“ਇਹੋ ਹਾਲ ਮੈਂ ਨਿਊਜੀਲੈਂਡ ਵਿੱਚ ਰਹਿੰਦੇ ਬੱਚਿਆਂ ਦਾ ਵੇਖਿਆ ਹੈ। ਪਲੱਸ ਟੂ ਕਰਕੇ ਗਏ ਬੱਚੇ ਭਾਵੇਂ ...”
(24 ਦਸੰਬਰ 2024)
ਕਨੇਡਾ ਦਾ ਵਿਜ਼ਟਰ ਵੀਜ਼ਾ ਲਗਾਉਣ ਲਈ ਪੀ ਸੀ ਸੀ (ਪੁਲੀਸ ਕਲੀਅਰੈਂਸ ਸਰਟੀਫਿਕੇਟ) ਨਹੀਂ ਚਾਾਹੀਦਾ ਪਰ ਫਿੰਗਰ ਪ੍ਰਿੰਟ ਜ਼ਰੂਰੀ ਹਨ ਅਤੇ ਕਨੇਡਾ ਸਰਕਾਰ 10 ਸਾਲ ਤਕ ਦਾ ਵੀਜ਼ਾ ਦੇ ਦਿੰਦੀ ਸੀ। ਇਸਦੇ ਉਲਟ, ਨਿਊਜ਼ੀਲੈਂਡ ਸਰਕਾਰ ਵਿਜ਼ਟਰ ਵੀਜ਼ੇ ਲਈ ਜੇਕਰ ਸਾਲ ਤੋਂ ਵੱਧ ਸਮੇਂ ਲਈ ਹੋਵੇ ਤਾਂ ਮੈਡੀਕਲ ਅਤੇ ਪੀ ਸੀ ਸੀ ਜ਼ਰੂਰੀ ਹੈ। ਨਿਉੂਜ਼ੀਲੈਂਡ ਵਿੱਚ ਇੱਕ ਸਾਲ ਬਿਤਾਉਣ ਉਪਰੰਤ ਮੈਂ ਤਿੰਨ ਸਾਲ ਦਾ ਵੀਜ਼ਾ ਲਗਾਉਣ ਦਾ ਫੈਸਲਾ ਕਰ ਲਿਆ। ਇਸ ਲਈ ਪੀ ਸੀ ਸੀ ਕਰਾਉਣੀ ਜ਼ਰੂਰੀ ਸੀ। ਨੇੜੇ ਦੇ ਪੁਲੀਸ ਸਾਂਝ ਕੇਂਦਰ ਵਿੱਚ ਜਾ ਕੇ ਅਪਲਾਈ ਕਰਨਾ ਸੀ। ਸੰਬੰਧਿਤ ਦਸਤਾਵੇਜ਼ ਜਿਵੇਂ, ਪਾਸਪਰੋਟ, ਆਧਾਰ ਕਾਰਡ, ਪੈੱਨ ਕਾਰਡ ਅਤੇ ਫੋਟੋ ਲੈ ਕੇ ਮੈਂ ਸਾਂਝ ਕੇਂਦਰ ਗਿਆ। ਪੁਲੀਸ ਸੰਬੰਧੀ ਬਣੇ ਅਕਸ ਦੇ ਉਲਟ ਉੱਥੇ ਕੰਮ ਕਰ ਰਹੀਆਂ ਦੋਂਹ ਲੜਕੀਆਂ ਦਾ ਵਤੀਰਾ ਸਲਾਹੁਣਯੋਗ ਸੀ। ਛੋਟੇ ਛੋਟੇ ਖਾਨਿਆਂ ਵਿੱਚ ਲੋੜੀਂਦੇ ਫਾਰਮ ਰੱਖੋ ਹੋਏ ਸਨ। ਅਸੀਂ (ਮੈਂ ਅਤੇ ਮੇਰੀ ਪਤਨੀ) ਫਾਰਮ ਲੈ ਕੇ ਭਰਿਆ। ਬੈਠਣ ਲਈ ਕੁਰਸੀਆਂ ਪਈਆਂ ਸਨ। ਮੇਰੇ ਫਾਰਮ ਭਰਦਿਆਂ ਭਰਦਿਆਂ ਇੱਕ ਆਦਮੀ ਤੇ ਫਿਰ ਇੱਕ ਔਰਤ ਨੇ ਆ ਕੇ ਤਰਲਾ ਮਾਰਿਆ ਕਿ ਮੈਂ ਉਹਨਾਂ ਦਾ ਫਾਰਮ ਵੀ ਭਰ ਦਿਆਂ। ਮੈਂ ਕਿਹਾ, “ਠੀਕ ਹੈ, ਮੈਂ ਆਪਣਾ ਫਾਰਮ ਭਰ ਕੇ ਤੁਹਾਡੇ ਦੋਵਾਂ ਦਾ ਫਾਰਮ ਭਰ ਦਿਆਂਗਾ। ਤੁਸੀਂ ਜ਼ਰਾ ਠਹਿਰ ਜਾਉ।”
ਉਹ ਦੋਵੇਂ ਬੈਠ ਗਏ ਅਤੇ ਆਸ ਭਰੀਆਂ ਨਜ਼ਰਾਂ ਨਾਲ ਮੇਰੇ ਵੱਲ ਵੇਖਦੇ ਰਹੇ। ਆਪਣਾ ਕੰਮ ਪੂਰਾ ਕਰਕੇ ਮੈਂ ਉਹਨਾਂ ਦੇ ਫਾਰਮ ਭਰ ਦਿੱਤੇ। ਉਹਨਾਂ ਨੇ ਮੇਰਾ ਕਈ ਵਾਰ ਧੰਨਵਾਦ ਕੀਤਾ। ਅਸੀਂ ਧਾਰਮਿਕ ਸਥਾਨਾਂ ’ਤੇ ਜਾ ਕੇ ਵੱਖ ਵੱਖ ਤਰ੍ਹਾਂ ਦੀ ਸੇਵਾ ਕਰਦੇ ਹਾਂ ਪਰ ਅਜਿਹੀ ਥਾਵਾਂ ’ਤੇ ਜਾ ਕੇ ਅਜਿਹੀ ਸੇਵਾ ਕਰਨ ਬਾਰੇ ਕਦੀ ਵੀ ਨਹੀਂ ਸੋਚਦੇ। ਮੈਂ ਸੋਚਦਾ ਹਾਂ ਕਿ ਅਜਿਹੀ ਸੇਵਾ ਵੀ ਕਿਸੇ ਧਾਰਮਿਕ ਸਥਾਨ ’ਤੇ ਕੀਤੀ ਸੇਵਾ ਤੋਂ ਘੱਟ ਨਹੀਂ। ਸਾਨੂੰ ਅਜਿਹੀ ਸੇਵਾ ਬਾਰੇ ਵੀ ਸੋਚਣਾ ਚਾਹੀਦਾ ਹੈ।
ਇਹੋ ਹਾਲ ਮੈਂ ਨਿਊਜੀਲੈਂਡ ਵਿੱਚ ਰਹਿੰਦੇ ਬੱਚਿਆਂ ਦਾ ਵੇਖਿਆ ਹੈ। ਪਲੱਸ ਟੂ ਕਰਕੇ ਗਏ ਬੱਚੇ ਭਾਵੇਂ ਆਈਲੈਟ ਕਰਕੇ ਜਾਂਦੇ ਹਨ ਪਰ ਅੰਗਰੇਜ਼ੀ ’ਤੇ ਉਹਨਾਂ ਦੀ ਕਮਾਂਡ ਨਹੀਂ ਹੁੰਦੀ। ਨਤੀਜਾ ਇਹ ਹੁੰਦਾ ਹੈ ਕਿ ਜਿਸ ਥਾਂ ’ਤੇ ਉਹ ਕੰਮ ਕਰਦੇ ਹਨ, ਜੇਕਰ ਕੋਈ ਗਲਤੀ ਹੋ ਗਈ ਤਾਂ ਉਹਨਾਂ ਦੀ ਜਵਾਬ ਤਲਬੀ ਕੀਤੀ ਜਾਂਦੀ ਹੈ। ਤਿੰਨ ਜਵਾਬ ਤਲਬੀਆਂ ਜੇਕਰ ਹੋ ਜਾਣ ਤਾਂ ਚੌਥੀ ਵਾਰ ਤੁਹਾਡੀ ਸਰਵਿਸ ਖਤਮ ਕੀਤੀ ਜਾ ਸਕਦੀ ਹੈ ਜਾਂ ਕਰ ਦਿੱਤੀ ਜਾਂਦੀ ਹੈ। ਬੱਚੇ ਅਜਿਹੀਆਂ ਜਵਾਬ ਤਲਬੀਆਂ ਦਾ ਜਵਾਬ ਦੇਣਾ ਨਹੀਂ ਜਾਣਦੇ, ਬੱਸ ਇੱਕੋ ਹੀ ਰਟ ਲਗਾਉਂਦੇ ਰਹਿੰਦੇ ਹਨ, ਅਸੀਂ ਤਾਂ ਬਹੁਤ ਕੰਮ ਕਰਦੇ ਹਾਂ। ਇਸਦਾ ਅਧਿਕਾਰੀਆਂ ਉੱਤੇ ਕੋਈ ਅਸਰ ਨਹੀਂ ਹੁੰਦਾ। ਨੌਕਰੀ ਚਲੀ ਜਾਣ ਦੀ ਸੂਰਤ ਵਿੱਚ ਬੱਚਿਆਂ ਦੀ ਹਾਲਤ ਬਦ ਤੋਂ ਬਦਤਰ ਹੋ ਜਾਂਦੀ ਹੈ। ਮੇਰਾ ਬੇਟਾ ਇੱਕ ਦਿਨ ਆਪਣੇ ਦੋਸਤ ਨੂੰ ਲੈ ਕੇ ਘਰ ਆਇਆ ਤੇ ਦੱਸਿਆ ਕਿ ਇਸਦੀ ਜਵਾਬ ਤਲਬੀ ਹੋਈ ਹੈ। ਇਸਦਾ ਜਵਾਬ ਦੋ ਦਿਨਾਂ ਵਿੱਚ ਦੇਣਾ ਹੈ।
“ਅੰਕਲ ਜੀ, ਮੈਂ ਬਹੁਤ ਕੰਮ ਕਰਦਾ ਹਾਂ। ਮੈਂ ਹੁਣ ਤਕ ਤਿੰਨ ਗੋਰਿਆਂ ਨੂੰ ਕੰਮ ਸਿਖਾ ਚੁੱਕਾ ਹਾਂ, ਉਹਨਾਂ ਵਿੱਚੋਂ ਇੱਕ ਤਾਂ ਮੇਰਾ ਸੁਪਰਵਾਈਜ਼ਰ ਹੈ ...” ਉਹ ਬੋਲੀ ਜਾ ਰਿਹਾ ਸੀ।
ਮੈਂ ਪੱਤਰ ਪੜ੍ਹਿਆ। ਪੱਤਰ ਦੇ ਨਾਲ ਨਿਯਮਾਂ ਦੀ ਕਾਪੀ ਲਗਾਈ ਹੋਈ ਸੀ ਕਿ ਤੁਸੀਂ ਕਿੰਨੀਆਂ ਛੁੱਟੀਆਂ ਦੇ ਹੱਕਦਾਰ ਹੋ। ਇੱਕ ਸਮੇਂ ਵੱਧ ਤੋਂ ਵੱਧ ਕਿੰਨੀਆਂ ਛੁਟੀਆ ਲੈ ਸਕਦੇ ਹੋ। ਚਿੱਠੀ ਵਿੱਚ ਬਾਰ ਬਾਰ ਲਿਖਿਆ ਸੀ ਕਿ ਤੁਸੀਂ ਡਿਊਟੀ ਤੋਂ ਗੈਰਹਾਜ਼ਰ ਰਹੇ ਹੋ। ਤੁਹਾਡੀ ਗੈਰਹਾਜ਼ਰੀ ਕਾਰਨ ਫਰਮ ਦਾ ਵਿੱਤੀ ਨੁਕਸਾਨ ਹੋਇਆ ਹੈ। ਮੈਂ ਉਸ ਲੜਕੇ ਨੂੰ ਹਰ ਪੁਆਇੰਟ ਬਾਰੇ ਪੁੱਛਿਆ। ਉਸ ਨੇ ਦੱਸਿਆ ਕਿ ਉਹ ਕਦੇ ਵੀ ਗੈਰਹਾਜ਼ਰ ਨਹੀਂ ਹੋਇਆ। ਹਰ ਛੁੱਟੀ ਉਹ ਮਨਜ਼ੂਰ ਕਰਵਾਕੇ ਗਿਆ ਸੀ। ਉਸ ਕੋਲ ਸਾਰੀਆਂ ਪੇ ਸਲਿੱਪਾਂ ਸਨ। ਤਨਖਾਹ ਵੀ ਪੂਰੀ ਮਿਲੀ ਸੀ। ਮੈਂ ਕਿਹਾ ਕਿ ਚਿੰਤਾ ਨਾ ਕਰ, ਕੱਲ੍ਹ ਨੂੰ ਮੈਂ ਇਸਦਾ ਜਵਾਬ ਬਣਾ ਕੇ ਤੈਨੂੰ ਈਮੇਲ ਕਰ ਦਿਆਂਗਾ। ਮੈਂ ਅੱਧੀ ਰਾਤ ਤਕ ਜਾਗ ਕੇ ਉਹਨਾਂ ਦੇ ਦਿੱਤੇ ਰੂਲਾਂ ਦਾ ਹਵਾਲਾ ਦੇ ਕੇ ਠੋਕ ਕੇ ਜਵਾਬ ਬਣਾਇਆ ਤੇ ਉਸ ਨੂੰ ਈਮੇਲ ਕਰ ਦਿੱਤਾ। ਦੂਜੇ ਦਿਨ ਉਸ ਦੀ ਮੀਟਿੰਗ ਸੀ। ਜਦੋਂ ਕਮੇਟੀ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਸ ਨੇ ਉਸ ਨੇ ਹਰ ਪੁਆਇੰਟ ਦਾ ਜਵਾਬ ਦਿੱਤਾ। ਮੀਟਿੰਗ ਬਰਖਾਸਤ ਹੋ ਗਈ।
ਚਾਰ ਕੁ ਦਿਨਾਂ ਬਾਅਦ ਉਸ ਲੜਕੇ ਦਾ ਫੋਨ ਆਇਆ, “ਅੰਕਲ ਜੀ, ਮੇਰਾ ਸੁਪਰਵਾਈਰ ਕਹਿੰਦਾ ਹੈ, ਗੁਰਭੇਜ ਤੂੰ ਤਾਂ ਵਕੀਲ ਬਣ ਗਿਆ ਹੈਂ। ਤੇਰੀ ਜਵਾਬ ਤਲਬੀ ਵਾਪਸ ਲਈ ਜਾਂਦੀ ਹੈ। ਤੇਰੇ ਜਵਾਬ ਅੱਗੇ ਕਮੇਟੀ ਮੈਂਬਰਾਂ ਕੋਲ ਜਵਾਬ ਨਹੀਂ ਸੀ। ਮੈਂ ਅੱਜ ਬਹੁਤ ਖੁਸ਼ ਹਾਂ। ਇੰਨੀ ਖੁਸ਼ੀ ਤਾਂ ਮੈਨੂੰ ਇੱਥੇ ਆਉਣ ’ਤੇ ਵੀ ਨਹੀਂ ਸੀ ਹੋਈ, ਜਿੰਨੀ ਅੱਜ ਹੋਈ ਹੈ। ਮੈਂ ਅੱਜ ਗੋਰਿਆਂ ਨੂੰ ਢਾਹ ਲਿਆ ਹੈ। ਹੁਣ ਤਕ ਤਾਂ ਮੈਂ ਇਹਨਾਂ ਵੱਲੋਂ ਦਿੱਤੀਆਂ ਚਿੱਠੀਆਂ ਨੂੰ ਬਿਨਾਂ ਪੜ੍ਹੇ ਸਾਈਨ ਕਰਕੇ ਦੇ ਦਿੰਦਾ ਸੀ। ਮੈਨੂੰ ਲਗਦਾ ਹੈ ਕਿ ਹੁਣ ਮੈਨੂੰ ਚਿੱਠੀ ਦੇਣ ਲੱਗਿਆ ਲੱਖ ਵਾਰੀ ਸੋਚਣਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਸੰਡੇ ਘਰ ਆ ਕੇ ਤੁਹਾਡਾ ਧੰਨਵਾਦ ਕਰਾਂਗਾ।”
ਗੁਰਭੇਜ ਸੰਡੇ ਨੂੰ ਘਰ ਆਇਆ। ਮੈਂ ਸੁਝਾ ਦਿੱਤਾ ਕਿ ਅਜਿਹੀਆਂ ਮੁਸ਼ਕਲਾਂ ਦਾ ਟਾਕਰਾ ਕਰ ਰਹੇ ਬੱਚਿਆਂ ਲਈ ਗੁਰਦਵਾਰਾ ਸਾਹਿਬ ਵਿਖੇ ਕੋਈ ਵਲੰਟੀਅਰ ਬਿਠਾ ਦਿੱਤਾ ਜਾਵੇ ਤਾਂ ਜੋ ਅਜਿਹੀ ਸਮੱਸਿਆ ਆਵੇ ਹੀ ਨਾ। “ਛੱਡੋ ਅੰਕਲ ਜੀ, ਗੁਰੁਦਵਾਰੇ ਤਾਂ ਪੰਜਾਬ ਵਾਂਗ ਸਿਆਸਤ ਦਾ ਘਰ ਹਨ। ਸਾਡੇ ਵਰਗਿਆਂ ਦੀਆਂ ਸਮਸਿਆਵਾਂ ਲਈ ਇਹਨਾਂ ਕੋਲ ਸਮਾਂ ਕਿੱਥੇ ...।”
ਗੁਰਭੇਜ ਚਲਾ ਗਿਆ ਅਤੇ ਪਿੱਛੇ ਕਈ ਅਣਸੁਲਝੇ ਸਵਾਲ ਛੱਡ ਗਿਆ। ਬੱਚਿਆਂ ਨੂੰ ਘੱਟੋ ਘੱਟ ਗਰੈਜੂਏਸ਼ਨ ਤੋਂ ਬਾਅਦ ਹੀ ਵਿਦੇਸ਼ ਭੇਜਣਾ ਚਾਹੀਦਾ ਹੈ।
**
ਅਸੀਂ ਪੀ ਸੀ ਸੀ ਲਈ ਅਪਲਾਈ ਕਿਤਾ ਸੀ। ਇੱਕ ਦਿਨ ਫੋਨ ਆ ਗਿਆ, “ਤੁਸੀਂ ਹਰਜੀਤ ਸਿੰਘ ਬੋਲਦੇ ਹੋ?”
ਮੈਂ ਹਾਂ ਵਿੱਚ ਜਵਾਬ ਦਿੱਤਾ।
“ਤੁਸੀਂ ਪੀ ਸੀ ਸੀ ਲਈ ਅਪਲਾਈ ਕੀਤਾ ਸੀ। ਮੈਂ ਅੱਜ ਸ਼ਾਮ ਨੂੰ ਆਵਾਂਗਾ, ਆਪਣਾ ਅਤੇ ਆਪਣੀ ਪਤਨੀ ਦਾ ਪਾਸਪੋਰਟ, ਤਿੰਨ ਫੋਟਵਾਂ, ਆਧਾਰ ਕਾਰਡ, ਪੈੱਨ ਕਾਰਡ ਦੀਆਂ ਫੋਟੋ ਸਟੈਟ ਕਰਵਾ ਲੈਣੀਆਂ, ਦੋ ਗਵਾਹਾਂ ਦੇ ਆਧਾਰ ਕਾਰਡ ਦੀਆਂ ਫੋਟੋ ਕਾਪੀਆ ਤਿਆਰ ਰੱਖਣਾ।”
“ਮੈਂ ਤਾਂ ਅੱਜ ਘਰ ਤੋਂ ਬਾਹਰ ਹਾਂ, ਦੇਰ ਰਾਤ ਘਰ ਮੁੜਾਂਗਾ।”
“ਕੋਈ ਗੱਲ ਨਹੀਂ, ਮੈਂ ਕੱਲ੍ਹ ਦਸ ਵਜੇ ਆ ਜਾਵਾਂਗਾ। ਤੁਸੀਂ ਸਭ ਕੁਛ ਤਿਆਰ ਰੱਖਣਾ।” ਇਹ ਕਹਿ ਕੇ ਉਸ ਨੇ ਫੋਨ ਬੰਦ ਕਰ ਦਿੱਤਾ।
ਅਗਲੇ ਦਿਨ ਉਹ ਸਵੇਰੇ 10 ਵਜੇ ਆ ਗਿਆ। ਫਟਾਫਟ ਫਾਰਮ ਆਦਿ ਭਰ ਕੇ ਤਿਆਰ ਕਰ ਦਿੱਤੇ। ਮੈਂ ਦੋ ਗਵਾਂਢੀਆਂ ਨੂੰ ਲੈ ਆਇਆ। ਦਸ ਪੰਦਰਾਂ ਮਿੰਟਾਂ ਵਿੱਚ ਉਸ ਨੇ ਸਾਰਾ ਕੰਮ ਖਤਮ ਕਰ ਦਿੱਤਾ। “ਦੋਂਹ ਤਿੰਨ ਦਿਨਾਂ ਬਾਅਦ ਤੁਸੀਂ ਸਾਂਝ ਕੇਂਦਰ ਤੋਂ ਪੀ ਸੀ ਸੀ ਲੈ ਲੈਣੀ।” ਉਸਨੇ ਕਿਹਾ
ਮੈਂ ਚਾਹ ਦੀ ਸੁਲਹਾ ਮਾਰੀ ਪਰ ਉਸ ਨੇ ਇਨਕਾਰ ਕਰ ਦਿੱਤਾ। ਮੈਂ ਪਰਸ ਕੱਢਿਆ।
“ਪਰਸ ਜੇਬ ਵਿੱਚ ਰੱਖੋ, ਮੈਂ ਇਹ ਕੰਮ ਨਹੀਂ ਕਰਦਾ ਅਤੇ ਨਾ ਹੀ ਕਰਨਾ ਹੈ। ਹਾਂ ਇੱਕ ਬੇਨਤੀ ਹੈ, ਉਹ ਇਹ ਕਿ ਆਪਣੇ ਵਿਦੇਸ਼ ਵਿੱਚ ਰਹਿ ਰਹੇ ਬੱਚਿਆਂ ਨੂੰ ਦੱਸਿਉ ਕਿ ਜਿਸ ਤਰ੍ਹਾਂ ਤੁਹਾਡੇ ਬਦੇਸ਼ਾਂ ਵਿੱਚ ਬਿਨਾਂ ਪੈਸੇ ਦਿੱਤਿਆਂ ਅਤੇ ਬਿਨਾਂ ਕਿਸੇ ਦੇਰੀ ਦੇ ਕੰਮ ਹੁੰਦਾ ਹੈ, ਹੁਣ ਪੰਜਾਬ ਪੁਲੀਸ ਵੀ ਪੰਜਾਬ ਵਿੱਚ ਬਿਨਾਂ ਦੇਰੀ ਤੋਂ ਬਿਨਾਂ ਪੈਸਿਆਂ ਦੇ ਕੰਮ ਕਰਦੀ ਹੈ। ਸਾਡੇ ਬੱਚੇ ਵਿਦੇਸ਼ਾਂ ਵਿੱਚ ਇਸ ਲਈ ਜਾਂਦੇ ਹਨ ਕਿਉਂਕਿ ਇੱਥੇ ਸਿਸਟਮ ਖਰਾਬ ਹੈ। ਸਿਸਟਮ ਤੋਂ ਦੁਖੀ ਹੋ ਕੇ ਬੱਚੇ ਵਿਦੇਸ਼ ਜਾਂਦੇ ਹਨ। ਜੇਕਰ ਅਸੀਂ ਸਿਸਟਮ ਠੀਕ ਕਰ ਲਈਏ ਤਾਂ ਉਹ ਵਿਦੇਸ਼ ਨਹੀਂ ਜਾਣਗੇ। ਮੈਂ ਜਾਣਦਾ ਹਾਂ, ਵਿਗੜੇ ਸਿਸਟਮ ਨੂੰ ਸੁਧਾਰਨਾ ਸੌਖਾ ਨਹੀਂ ਪਰ ਸ਼ੁਰੂਆਤ ਤਾਂ ਕਿਸੇ ਨੂੰ ਕਰਨੀ ਹੀ ਹੋਵੇਗੀ। ਮੈਂ ਸ਼ੁਰੂਆਤ ਕਰ ਦਿੱਤੀ ਹੈ, ... ਮੈਂ ਪੰਜਾਬ ਪੁਲੀਸ ਦਾ ਅਕਸ ਜ਼ਰੂਰ ਸੁਧਾਰਾਂਗਾ ...।” ਤੇ ਉਹ ਉੱਠ ਕੇ ਤੁਰ ਗਿਆ।
ਜਿੰਨਾ ਚਿਰ ਉਹ ਅੱਖੋਂ ਉਝਲ ਨਹੀਂ ਹੋ ਗਿਆ, ਮੇਰੀਆਂ ਅੱਖਾਂ ਉਸ ਦਾ ਪਿੱਛਾ ਕਰਦੀਆਂ ਰਹੀਆਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
(5558)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)