“ਚੋਣ ਬਾਂਡ ਸਕੀਮ ਇਹ ਸੀ ਕਿ ਜਿਹੜਾ ਵਿਅਕਤੀ ਜਾਂ ਅਦਾਰਾ ਜਿੰਨੇ ਪੈਸੇ ਦੇ ਮਰਜ਼ੀ ਚੋਣ ਬਾਂਡ ਖਰੀਦੇ ਅਤੇ ਜਿਸ ਪਾਰਟੀ ਨੂੰ ...”
(11 ਮਾਰਚ 2024)
ਇਸ ਸਮੇਂ ਪਾਠਕ: 240.
ਦੇਸ਼ ਵਿੱਚ ਸੱਚ, ਹੱਕ, ਇਨਸਾਫ਼ ਅਤੇ ਜਮਹੂਰੀਅਤ ਦੀ ਰਾਖੀ ਲਈ ਲੜਨ ਵਾਲੀਆਂ ਤਾਕਤਾਂ ਮੌਜੂਦ ਹਨ
ਸਾਡੇ ਭਗਵੰਤ ਮਾਨ ਵੀ ਇੱਕ ਦਿਲਚਸਪ, ਜਜ਼ਬਾਤੀ ਅਤੇ ਭਾਵੁਕ ਵਿਅਕਤੀ ਹਨ। ਉਹ ਭਾਵੁਕਤਾ ਵੱਸ ਕਈ ਵਾਰ ਵੱਧ ਘੱਟ ਵੀ ਬੋਲ ਜਾਂਦੇ ਹਨ ਅਤੇ ਕਈ ਵਾਰ ਉਨ੍ਹਾਂ ਤੋਂ ਝੂਠ ਵੀ ਬੋਲ ਹੋ ਜਾਂਦਾ ਹੈ। ਕਦੇ ਕਦੇ ਯੱਬਲੀਆਂ ਵੀ ਮਾਰ ਬੈਠਦੇ ਹਨ। ਲੋੜ ਪਵੇ ਤਾਂ ਯੂ-ਟਰਨ ਵੀ ਝੱਟ ਮਾਰ ਲੈਂਦੇ ਹਨ। ਅਜਿਹਾ ਕੁਝ ਉਹ ਜਾਣ ਬੁੱਝ ਕੇ ਜਾਂ ਸੋਚ ਸਮਝ ਕੇ ਨਹੀਂ ਕਰਦੇ ਬਲਕਿ ਇਹ ਉਹਨਾਂ ਦਾ ਸੁਭਾਅ ਹੈ, ਕਿਉਂਕਿ ਬੁਨਿਆਦੀ ਤੌਰ ’ਤੇ ਉਹ ਇੱਕ ਵੱਡੇ ਹਾਸਰਸ ਕਲਾਕਾਰ ਹਨ। ਕਈ ਵਾਰ ਤਾਂ ਉਹ ਭੁੱਲ ਹੀ ਜਾਂਦੇ ਹਨ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਹਾਂ। ਰੱਬ ਉਹਨਾਂ ਦੀ ਉਮਰ ਲੰਬੀ ਕਰੇ। ਇਸ ਸਭ ਕੁਝ ਦੇ ਹੁੰਦਿਆਂ ਸੁੰਦਿਆਂ ਕਈ ਵਾਰ ਉਹ ਅਜਿਹੀ ਵੱਡੀ ਗੱਲ ਕਰ ਜਾਂਦੇ ਹਨ ਕਿ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੰਦੇ ਹਨ। ਅਜਿਹੀ ਹੀ ਇੱਕ ਬਹੁਤ ਵੱਡੀ ਗੱਲ ਉਹਨਾਂ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਮੋਦੀ ਸਰਕਾਰ ਵੱਲੋਂ ਕੀਤੀ ਗਈ ਹੇਰਾ ਫੇਰੀ ਅਤੇ ਧੱਕੇਸ਼ਾਹੀ ਬਾਰੇ ਕਹੀ ਹੈ। ਉਹਨਾਂ ਕਿਹਾ ਕਿ ਦੇਸ਼ ਵਾਸੀ ਸੋਚ ਅਤੇ ਸਮਝ ਲੈਣ ਕਿ ‘ਜੇਕਰ ਬੀ ਜੇ ਪੀ ਵਾਲੇ ਕੇਵਲ 36 ਵੋਟਾਂ ਗਿਣਨ ਵਿੱਚ ਹੀ ਇੰਨਾ ਵੱਡਾ ਘਪਲਾ ਕਰ ਸਕਦੇ ਹਨ ਤਾਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ 90 ਕਰੋੜ ਤੋਂ ਵੱਧ ਵੋਟਾਂ ਗਿਣਨ ਵੇਲੇ ਇਹ ਕੀ ਕਰਨਗੇ ਅਤੇ ਕੀ ਨਹੀਂ ਕਰਨਗੇ?’ ਇਸ ਇੱਕੋ ਵਾਰ ਨਾਲ ਭਗਵੰਤ ਸਿੰਘ ਮਾਨ ਨੇ ਮੋਦੀ ਸਰਕਾਰ ਅਤੇ ਬੀ ਜੇ ਪੀ ਦੀ ਲੋਕ ਸਭਾ ਚੋਣਾਂ ਬਾਰੇ ਰਣਨੀਤੀ ਦਾ ਖੁਲਾਸਾ ਕਰ ਦਿੱਤਾ ਹੈ। ਹੁਣ ਇਹ ਭਾਰਤ ਦੇ ਲੋਕਾਂ ਅਤੇ ਬੀ ਜੇ ਪੀ, ਮੋਦੀ ਵਿਰੋਧੀ ਸਿਆਸੀ ਸ਼ਕਤੀਆਂ ਵਾਸਤੇ ਸੋਚਣ ਅਤੇ ਫੈਸਲਾ ਕਰਨ ਦਾ ਸਮਾਂ ਹੈ ਕਿ ਉਹਨਾਂ ਨੇ ਕੀ ਕਰਨਾ ਹੈ, ਕਿਵੇਂ ਕਰਨਾ ਹੈ।
ਚੰਡੀਗੜ੍ਹ ਕਾਰਪੋਰੇਸ਼ਨ ਦੀ ਚੋਣ ਵੇਖਣ, ਕਹਿਣ, ਸੁਣਨ ਨੂੰ ਤਾਂ ਇਹ ਮੁੱਦਾ ਕੋਈ ਬਹੁਤਾ ਵੱਡਾ ਨਹੀਂ ਸੀ, ਭਾਰਤ ਦੇ ਵੱਖ ਵੱਖ ਸ਼ਹਿਰਾਂ ਦੀਆਂ ਸੈਂਕੜੇ ਮਿਊਂਸਪਲ ਕਾਰਪੋਰੇਸ਼ਨਾਂ ਵਿੱਚੋਂ ਇੱਕ ਸ਼ਹਿਰ ਦੀ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ ਹੀ ਸੀ। ਕੋਈ ਜਿੱਤ ਜਾਂਦਾ, ਕੋਈ ਹਾਰ ਜਾਂਦਾ, ਇਸ ਨਾਲ ਭਾਰਤ ਜਿੱਡੇ ਵੱਡੇ ਦੇਸ਼ ਦੀ ਕੇਂਦਰੀ ਸਰਕਾਰ ਨੂੰ ਕੀ ਫਰਕ ਪੈਣਾ ਸੀ? ਪਰ ਪ੍ਰਧਾਨ ਮੰਤਰੀ ਮੋਦੀ ਅਤੇ ਬੀ ਜੇ ਪੀ ਦੀ ਛੋਟੀ ਸੋਚ, ਡਰ, ਘਬਰਾਹਟ, ਕਮਜ਼ੋਰੀ ਅਤੇ ਧੱਕੇਸ਼ਾਹੀ ਨੇ ਇਸ ਛੋਟੇ ਜਿਹੇ ਮੁੱਦੇ ਨੂੰ ਹੀ ਇੰਨਾ ਵੱਡਾ ਬਣਾ ਦਿੱਤਾ ਕਿ ਸਾਰੇ ਦੇਸ਼ ਵਿੱਚ ਹੀ ਚਰਚਾ ਛਿੜ ਗਈ ਹੈ ਕਿ ਇਹ ਬੀ ਜੇ ਪੀ ਵਾਲੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਅਤੇ ਮੁੜ ਆਪਣੀ ਸਰਕਾਰ ਬਣਾਉਣ ਲਈ ਕੀ ਕੁਝ ਕਰ ਸਕਦੇ ਹਨ ਅਤੇ ਕਿਸ ਹੱਦ ਤਕ ਗਿਰ ਸਕਦੇ ਹਨ।
ਅੱਜ ਤੋਂ ਸੱਤ ਅੱਠ ਮਹੀਨੇ ਪਹਿਲਾਂ ਜਦੋਂ ਬੀ ਜੇ ਪੀ ਵਿਰੋਧੀ 28 ਪਾਰਟੀਆਂ ਨੇ ‘ਇੰਡੀਆ’ ਦੇ ਬੈਨਰ ਹੇਠ ਚੋਣ ਗਠਬੰਧਨ ਸਥਾਪਤ ਕੀਤਾ ਸੀ ਤਾਂ ਅਸੀਂ ਅਤੇ ਹੋਰ ਸਾਰੇ ਸਹੀ ਸੋਚਣ ਵਾਲਿਆਂ ਨੇ ਨੋਟ ਕੀਤਾ ਸੀ ਕਿ ਬੀ ਜੇ ਪੀ ਵਾਲਿਆਂ ਨੂੰ ‘ਇੰਡੀਆ’ ਸ਼ਬਦ ਤੋਂ ਹੀ ਡਰ ਲੱਗਣ ਲੱਗ ਪਿਆ ਸੀ। ਉਹਨਾਂ ਨੇ ਦੇਸ਼ ਦੇ ਰਾਸ਼ਟਰਪਤੀ ਨੂੰ ਅੰਗਰੇਜ਼ੀ ਵਿੱਚ ਹੀ ‘ਪਰੈਜ਼ੀਡੈਂਟ ਆਫ ਇੰਡੀਆ’ ਦੀ ਥਾਂ ‘ਪਰੈਜ਼ੀਡੈਂਟ ਆਫ ਭਾਰਤ’ ਅਤੇ ਪ੍ਰਧਾਨ ਮੰਤਰੀ ਨੂੰ ‘ਪਰਾਈਮ ਮਨਿਸਟਰ ਆਫ ਇੰਡੀਆ’ ਦੀ ਥਾਂ ‘ਪਰਾਈਮ ਮਨਿਸਟਰ ਆਫ ਭਾਰਤ’ ਲਿਖਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਬੱਸ ਨਹੀਂ ਸਾਡੀ ਕੇਂਦਰੀ ਸਰਕਾਰ ਨੇ ਦੂਸਰੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਲਿਖ ਭੇਜਿਆ ਸੀ ਕਿ ਸਾਡੇ ਵਾਸਤੇ ਇੰਡੀਆ ਦੀ ਥਾਂ ‘ਭਾਰਤ. ਸ਼ਬਦ ਵਰਤਿਆ ਜਾਵੇ। ਇਸ ਤੋਂ ਬਾਅਦ ਵੀ ਅਤੇ ਪਹਿਲਾਂ ਵੀ ਜਿਸ ਤਰ੍ਹਾਂ ਬੀ ਜੇ ਪੀ ਨੇ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਬੀ ਜੇ ਪੀ ਵਿਰੋਧੀ ਸਰਕਾਰਾਂ, ਵਿਧਾਇਕਾਂ, ਰਾਜਨੀਤਕ ਆਗੂਆਂ ਆਦਿ ਨੂੰ ਸੀ. ਬੀ. ਆਈ., ਇਨਕਮ ਟੈਕਸ ਵਿਭਾਗ, ਈ. ਡੀ. ਆਦਿ ਸਰਕਾਰੀ ਏਜੰਸਿਆਂ ਨੂੰ ਵਰਤ ਕੇ, ਇਹਨਾਂ ਦੇ ਡਰਾਵੇ ਦੇ ਕੇ, ਪੈਸੇ ਦੇ ਕੇ, ਅਹੁਦਿਆਂ ਦੇ ਲਾਲਚ ਅਤੇ ਸੱਚਮੁੱਚ ਅਹੁਦੇ ਦੇ ਕੇ ਤੋੜਿਆ, ਖਰੀਦਿਆ, ਬੀ ਜੇ ਪੀ ਵਿੱਚ ਸ਼ਾਮਲ ਕੀਤਾ, ਇਹ ਬਹੁਤ ਲੰਬੀ ਕਹਾਣੀ ਹੈ। ਆਸਾਮ ਦਾ ਅੱਜ ਦਾ ਮੁੱਖ ਮੰਤਰੀ ਹੇਮੰਤਾ ਬਿਸਵਾ ਸ਼ਰਮਾ ਕਿਸੇ ਸਮੇਂ ਕਾਂਗਰਸ ਪਾਰਟੀ ਵਿੱਚ ਹੁੰਦਾ ਸੀ। ਉਸਦੇ ਭ੍ਰਿਸ਼ਟਾਚਾਰ ਬਾਰੇ ਬੀ ਜੇ ਪੀ ਨੇ ‘ਵਾਈਟ ਪੇਪਰ’ ਜਾਰੀ ਕੀਤਾ ਸੀ। ਬੀ ਜੇ ਪੀ ਵਿੱਚ ਆਉਣ ਤੋਂ ਬਾਅਦ ਪਹਿਲਾਂ ਉਸ ਨੂੰ ਮੰਤਰੀ ਬਣਾਇਆ ਗਿਆ ਅਤੇ ਉਸ ਤੋਂ ਬਾਅਦ ਮੁੱਖ ਮਤਰੀ ਬਣਾ ਕੇ ਉਸ ਦੇ ਸਾਰੇ ਭ੍ਰਿਸ਼ਟਾਚਾਰ ਦੇ ਦਾਗ ਧੋ ਦਿੱਤੇ ਗਏ। ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਅਤੇ ਨੈਸ਼ਨਲ ਕਾਂਗਰਸ ਪਾਰਟੀ ਨੂੰ ਵੱਡੀ ਕੁਰਪਟ ਪਾਰਟੀ ਕਰਾਰ ਦਿੱਤਾ। ਥੋੜ੍ਹੇ ਦਿਨਾਂ ਬਾਅਦ ਹੀ ਅਜੀਤ ਪਵਾਰ ਅਤੇ ਹੋਰ ਵਿਧਾਇਕਾਂ ਨੂੰ ਤੋੜ ਕੇ ਬੀ ਜੇ ਪੀ ਗਠਜੋੜ ਵਿੱਚ ਸ਼ਾਮਲ ਕਰ ਲਿਆ, ਬੀ ਜੇ ਪੀ ਵਿਰੋਧੀ ਸਰਕਾਰ ਨੂੰ ਤੋੜ ਦਿੱਤਾ ਅਤੇ ਨਵੀਂ ਬੀ ਜੇ ਪੀ ਪੱਖੀ ਸਰਕਾਰ ਵਿੱਚ ਅਜੀਤ ਪਵਾਰ ਨੂੰ ਡਿਪਟੀ ਮੁੱਖ ਮਤਰੀ, ਸ਼ਗਨ ਭੁਜਵੱਲ, ਪਰਫੁੱਲ ਪਟੇਲ ਅਤੇ ਹਸਨ ਮੁਸ਼ੱਰਫ ਵੱਡੇ ਮੰਤਰੀ ਬਣਾ ਦਿੱਤੇ ਗਏ। ਇਹਨਾਂ ਸਾਰਿਆਂ ਵਿਰੁੱਧ ਕੁਰਪਸ਼ਨ ਦੇ ਕੇਸ ਸਨ। ਬੱਸ! ਬੀ ਜੇ ਪੀ ਨਾਲ ਜਾਂਦਿਆਂ ਹੀ ਇਹ ਸਾਰੇ ਭ੍ਰਿਸ਼ਟਾਚਾਰ ਤੋਨ ਮੁਕਤ ਹੋ ਗਏ। ਅਜਿਹੇ ਹੋਰ ਆਗੂਆਂ ਦੀ ਲਿਸਟ ਵੀ ਬਹੁਤ ਲੰਬੀ ਹੈ।
ਈ. ਡੀ., ਇਨਕਸ ਟੈਕਸ ਵਿਭਾਗ, ਸੀ. ਬੀ. ਆਈ. ਦੀ ਵਰਤੋਂ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਹੈ। ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸ਼ੋਰੇਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਆਮ ਚਰਚਾ ਹੈ ਕਿ ਕੇਜਰੀਵਾਲ ਦੀ ਵਾਰੀ ਵੀ ਆਉਣ ਵਾਲੀ ਹੈ। ਹਰਿਆਣਾ ਦੇ ਭੁਪਿੰਦਰ ਸਿੰਘ ਹੁੱਡਾ, ਲਾਲੂ ਪ੍ਰਸ਼ਾਦ ਯਾਦਵ, ਤੇਜਸਵੀ ਯਾਦਵ, ਰਾਬੜੀ ਦੇਵੀ, ਉਹਨਾਂ ਦੀ ਬੇਟੀ ਮੀਸਾ ਭਾਰਤੀ, ਕਰਨਾਟਕ ਦੇ ਉਪ ਮੁੱਖ ਮੰਤਰੀ ਡੀ ਕੇ ਸ਼ਿਵਰਾਜ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਉਹਲਾਂ ਦੇ ਬੇਟੇ ਵੈਭਵ ਗਹਿਲੋਤ, ਰਾਜਸਥਾਨ ਕਾਂਗਰਸ ਦੇ ਪ੍ਰਧਾਨ ਗੋਬਿੰਦ ਸਿੰਘ, ਕਾਂਗਰਸੀ ਆਗੂ ਓਮ ਪ੍ਰਕਾਸ਼ ਹੁੱਡਾ, ਸ਼ਿਵ ਸੈਨਾ ਦੇ ਸੰਜੈ ਰਾਉਤ, ਉਹਨਾਂ ਦੇ ਛੋਟੇ ਭਰਾ ਸੰਦੀਪ ਰਾਊਤ, ਸਰਤ ਪਵਾਰ ਦੇ ਪੋਤਰੇ ਰੋਹਿਤ ਪਵਾਰ ਆਦਿ ਸਭ ਇਹਨਾਂ ਏਜੰਸੀਆਂ ਦੀ ਰਾਡਾਰ ’ਤੇ ਹਨ। ਇਹ ਲਿਸਟ ਵੀ ਪਤਾ ਨਹੀਂ ਹਨੂੰਮਾਨ ਦੀ ਪੂਛ ਵਾਂਗ ਕਿੰਨੀ ਕੁ ਲੰਬੀ ਹੈ। ਹੋਰ ਤਾਂ ਹੋਰ ਸੋਨੀਆ ਗਾਂਧੀ ਅਤੇ ਰਹੁਲ ਗਾਂਧੀ ਵੀ ਈ. ਡੀ. ਵੱਲੋਂ ਬਣਾਏ ਕੇਸਾਂ ਵਿੱਚ ਜ਼ਮਾਨਤ ’ਤੇ ਹਨ। ‘ਭੈਣ ਮਾਇਆਵਤੀ ਜੀ’ ਵੀ ਜੋ ਪਿਛਲੇ ਕਈ ਸਾਲਾਂ ਤੋਂ ‘ਆਰਾਮ’ ਕਰ ਰਹੇ ਹਨ ਅਤੇ ਹੁਣ ਆ ਕੇ ਬੋਲੇ ਹਨ ਕਿ ‘ਬੀ ਐੱਸ ਪੀ ਇਕੱਲੇ ਚੋਣ ਲੜੇਗੀ।’ ਇਹ ਸਭ ਈ ਡੀ ਸਮੇਤ ਇਹਨਾਂ ਏਜੰਸੀਆਂ ਦੀ ‘ਕਰਾਮਾਤ’ ਹੀ ਤਾਂ ਹੈ।
ਤੇ ਹੁਣ ਗੱਲ ਕਰਦੇ ਹਾਂ ‘ਪਲਟੂ ਰਾਮ, ਪਲਟੀਬਾਜ਼, ਪਲਟੀਮਾਰ ਨਿਤੀਸ਼ ਕੁਮਾਰ’ ਦੀ। ਅਸੀਂ ਤੁਸੀਂ ਸਾਰੇ, ‘ਉਸ ਵਿਚਾਰੇ’ ਨੂੰ ਪਾਣੀ ਪੀ ਪੀ ਕੇ ਕੋਸ ਰਹੇ ਹਾਂ, ਕੋਸਣਾ ਚਾਹੀਦਾ ਵੀ ਹੈ। ਉਸਨੇ ਪੰਜਵੀਂ ਵਾਰ ਪਲਟੀ ਮਾਰੀ ਹੈ ਅਤੇ ‘ਇੰਡੀਆ ਗਠਜੋੜ’ ਅਤੇ ਜਮਹੂਰੀਅਤ ਪੱਖੀ ਸ਼ਕਤੀਆਂ ਨਾਲ ਗਦਾਰੀ ਕੀਤੀ ਹੈ। ਪਰ ਉਸ ਨੂੰ ‘ਸਭ ਤੋਂ ਵੱਡੇ ਪਲਟੂ ਰਾਮ’ ਦਾ ਦਰਜਾ ਨਹੀਂ ਦਿੱਤਾ ਜਾਣਾ ਚਾਹੀਦਾ ਹੈ। ਇਹ ਦਰਜਾ ਜਾਂ ਸਨਮਾਨ ਪਲਟੂ ਰਾਮਾਂ ਦੇ ਅੱਜ ਦੇ ਸਰਕਾਰ ਨਰਿੰਦਰ ਮੋਦੀ ਨੂੰ ਮਿਲਣਾ ਚਾਹੀਦਾ ਹੈ। ਮੋਦੀ ਨੂੰ ‘ਪਲਟੂ ਰਾਮਾਂ ਦਾ ਮੁੱਖ ਉਸਤਾਦ’ ਦਾ ਤਮਗਾ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਹ ਹੀ ਤਾਂ ਹੈ ਜੋ ਇੰਨੀ ਵੱਡੀ ਗਿਣਤੀ ਵਿੱਚ ਪਲਟੂ ਰਾਮਾਂ ਨੂੰ ਸਿੱਖਿਆ ਦੇ ਕੇ ਇੰਨੀਆਂ ਪਲਟੀਆਂ ਮਰਵਾ ਰਿਹਾ ਹੈ। ਬਾਕੀ ਨਿਤੀਸ਼ ਕੁਮਾਰ ਨੂੰ ਨਿੰਦਦੇ ਹੋਏ ਸਾਨੂੰ ਉਸ ‘ਵਿਚਾਰੇ’ ਦਾ ਪੱਖ ਵੀ ਜਾਣਨਾ ਜ਼ਰੂਰੀ ਹੈ। ਉਸਦਾ ਪੱਖ ਇਹ ਹੈ ਕਿ ਜਿਸ ਦਿਨ ਨਿਤੀਸ਼ ਕੁਮਾਰ ਦੀ ਪਹਿਲ ਕਦਮੀ ਤੇ ‘ਇੰਡੀਆ ਗਠਜੋੜ’ ਦੀ ਸਥਾਪਨਾ ਹੋਈ ਸੀ ਉਸ ਦਿਨ ਤੋਂ ਈ ਡੀ ਐਂਡ ਕੰਪਨੀ ਨੇ ਉਸ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸੀ। ਉਸਦੇ ਨੇੜਲੇ ਅਤੇ ਵਿਸ਼ਵਾਸ਼ਪਾਤਰ ਅਫਸਰਾਂ, ਰਾਜਨੀਤਕਾਂ, ਬਿਜ਼ਨਿਸਮੈਨਾਂ, ਰਿਸ਼ਤੇਦਾਰਾਂ ਆਦਿ ਉੱਤੇ ਸੰਮਨਾਂ, ਛਾਪਿਆਂ, ਗ੍ਰਿਫਤਾਰੀਆਂ ਆਦਿ ਰਾਹੀਂ ਸ਼ਿਕੰਜਾ ਕੱਸਿਆ ਜਾਣਾ ਸ਼ੁਰੂ ਹੋ ਗਿਆ ਸੀ ਅਤੇ ਇਹ ਸ਼ਿਕੰਜਾ ਉਸ ਵੱਲ ਨੂੰ ਵਧ ਰਿਹਾ ਸੀ। ਵਿਚਾਰਾ ਕਮਜ਼ੋਰ ਦਿਲ ਦਾ ਸੀ, ਡਰੂ ਸੀ ਜੋ ਡਰ ਗਿਆ। ਸਾਰੇ ਲਾਲੂ ਯਾਦਵ ਥੋੜ੍ਹੋ ਹੁੰਦੇ ਹਨ, ਜੋ ਜੇਲ੍ਹਾਂ ਦੀਆਂ ਤਕਲੀਫਾਂ ਝੱਲ ਸਕਣ।
ਗੱਲ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਜਿਨ੍ਹਾਂ ਸਿਆਸੀ ਆਗੂਆਂ ਜਾਂ ਹੋਰ ਵਿਅਕਤੀਆਂ ਉੱਪਰ ਇਹ ਕੇਂਦਰੀ ਏਜੰਸੀਆਂ ਕਾਰਵਾਈਆਂ ਕਰ ਰਹੀਆਂ ਹਨ, ਉਹ ਦੁੱਧ ਧੋਤੇ ਜਾਂ ਬੇਕਸੂਰ ਹਨ, ਜਾਂ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ, ਅਸੀਂ ਤਾਂ ਹਮੇਸ਼ਾ ਤੋਂ ਇਸਦੇ ਆਲੰਬਰਦਾਰ ਹਾਂ ਤੇ ਰਹੇ ਹਾਂ ਕਿ ਜੋ ਕੁਰੱਪਟ ਹਨ, ਜੋ ਕਸੂਰਵਾਰ ਹਨ ਉਹਨਾਂ ਖਿਲਾਫ ਜ਼ਰੂਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਪਰ ਇਹ ਕਾਰਵਾਈ ਸਿਆਸੀ ਬਦਲਾ ਲਊ ਨੀਤੀ ਤਹਿਤ ਸਿਰਫ ਆਪਣੇ ਚੋਣਵੇਂ ਸਿਆਸੀ ਵਿਰੋਧੀਆਂ ਤਕ ਹੀ ਸੀਮਤ ਨਹੀਂ ਹੋਣੀ ਚਾਹੀਦੀ। ਬੀ ਜੇ ਪੀ ਦੇ ਪਾਲੇ ਵਿੱਚ ਜਾਣ ਨਾਲ ਵੱਡੇ ਵੱਡੇ ਕੁਰੱਪਟ ਰਾਤੋ ਰਾਤ ਦੁੱਧ ਧੋਤੇ ਚਿੱਟੇ ਕਿਵੇਂ ਹੋ ਜਾਂਦੇ ਹਨ।
ਪਿਛਲੇ ਦੋ ਢਾਈ ਮਹੀਨਿਆਂ ਤੋਂ ਮੋਦੀ ਸਾਹਿਬ ਨੇ ਜੋ ਭਾਰਤ ਰਤਨਾਂ ਦੀ ਬਰਸਾਤ ਲਾਈ ਹੋਈ ਹੈ, ਉਹ ਵੀ ਭਾਜਪਾ ਦੀ ਕਮਜ਼ੋਰੀ, ਡਰ ਅਤੇ ਘਬਰਾਹਟ ਦਾ ਹੀ ਪ੍ਰਗਟਾਵਾ ਹੈ। ਜੇ ਅਜਿਹਾ ਨਾ ਹੁੰਦਾ ਤਾਂ ਭਾਰਤ ਰਤਨਾਂ ਦੇ ਵਿੱਚ ਛੱਟੇ ਲੋਕ ਸਭਾ ਚੋਣਾਂ ਦੇ ਐੱਨ ਨੇੜੇ ਆਉਣ ’ਤੇ ਹੀ ਕਿਓਂ ਦਿੱਤੇ ਗਏ? ਪਹਿਲਾਂ ਪੰਜ ਸਾਲ ਮੋਦੀ ਸਾਹਿਬ ਇਸ ਸੰਬੰਧੀ ਕਿਉਂ ਚੁੱਪ ਰਹੇ? ਇਸ ਪਾਸੇ ਕਿਉਂ ਧਿਆਨ ਨਹੀਂ ਦਿੱਤਾ? ਸਪਸ਼ਟ ਹੈ ਕਿ ਭਾਰਤ ਰਤਨਾਂ ਨੂੰ ਦੇਣ ਵਿੱਚ ਵੀ ਮੋਦੀ ਜੀ ਸਿਆਸੀ ਲਾਭ ਲੈਣਾ ਚਾਹੁੰਦੇ ਹਨ। ਜਿੱਥੋਂ ਤਕ ਭਾਰਤ ਰਤਨ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਦਾ ਸੰਬੰਧ ਹੈ, ਉਹਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਭਾਵੇਂ ਕੁਝ ਵੀ ਹੋਣ ਪਰ ਮੋਦੀ ਜੀ ਨੇ ਉਹਨਾਂ ਨੂੰ ‘ਭਾਰਤ ਰਤਨ’ ਦੀ ਬਖਸ਼ਿਸ਼ ਸਿਰਫ ਆਪਣੇ ਨਿੱਜੀ ਅਤੇ ਸੌੜੇ ਰਾਜਨੀਤਕ ਲਾਭਾਂ ਲਈ ਹੀ ਕੀਤੀ ਹੈ। ਬਿਹਾਰ ਦੇ ਮੁੱਖ ਮੰਤਰੀ ਰਹੇ ਸ੍ਰੀ ਕਰਪੂਰੀ ਠਾਕਰ ਨੂੰ ਭਾਰਤ ਰਤਨ ਦੇਣ ਦੀ ਦਾਦ ਮੰਤਵ ਪਲਟੂ ਰਾਮ ਨਿਤੀਸ਼ ਕੁਮਾਰ ਨੂੰ ਪਲਟੀ ਮਾਰਨ ਲਈ ਪ੍ਰੇਰਤ ਅਤੇ ਸੌਖਿਆਂ ਕਰਨਾ ਸੀ। ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦਾ ਉਦੇਸ਼ ਚੌਧਰੀ ਸਾਹਿਬ ਦੇ ਪੋਤਰੇ ਚੌਧਰੀ ਜੈਅੰਤ ਸਿੰਘ ਨੂੰ ‘ਇੰਡੀਆ ਗੱਠਜੋੜ’ ਵਿੱਚੋਂ ਕੱਢ ਕੇ ਐੱਨ ਡੀ ਏ ਵਿੱਚ ਲਿਆਉਣਾ ਹੀ ਸੀ। ਉਸ ਨਾਲ ਅੱਟੀ ਸੱਟੀ ਪਹਿਲਾਂ ਹੀ ਲਾ ਲਈ ਗਈ ਸੀ। ਜੈਅੰਤ ਸਿੰਘ ਤੁਰੰਤ ਐੱਨ ਡੀ ਏ ਵਿੱਚ ਆ ਰਲੇ। ਉਸਨੇ ਇਸ ਗੱਲ ਦੀ ਵੀ ਸ਼ਰਮ ਨਹੀਂ ਕੀਤੀ ਕਿ ਚੌਧਰੀ ਚਰਨ ਸਿੰਘ ਤਾਂ ਸਾਰੀ ਉਮਰ ਅਤੇ ਅੰਤ ਤਕ ਬੀ ਜੇ ਪੀ ਅਤੇ ਆਰ ਐੱਸ ਐੱਸ ਵਿਰੁੱਧ ਡਟ ਕੇ ਲੜਦੇ ਰਹੇ ਸਨ। ਚੌਧਰੀ ਪਰਿਵਾਰ ਦਾ ਪੱਛਮੀ ਉੱਤਰ ਪ੍ਰਦੇਸ਼ ਦੀਆਂ ਚਾਰ ਪੰਜ ਲੋਕ ਸਭਾ ਸੀਟਾਂ ਉੱਪਰ ਕੁਝ ਪ੍ਰਭਾਵ ਹੈ ਅਤੇ ਇਸ ਪ੍ਰਭਾਵ ਨੂੰ ਹੋਰ ਮਜ਼ਬੂਤ ਕਰਨ ਲਈ ਮੋਦੀ ਸਰਕਾਰ ਨੇ ਆਪਣੀਆਂ ਮੰਗਾਂ ਲਈ ਡਟ ਕੇ ਜੂਝ ਰਹੇ ਲੱਖਾਂ ਕਿਸਾਨਾਂ ਨੂੰ ਛੱਡ ਕੇ ਸਿਰਫ ਗੰਨੇ ਦੀ ਕੀਮਤ ਨੂੰ 315 ਰੁਪਏ ਤੋਂ ਵਧਾ ਕੇ 340 ਰੁਪਏ ਫੀ ਕੁਇੰਟਲ ਕਰ ਦਿੱਤਾ ਹੈ। ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਅਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਪੀ ਵੀ ਨਰਸਿਮਾ ਰਾਓ ਨੂੰ ਭਾਰਤ ਰਤਨ ਦੀ ਸੌਗਾਤ ਉਹਨਾਂ ਵੱਲੋਂ ਬਾਬਰੀ ਮਸਜਿਦ ਨੂੰ ਨੇਸਤੋ ਨਾਬੂਦ ਕਰਨ ਲਈ ਚਲਾਈ ਗਈ ਫਿਰਕੂ ਲਹਿਰ ਨੂੰ ਭੜਕਾਉਣ ਅਤੇ ਸਫਲ ਬਣਾਉਣ ਵਿੱਚ ਪਾਏ ਗਏ ਵੱਡੇ ਯੋਗਦਾਨ ਵਾਸਤੇ ਦਿੱਤੀ ਗਈ ਹੈ। ਡਾਕਟਰ ਸਵਾਮੀਨਾਥਨ ਨੂੰ ਭਾਰਤ ਰਤਨ ਤਾਮਿਲਨਾਡੂ ਦੀ ਪ੍ਰਤੀਨਿੱਧਤਾ ਦੇਣ ਅਤੇ ਉਹਨਾਂ ਵੱਲੋਂ ਭਾਰਤ ਦੀ ਖੇਤੀਬਾੜੀ ਨੂੰ ਵਿਕਸਿਤ ਕਰਨ ਵਿੱਚ ਪਾਏ ਯੋਗਦਾਨ ਵਾਸਤੇ ਦਿੱਤਾ ਗਿਆ ਹੈ। ਪਰ ਮੋਦੀ ਸਰਕਾਰ ਡਾਕਟਰ ਸਵਾਮੀਨਾਥਨ ਦੇ ਵਿਚਾਰਾਂ ਦੀ ਕਿੰਨੀ ਕੁ ਕਦਰ ਕਰਦੀ ਹੈ, ਉਹ ਇਸ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਵੱਲੋਂ ਸੰਨ 2006 ਵਿੱਚ ਪੇਸ਼ ਕੀਤੀ ਗਈ ਕਿਸਾਨਾਂ ਦੀ ਭਲਾਈ ਵਾਸਤੇ ਰਿਪੋਰਟ ਨੂੰ ਮੋਦੀ ਸਰਕਾਰ ਆਪਣੇ ਚੋਣ ਮੈਨੀਫੈਸਟੋ ਵਿੱਚ ਸ਼ਾਮਲ ਕਰਨ ਅਤੇ ਇਸ ਵਾਸਤੇ ਦੇਸ਼ ਦੇ ਕਿਸਾਨਾਂ ਵੱਲੋਂ ਅੰਦੋਲਨ ਕਰਨ ਦੇ ਬਾਵਜੂਦ ਵੀ ਲਾਗੂ ਕਰਨ ਲਈ ਤਿਆਰ ਨਹੀਂ ਹੈ।
ਉਪਰੋਕਤ ਸਭ ਕੁਝ ਦੇ ਚਲਦਿਆਂ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਚੀਫ ਜਸਟਿਸ ਡੀ ਵਾਈ ਚੰਦਰਾਚੂੜ ਦੀ ਅਗਵਾਈ ਵਿੱਚ ਕੀਤੇ ਗਏ ਦੋ ਵੱਡੇ ਫੈਸਲਿਆਂ ਨੇ ਤਾਂ ਬੀ ਜੇ ਪੀ ਅਤੇ ਮੋਦੀ ਸਰਕਾਰ ਦੀ ਘਬਰਾਹਟ ਅਤੇ ਡਰ ਨੂੰ ਇਸ ਹੱਦ ਤਕ ਵਧਾ ਦਿੱਤਾ ਹੈ ਕਿ ਇਹਨਾਂ ਦੀ ਬੋਲਤੀ ਹੀ ਬੰਦ ਹੋ ਗਈ ਹੈ। ਹੋਰ ਤਾਂ ਹੋਰ ਇਹਨਾਂ ਵੱਲੋਂ ‘ਅਸੀਂ ਅਦਾਲਤ ਦੇ ਫੈਸਲੇ ਦਾ ਸਤਿਕਾਰ ਕਰਦੇ ਹਾਂ’ ਦੀ ਰਸਮੀ ਪ੍ਰਤੀਕਿਰਿਆ ਵੀ ਨਹੀਂ ਦਿੱਤੀ ਜਾ ਸਕੀ। ਇਹ ਫੈਸਲੇ ਹਨ ਮੋਦੀ ਸਰਕਾਰ ਵੱਲੋਂ 2017-18 ਤੋਂ ਸ਼ੁਰੂ ਕੀਤੀ ਗਈ ਚੋਣ ਬਾਂਡ ਸਕੀਮ ਨੂੰ ਮੁੱਢੋਂ ਹੀ ਰੱਦ ਕਰ ਦੇਣਾ ਅਤੇ ਚੰਡੀਗੜ੍ਹ ਮੇਅਰ ਚੋਣ ਦੀ ਨੰਗੀ ਚਿੱਟੀ ਧੱਕੇਸ਼ਾਹੀ ਨਾਲ ਐਲਾਨੇ ਨਤੀਜੇ ਨੂੰ ਉਲਟਾ ਦੇਣਾ ਅਤੇ ਧੱਕੇਸ਼ਾਹੀ ਨਾਲ ਹਰਾਏ ਹੋਏ ਉਮੀਦਵਾਰ ਨੂੰ ਜੇਤੂ ਕਰਾਰ ਦੇਣਾ।
ਚੋਣ ਬਾਂਡ ਸਕੀਮ ਇਹ ਸੀ ਕਿ ਜਿਹੜਾ ਵਿਅਕਤੀ ਜਾਂ ਅਦਾਰਾ ਜਿੰਨੇ ਪੈਸੇ ਦੇ ਮਰਜ਼ੀ ਚੋਣ ਬਾਂਡ ਖਰੀਦੇ ਅਤੇ ਜਿਸ ਪਾਰਟੀ ਨੂੰ ਮਰਜ਼ੀ ਦੇਵੇ। ਚੋਣ ਬਾਂਡ ਕਿਸਨੇ ਖਰੀਦੇ, ਕਿੰਨੇ ਪੈਸੇ ਦੇ ਖਰੀਦੇ ਅਤੇ ਕਿਸ ਪਾਰਟੀ ਨੂੰ ਦਿੱਤੇ, ਕੁਝ ਵੀ, ਕਿਸੇ ਨੂੰ ਵੀ ਦੱਸਣ ਦੀ ਲੋੜ ਨਹੀਂ। ਇਸ ਸਕੀਮ ਤਹਿਤ 2018-2024 ਤਕ 25000 ਕਰੋੜ ਰੁਪਏ ਤੋਂ ਵੱਧ ਚੰਦਾ ਇਕੱਲੀ ਬੀ ਜੇ ਪੀ ਨੂੰ ਮਿਲਿਆ। 2019 ਦੀਆਂ ਚੋਣਾਂ ਤੋਂ ਪਹਿਲਾਂ ਬੀ ਜੇ ਪੀ ਨੂੰ 6500 ਕਰੋੜ ਤੋਂ ਵੱਧ ਚੰਦੇ ਪ੍ਰਾਪਤ ਹੋ ਚੁੱਕੇ ਸਨ ਜਿਸਦੀ ਵਰਤੋਂ ਕਰਕੇ ਬੀ ਜੇ ਪੀ ਨੇ 2019 ਦੀਆਂ ਲੋਕ ਸਭਾ ਚੋਣਾਂ ਅਤੇ ਕਈ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਲੋਕਤੰਤਰੀ ਪ੍ਰਕਿਰਿਆ ਨੂੰ ਅਗਵਾ ਕਰਕੇ ਅਤੇ ਖਰੀਦ ਕੇ ਜਿੱਤ ਲਈਆਂ ਸਨ। ਇੱਕ ਅੰਦਾਜ਼ੇ ਅਨੁਸਾਰ 2024 ਦੀਆਂ ਚੋਣਾਂ ਲਈ ਬੀ ਜੇ ਪੀ 14000 ਕਰੋੜ ਤੋਂ ਵੱਧ ਚੋਣ ਚੰਦਾ ਇਕੱਠਾ ਕਰ ਚੁੱਕੀ ਹੈ। ਇਸਦੀ ਵਰਤੋਂ ਕਿਵੇਂ ਹੋਵੇਗੀ। ਇਹ ਸਪਸ਼ਟ ਹੀ ਹੈ।
ਸੁਪਰੀਮ ਕੋਰਟ ਨੇ ਫੈਸਲੇ ਅਨੁਸਾਰ ਭਾਰਤ ਦੇ ਚੋਣ ਕਮਿਸ਼ਨ ਅਤੇ ਚੋਣ ਬਾਂਡਾਂ ਦੀ ਸਕੀਮ ਨੂੰ ਵਰਤੋਂ ਵਿੱਚ ਲਿਆ ਰਹੇ ਸਟੇਟ ਬੈਂਕ ਆਫ ਇੰਡੀਆ ਨੂੰ ਹੁਕਮ ਦਿੱਤਾ ਹੈ ਕਿ 31 ਮਾਰਚ 2024 ਤਕ, 2018 ਤੋਂ ਲੈ ਕੇ ਹੁਣ ਤਕ ਵੈੱਬ ਸਾਈਟਾਂ ’ਤੇ ਪਾ ਕੇ ਜਨਤਕ ਕੀਤਾ ਜਾਵੇ। ਸੁਪਰੀਮ ਕੋਰਟ ਨੇ ਇਸ ਸਕੀਮ ਨੂੰ ਗੈਰ ਸੰਵਿਧਾਨਿਕ ਅਤੇ ਗੈਰ ਲੋਕਰਾਜੀ ਕਰਾਰ ਦੇ ਦਿੱਤਾ ਹੈ ਅਤੇ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਹੈ। ਇਸ ਫੈਸਲੇ ਤੋਂ ਬਾਅਦ ਬੀ ਜੇ ਪੀ ਅਤੇ ਮੋਦੀ ਸਰਕਾਰ ਨੇ ਅਜੇ ਤਕ ਕੋਈ ਟਿੱਪਣੀ ਨਹੀਂ ਕੀਤੀ। ਇਹਨਾਂ ਚਰਚਾਵਾਂ ਦਾ ਬਾਜ਼ਾਰ ਜ਼ਰੂਰ ਗਰਮ ਹੈ ਕਿ ਮੋਦੀ ਸਰਕਾਰ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਸੱਦ ਕੇ ਸੁਪਰੀਮ ਕੋਰਟ ਦੇ ਇਸ ਇਤਿਹਾਸਕ ਫੈਸਲੇ ਨੂੰ ਰੱਦ ਕਰਨ ਦੀਆਂ ਸਕੀਮਾਂ ਬਣਾ ਰਹੀ ਹੈ।
ਇੱਥੇ ਇਹ ਸਪਸ਼ਟ ਕਰਨਾ ਵੀ ਮਹੱਤਵਪੂਰਨ ਹੋਵੇਗਾ ਕਿ ਸੀ ਪੀ ਆਈ ਐੱਮ ਭਾਰਤ ਦੀ ਕੇਵਲ ਇੱਕੋ ਇੱਕ ਪਾਰਟੀ ਹੈ, ਜਿਸਨੇ ਨਾ ਸਿਰਫ ਪਹਿਲੇ ਦਿਨ ਤੋਂ ਹੀ ਇਸ ਕਾਲਾ ਬਾਜ਼ਾਰੀ ਕਾਨੂੰਨ ਦਾ ਵਿਰੋਧ ਹੀ ਕੀਤਾ, ਬਲਕਿ ਇਸ ਤਹਿਤ ਚੋਣ ਫੰਡ ਦਾ ਇੱਕ ਵੀ ਪੈਸਾ ਨਾ ਲੈਣ ਦਾ ਫੈਸਲਾ ਵੀ ਕੀਤਾ। ਇਹ ਫੰਡ ਪ੍ਰਾਪਤ ਕਰਨ ਲਈ ਸਟੇਟ ਬੈਂਕ ਆਫ ਇੰਡੀਆ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਖਾਤਾ ਹੀ ਨਹੀਂ ਖੁੱਲ੍ਹਵਾਇਆ। ਇਸ ਵਿਰੁੱਧ ਸੁਪਰੀਮ ਕੋਰਟ ਵਿੱਚ ਰਿਟ ਵੀ ਦਾਇਰ ਕੀਤੀ, ਜਿਸ ਤਹਿਤ ਇਹ ਇਤਿਹਾਸਕ ਫੈਸਲਾ ਆਇਆ ਹੈ।
ਸੁਪਰੀਮ ਕੋਰਟ ਦਾ ਦੂਸਰਾ ਇਤਿਹਾਸਕ ਫੈਸਲਾ ਚੰਡੀਗੜ੍ਹ ਮੇਅਰ ਦੀ ਚੋਣ ਬਾਰੇ ਹੈ ਜਿਸ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੀ ਟਿੱਪਣੀ ਅਸੀਂ ਨੋਟ ਕੀਤੀ ਸੀ। ਭਾਜਪਾ ਨੇ ਆਪਣੇ ਹੀ ਇੱਕ ਕਾਰਕੁਨ ਨੂੰ ਚੋਣ ਅਫਸਰ ਲਾ ਕੇ ਪਹਿਲਾਂ ਚੋਣ ਮੁਲਤਵੀ ਕਰਵਾਈ, ਲੰਬੀ ਤਾਰੀਖ ਪਾ ਦਿੱਤੀ। ਫਿਰ ਚੋਣ ਵਿੱਚ 8 ਵੋਟਾਂ ਨੂੰ ਧੱਕੇ ਨਾਲ ਅਤੇ ਸ਼ਰੇਆਮ ਹੀ ਰੱਦ ਕਰਕੇ 20 ਵੋਟਾਂ ਪ੍ਰਾਪਤ ਕਰਨ ਵਾਲੇ ਨੂੰ ਹਰਾ ਦਿੱਤਾ ਅਤੇ 16 ਵੋਟਾਂ ਵਾਲੇ ਨੂੰ ਜਿਤਾ ਦਿੱਤਾ। ਜਦੋਂ ਇਹ ਕੇਸ ਸੁਪਰੀਮ ਕੋਰਟ ਵਿੱਚ ਗਿਆ ਤਾਂ ਚੀਫ ਜਸਟਿਸ ਸਾਹਿਬ ਦੀਆਂ ਟਿੱਪਣੀਆਂ ਤੋਂ ਭਾਜਪਾ ਨੂੰ ਸਪਸ਼ਟ ਹੋ ਗਿਆ ਕਿ ਫੈਸਲਾ ਉਹਨਾਂ ਦੇ ਵਿਰੁੱਧ ਆਵੇਗਾ ਅਤੇ ਚੋਣ ਰੱਦ ਹੋ ਜਾਵੇਗੀ। ਇਸ ਵਾਸਤੇ ਭਾਜਪਾ ਨੇ ਵਿਰੋਧੀਆਂ ਦੇ ਤਿੰਨ ਚਾਰ ਕੌਂਸਲਰ ਤੋੜ ਲਏ ਅਤੇ ਨਵੇਂ ਸਿਰੇ ਤੋਂ ਹੋਣ ਵਾਲੀ ਚੋਣ ਨੂੰ ਜਿੱਤਣ ਦੇ ਵੀ ‘ਪ੍ਰਬੰਧ’ ਕਰ ਲਏੇ। ਚੀਫ ਜਸਟਿਸ ਚੰਦਰਾਚੂੜ ਨੇ ਭਾਜਪਾ ਦੀਆਂ ਇਹਨਾਂ ਸਾਰੀਆਂ ਕਰਤੂਤਾਂ ਦਾ ਸਖ਼ਤ ਨੋਟਿਸ ਲਿਆ। ਵੋਟਾਂ ਦੀ ਗਿਣਤੀ ਨਵੇਂ ਸਿਰੇ ਤੋਂ ਆਪਣੇ ਸਾਹਮਣੇ ਕਰਵਾਈ, ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਕਰਾਰ ਦਿੰਦੇ ਹੋਏ ਇਹਨਾਂ ਨੂੰ ਪਹਿਲਾਂ ‘ਹਰਾਏ ਹੋਏ’ ਉਮੀਦਵਾਰ ਦੇ ਹੱਕ ਵਿੱਚ ਗਿਣਿਆ ਅਤੇ ਹਾਰੇ ਹੋਏ ਨੂੰ ਜੇਤੂ ਕਰਾਰ ਦੇ ਦਿੱਤਾ। ਭਾਜਪਾ ਫਿਰ ਚੁੱਪ ਹੈ ਅਤੇ ਅੱਜ ਤਕ ਚੁੱਪ ਹੈ। ਇਸ ਚੁੱਪ ਦੇ ਪਿੱਛੇ ਕਿਹੜੀ ਸਾਜ਼ਿਸ਼ ਘੜੀ ਜਾ ਰਹੀ ਹੈ, ਅਜੇ ਸਾਹਮਣੇ ਨਹੀਂ ਆਈ।
ਮੇਅਰ ਦੀ ਚੋਣ ਬਾਰੇ ਫੈਸਲੇ ਵਿੱਚ ਸੁਪਰੀਮ ਕੋਰਟ ਨੇ ਚੋਣ ਅਧਿਕਾਰੀ ਅਨਿਲ ਮਸੀਹ ਉੱਪਰ ਇਸ ਧੋਖਾਧੜੀ ਵਾਸਤੇ ਮੁਕੱਦਮਾ ਚਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਪਰ ਇਸ ਫੈਸਲੇ ਵਿੱਚ ਇਹ ਨਹੀਂ ਸਪਸ਼ਟ ਕੀਤਾ ਗਿਆ ਕਿ ਇਹ ਸਾਰਾ ਕੁਝ ਹੋਇਆ ਕਿਸਦੇ ਆਦੇਸ਼ਾਂ ਨਾਲ ਹੈ। ਇਹ ਤਾਂ ਸਪਸ਼ਟ ਹੀ ਹੈ ਕਿ ਚੋਣ ਅਧਿਕਾਰੀ ਇੰਨਾ ਵੱਡਾ ‘ਕਾਰਨਾਮਾ’ ਆਪਣੇ ਤੌਰ ’ਤੇ ਨਹੀਂ ਕਰ ਸਕਦਾ ਸੀ, ਉਹ ਤਾਂ ਸਿਰਫ਼ ਇਹ ਕਾਂਡ ਕਰਨ ਲਈ ‘ਹੱਥ ਠੋਕਾ’ ਹੀ ਬਣਿਆ ਹੈ। ਅਸੀਂ ਅਤੇ ਹੋਰ ਸਾਰੇ ਸਹੀ ਸੋਚ ਵਾਲੇ ਜਾਣਦੇ ਹਾਂ ਕਿ ਕੇਂਦਰ ਸ਼ਾਸਤ ਇਲਾਕਾ ਹੋਣ ਕਰਕੇ ਚੰਡੀਗੜ੍ਹ ਦਾ ਸਾਰਾ ਪ੍ਰਸ਼ਾਸਕੀ ਪ੍ਰਬੰਧ ਅਤੇ ਇੱਥੋਂ ਦੀ ਸਾਰੀ ਅਫਸਰਸ਼ਾਹੀ ਸਿੱਧੇ ਤੌਰ ’ਤੇ ਕੇਂਦਰੀ ਸਰਕਾਰ ਦੇ ਹੱਥਾਂ ਵਿੱਚ ਹੈ ਅਤੇ ਇੰਨਾ ਵੱਡਾ ਧੱਕੇਸ਼ਾਹੀ ਵਾਲਾ ਕਾਰਨਾਮਾ ਕੇਂਦਰੀ ਗ੍ਰਹਿ ਮੰਤਰੀ ਦੇ ਆਦੇਸ਼ਾਂ ਤੋਂ ਬਿਨਾਂ ਕੀਤਾ ਨਹੀਂ ਜਾ ਸਕਦਾ ਅਤੇ ਗ੍ਰਹਿ ਮੰਤਰੀ ਪ੍ਰਧਾਨ ਮੰਤਰੀ ਨਾਲ ਸਲਾਹ ਕੀਤੇ ਬਿਨਾਂ ਇਹ ਕੁਝ ਨਹੀਂ ਕਰ ਸਕਦਾ ਸੀ। ਸੋ ਇਸ ਸਾਰੀ ਕਾਰਜ ਯੋਜਨਾ ਲਈ ਸਿੱਧੇ ਤੌਰ ’ਤੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੋਸ਼ੀ ਹਨ।
ਉਪਰੋਕਤ ਦੋਹਾਂ ਇਤਿਹਾਸਕ ਫੈਸਲਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਭਾਰਤ ਵਿੱਚ ਅਜੇ ‘ਸਭ ਕੁਝ’ ਖਤਮ ਨਹੀਂ ਹੋਇਆ ਹੈ। ਸਚਾਈ, ਹੱਕ, ਇਨਸਾਫ਼ ਅਤੇ ਜਮਹੂਰੀਅਤ ਦੀ ਰਾਖੀ ਲਈ ਲੜਨ ਵਾਲੀਆਂ ਤਾਕਤਾਂ ਮੌਜੂਦ ਹਨ। ਪਰ ਹਾਂ! ਚੀਫ ਜਸਟਿਸ ਮਿਸਟਰ ਡੀ ਵਾਈ ਚੰਦਰਾਚੜ ਦੀ ਸੁਰੱਖਿਆ ਬਾਰੇ ਫਿਕਰਮੰਦੀ ਜ਼ਰੂਰ ਹੈ।
ਤੇ ਹੁਣ ਇਹ ਖਬਰਾਂ ਆਉਣ ਲੱਗ ਪਈਆਂ ਹਨ ਕਿ ‘ਇੰਡੀਆ ਗਠਜੋੜ’ ਵਾਲੀਆਂ ਪਾਰਟੀਆਂ ਵਿਚਕਾਰ ਲੋਕ ਸਭਾ ਸੀਟਾਂ ਦੀ ਵੰਡ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਅਤੇ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਦਿੱਲੀ, ਗੁਜਰਾਤ, ਹਰਿਆਣਾ, ਗੋਆ ਅਤੇ ਚੰਡੀਗੜ੍ਹ 5 ਥਾਵਾਂ ’ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿੱਚ ਸਮਝੌਤਾ ਸਿਰੇ ਲੱਗ ਗਿਆ ਹੈ। ਦੇਸ਼ ਦੇ ਸਭ ਤੋਂ ਵੱਧ 80 ਸੀਟਾਂ ਵਾਲੇ ਪ੍ਰਾਂਤ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿੱਚ ਮੁਕੰਮਲ ਸਮਝੌਤਾ ਹੋ ਗਿਆ ਹੈ। ਪੰਜਾਬ ਬਾਰੇ ਵੀ ਕਾਂਗਰਸ ਅਤੇ ਆਮ ਅਦਾਮੀ ਪਾਰਟੀ ਵਿੱਚ ਇਸ ਗੱਲ ’ਤੇ ਸਹਿਮਤੀ ਹੋ ਗਈ ਹੈ ਕਿ ਦੋਵੇਂ ਪਾਰਟੀਆਂ ਵੱਖੋ ਵੱਖਰੇ ਤੌਰ ’ਤੇ ਲੜਨਗੀਆਂ। ਹੋਰ ਪ੍ਰਾਂਤਾਂ ਵਿੱਚ ਵੀ ਤੇਜ਼ੀ ਨਾਲ ਇਸ ਸੰਬੰਧੀ ਗੱਲਬਾਤ ਜਾਰੀ ਹੈ ਅਤੇ ਛੇਤੀ ਹੀ ਸਿਰੇ ਲੱਗ ਜਾਵੇਗੀ। ਇਸ ਘਟਨਾਕ੍ਰਮ ਨਾਲ ਮੋਦੀ ਅਤੇ ਬੀ ਜੇ ਪੀ ਦੀਆਂ ਚਿੰਤਾਵਾਂ ਅਤੇ ਘਬਰਾਹਟਾਂ ਹੋਰ ਵਧਣ ਲੱਗੀਆਂ ਹਨ ਅਤੇ ਉਹਨਾਂ ਨੇ ਇੰਡੀਆ ਗਠਜੋੜ ਵਿੱਚੋਂ ਕਮਜ਼ੋਰ ਕੜੀਆਂ ਨੂੰ ਲੱਭਣ ਦੀ ਪ੍ਰਕਿਰਿਆ ਹੋਰ ਤੇਜ਼ ਕਰ ਦਿੱਤੀ ਹੈ।
ਬੀਤੀ 8 ਫਰਵਰੀ ਨੂੰ ਕੇਰਲਾ ਦੇ ਮੁੱਖ ਮੰਤਰੀ ਕਾਮਰੇਡ ਪੀ ਵਿਜੇਯਨ ਆਪਣੇ ਪ੍ਰਾਂਤ ਨਾਲ ਕੇਂਦਰੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਅਤੇ ਧੱਕਿਆਂ ਵਿਰੁੱਧ ਅਤੇ ਫੈਡਰਲਿਜ਼ਮ ਦਾ ਮੁੱਦਾ ਚੁੱਕਣ ਲਈ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਨਾਲ ਲੈ ਕੇ ਰੋਸ ਪ੍ਰਗਟ ਕਰਨ ਲਈ ਜੰਤਰ ਮੰਤਰ ਨਵੀਂ ਦਿੱਲੀ ਵਿਖੇ ਪਹੁੰਚੇ। ਉੱਥੇ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਕੇਜ਼ਰੀਵਾਲ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਵੀ ਆ ਪਹੁੰਚੇ। ਤਾਮਿਲਨਾਡ ਦੇ ਮੁੱਖ ਮੰਤਰੀ ਸਟਾਲਿਨ ਅਤੇ ਮਿਜ਼ੋਰਮ ਦੇ ਮੁੱਖ ਮੰਤਰੀ ਨੇ ਇੱਕਮੁੱਠਤਾ ਦੇ ਸੰਦੇਸ਼ ਭੇਜ ਦਿੱਤੇ।
ਸੀ ਪੀ ਆਈ ਐੱਮ ਦੇ ਜਨਰਲ ਸਕੱਤਰ ਸੀਤਾ ਰਾਮ ਯੈਚੁਰੀ, ਸੀ ਪੀ ਆਈ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ, ਕਾਂਗਰਸ ਦੇ ਕਪਿਲ ਸਿੱਬਲ ਅਤੇ ਹੋਰ ਬਹੁਤ ਸਾਰੇ ਵਿਰੋਧੀ ਆਗੂ ਵੀ ਪੁੱਜ ਗਏ। ਅਜਿਹੀਆਂ ਕਾਰਵਾਈਆਂ ਨਾਲ ਕੇਂਦਰੀ ਹਾਕਮਾਂ ਦੀਆਂ ਨੀਂਦਾਂ ਹੋਰ ਤੋਂ ਹਰਾਮ ਹੋ ਰਹੀ ਹੈ ਅਤੇ ਉਹ ਹੋਰ ਤੋਂ ਹੋਰ ਤਾਨਾਸ਼ਾਹੀ ਅਤੇ ਜਾਬਰ ਕਦਮਾਂ ਦਾ ਸਹਾਰਾ ਲੈ ਰਹੇ ਹਨ। ਦੇਸ਼ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਦੇਸ਼ ਦੇ ਹਜ਼ਾਰਾਂ ਟੀ ਵੀ ਚੈਨਲ, ਹਜ਼ਾਰਾਂ ਨਹੀਂ ਲੱਖਾਂ ਅਖ਼ਬਾਰ, ਸੋਸ਼ਲ ਮੀਡੀਆ ਚੈਨਲ ਤੇ ਹੋਰ ਬਹੁਤ ਕੁਝ 24 ਘੰਟੇ ‘ਮੋਦੀ ਦੀਆਂ ਗਰੰਟੀਆਂ’ ਦੀਆਂ ਚੀਕਾਂ ਮਾਰ ਰਹੇ ਹਨ। ਪਰ ਸਾਰਾ ਕੁਝ ਮੋਦੀ ਸਰਕਾਰ ਦੇ ਜ਼ੋਰ ਦਾ ਨਹੀਂ ਸਗੋਂ ਡਰ ਅਤੇ ਕਮਜ਼ੋਰੀ ਦਾ ਪ੍ਰਗਟਾਵਾ ਹੀ ਹੈ। ਪਰ ਅਸੀਂ ਮੁੜ ਇਹ ਦੁਹਰਾਉਣਾ ਚਾਹੁੰਦੇ ਹਾਂ ਕਿ ਸਾਡਾ ਇਹ ਪੱਕਾ ਵਿਸ਼ਵਾਸ ਹੈ ਕਿ ਮੋਦੀ ਐਂਡ ਕੰਪਨੀ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਹੀਂ ਹੋਣਗੇ। ਬੱਸ ਲੋੜ ਇਸ ਗੱਲ ਦੀ ਹੈ ਕਿ ਇੰਡੀਆ ਗਠਜੋੜ ਦੀਆਂ ਸਾਰੀਆਂ ਪਾਰਟੀਆਂ ਆਪਣੀਆਂ ਸਮੱਸਿਆਵਾਂ ਨੂੰ ਸੂਝ ਬੂਝ ਅਤੇ ਤਿਆਗ ਦੀ ਭਾਵਨਾ ਨਾਲ ਨਜਿੱਠ ਲੈਣ ਅਤੇ ਇੱਕ ਮੂੰਹ ਹੋ ਕੇ ਮੈਦਾਨ ਵਿੱਚ ਕੁੱਦ ਪੈਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4797)
(ਸਰੋਕਾਰ ਨਾਲ ਸੰਪਰਕ ਲਈ: (