“ਕਾਰ ਚਲਾਉਣ ਦਾ ਮੈਨੂੰ ਕੋਈ ਤਜਰਬਾ ਨਹੀਂ ਸੀ, ਇਸ ਕਰਕੇ ਇੱਕ ਵਾਰ ਹਾਈਵੇ ’ਤੇ ਜਾਂਦਿਆਂ ਮੈਂ ਡੈਸ਼ਬੋਰਡ ਉੱਤੇ ਤੇਲ ਵਾਲੀ ...”
(20 ਜੁਲਾਈ 2024)
ਇਸ ਸਮੇਂ ਪਾਠਕ: 245.
ਗੱਲ ਸ਼ੁਰੂ ਕਰਦੇ ਹਾਂ ਵਿਵੇਕ ਦੇ ਭੰਡਾਰ ਸੁਆਮੀ ਵਿਵੇਕਾ ਨੰਦ ਹੁਰਾਂ ਤੋਂ। ਕਹਿੰਦੇ ਇੱਕ ਵਾਰ ਉਹ ਅਮਰੀਕਾ ਵਿੱਚ ਗਏ ਹੋਏ ਰੇਲ ਗੱਡੀ ਵਿੱਚ ਸਫਰ ਕਰ ਰਹੇ ਸਨ। ਸੀਟ ’ਤੇ ਬੈਠੇ ਬੈਠੇ ਉਹ ਆਪਣੇ ਬੈਗ ਵਿੱਚੋਂ ਸੰਤਰਾ ਕੱਢ ਕੇ ਛਿੱਲਣ ਲੱਗ ਪਏ। ਉਨ੍ਹਾਂ ਦੀ ਸਾਹਮਣਲੀ ਸੀਟ ’ਤੇ ਬੈਠੀ ਇੱਕ ਗੋਰੀ ਦਾ ਬੱਚਾ ਉਨ੍ਹਾਂ ਵੱਲ ਗਹੁ ਨਾਲ ਦੇਖਣ ਲੱਗਾ। ਸੁਆਮੀ ਜੀ ਨੇ ਸੰਤਰਾ ਛਿੱਲ ਕੇ ਦੋ ਚਾਰ ਫਾੜੀਆਂ ਉਸ ਬੱਚੇ ਨੂੰ ਵੀ ਫੜਾ ਦਿੱਤੀਆਂ। ਫਾੜੀਆਂ ਲੈ ਕੇ ਖੁਸ਼ ਹੋਇਆ ਬੱਚਾ ਜਦੋਂ ਆਪਣੀ ਮਾਂ ਕੋਲ ਗਿਆ ਤਾਂ ਉਹ ਉਸ ਨੂੰ ਘੂਰਦਿਆਂ ਹੋਇਆਂ ਕੁਝ ਕਹਿਣ ਲੱਗੀ। ਸੁਆਮੀ ਜੀ ਨੇ ਗੋਰੀ ਨੂੰ ਕਿਹਾ ਕਿ ਮੈਡਮ ਬੱਚੇ ਨੇ ਸੰਤਰਾ ਮੈਥੋਂ ਮੰਗਿਆ ਨਹੀਂ ਸੀ, ਇਸ ਪਿਆਰੇ ਬੱਚੇ ਨੂੰ ਮੈਂ ਆਪੇ ਹੀ ਸੰਤਰਾ ਦਿੱਤਾ ਹੈ। ਪਲੀਜ਼ ਇਸ ਨੂੰ ਗੁੱਸੇ ਨਾ ਹੋਵੋ। ਗੋਰੀ ਕਹਿੰਦੀ ਕਿ ਮੈਂ ਇਸ ਨੂੰ ਤਦ ਖਿਝਿਆ ਹੈ ਕਿਉਂਕਿ ਤੁਹਾਥੋਂ ਸੰਤਰਾ ਲੈ ਕੇ, ਇਹ ਤੁਹਾਡਾ ਧੰਨਵਾਦ ਕਰੇ ਬਗੈਰ ਮੇਰੇ ਕੋਲ ਆ ਖੜ੍ਹਾ ਹੋਇਆ!
ਆਪਣੀ ਇੱਕ ਹੱਡ-ਬੀਤੀ ਤੋਂ ਮੈਨੂੰ ਗਿਆਤ ਹੋਇਆ ਕਿ ਵਧਾਈਆਂ ਦੇਣ ਜਾਂ ਧੰਨਵਾਦ ਕਰਨ ਬਾਰੇ ਪੇਂਡੂਆਂ ਅਤੇ ਸ਼ਹਿਰੀਆਂ ਵਿੱਚ ਫਰਕ ਹੁੰਦਾ ਹੈ! ਬੀਬੀ ਰਜਿੰਦਰ ਕੌਰ ਭੱਠਲ ਪੰਜਾਬ ਸਰਕਾਰ ਵਿੱਚ ਜਿਸ ਮਹਿਕਮੇ ਦੇ ਮੰਤਰੀ ਸਨ ਉਸ ਮਹਿਕਮੇ ਵਿੱਚ ਕੰਮ ਕਰਦੇ ਮੇਰੇ ਇੱਕ ਨੇੜਲੇ ਰਿਸ਼ਤੇਦਾਰ ਦੀ ਬਦਲੀ ਹੋ ਗਈ। ਉਸ ਮੁਲਾਜ਼ਮ ਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਣ ਨਾਤੇ ਮੈਨੂੰ ਬਦਲੀ ਰੁਕਵਾਉਣ ਲਈ ਕਿਹਾ। ਮੈਂ ਇੱਕ ਅਜਿਹਾ ਜਥੇਦਾਰ ਲੱਭਿਆ ਜੋ ਬੀਬੀ ਭੱਠਲ਼ ਨਾਲ ਨੇੜਤਾ ਰੱਖਦਾ ਸੀ। ਮੈਂ ਉਸ ਜਥੇਦਾਰ ਨੂੰ ਲੈ ਕੇ ਚੰਡੀਗੜ੍ਹ ਗਿਆ ਤੇ ਅਸੀਂ ਬੀਬੀ ਭੱਠਲ਼ ਦੇ ਦਫਤਰ ਪਹੁੰਚੇ। ਬੀਬੀ ਜੀ ਨੇ ਸਾਡੀ ਗੱਲ ਸੁਣਕੇ ਪੂਰੇ ਗਹੁ ਨਾਲ ਆਪਣੇ ਪੀ.ਏ ਨੂੰ ਕਿਹਾ ਕਿ ਬਦਲੀ ਰੋਕਣ ਦਾ ਕੰਮ ਨੋਟ ਕਰ ਲਵੇ।
ਹਫਤਾ ਦੋ ਹਫਤੇ ਬਾਅਦ ਜਦੋਂ ਸਾਡਾ ਕੰਮ ਨਾ ਹੋਇਆ ਤਾਂ ਉਸੇ ਜਥੇਦਾਰ ਨੂੰ ਲੈ ਕੇ ਮੈਂ ਫਿਰ ਬੀਬੀ ਭੱਠਲ਼ ਦੇ ਦਫਤਰ ਜਾ ਪਹੁੰਚਿਆ। ਜਥੇਦਾਰ ਨੂੰ ਦੇਖਦੇ ਹੀ ਬੀਬੀ ਜੀ ਬੜੀ ਹੈਰਾਨੀ ਨਾਲ ਕਹਿੰਦੇ ਕਿ ਤੁਹਾਡਾ ਕੰਮ ਹੋਇਆ ਨਹੀਂ ਹਾਲੇ? ਜਥੇਦਾਰ ਹੱਸ ਕੇ ਕਹਿੰਦਾ, “ਬੀਬੀ ਜੀ ਆਪੇ ਈ ਬੁੱਝ ਲਉ … … ਮੰਤਰੀਆਂ-ਸੰਤਰੀਆਂ ਤੋਂ ਕੰਮ ਕਰਵਾਕੇ ਸ਼ਹਿਰੀਏ ਲੋਕ ਹੀ ਸ਼ੁਕਰਾਨੇ ਹਿਤ ਮਠਿਆਈ ਦਾ ਡੱਬਾ ਲੈ ਕੇ ਆਉਂਦੇ ਹੁੰਦੇ ਐ, ਪੇਂਡੂ ਤਾਂ ਮੁੜਕੇ ਆਉਂਦੇ ਹੀ ਨਹੀਂ ਹੁੰਦੇ! ਜੇ ਉਹ ਆ ਜਾਣ ਤਾਂ ਸਮਝੋ ਕੰਮ ਹੋਇਆ ਨਹੀਂ ਹੁੰਦਾ।”
ਸ਼੍ਰੋਮਣੀ ਕਮੇਟੀ ਦੀ ਚੋਣ ਤੋਂ ਬਾਅਦ ਸੰਨ 2001 ਵਿੱਚ ਮੇਰੇ ਪਿੰਡ ਵਾਲਿਆਂ ਨੇ ਜ਼ੋਰ ਪਾ ਕੇ ਮੈਨੂੰ ਸਰਪੰਚੀ ਦੀ ਚੋਣ ਲਈ ਖੜ੍ਹਾ ਕਰ ਦਿੱਤਾ। ਪੇਂਡੂ ਪਿਛੋਕੜ ਵਾਲਾ ਮੇਰਾ ਇੱਕ ਪ੍ਰੋਫੈਸਰ ਮਿੱਤਰ ਮੈਨੂੰ ਮਿਲ਼ ਕੇ ਪੰਚਾਇਤੀ ਚੋਣ ਬਾਰੇ ਕਈ ਗੁੰਝਲ਼ਦਾਰ ਨੁਕਤਿਆਂ ਤੋਂ ਜਾਣੂ ਕਰਵਾ ਗਿਆ ਅਤੇ ਫੋਨ ’ਤੇ ਵੀ ਮੈਨੂੰ ਕਈ ਤਰ੍ਹਾਂ ਦੇ ਸੁਝਾਅ ਮਸ਼ਵਰੇ ਦਿੰਦਾ ਰਿਹਾ। ਚੋਣ ਜਿੱਤਣ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਉਸ ਨੂੰ ਫੋਨ ਕਰਕੇ ‘ਖੁਸ਼ਖਬਰੀ’ ਸੁਣਾਈ! ਬਾਗੋ ਬਾਗ ਹੁੰਦਿਆਂ ਉਸਨੇ ਮੈਨੂੰ ਕਈ ਵਾਰ ‘ਵਧਾਈਆਂ ਵਧਾਈਆਂ’ ਕਿਹਾ!
ਦਸ ਕੁ ਮਿੰਟ ਬਾਅਦ ਉਸ ਪ੍ਰੋਫੈਸਰ ਦਾ ਫਿਰ ਫੋਨ ਆ ਗਿਆ! ਮੈਂ ਸੋਚਿਆ ਕਿ ਕੋਈ ਖਾਸ ਗੱਲ ਰਹਿ ਗਈ ਹੋਵੇਗੀ। ਪਰ ਜਦੋਂ ਉਸਨੇ ਮੈਨੂੰ ਫਿਰ ਵਧਾਈਆਂ ਦਿੱਤੀਆਂ ਤਾਂ ਮੈਂ ਨਿਮਰ ਭਾਵ ਨਾਲ ਕਿਹਾ ਕਿ ਆਪਣੀਆਂ ‘ਵਧਾਈਆਂ’ ਤਾਂ ਹੁਣੇ ਹੋ ਚੁੱਕੀਆਂ ਨੇ ਪ੍ਰੋਫੈਸਰ ਸਾਹਬ! ਤਾਂ ਉਹ ਹੱਸ ਕੇ ਕਹਿੰਦੇ ਕਿ ਪਹਿਲਾਂ ਤਾਂ ਤੁਸੀਂ ਮੈਨੂੰ ਆਪਣੀ ਜਿੱਤ ਬਾਰੇ ਸੂਚਿਤ ਕੀਤਾ ਸੀ, ਵਧਾਈ ਤਾਂ ਮੈਂ ਤੁਹਾਨੂੰ ਹੁਣ ਦੇ ਰਿਹਾ ਹਾਂ ਭਰਾ ਜੀ!
ਸੰਨ 2004 ਵਿੱਚ ਜਦੋਂ ਮੈਂ ਅਮਰੀਕਾ ਆਇਆ ਤਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਸਬ-ਐਡੀਟਰ ਰਹੇ ਵੱਡੇ ਵੀਰ ਅਮੋਲਕ ਸਿੰਘ ਜੰਮੂ ਨਾਲ ਮੇਰਾ ਮੇਲ਼ ਮਿਲਾਪ ਹੋਇਆ, ਜੋ ਪਹਿਲਾਂ ਤੋਂ ਮੇਰੇ ਜਾਣੂ ਸਨ। ਜਿਵੇਂ ਕਿ ਹੁੰਦਾ ਹੀ ਹੈ ਕਿ ਨਵੇਂ ਨਵੇਂ ਬਣੇ ਪ੍ਰਵਾਸੀਆਂ ਨੂੰ ਪਹਿਲਾਂ ਤੋਂ ਉੱਥੇ ਰਹਿ ਰਹੇ ਪੰਜਾਬੀ ਭਰਾ ‘ਦਿਲ ਖੋਹਲ’ ਕੇ ਨਸੀਹਤਾਂ ਦਿੰਦੇ ਨੇ! ਇਵੇਂ ਜੰਮੂ ਸਾਹਬ ਨੇ ਮੈਨੂੰ ‘ਹਾਏ … ਹੈਲੋ … ਥੈਂਕ ਯੂ’ ਕਹਿਣ ਦਾ ਸਬਕ ਦਿੰਦਿਆਂ ਆਪਣੀ ਇੱਕ ਹੱਡ-ਬੀਤੀ ਸੁਣਾਈ। ਉਹ ਦੱਸਣ ਲੱਗੇ, “ਮੈਂ ਇੱਥੇ ਆ ਕੇ ਡ੍ਰਾਈਵਿੰਗ ਲਾਈਸੈਂਸ ਤਾਂ ਜਲਦੀ ਲੈ ਲਿਆ ਤੇ ਪੁਰਾਣੀ ਕਾਰ ਵੀ ਲੈ ਲਈ ਸੀ ਪਰ ਕਾਰ ਚਲਾਉਣ ਦਾ ਮੈਨੂੰ ਕੋਈ ਤਜਰਬਾ ਨਹੀਂ ਸੀ, ਇਸ ਕਰਕੇ ਇੱਕ ਵਾਰ ਹਾਈਵੇ ’ਤੇ ਜਾਂਦਿਆਂ ਮੈਂ ਡੈਸ਼ਬੋਰਡ ਉੱਤੇ ਤੇਲ ਵਾਲੀ ਸੂਈ ਵੱਲ ਧਿਆਨ ਹੀ ਨਾ ਦਿੱਤਾ। ਰਾਹ ਵਿੱਚ ਕਾਰ ਰੁਕ ਗਈ ਤਾਂ ਮੈਂ ਦੇਖਿਆ ਕਿ ਤੇਲ ਖਤਮ ਹੋ ਗਿਆ ਹੈ। ਹਾਈਵੇ ਦੀ ਬਾਹਰਲੀ ‘ਸਲੋ ਲੇਨ’ ਵਿੱਚ ਹੋਣ ਕਰਕੇ ਕਾਰ ਤਾਂ ਮੈਂ ਇੱਕ ਪਾਸੇ ’ਤੇ ਲਾ ਲਈ ਪਰ ਕਰਦਾ ਕੀ? ਮੋਬਾਇਲ ਫੋਨ ਉਦੋਂ ਹੁੰਦੇ ਨਹੀਂ ਸਨ। ਬੱਸ ‘ਰਾਮ ਭਰੋਸੇ’ ਖੜ੍ਹਕੇ ਸ਼ੂਟ ਵੱਟੀ ਜਾਂਦੀਆਂ ਕਾਰਾਂ ਵੱਲ ਇਹ ਸੋਚ ਕੇ ਦੇਖਦਾ ਰਿਹਾ ਕਿ ਕੋਈ ਜਣਾ ਤਾਂ ਮੇਰੇ ’ਤੇ ਤਰਸ ਕਰਕੇ ਰੁਕੇਗਾ ਹੀ! ... ਲਉ ਜੀ, ਥੋੜ੍ਹੇ ਚਿਰ ਬਾਅਦ ਇੱਕ ਗੋਰੇ ਨੇ ਮੇਰੇ ਲਾਗੇ ਆ ਕੇ ਕਾਰ ਰੋਕ ਲਈ। ਮੈਂ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਤੇਲ ਮੁੱਕਣ ਦੀ ਗੱਲ ਦੱਸੀ। ਉਸਨੇ ਆਪਣੀ ਕਾਰ ਦੀ ਡਿੱਗੀ ਵਿੱਚੋਂ ਇੱਕ ਡੱਬਾ ਤੇ ਟਿਊਬ ਕੱਢੀ ਤੇ ਆਪਣੀ ਕਾਰ ਵਿੱਚੋਂ ਤੇਲ ਕੱਢ ਕੇ ਮੇਰੀ ਕਾਰ ਵਿੱਚ ਪਾ ਦਿੱਤਾ। ਉਸਦੇ ਕੋਟਾਨਿ ਕੋਟਿ ਧੰਨਵਾਦ ਹਿਤ ਮੈਂ ਉਸ ਨੂੰ ‘ਥੈਂਕ ਯੂ, ਥੈਂਕ ਯੂ!’ ਕਿਹਾ ਤਾਂ ਉਹ ਗੋਰਾ ਕਹਿੰਦਾ ਕਿ ਥੈਂਕ ਯੂ ਦੇ ਨਾਲ ਨਾਲ਼ ਮੇਰੇ ਨਾਲ ਇਹ ਵਾਅਦਾ ਵੀ ਕਰ ਕਿ ਤੂੰ ਆਪਣੀ ਕਾਰ ਦੀ ਡਿੱਗੀ ਵਿੱਚ ਮੇਰੇ ਵਾਂਗ ਟਿਊਬ ਅਤੇ ਡੱਬਾ ਜ਼ਰੂਰ ਰੱਖੇਂਗਾ ਅਤੇ ਸੜਕ ’ਤੇ ਖੜ੍ਹੇ ਕਿਸੇ ਵੀ ਲੋੜਵੰਦ ਕੋਲ਼ੋਂ ਚੁੱਪ ਚੁਪੀਤਾ ਨਹੀਂ ਲੰਘੇਂਗਾ, ਸਗੋਂ ਉਸਦੀ ਯਥਾਸ਼ਕਤਿ ਮਦਦ ਕਰੇਂਗਾ!”
ਮੈਂ ਸੋਚਿਆ ਕਿ ਆਪਣੇ ਘੁੱਟ ਕੇ ਲੜ ਬੰਨ੍ਹੇ ਹੋਏ ਸ਼ੁਕਰਾਨੇ ਅਤੇ ਵਧਾਈ ਦੇਣ ਦੇ ਇਹ ਕੁਝ ਨੁਸਖੇ ਹੋਰਾਂ ਨਾਲ ਵੀ ਸਾਂਝੇ ਕਰ ਦਿਆਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5148)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: This email address is being protected from spambots. You need JavaScript enabled to view it.