“ਮੈਨੂੰ ਆਪਣੀ ਮਾਸੀ ਦੀ ਕਹਾਣੀ ਯਾਦ ਆ ਗਈ। ਮੇਰਾ ਮਾਸੜ ...”
(12 ਜੂਨ 2025)
ਉਸ ਦਾ ਅਸਲ ਨਾਂ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿਉਂਕਿ ਸਾਰੇ ਉਸ ਨੂੰ ‘ਮਿਸ਼ਰਾ’ ਕਹਿ ਕੇ ਸੰਬੋਧਨ ਕਰਦੇ ਸਨ। ਉਸਦੇ ਦੋ ਕੁ ਮਰਲੇ ਦੇ ਘਰ ਦੇ ਬਾਹਰ ਮਿਸ਼ਰਾ ਨਿਵਾਸ ਲਿਖਿਆ ਹੋਇਆ ਸੀ। ਉਹ 16 ਕੁ ਸਾਲ ਦਾ ਸੀ ਜਦੋਂ ਆਪਣੇ ਕੁਝ ਸਾਥੀਆਂ ਨਾਲ ਅਯੁਧਿਆ, ਉੱਤਰ ਪਰਦੇਸ਼ ਤੋਂ ਪੰਜਾਬ ਆ ਗਿਆ। ਸਿਰ ’ਤੇ ਲੰਬੀ ਬੋਦੀ, ਮੱਥੇ ’ਤੇ ਲੰਬਾ ਤਿਲਕ ਅਤੇ ਤੇੜ ਧੋਤੀ, ਉਹ ਕਿਸੇ ਮੰਦਰ ਦਾ ਪੁਜਾਰੀ ਲਗਦਾ। ਪਿਆਜ ਖਾਣਾ ਤਾਂ ਦੂਰ ਦੀ ਗੱਲ ਉਹ ਪਿਆਜ ਘਰ ਵੀ ਨਹੀਂ ਵਾੜਦਾ। ਉਹ ਨੱਕ ਵਿੱਚ ਬੋਲਦਾ, ਜਿਸ ਨੂੰ ਸੁਣ ਕੇ ਹਾਸਾ ਵੀ ਆਉਂਦਾ। ਆਪਣੇ ਸਾਥੀਆਂ ਨਾਲ ਇੱਕ ਕਮਰੇ ਵਿੱਚ ਰਹਿੰਦਾ ਸੀ। ਉੱਥੇ ਹੀ ਇੱਕ ਸਟੋਵ ’ਤੇ ਸਾਰੇ ਜਣੇ ਦਾਲ਼ ਚਾਵਲ ਬਣਾਉਂਦੇ ਅਤੇ ਸਿਲਵਰ ਦੀਆਂ ਡੂੰਘੀਆਂ ਪਲੇਟਾਂ ਵਿੱਚ ਦਾਲ਼ ਚਾਵਲ ਪਾ ਕੇ ਹੱਥਾਂ ਨਾਲ ਖਾਂਦੇ। ਸ਼ਾਇਦ ਚਮਚਿਆਂ ਨਾਲ ਖਾਣ ਦਾ ਉਹਨਾਂ ਵਿੱਚ ਰਿਵਾਜ਼ ਹੀ ਨਹੀਂ ਸੀ। ਪਹਿਲਾਂ ਪਹਿਲ ਉਹ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰਦਾ ਰਿਹਾ ਪਰ ਬਾਅਦ ਵਿੱਚ ਉਹ ਇੱਕ ਪੇਂਟ ਦੀ ਦੁਕਾਨ ’ਤੇ ਨੌਕਰੀ ਕਰਨ ਲੱਗ ਪਿਆ। ਉਹ ਅੰਮ੍ਰਿਤ ਵੇਲੇ ਉੱਠਦਾ, ਮੰਦਰ ਜਾਂਦਾ। ਸੂਰਜ ਨਿਕਲਣ ’ਤੇ ਘਰ ਆ ਜਾਂਦਾ। ਘਰ ਦੇ ਬਾਹਰ ਪਾਣੀ ਤਰੌਂਕਦਾ, ਝਾੜੂ ਲਾਉਂਦਾ। ਪਰਸ਼ਾਦਾ ਛਕਦਾ ਅਤੇ ਪੈਦਲ ਹੀ ਕੋਈ ਪੰਜ ਕੁ ਕਿਲੋਮੀਟਰ ਦੂਰ ਤੁਰ ਕੇ ਦੁਕਾਨ ’ਤੇ ਪਹੁੰਚ ਜਾਂਦਾ।
ਦੁਕਾਨ ’ਤੇ ਪਹੁੰਚ ਉੱਥੇ ਪਾਣੀ ਤਰੌਂਕਦਾ ਅਤੇ ਝਾੜੂ ਲਾਉਂਦਾ ਅਤੇ ਫਿਰ ਇੱਕ ਸਟੂਲ ’ਤੇ ਬੈਠ ਕੇ ਗਾਹਕਾਂ ਦੀ ਉਡੀਕ ਕਰਦਾ। ਦੁਕਾਨ ਮਾਲਕ ਨੇ ਪਹਿਲਾਂ ਤਾਂ ਉਸ ਨੂੰ ਕੋਈ ਜ਼ਿੰਮੇਵਾਰੀ ਨਾ ਦਿੱਤੀ, ਫਿਰ ਹੌਲੀ ਹੌਲੀ ਉਹ ਹਰ ਕੰਮ ਵਿੱਚ ਦਿਲਚਸਪੀ ਲੈਣ ਲੱਗ ਗਿਆ। ਕਿਹੜੀ ਚੀਜ਼ ਕਿੱਥੇ ਪਈ ਹੈ, ਹੁਣ ਉਸ ਨੂੰ ਪਤਾ ਸੀ। ਗਾਹਕ ਦੇ ਮੂੰਹੋਂ ਨਿਕਲਦਿਆਂ ਹੀ ਉਹ ਵਸਤੂ ਕਾਊਂਟਰ ’ਤੇ ਲਿਆ ਰੱਖਦਾ। ਫਿਰ ਉਸ ਨੇ ਰੇਟਾਂ ਬਾਰੇ ਵੀ ਜਾਣਕਾਰੀ ਹਾਸਲ ਕਰ ਲਈ। ਹੁਣ ਮਾਲਕ ਨੂੰ ਭਾਵੇਂ ਕਿਸੇ ਆਈਟਮ ਦਾ ਰੇਟ ਭਾਵੇਂ ਨਾ ਪਤਾ ਹੋਵੇ ਪਰ ਮਿਸ਼ਰੇ ਨੂੰ ਪਤਾ ਹੁੰਦਾ ਸੀ। ਉਹ ਪੂਰਾ ਇਮਾਨਦਾਰ ਸੀ। ਇਸ ਲਈ ਮਾਲਕ ਦਾ ਭਰੋਸਾ ਉਸਨੇ ਛੇਤੀ ਹੀ ਜਿੱਤ ਲਿਆ। ਹੁਣ ਮਾਲਕ ਨੇ ਦੁਕਾਨ ਦੀਆਂ ਚਾਬੀਆਂ ਮਿਸ਼ਰੇ ਦੇ ਹਵਾਲੇ ਕਰ ਦਿੱਤੀਆਂ। ਉਹ ਸਭ ਤੋਂ ਪਹਿਲਾਂ ਦੁਕਾਨ ਖੋਲ੍ਹਦਾ। ਜੇਕਰ ਮਾਲਕ ਅਜੇ ਨਾ ਵੀ ਆਇਆ ਹੁੰਦਾ ਤਾਂ ਵੀ ਗਾਹਕ ਭੁਗਤਾਉਂਦਾ ਅਤੇ ਪੈਸੇ ਲੈ ਕੇ ਦਰਾਜ ਵਿੱਚ ਰੱਖ ਦਿੰਦਾ।
ਹੁਣ ਮਿਸ਼ਰਾ ਦਿਹਾੜੀ ’ਤੇ ਨਹੀਂ ਬਲਕਿ ਤਨਖਾਹ ’ਤੇ ਕੰਮ ਕਰਦਾ। ਪੈਸੇ ਦਾ ਸੂਮ ਸੀ। ਕੁਝ ਸਾਲਾਂ ਬਾਅਦ ਉਸ ਨੇ ਸ਼ਹਿਰ ਤੋਂ ਬਾਹਰ ਇੱਕ ਕਲੋਨੀ, ਜਿਸ ਵਿੱਚ ਨਾ ਤਾਂ ਸੜਕਾਂ ਸਨ ਅਤੇ ਨਾ ਹੀ ਸੀਵਰੇਜ ਅਤੇ ਸਟਰੀਟ ਲਾਈਟਾਂ ਸਨ, ਵਿੱਚ ਕਿਸ਼ਤਾਂ ’ਤੇ ਇੱਕ ਦੋ ਮਰਲੇ ਦਾ ਪਲਾਟ ਲੈ ਲਿਆ ਅਤੇ ਕੁਝ ਸਾਲਾਂ ਬਾਅਦ ਇੱਕ ਕਮਰਾ ਪਾ ਕੇ ਰਹਿਣ ਲੱਗ ਪਿਆ। ਉਹ ਹਰ ਸਾਲ ਆਪਣੇ ਪਿੰਡ ਜਾਂਦਾ। ਪੰਦਰਾਂ ਕੁ ਦਿਨ ਉੱਥੇ ਰਹਿ ਕੇ ਵਾਪਸ ਆ ਜਾਂਦਾ। ਐਤਕੀਂ ਉਹ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਨਾਲ ਲੈ ਆਇਆ। ਉਸ ਦੀ ਵਹੁਟੀ ਲੰਬਾ ਘੁੰਡ ਕੱਢਦੀ। ਧੁੱਪ ਵਿੱਚ ਬਾਹਰ ਬਹਿ ਕੇ ਰੋਟੀਆਂ ਪਕਾਉਂਦੀ। ਉਹ ਬਹੁਤ ਘੱਟ ਬੋਲਦੀ ਸੀ।
ਮਿਸ਼ਰੇ ਦੇ ਘਰ ਦੋਂਹ ਪੁੱਤਰਾਂ ਨੇ ਜਨਮ ਲਿਆ। ਦੋਵੇਂ ਖੂਬਸੂਰਤ ਸਨ। ਮਿਸ਼ਰੇ ਨੇ ਉਹਨਾਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ, ਜਿਸ ਕਰਕੇ ਉਹ ਵਧੀਆ ਪੰਜਾਬੀ ਬੋਲਦੇ। ਕਈ ਲਫਜ਼ ਤਾਂ ਜਿਹੜੇ ਪੰਜਾਬੀਆਂ ਨੇ ਵੀ ਵਿਸਾਰ ਦਿੱਤੇ ਹਨ, ਉਹ ਉਨ੍ਹਾਂ ਲਫਜ਼ਾਂ ਦੀ ਵਰਤੋਂ ਕਰਦੇ। ਉਹ ਝਾੜੂ ਨਹੀਂ ਬਲਕਿ ਬਹੁਕਰ ਬੋਲਦੇ। ਮਿਸ਼ਰੇ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋ ਗਿਆ, ਕਿਉਂਕਿ ਉਸਦੇ ਦੋਵੇਂ ਪੁੱਤਰ ਹੁਣ ਕੰਮ ਕਰਨ ਲੱਗ ਪਏ ਸਨ। ਵੱਡਾ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ ਅਤੇ ਦੂਸਰਾ ਇੱਕ ਦਵਾਈਆਂ ਦੀ ਦੁਕਾਨ ’ਤੇ।
ਹੁਣ ਮਿਸ਼ਰੇ ਨੇ ਦੋ ਮੰਜ਼ਲਾ ਘਰ ਬਣਾ ਲਿਆ। ਦਿਵਾਲੀ ਦੇ ਦਿਨ ਉਸਦੇ ਪੁੱਤਰ ਬਹੁਤ ਆਤਿਸ਼ਬਾਜ਼ੀ ਚਲਾਉਂਦੇ। ਪਟਾਕਿਆਂ ਦੇ ਬਚੇ ਹੋਏ ਕਾਗਜ਼ਾਂ ਦੇ ਟੁਕੜੇ, ਸਾਰੀ ਗਲੀ ਵਿੱਚੋਂ ਉਸਦੇ ਘਰ ਦੇ ਅੱਗੇ ਹੁੰਦੇ ਸਨ। ਉਹ ਚਿੱਟੇ ਕੁੜਤੇ ਪਜਾਮੇ, ਸਿਰ ’ਤੇ ਕੇਸਰੀ ਪਟਕੇ ਬੰਨ੍ਹ ਕੇ ਗੁਰੂਦਵਾਰੇ ਜਾਂਦੇ। ਡਿਊਡੀ ਵਿੱਚ ਖੜ੍ਹਾ ਰਾਇਲ ਇਨਫੀਲਡ ਮੋਟਰ ਸਾਈਕਲ ਮਿਸ਼ਰੇ ਦੇ ਘਰ ਦਾ ਸ਼ਿੰਗਾਰ ਸੀ। ਦੋਵੇਂ ਭਰਾ ਰਾਇਲ ਇਨ ਫੀਲਡ ਦੀ ਵਰਤੋਂ ਐਤਵਾਰ ਵਾਲੇ ਦਿਨ ਕਰਦੇ। ਇਹ ਸਭ ਕੁਛ ਉਸਦੇ ਆਂਢ ਗੁਆਂਢ ਵਿੱਚ ਰਹਿੰਦੇ ਪੰਜਾਬੀਆਂ ਨੂੰ ਅੱਖੜਦਾ ਅਤੇ ਉਹ ਉਸਦੇ ਸਾਹਮਣੇ ਹੀ ਭਈਆ ਕਹਿ ਦਿੰਦੇ। ਇਸਦਾ ਜਵਾਬ ਮੋਸ਼ਰਾ ਠੋਕ ਕੇ ਦਿੰਦਾ, “ਮੈਨੂੰ ਇੱਥੇ ਰਹਿੰਦੇ ਨੂੰ 40 ਸਾਲ ਹੋ ਗਏ ਹਨ। ਮੇਰਾ ਇੱਥੇ ਘਰ ਹੈ। ਰਜਿਸਟਰੀ ਮੇਰੇ ਨਾਂ ਹੈ। ਤੁਹਾਡੇ ਨਾਲੋਂ ਵਧੀਆ ਪੰਜਾਬੀ ਮੈਂ ਬੋਲਦਾ ਹਾਂ। ਤੁਸੀਂ ਆਪਣੇ ਨਿਆਣਿਆਂ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਾਉਂਦੇ ਹੋ। ਉਹ ਪੰਜਾਬੀ ਛੱਡ ਕੇ ਹਿੰਦੀ ਬੋਲਦੇ ਹਨ। ... ਤੁਸੀਂ ਫਿਰ ਵੀ ਸਰਦਾਰ ਤੇ ਮੈਂ ਭਈਆ?”
ਸੁਣਨ ਵਾਲਾ ਸ਼ਰਮਿੰਦਾ ਜਿਹਾ ਹੋ ਕੇ ਅੱਗੇ ਤੁਰ ਪੈਂਦਾ। ਮਿਸ਼ਰੇ ਦੇ ਪੁੱਤਰ ਹੁਣ ਜਵਾਨ ਹੋ ਗਏ ਤੇ ਵਿਆਹੇ ਗਏ। ਐਤਕੀਂ ਜਦੋਂ ਉਹ ਪਿੰਡ ਤੋਂ ਵਾਪਸ ਆਇਆ ਤਾਂ ਦੋਵੇਂ ਲੰਬਾ ਘੁੰਡ ਕਢਦੀਆਂ ਨੂੰਹਾਂ ਉਸਦੇ ਨਾਲ ਸਨ। ਉਹ ਸਾੜ੍ਹੀਆਂ ਪਹਿਨਦੀਆਂ, ਜਿਹੜੀ ਮਿਸ਼ਰੇ ਦੇ ਪੁੱਤਰਾਂ ਨੂੰ ਚੰਗੀਆਂ ਨਹੀਂ ਸਨ ਲੱਗਦੀਆਂ। ਪੁੱਤਰਾਂ ਨੇ ਨਾਦਰਸ਼ਾਹੀ ਹੁਕਮ ਜਾਰੀ ਕਰ ਦਿੱਤਾ ਕਿ ਜਦੋਂ ਵੀ ਉਹਨਾਂ ਨੇ ਬਾਹਰ ਜਾਣਾ ਹੋਵੇਗਾ, ਸਾੜੀ ਦੀ ਥਾਂ, ਕਮੀਜ਼ ਸਲਵਾਰ ਪਾਉਣੀ ਪਵੇਗੀ, ਜਿਸ ਨੂੰ ਦੋਵਾਂ ਨੂਹਾਂ ਨੇ ਸਿਰ ਝੁਕਾ ਕੇ ਕਬੂਲ ਕਰ ਲਿਆ।...
ਮੈਨੂੰ ਆਪਣੀ ਮਾਸੀ ਦੀ ਕਹਾਣੀ ਯਾਦ ਆ ਗਈ। ਮੇਰਾ ਮਾਸੜ ਪੰਜ ਭਰਾ ਸਨ। ਜ਼ਮੀਨ ਬਹੁਤ ਥੋੜ੍ਹੀ ਸੀ। ਘਰ ਦਾ ਗੁਜ਼ਾਰਾ ਵੀ ਔਖਾ ਸੀ। ਇਸ ਲਈ ਉਹ ਬਰਮਾ ਚਲਾ ਗਿਆ। ਉੱਥੇ ਬਹੁਤ ਮਿਹਨਤ ਕੀਤੀ ਅਤੇ ਟਰਾਂਸਪੋਰਟ ਦਾ ਵੱਡਾ ਕਾਰੋਬਾਰ ਉਸਾਰ ਲਿਆ। ਜਦੋਂ ਪੈਸਾ ਅਤੇ ਮਾਣ ਸਤਕਾਰ ਮਿਲ ਗਿਆ ਤਾਂ ਮਾਸੜ ਦੀ ਪਹੁੰਚ ਇਲੀਟ ਸੋਸਾਇਟੀ ਤਕ ਹੋ ਗਈ। ਸਾੜ੍ਹੀ ਬਰਮਾ ਦੀ ਨੈਸ਼ਨਲ ਡਰੈੱਸ ਸੀ। ਮਾਸੀ ਨੇ ਸਾੜ੍ਹੀ ਪਹਿਨਣੀ ਸ਼ੁਰੂ ਕਰ ਦਿੱਤੀ ਜੋ ਈਲੀਟ ਸੁਸਾਇਟੀ ਵਿੱਚ ਵਿਚਰਣ ਲਈ ਜ਼ਰੂਰੀ ਸੀ। ਉਹ ਸਾੜ੍ਹੀ ਬੰਨ੍ਹ ਕੇ ਹੀ ਪਿੰਡ ਆ ਗਈ। ਮੇਰਾ ਨਾਨਾ ਅੰਮ੍ਰਿਤਧਾਰੀ ਸਿੰਘ ਸੀ। ਮੈਂ ਉਸ ਨੂੰ ਕਦੀ ਵੀ ਪਜਾਮੇ, ਪੈਂਟ ਜਾਂ ਚਾਦਰ ਵਿੱਚ ਨਹੀਂ ਸੀ ਦੇਖਿਆ। ਉਹ ਗੋਡਿਆ ਤਕ ਲੰਬਾ ਕਛਹਿਰਾ ਪਹਿਨਦਾ ਸੀ। ਮਾਸੀ ਨੂੰ ਸਾੜ੍ਹੀ ਵਿੱਚ ਦੇਖ ਕੇ ਉਸ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ। ਉਸ ਨੇ ਫਤਵਾ ਜਾਰੀ ਕਰ ਦਿੱਤਾ ਕਿ ਜੇਕਰ ਉਹ ਸਾੜ੍ਹੀ ਬੰਨ੍ਹ ਕੇ ਇਸ ਘਰ ਵਿੱਚ ਦਾਖਲ ਹੋਈ ਤਾਂ ਸਾੜ੍ਹੀ ਸਮੇਤ ਅੱਗ ਲਾ ਕੇ ਸਾੜ ਦੇਵੇਗਾ। ਮਾਸੀ ਨੇ ਬਥੇਰਾ ਤਰਲਾ ਮਿੰਨਤ ਮਾਰਿਆ ਕਿ ਜਿਸ ਸੁਸਾਇਟੀ ਵਿੱਚ ਉਹ ਰਹਿੰਦੀ ਹੈ, ਉੱਥੇ ਪਹਿਨਣਾ ਇੱਜ਼ਤ ਮਾਣ ਦਾ ਪ੍ਰਤੀਕ ਹੈ। ਸਾੜ੍ਹੀ ਪਹਿਨਣਾ ਉਸ ਦੀ ਮਜਬੂਰੀ ਹੈ। ਪਰ ਬਾਪੂ ’ਤੇ ਕੋਈ ਅਸਰ ਨਾ ਹੋਇਆ। ਬਾਪੂ ਦਾ ਫਤਵਾ ਬਰਕਰਾਰ ਰਿਹਾ। ਮਾਸੀ ਵੀ ਉਸੇ ਪਿਉ ਦੀ ਧੀ ਸੀ, ਉਸ ਨੇ ਮੋੜਵਾਂ ਜਵਾਬ ਦਿੱਤਾ ਕਿ ਉਹ ਸਾੜ੍ਹੀ ਦਾ ਤਿਆਗ ਨਹੀਂ ਕਰੇਗੀ, ਪੇਕਾ ਘਰ ਛੱਡਣਾ ਮਨਜ਼ੂਰ ਹੈ। ਸਾੜ੍ਹੀ ਨੇ ਪਿਉ ਧੀ ਦਾ ਰਿਸ਼ਤਾ ਸਦਾ ਲਈ ਖਤਮ ਕਰ ਦਿੱਤਾ। ਬਾਪੂ ਅਤੇ ਮਾਸੀ ਦੋਵੇਂ ਆਪਣੇ ਐਲਾਨਨਾਮੇ ’ਤੇ ਜ਼ਿੰਦਗੀ ਭਰ ਕਾਇਮ ਰਹੇ। ਜਦੋਂ ਬਾਪੂ ਚੜ੍ਹਾਈ ਕਰ ਗਿਆ ਤਾਂ ਮਾਸੀ ਨੇ ਉਸ ਘਰ ਵਿੱਚ ਕਦਮ ਰੱਖਿਆ। ਮਾਸੀ ਬਾਗੀ ਰਹੀ ਅਤੇ ਸ਼ਾਇਦ ਬਾਗੀਆਂ ਦਾ ਹਸ਼ਰ ਇਹੋ ਹੀ ਹੁੰਦਾ ਹੈ। ਮਿਸ਼ਰੇ ਦੀਆਂ ਨੂੰਹਾਂ ਨੇ ਬਗਾਵਤ ਨਹੀਂ ਕੀਤੀ ਅਤੇ ਸਿਰ ਝੁਕਾ ਕੇ ਸਭ ਜਰ ਲਿਆ, ਹਾਲਾਤ ਨਾਲ ਸਮਝੌਤਾ ਕਰਕੇ ਆਪਣੀ ਗ੍ਰਿਹਸਤੀ ਬਚਾ ਲਈ।
ਮਿਸ਼ਰਾ ਹੁਣ ਬੁੱਢਾ ਹੋ ਗਿਆ ਸੀ। ਉਸ ਦੀ ਹਾਲਤ ਹੁਣ ਬੁੱਢੇ ਬਲਦ ਵਾਲੀ ਸੀ। ਇੱਕ ਦਿਨ ਦੁਕਾਨ ਮਾਲਿਕ ਨੇ ਆਖਿਆ, “ਮਿਸ਼ਰਾ ਜੀ, ਤੁਸੀਂ ਹੁਣ ਬੁੱਢੇ ਹੋ ਗਏ ਹੋ, ਤੁਹਾਡੇ ਕੋਲੋਂ ਕੰਮ ਨਹੀਂ ਹੁੰਦਾ, ਤੁਸੀਂ ਕੱਲ੍ਹ ਤੋਂ ਕੰਮ ’ਤੇ ਆਇਉ।”
ਮਿਸ਼ਰੇ ਨੇ ਬਥੇਰੇ ਤਰਲੇ ਮਿੰਨਤਾਂ ਕੀਤੀਆਂ ਪਰ ਸਭ ਵਿਅਰਥ। ਮਿਸ਼ਰਾ ਹੁਣ ਵਿਹਲਾ ਸੀ। ਆਮਦਨ ਦਾ ਸਰੋਤ ਬੰਦ ਹੋ ਗਿਆ। ਘਰ ਵਿੱਚ ਵਿਹਲੇ ਦਾ ਸਮਾਂ ਵੀ ਨਹੀਂ ਸੀ ਲੰਘਦਾ। ਉਸ ਨੇ ਮੰਦਰ ਵੱਲ ਰੁੱਖ ਕਰ ਲਿਆ। ਉਹ ਸਵੇਰੇ ਸਵੇਰੇ ਮੰਦਰ ਚਲਾ ਜਾਂਦਾ ਅਤੇ ਦੁਪਹਿਰ ਨੂੰ ਮੁੜਦਾ। ਸ਼ਾਮ ਨੂੰ ਫਿਰ ਚਲਾ ਜਾਂਦਾ। ਉਸ ਦੀ ਇਮਾਨਦਾਰੀ ਅਤੇ ਮਿਹਨਤ ਤੋਂ ਖੁਸ਼ ਹੋ ਕੇ ਮੰਦਰ ਦੀ ਮੈਨੇਜਮੈਂਟ ਨੇ ਉਸ ਨੂੰ ਸਟੋਰ ਦਾ ਇੰਚਾਰਜ ਬਣਾ ਦਿੱਤਾ। ਹੌਲੀ ਹੌਲੀ ਉਹ ਸਾਰਾ ਦਿਨ ਮੰਦਰ ਵਿੱਚ ਬਤੀਤ ਕਰਨ ਲੱਗ ਪਿਆ। ਰਾਤ ਨੂੰ ਹਨੇਰੇ ਵੇਲੇ ਘਰ ਆਉਂਦਾ। ਖਾਣ ਦਾ ਕੁਝ ਕੁ ਸਮਾਨ ਨਾਲ ਲੈ ਆਉਂਦਾ। ਮਿਲਦੀ ਤਨਖਾਹ ਘਰ ਦੇ ਦਿੰਦਾ। ਖਾਣ ਦਾ ਸਮਾਨ ਉਸਦੇ ਘਰਵਾਲੇ ਇੱਧਰ ਉੱਧਰ ਪਰਸ਼ਾਦ ਦੇ ਰੂਪ ਵਿੱਚ ਵੰਡ ਦਿੰਦੇ। ਮਿਸ਼ਰੇ ਦੀ ਗੱਡੀ ਫਿਰ ਲਾਈਨ ’ਤੇ ਆ ਗਈ। ਪਰ ਇਸ ਸਭ ਕੁਝ ਦੇ ਬਾਵਜੂਦ ਮਿਸ਼ਰਾ ਸੰਤੁਸ਼ਟ ਨਹੀਂ ਸੀ। ਮੰਦਰ ਵਿੱਚ ਰਹਿੰਦਾ ਉਹ ਘਰ ਵਿੱਚ ਹੁੰਦਾ ਅਤੇ ਘਰ ਆਇਆ ਉਹ ਮੰਦਰ ਵਿੱਚ ਹੁੰਦਾ। ਹੁਣ ਮਿਸ਼ਰਾ ਹਵਾ ਵਿੱਚ ਲਟਕਦਾ ਮਨੁੱਖ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)