“ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ...”
(27 ਜੂਨ 2022)
ਮਹਿਮਾਨ: 160.
ਚੌਥਾ ਨਾਵਲ ਅੱਧੋਂ ਵੱਧ ਪੂਰਾ ਕੀਤੇ ਨੂੰ ਬੜਾ ਵਕਤ ਹੋ ਗਿਆ ਸੀ। ਪਾਠਕਾਂ ਸਮੇਤ ਹਰ ਜਾਣੂ ਨੂੰ ਉਮੀਦ ਹੀ ਨਹੀਂ ਸਗੋਂ ਪੱਕਾ ਯਕੀਨ ਸੀ ਕਿ ਮੈਂ ਜਲਦ ਹੀ ਨਵਾਂ ਨਾਵਲ ਉਹਨਾਂ ਦੇ ਅੱਗੇ ਪ੍ਰੋਸ ਦਿਆਂਗਾ। ਪਤਾ ਨਹੀਂ ਕਿਹੜੀ ਐਸੀ ਗੱਲ ਸੀ ਕਿ ਨਾਵਲ ਪੂਰਾ ਕਰਨਾ ਤਾਂ ਦੂਰ ਦੀ ਗੱਲ, ਮੈਂ ਤਾਂ ਅਖ਼ਬਾਰਾਂ ਨੂੰ ਭੇਜਣ ਵਾਲੇ ਆਰਟੀਕਲ ਵੀ ਲਿਖਣੋਂ ਹਟ ਗਿਆ ਸਾਂ।
ਹਰ ਰੋਜ਼ ਸਵੇਰੇ ਉੱਠ ਕੇ ਆਪਣੇ ਮਨ ਨੂੰ ਸਮਝਾਉਂਦਾ ਸਾਂ ਕਿ ਅੱਜ ਜ਼ਰੂਰ ਕੁਝ ਨਾ ਕੁਝ ਲਿਖਣਾ ਹੀ ਹੈ। ਫਿਰ ਪਤਾ ਨਹੀਂ ਮੈਨੂੰ ਅਜਿਹਾ ਕੀ ਹੋ ਜਾਂਦਾ ਸੀ ਕਿ ਮੇਰੇ ਕੋਲੋਂ ਇੱਕ ਸਤਰ ਲਿਖਣੀ ਵੀ ਮੁਸ਼ਕਿਲ ਹੋ ਜਾਂਦੀ ਸੀ। ਦੋ-ਢਾਈ ਮਹੀਨਿਆਂ ਵਿੱਚ ਇੰਝ ਲੱਗਣ ਲੱਗ ਪਿਆ ਸੀ ਕਿ ਮੈਂ ਤਾਂ ਹੁਣ ਕਦੇ ਵੀ ਕੁਝ ਲਿਖ ਹੀ ਨਹੀਂ ਸਕਾਂਗਾ।
ਲਿਖਣ ਵਾਲਿਆਂ ਦਾ ਦਿਮਾਗ ਪਤਾ ਨਹੀਂ ਕਿਹੜੇ ਢੰਗ ਦਾ ਬਣਿਆ ਹੁੰਦਾ ਹੈ ਕਿ ਜੇ ਉਹ ਲਿਖਣ ਨਾ ਤਾਂ ਕੋਈ ਹੋਰ ਕੰਮ ਜ਼ਰੂਰ ਸਹੇੜ ਲੈਂਦੇ ਹਨ। ਅਜਿਹਾ ਹੀ ਮੇਰੇ ਨਾਲ ਹੋਇਆ। ਮੈਂ ਆਪਣੇ ਸਕੂਲ ਵਿੱਚ ਵਿਦਿਆਰਥੀਆਂ ਦਾ ਦਾਖਲਾ ਵਧਾਉਣ ਵਿੱਚ ਰੁੱਝ ਗਿਆ। ਇਸ ਵਾਰ ਨਵੇਂ ਦਾਖਲੇ ਕਰਵਾਉਣ ਦੀ ਕੋਈ ਸੀਮਾ ਨਾ ਰੱਖੀ ਹੋਣ ਕਾਰਨ ਮੈਂ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸਾਂ। ਪਿਛਲੇ ਕਈ ਸਾਲਾਂ ਤੋਂ ਤਾਂ ਅਧਿਆਪਕਾਂ ਦੇ ਸਿਰ ’ਤੇ ਨਵੇਂ ਦਾਖਲੇ ਕਰਨ ਦੀ ਤਲਵਾਰ ਟੰਗ ਦਿੱਤੀ ਜਾਂਦੀ ਸੀ। ਬੇਲੋੜੇ ਟੀਚੇ ਮਿਥ ਕੇ, ਪਾਰ ਕਰਵਾਉਣ ਕਾਰਨ ਲਗਭਗ ਸਾਰਾ ਅਧਿਆਪਕ ਵਰਗ ਹੀ ਇੱਕ ਵਿਸ਼ੇਸ਼ ਕਿਸਮ ਦੀ ਮਾਨਸਿਕ ਪੀੜ ਵਿੱਚੋਂ ਗੁਜ਼ਰ ਰਿਹਾ ਹੁੰਦਾ ਸੀ। ਜੇ ਹਾਲਾਤ ਪਿਛਲੇ ਸਾਲਾਂ ਵਰਗੇ ਹੁੰਦੇ ਤਾਂ ਮੈਂ ਆਪਣੇ ਵਿਦਰੋਹੀ ਸੁਭਾਅ ਕਾਰਨ ਇਸ ਸਭ ਦਾ ਬਾਈਕਾਟ ਵੀ ਕਰ ਦੇਣਾ ਸੀ ਪਰ ਐਤਕੀਂ ਮੈਨੂੰ ਕੀ, ਸਭ ਨੂੰ ਆਪਣਾ-ਆਪ ਆਜ਼ਾਦ ਮਹਿਸੂਸ ਹੋਇਆ। ਬੰਧਸ਼ਾਂ ਵਿੱਚੋਂ ਛੁੱਟਦੇ ਹੀ ਸਾਡੇ ਸਕੂਲ ਦੀ ਦਾਖਲਾ ਕਮੇਟੀ ਨੇ ਆਜ਼ਾਦ ਤੌਰ ’ਤੇ ਦਾਖਲੇ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਸਾਡੇ ਮਨ ਵਿੱਚ ਕੋਈ ਵੀ ਡਰ ਨਹੀਂ ਸੀ ਕਿ ਸਿੱਖਿਆ ਵਿਭਾਗ ਦੇ ਵੱਡੇ ਅਧਿਕਾਰੀਆਂ ਦੁਆਰਾ ਪੂਰੇ ਕਰਵਾਏ ਜਾਂਦੇ ਜਾਅਲੀ ਦਾਖਲੇ ਵਿਖਾਉਣ ਦਾ ਕੰਮ ਧੌਣ ’ਤੇ ਗੋਡਾ ਰੱਖ ਕੇ ਕਰਵਾਇਆ ਜਾਵੇਗਾ। ਦਾਖਲਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਘਰ-ਘਰ ਜਾ ਕੇ ਵਿਦਿਆਰਥੀਆਂ ਦੀ ਗਿਣਤੀ ਵਧਾਈ ਜਾਵੇ।
ਅਸੀਂ ਟੀਮਾਂ ਬਣਾ ਕੇ ਸ਼ਹਿਰ ਨੂੰ ਛਾਣਨਾ ਸ਼ੁਰੂ ਕਰ ਦਿੱਤਾ। ਸਿਰਫ ਦੋ ਦਿਨ, ਢਾਈ-ਤਿੰਨ ਘੰਟੇ ਲਈ ਘਰ-ਘਰ ਜਾਂਦਿਆਂ ਸਾਨੂੰ ਬਹੁਤ ਜ਼ਿਆਦਾ ਤਜਰਬਾ ਹਾਸਲ ਹੋ ਗਿਆ। ਸਾਨੂੰ ਸਾਡੇ ਇੱਕ ਵਿਦਿਆਰਥੀ ਨੇ ਵੀ ਆਖ ਦਿੱਤਾ ਸੀ, “ਸਰ, ਸਕੂਲ ਵਿੱਚ ਲਿਸਟਾਂ ਬਣਾਉਣ ਦੀ ਕੀ ਲੋੜ ਹੈ? ਆਪਾਂ ਵੈਸੇ ਹੀ ਇਹਨਾਂ ਇਲਾਕਿਆਂ ਵਿੱਚ ਆ ਜਾਇਆ ਕਰੀਏ। ਬਹੁਤ ਬੱਚੇ ਮਿਲ ਜਾਣਗੇ।” ਭਾਵੇਂ ਕਿ ਉੁਹ ਬਹੁਤ ਹੀ ਸਧਾਰਨ ਜਿਹੇ ਘਰ ਦਾ ਬੱਚਾ ਸੀ ਪਰ ਉਸ ਦੀ ਇਹ ਹੂਕ ਸਕੂਲ ਵਿਹੂਣੇ ਬੱਚਿਆਂ ਲਈ ਇੱਕ ਵੱਡਾ ਨਾਅਰਾ ਸੀ।
ਅਸੀਂ ਇੱਕ ਬਸਤੀ ਦੀ ਇੱਕ ਗਲੀ ਵਿੱਚ ਵੜੇ ਹੀ ਸਾਂ ਕਿ ਕਈ ਘਰਾਂ ਵਿੱਚੋਂ ਬੱਚਿਆਂ ਦੇ ਰੋਣ ਪਿੱਟਣ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਬਾਅਦ ਵਿੱਚ ਪਤਾ ਲੱਗਿਆ ਕਿ ਕਿਸੇ ਆਦਮੀ ਨੇ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਮਹੱਲੇ ਵਿੱਚ ਖੇਡ ਰਹੇ ਬੱਚਿਆਂ ਨੂੰ ਆਖ ਦਿੱਤਾ ਸੀ ਕਿ ਸਕੂਲ ਵਾਲੇ ਮਾਸਟਰ ਆ ਰਹੇ ਹਨ। ਉਹ ਥੋਨੂੰ ਬੰਨ੍ਹ ਕੇ ਸਕੂਲ ਲੈ ਕੇ ਜਾਣਗੇ।” ਉਸ ਆਦਮੀ ਦੇ ਅਜਿਹੇ ਬੋਲਾਂ ਕਾਰਨ ਬੱਚਿਆਂ ਦਾ ਸਾਡੇ ਤੋਂ ਡਰਨਾ ਸੁਭਾਵਿਕ ਹੀ ਸੀ। ਅਸੀਂ ਬੱਚਿਆਂ ਨੂੰ ਬੜੇ ਹੀ ਪਿਆਰ ਨਾਲ ਸਮਝਾਇਆ ਪਰ ਹੌਕੇ ਭਰਦੇ ਹੋਏ ਉਹ ਅਜੇ ਵੀ ਸਾਨੂੰ ਇਵੇਂ ਹੀ ਵੇਖ ਰਹੇ ਸਨ ਜਿਵੇਂ ਅਸੀਂ ਉਨ੍ਹਾਂ ਦੇ ਦੁਸ਼ਮਣ ਹੋਈਏ।
ਕੁਝ ਕੁ ਘਰਾਂ ਦੇ ਬੱਚਿਆਂ ਅਤੇ ਮਾਪਿਆਂ ਨੂੰ ਸਮਝਾ ਕੇ ਅਸੀਂ ਅਗਲੇ ਘਰ ਵੱਲ ਤੁਰ ਪਏ। ਕਬਾੜ ਨਾਲ ਭਰੇ ਹੋਏ ਇੱਕ ਘਰ ਵਿੱਚ ਸਾਹਮਣੇ ਕੋਈ ਵੀ ਨਹੀਂ ਸੀ। ਅਸੀਂ ਬੂਹੇ ਤੋਂ ਅੱਗੇ ਕੁਝ ਕਦਮ ਪੁੱਟੇ ਤਾਂ ਇੱਕ ਅਦਭੁੱਤ ਦ੍ਰਿਸ਼ ਸਾਡੇ ਨਜ਼ਰੀਂ ਪਿਆ। ਇੱਕ ਛੋਟੀ ਜਿਹੀ ਬੱਚੀ ਹਨੇਰੇ ਕਮਰੇ ਵਿੱਚ ਬੈਠੀ ਹੋਈ, ਕਿਤਾਬ ਪੜ੍ਹ ਰਹੀ ਸੀ। ਉੁਸ ਦਾ ਸਜਾਇਆ ਹੋਇਆ ਬਸਤਾ ਉਸ ਦੇ ਮੰਜੇ ਉੱਤੇ ਪਿਆ ਸੀ। ਉਹ ਆਪਣੀ ਪੜ੍ਹਾਈ ਵਿੱਚ ਇੰਨੀ ਜ਼ਿਆਦਾ ਮਗਨ ਸੀ ਕਿ ਉਸ ਨੂੰ ਕਿਸੇ ਦੇ ਉਸ ਦੇ ਘਰ ਆਉੁਣ ਬਾਰੇ ਵੀ ਪਤਾ ਨਹੀਂ ਲੱਗਿਆ। ਜਦ ਪੜ੍ਹਾਈ ਵਿੱਚ ਮਗਨ ਉਸ ਬੱਚੀ ਨੂੰ ਮੈਂ ਆਵਾਜ਼ ਮਾਰੀ ਤਾਂ ਉਹ ਮੇਰੀ ਕਿਸੇ ਵੀ ਗੱਲ ਦਾ ਜਵਾਬ ਦੇਣ ਦੀ ਬਜਾਏ ਡਰ ਦੀ ਮਾਰੀ ਉੱਠ ਕੇ ਘਰ ਦੇ ਅੰਦਰ ਭੱਜ ਗਈ।
ਕੁਝ ਪਲਾਂ ਬਾਅਦ ਉਸ ਦੀ ਮਾਂ ਆ ਗਈ। ਅਸੀਂ ਉਸ ਤੋਂ ਬੱਚੀ ਬਾਰੇ ਮੁਢਲੀ ਜਾਣਕਾਰੀ ਹਾਸਲ ਕੀਤੀ ਤਾਂ ਪਤਾ ਲੱਗਿਆ ਕਿ ਉਹ ਬੱਚੀ ਤਿੰਨ-ਚਾਰ ਸਾਲ ਪਹਿਲਾਂ ਆਪਣੀ ਪੜ੍ਹਾਈ ਛੱਡ ਚੁੱਕੀ ਸੀ। ਉਸ ਨੂੰ ਪੜ੍ਹਨ ਦੀ ਲਗਨ ਹੋਣ ਕਾਰਨ ਉਹ ਹਰ ਰੋਜ਼ ਆਪਣੀਆਂ ਪੁਰਾਣੀਆਂ ਕਿਤਾਬਾਂ ਤੋਂ ਦੁਹਰਾਈ ਕਰਦੀ ਰਹਿੰਦੀ ਸੀ। ਉਹ ਹਰ ਰੋਜ਼ ਆਪਣੇ ਪੁਰਾਣੇ ਅਧਿਆਪਕਾਂ ਦੁਆਰਾ ਦਿੱਤਾ ਹੋਇਆ ਕੰਮ ਦੁਹਰਾਉਂਦੀ ਰਹਿੰਦੀ ਸੀ।
ਉਸ ਲੜਕੀ ਬਾਰੇ ਇੰਨਾ ਕੁਝ ਜਾਣ ਕੇ ਅਸੀਂ ਤਾਂ ਹੈਰਾਨ ਰਹਿ ਗਏ ਸਾਂ। ਸਾਨੂੰ ਲੱਗਿਆ ਕਿ ਸਾਨੂੰ ਕੋਲੇ ਦੀ ਖਾਣ ਵਿੱਚੋਂ ਇੱਕ ਹੀਰਾ ਲੱਭ ਗਿਆ ਹੈ। ਅਸੀਂ ਬੜੇ ਹੀ ਪਿਆਰ ਨਾਲ ਉਸ ਦੀ ਮਾਂ ਨੂੰ ਉਸ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਲਈ ਆਖਿਆ, ਜਿਹੜਾ ਕਿ ਉਸ ਨੇ ਖਿੜੇ-ਮੱਥੇ ਸਵੀਕਾਰ ਕਰ ਲਿਆ। ਉਸ ਲੜਕੀ ਦੀ ਪੜ੍ਹਾਈ ਛੁੱਟਣ ਦਾ ਮੁੱਖ ਕਾਰਨ ਇਹ ਸੀ ਕਿ ਪਹਿਲਾਂ ਉਹ ਆਪਣੀ ਨਾਨੀ ਕੋਲ ਪੜ੍ਹਦੀ ਸੀ। ਨਾਨੀ ਦੀ ਮੌਤ ਤੋਂ ਬਾਅਦ ਉਸ ਦਾ ਜਨਮ ਸਰਟੀਫਿਕੇਟ ਗੁੰਮ ਹੋ ਗਿਆ। ਉਸ ਕੋਲ ਜਨਮ ਸਰਟੀਫਿਕੇਟ ਨਾ ਹੋਣ ਕਾਰਨ ਇੱਕ ਸਕੂਲ ਵਾਲਿਆਂ ਨੇ ਉਸ ਨੂ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਅਨਪੜ੍ਹ ਮਾਪਿਆਂ ਨੂੰ ਲੱਗਿਆ ਕਿ ਹੁਣ ਉਹਨਾਂ ਦੀ ਬੱਚੀ ਕਦੇ ਵੀ ਸਕੂਲ ਵਿੱਚ ਦਾਖਲ ਨਹੀਂ ਹੋ ਸਕਦੀ ਹੈ। ਇਸ ਲਈ ਉਹਨਾਂ ਨੇ ਉਸ ਨੂੰ ਸਕੂਲ ਦਾਖਲ ਕਰਵਾਉਣ ਬਾਰੇ ਸੋਚਣਾ ਹੀ ਛੱਡ ਦਿੱਤਾ ਸੀ। ਪਰ ਉਸ ਬੱਚੀ ਵਿੱਚ ਆਪਣੀ ਪੜ੍ਹਾਈ ਦੀ ਧੁਨ ਇੰਨੀ ਜ਼ਿਆਦਾ ਪ੍ਰਬਲ ਸੀ ਕਿ ਉਸ ਨੇ ਆਪਣੀਆਂ ਪੁਰਾਣੀਆਂ ਕਿਤਾਬਾਂ ਦਾ ਖਹਿੜਾ ਨਹੀਂ ਛੱਡਿਆ।
ਅਗਲੇ ਦਿਨ ਅਸੀਂ ਉਸ ਬੱਚੀ ਨੂੰ ਦਾਖਲ ਕਰਨ ਲਈ ਉਡੀਕਦੇ ਰਹੇ। ਲੰਬੀ ਉਡੀਕ ਤੋਂ ਬਾਅਦ ਸਾਨੂੰ ਲੱਗਿਆ ਕਿ ਉੁਹ ਸਕੂਲ ਦਾਖਲ ਹੋਣ ਲਈ ਨਹੀਂ ਆਵੇਗੀ। ਛੁੱਟੀ ਦਾ ਸਮਾਂ ਹੋਣ ਤੋਂ ਕੁਝ ਕੁ ਮਿੰਟ ਪਹਿਲਾਂ ਉਹ ਬੱਚੀ ਆਪਣੇ ਬਾਪ ਅਤੇ ਛੋਟੀ ਭੈਣ ਦੇ ਨਾਲ ਸਕੂਲ ਵਿੱਚ ਆਈ ਤਾਂ ਸਭ ਦੇ ਚਿਹਰੇ ਖਿੜ ਗਏ।
ਆਉਣਸਾਰ ਉਸ ਨੇ ਬੜੇ ਹੀ ਵਧੀਆ ਸ਼ਬਦਾਂ ਨਾਲ ਸਾਡਾ ਧੰਨਵਾਦ ਕੀਤਾ ਤਾਂ ਅਸੀਂ ਸਾਰੇ ਜਣੇ ਹੈਰਾਨ ਰਹਿ ਗਏ ਸਾਂ। ਜਦ ਮੇਰੇ ਸਹਿ-ਕਰਮੀ ਜਗਰੂਪ ਸਿੰਘ ਨੇ ਉਸ ਨੂੰ ਨਵਾਂ ਬਸਤਾ ਅਤੇ ਕਾਪੀਆਂ ਖਰੀਦਣ ਲਈ ਇੱਕ ਹਜ਼ਾਰ ਰੁਪਏ ਦਿੱਤੇ ਤਾਂ ਉਸ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ।
ਆਪਣੀਆਂ ਕਿਤਾਬਾਂ ਅਤੇ ਬਸਤੇ ਨੂੰ ਅੰਤਾਂ ਦਾ ਪਿਆਰ ਕਰਨ ਵਾਲੀ ਇਸ ਲੜਕੀ ਨੇ ਮੇਰੇ ਮਨ ਨੂੰ ਇੰਨਾ ਝੰਜੋੜਿਆ ਕਿ ਵਧੀਆ ਹਾਲਾਤ ਹੋਣ ਦੇ ਬਾਵਜੂਦ ਮੈਂ ਲਿਖਣਾ ਕਿਉਂ ਛੱਡ ਦਿੱਤਾ ਹੈ? ਸਕੂਲ ਤੋਂ ਘਰ ਪਰਤਦਿਆਂ ਹੀ ਮੈਂ ਆਪਣਾ ਅਧੂਰਾ ਨਾਵਲ ਪੂਰਾ ਕਰਨਾ ਸ਼ੁਰੂ ਕਰ ਦਿੱਤਾ। ਉਸ ਲੜਕੀ ਦੀ ਪੜ੍ਹਨ-ਲਿਖਣ ਦੀ ਲਗਨ, ਕਿਤਾਬਾਂ ਪ੍ਰਤੀ ਪ੍ਰੇਮ ਅਤੇ ਪੜ੍ਹਾਈ ਪ੍ਰਤੀ ਕਦਰ ਨੇ ਮੈਨੂੰ ਵੀ ਲੇਖਣੀ ਵਾਲੇ ਕੰਮ ਵੱਲ ਵਾਪਸ ਮੋੜ ਦਿੱਤਾ ਹੈ। ਹੋ ਸਕਦਾ ਹੈ ਕਿ ਮੈਂ ਭਵਿੱਖ ਵਿੱਚ ਉਸ ਬੱਚੀ ਲਈ ਬਹੁਤ ਕੁਝ ਨਾ ਕਰ ਸਕਾਂ ਪਰ ਉਸ ਨੇ ਮੈਨੂੰ ਆਪਣੇ ਅਸਲ ਖੇਤਰ ਵੱਲ ਮੋੜ ਕੇ ਮੇਰੇ ’ਤੇ ਇੱਕ ਬਹੁਤ ਵੱਡਾ ਅਹਿਸਾਨ ਜ਼ਰੂਰ ਕਰ ਦਿੱਤਾ ਹੈ। ਉਸ ਬੱਚੀ ਨੂੰ ਸਕੂਲ ਵਿੱਚ ਪੜ੍ਹਦੀ ਵੇਖ ਕੇ ਮੇਰਾ ਮਨ ਉਦੋਂ ਬਹੁਤ ਉਦਾਸ ਹੋ ਜਾਂਦਾ ਹੈ ਜਦ ਉਸ ਵਰਗੇ ਹਜ਼ਾਰਾਂ ਸਕੂਲ ਵਿਹੂਣੇ ਬੱਚਿਆਂ ਦੀ ਤਸਵੀਰ ਮੇਰੇ ਮਨ ਅੱਗੇ ਆ ਜਾਂਦੀ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3651)
(ਸਰੋਕਾਰ ਨਾਲ ਸੰਪਰਕ ਲਈ: