“ਮੈਂ ਵੈਸੇ ਹੀ ਕਾਪੀ ਵਿੱਚ ਲਿਖੀ ਨਾਂਵਾਂ ਵਾਲੀ ਸੂਚੀ ਦੇਖੀ ਤਾਂ ਉਸ ਵਿੱਚ ‘ਕ੍ਰਿਸ਼ਨਾ ਦੇਵੀ, ਰਾਮ ਭਜ, ਨਰੇਸ਼ ਯਾਦਵ ਅਤੇ ...”
(15 ਅਕਤੂਬਰ 2023)
ਹਰ ਸਾਲ ਜਦੋਂ ਵੀ ਮੈਂ ਅਮਰੀਕਾ ਤੋਂ ਪੰਜਾਬ ਆਪਣੇ ਪਿੰਡ ਗਿਆ ਹੋਇਆ ਹੋਵਾਂ ਤਦ ਲਾਗੇ ਚਾਗੇ ਦੇ ਬਾਹਰੋਂ ਗਏ ਹੋਏ ਹੋਰ ਪ੍ਰਵਾਸੀਆਂ ਨੂੰ ਮਿਲਣ ਗਿਲਣ ਵੇਲੇ ਅਕਸਰ ਪੁੱਛਿਆ ਕਰਦਾ ਹਾਂ ਕਿ ਕਿੰਨੀਂ ਕੁ ਛੁੱਟੀ ਆਏ ਹੋ ਜੀ? ਉਹ ਜਦੋਂ ਕਹਿਣ ਕਿ ਦੋ ਜਾਂ ਚਾਰ ‘ਵੀਕਾਂ’ ਲਈ, ਤਾਂ ਮੈਂ ਹੱਸ ਕੇ ਕਿਹਾ ਕਰਦਾ ਹਾਂ ਕਿ ਭਰਾਵੋ ਪਿੰਡ ਨੂੰ ਵੀਕਾਂ ਲਈ ਨਹੀਂ, ਮਹੀਨਿਆਂ ਲਈ ਆਉਣਾ ਚਾਹੀਦਾ ਹੈ ਤਾਂ ਕਿ ‘ਖੌਰੂ-ਪੁੱਟ ਮੀਡੀਏ’ ਵੱਲੋਂ ਸਾਡੇ ਮਨਾਂ ਵਿੱਚ ਬਿਠਾਏ ਗਏ ਹਾਲਾਤ ਦੇ ਸੱਚ-ਝੂਠ ਦਾ ਆਪਾਂ ਅੱਖੀਂ ਦੇਖ ਕੇ ਖੁਦ ਨਿਰਨਾ ਕਰ ਲਿਆ ਕਰੀਏ। ਆਪੋ ਆਪਣੀਆਂ ਮਜਬੂਰੀਆਂ ਕਾਰਨ ਭਾਵੇਂ ਮਹੀਨਿਆਂ ਵਾਲ਼ਾ ‘ਦੇਸ ਵਸੇਬਾ’ ਸਾਰੇ ਪ੍ਰਵਾਸੀ ਭੈਣ ਭਰਾ ਨਹੀਂ ਕਰ ਸਕਦੇ ਪਰ ਮੇਰੇ ਉੱਤੇ ਰੱਬ ਦੀ ਕਿਰਪਾ ਹੀ ਕਹਿ ਲਉ ਕਿ ਮੈਂ ਤਕਰੀਬਨ ਹਰ ਸਾਲ ਕਈ ਕਈ ਮਹੀਨਿਆਂ ਲਈ ਆਪਣੇ ਪਿੰਡ ਆਉਂਦਾ ਹਾਂ। ਸਾਈਕਲ, ਸਕੂਟਰ ਜਾਂ ਬੱਸ ਮੇਰੀ ਮਨਭਾਉਂਦੀ ਸਵਾਰੀ ਹੁੰਦੀ ਹੈ। ਪਹਿਲੇ ਕਰੋਨਾ ਕਾਲ ਵਾਂਗ ਬੀਤੇ ਵਰ੍ਹੇ 2022 ਦੇ ਦੁਸਹਿਰੇ ਤੋਂ ਲੈ ਕੇ 2023 ਦੀ ਵਿਸਾਖੀ ਤਕ ਸੱਤ ਮਹੀਨੇ ਮੈਂ ਆਪਣੇ ਪਿੰਡ ਦੁਪਾਲਪੁਰ ਰਿਹਾ।
ਐਤਕੀਂ ਘਰ ਦੀ ਸਾਫ ਸਫਾਈ, ਦਰਖਤਾਂ ਦੀ ਕਾਂਟ-ਛਾਂਟ ਅਤੇ ਘਰੇਲੂ ਬਗੀਚੀ ਵਿੱਚ ਵੇਲ ਬੂਟਿਆਂ ਦੀ ਬੀਜ ਬਿਜਾਈ ਲਈ ਯੂ.ਪੀ ਬਿਹਾਰ ਦੇ ਪ੍ਰਦੇਸੀਆਂ ਨਾਲ ਮੇਰਾ ਵਾਹ ਬਹੁਤ ਪੈਂਦਾ ਰਿਹਾ। ਮੈਂ ਸੋਚਦਾ ਸਾਂ ਕਿ ਇਹ ਲੋਕ ਅਨਪੜ੍ਹ ਹੁੰਦੇ ਨੇ ਤੇ ਇਨ੍ਹਾਂ ਨੂੰ ਪੰਜਾਬੀ ਸੱਭਿਆਚਾਰ ਜਾਂ ਇੱਥੋਂ ਦੇ ਵਰਤੋਂ-ਵਿਹਾਰ ਬਾਰੇ ਕੋਈ ਖਾਸ ਸੋਝੀ ਨਹੀਂ ਹੋਣੀ। ਪਰ ਇੱਕ ਦਿਨ ਮੈਂਨੂੰ ਸਾਈਕਲ ਚਲਾਉਂਦੇ ਜਾਂਦੇ ਨੂੰ ਦੇਖ ਕੇ ਲੰਬੜਾਂ ਦਾ ਭਈਆ ਕਹਿੰਦਾ, “ਏ ਸ਼ਰਦਾਰ ਜੀ, ਹਾਲੇ ਵੀ ਕੋਈ ਕਸ਼ਰ ਰਹਿੰਦੀ ਆ?”
ਮੈਂ ਹੈਰਾਨ ਹੋਇਆ ਕਿ ਇਹਨੂੰ ਖੇਤਾਂ ਵਿੱਚ ਅੱਠੇ ਪਹਿਰ ਕਿਰਤ ਕਰਦੇ ਨੂੰ ਵੀ ਪਤਾ ਹੈ ਕਿ ਅਮਰੀਕਾ ਮੁਲਕ, ਦੁਨੀਆਂ ਭਰ ਦੀ ‘ਸੁਪਰ ਪਾਵਰ’ ਹੈ, ਜਿੱਥੋਂ ਦਾ ਬਾਸ਼ਿੰਦਾ ਹੁੰਦਿਆਂ ਉਹਦੇ ਮੁਤਾਬਕ ਮੈਂ ‘ਸੈਕਲ’ ਉੱਤੇ ਘੁੰਮਦਾ ਚੰਗਾ ਨਹੀਂ ਲਗਦਾ।
ਸੰਗਰਾਂਦ ਵਾਲ਼ੇ ਦਿਨ ਮੈਂ ਕੁਝ ਰਸਦਾਂ-ਵਸਤਾਂ ਅਤੇ ਦੇਗ ਵਾਸਤੇ ਥੋੜ੍ਹੀ ਮਾਇਆ ਭੇਟ ਕਰਨ ਵਾਸਤੇ ਆਪਣੇ ਪਿੰਡ ਦੇ ਗੁਰਦੁਆਰੇ ਗਿਆ। ਭਾਈ ਜੀ ਲੰਗਰ ਹਾਲ ਵਿੱਚ ਕੜਾਹ ਪ੍ਰਸ਼ਾਦ ਬਣਾਉਣ ਲਈ ਕੜਾਹੀ, ਖੌਂਚਾ ਮਾਂਜ ਰਹੇ ਸਨ। ਉਨ੍ਹਾਂ ਮੈਨੂੰ ਕਿਹਾ ਕਿ ਅੰਦਰ ਪ੍ਰਕਾਸ਼ ਸਥਾਨ ਦੇ ਕੋਲ ਮੇਜ਼ ਉੱਪਰ ਇੱਕ ਕਾਪੀ ਪਈ ਹੈ, ਉਸ ਵਿੱਚ ਮੈਂ ਆਪਣਾ ਨਾਂ ’ਤੇ ਮਾਇਆ ਆਪੇ ਹੀ ਦਰਜ ਕਰ ਦੇਵਾਂ।
ਆਪਣਾ ਵੇਰਵਾ ਲਿਖਣ ਤੋਂ ਪਹਿਲਾਂ ਮੈਂ ਵੈਸੇ ਹੀ ਕਾਪੀ ਵਿੱਚ ਲਿਖੀ ਨਾਂਵਾਂ ਵਾਲੀ ਸੂਚੀ ਦੇਖੀ ਤਾਂ ਉਸ ਵਿੱਚ ‘ਕ੍ਰਿਸ਼ਨਾ ਦੇਵੀ, ਰਾਮ ਭਜ, ਨਰੇਸ਼ ਯਾਦਵ ਅਤੇ ਸ਼ੰਕਰ ਕੁਮਾਰ’ ਵਰਗੇ ਆਪਣੇ ਪਿੰਡ ਵਾਸੀਆਂ ਤੋਂ ਓਪਰੇ ਨਾਮ ਪੜ੍ਹ ਕੇ ਮੈਂ ਭਾਈ ਸਾਹਬ ਨੂੰ ਪੁੱਛਿਆ ਕਿ ਸਾਡੇ ਪਿੰਡ ਵਿੱਚ ਇਹ ਸੱਜਣ ਕੌਣ ਹੋਏ?
ਭਾਈ ਜੀ ਨੇ ਬੜੀ ਅਪਣੱਤ ਤੇ ਮਾਣ ਸਤਿਕਾਰ ਨਾਲ ਦੱਸਿਆ ਕਿ ਇਹ ਬਿਹਾਰੀ ਲੋਕ ਲੰਬੇ ਅਰਸੇ ਤੋਂ ਪਿੰਡ ਦੀ ਮੰਡੀ ਵਿੱਚ ਰਹਿੰਦੇ ਨੇ ਅਤੇ ਹਰ ਸੰਗਰਾਂਦੇ ਇਕੱਤੀ, ਇਕਵੰਜਾ ਜਾਂ ਕਈ ਵਾਰ ਵੱਧ ਮਾਇਆ ਦੇ ਕੇ ਜਾਂਦੇ ਹਨ। ਜੇ ਬੰਦੇ ਕੰਮਾਂ ’ਤੇ ਗਏ ਹੋਏ ਹੋਣ ਤਾਂ ਇਨ੍ਹਾਂ ਦੇ ਬਾਲ ਬੱਚੇ ਬਾਰਾਂਮਾਹ ਦਾ ਪਾਠ ਸੁਣਨ ਜ਼ਰੂਰ ਆਉਂਦੇ ਹਨ ਗੁਰਦੁਆਰੇ!
ਸਾਡੇ ਘਰੇ ਝਾੜੂ-ਪੋਚਾ ਲਾਉਣ ਆਉਂਦੀ ਬਿਹਾਰੀ ਬੀਬੀ ਇੱਕ ਦਿਨ ਕੰਮਕਾਰ ਨਿਬੇੜ ਕੇ ਸਾਡੀ ਨੂੰਹ ਨੂੰ ਕਹਿਣ ਲੱਗੀ, “ਬੀਬੀ ਜੀ ਕੱਲ੍ਹ ਕੋ ਹਮ ਨਹੀਂ ਆਏਂਗੇ।”
ਨੂੰਹ ਵੱਲੋਂ ਕਾਰਨ ਪੁੱਛਣ ’ਤੇ ਉਹ ਦੱਸਣ ਲੱਗੀ, “ਵੋਹ ਜੋ ਬਾਗ ਵਾਲਾ ਗੁਰੂਦਵਾਰਾ ਹੈ ਨਾ, ਕੱਲ੍ਹ ਕੋ ਉਨਹੋਂ ਨੇ ਬਾਬਾ ਜੀ ਕੋ ਟਰਾਲੀ ਮੇਂ ਬਿਠਾ ਕਰ ਇਧਰ ਉਧਰ ਘੂਮਨਾ ਹੈ … …. ਹਮ ਸਭ ਕੋ ਕੱਲ੍ਹ ਟਰਾਲੀਉਂ ਮੇਂ ਬੈਠਨੇ ਕੇ ਲੀਏ ਬੋਲਾ ਹੈ ਉਨਹੋਂ ਨੇ!”
ਆਪਣੇ ਕਮਰੇ ਵਿੱਚ ਦਸਤਾਰ ਬੰਨ੍ਹਦੇ ਨੂੰ ਮੈਨੂੰ ਉਸ ਬੀਬੀ ਵੱਲੋਂ ‘ਨਗਰ ਕੀਰਤਨ’ ਦੀ ਦੱਸੀ ਗਈ ‘ਅਜੀਬ ਪ੍ਰੀਭਾਸ਼ਾ’ ਸੁਣ ਕੇ ਯਾਦ ਆਇਆ ਕਿ ਸਾਡੇ ਲਾਗਲੇ ਪਿੰਡ ਵਾਲ਼ੇ ਸੱਜਣ ਪਰਸੋਂ ਮਨਾਏ ਜਾ ਰਹੇ ਗੁਰਪੁਰਬ ਤੋਂ ਇੱਕ ਦਿਨ ਪਹਿਲਾਂ ਨਗਰ ਕੀਰਤਨ ਕੱਢ ਰਹੇ ਹਨ, ਜੋ ਲਾਗੇ ਲਾਗੇ ਦੇ ਕਈ ਪਿੰਡਾਂ ਦੀ ਪਰਕਰਮਾ ਕਰੇਗਾ।
ਨਗਰ ਕੀਰਤਨ ਵਾਲੇ ਦਿਨ ਮੈਂ ਖੁਦ ਹਾਜ਼ਰੀ ਭਰਦਿਆਂ ਦੇਖਿਆ ਕਿ ਬਾਰਾਂ ਤੇਰਾਂ ਟ੍ਰੈਕਟਰ-ਟਰਾਲੀਆਂ ਵਿੱਚੋਂ ਅੱਧੀਆਂ ਕੁ ਉੱਤੇ ਯੂ.ਪੀ ਬਿਹਾਰੀ ਪ੍ਰਵਾਰਾਂ ਦੀਆਂ ਬੀਬੀਆਂ ਅਤੇ ਬੱਚੇ ਸਜੇ ਬੈਠੇ ਸਨ! ਨਾਲ਼ੇ ਤਾਂ ਉਹ ਖੁਸ਼ ਹੋ ਹੋ ਕੇ ਸਮੋਸੇ ਲੱਡੂ ਤੇ ਬਦਾਣੇ-ਭੁਜੀਏ ਦੇ ਡੂੰਨੇ ਛਕ ਰਹੇ ਸਨ ਅਤੇ ਨਾਲ਼ੇ ਉਹ ਹੱਥਾਂ ਵਿੱਚ ਫੜੇ ਪੌਲੀਥੀਨ ਦੇ ਲਿਫਾਫਿਆਂ ਵਿੱਚ ਵਰਤਾਇਆ ਜਾ ਰਿਹਾ ਵਾਧੂ ਸਮਾਨ ਪਾਈ ਜਾ ਰਹੇ ਸਨ।
ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਦੇ ਅੱਗੇ ਅੱਗੇ ਝਾੜੂ ਫੇਰ ਰਹੀਆਂ ਦੇਸੀ ਬੀਬੀਆਂ ਵਿੱਚ ਕੁਝ ਪ੍ਰਦੇਸੀ ਬੀਬੀਆਂ ਵੀ ਉਸੇ ਸ਼ਰਧਾ ਸਤਿਕਾਰ ਨਾਲ ਸੇਵਾ ਕਰ ਰਹੀਆਂ ਸਨ!
ਫਿਰ ਇੱਕ ਦਿਨ ਸਾਡੇ ਪਿੰਡ ਵਿੱਚ ਰੌਲ਼ਾ ਪੈ ਗਿਆ ਕਿ ਰਾਤੋ ਰਾਤ ਬੇਟ ਟਿਊਬਵੈਲਾਂ ਤੋਂ ਕੋਈ ਪੰਜ ਇੰਜਣ ਖੋਲ੍ਹ ਕੇ ਲੈ ਗਿਆ। ਸਵੇਰੇ ਸੈਰ ਕਰਨ ਗਏ ਨੇ ਮੈਂ ਕੁਝ ਪਿੰਡ ਵਾਸੀਆਂ ਨੂੰ ਪੁੱਛਿਆ ਕਿ ‘ਇਹ ਕੰਮ’ ਬਾਹਰਲੇ ਕਾਮਿਆਂ ਦਾ ਹੋਵੇਗਾ? ਮੈਨੂੰ ਜਵਾਬ ਮਿਲਿਆ ਕਿ ਇੰਨੇ ਵੱਡੇ ਲੈਵਲ ਦੀ ਚੋਰੀ ਭਈਏ ਨੀ ਕਰ ਸਕਦੇ ਵੀਰਾ!
ਲਾਗਲੇ ਪਿੰਡ ਮਝੂਰ ਰਹਿੰਦੇ ਆਪਣੇ ਇੱਕ ਪੁਰਾਣੇ ਮਿੱਤਰ ਨੂੰ ਸਾਈਕਲ ’ਤੇ ਮਿਲਣ ਜਾਂਦਿਆਂ ਰਾਹ ਵਿੱਚ ਇੱਕ ਹੋਰ ਜਾਣੂ ਮਿਲ ਪਿਆ ਜੋ ਮੇਰੇ ਵਾਂਗ ਹੀ ਵਿਦੇਸ਼ੋਂ ਆ ਕੇ ਆਪਣੇ ਪਿੰਡ ਕਈ ਕਈ ਮਹੀਨੇ ਰਹਿੰਦਾ ਹੈ। ਉਸਨੇ ਮੈਨੂੰ ਸੁਝਾਅ ਦਿੰਦਿਆਂ ਦੱਸਿਆ ਕਿ ਯਾਰ, ਜਿਵੇਂ ਮੈਂ ਇੱਥੇ ਆ ਕੇ ਹਰ ਵਾਰ ਨਵਾਂ ਸਾਈਕਲ ਲੈ ਲੈਂਦਾ ਹਾਂ ਤੇ ਕੁਝ ਮਹੀਨਿਆਂ ਬਾਅਦ ਜਾਣ ਲੱਗਾ ਕਿਸੇ ਭਈਏ ਨੂੰ ਫਰੀ ਦੇ ਜਾਂਦਾ ਹਾਂ, ਤੂੰ ਵੀ ਇੱਦਾਂ ਹੀ ਕਰਿਆ ਕਰ!
ਮੈਨੂੰ ਹਿਰਖ ਜਿਹਾ ਆਇਆ ਕਿ ਭਈਆਂ ਨੂੰ ਹੀ ਕਿਉਂ, ਕਿਸੇ ‘ਆਪਣੇ’ ਲੋੜਵੰਦ ਭਰਾ ਨੂੰ ਕਿਉਂ ਨਹੀਂ ਦਿੰਦੇ ਤੁਸੀਂ ਸਾਈਕਲ?
ਉਹ ਬੋਲਿਆ, “‘ਆਪਣੇ’ ਦੀ ਗੱਲ ਸੁਣ ਲੈ ਭਰਾਵਾ! ਇੱਕ ਵਾਰ ਮੈਂ ਫਲਾਣਾ ਸਿੰਘ ਨੂੰ ਸਾਈਕਲ ਦੇ ਗਿਆ। ਕੁਝ ਦਿਨਾਂ ਬਾਅਦ ਉਨ੍ਹਾਂ ਦੇ ਘਰ ਕੋਈ ਮੌਤ ਹੋ ਗਈ। ਮੈਨੂੰ ਕਹਿੰਦੇ ਅਖੇ ਆਪਣਾ ‘ਗ੍ਰੌਹ ਟਾਲਣ’ ਲਈ ਉਹ ਸਾਨੂੰ ‘ਲੋਹਾ ਦਾਨ’ ਕਰ ਗਿਆ ਐ! ... ਉਹੀ ਸਾਈਕਲ ਉਨ੍ਹੀਂ ਕਿਸੇ ਭਈਏ ਨੂੰ ਵੇਚ ਕੇ ਪੈਸੇ ਵੱਟ ਲਏ!”
ਆਪਣੇ ਪਿੰਡ ਦੇ ਲਾਗਲੇ ਕਸਬੇ ਜਾਡਲੇ ਲਾਗੇ ਸੜਕ ਕੰਢੇ ਫਲ਼ ਫਰੂਟ ਤੇ ਸਬਜ਼ੀਆਂ ਦੀ ਦੁਕਾਨ ਤੋਂ ਸਮਾਨ ਖਰੀਦ ਕੇ ਅੱਗੇ ਲੰਗੜੋਏ ਪਿੰਡ ਵੱਲ ਜਾਣ ਲਈ ਜਦੋਂ ਮੈਂ ਸਕੂਟਰ ਸਟਾਰਟ ਕੀਤਾ ਤਾਂ ਦੋ ਝੋਲ਼ੇ ਅਤੇ ਡੱਬਾ ਚੁੱਕੀ ਖੜ੍ਹੇ ਇੱਕ ਭਈਏ ਵੱਲ ਇਸ਼ਾਰਾ ਕਰਕੇ ਦੁਕਾਨਦਾਰ ਮੈਨੂੰ ਕਹਿੰਦਾ, “ਭਾਅ ਜੀ, ਇਹਨੂੰ ਪੈਟ੍ਰੋਲ ਪੰਪ ਤਕ ਨਾਲ ਲੈ ਜਾਉਗੇ?”
ਮੈਂ ਉਹਨੂੰ ਪਿੱਛੇ ਬਿਠਾ ਲਿਆ। ਪੁੱਛਣ ’ਤੇ ਉਸਨੇ ਦੱਸਿਆ ਕਿ ਮੈਂ ਖੇਤਾਂ ਵਿੱਚ ਕੰਮ ਕਰਦੇ ਆਪਣੇ ਸਾਥੀਆਂ ਲਈ ਰੋਟੀ ਲੈ ਕੇ ਜਾ ਰਿਹਾ ਹਾਂ! ਰੋਡ ’ਤੇ ਖੇਤਾਂ ਕੋਲ ਪਹੁੰਚ ਕੇ ਉਸਨੇ ਸਕੂਟਰ ਰੁਕਵਾਇਆ ਤੇ ਉੱਤਰਨ ਲੱਗਾ ਡੱਬਾ ਤੇ ਝੋਲ਼ੇ ਮੇਰੇ ਮੋਹਰੇ ਨੂੰ ਕਰਕੇ ਉਹ ਬੋਲਿਆ, “ਸ਼ਰਦਾਰ ਜੀ ਪ੍ਰਸ਼ਾਦਾ ਛਕ ਲੋ ਤੁਸੀਂ ਵੀ?”
ਹਾਲਾਂਕਿ ਉਸ ਵੇਲੇ ਮੈਂ ਕਾਹਲ਼ੀ ਵਿੱਚ ਸਾਂ ਪਰ ਉਸਨੇ ਮੈਨੂੰ ਇੰਨੇ ਮੋਹ ਅਤੇ ਸਤਿਕਾਰ ਨਾਲ ‘ਪ੍ਰਸ਼ਾਦਾ ਛਕਣ’ ਦੀ ਪੇਸ਼ਕਸ਼ ਕੀਤੀ ਕਿ ਮੇਰੇ ਗਲੇਡੂ ਭਰ ਆਏ! ਸਕੂਟਰ ਖੜ੍ਹਾ ਕਰਕੇ ਮੈਂ ਉਹਨੂੰ ਗਲਵਕੜੀ ਵਿੱਚ ਲੈ ਲਿਆ! ਧੰਨਵਾਦ ਕਰਦਿਆਂ ਮੈਂ ਉਸ ਨੂੰ ਪੁੱਛਿਆ ਕਿ ਉਸਨੇ ਇੱਦਾਂ ਕਿਸੇ ਨੂੰ ਰੋਟੀ ਖਿਲਾਉਣ ਲਈ ਕਹਿਣਾ ਕਿੱਥੋਂ ਸਿੱਖਿਆ ਹੈ?
“ਹਮਾਰੇ ਜੋ ਸ਼ਰਦਾਰ ਜੀ ਹੈਂ ਨਾ ਦੁਕਾਨ ਪੇ …” ਉਹ ਜਵਾਬ ਦੇਣ ਲੱਗਾ, “… … .ਵੋਹ ਜਬ ਖਾਣਾ ਖਾ ਰਹੇ ਹੋਤੇ ਹੈਂ, ਉਸ ਸਮਯ ਦੁਕਾਨ ਪਰ ਕੋਈ ਵੀ ਗ੍ਰਾਹਕ ਆ ਜਾਏ ,ਵੋ ਉਸਕੋ ਪਹਲੇ ਯੇਹ ਜ਼ਰੂਰ ਕਹਤੇ ਹੈਂ, ਪ੍ਰਸ਼ਾਦਾ ਛਕ ਲੋ ਪਾਜੀ … …!”
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4293)
(ਸਰੋਕਾਰ ਨਾਲ ਸੰਪਰਕ ਲਈ: (