“ਪੁੱਤ! ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਨਿਕਲਿਆ ਸੈਂ? ...”
(20 ਜੁਲਾਈ 2018)
ਸੰਨ ਅੱਸੀ ਦੇ ਜਨਵਰੀ-ਫਰਵਰੀ ਮਹੀਨੇ ਦੀ ਇਹ ਗੱਲ ਹੈ। 1979 ਵਿਚ ਹੋਏ ਮੇਰੇ ਵਿਆਹ ਤੋਂ ਬਾਅਦ ਸਾਡੇ ਵੱਡੇ ਬੇਟੇ ਦਾ ਜਨਮ ਹੋਇਆ। ਰਵਾਇਤ ਮੁਤਾਬਿਕ ਪਲੇਠਾ ਬੱਚਾ ਹੋਣ ਕਰਕੇ ਉਹਦਾ ਜਨਮ ਨਾਨਕੇ ਘਰ ਹੋਇਆ ਸੀ। ਉਨ੍ਹਾਂ ਦਿਨਾਂ ਵਿੱਚ ਮੇਰੇ ਸਹੁਰਾ ਸਾਹਿਬ ਨਹਿਰੀ ਵਿਭਾਗ ਵਿਚ ਸਰਵਿਸ ਕਰਦੇ ਸਨ ਤੇ ਉਨ੍ਹਾਂ ਦੀ ਰਿਹਾਇਸ਼ ਜ਼ਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਵਿਖੇ ਹੀ ਸੀ। ਨਵ-ਜਨਮੇ ਬਾਲ ਦੇ ਚਾਅ ਵਿੱਚ ਮੇਰਾ ਤਾਂ ਸਹੁਰੇ ਘਰ ਕੌਡੀ-ਫੇਰਾ ਹੀ ਰਹਿੰਦਾ ਸੀ। ਪਰ ਰਿਵਾਜ ਮੁਤਾਬਿਕ ਮੇਰੀ ਪਤਨੀ ਲਈ ਮਿੱਠਾ-ਥਿੰਧਾ, ਕੱਪੜੇ ਲੱਤੇ ਵਗ਼ੈਰਾ ਨਿਕ-ਸੁਕ ਸਾਡੇ ਘਰਦਿਆਂ ਨੇ ਲੈ ਕੇ ਜਾਣਾ ਸੀ।
ਜੇਠੇ ਭਤੀਜੇ ਲਈ ਕੱਪੜੇ ਤੇ ਖਿਡੌਣੇ ਮੇਰੀਆਂ ਭੈਣਾਂ ਖਰੀਦ ਲਿਆਈਆਂ ਤੇ ਘਿਓ-ਦੁੱਧ ਘਰ ਦਾ ਹੋਣ ਕਾਰਨ ਪੰਜੀਰੀ ਘਰੇ ਤਿਆਰ ਕਰ ਲਈ। ਵੈਸੇ ਤਾਂ ਉਨ੍ਹਾਂ ਦਿਨਾਂ ਵਿਚ ਧੁੰਦਾਂ ਪੈਂਦੀਆਂ ਹੁੰਦੀਆਂ ਹਨ, ਪਰ ਇੱਕ ਦਿਨ ਸੋਹਣੀ ਧੁੱਪ ਨਿੱਕਲੀ ਹੋਣ ਕਰਕੇ ਭਾਈਆ ਜੀ ਨੇ ਗੜ੍ਹਸ਼ੰਕਰ ਜਾਣ ਦਾ ਵਿਚਾਰ ਬਣਾ ਲਿਆ। ਬੱਸੇ ਸਫ਼ਰ ਕਰਨ ਦੀ ਸਾਡੇ ਬਜ਼ੁਰਗ ਬਹੁਤ ਖ਼ਜਾਲਤ ਸਮਝਦੇ ਸਨ। ਸ੍ਰੀ ਅਮ੍ਰਿਤਸਰ, ਸ੍ਰੀ ਅਨੰਦਪੁਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਸਰਹਿੰਦ ਦੀ ‘ਸਭਾ’ ਉੱਤੇ ਸਾਈਕਲ ’ਤੇ ਹੀ ਜਾਂਦੇ ਸਨ ਸਾਡੇ ਪਿਤਾ ਜੀ। ਭਾਵੇਂ ਉਦੋਂ ਉਹ ਬਜ਼ੁਰਗ ਹੋ ਚੁੱਕੇ ਸਨ, ਪਰ ਤਾਂ ਵੀ ਉਹ ਦੂਰ-ਨੇੜੇ ਜਾਣ ਲਈ ਸਾਈਕਲ ਹੀ ਵਰਤਦੇ ਸਨ।
ਸੋ ਪਿੰਡ ਦੁਪਾਲ ਪੁਰੋਂ ਗੜ੍ਹਸ਼ੰਕਰ ਜਾਣ ਲਈ ਪਹਿਲਾਂ ਡੇਢ ਦੋ ਘੰਟੇ ਪਿੰਡਾਂ ਵਿੱਚੀਂ ਘੁੰਮਦੀ ਹੋਈ ਬੱਸ ਰਾਹੀਂ ਨਵਾਂਸ਼ਹਿਰ ਪਹੁੰਚਣ, ਫਿਰ ਉੱਥੋਂ ਹੁਸ਼ਿਆਰਪੁਰ ਜਾਣ ਵਾਲੀ ਬੱਸ ਦੀ ਉਡੀਕ ਕਰਨ ਨੂੰ ਸਿਰੇ ਦੀ ਖੱਜਲ ਖ਼ੁਆਰੀ, ਪੈਸੇ ਅਤੇ ਸਮੇਂ ਦੀ ਬਰਬਾਦੀ ਸਮਝਦਿਆਂ ਉਨ੍ਹਾਂ ਆਪਣੇ ‘ਹਰਕੁਲੀਸ’ ਸਾਈਕਲ ਨੂੰ ਤੇਲ ਤੂਲ ਦੇ ਕੇ ਤਿਆਰ ਕਰ ਲਿਆ। ਇੱਕ ਝੋਲੇ ਵਿੱਚ ਪੰਜੀਰੀ ਵਾਲਾ ਗੜਵਾ ਅਤੇ ਦੂਜੇ ਝੋਲੇ ਵਿੱਚ ਸੂਟ-ਸਾਟ ਪਾ ਲਏ। ਦੋਵੇਂ ਝੋਲੇ ਹੈਂਡਲ ਦੇ ਸੱਜੇ-ਖੱਬੇ ਮਜ਼ਬੂਤੀ ਨਾਲ ਬੰਨ੍ਹ ਲਏ। ਖੱਦਰ ਦੇ ਪਰਨੇ ਨੂੰ ਚੌਫਲਾ ਕਰਕੇ ਸੇਬਿਆਂ ਨਾਲ ਕੈਰੀਅਰ ’ਤੇ ਬੰਨ੍ਹ ਕੇ ਬੀਬੀ ਲਈ ‘ਅਰਾਮਦਾਇਕ ਸੀਟ’ ਬਣਾ ਲਈ।
ਲਓ ਜੀ, ਚਾਈਂ ਚਾਈਂ ਇਹ ਦੋਵੇਂ ਪਿੰਡੋਂ ਬਾਹਰ ਨਿੱਕਲ ਕੇ ਉੱਥੇ ਜਾ ਪਹੁੰਚੇ, ਜਿੱਥੋਂ ਭਾਈਆ ਜੀ ਨੇ ਬੀਬੀ ਜੀ ਨੂੰ ਪਿੱਛੇ ਬਹਾ ਕੇ ਸਾਈਕਲ ’ਤੇ ਸਵਾਰ ਹੋਣਾ ਸੀ। ਸਾਡੇ ਪਿੰਡੋਂ ਚਾਰ ਕੁ ਮੀਲ ਦੂਰ ਜਾਡਲੇ ਨੂੰ ਜਾਣ ਲਈ ਬਿਸਤ ਦੁਆਬ ਨਹਿਰ ਤੱਕ ਮੀਲ ਕੁ ਦਾ ਰਾਹ ਚੜ੍ਹਾਈ ਵਾਲਾ ਹੈ। ਉਸ ਚੜ੍ਹਾਈ ਤੋਂ ਰਤਾ ਘਬਰਾਉਂਦਿਆਂ ਉਨ੍ਹਾਂ ਨੇ ਇਸ ਆਸ ਵਿੱਚ ਪਿੰਡੋਂ ਆਉਂਦੇ ਰਾਹ ਵੱਲ ਨਜ਼ਰ ਦੁੜਾਈ ਕਿ ਸ਼ਾਇਦ ਕੋਈ ’ਕੱਲਾ-ਦੁਕੱਲਾ ਸਾਈਕਲ ਵਾਲਾ ਆਉਂਦਾ ਹੋਵੇ ਤਾਂ ਨਹਿਰ ਤੱਕ ਉਹਦੇ ਪਿੱਛੇ ਆਪਣੀ ਸਵਾਰੀ ਬਹਾ ਦਿਆਂ।
ਪਿੰਡ ਵੱਲੋਂ ਸਾਈਕਲ ’ਤੇ ਸ਼ੂਟ ਵੱਟੀ ਆਉਂਦੇ ਇੱਕ ਗੱਭਰੂ ਨੂੰ ਦੇਖ ਕੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਆ ਗਈ। ਉਸ ਦੌਰ ਵਿੱਚ ਆਮ ਮੁੰਡੇ-ਖੁੰਡੇ ਆਪਣੇ ਸਾਈਕਲਾਂ ਦੇ ਪਿਛਲੇ ਕੈਰੀਅਰ ਉਤਾਰ ਕੇ ਘਰੇ ਸੁੱਟ ਛੱਡਦੇ ਸਨ ਤਾਂ ਕਿ ਰਾਹ ਵਾਟੇ ਕੋਈ ਸਵਾਰੀ ਨਾ ਬਿਠਾਉਣੀ ਪਵੇ। ਰਾਹ ਜਾਂਦੀਆਂ ਮਾਈਆਂ ਵੱਲੋਂ ਹੱਥ ਦੇਣ ’ਤੇ ਉਹ ‘ਬੀਬੀ ਕੈਰੀਅਰ ਹੈ ਨੀ’ ਦਾ ਬਹਾਨਾ ਲਾ ਦਿੰਦੇ ਸਨ। ਪਰ ਪਿੰਡੋਂ ਆ ਰਿਹਾ ਇਹ ਮੁੰਡਾ ਸਾਡੇ ਪਿੰਡ ਦੇ ਬੀਬੇ ਸਾਊਆਂ ਵਿੱਚੋਂ ਇੱਕ ਸੀ। ਸਿੱਖ ਰਹੁ-ਰੀਤਾਂ ਨੂੰ ਪਰਪੱਕਤਾ ਨਾਲ ਨਿਭਾਅ ਰਹੇ ਇੱਕ ਪਰਿਵਾਰ ਦਾ ਵੱਡਾ ਫ਼ਰਜ਼ੰਦ ਸੀ ਉਹ। ਸਿਰ ’ਤੇ ਸਾਫ਼ਾ ਵਲ੍ਹੇਟੀ ਆ ਰਹੇ ਇਸ ਨੌਜਵਾਨ ਨੇ ਭਾਈਆ ਜੀ ਹੁਣਾ ਕੋਲ ਆ ਕੇ ‘ਸਤਿ ਸ੍ਰੀ ਅਕਾਲ ਤਾਇਆ ਜੀ’ ਆਖਿਆ ਤੇ ਸਾਈਕਲ ਤੋਂ ਉੱਤਰ ਖੜ੍ਹਿਆ।
“ਕਾਕਾ ਤੈਂ ਜਾਡਲੇ ਵੱਲ ਨੂੰ ਹੀ ਜਾਣਾ ਹੋਣੈ?” ਸਤਿ ਬਚਨੀ ਸੁਭਾਅ ਵਾਲਾ ਲਛਮਣ ਸਿੰਘ ਖੌਰੇ ਨਹਿਰ ਕੋਲ ਆਪਣੇ ਖੇਤਾਂ ਵੱਲ ਗੇੜਾ ਮਾਰਨ ਚੱਲਿਆ ਸੀ, ਜਾਂ ਸੱਚਮੁੱਚ ਉਸਨੇ ਜਾਡਲੇ ਹੀ ਜਾਣਾ ਸੀ, ਇਹ ਰੱਬ ਹੀ ਜਾਣੇ, ਪਰ ਬਹੁਤ ਘੱਟ ਅਤੇ ਮਿੱਠਾ ਬੋਲਣ ਵਾਲੇ ਨੇ ਝਟਪਟ ‘ਹਾਂ ਜੀ ਤਾਇਆ ਜੀ’ ਆਖ ਦਿੱਤਾ। ਨਾਲ ਹੀ ਸਾਡੀ ਬੀਬੀ ਨੂੰ ਆਪਣੇ ਸਾਈਕਲ ਪਿੱਛੇ ਬਿਠਾ ਲਿਆ। ਮੋਹਰੇ ਮੋਹਰੇ ਲਛਮਣ ਸਿੰਘ ਤੇ ਥੋੜ੍ਹੀ ਵਿੱਥ ਨਾਲ ਭਾਈਆ ਜੀ, ਦੋਵੇਂ ਜਾਡਲੇ ਵੱਲ ਨੂੰ ਤੁਰ ਪਏ।
ਆਪਣੇ ਖੇਤਾਂ ਕੋਲੋਂ ਉਹ ਚੁੱਪ ਕਰ ਕੇ ਲੰਘ ਗਿਆ। ਇਹਦਾ ਮਤਲਬ ਉਸਨੇ ਕੋਈ ਸੌਦਾ-ਪੱਤਾ ਲੈਣ ਜਾਡਲੇ ਹੀ ਜਾਣਾ ਹੋਵੇਗਾ - ਭਾਈਆ ਜੀ ਨੇ ਸੋਚਿਆ। ਪਰ ਚਾਰ ਮੀਲ ਸਾਈਕਲ ਚਲਾਉਂਦੇ ਜਦੋਂ ਇਹ ਜਾਡਲੇ ਵਾਲੀ ਨਹਿਰ ਦੇ ਪੁਲ ’ਤੇ ਪਹੁੰਚੇ ਤਾਂ ਬੀਬੀ ਨੂੰ ਸਾਈਕਲ ਤੋਂ ਉਤਾਰ ਕੇ ਜਾਡਲੇ ਸ਼ਹਿਰ ਵੱਲ ਜਾਣ ਦੀ ਬਜਾਏ ਲਛਮਣ ਸਿੰਘ ਨੇ ਸਾਈਕਲ ਨਹਿਰੇ, ਭਾਵ ਗੜ੍ਹਸ਼ੰਕਰ ਵੱਲ ਨੂੰ ਸਿੱਧਾ ਕਰ ਲਿਆ।
“ਕਾਕਾ ਹੁਣ ਤੂੰ ਜਾਹ ਜਿੱਥੇ ਜਾਣਾ ਹੈ, ਅਸੀਂ ਆਪੇ ਈ ਪਟੜੀਉ ਪਟੜੀ ਸਿੱਧੇ ਰਾਹ ਗੜ੍ਹਸ਼ੰਕਰ ਚਲੇ ਜਾਣਾ ਹੈ ... ਰਾਜ਼ੀ ਰਹਿ ਮੱਲਿਆ!”
ਉੱਚੀ ਆਵਾਜ਼ ਵਿੱਚ ਭਾਈਆ ਜੀ ਨੇ ਉਸ ਨੂੰ ਆਪਣੇ ਕਿਸੇ ਕੰਮ ਚਲੇ ਜਾਣ ਲਈ ਕਿਹਾ। ਪਰ ‘ਕੋਈ ਨਾ ਤਾਇਆ ਜੀ ... ਆ ਜੋ ਤੁਸੀਂ...” ਕਹਿੰਦਿਆਂ ਹੋਇਆਂ ਉਹ ਸਾਈਕਲ ਦੱਬੀ ਗਿਆ। ਭਾਈਆ ਜੀ ਨੇ ਉਹਦੇ ਨੇੜੇ ਜਿਹੇ ਹੋ ਕੇ ਫਿਰ ਜ਼ੋਰ ਦੇ ਕੇ ਕਿਹਾ ਕਿ ਕਾਕਾ ਹੁਣ ਤੂੰ ਜਾਹ। ਪਰ ਉਹ ‘ਕੋਈ ਨੀ ... ਕੋਈ ਨੀ’ ਕਰਦਾ ਹੋਇਆ ਤੁਰਿਆ ਰਿਹਾ।
ਲਛਮਣ ਸਿੰਘ ਨੂੰ ਇੰਜ ਧੁਸ ਦਿੰਦਾ ਤੁਰਿਆ ਜਾ ਰਿਹਾ ਦੇਖ ਕੇ ਸਾਡੇ ਬਾਪ ਨੇ ਕਿਆਸ ਲਾਇਆ ਕਿ ਇੱਥੋਂ ਸੱਤ ਕੁ ਮੀਲ ਅੱਗੇ ਜਾ ਕੇ ਨਹਿਰ ਤੋਂ ਡੇਢ ਕੁ ਮੀਲ ਹਟਵਾਂ ਇੱਕ ਪਿੰਡ ਸਿੰਬਲੀ ਹੈ, ਉੱਥੇ ਇਨ੍ਹਾਂ ਦੀ ਇੱਕ ਖ਼ਾਸ ਰਿਸ਼ਤੇਦਾਰੀ ਹੈ, ਹੋਵੇ ਨਾ ਤਾਂ ਇਸ ਨੇ ਆਪਣੇ ਰਿਸ਼ਤੇਦਾਰਾਂ ਦੇ ਜਾਣਾ ਹੋਵੇ। ਪਰ ਦੂਜੇ ਹੀ ਪਲ ਉਨ੍ਹਾਂ ਨੂੰ ਖ਼ਿਆਲ ਆਇਆ ਕਿ ਇਹਦੇ ਤਨ ਦੇ ਕੱਪੜੇ ਸਧਾਰਨ ਹਨ ਤੇ ਪੱਗ ਵੀ ਨਹੀਂ ਬੰਨ੍ਹੀ ਹੋਈ। ਇਸ ਹਾਲਤ ਵਿੱਚ ਇਹ ਰਿਸ਼ਤੇਦਾਰਾਂ ਘਰੋਂ ਵੀ ਨਹੀਂ ਜਾ ਸਕਦਾ। ਪਰ ਜਦੋਂ ਉਹ ਸਾਈਕਲ ਚਲਾਉਂਦਾ ਸਿੰਬਲੀ ਪਿੰਡ ਵਾਲਾ ਪੁਲ ਵੀ ਟੱਪ ਗਿਆ ਤਾਂ ਸਾਡੇ ਬਜ਼ੁਰਗਾਂ ਨੂੰ ਬੜਾ ਅਚੰਭਾ ਹੋਇਆ ਕਿ ਆਖ਼ਰ ਇਸਨੇ ਜਾਣਾ ਕਿੱਥੇ ਹੋਵੇਗਾ ਅੱਜ? ਮਨ ਹੀ ਮਨ ਉਨ੍ਹਾਂ ਨੂੰ ਪਛਤਾਵਾ ਵੀ ਹੋ ਰਿਹਾ ਸੀ ਕਿ ਅਸੀਂ ਇਹਨੂੰ ਕਾਹਨੂੰ ਕਹਿ ਬੈਠੇ! ਮੁੱਕਦੀ ਗੱਲ ... ਪਿੰਡੋਂ ਵੀਹ ਬਾਈ ਕਿੱਲੋ ਮੀਟਰ ਦੂਰ ਰਵਾਂ ਰਵੀਂ ਸਾਈਕਲ ਚਲਾਉਂਦਾ ਹੋਇਆ ਲਛਮਣ ਸਿੰਘ ਧੁਰ ਗੜ੍ਹਸ਼ੰਕਰ ਦੇ ਪੁਲ ਉੱਤੇ ਜਾ ਪਹੁੰਚਿਆ, ਕਿਉਂਕਿ ਪਿੱਛੋਂ ਚੱਲਣ ਲੱਗਿਆ ਹੀ ਉਸ ਨੇ ਪੁੱਛ ਲਿਆ ਸੀ ਕਿ ਇਹ ਜਾ ਕਿੱਥੇ ਰਹੇ ਨੇ।
ਜਦ ਵੀ ਕਿਤੇ ਸਲੱਗ ਧੀਆਂ ਪੁੱਤਾਂ ਦੀ ਗੱਲ ਚੱਲਣੀ ਤਾਂ ਭਾਈਆ ਜੀ ਨੇ ਆਪਣੀ ਉਪਰੋਕਤ ਹੱਡ-ਬੀਤੀ ਦੇ ਅੰਤਲੇ ਭਾਗ ਵਿੱਚ ਲਛਮਣ ਸਿੰਘ ਵੱਲੋਂ ਕੀਤੇ ਇੱਕ ਹੋਰ ਪਰਉਪਕਾਰ ਅਤੇ ਉਸਦੇ ਅਜੀਬ ਸੁਭਾਅ ਬਾਰੇ ਦੱਸਦਿਆਂ ਆਖਣਾ – “ਲਓ ਜੀ, ਗੜ੍ਹਸ਼ੰਕਰ ਵਾਲੇ ਪੁਲ ਦੇ ਲਹਿੰਦੇ ਪਾਸੇ ਨਾਲ ਹੀ ਨਹਿਰ ਕਲੋਨੀ ਹੈ, ਜਿੱਥੇ ਸਾਡੇ ਕੁੜਮ ਰਹਿੰਦੇ ਸਨ ... ਤੇ ਚੜ੍ਹਦੇ ਪਾਸੇ ਅੱਧੇ ਕੁ ਮੀਲ ’ਤੇ ਸ਼ਹਿਰ ਦਾ ਬਾਜ਼ਾਰ ਹੈ। ਮੈਂ ਉਹਨੂੰ ਕਿਹਾ ਕਿ ਕਾਕਾ ਤੂੰ ਇੱਥੇ ਰਤਾ ਕੁ ਰੁਕ, ਮੈਂ ਸ਼ਹਿਰੋਂ ਜਾ ਕੇ ਕੋਈ ਫਲ-ਫਰੂਟ ਲੈ ਆਵਾਂ। ਕਿਉਂਕਿ ਅਸੀਂ ਅੱਜ ਸ਼ਗਨਾਂ ਨਾਲ ਨਵੇਂ-ਨਵੇਂ ਕੁੜਮਾਂ ਦੇ ਜਾ ਰਹੇ ਹਾਂ। ਇਹ ਗੱਲ ਸੁਣਦਿਆਂ ਹੀ ਉਸਨੇ ਸਾਈਕਲ ਚੁੱਕਿਆ ਤੇ ਮੇਰੇ ਮਨ੍ਹਾ ਕਰਦੇ ਕਰਦੇ ਸ਼ਹਿਰ ਵੱਲ ਨੂੰ ਭੱਜ ਗਿਆ। ਮਿੰਟਾਂ ਵਿੱਚ ਹੀ ਕੇਲਿਆਂ ਅਤੇ ਸੇਬਾਂ ਦੇ ਦੋ ਲਫਾਫੇ ਸਾਡੇ ਹੱਥ ਲਿਆ ਫੜਾਏ ...”
ਆਪਣੇ ਬੁੱਢੇ ਮਾਂ-ਬਾਪ ਨੂੰ ਵਹਿੰਗੀ ਵਿੱਚ ਬਿਠਾ ਕੇ ਤੀਰਥ ਯਾਤਰਾ ਕਰਵਾਉਣ ਵਾਲੇ ਸਰਵਣ ਪੁੱਤ ਵਰਗੇ ਆਗਿਆਕਾਰੀ ਨੇ, ਅੱਧੇ ਪੌਣੇ ਮੀਲ ਤੱਕ ਸਵਾਰੀ ਲਿਜਾਣ ਲਈ ਕਹਿਣ ’ਤੇ ਵੀਹ-ਬਾਈ ਮੀਲ ਦਾ ਸਫ਼ਰ ਤਾਂ ਕਰ ਲਿਆ, ਪਰ ਉੱਥੇ ਜਾ ਕੇ ਐਸੀ ਅੜੀ ਫੜੀ ਕਿ ਮੈਂ ਫਰੂਟ ਦੇ ਪੈਸੇ ਫੜਾਏ ... ਉਸਨੇ ਫੜੇ ਨਾ। ਫਿਰ ਮੈਂ ਬਾਂਹੋਂ ਫੜ ਕੇ ਨਾਲ ਖਿੱਚਿਆ ਕਿ ਕੁੜਮਾਂ ਦੇ ਘਰੋਂ ਚਾਹ ਦਾ ਕੱਪ ਪੀ ਕੇ ਮੁੜ ਆਵੀਂ। ਫਿਰ ਵੀ ਨਹੀਂ ਮੰਨਿਆ। ... ਅਸੀਂ ਦੋਹਾਂ ਜਣਿਆਂ ਨੇ ਉਹਨੂੰ ਬੱਚਿਆਂ ਵਾਂਗ ਕਲਾਵੇ ਵਿਚ ਲੈਂਦਿਆਂ ਪੁੱਛਿਆ ਕਿ ਪੁੱਤ! ਸੱਚ ਸੱਚ ਦੱਸ, ਤੂੰ ਅੱਜ ਪਿੰਡੋਂ ਕਿੱਥੇ ਜਾਣ ਲਈ ਨਿਕਲਿਆ ਸੈਂ? … ਸਾਈਕਲ ਵਾਲੇ ‘ਸਰਵਣ’ ਨੇ ਸਾਡੇ ਸਵਾਲ ਦੇ ਜਵਾਬ ਵਿੱਚ ਮੁਸਕਰਾਉਂਦਿਆਂ ਹੋਇਆ ਸਾਨੂੰ ਝੁਕ ਕੇ ਪ੍ਰਣਾਮ ਕੀਤਾ, ਤੇ ਅਹੁ ਗਿਆ ... ਅਹੁ ਗਿਆ!”
*****
(1234)