“ਲਿਹਾਜ਼ਾ ਅਜੋਕੇ ਸਮੇਂ ਵਿੱਚ ਯੁੱਧਾਂ ਅਤੇ ਫੌਜੀ ਝੜਪਾਂ ਵਿੱਚ ਸੂਚਨਾ ਤਕਨਾਲੋਜੀ ਅਤੇ ...”
(15 ਜੁਲਾਈ 2025)
ਮੌਜੂਦਾ ਤਕਨਾਲੋਜੀ ਦੇ ਯੁਗ ਵਿੱਚ ਆਈ. ਟੀ. (ਸੂਚਨਾ ਤਕਨਾਲੋਜੀ) ਅਤੇ ਏ. ਆਈ. (ਆਰਟੀਸ਼ੀਅਲ ਇੰਨਟੈਲੀਜੈਂਸ) ਨੇ ਆਧੁਨਿਕ ਯੁੱਧਾਂ ਅਤੇ ਫੌਜੀ ਟਕਰਾਵਾਂ ਦੀ ਰੂਪ ਰੇਖਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਇਹ ਤਕਨੀਕਾਂ ਨਾ ਸਿਰਫ ਰਣਨੀਤਕ ਫੈਸਲੇ ਲੈਣ ਵਿੱਚ ਸਹਾਇਕ ਹਨ ਸਗੋਂ ਜੰਗ ਦੇ ਤਰੀਕਿਆਂ ਨੂੰ ਵੀ ਵਧੇਰੇ ਸੂਝਵਾਨ, ਤੇਜ਼ ਅਤੇ ਨਿਖੇੜੇ ਵਾਲੇ ਬਣਾ ਰਹੀਆਂ ਹਨ। ਪਬਲਿਕ ਡੋਮੇਨ ਵਿੱਚ ਇਸਦੇ ਕਈ ਪਹਿਲੂ ਸਾਹਮਣੇ ਆਏ ਹਨ, ਜਿਵੇਂ ਸੂਚਨਾ ਸੰਗ੍ਰਹਿ ਅਤੇ ਵਿਸ਼ਲੇਸ਼ਣ ਖੇਤਰ ਵਿੱਚ ਸੈਟੇਲਾਈਟ ਅਤੇ ਸੈਂਸਰ ਤਕਨੀਕ। ਸੈਟੇਲਾਈਟਸ, ਡਰੋਨ ਅਤੇ ਸੈਂਸਰਾਂ ਦੀ ਮਦਦ ਨਾਲ ਰੀਅਲ ਟਾਈਮ ਸੂਚਨਾ ਇਕੱਤਰ ਕਰਨੀ ਅਤੇ ਦੁਸ਼ਮਣ ਦੀ ਸਥਿਤੀ, ਹਥਿਆਰਾਂ ਦੀ ਗਤੀਵਿਧੀ ਅਤੇ ਰਣਨੀਤਕ ਟਿਕਾਣਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ। ਸੂਚਨਾ ਤਕਨਾਲੋਜੀ ਰਾਹੀਂ ਇਕੱਠੇ ਕੀਤੇ ਗਏ ਡੇਟਾ, ਜਿਵੇਂ ਸੋਸ਼ਲ ਮੀਡੀਆ, ਸੰਚਾਰ ਅਤੇ ਖੁਫੀਆ ਰਿਪੋਰਟਾਂ ਦਾ ਵਿਸ਼ਲੇਸ਼ਣ ਕਰਕੇ ਰਣਨੀਤਕ ਫੈਸਲਿਆਂ ਲਈ ਉਪਯੋਗੀ ਸੂਝ ਪ੍ਰਦਾਨ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਾਈਬਰ ਵਾਰਫੇਅਰ ਦੇ ਖੇਤਰ ਵਿੱਚ ਸੂਚਨਾ ਤਕਨਾਲੋਜੀ ਦੀ ਵਰਤੋਂ ਨਾਲ ਦੁਸ਼ਮਣ ਦੇ ਸੰਚਾਰ ਨੈੱਟਵਰਕ, ਬਿਜਲੀ ਸਪਲਾਈ ਅਤੇ ਹਥਿਆਰ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਉਦਾਰਹਰਣ ਵਜੋਂ ਹੈਕਿੰਗ ਜਾਂ ਮਾਲਵੇਅਰ ਰਾਹੀਂ ਸੰਵੇਦਨਸ਼ੀਲ ਸੂਚਨਾਵਾਂ ਨੂੰ ਚੋਰੀ ਕਰਨਾ ਜਾਂ ਸਿਸਟਮ ਨੂੰ ਆਪਣੇ ਕੰਟਰੋਲ ਵਿੱਚ ਲੈਣਾ। ਏ. ਆਈ. ਦੀ ਮਦਦ ਨਾਲ ਜਾਅਲੀ ਸੂਚਨਾਵਾਂ ਫੈਲਾਉਂਦਿਆਂ ਜਿਵੇਂ ਡੀਪਸੀਕ ਵੀਡੀਓ ਜਾਂ ਫਰਜ਼ੀ ਸੋਸ਼ਲ ਮੀਡੀਆ ਪੋਸਟਾਂ ਜੋ ਦੁਸ਼ਮਣ ਜਾਂ ਜਨਤਾ ਦੇ ਮਨੋਬਲ ਨੂੰ ਕਮਜ਼ੋਰ ਕਰ ਸਕਦੀਆਂ ਹਨ।
ਇਸੇ ਤਰ੍ਹਾਂ ਆਟੋਮੈਟਿਕ ਅਤੇ ਸਵੈਚਾਲਕ ਹਥਿਆਰਾਂ ਦੇ ਖੇਤਰ ਵਿੱਚ ਏ.ਆਈ. ਅਧਾਰਤ ਅਤੇ ਰੋਬੌਟ ਜੰਗੀ ਮੈਦਾਨ ਵਿੱਚ ਸਵੈਚਲਿਤ ਹਮਲੇ, ਨਿਗਰਾਨੀ ਅਤੇ ਸਮਾਨ ਪਹੁੰਚਾਉਣ ਦੇ ਕੰਮ ਕਰਦੇ ਹਨ। ਮਸਲਨ ਸਵੈਚਲਿਤ ਡਰੋਨ ਦੁਸ਼ਮਣ ਦੇ ਟਿਕਾਣਿਆਂ ’ਤੇ ਸਟੀਕ ਹਮਲੇ ਕਰ ਸਕਦੇ ਹਨ। ਏ.ਆਈ ਦੀ ਵਰਤੋਂ ਨਾਲ ਬਣੇ ਹਥਿਆਰ ਜਿਵੇਂ ਸਵੈਚਲਿਤ ਨੂੰ ਚਲਾਉਣ ਬਾਰੇ ਤੇਜ਼ੀ ਨਾਲ ਫੈਸਲੇ ਲੈ ਸਕਦੇ ਹਨ, ਜਿਸ ਨਾਲ ਮਨੁੱਖੀ ਦਖਲ ਅੰਦਾਜ਼ੀ ਦੀ ਲੋੜ ਘਟ ਜਾਂਦੀ ਹੈ। ਰਣਨੀਤਕ ਫੈਸਲੇ ਅਤੇ ਸਿਮੂਲੇਸ਼ਨ ਦੇ ਖੇਤਰ ਵਿੱਚ ਏ.ਆਈ. ਦੀ ਮਦਦ ਨਾਲ ਜੰਗੀ ਰਣਨੀਤੀਆਂ ਦੀ ਸਿਮੂਲੇਸ਼ਨ ਕੀਤੀ ਜਾਂਦੀ ਹੈ, ਜਿਸ ਨਾਲ ਸੰਭਾਵੀ ਨਤੀਜਿਆਂ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਇਸਦੇ ਨਾਲ ਹੀ ਇਹ ਦੁਸ਼ਮਣ ਦੀਆਂ ਗਤੀਵਿਧੀਆਂ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰਦੀ ਹੈ ਜਿਵੇਂ ਕਿ ਹਮਲੇ ਦੀ ਸੰਭਾਵਨਾ ਜਾਂ ਫੌਜੀ ਤਾਕਤ ਦਾ ਅੰਦਾਜ਼ਾ ਲਾਉਣਾ। ਸੰਚਾਰ ਅਤੇ ਲੌਜਿਸਟਿਕਸ ਦੇ ਖੇਤਰ ਵਿੱਚ ਸੂਚਨਾ ਤਕਨਾਲੋਜੀ ਸੁਰੱਖਿਅਤ ਅਤੇ ਤੇਜ਼ ਚਲਣ ਪ੍ਰਦਾਨ ਕਰਦੀ ਹੈ, ਜਿਸ ਨਾਲ ਫੌਜੀ ਯੂਨਿਟਾਂ ਵਿਚਕਾਰ ਤਾਲਮੇਲ ਸੁਧਾਰਿਆ ਜਾ ਸਕਦਾ ਹੈ। ਇਸਦੇ ਨਾਲ ਹੀ ਏ. ਆਈ. ਅਧਾਰਤ ਸਿਸਟਮ ਲੌਜਿਸਟਿਕਸ ਹਥਿਆਰ, ਭੋਜਨ ਅਤੇ ਮੈਡੀਕਲ ਸਮਾਨ ਦੀ ਸਪਲਾਈ ਨੂੰ ਅਨੁਕੂਲ ਬਣਾਉਂਦੇ ਹਨ।
ਪਬਲਿਕ ਡੋਮੈਨ ਵਿੱਚ ਉਪਲਬਧ ਰਿਪੋਰਟਾਂ ਅਨੁਸਾਰ ਰੂਸ-ਯੁਕਰੇਨ, ਈਸਰਾਈਲ-ਇਰਾਨ ਸੰਘਰਸ਼ਾਂ ਵਿੱਚ ਸਬੰਧਤ ਦੇਸ਼ਾਂ ਨੇ ਵਟਸਐਪ ਵਰਗੇ ਪਲੇਟਫਾਰਮਾਂ ’ਤੇ ਜਾਅਲੀ ਪ੍ਰੋਗਰਾਮ ਭੇਜਕੇ ਫੌਜੀ ਅਧਿਕਾਰੀਆਂ ਦੀ ਲੋਕੇਸ਼ਨ ਟਰੈਕ ਕੀਤੀ ਅਤੇ ਨਿਸ਼ਾਨਾ ਬਣਾਇਆ ਹੈ। ਯੁੱਧਾਂ ਅਤੇ ਫੌਜੀ ਝੜਪਾਂ ਵਿੱਚ ਏ.ਆਈ. ਅਤੇ ਸੂਚਨਾ ਤਕਨਾਲੋਜੀ ਦੀ ਵਰਤੋਂ ਮਨੁੱਖੀ ਅਧਿਕਾਰਾਂ ਨੂੰ ਪ੍ਰਭਾਵਤ ਕਰਦੀ ਹੈ ਅਤੇ ਹਥਿਆਰ ਗਲਤੀ ਨਾਲ ਜਾਂ ਜਾਣ ਬੁੱਝ ਕੇ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਲਿਹਾਜ਼ਾ ਯੁੱਧਾਂ ਵਿੱਚ ਏ.ਆਈ. ਅਤੇ ਸੂਚਨਾ ਤਕਨਾਲੋਜੀ ਨੈਤਿਕ ਅਤੇ ਕਾਨੂੰਨੀ ਚੁਣੌਤੀਆਂ ਵੀ ਪੈਦਾ ਕਰਦੀਆਂ ਹਨ। ਭਾਵੇਂ ਸੂਚਨਾ ਤਕਨਾਲੋਜੀ ਅਤੇ ਏ.ਆਈ. ਨੇ ਜੰਗਾਂ ਨੂੰ ਵਧੇਰੇ ਤਕਨੀਕੀ ਅਤੇ ਸੂਝਵਾਨ ਬਣਾਇਆ ਹੈ ਪਰ ਇਸਦੇ ਨਾਲ ਹੀ ਨੈਤਿਕ ਅਤੇ ਸੁਰੱਖਿਆ ਸਬੰਧੀ ਚੁਣੌਤੀਆਂ ਵੀ ਵਧੀਆ ਹਨ। ਲਗਦਾ ਹੈ ਭਵਿੱਖ ਵਿੱਚ ਇਹ ਤਕਨੀਕਾਂ ਜੰਗਾਂ ਦੇ ਸਰੂਪ ਨੂੰ ਹੋਰ ਵੀ ਬਦਲ ਸਕਦੀਆਂ ਹਨ, ਜਿਸ ਨਾਲ ਰਣਨੀਤਕ ਸੰਤੁਲਨ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਮਹੱਤਤਾ ਵਧੇਗੀ। ਪਰ ਦੇਸ਼ ਵਿਦੇਸ਼ਾਂ ਦੀਆਂ ਸਰਕਾਰਾਂ ਤਾਂ ਮੰਨਦੀਆਂ ਹਨ ਕਿ ‘ਜੰਗ ਅਤੇ ਪਿਆਰ ਵਿੱਚ ਹਰੇਕ ਤਕਨੀਕ ਅਤੇ ਹਰੇਕ ਤਰੀਕਾ ਜਾਇਜ਼ ਹੈ।’
ਜੇਕਰ ਪਹਿਲਗਾਮ (ਕਸ਼ਮੀਰ) ਵਿੱਚ ਅੱਤਵਾਦੀਆਂ ਵੱਲੋਂ ਭਾਰਤੀ ਟੂਰਿਸਟਾਂ ਦੀਆਂ ਦਰਦਨਾਕ ਹਥਿਆਰਾਂ ਮੌਤ ਕਾਰਨ ਭਾਰਤ ਵੱਲੋਂ ਪਾਕਿਸਤਾਨ ਕਬਜ਼ੇ ਵਾਲੇ ਕਸ਼ਮੀਰ ਇਲਾਕੇ ਵਿੱਚ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਲਈ ਸ਼ੁਰੂ ਕੀਤਾ ਗਿਆ “ਓਪਰੇਸ਼ਨ ਸਿੰਦੂਰ” ਜੋ ਭਾਰਤ ਪਾਕ ਫੌਜੀ ਝੜਪਾਂ ਵਿੱਚ ਬਦਲ ਗਿਆ ਸੀ, ਬਾਰੇ ਗੱਲ ਕੀਤੀ ਜਾਵੇ ਤਾਂ ਜ਼ਿਕਰਯੋਗ ਹੈ ਕਿ ਓਪਰੇਸ਼ਨ ਸਿੰਦੂਰ ਵਿੱਚ ਦੋਵਾਂ ਦੇਸ਼ਾਂ ਨੇ ਸਾਈਬਰ ਵਾਰਫੇਅਰ, ਸੈਨਿਕ ਅਤੇ ਬਨਿਆਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਣ, ਸੂਚਨਾ ਯੁੱਧ ਵਿੱਚ ਸਮਾਜਿਕ ਪ੍ਰਭਾਵ ਪੈਦਾ ਕਰਨ ਅਤੇ ਰਣਨੀਤਕ ਫਾਇਦੇ ਹਾਸਲ ਕਰਨ ਲਈ ਸੂਚਨਾ ਤਕਨਾਲੋਜੀ ਅਤੇ ਏ. ਆਈ. ਨੇ ਮੁੱਖ ਭੂਮਿਕਾ ਨਿਭਾਈ ਹੈ। ਏ.ਆਈ ਨੇ ਵੱਡੀ ਮਾਤਰਾ ਵਿੱਚ ਡਾਟਾ (ਸੈਟੇਲਾਈਟ ਚਿੱਤਰ, ਸੋਸ਼ਲ ਮੀਡੀਆ ਅਤੇ ਸੰਚਾਰ) ਦਾ ਵਿਸ਼ਲੇਸ਼ਣ ਕਰਕੇ ਸਟੀਕ ਨਿਸ਼ਾਨਿਆਂ ਦੀ ਪਛਾਣ ਕੀਤੀ, ਫੌਜੀ ਗਤੀਵਿਧੀਆਂ ਦੀ ਭਵਿੱਖਬਾਣੀ ਅਤੇ ਰਣਨੀਤਕ ਸਿਮੂਲੇਸ਼ਨ ਲਈ ਵਰਤਿਆ ਗਿਆ। ਏ. ਆਈ. ਅਧਾਰਤ ਡੀਪਸੀਕ ਵੀਡੀਓ ਅਤੇ ਚਿੱਤਰਾਂ ਨੇ ਸੂਚਨਾ ਯੁੱਧ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਓਪਰੇਸ਼ਨ ਸੰਧੂਰ ਦੌਰਾਨ ਸਾਈਬਰ ਵਾਰਫੇਅਰ ਦੀ ਵਰਤੋਂ ਨਾਲ ਦੁਸ਼ਮਣ ਦੀਆਂ ਸੰਚਾਰ ਪ੍ਰਨਾਲੀਆਂ ਜਿਵੇਂ ਸੈਨਿਕ ਕਮਾਂਡ ਸੈਂਟਰ, ਸਰਵੇਲੈਂਸ ਰਣਨੀਤਕ ਡੇਟਾਬੇਸ ਨੂੰ ਨਿਸ਼ਾਨਾ ਬਣਾਇਆ ਗਿਆ। ਸਾਈਬਰ ਹਮਲਿਆਂ ਨੇ ਅਨੇਕਾਂ ਜੀ ਪੀ ਐੱਸ ਸਿਸਟਮਾਂ ਨੂੰ ਸਬੋਟਾਜ ਕੀਤਾ ਅਤੇ ਜਹਾਜ਼ਾਂ ਦੀ ਨੇਵੀਗੇਸ਼ਨ ਵਿੱਚ ਵਿਘਨ ਪਾਇਆ। ਡੀਮਫੇਕ ਅਤੇ ਏ ਆਈ ਅਧਾਰਤ ਪ੍ਰੌਪੇਗੰਡਾ ਦੀ ਖੁੱਲ੍ਹ ਵਰਤੋਂ ਹੋਈ।
ਸੂਚਨਾ ਤਕਨਾਲੋਜੀ ਦੇ ਯੁਗ ਵਿੱਚ ‘ਸੂਚਨਾ ਯੁੱਧ’ ਵਿਰੋਧੀ ਉੱਤੇ ਮੁਕਾਬਲਾ ਕਰਨ ਵਾਲੇ ਫਾਇਦੇ ਦੀ ਭਾਲ ਵਿੱਚ ਸੂਚਨਾ ਅਤੇ ਸੰਚਾਰ ਤਕਨਾਲੋਜੀ ਦੀ ਜੰਗੀ ਵਰਤੋਂ ਅਤੇ ਪ੍ਰਬੰਧਨ ਹੈ। ਇਹ ਆਮ ਰਵਾਇਤੀ ਯੁੱਧਾਂ ਅਤੇ ਸਾਈਬਰ ਯੁੱਧਾਂ ਤੋਂ ਵੱਖਰਾ ਹੈ, ਜਿਸ ਵਿੱਚ ਕੰਪਿਊਟਰਾਂ, ਸੌਫਟਵੈਅਰ ਅਤੇ ਕਮਾਂਡ ਕੰਟਰੋਲ ਪ੍ਰਨਾਲੀਆਂ ’ਤੇ ਹਮਲਾ ਹੈ। ਸੂਚਨਾ ਯੁੱਧ ਇੱਕ ਨਿਸ਼ਾਨਾ ਦੁਆਰਾ ਭਰੋਸੇਯੋਗ ਜਾਣਕਾਰੀ ਦੀ ਹੇਰਾਫੇਰੀ ਹੈ, ਬਿਨਾਂ ਨਿਸ਼ਾਨਾਂ ਦੀ ਜਾਗਰੂਕਤਾ ਦੇ ਤਾਂ ਜੋ ਨਿਸ਼ਾਨਾ ਆਪਣੇ ਹਿਤ ਦੇ ਵਿਰੁੱਧ ਪਰ ਸੂਚਨਾ ਯੁੱਧ ਵਾਲੇ ਦੇ ਹਿਤ ਵਿੱਚ ਫੈਸਲਾ ਲਵੇ ਜਾਂ ਇੰਜ ਕਹਿ ਲਉ ਸੰਚਾਰ ਪ੍ਰਨਾਲੀਆ ਵਿੱਚ ਵਿਘਨ ਪਾਉਣਾ, ਡਰੋਨ ਅਤੇ ਹੋਰ ਨਿਗਰਾਨੀ ਰੋਬੋਟਾਂ ਜਾਂ ਵੈੱਬਕੈਮਾਂ ਦੀ ਵਰਤੋਂ, ਗਲਤ ਜਾਣਕਾਰੀ ਦੇਣ ਲਈ ਚਲਦੇ ਸੰਚਾਰ ਪ੍ਰੋਗਰਾਮਾਂ ਨੂੰ ਹਾਈਜੈਕ ਕਰਨਾ ਆਦਿ। ਅਜੋਕੇ ਦੌਰ ਵਿੱਚ ਯੁੱਧ ਅਤੇ ਫੌਜੀ ਝੜਪਾਂ ਵਿੱਚ ਸੂਚਨਾ ਤਕਨਾਲੋਜੀ ਅਤੇ ਏ. ਆਈ. ਦੀ ਵਰਤੋਂ ਵਿੱਚ ਫੌਜੀ ਡਰੋਨ ਜਾਂ ਫੌਜੀ ਰੋਬੌਟਾਂ ਦੀ ਵਰਤੋਂ ਯੁੱਧ ਦਾ ਇੱਕ ਵਿਲੱਖਣ ਰੂਪ ਹੈ, ਜੋ ਆਮ ਤੌਰ ’ਤੇ ਖੁਫੀਆ ਜਾਣਕਾਰੀ, ਨਿਗਰਾਨੀ ਨਿਸ਼ਾਨਾ ਪ੍ਰਾਪਤੀ ਅਤੇ ਖੋਜ ਅਤੇ ਨਿਸ਼ਾਨੇ ਲਈ ਸਿੱਧੇ ਹਮਲੇ ਕਰਨ ਲਈ ਵਰਤੇ ਜਾਂਦੇ ਹਨ। ਡਰੋਨ ਹਮਲਿਆਂ ਦੇ ਸਮਰਥਕ ਦਾਅਵਾ ਕਰਦੇ ਹਨ ਕਿ ਡਰੋਨ ਹਮਲੇ ਖਾਸ ਲੜਾਕਿਆਂ ਨੂੰ ਨਿਸ਼ਾਨਾ ਬਣਾਉਣ ਵਿੱਚ ਬਹੁਤ ਹੱਦ ਤਕ ਪ੍ਰਭਾਵਸ਼ਾਲੀ ਹੁੰਦੇ ਹਨ। ਡਰੋਨ ਹਮਲਿਆਂ ਦੇ ਖਤਰੇ ਦਾ ਮੁਕਾਬਲਾ ਕਰਨ ਲਈ ਰਾਜਾਂ ਦੁਆਰਾ ਐਂਟੀ ਯੂ ਏ ਵੀ ਸਿਸਟਮ ਵਿਕਸਿਤ ਕੀਤੇ ਜਾ ਰਹੇ ਹਨ। ਲਿਹਾਜ਼ਾ ਅਜੋਕੇ ਸਮੇਂ ਵਿੱਚ ਯੁੱਧਾਂ ਅਤੇ ਫੌਜੀ ਝੜਪਾਂ ਵਿੱਚ ਸੂਚਨਾ ਤਕਨਾਲੋਜੀ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਦੀ ਖੁੱਲ੍ਹ ਕੇ ਵਰਤੋਂ ਹੁੰਦੀ ਰਹੇਗੀ। ਹੁਣ ਯੁੱਧ ਜ਼ਮੀਨਾਂ ਉੱਤੇ ਨਹੀਂ ਸਗੋਂ ਅਸਮਾਨ ਅਤੇ ਪੁਲਾੜ ਵਿੱਚ ਲੜੇ ਜਾਣਗੇ ਅਤੇ ਮਾਰੇ ਜਾਣਗੇ ਧਰਤੀ ’ਤੇ ਵਸਦੇ ਲੋਕ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (