“ਕਹੀ ’ਤੇ ਬੈਠੀ ਗਟਾਰ ਮੇਰੇ ਨੇੜੇ ਆ ਗਈ। ਸ਼ਾਇਦ ਕਹੀ ਵਾਹ ਕੇ ...”
(14 ਫਰਵਰੀ 2025)
ਜਦੋਂ ਮੈਂ ਪਹਿਲੀ ਕਹੀ ਜਮੀਨ ’ਤੇ ਮਾਰੀ ਤਾਂ ਹਮੇਸ਼ਾ ਵਾਂਗ ਚਾਰ-ਪੰਜ ਗਟਾਰਾਂ ਮੇਰੇ ਲਾਗੇ ਆ ਗਈਆਂ। ਇਹਨਾਂ ਨੂੰ ਮੇਰੇ ਕੋਲੋਂ ਡਰ ਨਹੀਂ ਸੀ ਆਉਂਦਾ। ਇਹ ਪਹਿਲੀ ਵਾਰ ਨਹੀਂ ਸੀ ਹੋਇਆ। ਮੈਂ ਜਦੋਂ ਵੀ ਮੈਂ ਕੁਛ ਕਰਨ ਲੱਗਦਾ, ਇਹ ਮੇਰੇ ਪਿਛੇ ਪਿੱਛੇ, ਕੀਟ ਪਤੰਗੇ ਲੱਭਦੀਆਂ ਅਤੇ ਖਾ ਜਾਂਦੀਆਂ। ਭਾਵੇਂ ਕਾਂ ਅਤੇ ਚਿੜੀਆਂ ਲਗਭਗ ਖਤਮ ਹੋ ਰਹੀਆਂ ਹਨ ਪਰ ਗਟਾਰਾਂ ਅਤੇ ਤੋਤੇ ਆਦਿ ਕਾਫੀ ਗਿਣਤੀ ਵਿੱਚ ਮੇਰੇ ਲਾਗੇ ਮੌਜੂਦ ਹਨ ਕਿਉਂਕਿ ਮੈਂ ਆਪਣੇ ਆਲੇ ਦਵਾਲੇ 100 ਕੁ ਦਰਖਤ ਲਗਾਏ ਸਨ, ਜਿਹੜੇ ਹੁਣ ਵਿਸ਼ਾਲ ਰੁੱਖ ਬਣ ਗਏ ਹਨ। ਇਹ ਹੁਣ ਪੰਛੀਆਂ ਦਾ ਠਿਕਾਣਾ ਬਣ ਚੁੱਕੇ ਸਨ।
ਗਟਾਰਾਂ ਆਪਣਾ ਕੰਮ ਕਰਦੀਆਂ ਰਹੀਆਂ ਤੇ ਮੈਂ ਆਪਣਾ। ਮੁੜਕੇ ਨਾਲ ਮੇਰੀ ਕਮੀਜ ਗੜੁੱਚ ਹੋ ਗਈ ਅਤੇ ਮੈਂ ਕੁਛ ਥੱਕ ਵੀ ਗਿਆ। ਮੈਂ ਕਹੀ ਉੱਥੇ ਹੀ ਛੱਡ ਦਿੱਤੀ ਅਤੇ ਬੈਠ ਗਿਆ। ਕਮੀਜ਼ ਲਾਹੀ, ਜਦੋਂ ਨਿਚੋੜਨ ਲੱਗਾ ਤਾਂ ਮੈਨੂੰ ਇੱਕ ਕਹਾਣੀ ਯਾਦ ਆ ਗਈ। ਇਹ ਕਹਾਣੀ ਮੈਂ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਪੜੀ ਸੀ। ਇੱਕ ਪਰੀ ਆਪਣੇ ਰਸਤੇ ਤੋਂ ਭਟਕ ਗਈ ਅਤੇ ਧਰਤੀ ’ਤੇ ਆ ਗਈ। ਗਰਮੀ ਬਹੁਤ ਜ਼ਿਆਦਾ ਸੀ। ਗਰਮੀ ਬਰਦਾਸ਼ਤ ਨਾ ਕਰ ਸਕਣ ਕਾਰਣ ਬੇਹੋਸ਼ ਹੋ ਗਈ। ਲਾਗੇ ਖੇਤਾਂ ਵਿੱਚ ਕੰਮ ਕਰਦੇ ਇੱਕ ਕਿਸਾਨ ਨੇ ਵੇਖਿਆ। ਉਸ ਨੇ ਆਪਣਾ ਕੁੜਤਾ ਉਤਾਰਿਆ। ਮੁੜਕੇ ਨਾਲ ਭਿੱਜੇ ਕੁੜਤੇ ਨੂੰ ਪਰੀ ਦੇ ਮੂੰਹ ’ਤੇ ਨਿਚੋੜ ਦਿੱਤਾ। ਪਰੀ ਹੋਸ਼ ਵਿੱਚ ਆ ਗਈ। “ਵਾਹ ਵਾਹ, ਇਹ ਅੰਮ੍ਰਿਤ ਮੈਨੂੰ ਹੋਰ ਪਿਆਉ।” ਪਰੀ ਨੇ ਆਖਿਆ।
“ਇਹ ਅੰਮ੍ਰਿਤ ਨਹੀਂ, ਇਹ ਤਾਂ ਮੇਰਾ ਮੁੜ੍ਹਕਾ ਸੀ।” ਕਿਸਾਨ ਨੇ ਆਖਿਆ।
“ਜੋ ਵੀ ਸੀ, ਮੇਰੇ ਲਈ ਤਾਂ ਇਹ ਅੰਮ੍ਰਿਤ ਹੈ।” ਪਰੀ ਨੇ ਆਖਿਆ। ਕਿਸਾਨ ਨੇ ਕੁੜਤੇ ਵਿੱਚ ਰਹਿੰਦਾ ਖੂੰਹਦਾ ਮੁੜ੍ਹਕਾ ਪਰੀ ਦੇ ਮੂੰਹ ’ਤੇ ਨਿਚੋੜ ਦਿੱਤਾ। ਪਰੀ ਧੰਨਵਾਦ ਕਹਿ ਕੇ ਉੱਡ ਗਈ।
ਪਰ ਮੈਂ ਹਕੀਕੀ ਦੁਨੀਆ ਦਾ ਵਸਨੀਕ ਹਾਂ। ਕਿਸੇ ਕਾਲਪਨਿਕ ਪਰੀਆਂ ਦੇ ਦੇਸ਼ ਦਾ ਨਹੀਂ। ਮੈਂ ਆਪਣੇ ਕਮੀਜ਼ ਨੂੰ ਉਤਾਰਿਆ ਅਤੇ ਧਰਤੀ ’ਤੇ ਨਿਚੋੜ ਦਿੱਤਾ। ਮੁੜਕੇ ਦੇ ਕਤਰੇ ਜਮੀਨ ’ਤੇ ਡਿਗਦਿਆਂ ਹੀ ਧਰਤੀ ਵਿੱਚ ਸਮਾ ਗਏ। ਮੈ ਅਤੀਤ ਵਿੱਚ ਗਵਾਚ ਗਿਆ।
ਇੱਕ ਵਾਰ ਕੰਮ ਕਰਦਿਆਂ ਕਹੀ ਮੇਰੇ ਪੈਰ ਤੇ ’ਵੱਜ ਗਈ। ਲਹੂ ਨਿਕਲਣ ਲੱਗ ਪਿਆ। ਮੈਂ ਪੈਰ ਉੱਪਰ ਕਰ ਲਿਆ। ਤੁਪਕਾ ਤੁਪਕਾ ਲਹੂ ਧਰਤੀ ’ਤੇ ਡਿਗਦਾ, ਡਿਗਦਿਆਂ ਹੀ ਆਪਣੀ ਹੋਂਦ ਗਵਾ ਦਿੰਦਾ। ਬਾਪੂ ਨੇ ਵੇਖਿਆ। “ਕੁਛ ਨਹੀਂ ਹੋਇਆ। ਸਾਡੇ ਤਾਂ ਗਿੱਟੇ ਵੀ ਵੱਢੇ ਜਾਣ ਤਾਂ ਅਸੀਂ ਪਰਵਾਹ ਨਹੀਂ ਕਰੀਦੀ, ਇਹ ਤਾਂ ਛੋਟਾ ਜਿਹਾ ਜਖਮ ਹੈ।” ਉਸ ਨੇ ਮਿੱਟੀ ਚੁੱਕੀ ਅਤੇ ਜਖਮ ਉੱਤੇ ਮਲ ਦਿੱਤੀ। ਉਸ ਵੇਲੇ ਮਿੱਟੀ ਟੈਟਨਸ, ਕੈਂਸਰ ਜਾਂ ਹੋਰ ਬਿਮਾਰੀਆ ਨਹੀਂ ਸੀ ਵੰਡਦੀ ਬਲਕਿ ਨਿਰੋਗਤਾ ਬਖਸ਼ਦੀ ਸੀ। ਖਾਲ਼ ਵਿੱਚੋਂ ਬੁੱਕ ਭਰ ਕੇ ਪਾਣੀ ਪੀ ਲਈਦਾ ਸੀ। ਜਖਮਾਂ ’ਤੇ ਮਲੀ ਮਿੱਟੀ ਐਂਟੀ ਬਾਇਔਟਿਕ ਦਾ ਕੰਮ ਕਰਦੀ ਸੀ। ਹਵਾ ਸ਼ੁੱਧ ਸੀ। ਛੱਪੜਾਂ ਵਿੱਚੋਂ ਕੱਢੀ ਮਿੱਟੀ ਨਾਲ ਘਰਾਂ ਦੀਆਂ ਦੀਵਾਰਾਂ ਲਿਸ਼ਕਾ ਲਈਆਂ ਜਾਂਦੀਆਂ ਸਨ। ਇਸ ਮਿੱਟੀ ਦੀ ਖਾਤਰ ਪੰਜਾਬੀਆਂ ਨੇ ਜਰਵਾਣਿਆਂ ਨਾਲ ਲੋਹਾ ਲਿਆ। ਖੋਪਰੀਆਂ ਲੁਹਾਈਆਂ, ਆਰਿਆਂ ਨਾਲ ਚੀਰੇ ਗਏ, ਚਰਖੜੀਆਂ ’ਤੇ ਚੜ੍ਹੇ ... ... ਪਰ ਇਸ ਨੂੰ ਛੱਡਣ ਤੋਂ ਇਨਕਾਰ ਕਰ ਦਿੱਤਾ। ਅੱਜ ਮੇਰੇ ਪੰਜਾਬ ਦੇ ਵਾਰਿਸ, ਜਾਨਾਂ ਹੂਲ ਕੇ ਇੱਸ ਮਿੱਟੀ ਨੂੰ ਛੱਡ ਵਿਦੇਸ਼ਾਂ ਦੀ ਧਰਤੀ ਨੂੰ ਆਪਣਾ ਪੱਕਾ ਨਿਵਾਸ (ਪੀ ਆਰ) ਬਣਾ ਰਹੇ ਹਨ।
“ਕਿੱਥੇ ਗਵਾਚ ਗਏ ਹੋ? ਚਾਹ ਪੀਓ।” ਮੇਰੀ ਪਤਨੀ ਹੱਥ ਵਿੱਚ ਥਰਮੋਸ, ਇੱਕ ਪੈਕਟ ਲਿਆ ਕੇ ਮੇਰੇ ਬਰਾਬਰ ਬੈਠ ਗਈ।
ਮੈਂ ਸਾਹਮਣੇ ਵੇਖਿਆ। ਇੱਕ ਗਟਾਰ ਕਹੀ ’ਤੇ ਬੈਠੀ ਸੀ। ਮੈਨੂੰ ਲੱਗਿਆ, ਜਿਵੇਂ ਮੈਨੂੰ ਕਹਿ ਰਹੀ ਹੋਵੇ, ਤੂੰ ਬੈਠ, ਹੁਣ ਮੈਂ ਕਹੀ ਵਾਹੁੰਦੀ ਹਾਂ। ... ਖਿਆਲਾਂ ਵਿੱਚ ਗਟਾਰ ਦੀ ਕਹੀ ਗੱਲ ਮੈਨੂੰ ਬਹੁਤ ਵਧੀਆ ਲੱਗੀ। ਪਤਨੀ ਨੇ ਦੋ ਕੱਪਾਂ ਵਿਚ ਚਾਹ ਪਾ ਦਿੱਤੀ। ਪਲੇਟ ਵਿੱਚ ਮੁੰਗਫਲੀ ਦੇ ਦਾਣੇ ਰੱਖ ਦਿੱਤੇ। ਕਹੀ ’ਤੇ ਬੈਠੀ ਗਟਾਰ ਮੇਰੇ ਨੇੜੇ ਆ ਗਈ। ਸ਼ਾਇਦ ਕਹੀ ਵਾਹ ਕੇ ਥੱਕ ਗਈ ਸੀ ਅਤੇ ਮੇਰੇ ਨਾਲ ਚਾਹ ਪੀਣਾ ਚਾਹੁੰਦੀ ਸੀ। ਮੈਂ ਪੰਜ ਸੱਤ ਦਾਣੇ ਮੁੰਗਫਲੀ ਦੇ ਗਟਾਰਾਂ ਵੱਲ ਸੁੱਟ ਦਿੱਤੇ। ਸਕਿੰਟਾਂ ਵਿਚ ਉਹ ਖਾ ਗਈਆਂ। ਇੱਕ ਆਪਣੀ ਚੁੰਝ ਵਿਚ ਦਾਣੇ ਇੱਕਠੇ ਕਰਕੇ ਉਡ ਗਈ। ਸ਼ਾਇਦ ਆਪਣੇ ਬੱਚਿਆਂ ਵਾਸਤੇ ਲੈ ਗਈ ਹੋਵੇ। ਮੈਂ ਦੂਜੀ ਵਾਰੀ ਅਤੇ ਤੀਜੀ ਵਾਰੀ ਮੁੰਗਫਲੀ ਦੇ ਦਾਣੇ ਸੁੱਟੇ, ਜਦੋਂ ਉਹ ਸਾਰੇ ਖਾ ਗਈਆਂ ਤਾਂ ਮੈਂ ਫਿਰ ਹੋਰ ਦਾਣੇ ਸੁੱਟ ਦਿੱਤੇ। ਐਤਕੀਂ ਕਿਸੇ ਗਟਾਰ ਨੇ ਦਾਣਿਆਂ ਵੱਲ ਵੇਖਿਆ ਵੀ ਨਹੀਂ। ਦਾਣੇ ਉਸੇ ਤਰ੍ਹਾਂ ਜਮੀਨ ’ਤੇ ਪਏ ਰਹੇ।
“ਬੱਸ, ਹੋਰ ਨਾ ਸੁੱਟਿਉ, ਇਹ ਰੱਜ ਗਈਆਂ ਹਨ। ਹੋਰ ਨਹੀਂ ਖਾਣਗੀਆਂ। ਇਹ ਤ੍ਰਿਪਤ ਹੋ ਗਈਆਂ ਹਨ।” ਮੇਰੀ ਪਤਨੀ ਨੇ ਆਖਿਆ।
“ਹਾਂ, ਤੂੰ ਬਿਲਕੁਲ ਠੀਕ ਆਖਿਆ ਹੈ। ਇਹ ਪੰਛੀ ਤੇ ਹੋਰ ਜਾਨਵਰ ਝੱਟ ਤ੍ਰਿਪਤ ਹੋ ਜਾਂਦੇ ਹਨ। ਅਗਲੇ ਦਿਨ ਲਈ ਵੀ ਜਮ੍ਹਾਂ ਨਹੀਂ ਕਰਦੇ। ਇਹ ਸਿਰਫ ਇਨਸਾਨ ਹੀ ਅਜਿਹਾ ਜੀਵ ਹੈ, ਜਿਹੜਾ ਆਉਣ ਵਾਲੀਆਂ ਸੱਤਾਂ-ਸੱਤਾਂ ਪੁਸ਼ਤਾਂ ਲਈ ਧੰਨ-ਦੌਲਤ ਜੋੜ ਕੇ ਵੀ ਤ੍ਰਿਪਤ ਨਹੀਂ ਹੁੰਦਾ। ਇਹ ਹੀ ਇਨਸਾਨ ਦਾ ਦੁਖਾਂਤ ਹੈ।” ਮੈਂ ਆਖਿਆ।
ਹਨੇਰਾ ਹੋਣਾ ਸ਼ੁਰੁ ਹੋ ਗਿਆ ਸੀ।
ਗਟਾਰਾਂ ਆਪਣੇ ਆਲ੍ਹਣਿਆਂ ਵੱਲ ਉਡ ਗਈਆਂ ਅਤੇ ਸਾਡੇ ਲਈ ਕਈ ਸਿੱਖਿਆਵਾਂ ਛੱਡ ਗਈਆਂ।
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)