TarlochanSDupalpur6ਸਰਕਾਰੀ ਦਫਤਰਾਂ ਦੇ ਬਾਬੂਆਂ ਕੋਲ ਬਹੁਤ ਸਾਰੀਆਂ ਐਸੀਆਂ ‘ਜੁਗਤਾਂ’ ਹੁੰਦੀਆਂ ਹਨ ਜਿਨ੍ਹਾਂ ਦਾ ਵਜ਼ੀਰਾਂ ਜਾਂ ਵੱਡੇ ...
(18 ਦਸੰਬਰ 2023)
ਇਸ ਸਮੇਂ ਪਾਠਕ: 215.


ਸਿਆਸਤ ਤੋਂ ਬਾਅਦ ਪੱਤਰਕਾਰੀ ਨਾਲ ਥੋੜ੍ਹਾ ਬਹੁਤ ਸਬੰਧਿਤ ਹੋਣ ਦੇ ਨਾਲ ਨਾਲ਼, ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੂੰ ‘ਸਲਾਹ ਦੇਣ’ ਦਾ ਮੇਰਾ ਹੱਕ ਇਸ ਲਈ ਵੀ ਬਣਦਾ ਹੈ ਕਿਉਂਕਿ ਉਨ੍ਹਾਂ ਨੇ ਇੱਕ ਸਮੇਂ ਪੀ.ਪੀ.ਪੀ. ਛੱਡ ਕੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਸਲਾਹ ਮੈਥੋਂ ਵੀ ਮੰਗੀ ਸੀ। ਮਾਨ ਸਾਹਿਬ ਨੇ ਕੁੱਲ ਮਿਲਾ ਕੇ ਮੈਨੂੰ ਤਿੰਨ ਵਾਰ ਫੋਨ ਕੀਤਾ। ਪਹਿਲੀ ਵਾਰ ਉਦੋਂ ਜਦੋਂ ਉਹ ਪੀ.ਪੀ.ਪੀ. ਵੱਲੋਂ ਚੋਣ ਲੜ ਰਹੇ ਸਨ। ਉਨ੍ਹਾਂ ਦੀ ਕਲਾਕਾਰੀ ਦਾ ਪ੍ਰਸ਼ੰਸਕ ਹੋਣ ਨਾਤੇ ਮੈਂ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਮੈਂ ਸਬੰਧਿਤ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਸੀ ਕਿ ਜਿਵੇਂ ਦਸਵੇਂ ਗੁਰੂ ਜੀ ਨੇ ਭੰਡਾਂ ਵੱਲੋਂ ਮਸੰਦਾਂ ਦੀਆਂ ਲਾਈਆਂ ਨਕਲਾਂ ਨੂੰ ਕੇਵਲ ਹਾਸਾ ਮਜ਼ਾਕ ਜਾਂ ਸੰਗਤ ਦੇ ਮਨੋਰੰਜਨ ਵਜੋਂ ਹੀ ਨਹੀਂ ਸੀ ਦੇਖਿਆ ਸਗੋਂ ਭ੍ਰਿਸ਼ਟ ਮਸੰਦਾਂ ਨੂੰ ਤਤਕਾਲ ਹੀ ਕਰੜੀ ਸਜ਼ਾ ਦਿੱਤੀ ਸੀ। ਬਿਲਕੁਲ ਉਵੇਂ ਹੀ ਭਗਵੰਤ ਮਾਨ ਵੱਲੋਂ ਵਰ੍ਹਿਆਂ ਤੋਂ ਆਪਣੀ ਵਿਅੰਗ-ਕਲਾ ਰਾਹੀਂ ਭ੍ਰਿਸ਼ਟਾਚਾਰ ਦੇ ਪਰਦੇ ਫਾਸ਼ ਕਰਨ ਦਾ ਮੁੱਲ ਮੋੜ ਦਿਉ ਹਲਕੇ ਦੇ ਵੋਟਰੋ ਜੀ! ਅਖਬਾਰਾਂ ਵਿੱਚ ਛਪਿਆ ਉਹ ਲੇਖ ਪੜ੍ਹ ਕੇ ਹੀ ਮੈਨੂੰ ਮਾਨ ਸਾਹਬ ਨੇ ਪਹਿਲੀ ਵਾਰ ਫੋਨ ਕਰਕੇ ਮੇਰਾ ਧੰਨਵਾਦ ਕੀਤਾ ਸੀ। ਦੂਜੀ ਵਾਰ ਉਨ੍ਹਾਂ ਮੈਨੂੰ ਫੋਨ ਕਰਕੇ ਪੀ.ਪੀ.ਪੀ. ਛੱਡ ਕੇ ‘ਆਪ’ ਵਿੱਚ ਜਾਣ ਬਾਰੇ ਮੇਰੀ ਰਾਏ ਪੁੱਛੀ ਸੀ। ਤੀਜੀ ਵਾਰ ਉਨ੍ਹਾਂ ਨੇ ਅਮਰੀਕਾ ਵਿੱਚ ਸਾਡੇ ਗੁਆਂਢ ਵਿੱਚ ਰਹਿੰਦੇ ਆਪਣੇ ਹਮਜਮਾਤੀ ਰਹੇ ਤਰਨਜੀਤ ਸਿੰਘ ਟਿਵਾਣਾ ਨਾਲ ਕਾਨਫ੍ਰੰਸਿੰਗ ਕਾਲ ਕਰਦਿਆਂ ਮੇਰੀਆਂ ਅਖਬਾਰੀ ਲਿਖਤਾਂ ਦੀ ਤਾਰੀਫ ਕੀਤੀ ਸੀ ਅਤੇ ਉਸ ਮੌਕੇ ਬੜੇ ਮੋਹ ਨਾਲ ਉਨ੍ਹਾਂ ਨੇ ਮੇਰੀ ਬੇਟੀ ਅਤੇ ਪਤਨੀ ਨਾਲ ਵੀ ਗੱਲਾਂ ਕੀਤੀਆਂ ਸਨ। ਉਸ ਤੋਂ ਬਾਅਦ ਮੈਂ ਸੰਨ ਸਤਾਰਾਂ ਵਿੱਚ ਅਮਰੀਕਾ ਤੋਂ ਪੰਜਾਬ ਜਾ ਕੇ ‘ਆਪ’ ਵੱਲੋਂ ਪਹਿਲੀ ਵਾਰ ਲੜੀਆਂ ਵਿਧਾਨ ਸਭਾਈ ਚੋਣਾਂ ਮੌਕੇ ਮਾਨ ਸਾਹਬ ਨਾਲ ਕੁਝ ਚੋਣ ਰੈਲੀਆਂ ਵਿੱਚ ਵੀ ਸ਼ਾਮਲ ਹੋਇਆ ਸਾਂ। ਉਦੋਂ ਹੀ ਮੈਂ ਆਮ ਆਦਮੀ ਪਾਰਟੀ ਦੇ ਕੁਝ ਹੋਰ ਆਗੂਆਂ ਨਾਲ ਵੀ ਮੇਲ-ਮੁਲਾਕਾਤਾਂ ਕੀਤੀਆਂ ਸਨ। ਸੋ ਤਦ ਕਰਕੇ ਹੁਣ ਮੈਂ ਮਾਨ ਸਾਹਬ ਨੂੰ ਬਿਨ-ਮੰਗੀ ਸਲਾਹ ਦੇ ਰਿਹਾ ਹਾਂ।

ਮਾਨ ਸਾਹਬ ਜੀ ਮੈਂ ਤੁਹਾਨੂੰ ਸਲਾਹ ਵੀ ਤੁਹਾਡੀ ਮਨਪਸੰਦ ਸ਼ੈਲੀ ਵਿੱਚ ਹੀ ਦੇਣ ਜਾ ਰਿਹਾ ਹਾਂ। ਤੁਹਾਡੇ ਬਾਰੇ ਸਾਰਾ ਜੱਗ ਜਾਣਦਾ ਹੈ ਕਿ ਪਹਿਲੀ ਵਾਰ ਮੁੱਖ ਮੰਤਰੀ ਬਣੇ ਹੋਣ ਦੇ ਨਾਤੇ ਤੁਹਾਨੂੰ ਅਫਸਰਸ਼ਾਹੀ ਨਾਲ ਨਜਿੱਠਣ ਦਾ ਬਹੁਤਾ ਤਜਰਬਾ ਨਹੀਂ ਹੈ। ਇਹ ਵੀ ਸੱਚ ਹੈ ਕਿ ਤੁਹਾਡੀ ਸਰਕਾਰ ਦੇ ਮਿਥੇ ਸਾਰੇ ਕਾਰਜ ਅਫਸਰਾਂ ਨੇ ਹੀ ਕਰਨੇ-ਕਰਾਉਣੇ ਹਨ, ਤੁਸੀਂ ਜਾਂ ਤੁਹਾਡੀ ਪਾਰਟੀ ਦੇ ਵਿਧਾਨਕਾਰਾਂ ਨੇ ਖੁਦ ਹੱਥੀਂ ਨਹੀਂ ਕਰਨੇ। ਸਰਕਾਰੀ ਕਾਰ ਵਿਹਾਰ ਚੁਸਤੀ, ਦਰੁਸਤੀ ਅਤੇ ਫੁਰਤੀ ਨਾਲ ਕਰਵਾਉਣ ਲਈ ਆਪਣੇ ਬਚਪਨ ਦੀ ਇੱਕ ਮਿਸਾਲ ਦੇ ਰਿਹਾ ਹਾਂ

ਸੱਤਵੀਂ ਅੱਠਵੀਂ ਵਿੱਚ ਪੜ੍ਹਨ ਸਮੇਂ ਇੱਕ ਵਾਰ ਅਸੀਂ ਤਿੰਨੋਂ ਭਰਾ ਆਪਣੀ ਟੋਕਾ ਮਸ਼ੀਨ ਨਾਲ ਪੱਠੇ ਕੁਤਰ ਰਹੇ ਸਾਂ। ਪਰ ਮਸ਼ੀਨ ਜੂਠ (ਬਿਨ ਕੁਤਰੇ ਪੱਠੇ) ਛੱਡੀ ਜਾ ਰਹੀ ਸੀ। ਪੱਠਿਆਂ ਦੇ ਗਾਲ਼ੇ ਲਾਉਣੇ ਛੱਡ ਕੇ ਛੋਟੇ ਭਰਾ ਤੋਂ ਖਿਝ ਕੇ ਮੈਂ ਹੱਥੀ ਫੜ ਲਈ ਕਿ ਤੈਥੋਂ ਮਸ਼ੀਨ ਤੇਜ਼ ਨਹੀਂ ਘੁਮਾ ਹੁੰਦੀ। ਪਰ ਜਦੋਂ ਮੈਂ ਪੂਰਾ ਤਾਣ ਲਾ ਕੇ ਮਸ਼ੀਨ ਤੇਜ਼ ਘੁਮਾਈ, ਜੂਠ ਸਗੋਂ ਪਹਿਲਾਂ ਨਾਲ਼ੋਂ ਜ਼ਿਆਦਾ ਨਿਕਲਣ ਲੱਗ ਪਈ। ਸਾਨੂੰ ਖਿਝੇ ਝੁੰਜਲਾਏ ਦੇਖ ਕੇ ਥੋੜ੍ਹੀ ਦੂਰ ਖੜ੍ਹੇ ਭਾਈਆ ਜੀ ਹੱਸ ਪਏ। ਉਹ ਘਰ ਅੰਦਰੋਂ ਰੇਤੀ ਚੁੱਕ ਲਿਆਏ ਤੇ ਸਾਨੂੰ ਮਸ਼ੀਨ ਤੋਂ ਪਿੱਛੇ ਹਟਾਉਂਦਿਆਂ ਕਹਿੰਦੇ, “ਉਏ ਕਮਲ਼ਿਉ, ਮਸ਼ੀਨ ਦੇ ਜੂਠ ਛੱਡਣ ਦਾ ‘ਇਲਾਜ’ ਮਸ਼ੀਨ ਤੇਜ਼ ਚਲਾਉਣ ਨਾਲ ਨੀ ਹੋਣਾ, ਨੁਕਸ ਤਾਂ ਇਹਦੇ ਖੁੰਢੇ ਹੋਏ ਗੰਡਾਸਿਆਂ ਦਾ ਐ!”

ਭਾਈਆ ਜੀ ਨੇ ਗੰਡਾਸਿਆਂ ਉੱਤੇ ਰੇਤੀ ਰਗੜ ਕੇ ਤਿੱਖੀਆਂ ਧਾਰਾਂ ਬੰਨ੍ਹ ਦਿੱਤੀਆਂ! ਫਿਰ ਅਸੀਂ ਮਸ਼ੀਨ ਭਾਵੇਂ ਹੌਲ਼ੀ ਹੌਲ਼ੀ ਗੇੜਦੇ ਰਹੇ ਪਰ ਮੋਹਰੇ ਕੁਤਰਾ ਇੱਕ ਦਮ ਬਰੀਕ ਹੁੰਦਾ ਰਿਹਾ! ਜੂਠ ਨਿਕਲਣੀ ਬਿਲਕੁਲ ਬੰਦ ਹੋ ਗਈ।

ਡੈਮੋਕ੍ਰੇਸੀ ਇੱਕ ਐਸੀ ਅਲਬੇਲੀ ਦੁਲਹਨ ਹੈ,
ਜਿਸਕਾ ਘੁੰਘਟ ਅਬ ਤਕ ਹਮ ਸੇ ਖੋਲ੍ਹ ਨਹੀਂ ਹੋਤਾ

ਨਿਸਫ (ਅੱਧੀ) ਸਦੀ ਸੇ ਸੋਚ ਰਹੇ ਹੈਂ ਹਮ ਮੂੰਹ ਲਟਕਾਏ,
ਭ੍ਰਿਸ਼ਟਾਚਾਰ ਕਾ ਬਿਸਤਰ ਕਿਉਂ ਕਰ ਗੋਲ ਨਹੀਂ ਹੋਤਾ
?

ਆਖਰ ਵਿੱਚ ਇਸ ਲੇਖ ਦੇ ਸਿਰਲੇਖ ਵਿੱਚ ‘ਬ੍ਰੈਕਟਾਂ ਪਾਉਣ’ ਵਾਲ਼ੇ ਬਾਬੂਆਂ ਤੋਂ ਬਚ ਕੇ ਰਹਿਣ ਬਾਰੇ ਕਿਉਂ ਲਿਖਿਆ ਹੈ, ਇਹ ਕਿੱਸਾ ਵੀ ਦਿਲਚਸਪ ਅਤੇ ਗੌਰ ਨਾਲ ਪੜ੍ਹਨ ਵਾਲ਼ਾ ਹੈਇੱਕ ਲੋਕ-ਰੁਚੀ ਕਥਾ ਹੈ - ਕਹਿੰਦੇ ਹਨ ਇੱਕ ਬੰਦੇ ਦੀ ਰੱਬ ਨਾਲ ਯਾਰੀ ਪੈ ਗਈ। ਉਹ ਜਦੋਂ ਵੀ ਦਰਗਾਹ ਵਿੱਚ ਜਾਇਆ ਕਰੇ ਤਾਂ ਕਿਸੇ ਪੀ.ਏ. ਜਾਂ ਕਿਸੇ ਹੋਰ ਸਹਾਇਕ ਅਫਸਰ ਤੋਂ ਇਜਾਜ਼ਤ ਲੈਣ ਦੀ ਬਜਾਏ ਸਿੱਧਾ ਹੀ ਰੱਬ ਦੇ ਦਫਤਰ ਜਾ ਵੜਿਆ ਕਰੇ, ਤੇ ਅੰਦਰ ਚਾਹ-ਪਾਣੀ ਛਕ ਕੇ ਤੇ ਆਪਣਾ ਕੋਈ ਕੰਮ ਕਰਵਾਉਣ ਬਾਅਦ ਦਫਤਰੋਂ ਨਿਕਲ਼ ਜਾਇਆ ਕਰੇ। ਰੱਬ ਦੇ ਸੈਕਟਰੀ ਵਗੈਰਾ ਮਨ ਹੀ ਮਨ ਬੜੇ ਸੜਿਆ ਕਰਨ ਕਿ ਇਹ ਬੰਦਾ ਸਾਡੀ ਬਾਤ ਹੀ ਨਹੀਂ ਪੁੱਛਦਾ! ਇੱਕ ਦਿਨ ਕੀ ਹੋਇਆ, ਰੱਬ ਦਾ ਯਾਰ ਬੰਦਾ ਨਰਕ ਵਿੱਚ ਗਏ ਹੋਏ ਆਪਣੇ ਕਿਸੇ ਰਿਸ਼ਤੇਦਾਰ ਦਾ ਸਿਫਾਰਸ਼ੀ ਬਣ ਕੇ ਰੱਬ ਨੂੰ ਕਹਿਣ ਗਿਆ ਕਿ ਜੀ ਇਹਦੇ ਕਿਸੇ ਰਾਜੇ, ਬਾਦਸ਼ਾਹ ਦੇ ਘਰ ਜਨਮ ਲੈਣ ਲਈ ‘ਆਰਡਰ’ ਕੱਢ ਦਿਉ! ਰੱਬ ਕਿਸੇ ਕਾਹਲ਼ ਵਿੱਚ ਸੀ, ਉਹਨੇ ਆਪਣੇ ਸੈਕਟਰੀ ਨੂੰ ਅਵਾਜ਼ ਮਾਰ ਕੇ ਆਰਡਰ ਕੱਢਣ ਲਈ ਕਹਿ ਦਿੱਤਾ। ਰੱਬ ਦੇ ਦਫਤਰੋਂ ਹੋਏ ਆਰਡਰਾਂ ਮੁਤਾਬਕ ਨਰਕ ਵਾਲ਼ੇ ਬੰਦੇ ਦਾ ਧਰਤੀ ’ਤੇ ਜਨਮ ਤਾਂ ਹੋ ਗਿਆ ਪਰ ਉਹ ਪੰਜਾਬ ਵਿੱਚ ਉਸ ਪਰਿਵਾਰ ਵਿੱਚ ਪੈਦਾ ਹੋ ਗਿਆ ਜਿਨ੍ਹਾਂ ਨੂੰ ਪੇਂਡੂ ਵਰਤੋਂ ਵਿਹਾਰ ਵਿੱਚ ‘ਰਾਜੇ’ ਕਿਹਾ ਜਾਂਦਾ ਹੈ ਪਰ ਅਕਸਰ ਉਹ ਵਿਚਾਰੇ ਹਮ੍ਹਾਤੜ ਹੀ ਹੁੰਦੇ ਹਨ!

ਇਹ ਦੇਖ ਕੇ ਰੱਬ ਦੇ ਯਾਰ ਬੰਦੇ ਨੂੰ ਬੜਾ ਹਿਰਖ ਆਇਆ! ਉਹ ਭਰਿਆ ਪੀਤਾ ਰੱਬ ਕੋਲ ਗਿਆ ਤੇ ਸ਼ਿਕਾਇਤ ਕੀਤੀ ਕਿ ਇਹ ਉਲਟਾ-ਪੁਲਟਾ ਕਿਵੇਂ ਹੋ ਗਿਆ? ਰੱਬ ਨੇ ਸੈਕਟਰੀ ਵੱਲੋਂ ਕੱਢੇ ਹੋਏ ਆਰਡਰ ਦੀ ਕਾਪੀ ਮੰਗਵਾਈ ਤਾਂ ਉਹਦੇ ਉੱਤੇ ਰਾਜੇ ਦੇ ਘਰ ਜਨਮ ਹੋਣ ਦੀ ਗੱਲ ਤਾਂ ਸਹੀ ਸਹੀ ਲਿਖੀ ਹੋਈ ਸੀ ਪਰ ਰਾਜੇ ਸ਼ਬਦ ਦੇ ਨਾਲ ਹੀ ਬਰੀਕ ਜਿਹੀ ਬ੍ਰੈਕਟ ਵਿੱਚ (ਨਾਈ) ਵੀ ਲਿਖਿਆ ਹੋਇਆ ਸੀ!

ਸਰਕਾਰੀ ਦਫਤਰਾਂ ਦੇ ਬਾਬੂਆਂ ਕੋਲ ਬਹੁਤ ਸਾਰੀਆਂ ਐਸੀਆਂ ‘ਜੁਗਤਾਂ’ ਹੁੰਦੀਆਂ ਹਨ ਜਿਨ੍ਹਾਂ ਦਾ ਵਜ਼ੀਰਾਂ ਜਾਂ ਵੱਡੇ ਅਫਸਰਾਂ ਨੂੰ ਵੀ ਇਲਮ ਨਹੀਂ ਹੁੰਦਾ। ਉਨ੍ਹਾਂ ਕੋਲ ਕੋਈ ਨਾ ਕੋਈ ‘ਮਾਸਟਰ ਕੀਅ’ ਹੁੰਦੀ ਹੈ ਜਿਸਦੀ ਵਰਤੋਂ ਕਰਕੇ ਉਹ ਵਿਗੜੇ ਹੋਏ ਕੰਮ ਸਵਾਰ ਵੀ ਲੈਂਦੇ ਹਨ ਅਤੇ ਸਿੱਧ-ਪੱਧਰੇ ਕੰਮਾਂ ਵਿੱਚ ਅੜਿੱਕੇ ਵੀ ਖੜ੍ਹੇ ਕਰ ਦਿੰਦੇ ਹਨ:

ਸਾਰੇ ਲੀਡਰ ਹਿੰਮਤ ਹਾਰੇ ਸਾਰੇ ਅਫਸਰ ਬੇਵੱਸ ਥੇ,
ਦਸ ਰੁਪਏ ਮੇਂ ਬਾਬੂ ਜੀ ਨੇ ਮੇਰਾ ਸਾਰਾ ਕਾਮ ਕੀਆ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4554)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਤਰਲੋਚਨ ਸਿੰਘ ਦੁਪਾਲਪੁਰ

ਤਰਲੋਚਨ ਸਿੰਘ ਦੁਪਾਲਪੁਰ

San Jose, California, USA.
Phone: (408 - 915 - 1268)
Email: (tsdupalpuri@yahoo.com)

More articles from this author