“ਮਾਈ ਡੀਅਰ ਸੰਨ, ਮੈਂ ਤੇਰੇ ਭਲੇ ਹਿਤ ਹੀ ਤੈਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ ਤਾਂ ਕਿ ਤੂੰ ...”
(1 ਮਾਰਚ 2025)
ਸੰਨ 2004 ਵਿੱਚ ‘ਬਲੱਡ-ਰਿਲੇਸ਼ਨ’ ਦੇ ਕਾਨੂੰਨੀ ਢੰਗ ਨਾਲ ਅਮਰੀਕਾ ਗਿਆ ਹੋਇਆ ਮੈਂ ਇੱਕ ਅਜਿਹੀ ਕੰਪਨੀ ਵਿੱਚ ਰਾਤ ਦੀ ਜੌਬ ਕਰਦਾ ਸਾਂ ਜਿੱਥੇ ਪੰਜ ਜਾਂ ਛੇ ਟੀਨ-ਏਜਰ ਮੁੰਡੇ, ਅੱਧੀ ਕੁ ਰਾਤ ਤਕ ਪੜ੍ਹਦੇ ਹੁੰਦੇ ਸਨ। ਮੇਰੀ ਡਿਊਟੀ ਇਹ ਹੁੰਦੀ ਸੀ ਕਿ ਉਨ੍ਹਾਂ ਨੂੰ ਰੋਕਣਾ-ਟੋਕਣਾ ਕੋਈ ਨਹੀਂ, ਬੱਸ ਉਨ੍ਹਾਂ ਦੀ ਕਿਸੇ ਗਲਤ ਸਰਗਰਮੀ ਨੂੰ ਰਜਿਸਟਰ ਵਿੱਚ ਦਰਜ ਕਰ ਦੇਣਾ ਹੈ। ਜਾਂ ਫਿਰ ਉਨ੍ਹਾਂ ਵੱਲੋਂ ਕੋਈ ਜ਼ਿਆਦਾ ਹੀ ਗੜਬੜ ਕਰਨੇ ’ਤੇ ਮੈਂ ਆਪਣੀ ਸੁਪਰਵਾਈਜ਼ਰ ਨੂੰ ਫੋਨ ਕਰਕੇ ਬੁਲਾ ਲੈਂਦਾ ਹੁੰਦਾ ਸਾਂ। ਵੈਸੇ ਸੁਪਰਵਾਈਜ਼ਰ ਬੁਲਾਉਣ ਦੀ ਨੌਬਤ ਬਹੁਤ ਘੱਟ ਆਉਂਦੀ ਹੁੰਦੀ ਸੀ, ਨਹੀਂ ਤਾਂ ਸੁਪਰਵਾਈਜ਼ਰ ਮੈਨੂੰ ਰੁਟੀਨ ਵਿੱਚ ਹੀ ਫੋਨ ’ਤੇ ਪੁੱਛ ਲੈਂਦੀ, “ਮਿਸਟਰ ਸਿੰਘ, ਇਜ਼ ਐਵਰੀਥਿੰਗ ਓ.ਕੇ?”
ਸੰਨ 2011 ਵਿੱਚ ਓਸਾਮਾ ਬਿਨ ਲਾਦਿਨ ਦੇ ਖਾਤਮੇ ਵਾਲੇ ਕਾਂਡ ਨੂੰ ਹਾਲ਼ੇ ਥੋੜ੍ਹੇ ਦਿਨ ਹੀ ਹੋਏ ਸਨ ਕਿ ਡਿਊਟੀ ਸਮੇਂ ਇੱਕ ਗੋਰੇ ਮੁੰਡੇ ਨੇ ਸ਼ਰਾਰਤੀ ਜਿਹੇ ਲਹਿਜੇ ਨਾਲ ਮੇਰੀ ਪੱਗ ਵੱਲ ਇਸ਼ਾਰਾ ਕਰਦਿਆਂ ਮੈਨੂੰ ਲਾਦਿਨ ਦਾ ਨਾਂ ਲੈ ਕੇ ਟਿੱਚਰ ਜਿਹੀ ਕੀਤੀ। ਉਸ ਰਾਤ ਜਦੋਂ ਮੈਨੂੰ ਰੋਜ਼ ਵਾਂਗ ਸੁਪਰਵਾਈਜ਼ਰ ਨੇ ਫੋਨ ’ਤੇ ਹਾਲ-ਹਵਾਲ ਪੁੱਛਿਆ ਤਾਂ ‘ਐਵਰੀਥਿੰਗ ਓਕੇ’ ਕਹਿਕੇ ਸਹਿਵਨ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਫਲਾਣੇ ਗੋਰੇ ਮੁੰਡੇ ਨੇ ਮੈਨੂੰ ਇੱਦਾਂ ਇੱਦਾਂ ਕਿਹਾ ਹੈ। ਯਕੀਨ ਜਾਣਿਉਂ, ਇਹ ਗੱਲ ਮੈਂ ਮਹਿਜ਼ ਦਫਤਰੀ ਇਨਫਰਮੇਸ਼ਨ ਦੇਣ ਵਜੋਂ ਹੀ ਦੱਸੀ ਸੀ। ਮੇਰੇ ਮਨ ਵਿੱਚ ਉਸ ਮੁੰਡੇ ਵੱਲੋਂ ਕਹੀ ਗੱਲ ਬਾਰੇ ਕੋਈ ਗੁੱਸਾ ਜਾਂ ਰੰਜਸ਼ ਨਹੀਂ ਸੀ। ਪਰ ਸੁਪਰਵਾਈਜ਼ਰ ਨੇ ਸੁਣਦਿਆਂ ਸਾਰ ‘ਓ ਮਾਈ ਗੌਡ!’ ਕਹਿਕੇ ਮੈਨੂੰ ਦੱਸਿਆ ਕਿ ਮੈਂ ਤੇਰੇ ਕੋਲ ਹੁਣੇ ਆ ਰਹੀ ਹਾਂ।
ਸਾਡੇ ਦਫਤਰ ਪਹੁੰਚ ਕੇ ਸੁਪਰਵਾਈਜ਼ਰ ਨੇ ਪੁਲੀਸ ਨੂੰ ਕਾਲ ਕਰ ਦਿੱਤੀ। ਕੁਝ ਕੁ ਮਿੰਟਾਂ ਵਿੱਚ ਹੀ ਦੋ ਪੁਲੀਸਮੈਨ ਆ ਗਏ! ਮੈਂ ਸੋਚ ਰਿਹਾ ਸਾਂ ਕਿ ਪੁਲੀਸ ਵਾਲੇ ਸ਼ਾਇਦ ਮੈਥੋਂ ਲੋੜੀਂਦੀ ਪੁੱਛ-ਗਿੱਛ ਕਰਨਗੇ ਪਰ ਉਨ੍ਹਾਂ ਨੇ ਮੇਰੀ ਸੁਪਰਵਾਈਜ਼ਰ ਨਾਲ ਹੀ ਗੱਲਬਾਤ ਕਰਕੇ ਉਸ ਮੁੰਡੇ ਨੂੰ ਕਮਰੇ ਤੋਂ ਬਾਹਰ ਬੁਲਾ ਲਿਆ। ਨਾਂ-ਪਤਾ ਪੁੱਛ ਕੇ ਉਹਦੇ ਪੁੱਠੀ ਹੱਥ-ਕੜੀ ਮਾਰ ਲਈ।
ਪੁਲੀਸ ਵਾਲੇ ਜਦੋਂ ਉਸ ਮੁੰਡੇ ਨੂੰ ਦਫਤਰੋਂ ਬਾਹਰ ਖੜ੍ਹੀ ਆਪਣੀ ਗੱਡੀ ਵਿੱਚ ਬਿਠਾਉਣ ਲਈ ਲੈ ਕੇ ਜਾਣ ਲੱਗੇ ਤਾਂ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਧਾ ਗਲਵੱਕੜੀ ਪਾ ਲਈ। ਮੈਂ ਹੈਰਾਨ ਹੋਇਆ ਉਨ੍ਹਾਂ ਵੱਲ ਦੇਖਣ ਲੱਗਾ। ਸੁਪਰਵਾਈਜ਼ਰ ਉਸ ਮੁੰਡੇ ਨੂੰ ਪਿਆਰਦੀ ਦੁਲਾਰਦੀ ਕਹਿਣ ਲੱਗੀ, “ਮਾਈ ਡੀਅਰ ਸੰਨ, ਮੈਂ ਤੇਰੇ ਭਲੇ ਹਿਤ ਹੀ ਤੈਨੂੰ ਕਾਨੂੰਨ ਦੇ ਹਵਾਲੇ ਕੀਤਾ ਹੈ ਤਾਂ ਕਿ ਤੂੰ ਇੱਕ ਚੰਗਾ ਇਨਸਾਨ ਬਣ ਸਕੇਂ ਅਤੇ ਭਵਿੱਖ ਵਿੱਚ ਕਿਸੇ ਦਾ ਦਿਲ ਨਾ ਦੁਖਾਵੇਂ ਜਿਵੇਂ ਤੂੰ ਅੱਜ ਮਿਸਟਰ ਸਿੰਘ ਨੂੰ ‘ਹਰਟ’ ਕੀਤਾ ਹੈ …!”
“ਗੁੱਡ-ਲੱਕ ਮੇਰੇ ਪਿਆਰੇ!” ਕਹਿ ਕੇ ਸੁਪਰਵਾਈਜ਼ਰ ਨੇ ਉਸ ਮੁੰਡੇ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ।
* * *
ਬਲ਼ਖ ਬੁਖਾਰੇ ਤੋਂ ਮੋੜਾ!
‘ਛੱਜੂ’ ਤੁਰ ਪੈਂਦੇ ‘ਬਲਖ-ਬੁਖਾਰਿਆਂ’ ਨੂੰ,
ਬਾਹਰ ਜਾਣ ਦਾ ਮਚਿਆ ਹੜਕੰਪ ਹੋਵੇ।
‘ਜੂਆ ਖੇਡਣ’ ਦੇ ਵਾਂਗ ਉਹ ਚੱਲ ਪੈਂਦੇ,
ਲਾਉਣੀ ‘ਡੌਂਕੀ’ ਜਾਂ ਟੱਪਣਾ ‘ਡੰਪ’ ਹੋਵੇ।
ਕੋਈ ਸੁਣਦਾ ਨਾ ਕੜੇ ਕਾਨੂੰਨ-ਕਾਇਦੇ
ਪੁੱਠੀ ‘ਹੱਥ-ਕੜੀ’ ਵਾਲਾ ਭੂ-ਕੰਪ ਹੋਵੇ।
ਸੱਚ ਦੀ ‘ਰੌਸ਼ਨੀ’ ਵੱਲ ਨੂੰ ਦੇਖਦੇ ਨਹੀਂ
ਬਲ਼ ਰਿਹਾ ‘ਡਿਪੋਰਟਾਂ’ ਦਾ ‘ਲੰਪ’ ਹੋਵੇ।
ਮੁੜ ਫਿਰ ਧਰਤੀ ’ਤੇ ਲੱਗਦੇ ਪੈਰ ਔਖੇ
ਜੜ੍ਹੋਂ ਉੱਖੜਨ ਦਾ ਲੱਗਾ ਜੇ ‘ਜੰਪ’ ਹੋਵੇ।
ਰਾਸ਼ਟਰਪਤੀ ‘ਸਮੁੰਦਰੋਂ ਪਾਰ’ ਦਾ ਐ
ਵਿੱਚ ਪੰਜਾਬ ਦੇ ‘ਟਰੰਪ-ਟਰੰਪ’ ਹੋਵੇ!
* * * * *
ਨੋਟ: ਹਰ ਲੇਖਕ ਸਰੋਕਾਰ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲ ਕੇ ਰੱਖੇ।
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)