“ਚੱਲ, ਜੇ ਤੈਨੂੰ ਪੜ੍ਹਾਈ ਸਮਝ ਨਹੀਂ ਪੈਂਦੀ ਤਾਂ ਤੂੰ ਕੋਈ ਹੋਰ ਵੱਡਾ ਕੰਮ ਕਰ ਕੇ ਹੀ ਵਿਖਾ ਦੇ। ਮੇਰੇ ਦੁੱਧ ਨੂੰ ਲਾਜ ...”
(10 ਅਗਸਤ 2024)
ਉਦੋਂ ਮੇਰੀ ਬੇਟੀ ਦਸਮਨੂਰ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਉਸ ਨੂੰ ਸਕੂਲ ਤੋਂ ਘਰ ਦਾ ਕੰਮ ਮਿਲਿਆ ਕਿ ਉਸ ਨੇ ‘ਮੇਰੀ ਮਾਂ’ ਵਿਸ਼ੇ ’ਤੇ ਮੌਲਿਕ ਲੇਖ ਲਿਖ ਕੇ ਲਿਆਉਣਾ ਹੈ। ਅਸੀਂ ਦੋਵਾਂ ਜੀਆਂ ਨੇ ਉਸ ਦੀ ਕੋਈ ਵੀ ਸਹਾਇਤਾ ਨਾ ਕਰਨ ਬਾਰੇ ਉਸ ਨੂੰ ਆਖ ਦਿੱਤਾ। ਉਸ ਨੇ ਕਈ ਸਤਰਾਂ ਜੋੜ ਲਈਆਂ। ਇਹਨਾਂ ਨੂੰ ਪੜ੍ਹ ਕੇ ਮੈਂ ਉਸ ਨੂੰ ਸ਼ਾਬਾਸ਼ ਦਿੱਤੀ। ਉਸ ਨੇ ਸਵਾਲ ਦਾਗਿਆ, “ਪਾਪਾ, ਜੇ ਤੁਹਾਨੂੰ ਇਹ ਲੇਖ ਲਿਖਣਾ ਪੈਂਦਾ ਤਾਂ ਤੁਸੀਂ ਕੀ ਲਿਖਦੇ?”
ਉਸ ਦਾ ਇਹ ਸਵਾਲ ਸੁਣਦੇ ਸਾਰ ਮੈਂ ਅਤੀਤ ਵਿੱਚ ਗੁਆਚ ਗਿਆ ਸਾਂ। ਜਦੋਂ ਮੈਂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸਾਂ ਤਾਂ ਸਾਡੇ ਸਕੂਲ ਦੇ ਦਫਤਰ ਅੱਗੇ ਕਈ ਪੋਸਟਰ ਪੱਕੇ ਹੀ ਲਗਾਏ ਹੋਏ ਸਨ। ਇਹਨਾਂ ਵਿੱਚੋਂ ਇੱਕ ਸਦਾ ਮੇਰਾ ਧਿਆਨ ਖਿੱਚਦਾ ਰਹਿੰਦਾ। ਇਸ ਵਿੱਚ ਦੋ ਔਰਤਾਂ ਵਿਖਾਈਆਂ ਗਈਆਂ ਸਨ। ਇੱਕ ਔਰਤ ਸੋਹਣੇ ਤੇ ਸਲੀਕੇਦਾਰ ਕੱਪੜੇ ਪਾਈ ਹੋਈ ਸਾਈਕਲ ਉੱਤੇ ਜਾ ਰਹੀ ਸੀ। ਉਸ ਦੇ ਚਿਹਰੇ ’ਤੇ ਖੁਸ਼ੀ, ਸਕੂਨ ਅਤੇ ਸਵੈ-ਵਿਸ਼ਵਾਸ ਸਾਫ਼ ਝਲਕਦਾ ਸੀ। ਇਸਦੇ ਨਾਲ ਹੀ ਸੜਕ ਦੇ ਇੱਕ ਕਿਨਾਰੇ ਪਥਕਣ ਵਿੱਚ ਪਾਥੀਆਂ ਪੱਥਦੀ ਇੱਕ ਔਰਤ ਸਾਈਕਲ ਉੱਤੇ ਜਾ ਰਹੀ ਔਰਤ ਨੂੰ ਗਹੁ ਨਾਲ ਵੇਖ ਰਹੀ ਵਿਖਾਈ ਗਈ ਸੀ। ਪਾਥੀਆਂ ਪੱਥਣ ਵਾਲੀ ਔਰਤ ਦੇ ਚਿਹਰੇ ਉੱਤੇ ਉਦਾਸੀ, ਲਾਚਾਰੀ ਅਤੇ ਪਛਤਾਵੇ ਦੀ ਝਲਕ ਸਾਫ਼ ਵਿਖਾਈ ਦਿੰਦੀ ਸੀ। ਇਸਦੇ ਨਾਲ ਹੀ ਉਸ ਦੇ ਮਨ ਦੀ ਅਵਸਥਾ ਨੂੰ ਬਿਆਨ ਕਰਦੀ ਹੋਈ ਇੱਕ ਸਤਰ ਲਿਖੀ ਹੋਈ ਸੀ, ‘ਕਾਸ਼! ਮੈਂ ਵੀ ਪੜ੍ਹੀ ਹੁੰਦੀ।’
ਇਹ ਪੋਸਟਰ ਮੈਨੂੰ ਆਪਣੀ ਮਾਂ ’ਤੇ ਢੁਕਦਾ ਲਗਦਾ। ਕਿਉਂਕਿ ਸਾਡੇ ਗੁਆਂਢੀ ਪਿੰਡ ਤੋਂ ਇੱਕ ਅਧਿਆਪਕਾ ਸਾਡੇ ਸਕੂਲ ਪੜ੍ਹਾਉਣ ਆਉਂਦੀ ਸੀ। ਉਸ ਦੇ ਪਰਿਵਾਰ ਨਾਲ ਸਾਡੇ ਚੰਗੇ ਘਰੇਲੂ ਸੰਬੰਧ ਸਨ। ਉਹ ਅਧਿਆਪਕਾ ਅਕਸਰ ਹੀ ਸਾਡੇ ਘਰ ਆ ਜਾਂਦੀ ਸੀ। ਜਦੋਂ ਮੈਂ ਆਪਣੀ ਮਾਂ ਅਤੇ ਉਸ ਅਧਿਆਪਕਾ ਨੂੰ ਗੱਲਾਂ ਕਰਦੇ ਵੇਖਦਾ ਤਾਂ ਮੇਰੇ ਮਨ ਵਿੱਚ ਸਕੂਲ ਵਾਲੀ ਤਸਵੀਰ ਘੁੰਮਣ ਲੱਗ ਪੈਂਦੀ। ਮੈਨੂੰ ਆਪਣੀ ਮਾਂ ਲਾਚਾਰ ਤੇ ਬੇਵੱਸ ਹੋਈ ਵਿਖਾਈ ਦਿੰਦੀ ਪਰ ਜਦੋਂ ਮੈਨੂੰ ਉਸ ਅਧਿਆਪਕਾ ਦਾ ਸਵੈ-ਵਿਸ਼ਵਾਸ ਨਜ਼ਰੀਂ ਆਉਂਦਾ ਤਾਂ ਮੈਂ ਸਬਰ ਦਾ ਘੁੱਟ ਭਰ ਕੇ ਰਹਿ ਜਾਂਦਾ।
ਉਸ ਅਧਿਆਪਕਾ ਦੀ ਮੱਤ ਅਨੁਸਾਰ ਮਾਂ ਅਕਸਰ ਹੀ ਸਾਨੂੰ ਆਖਦੀ, “ਜੇ ਮੈਨੂੰ ਅੰਗਰੇਜ਼ੀ ਆਉਣ ਲੱਗ ਪਵੇ ਤਾਂ ਮੈਂ ਤੁਹਾਨੂੰ ਤਿੰਨਾਂ ਨੂੰ ਸਿਰੇ ਲਾ ਕੇ ਹੀ ਸਾਹ ਲਵਾਂਗੀ।” ਇਹ ਸੁਣ-ਸੁਣ ਮੈਨੂੰ ਅੰਗਰੇਜ਼ੀ ਦੀ ਮਹੱਤਤਾ ਬਾਰੇ ਪਤਾ ਲੱਗ ਗਿਆ।
ਜਦੋਂ ਮੈਂ ਛੇਵੀਂ ਜਮਾਤ ਵਿੱਚ ਅੰਗਰੇਜ਼ੀ ਸਿੱਖਣੀ ਸ਼ੁਰੂ ਕੀਤੀ ਤਾਂ ਮੈਂ ਮਾਂ ਨੂੰ ਵੀ ‘ਏ.ਬੀ.ਸੀ.’ ਆਪਣੇ ਨਾਲ ਹੀ ਸਿਖਾਉਣੀ ਸ਼ੁਰੂ ਕਰ ਦਿੱਤੀ। ਕੁਝ ਕੁ ਦਿਨਾਂ ਵਿੱਚ ਹੀ ਟੱਬਰ ਦੇ ਕੁਝ ਜੀਆਂ ਸਮੇਤ ਆਂਢ-ਗੁਆਂਢ ਵਿੱਚ ਪਤਾ ਲੱਗ ਗਿਆ ਕਿ ਮੇਰੀ ਮਾਂ ਅੰਗਰੇਜ਼ੀ ਸਿੱਖਣ ਲੱਗ ਪਈ ਹੈ। ਪਰਿਵਾਰ ਸਾਂਝਾ ਸੀ, ਪਤਾ ਨਹੀਂ ਪਰਿਵਾਰ ਜਾਂ ਆਂਢ-ਗੁਆਂਢ ਵਿੱਚੋਂ ਹੀ ਕਿਸੇ ਨੇ ਮਾਂ ਨੂੰ ਮਿਹਣਾ ਮਾਰ ਦਿੱਤਾ, “ਐਸ ਉਮਰੇ ਅੰਗਰੇਜ਼ੀ ਸਿੱਖ ਕੇ ਇਹ ਤਾਂ ਮਾਸਟਰਣੀ ਲੱਗੀ ਲਓ।”
ਇਸ ਗੱਲ ਦਾ ਮੈਨੂੰ ਪਤਾ ਨਹੀਂ ਸੀ। ਮੈਂ ਮਾਂ ਨੂੰ ਬਹੁਤ ਵਾਰ ਅੰਗਰੇਜ਼ੀ ਸਿਖਾਉਣ ਦਾ ਯਤਨ ਕੀਤਾ ਪਰ ਉਹ ਮੈਨੂੰ ਟਾਲ਼ਦੀ ਰਹਿੰਦੀ, “ਪੁੱਤ, ਹੁਣ ਮੈਂ ਨਹੀਂ ਅੰਗਰੇਜ਼ੀ ਸਿੱਖਣੀ, ਹੁਣ ਮੇਰੇ ਪੁੱਤ ਅੰਗਰੇਜ਼ੀ ਸਿੱਖਣਗੇ ਹੀ ਨਹੀਂ, ਸਗੋਂ ਸਿਖਾਉਣਗੇ ਵੀ।”
ਏ.ਸੀ. ਵਾਲੇ ਕਮਰੇ ਵਿੱਚ ਬੈਠ ਕੇ ਪੜ੍ਹਾਉਂਦੇ ਵੇਲੇ, ਮੈਂ ਮਾਂ ਬਾਰੇ ਦਸਮਨੂਰ ਨੂੰ ਬਹੁਤ ਗੱਲਾਂ ਦੱਸੀਆਂ। ਸ਼ਾਇਦ ਉਦੋਂ ਤਾਂ ਉਸ ਨੂੰ ਘੱਟ ਹੀ ਸਮਝ ਲੱਗੀਆਂ ਹੋਣਗੀਆਂ ਪਰ ਜਦੋਂ ਅੱਜ ਉਸ ਦਾ ਵਿਵਹਾਰ ਵੇਖਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਇਹਨਾਂ ਗੱਲਾਂ ਦਾ ਉਸ ਉੱਤੇ ਗਹਿਰਾ ਅਸਰ ਹੋਇਆ ਹੋਇਆ ਹੈ।
ਮੈਂ ਉਸ ਨੂੰ ਦੱਸਿਆ ਸੀ ਕਿ ਮੇਰੀ ਮਾਂ ਪੰਜ ਜਮਾਤਾਂ ਹੀ ਪਾਸ ਹੈ ਪਰ ਉਸ ਦੀਆਂ ਇਹਨਾਂ ਪੰਜ ਜਮਾਤਾਂ ਨੇ ਆਪਣੇ ਤਿੰਨ ਪੁੱਤਾਂ ਅਤੇ ਛੇ ਪੋਤੇ-ਪੋਤੀਆਂ ਨੂੰ ਡੇਢ ਸੌ ਤੋਂ ਵੀ ਵੱਧ ਜਮਾਤਾਂ ਪਾਸ ਕਰਵਾ ਦਿੱਤੀਆਂ ਹਨ। ਉਸ ਨੂੰ ਆਪਣੀ ਪੜ੍ਹਾਈ ਛੁੱਟਣ ਦਾ ਇੰਨਾ ਜ਼ਿਆਦਾ ਝੋਰਾ ਹੈ ਕਿ ਉਹ ਆਪਣੇ ਪੁੱਤ-ਪੋਤਿਆਂ ਦੀ ਅਗਲੇਰੀ ਪੜ੍ਹਾਈ ਲਈ ਆਪਣੀ ਜਾਨ ਤਕ ਵਾਰਨ ’ਤੇ ਚਲੀ ਜਾਂਦੀ ਹੈ। ਉਸ ਨੇ ਆਪਣੇ ਪੁੱਤਰਾਂ ਨੂੰ ਪੜ੍ਹਾਉਣ ਲਈ ਗੋਹੇ ਦੇ ਵੱਡੇ-ਵੱਡੇ ਢੇਰ ਪੱਥੇ। ਪਾਥੀਆਂ ਨੂੰ ਵੇਚ-ਵੇਚ ਕੇ ਸਾਡੀ ਫੀਸ ਭਰਦੀ ਰਹੀ। ਜਦੋਂ ਸਾਡੇ ਵਿੱਚੋਂ ਕਿਸੇ ਨੇ ਅਗਲੀ ਜਮਾਤ ਵਿੱਚ ਪੁੱਜ ਕੇ ਦਾਖਲਾ ਲੈਣਾ ਹੁੰਦਾ ਤਾਂ ਫੀਸ ਭਰਨ ਦੀ ਚਿੰਤਾ ਉਸ ਨੂੰ ਘੇਰ ਲੈਂਦੀ। ਇਸਦਾ ਇੱਕ ਹੀ ਹੱਲ ਨਿਕਲਦਾ ਸੀ ਕਿ ਘਰ ਵਿੱਚ ਇੱਕ ਹੋਰ ਪਸ਼ੂ ਲਿਆਂਦਾ ਜਾਵੇ ਅਤੇ ਉਸ ਦਾ ਦੁੱਧ ਵੇਚ ਕੇ ਫੀਸ ਦਾ ਪ੍ਰਬੰਧ ਕੀਤਾ ਜਾਵੇ।
ਸਾਡੀਆਂ ਜਮਾਤਾਂ ਦੀ ਫੀਸ ਦਾ ਖਰਚਾ ਵਧਣ ਦੇ ਨਾਲ-ਨਾਲ ਸਾਡੇ ਘਰ ਵਿੱਚ ਪਸ਼ੂਆਂ ਦੀ ਗਿਣਤੀ ਵੀ ਵਧਦੀ ਗਈ। ਇਸਦੇ ਨਾਲ ਹੀ ਮਾਂ ਦੇ ਅੱਗੇ ਪਸ਼ੂ ਸਾਂਭਣ ਦੇ ਨਾਲ-ਨਾਲ ਗੋਹੇ ਦਾ ਢੇਰ ਵੀ ਵਧਦਾ ਗਿਆ।
ਮੇਰਾ ਵੱਡਾ ਭਰਾ ਪਹਿਲਾ ਬੱਚਾ ਹੋਣ ਕਾਰਨ ਪੜ੍ਹਾਈ ਵਿੱਚ ਬਹੁਤ ਹੀ ਵਧੀਆ ਸਾਬਤ ਹੋਇਆ। ਉਸ ਨੇ ਪਹਿਲੀ ਤੋਂ ਲੈ ਕੇ ਦਸਵੀਂ ਜਮਾਤ ਤਕ ਜਾਂਦਿਆਂ ਵੱਧ ਅੰਕ ਪ੍ਰਾਪਤ ਕਰਨ ਵਾਲਾ ਬਲਾਕ ਪੱਧਰ ਦਾ ਰਿਕਾਰਡ ਤੋੜ ਦਿੱਤਾ।
ਵਿਚਕਾਰਲੇ ਭਰਾ ਨੇ ਕੋਈ ਨਵਾਂ ਰਿਕਾਰਡ ਤਾਂ ਸਥਾਪਤ ਨਹੀਂ ਕੀਤਾ ਪਰ ਸਕੂਲ ਵਿੱਚੋਂ ਪਹਿਲਾ ਦਰਜਾ ਹਾਸਲ ਕਰ ਕੇ ਪਰਿਵਾਰ ਦੀ ਇੱਜ਼ਤ ਰੱਖ ਲਈ। ਹੁਣ ਕੁਝ ਨਵਾਂ ਕਰਨ ਦੀ ਸਾਰੀ ਜ਼ਿੰਮੇਵਾਰੀ ਮੇਰੇ ’ਤੇ ਆ ਗਈ ਸੀ। ਮੈਂ ਪੜ੍ਹਾਈ ਵਿੱਚ ਆਪਣੇ ਦੋਵੇਂ ਭਰਾਵਾਂ ਤੋਂ ਬਹੁਤ ਕਮਜ਼ੋਰ ਸਾਂ। ਹਾਲਾਂਕਿ ਇੱਕ-ਦੋ ਵਾਰ ਛੱਡ ਕੇ, ਦਸਵੀਂ ਤਕ ਮੈਂ ਜਮਾਤ ਵਿੱਚੋਂ ਪਹਿਲੇ ਤਿੰਨ ਨੰਬਰਾਂ ’ਤੇ ਹੀ ਰਿਹਾ ਸਾਂ ਪਰ ਮੇਰੀ ਮਾਂ ਮੇਰੀ ਪੜ੍ਹਾਈ ਤੋਂ ਖੁਸ਼ ਨਹੀਂ ਸੀ। ਉਹ ਸਦਾ ਝੂਰਦੀ, “ਤੂੰ ਤਾਂ ਅੰਨ੍ਹਿਆਂ ਵਿੱਚੋਂ ਕਾਣਾ ਰਾਜਾ ਹੀ ਏਂ।”
ਮੈਂ ਆਪਣੀ ਖੁਸ਼ੀ ਵਿੱਚ ਉਸ ਦੇ ਇਸ ਨਿਹੋਰੇ ਦੀ ਕੋਈ ਪ੍ਰਵਾਹ ਨਹੀਂ ਸਾਂ ਕਰਦਾ।
ਇੱਕ ਬਲਾਕ ਵਿੱਚੋਂ ਪਹਿਲੇ ਨੰਬਰ ’ਤੇ ਆਉਣ ਵਾਲੇ ਲੜਕੇ ਦਾ ਛੋਟਾ ਭਰਾ ਭਾਵ ਕਿ ਮੈਂ ਦਸਵੀਂ ਜਮਾਤ ਤਾਂ ਪਾਸ ਕਰ ਗਿਆ ਪਰ ਗਣਿਤ ਵਿਸ਼ੇ ਵਿੱਚੋਂ ਫੇਲ ਹੋ ਗਿਆ। ਘਰ ਵਿੱਚ ਨਿਰਾਸਤਾ ਦਾ ਮਾਹੌਲ ਪੈਦਾ ਹੋ ਗਿਆ। ਸਾਰੇ ਜਣੇ ਮੈਨੂੰ ਦੋਸ਼ੀ ਸਮਝਣ ਲੱਗ ਪਏ। ਰਿਸ਼ਤੇਦਾਰਾਂ ਸਮੇਤ ਪੂਰੇ ਇਲਾਕੇ ਵਿੱਚ ਸਾਡੇ ਪਰਿਵਾਰ ਦੀ ਹੇਠੀ ਹੋ ਗਈ ਸੀ। ਮੈਂ ਬੜੇ ਹੀ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਸਾਂ।
ਇੱਕ ਦਿਨ ਮਾਂ ਨੇ ਮੈਨੂੰ ਕੋਲ ਸੱਦਿਆ ਤੇ ਆਖਿਆ, “ਚੱਲ, ਜੇ ਤੈਨੂੰ ਪੜ੍ਹਾਈ ਸਮਝ ਨਹੀਂ ਪੈਂਦੀ ਤਾਂ ਤੂੰ ਕੋਈ ਹੋਰ ਵੱਡਾ ਕੰਮ ਕਰ ਕੇ ਹੀ ਵਿਖਾ ਦੇ। ਮੇਰੇ ਦੁੱਧ ਨੂੰ ਲਾਜ ਨਾ ਲਾ।”
ਮਾਂ ਦੇ ਮੂਹੋਂ ਇਹ ਬੋਲ ਸੁਣ ਕੇ ਮੈਂ ਦੁਚਿੱਤੀ ਵਿੱਚ ਪੈ ਗਿਆ। ਮੈਂ ਸੋਚਣ ਲੱਗਿਆ ਕਿ ਮੈਂ ਅਜਿਹਾ ਕਿਹੜਾ ਕੰਮ ਕਰ ਸਕਦਾ ਹਾਂ, ਜਿਸ ਨਾਲ ਮਾਂ ਦੇ ਦੁੱਧ ਦਾ ਕਰਜ਼ਾ ਉਤਾਰਿਆ ਜਾ ਸਕੇ? ਮੈਂ ਆਪਣੇ-ਆਪ ਵਿੱਚ ਹੀ ਗੁਆਚਿਆ ਜਿਹਾ ਰਹਿਣ ਲੱਗ ਪਿਆ, ਚੁੱਪ-ਗੜੁੱਪ ਜਿਹਾ ਹੋ ਗਿਆ।
ਮਾਂ ਦੇ ਵਾਰ-ਵਾਰ ਪੁੱਛਣ ’ਤੇ ਮੈਂ ਦੱਸ ਦਿੱਤਾ ਕਿ ਮੈਂ ਲੇਖਕ ਬਣਨਾ ਚਾਹੁੰਦਾ ਹਾਂ। ਮੈਂ ਆਪਣੀ ਕਹਾਣੀਆਂ ਵਾਲੀ ਕਾਪੀ ਵੀ ਉਸ ਦੇ ਅੱਗੇ ਰੱਖ ਦਿੱਤੀ। ਜਦੋਂ ਉਸ ਨੇ ਮੇਰੇ ਦਸਵੀਂ ਪਾਸ ਕਰਨ ਅਤੇ ਗਣਿਤ ਵਿੱਚੋਂ ਫੇਲ ਹੋਣ ਵਾਲੀ ਕਹਾਣੀ ਪੜ੍ਹੀ ਤਾਂ ਉਹ ਰੋ ਪਈ, “ਪੁੱਤ, ਜੇ ਤੂੰ ਮੈਨੂੰ ਪਹਿਲਾਂ ਇਹ ਸਭ ਕੁਝ ਦੱਸ ਦਿੰਦਾ ਤਾਂ ਮੈਂ ਤੈਨੂੰ ਹਿਸਾਬ ਵਿੱਚੋਂ ਫੇਲ੍ਹ ਨਾ ਹੋਣ ਦਿੰਦੀ, ਇੱਕ ਗਾਂ ਹੋਰ ਪਾਲ਼ ਲੈਂਦੀ।”
ਉਹ ਵਕਤ ਉਡਾਰੀ ਲਾ ਚੁੱਕਿਆ ਸੀ। ਮੈਂ ਦਸਵੀਂ ਪਾਸ ਤਾਂ ਸਾਂ ਪਰ ਹਿਸਾਬ ਵਿਸ਼ੇ ਵਿੱਚੋਂ ਫੇਲ ਦਾ ‘ਲਾਲ ਦਾਗ’ ਮੇਰੇ ਸਰਟੀਫਿਕੇਟ ’ਤੇ ਲੱਗ ਚੁੱਕਿਆ ਸੀ।
ਇਹ ਮਾਂ ਵੱਲੋਂ ਦਿੱਤੇ ਹੌਸਲੇ ਦੀ ਕਰਾਮਾਤ ਹੀ ਸੀ ਕਿ ਮੈਂ ਬੀ.ਏ. ਤਕ ਦੇ ਸਾਰੇ ਸਾਲਾਂ ਵਿੱਚ ਸ਼ਹਿਰ ਦੇ ਮੰਨੇ-ਪ੍ਰਮੰਨੇ ਸਕੂਲਾਂ-ਕਾਲਜਾਂ ਵਿੱਚ ਪਹਿਲੇ ਤਿੰਨ ਸਥਾਨਾਂ ਤੋਂ ਕਦੇ ਥੱਲੇ ਨਹੀਂ ਡਿਗਿਆ। ਮਾਂ ਦੀ ਹੱਲਾਸ਼ੇਰੀ ਕਾਰਨ ਹੀ ਮੈਂ ਪੰਜ ਪੁਸਤਕਾਂ, ਜਿਨ੍ਹਾਂ ਵਿੱਚੋਂ ਚਾਰ ਨਾਵਲ ਹਨ, ਲਿਖ ਸਕਿਆ ਹਾਂ; ਨਹੀਂ ਤਾਂ ਦਸਵੀਂ ਜਮਾਤ ਵੀ ਪੂਰੀ ਪਾਸ ਨਾ ਕਰ ਸਕਣ ਵਾਲੇ ਵਿਦਿਆਰਥੀ ਤੋਂ ਅਜਿਹੀ ਆਸ ਕੌਣ ਕਰ ਸਕਦਾ ਹੈ? ਮਾਂ, ਤੈਨੂੰ ਸਲਾਮ! ਜਿਸਦੀਆਂ ਪੰਜ ਜਮਾਤਾਂ ਨੇ ਇੱਕ ਟੱਬਰ ਨੂੰ ਸਿੱਖਿਆ ਦੇ ਖੇਤਰ ਵਿੱਚ ਇੱਕ ਅਹਿਮ ਮੁਕਾਮ ’ਤੇ ਪਹੁੰਚਾ ਦਿੱਤਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5202)
ਰਚਨਾਵਾਂ ਸਬੰਧੀ ਆਪਣੇ ਵਿਚਾਰ ਸਾਂਝੇ ਕਰੋ: