“ਜਗਰੂਪ ਕਦੇ ਉਸ ਨੂੰ ਬਾਹਾਂ ਅਤੇ ਕਦੇ ਲੱਕ ਕੋਲੋਂ ਫੜ ਕੇ ਕਾਬੂ ਕਰਨ ...”
(15 ਮਈ 2019)
ਕਹਿਣ ਨੂੰ ਤਾਂ ਅਸੀਂ ਬੜੇ ਆਧੁਨਿਕ ਯੁੱਗ ਵਿੱਚ ਰਹਿ ਰਹੇ ਹਾਂ ਪਰ ਲੋਕਾਂ ਵਿੱਚੋਂ ਇਨਸਾਨੀਅਤ ਖੰਭ ਲਾ ਕੇ ਉੱਡ ਗਈ ਹੈ। ਸਾਡੇ ਸਾਹਮਣੇ ਕੋਈ ਤੜਫਦਾ ਪਿਆ ਹੋਵੇ ਤਾਂ ਵੀ ਅਸੀਂ ਇਸਦੀ ਪ੍ਰਵਾਹ ਕੀਤੇ ਬਗੈਰ ਲੰਘ ਜਾਣ ਦੀ ਕਰਦੇ ਹਾਂ। ਆਖ਼ਰ ਅੱਜਕੱਲ੍ਹ ਲੋਕਾਂ ਦੀ ਜ਼ਮੀਰ ਕਿਉਂ ਮਰਦੀ ਜਾ ਰਹੀ ਹੈ? ਇਹ ਗੱਲ ਬੀਤੀ ਚੌਵੀ ਜਨਵਰੀ ਦੀ ਹੈ। ਗਣਤੰਤਰ ਦਿਵਸ ’ਤੇ ਸਾਡੇ ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕੀਤੇ ਜਾਣ ਦਾ ਉਦਘਾਟਨ ਕੀਤਾ ਜਾਣਾ ਸੀ। ਪ੍ਰਿੰਸੀਪਲ ਨੇ ਮੇਰੀ ਅਤੇ ਮੇਰੇ ਸਹਿ-ਕਰਮੀ ਜਗਰੂਪ ਸਿੰਘ ਦੀ ਜ਼ਿੰਮੇਵਾਰੀ ਇਸ ਸਮਾਗਮ ਦਾ ਪ੍ਰਬੰਧ ਕਰਨ ’ਤੇ ਲਗਾ ਦਿੱਤੀ। ਭਰਾਵਾਂ ਵਰਗੇ ਮੇਰੇ ਇਸ ਸਹਿ-ਕਰਮੀ ਦੀ ਇੱਕ ਲੱਤ ਪੋਲੀਓ ਕਾਰਨ ਨਕਾਰਾ ਹੈ ਪਰ ਉਸ ਵਿੱਚ ਮਿਹਨਤ ਕਰਨ ਦੀ ਸ਼ਕਤੀ ਆਮ ਬੰਦੇ ਨਾਲੋਂ ਕਈ ਗੁਣਾ ਵੱਧ ਹੈ।
ਕਈ ਤਰ੍ਹਾਂ ਦੇ ਕੰਮ ਨਿਬੇੜਦਿਆਂ ਅਸੀਂ ਦੋਵੇਂ ਜਣੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸਨਮਾਨ ਚਿੰਨ੍ਹ ਲੈਣ ਲਈ ਸ਼ਹਿਰ ਦੇ ਬਾਜ਼ਾਰ ਵਿੱਚੋਂ ਗੁਜ਼ਰ ਰਹੇ ਸਾਂ। ਧੁੰਦ ਅਤੇ ਠੰਢ ਹੋਣ ਦੇ ਬਾਵਜੂਦ ਬਾਜ਼ਾਰ ਵਿੱਚ ਵਾਹਨਾਂ ਦੀ ਬਹੁਤ ਜ਼ਿਆਦਾ ਭੀੜ ਸੀ, ਜਿਸ ਕਾਰਨ ਸਾਡਾ ਮੋਟਰਸਾਈਕਲ ਜੂੰ ਦੀ ਤੋਰ ਤੁਰ ਰਿਹਾ ਸੀ। ਅਸੀਂ ਸਬੰਧਤ ਦੁਕਾਨ ਕੋਲ ਪਹੁੰਚਣ ਹੀ ਵਾਲੇ ਸਾਂ ਕਿ ਸੜਕ ਦੇ ਦੂਜੇ ਪਾਸੇ ਇੱਕ ਰਿਕਸ਼ੇਵਾਲਾ ਗਸ਼ੀ ਖਾ ਕੇ ਰਿਕਸ਼ੇ ਤੋਂ ਡਿੱਗਦਾ ਸਾਡੇ ਨਜ਼ਰੀਂ ਆ ਗਿਆ। ਉਸ ਦੇ ਡਿੱਗਦੇਸਾਰ ਉੱਥੇ ਕਾਵਾਂ-ਰੌਲੀ ਮੱਚ ਗਈ। ਭੀੜ ਇੱਕ ਜਗ੍ਹਾ ਇਕੱਠੀ ਹੋਣ ਕਾਰਨ ਬਹੁਤ ਵੱਡਾ ਜਾਮ ਲੱਗ ਗਿਆ। ਕਰਦੇ ਕਰਾਉਂਦੇ ਅਸੀਂ ਸਬੰਧਤ ਦੁਕਾਨ, ਜੋ ਕੁਝ ਗਜ਼ ਦੂਰ ਸੀ, ਦੇ ਅੱਗੇ ਪੁੱਜ ਗਏ। ਉੰਨਾ ਚਿਰ ਸਾਡੇ ਦੋਵਾਂ ਦੇ ਮਨ ਵਿੱਚ ਉਸ ਰਿਕਸ਼ੇਵਾਲੇ ਦੀ ਹਾਲਤ ਵੇਖਣ ਦੀ ਚਿਤਵਨੀ ਲੱਗੀ ਰਹੀ। ਅਸੀਂ ਤੁਰੰਤ ਘਟਨਾ ਵਾਲੇ ਸਥਾਨ ਵੱਲ ਨੂੰ ਹੋ ਤੁਰੇ।
ਸਾਡੇ ਜਾਂਦਿਆਂ ਨੂੰ ਭੀੜ ਉੱਥੋਂ ਇੱਧਰ-ਉੱਧਰ ਹੋ ਚੁੱਕੀ ਸੀ, ਜਿਸ ਕਾਰਨ ਸਾਡੇ ਸਾਹ ਵਿੱਚ ਸਾਹ ਆਇਆ। ਅਗਲੇ ਹੀ ਪਲ ਉੱਥੇ ਤੜਫਦਾ ਹੋਇਆ ਰਿਕਸ਼ੇਵਾਲਾ ਸਾਨੂੰ ਦੋਵਾਂ ਨੂੰ ਨਜ਼ਰ ਆ ਗਿਆ। ਉਸ ਤੜਫਦੇ ਹੋਏ ਨੂੰ ਰਸਤੇ ਵਿੱਚੋਂ ਇੰਨਾ ਕੁ ਪਾਸੇ ਹਟਾਇਆ ਗਿਆ ਸੀ ਕਿ ਟ੍ਰੈਫਿਕ ਚੱਲਦਾ ਰਹਿ ਸਕੇ। ਕੁਝ ਕੁ ਨੂੰ ਛੱਡ ਕੇ ਲੋਕ ਉੱਥੋਂ ਦੀ ਬਿਨਾਂ ਕੁਝ ਬੋਲੇ, ਸੁਣੇ ਜਾਂ ਕੀਤੇ ਲੰਘੀ ਜਾ ਰਹੇ ਸਨ। ਸ਼ਾਇਦ ਉਹਨਾਂ ਦੇ ਮਨ ਵਿੱਚ ਇਹ ਗੱਲ ਚੱਲ ਰਹੀ ਸੀ ਕਿ ਰਿਕਸ਼ੇਵਾਲਾ ਹੀ ਡਿੱਗਿਆ ਹੈ, ਕੁਝ ਨਹੀਂ ਹੁੰਦਾ। ਜੇ ਕੋਈ ਵੱਡਾ ਆਦਮੀ ਡਿੱਗਦਾ ਤਾਂ ਚੁੱਕ ਲੈਂਦੇ।
ਇਹ ਸਭ ਕੁਝ ਵੇਖਦਿਆਂ ਪਲਾਂ ਵਿੱਚ ਹੀ ਸਾਡੀਆਂ ਅੱਖਾਂ ਮਿਲੀਆਂ ਤਾਂ ਅਸੀਂ ਦੋਵੇਂ ਸਮਝ ਗਏ ਕਿ ਇਸਦਾ ਕੋਈ ਨਾ ਕੋਈ ਹੱਲ ਸਾਨੂੰ ਦੋਵਾਂ ਨੂੰ ਹੀ ਕਰਨਾ ਪੈਣਾ ਹੈ। ਜੇ ਮੇਰੇ ਨਾਲ ਕੋਈ ਰਿਸ਼ਟ-ਪੁਸ਼ਟ ਸਾਥੀ ਹੁੰਦਾ ਤਾਂ ਮੈਂ ਉਸ ਰਿਕਸ਼ੇਵਾਲੇ ਨੂੰ ਚੁੱਕਣ ਵਿੱਚ ਜ਼ਰਾ ਜਿੰਨੀ ਵੀ ਦੇਰ ਨਹੀਂ ਸੀ ਲਾਉਣੀ ਪਰ ਹੁਣ ਮੈਂ ਕੁਝ ਝਕ ਰਿਹਾ ਸਾਂ।
ਇੰਨੇ ਵਿੱਚ ਮੈਂ ਜਗਰੂਪ ਨੂੰ ਪੁੱਛਿਆ ਕਿ ਕੀ ਉਹ ਮੇਰੇ ਨਾਲ ਰਿਕਸ਼ੇ ਉੱਤੇ ਬੈਠ ਕੇ ਮਰੀਜ਼ ਨੂੰ ਚੰਗੀ ਤਰ੍ਹਾਂ ਫੜ ਕੇ ਰੱਖ ਸਕਦਾ ਹੈ? ਉਸ ਨੇ ਤੁਰੰਤ ਹਾਮੀ ਭਰ ਦਿੱਤੀ। ਅਸੀਂ ਉੱਥੇ ਕਈ ਰਾਹਗੀਰਾਂ ਨੂੰ ਆਖਿਆ ਕਿ ਉਹ ਉਸ ਤੜਫਦੇ ਰਿਕਸ਼ੇਵਾਲੇ ਨੂੰ ਰਿਕਸ਼ੇ ਉੱਤੇ ਰੱਖਣ ਵਿੱਚ ਸਾਡੀ ਮਦਦ ਕਰ ਦੇਣ। ਅਫ਼ਸੋਸ ਕਿ ਕਿਸੇ ਨੇ ਵੀ ਸਾਡੀ ਮਦਦ ਨਾ ਕੀਤੀ। ਅੰਤ, ਇੱਕ ਦੁਕਾਨ ’ਤੇ ਕੰਮ ਕਰਨ ਵਾਲਾ ਮੁੰਡਾ ਸਾਡੀ ਮਦਦ ਕਰਨ ਲਈ ਅੱਗੇ ਆ ਗਿਆ ਪਰ ਉਹ ਦੁਕਾਨ ਵਿੱਚ ਇਕੱਲਾ ਹੋਣ ਕਾਰਨ ਮਰੀਜ਼ ਨੂੰ ਰਿਕਸ਼ੇ ਉੱਤੇ ਲਦਵਾ ਹੀ ਸਕਦਾ ਸੀ, ਨਾਲ ਜਾਣ ਤੋਂ ਉਸ ਨੇ ਕੋਰਾ ਜਵਾਬ ਦੇ ਦਿੱਤਾ।
ਬਹੁਤ ਹੀ ਔਖੇ-ਔਖੇ ਸਾਹ ਲੈਂਦੇ ਹੋਏ ਰਿਕਸ਼ੇਵਾਲੇ ਨੂੰ ਅਸੀਂ ਰਿਕਸ਼ੇ ਉੱਤੇ ਲੱਦ ਚੁੱਕੇ ਸਾਂ। ਜਗਰੂਪ ਕਦੇ ਉਸ ਨੂੰ ਬਾਹਾਂ ਅਤੇ ਕਦੇ ਲੱਕ ਕੋਲੋਂ ਫੜ ਕੇ ਕਾਬੂ ਕਰਨ ਲੱਗਾ ਹੋਇਆ ਸੀ। ਮੈਂ ਦੋ-ਤਿੰਨ ਰਿਕਸ਼ੇਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਰਿਕਸ਼ੇ ਨੂੰ ਦੋ ਕੁ ਸੌ ਮੀਟਰ ਦੂਰੀ ’ਤੇ ਸਥਿਤ ਸਰਕਾਰੀ ਹਸਪਤਾਲ ਵਿੱਚ ਪਹੁੰਚਾਉਣ ਵਿੱਚ ਸਾਡੀ ਮਦਦ ਕਰ ਦੇਣ, ਉਹ ਵੀ ਜਵਾਬ ਦੇ ਗਏ।
ਮਰੀਜ਼ ਦੀ ਹਾਲਤ ਵੇਖ ਕੇ ਪ੍ਰਤੱਖ ਲੱਗ ਰਿਹਾ ਸੀ ਕਿ ਉਸ ਦੀ ਜਾਨ ਬਚਾਉਣ ਲਈ ਬਹੁਤ ਸਮਾਂ ਵਿਅਰਥ ਜਾ ਰਿਹਾ ਹੈ। ਮੈਂਨੂੰ ਰਿਕਸ਼ਾ ਚਲਾਉਣਾ ਨਹੀਂ ਆਉਂਦਾ, ਥੱਕ ਹਾਰ ਕੇ ਮੈਂ ਇਸ ਨੂੰ ਰੇੜ੍ਹ ਲਿਆ। ਰਸਤੇ ਵਿੱਚ ਉਸ ਨੂੰ ਇੰਨੇ ਭਿਆਨਕ ਦੌਰੇ ਪਏ ਕਿ ਸਾਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਰਿਕਸ਼ਾ ਬੇਕਾਬੂ ਹੋ ਕੇ ਸਾਡੇ ਵਿੱਚੋਂ ਕਿਸੇ ਦੇ ਵੀ ਸੱਟ ਲੱਗ ਸਕਦੀ ਹੈ। ਫਿਰ ਵੀ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਦੋਵਾਂ ਨੇ ਸਥਿਤੀ ਨੂੰ ਕਾਬੂ ਵਿੱਚ ਕਰੀ ਰੱਖਿਆ।
ਜਦ ਅਸੀਂ ਹਸਪਤਾਲ ਦੀ ਰਿਸੈਪਸ਼ਨ ’ਤੇ ਪੁੱਜੇ ਤਾਂ ਉਹਨਾਂ ਨੇ ਸਾਨੂੰ ਐਂਮਰਜੈਸੀ ਵਿੱਚ ਜਾਣ ਨੂੰ ਆਖ ਦਿੱਤਾ। ਅਸੀਂ ਆਪਣਾ ਰਿਕਸ਼ਾ ਉੱਧਰ ਵੱਲ ਨੂੰ ਖਿੱਚ ਦਿੱਤਾ।
ਕੁਦਰਤੀ ਐਮਰਜੈਂਸੀ ਵਿੱਚ ਬੜੇ ਹੀ ਵਧੀਆ ਮੁਲਾਜ਼ਮ ਬੈਠੇ ਸਨ। ਉਹਨਾਂ ਨੇ ਸਾਨੂੰ ਕੁਝ ਵੀ ਪੁੱਛੇ-ਦੱਸੇ ਬਿਨਾਂ ਮਰੀਜ਼ ਦਾ ਇਲਾਜ ਸ਼ੁਰੂ ਕਰ ਦਿੱਤਾ। ਜਗਰੂਪ ਨੇ ਉਸ ਦੇ ਇਲਾਜ ਦੇ ਖਰਚ ਦੀ ਸਾਰੀ ਜ਼ਿੰਮੇਵਾਰੀ ਚੁੱਕ ਲਈ ਸੀ। ਅਸੀਂ ਆਪਣਾ ਘਰ ਅਤੇ ਸਕੂਲ ਦਾ ਪਤਾ ਹਸਪਤਾਲ ਵਾਲਿਆਂ ਨੂੰ ਦੇ ਦਿੱਤਾ। ਡੇਢ ਘੰਟਾ ਪਲਾਂ ਵਿੱਚ ਹੀ ਬੀਤ ਗਿਆ। ਸਾਡੀ ਦੋਵਾਂ ਦੋਸਤਾਂ ਦੀ ਆਪਸੀ ਗੱਲਬਾਤ ਵਿੱਚ ਵਾਪਸ ਸਕੂਲ ਪਹੁੰਚਣ ਦੀ ਚਿੰਤਾ ਨਾਲੋਂ ਉਸ ਰਿਕਸ਼ੇਵਾਲੇ ਦੀ ਜ਼ਿੰਦਗੀ ਬਚਾਉਣੀ ਜ਼ਿਆਦਾ ਜ਼ਰੂਰੀ ਹੋ ਗਈ ਸੀ।
ਦਵਾਈਆਂ ਦੇ ਅਸਰ ਕਾਰਨ ਰਿਕਸ਼ੇ ਵਾਲੇ ਨੂੰ ਕੁਝ ਹੋਸ਼ ਆ ਗਈ। ਉਹ ਸਾਡੇ ਸ਼ਹਿਰ ਤੋਂ ਪੱਚੀ ਕੁ ਕਿਲੋਮੀਟਰ ਦੂਰ ਸਥਿਤ ਇੱਕ ਪਿੰਡ ਤੋਂ ਰਿਕਸ਼ਾ ਚਲਾਉਣ ਲਈ ਆਉਂਦਾ ਸੀ। ਉਸ ਦਿਨ ਉਸ ਨੇ ਕੁਝ ਵੀ ਖਾਧਾ ਪੀਤਾ ਨਹੀਂ ਸੀ। ਪਹਿਲੀ ਸਵਾਰੀ ਮਿਲੀ ਤਾਂ ਉਸ ਨੇ ਖੁਸ਼ੀ ਵਿੱਚ ਤੇਜ਼-ਤੇਜ਼ ਰਿਕਸ਼ਾ ਭਜਾ ਦਿੱਤਾ ਕਿ ਸਵਾਰੀ ਤੋਂ ਪੈਸੇ ਲੈ ਕੇ ਰੋਟੀ ਖਾ ਲਵੇਗਾ। ਅਚਾਨਕ ਉਸ ਨੂੰ ਦੌਰਾ ਪੈ ਗਿਆ ਸੀ। ਉਸ ਤੋਂ ਬਾਅਦ ਕੀ ਕੁਝ ਹੋਇਆ, ਉਸ ਨੂੰ ਕੁਝ ਵੀ ਯਾਦ ਨਹੀਂ ਸੀ।
ਆਉਣ ਲੱਗਿਆਂ ਜਗਰੂਪ ਨੇ ਉਸ ਨੂੰ ਦੋ ਸੌ ਰੁਪਏ ਰੋਟੀ ਲਈ ਦੇ ਦਿੱਤੇ। ਮੇਰੇ ਮਨ ਵਿੱਚ ਜਗਰੂਪ ਪ੍ਰਤੀ ਹੋਰ ਵੀ ਆਦਰ ਭਰ ਗਿਆ। ਜਦ ਅਸੀਂ ਵਾਪਸ ਉਸ ਜਗ੍ਹਾ ਉੱਤੇ ਆਏ ਤਾਂ ਹੋਰ ਵੀ ਹੈਰਾਨੀ ਹੋਈ ਕਿ ਰਿਕਸ਼ੇ ਵਾਲਾ ਇੱਕ ਅਜਿਹੇ ਹਸਪਤਾਲ ਦੇ ਸਾਹਮਣੇ ਡਿੱਗਿਆ ਹੋਇਆ ਸੀ ਜਿਸਦੇ ਬਾਹਰ ਭਾਈ ਘਨਈਆ ਅਤੇ ਭਗਤ ਪੂਰਨ ਸਿੰਘ ਦੇ ਨਾਂ ’ਤੇ ਚਲਦੀਆਂ ਸਰਕਾਰੀ ਸਕੀਮਾਂ ਦਾ ਲਾਭ ਲੈਣ ਦਾ ਬੋਰਡ ਲੱਗਾ ਹੋਇਆ ਸੀ। ਸਾਨੂੰ ਬੜੀ ਹੈਰਾਨੀ ਹੋਈ ਕਿ ਉਸ ਹਸਪਤਾਲ ਵਾਲੇ ਇੱਕ ਗੰਭੀਰ ਮਰੀਜ਼ ਦਾ ਇਲਾਜ ਕਰਨਾ ਤਾਂ ਦੂਰ, ਮੁਢਲੀ ਸਹਾਇਤਾ ਦੇਣ ਲਈ ਵੀ ਅੱਗੇ ਨਹੀਂ ਆਏ ਸਨ।
ਇਹ ਘਟਨਾ ਤਾਂ ਬੀਤ ਗਈ ਹੈ ਪਰ ਜਦ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ਅਤੇ ਲਾਲਚੀ ਹਸਪਤਾਲਾਂ ਦੇ ਪ੍ਰਬੰਧਕਾਂ ਬਾਰੇ ਸੋਚਦਾ ਹਾਂ ਤਾਂ ਮੈਂਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਹੋ-ਜਿਹੇ ਸਮਾਜ ਵਿੱਚ ਰਹੀ ਜਾ ਰਹੇ ਹਾਂ। ਇਹਨਾਂ ਲਈ ਕਿਸੇ ਗਰੀਬ ਦੀ ਜ਼ਿੰਦਗੀ ਦੀ ਭੋਰਾ ਵੀ ਕੀਮਤ ਨਹੀਂ ਹੈ।
ਸਾਡੇ ਲੋਕ ਇੰਨੇ ਮਤਲਬਖੋਰੇ, ਬੇਅਣਖੇ, ਨਿਰਲੱਜ ਤੇ ਨਿਰਦਈ ਹੋ ਗਏ ਹਨ ਕਿ ਉਹ ਤੜਫਦਾ ਹੋਇਆ ਬੰਦਾ ਨਜ਼ਰਾਂ ਨਾਲ ਵੇਖ ਕੇ ਵੀ ਆਪਣੇ ਕੰਮਾਂ ਵਿੱਚ ਮਗਨ ਹੋ ਜਾਂਦੇ ਹਨ। ਪਤਾ ਨਹੀਂ ਸਾਡਾ ਕਾਨੂੰਨ ਜਾਂ ਵਿਵਸਥਾ ਹੀ ਅਜਿਹੀ ਹੈ ਕਿ ਲੋਕਾਂ ਦੇ ਮਨ ਵਿੱਚ ਇਹ ਵਹਿਮ ਬੈਠਾ ਹੋਇਆ ਹੈ ਕਿ ਜੇ ਅਸੀਂ ਕਿਸੇ ਦੀ ਸਹਾਇਤਾ ਕਰਾਂਗੇ ਤਾਂ ਕਿਸੇ ਮੁਸੀਬਤ ਵਿੱਚ ਪੈ ਸਕਦੇ ਹਾਂ। ਸਾਨੂੰ ਕਾਨੂੰਨ ਅਤੇ ਵਿਵਸਥਾ ਦੇ ਨਾਲ-ਨਾਲ ਆਪਣੀ ਮਾਨਸਿਕਤਾ ਨੂੰ ਵੀ ਬਦਲਣਾ ਪਵੇਗਾ, ਨਹੀਂ ਤਾਂ ਉਹ ਦਿਨ ਵੀ ਆ ਸਕਦਾ ਹੈ ਜਦ ਅਸੀਂ ਸੜਕ ਕਿਨਾਰੇ ਤੜਫਦੇ ਪਏ ਹੋਵਾਂਗੇ ਤੇ ਲੋਕ ਚੁੱਪ-ਚਾਪ ਲੰਘਦੇ ਜਾਣਗੇ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1585)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om