿਹੇ ਮਾਹੌਲ ਵਿੱਚ ਜਜਪਾ ਵੱਲੋਂ ਜਾਟ ਵੋਟ ਬੈਂਕ ਵਿੱਚ ਸੇਂਧਮਾਰੀ ਕਰਨ ਦੀ ਕੋਸ਼ਿਸ਼ ਕਰਕੇ ਕਾਂਗਰਸ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸਦਾ ਸਿੱਧਾ ਫਾਇਦਾ ਭਾਜਪਾ ਨੂੰ ਮਿਲੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਵੱਲੋਂ ਜਿੱਥੇ ਓਬੀਸੀ ਸਮਾਜ ਦੇ ਨਾਇਬ ਸਿੰਘ ਸੈਣੀ ਨੂੰ ਮੁੱਖ ਮੰਤਰੀ ਬਣਾਕੇ ਹਰਿਆਣਾ ਦੇ ਓਬੀਸੀ ਸਮਾਜ ਦੇ ਵੋਟ ਬੈਂਕ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਜਜਪਾ ਨੂੰ ਜਾਟ ਵੋਟ ਬੈਂਕ ਵਿੱਚ ਸੇਂਧਮਾਰੀ ਕਰਕੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਚਾਲ ਖੇਡੀ ਗਈ ਹੈ। ਅਜਿਹੀ ਰਾਜਨੀਤੀ ਨਾਲ ਹਰਿਆਣਾ ਦੀ ਸੱਤਾ ’ਤੇ ਕਾਬਜ਼ ਹੋ ਕੇ ਭਾਜਪਾ ਅਤੇ ਜਜਪਾ ਅਗਾਮੀ ਪੰਜ ਸਾਲ ਦਾ ਸੱਤਾ ਸੁਖ ਭੋਗਣ ਲਈ ਫਿਰ ਤੋਂ ਇਕਜੁਟ ਹੋ ਸਕਦੀਆਂ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4805)
(ਸਰੋਕਾਰ ਨਾਲ ਸੰਪਰਕ ਲਈ: (