“ਤੁਹਾਡਾ ਏਜੰਡਾ ਸੁਣ ਕੇ ਤਾਂ ਅਸੀਂ ਬਾਗੋਬਾਗ ਹੋ ਗਏ ਹਾਂ ਪਰ ਤੁਹਾਡੇ ਨਾਂ ਪਿੱਛੇ ਲੱਗੇ ‘ਬਾਦਲ’ ਸ਼ਬਦ ...”
(10 ਜਨਵਰੀ 2024)
ਸ਼ੁਰੂ ਵਿੱਚ ਥੋੜ੍ਹਾ ਜਿਹਾ ਨਿੱਜੀ ਵੇਰਵਾ ਮੈਂ ਇਸ ਕਰਕੇ ਦੇ ਰਿਹਾ ਹਾਂ ਕਿਉਂਕਿ ਅਜੋਕੇ ‘ਬਾਦਲ ਦਲ’ ਨੂੰ ਜੇ ਮੁੜ ਸ਼੍ਰੋਮਣੀ ਅਕਾਲੀ ਦਲ ਬਣਾਉਣ ਵਾਸਤੇ ਕੋਈ ਸਿਧਾਂਤਕ ਸਲਾਹ ਦੇਵੇ ਤਾਂ ਬਾਦਲ ਦਲੀਏ ਉਸ ਉੱਤੇ ਕਾਂਗਰਸੀ ਹੋਣ ਦਾ ‘ਲੇਬਲ’ ਝਟਪਟ ਚੇਪ ਦਿੰਦੇ ਹਨ!
ਮੈਂ ਉਸ ਕੱਟੜ ਅਕਾਲੀ ਬਾਪ ਦਾ ਪੁੱਤ ਹਾਂ ਜੋ ਮਾਸਟਰ ਤਾਰਾ ਸਿੰਘ ਹੁਰਾਂ ਦੇ ਸਮੇਂ ਅਕਾਲੀ ਦਲ ਦਾ ਨਵਾਂ ਸ਼ਹਿਰ ਤਹਿਸੀਲ ਤੋਂ ‘ਡੈਲੀਗੇਟ’ ਹੋਣ ਨਾਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਾਈਕਲ ’ਤੇ ਜਾਂਦਾ ਹੁੰਦਾ ਸੀ ਦਲ ਦੇ ਪ੍ਰਧਾਨ ਦੀ ਚੋਣ ਮੌਕੇ। ਜਮਾਂਦਰੂ ਅਕਾਲੀ ਹੋਣ ਨਾਤੇ ਮੈਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਰਿਹਾ ਹਾਂ! ਕਹਿਣ ਦਾ ਮਤਲਬ ਇਹ ਹੈ ਕਿ ਅਕਾਲੀ ਦਲ ਦਾ ਸ਼ੁਭਚਿੰਤਕ ਹਾਂ, ਵਿਰੋਧੀ ਨਹੀਂ!
ਮਿਸਾਲ ਪਹਿਲੀ - ਮੇਰੇ ਬਾਪ ਵਰਗੇ ਹੀ ਅਕਾਲੀ ਇੱਕ ਬਜ਼ੁਰਗ ਦਾ ਬੇਟਾ ਮੇਰਾ ਦੋਸਤ ਹੈ। ਮੇਰੇ ਵਾਂਗ ਹੀ ਉਹ ਪੰਜਾਬ ਵਿਧਾਨ ਸਭਾ ਦੀ ਹੋਈ ਚੋਣ ਮੌਕੇ ‘ਆਪ’ ਦਾ ਹਿਮਾਇਤੀ ਸੀ! ਫੇਸ-ਬੁੱਕ ’ਤੇ ਪਾਈ ਇੱਕ ਪੋਸਟ ਵਿੱਚ ਉਸਨੇ ਲਿਖਿਆ ਕਿ ਜੇ ਸਵਰਗਾਂ ਵਿੱਚ ਗਏ ਮੇਰੇ ਬਾਪ ਨੂੰ ਪਤਾ ਲੱਗ ਜਾਵੇ ਕਿ ਮੈਂ ਅਕਾਲੀ ਦਲ ਦੇ ਖਿਲਾਫ ਹਾਂ, ਤਾਂ ਉਹ ਗੁੱਸੇ ਵਿੱਚ ਡਾਂਗ ਲੈ ਕੇ ਮੇਰੇ ਦੁਆਲ਼ੇ ਹੋ ਜਾਵੇ! ਪਰ ਜਦੋਂ ਉਹ ਦੇਖੇ ਕਿ ਹੁਣ ਅਕਾਲੀ ਦਲ ‘ਕੀ ਤੋਂ ਕੀ’ ਬਣਿਆ ਹੋਇਆ ਹੈ ਤਾਂ ਉਹ ਮੈਨੂੰ ਛੱਡ ਕੇ ਉਹੀ ਡਾਂਗ ਲੈ ਕੇ ਬਾਦਲ ਟੱਬਰ ਮਗਰ ਸਿੱਧਾ ਹੋ ਜਾਵੇ!
ਮਿਸਾਲ ਦੂਜੀ - ਜਦੋਂ ਮਨਪ੍ਰੀਤ ਸਿੰਘ ਬਾਦਲ ਨਵੀਂ ਪਾਰਟੀ ‘ਪੀ.ਪੀ.ਪੀ.’ ਬਣਾ ਕੇ ਪ੍ਰਵਾਸੀਆਂ ਦਾ ਸਹਿਯੋਗ ਲੈਣ ਹਿਤ ਅਮਰੀਕਾ ਆਇਆ ਤਾਂ ਇੱਥੇ ਨਿਊਯਾਰਕ ਵਿਖੇ ਇੱਕ ਪ੍ਰਭਾਵਸ਼ਾਲੀ ਇਕੱਠ ਵਿੱਚ ਉਸਨੇ ਆਪਣੀ ਪਾਰਟੀ ਦੇ ਏਜੰਡੇ ਬਾਰੇ ਸ਼ਾਨਦਾਰ ਲੈਕਚਰ ਦਿੱਤਾ। ਬਾਅਦ ਵਿੱਚ ਇੱਕ ਪੰਜਾਬੀ ਮੁੰਡਾ ਸਟੇਜ ’ਤੇ ਜਾ ਕੇ ਕਹਿੰਦਾ, “ਮਨਪ੍ਰੀਤ ਜੀ, ਪੰਜਾਬ ਲਈ ਤੁਹਾਡਾ ਦਰਦ ਅਤੇ ਤੁਹਾਡੀਆਂ ਭਵਿੱਖੀ ਯੋਜਨਾਵਾਂ ਸੁਣਕੇ ਅਸੀਂ ਬੇਹੱਦ ਪ੍ਰਭਾਵਤ ਹੋਏ ਹਾਂ। ਤੁਹਾਡਾ ਏਜੰਡਾ ਸੁਣ ਕੇ ਤਾਂ ਅਸੀਂ ਬਾਗੋਬਾਗ ਹੋ ਗਏ ਹਾਂ ਪਰ ਤੁਹਾਡੇ ਨਾਂ ਪਿੱਛੇ ਲੱਗੇ ‘ਬਾਦਲ’ ਸ਼ਬਦ ਵੱਲ ਜਦੋਂ ਨਜ਼ਰ ਜਾਂਦੀ ਹੈ ਤਾਂ ਉਦੋਂ ਹੀ ਸਾਡੇ ਦਿਲ ਨੂੰ ਡੋਬੂ ਪੈਣ ਲਗ ਜਾਂਦੇ ਹਨ! ਇਹ ਉਪਨਾਮ ਸੁਣਕੇ ਸਾਨੂੰ ਝੁਣਝੁਣੀ ਛਿੜ ਜਾਂਦੀ ਹੈ।”
ਮਿਸਾਲ ਤੀਜੀ - ਇੱਕ ਸਮੇਂ ਸਵਰਗੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੀ ਪ੍ਰਧਾਨਗੀ ਦਾ ਅਹੁਦਾ ਨਹੀਂ ਸਨ ਛੱਡ ਰਹੇ। ਵੱਡੇ ਬਾਦਲ ਸੰਤ ਲੌਂਗੋਵਾਲ ਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ ਪਰ ਤਲਵੰਡੀ ਜੀ ਅਹੁਦੇ ਨਾਲ ਸੁਖਬੀਰ ਬਾਦਲ ਵਾਂਗ ਚਿੰਬੜੇ ਬੈਠੇ ਸਨ। ਉਦੋਂ ਬਜ਼ੁਰਗ ਬਾਦਲ ਨੇ ਤਲਵੰਡੀ ਹੁਰਾਂ ਨੂੰ ਟਿੱਚਰ ਕੀਤੀ ਸੀ - ਅਖੇ ਤਲਵੰਡੀ ਸਾਬ੍ਹ, ਜੇ ਤੁਹਾਥੋਂ ਪ੍ਰਧਾਨਗੀ ਛੱਡ ਨਹੀਂ ਹੁੰਦੀ, ਤੁਹਾਨੂੰ ਇਹ ਇੰਨੀ ਹੀ ਪਿਆਰੀ ਲਗਦੀ ਐ ਤਾਂ ਤੁਹਾਡਾ ਨਾਂ ਹੀ ‘ਭਰਧਾਨ ਸਿੰਘ’ ਰੱਖ ਦੇਨੇ ਆਂ!
ਮਿਸਾਲ ਚੌਥੀ - ਗੁਰਬਾਣੀ ਵਿੱਚ ਵੀ ਇੱਕ ਅਜਿਹਾ ਸਲੋਕ ਆਉਂਦਾ ਹੈ (ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ) ਭਾਵ ਕਿ ਕਸਾਈ ਦੇ ਵਿਹੜੇ ਵਿਚਲੇ ਕਿੱਲੇ ਨਾਲ ਬੰਨ੍ਹੀ ਹੋਈ ਬੱਕਰੀ ਨੂੰ ਭਾਵੇਂ ਕੰਦ ਮੂਲ ਖਿਲਾਈ ਜਾਵੋ, ਉਹਨੂੰ ਖਾਧੀ ਹੋਈ ਕੋਈ ਖੁਰਾਕ ਬਿਲਕੁਲ ਵੀ ਨਹੀਂ ਲਗਦੀ ਹੁੰਦੀ, ਸਗੋਂ ਉਹ ਦਿਨ-ਬ-ਦਿਨ ਸੁੱਕੀ ਹੀ ਜਾਂਦੀ ਐ! ਜੇ ਤੁਸੀਂ ਉਸਦਾ ਦੁੱਧ ਪੀਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਬੱਕਰੀ ਨੂੰ ਕਸਾਈ ਦੇ ਕਿੱਲੇ ਨਾਲ਼ੋਂ ਖੋਲ੍ਹਣਾ ਚਾਹੀਦਾ ਹੈ। ਤਦ ਹੀ ਉਹ ‘ਰਾਜ਼ੀ ਬਾਜ਼ੀ’ ਹੋ ਕੇ ਦੁੱਧ ਦੇ ਸਕਦੀ ਹੈ!
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(ਸਰੋਕਾਰ ਨਾਲ ਸੰਪਰਕ ਲਈ: (