“ਅਭੈ ਚੌਟਾਲਾ ਵੀ ਹੁਣ ਆਪਣੇ ਹੱਥ ਆਈ ਬਾਜ਼ੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ। ਉਨ੍ਹਾਂ ਨੇ ਇੱਕ ਚਿੱਠੀ ...”
(19 ਜਨਵਰੀ 2021)
ਦੇਸ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਹਰਿਆਣਾ ਵਿੱਚ ਰਾਜਨੀਤਿਕ ਸਰਗਰਮੀਆਂ ਇੱਕ ਦਮ ਤੇਜ਼ ਹੋ ਗਈਆਂ ਹਨ। ਅੰਦੋਲਨ ਨੇ ਭਾਜਪਾ ਜਜਪਾ ਗਠਜੋੜ ਸਰਕਾਰ ਦੇ ਵਕਾਰ ਨੂੰ ਵੱਡੀ ਢਾਹ ਲਗਾਈ ਹੈ। ਜਨਨਾਇਕ ਜਨਤਾ ਪਾਰਟੀ ਦੀਆਂ ਵਿਸਾਖੀਆਂ ਦੇ ਸਹਾਰੇ ਚੱਲ ਰਹੀ ਭਾਜਪਾ ਦਾ ਕੋਈ ਵੀ ਵੱਡਾ ਛੋਟਾ ਨੇਤਾ ਜਦੋਂ ਹੁਣ ਕਿਸਾਨ ਅੰਦੋਲਨ ਦੌਰਾਨ ਬਾਹਰ ਨਿਕਲਦਾ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਰੋਹ ਦਾ ਸਾਹਮਣਾ ਵੱਡੇ ਪੱਧਰ ’ਤੇ ਕਰਨਾ ਪੈ ਰਿਹਾ ਹੈ। ਸੂਬੇ ਦੇ ਬਹੁਤੇ ਪਿੰਡਾਂ ਵਿੱਚ ਤਾਂ ਲੋਕਾਂ ਨੇ ਭਾਜਪਾ ਜਜਪਾ ਨੇਤਾਵਾਂ ਦੀ ਪਿੰਡ ਵਿੱਚ ਐਂਟਰੀ ’ਤੇ ਰੋਕ ਲਗਾਉਣ ਦਾ ਜਨਤਕ ਐਲਾਨ ਵੀ ਕਰ ਦਿੱਤਾ ਹੈ। ਪਿਛਲੇ ਦਿਨੀਂ ਕਰਨਾਲ ਦੇ ਪਿੰਡ ਕੈਮਲ ਵਿੱਚ ਕਿਸਾਨਾਂ ਵਲੋਂ ਸੂਬੇ ਦੇ ਮੁੱਖ ਮੰਤਰੀ ਦਾ ਜਿਸ ਵੱਡੇ ਪੱਧਰ ’ਤੇ ਵਿਰੋਧ ਹੋਇਆ ਹੈ ਅਤੇ ਇਸ ਦੌਰਾਨ ਲਗਾਈ ਗਈ ਸਟੇਜ ਦੀ ਵੀ ਜਿਸ ਤਰ੍ਹਾਂ ਭੰਨਤੋੜ ਕੀਤੀ ਗਈ, ਉਸਨੇ ਸਿੱਧ ਕਰ ਦਿੱਤਾ ਹੈ ਕਿ ਦੇਸ ਦੀ ਰਾਜਧਾਨੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੇ ਨਾਲ-ਨਾਲ ਹੀ ਹਰਿਆਣਾ ਵਿੱਚ ਵੀ ਇਹ ਅੰਦੋਲਨ ਕਿਸੇ ਸਮੇਂ ਵੀ ਵੱਡਾ ਰੂਪ ਧਾਰਨ ਕਰ ਸਕਦਾ ਹੈ।
ਜਦੋਂ ਹਰਿਆਣਾ ਵਿੱਚ ਜਜਪਾ ਦੇ ਸਹਿਯੋਗ ਨਾਲ ਭਾਜਪਾ ਦੂਜੀ ਵਾਰ ਸੱਤਾ ਵਿੱਚ ਆਈ ਤਾਂ ਸੂਬੇ ਦੇ ਲੋਕਾਂ ਨੂੰ ਇਹ ਲੱਗ ਰਿਹਾ ਸੀ ਕਿ ਭਾਜਪਾ ਅਤੇ ਜਜਪਾ ਦੀ ਗਠਜੋੜ ਸਰਕਾਰ ਹਮੇਸ਼ਾ ਕਿਸਾਨਾਂ ਨੇ ਨਾਲ ਖੜ੍ਹੀ ਰਹੇਗੀ ਕਿਉਂਕਿ ਹਰਿਆਣਾ ਦੇ ਲੋਕ ਹੁਣ ਤਕ ਚੌਧਰੀ ਦੇਵੀ ਲਾਲ ਨੂੰ ਸਭ ਤੋਂ ਵੱਡਾ ਕਿਸਾਨ ਨੇਤਾ ਮੰਨਦੇ ਆ ਰਹੇ ਹਨ ਅਤੇ ਇਸ ਵਾਰ ਭਾਜਪਾ ਨਾਲ ਗਠਜੋੜ ਵਿੱਚ ਆਈ ਜਜਪਾ ਵੀ ਚੌਧਰੀ ਦੇਵੀ ਲਾਲ ਦੇ ਪਰਿਵਾਰ ਦੀ ਹੀ ਇੱਕ ਪਾਰਟੀ ਹੈ। ਜਦੋਂ ਪਰਿਵਾਰਕ ਕਲੇਸ਼ ਦੇ ਚੱਲਦਿਆਂ ਇਨੈਲੋ ਤੋਂ ਅਲੱਗ ਹੋ ਕੇ ਜਜਪਾ ਹੋਂਦ ਵਿੱਚ ਆਈ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਵੱਡੇ ਬੇਟੇ ਅਜੇ ਚੌਟਾਲਾ ਦੇ ਪੁੱਤਰ ਦੁਸ਼ਿਅੰਤ ਚੌਟਾਲਾ ਦੀ ਅਗਵਾਈ ਵਿੱਚ ਜਨਨਾਇਕ ਜਨਤਾ ਪਾਰਟੀ ਦਾ ਗਠਨ ਹੋਇਆ ਤਾਂ ਸੂਬੇ ਦੇ ਲੋਕਾਂ ਨੂੰ ਇਸ ਪਾਰਟੀ ਤੋਂ ਵੱਡੀ ਉਮੀਦ ਸੀ ਕਿ ਨੌਜਵਾਨ ਦੁਸ਼ਿਅੰਤ ਆਪਣੇ ਪੜਦਾਦੇ ਦੀ ਵਿਰਾਸਤ ਨੂੰ ਸੁਚੱਜੇ ਢੰਗ ਨਾਲ ਅੱਗੇ ਚਲਾਵੇਗਾ ਅਤੇ ਕਿਸਾਨਾਂ ਦੀਆਂ ਉਮੀਦਾਂ ’ਤੇ ਹਮੇਸ਼ਾ ਖਰਾ ਉੱਤਰੇਗਾ। ਇਹੀ ਕਾਰਨ ਸੀ ਕਿ ਕੁਝ ਸਮੇਂ ਬਾਅਦ ਹੀ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਨੇ ਇਨੈਲੋ ਨਾਲੋਂ ਵੀ ਜ਼ਿਆਦਾ ਸਾਥ ਜਜਪਾ ਦਾ ਦਿੱਤਾ। ਜਿੱਥੇ ਇਨੈਲੋ ਨੂੰ ਕੇਵਲ ਏਲਨਾਬਾਦ (ਸਿਰਸਾ) ਦੀ ਇੱਕੋ-ਇੱਕ ਸੀਟ ਜਿੱਤ ਕੇ ਹੀ ਸਬਰ ਕਰਨਾ ਪਿਆ, ਉੱਥੇ ਹੀ ਜਜਪਾ ਪਹਿਲੀ ਵਾਰ ਹੀ ਵਿਧਾਨ ਸਭਾ ਦੀਆਂ 10 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੀ।
ਪ੍ਰੰਤੂ ਜਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਵਿੱਚ ਹੋਈ ਅਣਕਿਆਸੀ ਹਲਚਲ ਨੇ ਸੂਬੇ ਦੀ ਸਿਆਸਤ ਨੂੰ ਜੋ ਨਵਾਂ ਮੋੜ ਦਿੱਤਾ, ਉਹ ਆਮ ਲੋਕਾਂ ਲਈ ਹੈਰਾਨ ਕਰਨ ਵਾਲਾ ਸੀ ਕਿਉਂਕਿ ਜਜਪਾ ਪਾਰਟੀ ਨੇ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਅਤੇ ਭਾਜਪਾ ਨੂੰ ਹੁਣ ਤਕ ਦੀ ਸਭ ਤੋਂ ਨਿਕੰਮੀ ਸਰਕਾਰ ਦੇ ਖਿਤਾਬ ਨਾਲ ਨਿਵਾਜਿਆ। ਅਜਿਹਾ ਪ੍ਰਚਾਰ ਸੁਣਕੇ ਸੂਬੇ ਦੇ ਲੋਕਾਂ ਦਾ ਜਜਪਾ ਵਿੱਚ ਵਿਸ਼ਵਾਸ ਵਧਿਆ ਅਤੇ ਜਨਨਾਇਕ ਜਨਤਾ ਪਾਰਟੀ 10 ਸੀਟਾਂ ਆਪਣੇ ਹੱਕ ਵਿੱਚ ਕਰਨ ਵਿੱਚ ਕਾਮਯਾਬ ਰਹੀ ਪਰ ਜਦੋਂ ਇਨ੍ਹਾਂ ਚੋਣਾਂ ਦੌਰਾਨ 90 ਪਾਰ ਦਾ ਦਾਅਵਾ ਕਰਨ ਵਾਲੀ ਭਾਜਪਾ ਕੇਵਲ 40 ਸੀਟਾਂ ’ਤੇ ਹੀ ਸਿਮਟ ਗਈ ਤਾਂ ਉਸ ਨੂੰ ਸਰਕਾਰ ਬਣਾਉਣ ਲਈ ਸਹਾਰੇ ਦੀ ਲੋੜ ਪਈ। ਇੱਥੇ ਭਾਜਪਾ ਨੇ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ। ਜਿੱਥੇ ਭਾਜਪਾ ਜਜਪਾ ਦੇ ਸਹਿਯੋਗ ਨਾਲ ਹਰਿਆਣਾ ਵਿੱਚ ਆਪਣੀ ਸਰਕਾਰ ਦੂਜੀ ਵਾਰ ਬਣਾਉਣ ਵਿੱਚ ਕਾਮਯਾਬ ਰਹੀ, ਉੱਥੇ ਹੀ ਸੂਬੇ ਵਿੱਚ ਜਜਪਾ ਦੇ ਵਧਦੇ ਵਕਾਰ ਨੂੰ ਰੋਕਣ ਵਿੱਚ ਵੀ ਆਪਣਾ ਨਿਸ਼ਾਨਾ ਸਿੱਧ ਕਰ ਗਈ। ਇਹ ਉਹ ਪਹਿਲਾ ਸਮਾਂ ਸੀ ਜਦੋਂ ਜਜਪਾ ਦਾ ਗਿਰਾਫ਼ ਸੂਬੇ ਦੇ ਲੋਕਾਂ ਦੇ ਮਨਾਂ ਵਿੱਚੋਂ ਡਿਗਣਾ ਸ਼ੁਰੂ ਹੋਇਆ। ਲੋਕ ਮਹਿਸੂਸ ਕਰਨ ਲੱਗੇ ਕਿ ਜਿਸ ਜਜਪਾ ਵਿੱਚ ਕਿਸਾਨ ਹਿਤੈਸ਼ੀ ਦੇਵੀ ਲਾਲ ਦਾ ਚਿਹਰਾ ਵੇਖਕੇ ਉਨ੍ਹਾਂ ਨੇ ਜਜਪਾ ਦੀ ਜਿੱਤ ਦਾ ਮੁੱਢ ਬੰਨ੍ਹਿਆ ਸੀ ਆਖਿਰ ਕੁਰਸੀ ਦੇ ਲਾਲਚ ਵਿੱਚ ਉਹੀ ਪਾਰਟੀ ਲੋਕਾਂ ਨਾਲ ਵੱਡਾ ਵਿਸ਼ਵਾਸਘਾਤ ਕਰ ਗਈ। ਇਸੇ ਤਰ੍ਹਾਂ ਹੀ ਰਾਣੀਆ (ਸਿਰਸਾ) ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤੇ ਚੌਧਰੀ ਦੇਵੀ ਲਾਲ ਦੇ ਬੇਟੇ ਰਣਜੀਤ ਚੌਟਾਲਾ ਨੇ ਵੀ ਮੌਕਾ ਮਿਲਦਿਆਂ ਹੀ ਭਾਜਪਾ ਦੇ ਪਾਲੇ ਵਿੱਚ ਛਾਲ ਮਾਰ ਦਿੱਤੀ ਅਤੇ ਮੰਤਰੀ ਬਣ ਗਏ। ਉਨ੍ਹਾਂ ਵਲੋਂ ਵੀ ਹੁਣ ਕਿਸਾਨ ਅੰਦੋਲਨ ਬਾਰੇ ਚੁੱਪ ਵੱਟਣ ਕਾਰਨ ਕਿਸਾਨ ਖਫ਼ਾ ਹਨ।
ਹੁਣ ਇੱਕ ਵਾਰ ਫਿਰ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਤਾਂ ਦੁਸ਼ਿਅੰਤ ਕੋਲ ਇੱਕ ਵੱਡਾ ਮੌਕਾ ਸੀ ਕਿ ਉਹ ਤੁਰੰਤ ਅਸਤੀਫ਼ਾ ਦੇ ਕੇ ਕਿਸਾਨਾਂ ਨਾਲ ਖੜ੍ਹਦੇ ਅਤੇ ਪਾਰਟੀ ਦੇ ਖੁੱਸੇ ਹੋਏ ਵਕਾਰ ਨੂੰ ਬਹਾਲ ਕਰਨ ਵਿੱਚ ਕਾਮਯਾਬ ਹੁੰਦੇ ਪਰ ਦੇਸ ਵਿੱਚ ਵੱਡੇ ਪੱਧਰ ’ਤੇ ਵਿਰੋਧ ਦੇ ਬਾਵਜੂਦ ਵੀ ਜਜਪਾ ਪਾਰਟੀ ਦੇ ਸੁਪਰੀਮੋ ਅਜੇ ਚੌਟਾਲਾ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਸਹੀ ਕਰਾਰ ਦੇ ਰਹੇ ਹਨ ਅਤੇ ਕਹਿ ਰਹੇ ਹਨ ਕਿ ਜੋ ਕਾਨੂੰਨ ਬਣ ਜਾਂਦੇ ਹਨ, ਉਹ ਕਦੇ ਵੀ ਰੱਦ ਨਹੀਂ ਹੋ ਸਕਦੇ। ਅਜੇ ਚੌਟਾਲਾ ਦਾ ਇਹ ਬਿਆਨ ਵੀ ਅੱਜਕੱਲ ਹਰਿਆਣਾ ਦੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੂਜੇ ਪਾਸੇ ਇਨੈਲੋ ਦੀ ਅਗਵਾਈ ਕਰ ਰਹੇ ਅਤੇ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਬੇਟੇ ਅਭੈ ਸਿੰਘ ਚੌਟਾਲਾ ਕਿਸਾਨ ਅੰਦੋਲਨ ਦੌਰਾਨ ਵਧੇਰੇ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਪਾਰਟੀ ਦੇ ਝੰਡੇ ਹੇਠ ਕਿਸਾਨਾਂ ਦੇ ਸਮਰਥਨ ਵਿੱਚ ਦਿੱਲੀ ਤਕ ਟਰੈਕਟਰ ਮਾਰਚ ਆਰੰਭ ਕਰ ਦਿੱਤਾ ਹੈ। ਅਭੈ ਚੌਟਾਲਾ ਵੀ ਹੁਣ ਆਪਣੇ ਹੱਥ ਆਈ ਬਾਜ਼ੀ ਨੂੰ ਵਿਅਰਥ ਨਹੀਂ ਗਵਾਉਣਾ ਚਾਹੁੰਦੇ। ਉਨ੍ਹਾਂ ਨੇ ਇੱਕ ਚਿੱਠੀ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੂੰ ਭੇਜਕੇ ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਜੇਕਰ 26 ਜਨਵਰੀ ਤਕ ਕਿਸਾਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਇਸੇ ਚਿੱਠੀ ਨੂੰ ਹੀ ਉਨ੍ਹਾਂ ਦਾ ਅਸਤੀਫ਼ਾ ਸਮਝਿਆ ਜਾਵੇ। ਜੇਕਰ ਅਭੈ ਚੌਟਾਲਾ ਕਿਸਾਨਾਂ ਦੇ ਸਮਰਥਨ ਵਿੱਚ ਅਜਿਹਾ ਕਦਮ ਚੁੱਕਦੇ ਹਨ ਤਾਂ ਇਹ ਫ਼ੈਸਲਾ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਇਨੈਲੋ ਪਾਰਟੀ ਲਈ ਸੋਨੇ ਤੇ ਸੁਹਾਗਾ ਸਿੱਧ ਹੋ ਸਕਦਾ ਹੈ, ਉੱਥੇ ਹੀ ਹਰਿਆਣਾ ਦੇ ਹੋਰ ਵਿਧਾਇਕ ਵੀ ਆਪਣੇ-ਆਪਣੇ ਅਸਤੀਫ਼ੇ ਦੇ ਸਕਦੇ ਹਨ ਜਿਸ ਕਾਰਨ ਸੱਤਧਾਰੀ ਭਾਜਪਾ ਜਜਪਾ ਗਠਜੋੜ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਹਰਿਆਣਾ ਦੀ ਸੱਤਾਧਾਰੀ ਧਿਰ ਪਹਿਲਾਂ ਹੀ ਇਸ ਸਾਰੇ ਮਾਮਲੇ ਨੂੰ ਸਮਝੀ ਬੈਠੀ ਹੈ। ਇਹੀ ਕਾਰਨ ਹੈ ਕਿ ਪਿਛਲੇ ਦਿਨੀਂ ਹਰਿਆਣਾ ਦੇ ਬਿਜਲੀ ਅਤੇ ਜੇਲ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਹਰਿਆਣਾ ਦੇ ਅਜ਼ਾਦ ਵਿਧਾਇਕਾਂ ਦੀ ਮੀਟਿੰਗ ਵੀ ਮੁੱਖ ਮੰਤਰੀ ਨਾਲ ਕਰਵਾ ਦਿੱਤੀ ਹੈ ਤਾਂ ਕਿ ਜੇਕਰ ਅਜਿਹੀ ਸਥਿਤੀ ਬਣਦੀ ਹੈ ਤਾਂ ਹਾਲਾਤ ਨਾਲ ਨਿਪਟਿਆ ਜਾ ਸਕੇ।
ਭਾਵੇਂ ਕਾਂਗਰਸ ਪਾਰਟੀ ਵਲੋਂ ਵੀ ਬਿਆਨਬਾਜ਼ੀ ਰਾਹੀਂ ਕਿਸਾਨ ਅੰਦੋਲਨ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਪਰ ਪਾਰਟੀ ਦੇ ਕਿਸੇ ਵੀ ਐੱਮ ਐੱਲ ਏ ਵਲੋਂ ਅਜੇ ਤਕ ਅੰਦੋਲਨ ਦੇ ਪੱਖ ਵਿੱਚ ਅਸਤੀਫ਼ਾ ਨਹੀਂ ਦਿੱਤਾ ਗਿਆ ਜਿਸ ਕਾਰਨ ਸੂਬੇ ਦੇ ਲੋਕਾਂ ਵਿੱਚ ਕਾਂਗਰਸ ਵੀ ਆਪਣਾ ਵਕਾਰ ਪੂਰੀ ਤਰ੍ਹਾਂ ਬਹਾਲ ਕਰਨ ਵਿੱਚ ਕਾਮਯਾਬ ਨਹੀਂ ਹੋ ਸਕੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2533)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)