“ਮੈਂ ਪ੍ਰਿੰਸੀਪਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਅਗਲੇ ਦਿਨ ਦਾ ...”
(12 ਮਈ 2018)
ਮੈਨੂੰ ਭਾਸ਼ਣ ਦੇਣ ਦਾ ਕੋਈ ਬਹੁਤਾ ਸ਼ੌਕ ਨਹੀਂ ਹੈ ਕਿਉਂਕਿ ਇਹ ਮੇਰੇ ਵੱਸ ਦਾ ਰੋਗ ਹੀ ਨਹੀਂ ਹੈ। ਜਦ ਕਦੇ ਅਜਿਹਾ ਮੌਕਾ ਆ ਵੀ ਜਾਂਦਾ ਹੈ ਤਾਂ ਮੇਰੇ ਦਿਲ ਦੇ ਨਾਲ ਨਾਲ ਲੱਤਾਂ ਵੀ ਕੰਬਣ ਲੱਗ ਪੈਂਦੀਆਂ ਹਨ। ਇੱਕ ਦਿਨ ਅਜਿਹਾ ਮੌਕਾ ਆ ਹੀ ਗਿਆ। ਮੇਰੇ ਹਾਜ਼ਰੀ ਲਾਉਂਦੇ ਸਾਰ ਹੀ ਸਾਡੀ ਪ੍ਰਿੰਸੀਪਲ ਨੇ ਮੈਨੂੰ ਹੁਕਮ ਕਰ ਦਿੱਤਾ ਕਿ ਤੂੰ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਕੁਝ ਚੰਗੀਆਂ ਗੱਲਾਂ ਦੱਸਣੀਆਂ ਹਨ। ਮੈਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਿਆ ਤੇ ਵਾਰ-ਵਾਰ ਇਸ ਤਰ੍ਹਾਂ ਨਾ ਕਰਨ ਦੀ ਬੇਨਤੀ ਕਰਨ ਲੱਗ ਪਿਆ। ਪ੍ਰਿੰਸੀਪਲ ਨੇ ਮੇਰੀ ਮਾਨਸਿਕ ਹਾਲਤ ਵੇਖ ਕੇ ਆਖ ਦਿੱਤਾ, “ਤੂੰ ਭਾਵੇਂ ਕੁਝ ਨਾ ਬੋਲੀਂ। ਬੱਸ, ਬੱਚਿਆਂ ਦੇ ਸਾਮਹਣੇ ਹੱਸ ਕੇ ਹੀ ਮੁੜ ਆਵੀਂ। ਇੰਨਾ ਕੰਮ ਤਾਂ ਕਰ ਹੀ ਸਕਦਾ ਹੈਂ?”
ਮੈਨੂੰ ਪਤਾ ਲੱਗ ਗਿਆ ਕਿ ਭਾਸ਼ਣ ਦੇਣ ਦੀ ਬਲਾਅ ਅੱਜ ਮੇਰੇ ਗਲੋਂ ਨਹੀਂ ਲੱਥਣੀ। ਪ੍ਰਰਾਥਨਾ ਚੱਲਦੇ ਵੇਲੇ ਮੈਂ ਇਹ ਹੀ ਸੋਚਦਾ ਰਿਹਾ ਕਿ ਮੈਂ ਕੀ-ਕੀ ਬੋਲ ਸਕਦਾ ਹਾਂ। ਮੈਂ ਕਿਸੇ ਕਿਤਾਬ ਵਿੱਚ ਪੜ੍ਹਿਆ ਸੀ ਕਿ ਅਸਲ ਵਿਦਿਆਰਥੀ ਅਤੇ ਖੋਜਕਰਤਾ ਉਹ ਹੀ ਹੁੰਦਾ ਹੈ ਜਿਸ ਦੇ ਮਨ ਵਿੱਚ ਹਮੇਸ਼ਾ ਸਵਾਲ ਉਪਜਦੇ ਰਹਿੰਦੇ ਹਨ। ਉਸ ਕਿਤਾਬ ਮੁਤਾਬਿਕ ਮਨ ਵਿੱਚ ਸਵਾਲ ਉੱਠਣੇ ਕੋਈ ਛੋਟੀ ਗੱਲ ਨਹੀਂ ਹੁੰਦੀ ਹੈ। ਅਜਿਹੇ ਦਿਮਾਗ ਵਾਲਾ ਵਿਅਕਤੀ ਸਧਾਰਨ ਨਹੀਂ ਹੁੰਦਾ ਹੈ। ਜਦ ਕੋਈ ਵੀ ਸਵਾਲ ਉੱਠੇਗਾ ਤਾਂ ਉਸ ਦਾ ਦੇਰ ਸਵੇਰ ਸਹੀ ਜਵਾਬ ਜ਼ਰੂਰ ਹੀ ਮਿਲੇਗਾ। ਚਾਹੇ ਉਸ ਸਵਾਲ ’ਤੇ ਹੱਸਣ ਵਾਲੀ ਸਾਰੀ ਦੁਨੀਆ ਵੀ ਹੋ ਸਕਦੀ ਹੈ ਪਰ ਰੋਸ਼ਨ ਦਿਮਾਗ ਉਸ ਦਾ ਜਵਾਬ ਲੱਭਣ ਵਿੱਚ ਜੁਟ ਜਾਂਦੇ ਹਨ। ਕਈ ਵਾਰ ਸਵਾਲ ਕਰਨ ਵਾਲਾ ਵਿਅਕਤੀ ਹੀ ਉਸ ਸਮੱਸਿਆ ਦੇ ਹੱਲ ਲਈ ਦਿਨ-ਰਾਤ ਇੱਕ ਕਰ ਦਿੰਦਾ ਹੈ।
ਉਸ ਕਿਤਾਬ ਮੁਤਾਬਿਕ ਜੇਕਰ ਨੱਕ ਉੱਤੇ ਸੇਬ ਵੱਜਣ ਕਾਰਨ ਨਿਊਟਨ ਦੇ ਦਿਮਾਗ ਵਿੱਚ ਜੇ ਇਹ ਸਵਾਲ ਨਾ ਉੱਠਦਾ ਕਿ ਇਹ ਸੇਬ ਹੇਠਾਂ ਵੱਲ ਨੂੰ ਹੀ ਕਿਉਂ ਡਿੱਗਿਆ, ਉੱਪਰ ਵੱਲ ਨੂੰ ਕਿਉਂ ਨਹੀਂ ਗਿਆ, ਜੇ ਸਟੀਫਨਸਨ ਭਾਫ ਦੁਆਰਾ ਵਾਰ ਵਾਰ ਉੱਪਰ ਚੁੱਕੇ ਜਾਂਦੇ ਪਤੀਲੇ ਦੇ ਢੱਕਣ ਬਾਰੇ ਨਾ ਸੋਚਦਾ ਤਾਂ ਦੁਨੀਆ ਨੇ ਅੱਜ ਤੱਕ ਅੱਧੀ ਤਰੱਕੀ ਹੀ ਕਰ ਸਕਣੀ ਸੀ। ਜੋ ਵੀ ਤਰੱਕੀ ਅਸੀਂ ਕੀਤੀ ਹੈ ਉਸ ਵਿੱਚ ਸਵਾਲਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੈ।
ਮੇਰੀ ਵਾਰੀ ਆਉਣ ’ਤੇ ਮੈਂ ਕੰਬਦੀ ਜ਼ੁਬਾਨ ਨਾਲ ਵਿਦਿਆਰਥੀਆਂ ਨੂੰ ਸਵਾਲ ਦਰ ਸਵਾਲ ਕਰਨ ਬਾਰੇ ਆਖਿਆ। ਮੇਰੇ ਤੋਂ ਚੱਜ ਨਾਲ ਬੋਲਿਆ ਨਹੀਂ ਸੀ ਗਿਆ ਪਰ ਮੈਂ ਵਿਸ਼ੇ ਦੀ ਕਦੇ ਲੱਤ ਤੇ ਕਦੇ ਬਾਂਹ ਫੜ ਕੇ ਆਪਣੀ ਗੱਲ ਪੂਰੀ ਜ਼ਰੂਰ ਕਰ ਦਿੱਤੀ।
ਆਮ ਤੌਰ ’ਤੇ ਅਧਿਆਪਕਾਂ ਦੀਆਂ ਗੱਲਾਂ ਦਾ ਅਸਰ ਵਿਦਿਆਰਥੀਆਂ ਉੱਪਰ ਬਹੁਤ ਜ਼ਿਆਦਾ ਹੁੰਦਾ ਹੈ ਪਰ ਮੈਨੂੰ ਮਹਿਸੂਸ ਹੋਇਆ ਕਿ ਮੇਰੇ ਦੁਆਰਾ ਕੀਤੀ ਗਈ ਗੱਲ ਤਾਂ ਵਿਦਿਆਰਥੀਆਂ ਨੇ ਆਈ-ਗਈ ਹੀ ਕਰ ਦਿੱਤੀ ਸੀ। ਮੈਂ ਅਜਿਹਾ ਸਭ ਕੁਝ ਹੋਣ ਦਾ ਕਾਰਨ ਵੀ ਲੱਭਣ ਦਾ ਜਤਨ ਕੀਤਾ। ਮੈਨੂੰ ਇਸ ਸਭ ਦਾ ਇੱਕ ਹੀ ਕਾਰਨ ਮਿਲਿਆ ਸੀ ਕਿ ਮੈਂ ਚੰਗਾ ਬੁਲਾਰਾ ਨਹੀਂ ਹਾਂ। ਜੇ ਮੈਂ ਆਪਣੀ ਗੱਲ ਵਧੀਆ ਢੰਗ ਨਾਲ ਸਭ ਅੱਗੇ ਰੱਖਣੀ ਚਾਹੁੰਦਾ ਹਾਂ ਤਾਂ ਮੈਨੂੰ ਆਪਣੀ ਸਟੇਜ ਉੱਤੇ ਖੜ੍ਹ ਕੇ ਬੋਲਣ ਵਾਲੀ ਝਿਜਕ ਦੂਰ ਕਰਨੀ ਪਵੇਗੀ।
ਥੋੜ੍ਹੇ ਦਿਨਾਂ ਬਾਅਦ ਮੈਂ ਇਸ ਗੱਲ ਨੂੰ ਮੂਲੋਂ ਹੀ ਭੁੱਲ ਗਿਆ ਸਾਂ। ਇੱਕ ਦਿਨ ਜਦ ਮੈਂ ਜਮਾਤ ਵਿੱਚ ਵੜਿਆ ਹੀ ਸਾਂ ਤਾਂ ਪੜ੍ਹਾਈ ਵਿੱਚ ਬੜੀ ਹੀ ਕਮਜ਼ੋਰ ਸਮਝੀ ਜਾਣ ਵਾਲੀ ਲੜਕੀ ਮੇਰੇ ਅੱਗੇ ਕਿਤਾਬ ਲੈ ਕੇ ਆ ਗਈ ਅਤੇ ਅੰਗਰੇਜ਼ੀ ਦੇ ਸ਼ਬਦਾਂ ਦੇ ਸਹੀ ਉਚਾਰਨ ਬਾਰੇ ਪੁੱਛਣ ਲੱਗ ਪਈ। ਉਸ ਦੁਆਰਾ ਪੁੱਛੇ ਗਏ ਦੋ ਸ਼ਬਦਾਂ ਦਾ ਮੈਂ ਸਹੀ ਉਚਾਰਨ ਸਮਝਾ ਦਿੱਤਾ। ਪੀਰੀਅਡ ਦੇ ਅੱਧ ਤੱਕ ਉਹ ਫਿਰ ਉੱਠ ਖੜ੍ਹੀ ਤੇ ਮੇਰੇ ਸਾਹਮਣੇ ਕਿਤਾਬ ਕਰਦੀ ਹੋਏ ਫਿਰ ਉਹਨਾਂ ਦੋ ਸ਼ਬਦਾਂ ਦਾ ਹੀ ਸਹੀ ਉਚਾਰਣ ਪੁੱਛਿਆ। ਮੈਂ ਫਿਰ ਉਸ ਨੂੰ ਸਮਝਾ ਦਿੱਤਾ।
ਫਿਰ ਤਾਂ ਉਸ ਦਾ ਹਰ ਰੋਜ਼ ਦਾ ਹੀ ਇਹ ਕੰਮ ਹੋ ਗਿਆ। ਮੇਰੇ ਜਮਾਤ ਵਿੱਚ ਵੜਨ ਤੋਂ ਪਹਿਲਾਂ ਹੀ ਉਹ ਕਿਤਾਬ ਲੈ ਕੇ ਅੱਗੇ ਖੜ੍ਹੀ ਹੁੰਦੀ। ਮੈਂ ਉਸ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਾ ਰਹਿੰਦਾ। ਹੌਲੀ-ਹੌਲੀ ਉਹ ਇੱਕ ਪੀਰੀਅਡ ਵਿੱਚ ਦਸ-ਪੰਦਰਾਂ ਵਾਰ ਉੱਠ ਕੇ ਮੇਰੇ ਕੋਲ ਆਉਣ ਲੱਗ ਪਈ। ਉਹ ਸ਼ਬਦਾਂ ਦੇ ਉਚਾਰਨ ਦੇ ਨਾਲ-ਨਾਲ ਕਈ ਪ੍ਰਸ਼ਨ ਵੀ ਵਾਰ-ਵਾਰ ਪੁੱਛਣ ਲੱਗ ਪਈ ਪਰ ਮੈਨੂੰ ਕਦੇ ਵੀ ਉਸ ਉੱਤੇ ਗੁੱਸਾ ਨਹੀਂ ਆਇਆ।
ਮੈਂ ਇੱਕ ਗੱਲ ਨੋਟ ਕੀਤੀ ਕਿ ਜਮਾਤ ਵਿਚਲੀ ਬਿਲਕੁਲ ਹੀ ਸਧਾਰਨ ਜਿਹੀ ਲੜਕੀ ਮੈਨੂੰ ਬਿਨਾਂ ਝਿਜਕ ਪ੍ਰਸ਼ਨ ਪੁੱਛਣ ਲੱਗ ਪਈ ਸੀ ਭਾਵੇਂ ਕਿ ਉਸ ਦੇ ਚਿਹਰੇ ਅਤੇ ਪਾਈ ਹੋਈ ਵਰਦੀ ਤੋਂ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਦਾ ਅੰਦਾਜ਼ਾ ਮੈਂ ਲਾ ਲਿਆ ਸੀ ਪਰ ਮੈਂ ਸਦਾ ਹੀ ਉਸਦੇ ਪ੍ਰਸ਼ਨਾਂ ਦੇ ਉੱਤਰ ਦਿੰਦਾ ਰਿਹਾ।
ਮੈਂ ਆਪਣੇ ਸਾਥੀ ਅਧਿਆਪਕਾਂ ਨੂੰ ਵੀ ਉਸ ਲੜਕੀ ਦੀ ਜਗਿਆਸਾ ਬਾਰੇ ਦੱਸਿਆ। ਫਿਰ ਸਭ ਨੇ ਉਸ ਉੱਤੇ ਘੋਖਵੀਂ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਸਭ ਨੇ ਵੇਖਿਆ ਕਿ ਉਹ ਲੜਕੀ ਸਕੂਲ ਵੜਦੇਸਾਰ ਸਾਹਮਣੇ ਟੱਕਰਣ ਵਾਲੇ ਹਰ ਅਧਿਆਪਕ ਦੇ ਕੋਲ ਖੜ੍ਹ ਕੇ ਬੜੇ ਹੀ ਆਦਰ ਅਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਬੁਲਾਉਂਦੀ ਹੈ ਅਤੇ ਹਰ ਪੀਰੀਅਡ ਵਿੱਚ ਉਸ ਵਿਸ਼ੇ ਨਾਲ ਸੰਬੰਧਤ ਸਵਾਲ ਦਰ ਸਵਾਲ ਕਰਦੀ ਹੀ ਰਹਿੰਦੀ ਹੈ।
ਇੱਕ ਦਿਨ ਮਹਿਕਮੇ ਨੇ ਚਿੱਠੀ ਜਾਰੀ ਕਰ ਦਿੱਤੀ ਕਿ ਵਿਦਿਆਰਥੀਆਂ ਦਾ ਅੰਗਰੇਜ਼ੀ ਦੇ ਸ਼ਬਦਾਂ ਦਾ ਮੁਕਾਬਲਾ ਕਰਵਾਇਆ ਜਾਣਾ ਹੈ। ਪ੍ਰਿੰਸੀਪਲ ਦੇ ਹੁਕਮ ਮੁਤਾਬਕ ਮੈਂ ਸਭ ਜਮਾਤਾਂ ਵਿੱਚ ਜਾ ਕੇ ਇਸ ਦੀ ਸੂਚਨਾ ਦੇ ਦਿੱਤੀ। ਜਦ ਉਸ ਜਮਾਤ ਵਿੱਚ ਮੇਰਾ ਪੀਰੀਅਡ ਆਇਆ ਤਾਂ ਉਹ ਲੜਕੀ ਆਪਣੇ ਹੱਥ ਵਿੱਚ ਕਾਪੀ ਫੜੀ ਮੇਰੇ ਅੱਗੇ ਖੜ੍ਹੀ ਸੀ। ਉਹ ਬੜੇ ਹੀ ਭੋਲੇਪਨ ਨਾਲ ਬੋਲੀ, “ਸਰ, ਮੈਂ ਮੁਕਾਬਲੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮੈਂ ਦੋ ਸੌ ਸ਼ਬਦ ਆਪਣੇ ਆਪ ਲਿਖ ਵੀ ਲਏ ਹਨ।” ਉਸ ਦੇ ਇਹਨਾਂ ਸ਼ਬਦਾਂ ਵਿੱਚ ਇੰਨਾ ਜ਼ਿਆਦਾ ਸਵੈ-ਵਿਸ਼ਵਾਸ ਸੀ ਕਿ ਮੈਂ ਉਸ ਨੂੰ ਆਪਣੇ ਕਲਾਵੇ ਵਿੱਚ ਲੈਣੋਂ ਅਤੇ ਸ਼ਾਬਾਸ਼ ਦੇਣੋਂ ਨਾ ਰਹਿ ਸਕਿਆ।
ਉਸ ਵਿਦਿਆਰਥਣ ਨੇ ਮੇਰੇ ਮਨ ਨੂੰ ਅੱਚਵੀ ਹੀ ਲਗਾ ਦਿੱਤੀ ਸੀ। ਮੈਨੂੰ ਹਰ ਪਲ ਆਪਣੀ ਧੀ ਵਰਗੀ ਉਹ ਬੱਚੀ ਯਾਦ ਆਉਣ ਲੱਗ ਪਈ। ਉਸਦੀ ਜਗਿਆਸਾ ਵੇਖ ਕੇ ਮੈਨੂੰ ਮਹਿਸੂਸ ਹੋਇਆ ਕਿ ਜੇਕਰ ਉਸ ਉੱਤੇ ਮੇਰੇ ਦੁਆਰਾ ਕੀਤੇ ਗਏ ਭਾਸ਼ਣ ਦਾ ਅਸਰ ਹੋਇਆ ਹੈ ਤਾਂ ਮੇਰੇ ਲਈ ਇਹ ਬੜੀ ਹੀ ਵੱਡੀ ਪ੍ਰਾਪਤੀ ਹੈ ਪਰ ਜੇਕਰ ਉਹ ਆਪਣੇ ਆਪ ਹੀ ਇਹ ਸਵਾਲ ਪੁੱਛਣ ਲੱਗ ਪਈ ਹੈ ਤਾਂ ਉਸ ਤੋਂ ਵੱਡਾ ਵਿਦਿਆਰਥੀ ਹੋਰ ਕੋਈ ਨਹੀਂ।
ਮੈਂ ਉਸ ਬੱਚੀ ਨੂੰ ਸਕੂਲ ਦੇ ਸਭ ਵਿਦਿਆਰਥੀਆਂ ਦੇ ਅੱਗੇ ਲਿਆਉਣਾ ਚਾਹੁੰਦਾ ਸਾਂ ਪਰ ਮੇਰੇ ਸਟੇਜ ਉੱਤੇ ਚੜ੍ਹ ਕੇ ਬੋਲਣ ਦੀ ਝਿਜਕ ਮੇਰਾ ਪਿੱਛਾ ਨਹੀਂ ਛੱਡ ਰਹੀ ਸੀ। ਸਕੂਲ ਤੋਂ ਘਰ ਤੱਕ ਉਹ ਬੱਚੀ ਹੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਰਹੀ ਸੀ। ਅਚਾਨਕ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਮੈਂ ਪ੍ਰਿੰਸੀਪਲ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਦਿੱਤੀ ਅਤੇ ਨਾਲ ਹੀ ਅਗਲੇ ਦਿਨ ਦਾ ਸਾਰਾ ਪ੍ਰੋਗਰਾਮ ਵੀ ਤੈਅ ਕਰ ਲਿਆ। ਉਹਨਾਂ ਨੇ ਮੈਨੂੰ ਬੜਾ ਹੀ ਉਤਸ਼ਾਹਿਤ ਕੀਤਾ।
ਅਗਲੇ ਦਿਨ ਦੀ ਸਵੇਰ ਦੀ ਸਭਾ ਵਿੱਚ ਮੈਂ ਡਰਦਿਆਂ-ਡਰਦਿਆਂ ਭਾਵੁਕ ਅਤੇ ਪ੍ਰਭਾਵਸ਼ਾਲੀ ਭਾਸ਼ਣ ਕੀਤਾ ਅਤੇ ਉਸ ਲੜਕੀ ਨੂੰ ਇਨਾਮ ਵੀ ਦਿਵਾਇਆ। ਆਪਣਾ ਨਾਮ ਸੁਣ ਕੇ ਸਟੇਜ ਵੱਲ ਆਉਂਦੇ ਹੋਏ ਜਦ ਉਸ ਲੜਕੀ ਨੇ ਸਾਰੇ ਅਧਿਆਪਕਾਂ ਨੂੰ ਹੱਥ ਜੋੜ ਕੇ ਬੁਲਾਇਆ ਤਾਂ ਮੈਨੂੰ ਲੱਗਾ ਕਿ ਵਾਕਿਆ ਹੀ ਮੇਰੀ ਚੋਣ ਸਹੀ ਹੈ। ਇਹ ਤਾਂ ਵਕਤ ਹੀ ਦੱਸੇਗਾ ਕਿ ਅਸੀਂ ਉਸ ਵਿਦਿਆਰਥਣ ਦੇ ਸਵਾਲਾਂ ਦੀ ਜਗਿਆਸਾ ਨੂੰ ਕਿੰਨਾ ਕੁ ਸ਼ਾਂਤ ਕਰ ਸਕਦੇ ਹਾਂ ਪਰ ਉਸ ਜਿੰਨਾ ਸਿੱਖਣ ਦਾ ਜਜ਼ਬਾ ਮੈਂ ਅਜੇ ਤੱਕ ਕਿਸੇ ਵੀ ਵਿਦਿਆਰਥੀ ਵਿੱਚ ਨਹੀਂ ਵੇਖਿਆ।
*****
(1149)