“ਉਸ ਸਮੇਂ ਮੁੱਖ ਤੌਰ ’ਤੇ ਤਿੰਨ ਧਿਰਾਂ ਸਰਗਰਮ ਸਨ। ਇੱਕ ਸੰਤ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਸਾਥੀ, ਦੂਸਰੀ ਸ਼੍ਰੋਮਣੀ ...”
(5 ਜੂਨ 2024)
ਇਸ ਸਮੇਂ ਪਾਠਕ: 205.
ਵੈਸੇ ਤਾਂ ਇਤਿਹਾਸ ਦੇ ਵਹਿਣ ਵਿੱਚ ‘ਜੇ’ ਸ਼ਬਦ ਦੀ ਕੋਈ ਮਹੱਤਤਾ ਜਾਂ ਮਤਲਬ ਨਹੀਂ ਹੁੰਦਾ ਪਰ ਫਿਰ ਵੀ ਇਸ ਸ਼ਬਦ ਦੀ ਵਰਤੋਂ ਕਰਕੇ ਸਬਕ ਸਿੱਖੇ ਜਾ ਸਕਦੇ ਹਨ ਅਤੇ ਸਬਕਾਂ ਦੇ ਆਧਾਰ ’ਤੇ ਆਉਣ ਵਾਲੇ ਸਮੇਂ ਵਿੱਚ ਮੁੜ ਉਹੋ ਜਿਹੀਆਂ ਗਲਤੀਆਂ ਕਰਨ ਤੋਂ ਬਚਿਆ ਜਾ ਸਕਦਾ ਹੈ। ਅਜਿਹੇ ਸਬਕਾਂ ਦੇ ਆਧਾਰ ’ਤੇ ਪੰਜਾਬ ਦੇ ਇਤਿਹਾਸ ਵਿੱਚ ਵਾਪਰ ਚੁੱਕੇ ਮਹਾਂ ਦੁਖਾਂਤ ਓਪਰੇਸ਼ਨ ਬਲਿਊ ਸਟਾਰ ਤੋਂ ਤੁਰੰਤ ਬਾਅਦ ਸੀ.ਪੀ.ਆਈ. (ਐੱਮ) ਅਤੇ ਇਸਦੇ ਸਿਰਮੌਰ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੇ ਆਪਣੇ ਬਿਆਨਾਂ ਅਤੇ ਲਿਖਤਾਂ ਵਿੱਚ ਲਗਾਤਾਰ ਕਿਹਾ ਸੀ ਕਿ ਇਸ ਦੁਖਾਂਤ ਤੋਂ ਬਚਿਆ ਜਾ ਸਕਦਾ ਸੀ ਜੇਕਰ ਸਾਰੀਆਂ ਸੰਬੰਧਿਤ ਧਿਰਾਂ ਆਪੋ ਆਪਣੀ ਜ਼ਿੰਮੇਵਾਰੀ ਤੋਂ ਕੰਮ ਲੈਂਦੀਆਂ। ਉਸ ਸਮੇਂ ਮੁੱਖ ਤੌਰ ’ਤੇ ਤਿੰਨ ਧਿਰਾਂ ਸਰਗਰਮ ਸਨ। ਇੱਕ ਸੰਤ ਭਿੰਡਰਾਂ ਵਾਲੇ ਅਤੇ ਉਨ੍ਹਾਂ ਦੇ ਸਾਥੀ, ਦੂਸਰੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੀਸਰੀ ਉਸ ਸਮੇਂ ਦੀ ਕਾਂਗਰਸ ਪਾਰਟੀ ਅਤੇ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ। ਸੰਤ ਭਿੰਡਰਾਂਵਾਲੇ ਦੇ ਦਿਮਾਗ ਵਿੱਚ ਉਸ ਸਮੇਂ ਪੂਰੀ ਤਰ੍ਹਾਂ ਇਹ ਬੈਠਾ ਹੋਇਆ ਸੀ ਕਿ ਭਾਰਤ ਸਰਕਾਰ ਕਦੇ ਵੀ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉੱਪਰ ਫੌਜੀ ਐਕਸ਼ਨ ਨਹੀਂ ਕਰੇਗੀ ਅਤੇ ਜੇਕਰ ਕਰੇਗੀ ਤਾਂ ਪਾਕਿਤਸਾਨ ਦੀ ਫੌਜ ਸਾਡੀ ਹਿਮਾਇਤ ਵਿੱਚ ਭਾਰਤ ’ਤੇ ਹਮਲਾ ਕਰ ਦੇਵੇਗੀ। ਇਹ ਸੋਚ ਉਨ੍ਹਾਂ ਦੇ ਦਿਮਾਗ ਵਿੱਚ ਦੇਸੀ ਵਿਦੇਸ਼ੀ ਖੁਫੀਆ ਏਜੰਸੀਆਂ ਨੇ ਬਿਠਾਈ ਹੋਈ ਸੀ, ਜਿਨ੍ਹਾਂ ਤੋਂ ਸ਼ਾਇਦ ਉਹ ਸੁਚੇਤ ਨਹੀਂ ਸਨ। ਅੱਜ ਵੀ ਅਤੇ ਉਸ ਸਮੇਂ ਵੀ ਬਹੁਤ ਵੱਡੀ ਗਿਣਤੀ ਵਿੱਚ ਸਹੀ ਸੋਚ ਵਾਲੇ ਸਿੱਖਾਂ ਦੀ ਇਹ ਸੋਚ ਸੀ ਕਿ ਜਦੋਂ ਹਾਲਾਤ ਅੱਤ ਦੇ ਗੰਭੀਰ ਹੋ ਗਏ ਸਨ ਤਾਂ ਸੰਤ ਭਿੰਡਰਾਵਾਲੇ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜਾਂ ਤਾਂ ਕਿਸੇ ਤਰ੍ਹਾਂ ਉੱਥੋਂ ਨਿਕਲ ਜਾਣਾ ਚਾਹੀਦਾ ਸੀ ਅਤੇ ਜਾਂ ਫਿਰ ਆਪਣੇ ਆਪ ਨੂੰ ਸੁਰੱਖਿਆ ਫੋਰਸਾਂ ਸਾਹਮਣੇ ਪੇਸ਼ ਕਰ ਦੇਣਾ ਚਾਹੀਦਾ ਸੀ। ਅਜਿਹੇ ਵਿਚਾਰ ਪੇਸ਼ ਕਰਨ ਵਾਲੇ ਸੱਜਣ ਭਾਵੇਂ ਅੱਜ ਵੀ ਬਹੁਤਾ ਖੁੱਲ੍ਹਕੇ ਨਹੀਂ ਬੋਲਦੇ ਪਰ ਇਹ ਕਹਿੰਦੇ ਜ਼ਰੂਰ ਹਨ ਕਿ ਸੰਤ ਭਿੰਡਰਾਂਵਾਲੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤਾਂ ਵੱਡੇ ਨਹੀਂ ਸਨ। ਜੇਕਰ ਗੁਰੂ ਗੋਬਿੰਦ ਸਿੰਘ ਜੀ ਸਮੇਂ ਦੇ ਹਾਲਾਤ ਦੀ ਗੰਭੀਰਤਾ ਦਾ ਅਹਿਸਾਸ ਕਰਦਿਆਂ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਕੇ ਜਾ ਸਕਦੇ ਸਨ ਅਤੇ ਫਿਰ ਚਮਕੌਰ ਸਾਹਿਬ ਦੀ ਗੜ੍ਹੀ ਵਿੱਚੋਂ ਨਿਕਲ ਸਕਦੇ ਸਨ ਤਾਂ ਫਿਰ ਸੰਤ ਭਿੰਡਰਾਂਵਾਲੇ ਅਜਿਹਾ ਕੁਝ ਕਿਉਂ ਨਹੀਂ ਕਰ ਸਕਦੇ ਸਨ? ਜੇਕਰ ਅਜਿਹਾ ਕੁਝ ਕਰ ਲਿਆ ਜਾਂਦਾ ਤਾਂ ਓਪਰੇਸ਼ਨ ਬਲਿਊ ਸਟਾਰ ਦਾ ਮਹਾਂ ਦੁਖਾਂਤ ਟਾਲ਼ਿਆ ਜਾ ਸਕਦਾ ਸੀ।
ਇਸੇ ਤਰ੍ਹਾਂ ਜੇਕਰ ਦੂਸਰੀ ਵੱਡੀ ਧਿਰ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲੀਡਰਸ਼ਿੱਪ ਆਪਸੀ ਧੜੇਬੰਦੀ ਦਾ ਸ਼ਿਕਾਰ ਹੋ ਕੇ ਇੱਕ ਦੂਸਰੇ ਨੂੰ ਠਿੱਬੀ ਲਾਉਣ, ਮੌਕਾ ਪ੍ਰਸਤੀ ਅਤੇ ਅੰਤ ਫਿਰ ਕਾਇਰਤਾ ਦਾ ਸਬੂਤ ਦਿੰਦੇ ਹੋਏ ਸੰਤ ਭਿੰਡਰਾਂਵਾਲੇ ਦੇ ਥੱਲੇ ਨਾ ਲਗਦੀ, ਉਨ੍ਹਾਂ ਨਾਲ ਸਾਂਝਾ ਧਰਮ ਯੁੱਧ ਮੋਰਚਾ ਨਾ ਲਾਉਂਦੀ, ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਉਨ੍ਹਾਂ ਦੇ ਡੇਰੇ ਨਾ ਲਾਉਣ ਦਿੰਦੀ, ਕਮਿਊਨਿਸਟਾਂ ਖਾਸ ਕਰਕੇ ਸੀ.ਪੀ.ਆਈ. (ਐੱਮ) ਨਾਲ ਸਾਂਝੇ ਜਨਤਕ ਸੰਘਰਸ਼ਾਂ ਦੀ ਨੀਤੀ ’ਤੇ ਚਲਦੀ ਰਹਿੰਦੀ ਤਾਂ ਅਜਿਹੇ ਗੰਭੀਰ ਹਾਲਾਤ ਬਣਨੇ ਹੀ ਨਹੀਂ ਸਨ, ਜਿਨ੍ਹਾਂ ਵਿੱਚ ਓਪਰੇਸ਼ਨ ਬਲਿਊ ਸਟਾਰ ਹੋਇਆ। ਸਭ ਤੋਂ ਵੱਧ ਜੇਕਰ ਉਸ ਸਮੇਂ ਦੀ ਕਾਂਗਰਸ ਪਾਰਟੀ, ਖਾਸ ਕਰਕੇ ਗਿਆਨੀ ਜ਼ੈਲ ਸਿੰਘ, ਸੰਜੈ ਗਾਂਧੀ ਅਤੇ ਉਸਦੀ ਜੁੰਡਲੀ ਪੰਜਾਬ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਪਹਿਲਾਂ ਸੰਤ ਭਿੰਡਰਾਂਵਾਲੇ ਨੂੰ ਉਭਾਰਨ ਦੀ ਨੀਤੀ ਨਾ ਅਪਣਾਉਂਦੀ ਤਾਂ ਸਥਿਤੀ ਇੰਨੀ ਗੰਭੀਰ ਹੋਣੀ ਹੀ ਨਹੀਂ ਸੀ। ਅਤੇ ਜੇਕਰ ਅੰਤ ਹਾਲਾਤ ਵਿਗੜ ਹੀ ਗਏ ਸਨ ਤਾਂ ਫੌਜੀ ਐਕਸ਼ਨ ਦੀ ਥਾਂ ਕੋਈ ਹੋਰ ਰਾਹ ਅਪਣਾਇਆ ਜਾ ਸਕਦਾ ਸੀ ਜਿਵੇਂ ਕਿ 1988 ਵਿੱਚ ਓਪਰੇਸ਼ਨ ਬਲੈਕ ਥੰਡਰ ਦੌਰਾਨ ਕੀਤਾ ਗਿਆ ਸੀ। ਉਸ ਸਮੇਂ ਇੱਕ ਹਜ਼ਾਰ ਤੋਂ ਵੀ ਵੱਧ ਸੁਰੱਖਿਆ ਦਸਤਿਆਂ ਨੇ ਦਰਬਾਰ ਸਾਹਿਬ ਕੰਪਲੈਕਸ ਨੂੰ ਘੇਰ ਲਿਆ ਸੀ। ਬਿਜਲੀ, ਪਾਣੀ, ਖੁਰਾਕੀ ਵਸਤਾਂ ਦੀ ਸਪਲਾਈ ਬੰਦ ਕਰ ਦਿੱਤੀ ਗਈ ਸੀ ਅਤੇ ਕੁਝ ਦਿਨਾਂ ਵਿੱਚ ਹੀ ਪਿਛਲੇ ਲੰਬੇ ਸਮੇਂ ਤੋਂ ਕੰਪਲੈਕਸ ’ਤੇ ਕਬਜ਼ਾ ਕਰੀ ਬੈਠੇ 300 ਤੋਂ ਵੱਧ ਦਹਿਸ਼ਤਗਰਦਾਂ ਨੂੰ ਹੱਥ ਖੜ੍ਹੇ ਕਰਕੇ ਆਤਮ ਸਮਰਪਣ ਕਰਨ ਲਈ ਮਜਬੂਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੇ ਸਾਰੇ ਹਥਿਆਰ, ਗੋਲੀ ਸਿੱਕਾ ਬਾਰੂਦ ਆਦਿ ਸਭ ਕੁਝ ਵੀ ਸੁਰੱਖਿਆ ਦਸਤਿਆਂ ਨੇ ਪ੍ਰਾਪਤ ਕਰ ਲਿਆ ਸੀ। ਓਪਰੇਸ਼ਨ ਬਲਿਊ ਸਟਾਰ ਦੀ ਥਾਂ ਅਜਿਹਾ ਹੀ ਕੋਈ ਐਕਸ਼ਨ ਕੀਤਾ ਜਾ ਸਕਦਾ ਸੀ। ਪਰ ਅਜਿਹਾ ਨਹੀਂ ਹੋਇਆ ਜਿਸਦੇ ਭਿਆਨਕ ਨਤੀਜੇ ਸਭ ਦੇ ਸਾਹਮਣੇ ਹਨ।
ਸਰਦਾਰ ਪ੍ਰਕਾਸ਼ ਸਿੰਘ ਬਾਦਲ, ਜੋ ਓਪਰੇਸ਼ਨ ਬਲਿਊ ਸਟਾਰ ਵੇਲੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਨਹੀਂ ਸਨ ਅਤੇ ਅੱਜ ਦੇ ਉਤਰਾਖੰਡ ਦੇ ਬਾਜਪੁਰ ਕਸਬੇ ਦੇ ਇੱਕ ਫਾਰਮ ਹਾਊਸ ਵਿੱਚ ਸਨ, ਨੇ ਓਪਰੇਸ਼ਨ ਬਲਿਊ ਤੋਂ ਤੁਰੰਤ ਬਾਅਦ ਭਾਰਤੀ ਫੌਜ ਵਿਚਲੇ ਸਿੱਖ ਫੌਜੀਆਂ ਨੂੰ ਬਗਾਵਤ ਕਰਕੇ ਅੰਮ੍ਰਿਤਸਰ ਵੱਲ ਨੂੰ ਆਉਣ ਦਾ ਸੱਦਾ ਦੇ ਦਿੱਤਾ, ਜਿਸਦੇ ਸਿੱਟੇ ਵਜੋਂ ਲਗਭਗ ਤਿੰਨ ਹਜ਼ਾਰ ਸਿੱਖ ਫੌਜੀਆਂ ਵੱਲੋਂ ਆਪੋ ਆਪਣੀਆਂ ਛਾਉਣੀਆਂ ਅਤੇ ਯੂਨਿਟਾਂ ਵਿੱਚ ਬਗਾਵਤ ਕਰ ਦਿੱਤੀ ਗਈ ਅਤੇ ਸੱਚਮੁੱਚ ਵੱਖ ਵੱਖ ਥਾਵਾਂ ਤੋਂ ਅੰਮ੍ਰਿਤਸਰ ਵੱਲ ਨੂੰ ਚੱਲ ਪਏ। ਕੁਝ ਹਿੰਸਕ ਘਟਨਾਵਾਂ ਵੀ ਹੋਈਆਂ ਅਤੇ ਕੁਝ ਮੌਤਾਂ ਵੀ ਹੋਈਆਂ ਪਰ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ।
ਇਨ੍ਹਾਂ ਘਟਨਾਵਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਓਪਰੇਸ਼ਨ ਬਲਿਊ ਸਟਾਰ ਦੇ ਮਹਾਂ ਦੁਖਾਂਤ ਨਾਲ ਆਮ ਸਿੱਖ ਮਾਨਸਿਕਤਾ ਉੱਪਰ ਕਿੰਨਾ ਗਹਿਰਾ ਅਸਰ ਹੋਇਆ ਹੋਵੇਗਾ। ਅਨੇਕਾਂ ਮਹੱਤਵਪੂਰਨ ਸਿੱਖ ਆਗੂਆਂ, ਬੁੱਧੀਜੀਵੀਆਂ ਅਤੇ ਹੋਰਨਾਂ ਨੇ ਜਿਨ੍ਹਾਂ ਵਿੱਚ ਅੰਗਰੇਜ਼ੀ ਦੇ ਪ੍ਰਸਿੱਧ ਲੇਖਕ, ਪੱਤਰਕਾਰ ਅਤੇ ਬੁੱਧੀਜੀਵੀ ਖੁਸ਼ਵੰਤ ਸਿੰਘ, ਕਾਂਗਰਸ ਦੇ ਮੈਂਬਰ ਲੋਕ ਸਭਾ ਕੈਪਟਨ ਅਮਰਿੰਦਰ ਸਿੰਘ ਅਤੇ ਬਹੁਤ ਸਾਰੇ ਹੋਰ ਸ਼ਾਮਲ ਸਨ, ਜਿਨ੍ਹਾਂ ਨੇ ਕੇਂਦਰੀ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਵੱਡੇ ਵੱਡੇ ਐਵਾਰਡ, ਸਰਟੀਫਿਕੇਟ, ਅਹੁਦੇ ਅਤੇ ਅਜਿਹੇ ਹੋਰ ਬਹੁਤ ਕੁਝ ਰੋਸ ਵਜੋਂ ਵਾਪਸ ਕਰ ਦਿੱਤੇ ਗਏ। ਜਿਹੜੇ ਸਿੱਖ ਜਨ ਸਮੂਹ ਅਤੇ ਪ੍ਰਭਾਵਸ਼ਾਲੀ ਵਿਅਕਤੀ ਖਾਲਿਸਤਾਨੀ ਲਹਿਰ, ਦਹਿਸ਼ਤਗਰਦੀ, ਅੱਤਵਾਦ-ਵੱਖਵਾਦ ਆਦਿ ਨਾਲ ਸਹਿਮਤ ਨਹੀਂ ਵੀ ਸਨ, ਉਨ੍ਹਾਂ ਦੀ ਮਾਨਸਿਕਤਾ ਵੀ ਬੁਰੀ ਤਰ੍ਹਾਂ ਆਹਤ ਹੋਈ। ਸਿੱਖ ਇਤਿਹਾਸ ਦੇ ਪੁਰਾਣੇ ਕਾਂਡ ਜਿਵੇਂ ਕਿ ਮੱਸੇ ਰੰਗੜ ਵਾਲਾ ਕਾਂਡ, ਅਹਿਮਦਸ਼ਾਹ ਅਬਦਾਲੀ ਵੱਲੋਂ ਹਰਮੰਦਰ ਸਾਹਿਬ ਉੱਪਰ ਹਮਲੇ ਆਦਿ ਦੀਆਂ ਚਰਚਾਵਾਂ ਮੁੜ ਚੱਲਣ ਲੱਗੀਆਂ। ਫੌਜ ਅਤੇ ਹੋਰ ਸੁਰੱਖਿਆ ਬਲਾਂ ਵੱਲੋਂ ‘ਓਪਰੇਸ਼ਨ ਵੁੱਡਰੋਜ਼’ ਤਹਿਤ ਪੰਜਾਬ ਭਰ ਵਿੱਚ ਛਾਪੇਮਾਰੀਆਂ ਅਤੇ ਵੱਡੇ ਪੱਧਰ ’ਤੇ ਗ੍ਰਿਫਤਾਰੀਆਂ ਨਾਲ ਸਿੱਖ ਜਨਸਮੂਹਾਂ ਵਿੱਚ ਦਹਿਸ਼ਤ ਫੈਲਣ ਲੱਗੀ। ਨਤੀਜੇ ਵਜੋਂ ਵੱਡੀ ਗਿਣਤੀ ਵਿੱਚ ਸਿੱਖ ਨੌਜੁਆਨ ਘਰਾਂ ਤੋਂ ਭੱਜਣ ਲੱਗੇ ਅਤੇ ਦਹਿਸ਼ਤਗਰਦਾਂ ਨਾਲ ਚੱਲਣ ਲੱਗ ਪਏ।
ਓਪਰੇਸ਼ਨ ਬਲਿਊ ਸਟਾਰ ਅਤੇ ਹੋਰ ਸਰਕਾਰੀ ਕਾਰਵਾਈਆਂ ਦਹਿਸ਼ਤਗਰਦਾਂ ਨੂੰ ਲੋਕਾਂ ਵਿੱਚੋਂ ਨਿਖੇੜਨ ਦੀ ਥਾਂ ਉਨ੍ਹਾਂ ਦੀਆਂ ਸਫਾਂ ਵਿੱਚ ਵਾਧੇ ਦਾ ਕਾਰਨ ਬਣਨ ਲੱਗੀਆਂ। ‘ਸੰਤ ਭਿੰਡਰਾਂਵਾਲੇ ਜਿਉਂਦੇ ਹਨ’ ਕਹਿਕੇ ਦਹਿਸ਼ਤਗਰਦਾਂ ਨੇ ਪੂਰੇ 17 ਸਾਲ ਝੂਠ ਦੀ ਦੁਕਾਨ ਚਲਾਈ।
ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ 6 ਜੂਨ 1984 ਨੂੰ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਕਈ ਸਾਥੀਆਂ ਦੀਆਂ ਮੌਤਾਂ ਹੋ ਗਈਆਂ ਸਨ। ਫੌਜ ਦੇ ਅਧਿਕਾਰੀਆਂ ਵੱਲੋਂ 7 ਜੂਨ ਵਾਲੇ ਦਿਨ ਸੰਤ ਭਿੰਡਰਾਂਵਾਲੇ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ, ਜੋ ਉਸ ਸਮੇਂ ਜਲੰਧਰ ਛਾਉਣੀ ਵਿੱਚ ਤਾਇਨਾਤ ਸਨ, ਨੂੰ ਅੰਮ੍ਰਿਤਸਰ ਵਿਖੇ ਲਿਆਂਦਾ ਗਿਆ ਅਤੇ ਉਨ੍ਹਾਂ ਨੇ ਸੰਤ ਭਿੰਡਰਾਂਵਾਲੇ ਦੀ ਮ੍ਰਿਤਕ ਦੇਹ ਦੀ ਸ਼ਨਾਖਤ ਕੀਤੀ। ਇੱਕ ਪੁਲਿਸ ਅਫਸਰ ਅਪਾਰ ਸਿੰਘ ਬਾਜਵਾ ਨੇ ਵੀ ਮ੍ਰਿਤਕ ਦੇਹ ਦੀ ਸ਼ਨਾਖਤ ਕੀਤੀ। ਇਸੇ ਪੁਲਿਸ ਅਧਿਕਾਰੀ ਦੀ ਦੇਖ ਰੇਖ ਵਿੱਚ 7 ਜੂਨ ਸ਼ਾਮ ਨੂੰ ਉਨ੍ਹਾਂ ਦੀ ਮ੍ਰਿਤਕ ਦੇਹ ਦਾ ਸਿੱਖ ਮਰਯਾਦਾਵਾਂ ਅਨੁਸਾਰ ਸਸਕਾਰ ਕੀਤਾ ਗਿਆ। ਮ੍ਰਿਤਕ ਸਰੀਰ ਦੀ ਫੋਟੋ ਵੀ ਜਾਰੀ ਕੀਤੀ ਗਈ। ਸਰਕਾਰ ਵੱਲੋਂ ਅਧਿਕਾਰਤ ਤੌਰ ’ਤੇ ਵੀ ਐਲਾਨ ਕੀਤਾ ਗਿਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਮਾਰੇ ਗਏ ਹਨ। ਦੇਸ਼ ਵਿਦੇਸ਼ ਦੇ ਮੀਡੀਆ ਨੇ ਵੀ ਸਪਸ਼ਟ ਤੌਰ ’ਤੇ ਇਸਦਾ ਐਲਾਨ ਕੀਤਾ। ਪਰ ਇਸ ਸਭ ਕੁਝ ਦੇ ਬਾਵਜੂਦ ਦਹਿਸ਼ਤਗਰਦਾਂ ਦੇ ਦਬਾਅ ਅਧੀਨ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਨੂੰ ਗੁਮਰਾਹ ਕਰਨ ਲਈ ਦਮਦਮੀ ਟਕਸਾਲ (ਚੌਂਕ ਮਹਿਤਾ) ਦੇ ਉਸ ਸਮੇਂ ਦੇ ਪ੍ਰਬੰਧਕ ਬਾਬਾ ਠਾਕਰ ਸਿੰਘ ਨੇ ਐਲਾਨ ਕਰ ਦਿੱਤਾ ਕਿ ਸੰਤ ਭਿੰਡਰਾਂਵਾਲੇ ਸ਼ਹੀਦ ਨਹੀਂ ਹੋਏ ਹਨ, ਉਹ ਜਿਉਂਦੇ ਹਨ ਅਤੇ ਚੜ੍ਹਦੀ ਕਲਾ ਵਿੱਚ ਹਨ ਅਤੇ ਠੀਕ ਸਮਾਂ ਆਉਣ ’ਤੇ ਉਹ ਸਾਹਮਣੇ ਆਉਣਗੇ। ਉੱਧਰੋਂ ਪਾਕਿਸਤਾਨ ਵੱਲੋਂ ਵੀ ਇਹ ਪ੍ਰਚਾਰ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ ਕਿ ਸੰਤ ਭਿੰਡਰਾਂਵਾਲੇ ਪਾਕਿਸਤਾਨ ਵਿੱਚ ਪਹੁੰਚ ਗਏ ਹਨ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਵੱਖ ਵੱਖ ਦਹਿਸ਼ਤਗਰਦ ਟੋਲਿਆਂ ਨੇ ਵੀ ਅਜਿਹੇ ਹੀ ਐਲਾਨ ਸ਼ੁਰੂ ਕਰ ਦਿੱਤੇ। ਇਸ ਝੂਠੇ ਪ੍ਰਚਾਰ ਨੂੰ ਸਿੱਖਾਂ ਦੀ ਕਿਸੇ ਵੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸੇ ਜ਼ਿੰਮੇਵਾਰ ਆਗੂ ਜਾਂ ਵਿਅਕਤੀ ਜਾਂ ਕਿਸੇ ਹੋਰ ਸੰਸਥਾ ਨੇ ਰੱਦ ਕਰਨ ਦੀ ਹਿੰਮਤ ਨਹੀਂ ਕੀਤੀ। ਨਤੀਜੇ ਵਜੋਂ ਇਹ ਝੂਠਾ ਪ੍ਰਚਾਰ ਚੜ੍ਹ ਗਿਆ। ਇਸੇ ਪ੍ਰਚਾਰ ਦੇ ਪ੍ਰਭਾਵ ਅਧੀਨ ਸੈਂਕੜੇ ਸਿੱਖ ਨੌਜਵਾਨ ਸੰਤ ਭਿੰਡਰਾਂਵਾਲੇ ਨੂੰ ਮਿਲਣ ਅਤੇ ਉਨ੍ਹਾਂ ਤੋਂ ਹਦਾਇਤਾਂ ਪ੍ਰਾਪਤ ਕਰਨ ਦੇ ਉਦੇਸ਼ ਨਾਲ ਗੈਰ ਕਾਨੂੰਨੀ ਤੌਰ ’ਤੇ ਬਾਰਡਰ ਟੱਪ ਕੇ ਪਾਕਿਸਤਾਨ ਜਾਣ ਲੱਗ ਪਏ। ਪਾਕਿਸਤਾਨੀ ਅਧਿਕਾਰੀ ਉਨ੍ਹਾਂ ਦਾ ਸਵਾਗਤ ਕਰਦੇ, ਸੰਤ ਭਿੰਡਰਾਂਵਾਲੇ ਨਾਲ ਜਲਦੀ ਹੀ ਮਿਲਾਉਣ ਦੇ ਲਾਰੇ ਲਾਈ ਜਾਂਦੇ ਅਤੇ ਆਪਣੇ ਚੁੰਗਲ ਵਿੱਚ ਫਸਾਈ ਜਾਂਦੇ।
ਗੱਲ ਨੂੰ ਬਹੁਤ ਲੰਬੀ ਨਾ ਕਰਦੇ ਹੋਏ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਦਹਿਸ਼ਤਗਰਦਾਂ ਦੀ ਇਹ ਝੂਠ ਦੀ ਦੁਕਾਨ ਜੂਨ 2001 ਤਕ ਪੂਰੇ 17 ਸਾਲ ਚਲਦੀ ਰਹੀ। ਜੂਨ 2001 ਦੇ ਪਹਿਲੇ ਹਫਤੇ ਦਮਦਮੀ ਟਕਸਾਲ ਦੇ ਕੁਝ ਆਗੂਆਂ, ਕੁਝ ਹੋਰ ਸੰਸਥਾਵਾਂ ਅਤੇ ਕੁਝ ਸਾਬਕਾ ਦਹਿਸ਼ਤਗਰਦਾਂ ਦੇ ਇੱਕ ਗਰੁੱਪ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਨਾਲ ਦਿਆਂ ਦੀ ਯਾਦ ਵਿੱਚ ਭੋਗ ਪਾਇਆ ਗਿਆ ਅਤੇ ਉਨ੍ਹਾਂ ਨੂੰ‘ਸ਼ਹੀਦ’ ਕਰਾਰ ਕਰ ਦਿੱਤਾ ਗਿਆ। ਮੌਕੇ ’ਤੇ ਸ਼੍ਰੀ ਅਕਾਲ ਤਖਤ ਸਾਹਿਰ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸ਼੍ਰੀ ਅਕਾਲ ਤਖਤ ’ਤੇ ਸਮਾਗਮ ਕਰਵਾਉਣ ਦੀ ਆਗਿਆ ਤਾਂ ਦੇ ਦਿੱਤੀ ਪਰ ਨਾ ਜਥੇਦਾਰ ਸਾਹਿਬ ਆਪ ਅਤੇ ਨਾ ਹੀ ਕੋਈ ਅਕਾਲੀ ਆਗੂ ਇਸ ਸਮਾਗਮ ਵਿੱਚ ਪਹੁੰਚਿਆ। ਬਾਬਾ ਠਾਕਰ ਸਿੰਘ ਤਾਂ ਇਸ ਤੋਂ ਬਅਦ ਵੀ ਸਾਲ 2004 ਵਿੱਚ ਹੋਈ ਆਪਣੀ ਮੌਤ ਤਕ ਵੀ ਅੜਿਆ ਰਿਹਾ ਕਿ ਸੰਤ ਜੀ ਚੜ੍ਹਦੀ ਕਲਾ ਵਿੱਚ ਹਨ। ਝੂਠ ਦੇ ਇਸ ਉਪਰੋਕਤ ਕਾਂਡ ਦੀ ਵਿੱਥਿਆ ਤੋਂ ਬਾਅਦ ਇਹ ਸਪਸ਼ਟ ਹੋ ਜਾਂਦਾ ਹੈ ਕਿ ਵੰਡਵਾਦੀ ਵੱਖਵਾਦੀ ਦਹਿਸ਼ਤਗਰਦਾਂ ਨੇ ਸਿੱਖ ਜਨਸਮੂਹਾਂ ਖਾਸ ਕਰਕੇ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਓਪਰੇਸ਼ਨ ਬਲਿਊ ਸਟਾਰ ਤੋਂ ਬਾਅਦ ਕਿਵੇਂ ਭੜਕਾਇਆ ਅਤੇ ਵਰਤਿਆ ਹੋਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5028)
ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)