“ਕੈਨੈਡਾ ਵਿਰੁੱਧ ਤਾਂ ਮੋਦੀ ਦੀ ਸਰਕਾਰ ਬੜੀ ਭੜਕੀ ਸੀ ਅਤੇ ਕੈਨੇਡਾ ਆਉਣ ਜਾਣ ਵਾਲਿਆਂ ਵਿਰੁੱਧ ਕਈ ਪਾਬੰਦੀਆਂ ਵੀ ...”
(2 ਦਸੰਬਰ 2023)
ਇਸ ਸਮੇਂ ਪਾਠਕ: 653.
ਪਿਛਲੇ ਦੋ ਢਾਈ ਸਾਲਾਂ ਤੋਂ ਗੋਦੀ ਮੀਡੀਆ, ਟੀ.ਵੀ.ਚੈਨਲਾਂ, ਹੋਰ ਖਾਊ ਯਾਰਾਂ ਅਤੇ ਦਿਮਾਗਾਂ ਨੂੰ ਜਿੰਦਰੇ ਲਾ ਬੈਠੇ ਅੰਧ-ਭਗਤਾਂ ਦੀ ਭੀੜ ਨੇ ਇੱਕ ਹੋਰ ਹੀ ਧਮੱਚੜ ਪਾਇਆ ਹੋਇਆ ਹੈ। ਗੋਦੀ ਮੀਡੀਆ ਅਤੇ ਗੋਦੀ ਚੈਨਲਾਂ ਦੇ ਮਾਲਕਾਂ ਤੋਂ ਮੋਟੀਆਂ ਮੋਟੀਆਂ ਤਨਖਾਹਾਂ ਲੈਣ ਵਾਲੀਆਂ ਬੀਬੀਆਂ ਅਤੇ ਬੀਬਿਆਂ ਨੇ ਚੀਕ ਚਿਹਾੜਾ ਪਾਇਆ ਹੋਇਆ ਹੈ ਕਿ ਹੁਣ ਸੰਸਾਰ ਵਿੱਚ ਭਾਰਤ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਦ ਬਹੁਤ ਉੱਚਾ ਹੋ ਗਿਆ ਹੈ। ਹੁਣ ਨਰਿੰਦਰ ਮੋਦੀ ਅਤੇ ਭਾਰਤ “ਸੰਸਾਰ ਦੇ ਆਗੂ” ਬਣ ਗਏ ਹਨ ਅਤੇ “ਵਿਸ਼ਵ ਗੁਰੂ” ਦਾ ਰੁਤਬਾ ਹਾਸਲ ਕਰ ਲਿਆ ਹੈ ਤੇ ਹੁਣ ਮੋਦੀ ਸਾਹਿਬ ਵੀ ਇਸ ਤਰ੍ਹਾਂ ਵਿਚਰ ਰਹੇ ਹਨ ਜਿਵੇਂ ਕਿ ਉਹ ਸੱਚਮੁੱਚ ਹੀ “ਵਿਸ਼ਵ ਗੁਰੂ” ਬਣ ਗਏ ਹੋਣ। ਸ਼ਾਇਦ ਉਨ੍ਹਾਂ ਨੂੰ ਸਮਝ ਹੀ ਨਹੀਂ ਲਗਦਾ ਕਿ ਇਹ ਲੋਕ ਉਨ੍ਹਾਂ ਨੂੰ ਫੂਕ ਦੇ ਕੇ ਬੇਵਕੂਫ ਬਣਾ ਰਹੇ ਹਨ। ਮੋਦੀ ਸਾਹਿਬ ਸ਼ਾਇਦ ਇਹ ਵੀ ਸਮਝਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਛਲੇ ਸਾਢੇ ਨੌਂ ਸਾਲਾਂ ਦੇ ਰਾਜ ਵਿੱਚ ਦੁਨੀਆਂ ਦੇ ਅੱਧ ਤੋਂ ਵੱਧ ਦੇਸ਼ਾਂ ਦੀ ਸੈਰ ਕਰ ਲਈ ਹੈ, ਇਸ ਲਈ ਉਹ ਸੱਚਮੁੱਚ “ਸੰਸਾਰ ਦੇ ਆਗੂ ਅਤੇ ਵਿਸ਼ਵ ਗੁਰੂ” ਬਣ ਗਏ ਹਨ।
ਪਰ ਪਿਛਲੇ ਦਿਨੀਂ ਵਾਪਰੀਆਂ ਕੁਝ ਕੁ ਘਟਨਾਵਾਂ ਨੇ ਹੀ ਸਾਫ ਅਤੇ ਸਾਬਤ ਕਰ ਦਿੱਤਾ ਹੈ ਕਿ ਇਸ ਸਮੇਂ ਦੁਨੀਆਂ ਵਿੱਚ ਆਪੇ ਬਣੇ “ਵਿਸ਼ਵ ਗੁਰੂ” ਦੀ ਕਿੰਨੀ ਕੁ ਪੁੱਛ ਪਰਤੀਤ ਹੈ। ਚਿੜੀ ਦੇ ਪੌਂਚੇ ਜਿੱਡੇ ਇੱਕ ਦੇਸ਼ ਕਤਰ ਨੇ ਪਿਛਲੇ ਇੱਕ ਸਾਲ ਤੋਂ ਆਪਣੀ ਜੇਲ੍ਹ ਵਿੱਚ ਡੱਕੇ ਹੋਏ ਭਾਰਤ ਦੇ ਅੱਠ ਸਾਬਕਾ ਜਲ ਸੈਨਾ ਅਫਸਰਾਂ ਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਹੈ। ਇਹ ਸਜ਼ਾ ਕਿਸ ਅਪਰਾਧ ਲਈ ਦਿੱਤੀ ਗਈ ਹੈ, ਇਸਦੀ ਵੀ ਪੂਰੀ ਜਾਣਕਾਰੀ ਭਾਰਤ ਸਰਕਾਰ ਨੂੰ ਨਹੀਂ ਸੀ। ਗੈਰ ਤਸਦੀਕਸ਼ੁਦਾ ਖਬਰਾਂ ਅਨੁਸਾਰ ਇਨ੍ਹਾਂ ਅਫਸਰਾਂ ਉੱਪਰ ਇਜ਼ਰਾਈਲ ਵਾਸਤੇ ਜਾਸੂਸੀ ਕਰਨ ਦਾ ਦੋਸ਼ ਹੈ। ਪਿਛਲੇ ਇੱਕ ਸਾਲ ਦੌਰਾਨ ਇਨ੍ਹਾਂ ਵੱਲੋਂ ਕਈ ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਨੂੰ ਜਮਾਨਤਾਂ ਨਹੀਂ ਦਿੱਤੀਆਂ ਗਈਆਂ। ਹੁਣ ਤਕ ਭਾਰਤ ਸਰਕਾਰ ਵੱਲੋਂ ਇਨ੍ਹਾਂ ਦੀ ਕੀ ਸਹਾਇਤਾ ਕੀਤੀ ਗਈ ਹੈ, ਕੋਈ ਪਤਾ ਨਹੀਂ। ਹੁਣ ਭਾਰਤ ਸਰਕਾਰ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਅਤੇ ਅੱਗੋਂ ਇਸਦੀ ਸੁਣਵਾਈ ਹੋਵੇਗੀ। ਇਹ ਕਾਨੂੰਨੀ ਪ੍ਰਕਿਰਿਆ ਤਾਂ ਅਪਣਾਉਣੀ ਹੀ ਚਾਹੀਦੀ ਸੀ ਜੋ ਹੁਣ ਸ਼ੁਰੂ ਕਰ ਦਿੱਤੀ ਗਈ ਹੈ, ਪਰ ਹੁਣ ਸ਼੍ਰੀ ਨਰਿੰਦਰ ਮੋਦੀ “ਵਿਸ਼ਵ ਗੁਰੂ” ਦੇ ਤੌਰ ’ਤੇ ਕੀ ਰੋਲ ਅਦਾ ਕਰਦੇ ਹਨ, ਇਹ ਦੇਖਣ ਵਾਲੀ ਗੱਲ ਹੋਵੇਗੀ।
ਅਸਲ ਸਥਿਤੀ ਇਹ ਹੈ ਕਿ ਭਾਰਤ ਦੇ ਇਸ ਸਮੇਂ ਆਪਣੇ ਸਾਰੇ ਗੁਆਂਢੀ ਦੇਸ਼ਾਂ ਨਾਲ ਸਬੰਧ ਵਿਗੜ ਚੁੱਕੇ ਹਨ ਅਤੇ ਸਾਡਾ ਕੋਈ ਵੀ ਗੁਆਂਢੀ “ਵਿਸ਼ਵ ਗੁਰੂ” ਦੀ ਪ੍ਰਵਾਹ ਨਹੀਂ ਕਰਦਾ। ਚੀਨ ਅਤੇ ਪਾਕਿਸਤਾਨ ਨੂੰ ਤਾਂ ਭਲਾ ਪੁਰਾਣੇ ਅਤੇ ਰਵਾਇਤੀ ਵਿਰੋਧੀ ਕਿਹਾ ਜਾ ਸਕਦਾ ਹੈ ਪਰ ਸ਼੍ਰੀ ਲੰਕਾ ਬਾਰੇ ਕੀ ਕਹਾਂਗੇ? ਕੁਝ ਸਮਾਂ ਪਹਿਲਾਂ ਇੱਕ ਖਬਰ ਆਈ ਸੀ ਕਿ ਚੀਨ ਦਾ ਇੱਕ ਖੋਜੀ ਜਹਾਜ਼ ਸ਼੍ਰੀ ਲੰਕਾ ਨੂੰ ਆ ਰਿਹਾ ਹੈ। “ਵਿਸ਼ਵ ਗੁਰੂ” ਨੇ ਸ਼੍ਰੀ ਲੰਕਾ ਸਰਕਾਰ ਨੂੰ ਕਿਹਾ ਕਿ ਉਹ ਇਸ ਜਹਾਜ਼ ਨੂੰ ਆਪਣੇ ਦੇਸ਼ ਵਿੱਚ ਆਉਣ ਨਾ ਦੇਵੇ ਪਰ ਸ਼੍ਰੀ ਲੰਕਾ ਸਰਕਾਰ ਨੇ ਕੋਈ ਪ੍ਰਵਾਹ ਨਹੀਂ ਕੀਤੀ। ਇਸ ਸਮੇਂ ਇਹ ਜਹਾਜ਼ ਸ਼੍ਰੀ ਲੰਕਾ ਦੀ ਕੋਲੰਬੋ ਬੰਦਰਗਾਹ ’ਤੇ ਪਹੁੰਚ ਚੁੱਕਾ ਹੈ ਅਤੇ ਆਪਣੀਆਂ ਸਰਗਰਮੀਆਂ ਕਰ ਰਿਹਾ ਹੈ।
ਇੱਕ ਹੋਰ ਬਹੁਤ ਹੀ ਛੋਟਾ ਜਿਹਾ ਦੇਸ਼ ਹੈ ਮਾਲਦੀਵ, ਜਿਸਦੀ ਕੁਲ ਆਬਾਦੀ ਸਿਰਫ ਸਵਾ ਪੰਜ ਕੁ ਲੱਖ ਹੈ। ਮਾਲਦੀਵ ਹਿੰਦ ਮਹਾਂ ਸਾਗਰ ਵਿੱਚ ਸ਼੍ਰੀ ਲੰਕਾ ਦੇ ਪਰਲੇ ਪਾਸੇ ਇੱਕ ਛੋਟਾ ਜਿਹਾ ਦੀਪ ਸਮੂਹ ਹੈ। ਮਾਲਦੀਵ ਵਿੱਚ ਪਿਛਲੇ ਦਿਨੀਂ ਰਾਸ਼ਟਰਪਤੀ ਦੀਆਂ ਚੋਣਾਂ ਹੋਈਆਂ ਹਨ। ਮਾਲਦੀਵ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਭਾਰਤ ਨੂੰ ਕਹਿ ਦਿੱਤਾ ਹੈ ਕਿ ਭਾਰਤ ਆਪਣੇ ਸਾਰੇ ਫੌਜੀਆਂ ਨੂੰ ਮਾਲਦੀਵ ਵਿੱਚੋਂ ਕੱਢਕੇ ਲੈ ਜਾਵੇ। “ਵਿਸ਼ਵ ਗੁਰੂ” ਹੈਰਾਨ ਹੈ ਕਿ ਇਹ ਕੀ ਹੋ ਰਿਹਾ ਹੈ। ਇੱਥੇ ਅਸੀਂ ਇਹ ਦੱਸਣਾ ਬਹੁਤ ਜ਼ਰੂਰੀ ਸਮਝਦੇ ਹਾਂ ਅਤੇ ਦੱਸ ਰਹੇ ਹਾਂ ਕਿ ਮਾਲਦੀਪ ਵਿੱਚ ਭਾਰਤ ਦੇ ਕੁੱਲ ਮਿਲਾ ਕੇ ਸਿਰਫ 77 ਫੌਜੀ ਹਨ ਜੋ ਸਿਰਫ ਭਾਰਤ ਦੇ ਦੋ ਹੈਲੀਕਾਪਟਰਾਂ ਅਤੇ ਇੱਕ ਹਵਾਈ ਜਹਾਜ਼ ਦੀ ਦੇਖ ਭਾਲ, ਰੱਖ ਰਖਾਅ ਅਤੇ ਇੰਜਨੀਅਰਿੰਗ ਸੇਵਾਵਾਂ ਲਈ ਰੱਖੇ ਹੋਏ ਹਨ। ਨਾਲ ਹੀ ਨਵੀਂ ਮਾਲਦੀਵ ਸਰਕਾਰ ਨੇ ਇਹ ਵੀ ਐਲਾਨ ਕਰ ਦਿੱਤਾ ਹੈ ਕਿ ਨਵੀਂ ਸਰਕਾਰ ਭਾਰਤ ਨਾਲ ਹੋਏ ਸੌ ਤੋਂ ਵੱਧ ਸਮਝੌਤਿਆਂ ਦੀ ਸਮੀਖਿਆ ਵੀ ਕਰ ਰਿਹਾ ਹੈ।
ਨੇਪਾਲ ਅਤੇ ਮਿਆਂਮਾਰ ਨਾਲ ਵੀ ਸਾਡੇ ਆਪਸੀ ਸਬੰਧੀ ਲੰਬੇ ਸਮੇਂ ਤੋਂ ਖੁਸ਼ਕ ਬਣੇ ਹੋਏ ਹਨ ਅਤੇ ਬੰਗਲਾ ਦੇਸ਼ ਨਾਲ ਵੀ ਕਈ ਤਰ੍ਹਾਂ ਨਾਲ ਮਨ ਮੁਟਾਵ ਜਾਰੀ ਰਹਿੰਦਾ ਹੈ। ਲਾ ਪਾ ਕੇ ਗੁਆਂਢੀਆਂ ਵਿੱਚੋਂ ਇੱਕ ਭੂਟਾਨ ਬਚਦਾ ਸੀ ਜਿਸ ਨਾਲ ਸਾਡੇ ਸਬੰਧ ਆਮ ਸਨ। ਪਰ ਹੁਣੇ ਹੁਣੇ ਭੂਟਾਨ ਦੇ ਉਪ ਵਿਦੇਸ਼ ਮੰਤਰੀ ਨੇ ਵੀ ਪੀਕਿੰਗ ਵਿੱਚ ਜਾ ਕੇ ਚੀਨ ਦੀ ਸਰਕਾਰ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਐਲਾਨ ਕਰ ਦਿੱਤਾ ਹੈ ਕਿ ਅਸੀਂ ਚੀਨ ਨਾਲ ਆਪਣੇ ਸਰਹੱਦੀ ਝਗੜੇ ਹੱਲ ਕਰਨ ਲਈ ਕਦਮ ਚੁੱਕ ਰਹੇ ਹਾਂ। ਭੂਟਾਨ ਦੇ ਪ੍ਰਧਾਨ ਮੰਤਰੀ ਨੇ ਭਾਰਤ ਦੀ ਇੱਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿੱਚ ਸੰਕੇਤ ਦਿੱਤਾ ਹੈ ਕਿ ਚੀਨ ਨਾਲ ਸਰਹੱਦੀ ਸਮਝੌਤਾ ਕੀਤਾ ਜਾਵੇਗਾ ਜਿਸ ਤਹਿਤ ਕੁਝ ਇਲਾਕਿਆਂ ਦੀ ਅਦਲੀ ਬਦਲੀ ਹੋਵੇਗੀ ਤੇ ਡੋਕਲਾਮ ਇਲਾਕਾ ਚੀਨ ਨੂੰ ਦਿੱਤਾ ਜਾ ਸਕਦਾ ਹੈ। ਡੋਕਲਾਮ ਉਹ ਇਲਾਕਾ ਹੈ ਜਿੱਥੇ ਭਾਰਤ, ਚੀਨ ਅਤੇ ਭੂਟਾਨ ਤਿੰਨਾਂ ਦੇਸ਼ਾਂ ਦੀਆਂ ਸਰਹੱਦਾਂ ਮਿਲਦੀਆਂ ਹਨ। ਇੱਥੇ ਇਹ ਵਰਨਣਯੋਗ ਹੈ ਕਿ ਇਸ ਇਲਾਕੇ ਵਿੱਚ ਚੀਨ ਵੱਲੋਂ ਸੜਕ ਬਣਾਉਣ ਦੀ ਖਬਰ ਤੋਂ ਬਾਅਦ ਭਾਰਤ ਨੇ 2017 ਵਿੱਚ ਆਪਣੀ ਫੌਜ ਤਾਇਨਾਤ ਕਰ ਦਿੱਤੀ ਸੀ। ਚੀਨ ਅਤੇ ਭਾਰਤ ਦੋਹਾਂ ਦੇਸ਼ਾਂ ਦੀਆਂ ਫੌਜਾਂ ਪੂਰੇ 73 ਦਿਨ ਆਹਮਣੇ ਸਾਹਮਣੇ ਤਣ ਕੇ ਖੜ੍ਹੀਆਂ ਰਹੀਆਂ ਸਨ। ਭੂਟਾਨ ਨੇ ਭਾਰਤ ਦੀ ਇਸ ਕਾਰਵਾਈ ਦਾ ਬੁਰਾ ਮਨਾਇਆ ਸੀ ਅਤੇ ਕਿਹਾ ਸੀ ਕਿ ਇਹ ਇਲਾਕਾ ਤਾਂ ਭੂਟਾਨ ਦਾ ਹੈ। ਇੱਥੇ ਇਹ ਵੀ ਵਰਣਨ ਯੋਗ ਹੈ ਕਿ ਭਾਰਤ ਅਤੇ ਭੂਟਾਨ ਵਿਚਕਾਰ 1949 ਵਿੱਚ ਇੱਕ ਦੋਸਤੀ ਸੰਧੀ ਹੋਈ ਸੀ। ਇਸ ਅਨੁਸਾਰ ਤੈਅ ਹੋਇਆ ਸੀ ਕਿ ਭਾਰਤ ਭੂਟਾਨ ਦੀ ਵਿਦੇਸ਼ੀ ਹਮਲਿਆਂ ਤੋਂ ਰਾਖੀ ਕਰੇਗਾ ਅਤੇ ਭੂਟਾਨ ਦੇ ਚੀਨ ਨਾਲ ਮਜ਼ਬੂਤ ਹੋ ਰਹੇ ਸਬੰਧਾਂ ਤੋਂ ਲਗਦਾ ਹੈ ਕਿ ਇਸ ਸੰਧੀ ਦਾ ਵੀ ਭੋਗ ਪੈ ਜਾਵੇਗਾ। … ਤੇ ਇਸ ਪ੍ਰਕਾਰ “ਵਿਸ਼ਵ ਗੁਰੂ ਦਾ ਹਰ ਪਾਸੇ ਡੰਕਾ ਵੱਜ ਰਿਹਾ ਹੈ।”
ਇਸ ਸਮੇਂ ਹਮਾਸ ਵੱਲੋਂ ਇਜ਼ਰਾਈਲ ਵਿਰੁੱਧ ਕੀਤੇ ਗਏ ਆਤੰਕਵਾਦੀ ਹਮਲੇ ਦਾ ਬਹਾਨਾ ਬਣਾ ਕੇ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਵਿੱਚ ਨਿਰਦੋਸ਼ ਫਲਸਤੀਨੀ ਲੋਕਾਂ ਵਿਰੁੱਧ ਨਸਲਘਾਤੀ ਜੰਗ ਛੇੜੀ ਹੋਈ ਹੈ। ਇਸ ਵਿੱਚ ਹੁਣ ਤਕ 14 ਹਜ਼ਾਰ ਤੋਂ ਵੱਧ ਨਿਰਦੋਸ਼ ਫਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਵੱਡੀ ਬਹੁਗਿਣਤੀ ਬੱਚਿਆਂ, ਬਜ਼ੁਰਗਾਂ, ਔਰਤਾਂ ਅਤੇ ਹਸਪਤਾਲਾਂ ਵਿੱਚ ਦਾਖਲ ਬਿਮਾਰਾਂ ਅਤੇ ਜ਼ਖਮੀਆਂ ਦੀ ਹੈ। ਸਾਡੇ “ਵਿਸ਼ਵ ਗੁਰੂ” ਨੇ ਪਹਿਲੇ ਹੀ ਦਿਨ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਿਨਯਾਹੂ ਨੂੰ ਫੋਨ ਕਰਕੇ ਐਲਾਨ ਕਰ ਦਿੱਤਾ ਕਿ “ਅਸੀਂ ਇਸ ਸਮੇਂ ਡਟਕੇ ਇਜ਼ਰਾਈਲ ਨਾਲ ਖੜ੍ਹੇ ਹਾਂ।” ਅਜਿਹਾ ਕਰਕੇ “ਵਿਸ਼ਵ ਗੁਰੂ” ਨੇ ਪਿਛਲੇ 75 ਸਾਲਾਂ ਤੋਂ ਭਾਰਤ ਦੀ ਫਲਸਤੀਨ ਦੇ ਲੋਕਾਂ ਨਾਲ ਇਜ਼ਰਾਈਲ ਦੀ ਜੰਗੀ ਨੀਤੀ ਵਿਰੁੱਧ ਲਗਾਤਾਰ ਖੜ੍ਹੇ ਰਹਿਣ ਦੀ ਭਾਰਤ ਦੀ ਵਿਦੇਸ਼ ਨੀਤੀ ਨੂੰ ਸਿਰ ਪਰਨੇ ਕਰ ਦਿੱਤਾ ਹੈ। ਇਹ ਭਾਰਤ ਦੀ ਉਹ ਵਿਦੇਸ਼ ਨੀਤੀ ਸੀ ਜਿਹੜੀ ਜਵਾਹਰ ਨਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਸਮੇਤ ਵਾਜਪਾਈ ਤਕ ਦੇ ਸਾਰੇ ਪ੍ਰਧਾਨ ਮੰਤਰੀਆਂ ਨੇ ਜਾਰੀ ਰੱਖੀ ਸੀ ਅਤੇ ਇਹ ਉਹ ਵਿਦੇਸ਼ ਨੀਤੀ ਸੀ ਜਿਹੜੀ ਹਮੇਸ਼ਾ ਆਪਣੇ ਹੱਕਾਂ ਲਈ ਲੜ ਰਹੀਆਂ ਕੌਮਾਂ ਦੇ ਨਾਲ ਖੜ੍ਹਨ ਦੀ ਨੀਤੀ ਸੀ। ਇਸ ਤੋਂ ਬਾਅਦ ਯੂ.ਐੱਨ.ਓ. ਵਿੱਚ ਇਜ਼ਰਾਈਲ ਵਿਰੁੱਧ ਮਤਾ ਪੇਸ਼ ਹੋਇਆ ਜਿਸ ਵਿੱਚ ਜੰਗ ਬੰਦੀ ਕਰਨ ਲਈ ਕਿਹਾ ਗਿਆ। ਮਤਾ ਜੋ ਪਾਸ ਹੋਇਆ ਉਸ ਵਿੱਚ 120 ਦੇਸ਼ਾਂ ਨੇ ਮਤੇ ਦੇ ਹੱਕ ਵਿੱਚ, 14 ਦੇਸ਼ਾਂ ਨੇ ਵਿਰੋਧ ਵਿੱਚ ਅਤੇ “ਵਿਸ਼ਵ ਗੁਰੂ” ਸਮੇਤ 44 ਦੇਸ਼ਾਂ ਨੇ ਕਿਸੇ ਪਾਸੇ ਪੀ ਵੋਟ ਵੋਟ ਨਹੀਂ ਪਾਈ। ਇਸ ਤਰ੍ਹਾਂ ਦਾ ਪੱਖ ਲੈਣ ਦਾ ਸਿੱਧਾ ਤੇ ਸਪਸ਼ਟ ਅਰਥ ਇਹ ਹੈ ਕਿ “ਵਿਸ਼ਵ ਗੁਰੂ” ਜੰਗ ਬੰਦੀ ਦੇ ਹੱਕ ਵਿੱਚ ਨਹੀਂ ਬਲਕਿ ਇਜ਼ਰਾਈਲ ਨਾਲ ਖੜ੍ਹਾ ਹੈ। ਫਲਸੀਤੀਨੀਆਂ ਦੀ ਨਸਲਘਾਤ ਜੋ ਜਾਰੀ ਹੈ, ਉਹ ਹੁਣ ਭਾਰਤ ਦਾ ਏਜੰਡਾ ਨਹੀਂ ਰਹਿ ਗਿਆ। ਭਾਰਤ ਦੀ ਇਸ ਭੂਮਿਕਾ ਤੋਂ ਨਿਰਾਸ਼ ਹੋਏ ਫਲਸਤੀਨ ਸਰਕਾਰ ਦੇ ਵਿਦੇਸ਼ ਮੰਤਰੀ ਨੇ ਸਪਸ਼ਟ ਸ਼ਬਦਾਂ ਵਿੱਚ ਐਲਾਨ ਕਰ ਦਿੱਤਾ ਹੈ ਕਿ “ਹੁਣ ਸਾਨੂੰ ਭਾਰਤ ਤੋਂ ਕੋਈ ਆਸ ਨਹੀਂ ਰਹਿ ਗਈ ਹੈ। ਭਾਰਤ ਵਿੱਚ ਬੀ.ਜੇ.ਪੀ. ਅਤੇ ਹੋਰ ਹਿੰਦੂਤਵੀ ਫਿਰਕੂ ਅਨਸਰਾਂ ਵੱਲੋਂ ਇਜ਼ਰਾਈਲ ਦੇ ਹੱਕ ਵਿੱਚ ਜ਼ੋਰਦਾਰ ਮੁਜ਼ਾਹਰੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਪੂਰੀ ਸਰਕਾਰੀ ਸ਼ਹਿ ਅਤੇ ਹਿਮਾਇਤ ਮਿਲ ਰਹੀ ਹੈ। ਇਸਦੇ ਉਲਟ ਫਲਸਤੀਨੀ ਲੋਕਾਂ ਦੇ ਹੱਕ ਵਿੱਚ ਰੋਸ ਪ੍ਰਗਟ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ।” “ਵਿਸ਼ਵ ਗੁਰੂ” ਮਜ਼ਲੂਮਾਂ ਨੂੰ ਛੱਡ ਕੇ ਮੁਜਰਮਾਂ ਦੇ ਹੱਕ ਵਿੱਚ ਖੜ੍ਹ ਗਿਆ ਹੈ।
ਅਸਲ ਵਿੱਚ ਅਸਲੀਅਤ ਇਹ ਹੈ ਕਿ ਭਾਰਤ ਦੇ ਵਰਤਮਾਨ ਹਿੰਦੂਤਵ ਫਿਰਕੂ ਰਾਸ਼ਟਰਵਾਦੀ ਹਾਕਮਾਂ ਦਾ ਇੱਕੋ ਇੱਕ ਮਕਸਦ ਭਾਰਤ ਨੂੰ ਅਮਰੀਕਾ, ਰੂਸ ਅਤੇ ਚੀਨ ਵਿਚਕਾਰ ਚੱਲ ਰਹੀ ਠੰਢੀ ਜੰਗ ਵਿੱਚ ਅਮਰੀਕਾ ਦੀ ਪੂਛ ਨਾਲ ਬੰਨ੍ਹਣਾ ਹੈ ਅਤੇ ਇਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਅਤੇ ਨੀਤੀਆਂ ਉਨ੍ਹਾਂ ਦੇ ਏਜੰਡੇ ਵੱਲ ਨੂੰ ਸੇਧਤ ਅਤੇ ਪ੍ਰੇਰਤ ਹਨ। ਇਸਦਾ ਮੁੱਖ ਕਾਰਨ ਇਹ ਹੈ ਕਿ ਅਮਰੀਕਾ ਸੰਸਾਰ ਭਰ ਵਿੱਚ ਸੱਜ ਪਿਛਾਖੜੀ ਪਿਛਾਂਹ ਖਿਚੂ ਸ਼ਕਤੀਆਂ ਦਾ ਸਰਦਾਰ ਹੈ ਅਤੇ ਮੋਦੀ ਐਂਡ ਕੰਪਨੀ ਭਾਰਤੀ ਸੱਜ ਪਿਛਾਖੜੀ ਸ਼ਕਤੀਆਂ ਦੇ ਅੱਜ ਦੇ ਮੋਹਰੀ ਹਨ। ਪਰ ਮੋਦੀ ਐਂਡ ਕੰਪਨੀ ਨੂੰ ਇਹ ਪਤਾ ਨਹੀਂ ਕਿ ਅਮਰੀਕਾ ਐਂਡ ਕੰਪਨੀ ਕਿਸੇ ਦੇ ਸਕੇ ਨਹੀਂ ਹਨ। ਲੋੜ ਪੈਣ ’ਤੇ ਉਹ ਨੇੜਲਿਆਂ ਸਮੇਤ ਆਪਣਿਆਂ ਨੂੰ ਵੀ ਧੋਖਾ ਦੇ ਜਾਂਦੇ ਹਨ। ਪਿਛਲੇ ਦਿਨੀਂ ਕੈਨੇਡਾ ਨਾਲ ਛਿੜੇ ਵਿਵਾਦ ਵਿੱਚ ਅਮਰੀਕਾ ਸਮੇਤ ਸਾਰੇ ਪੱਛਮੀ ਦੇਸ਼ਾਂ ਨੇ ਭਾਰਤ ਦਾ ਨਹੀਂ ਕੈਨੇਡਾ ਦਾ ਸਾਥ ਦਿੱਤਾ ਹੈ ਅਤੇ ਡਟ ਕੇ ਦਿੱਤਾ ਹੈ। ਇੱਥੇ ਹੀ ਬੱਸ ਨਹੀਂ, ਅਮਰੀਕਾ ਨੇ ਤਾਂ ਭਾਰਤ ਉੱਤੇ ਕੈਨੇਡਾ ਵਰਗਾ ਹੀ ਇਲਜ਼ਾਮ ਵੀ ਲਾ ਦਿੱਤਾ ਹੈ ਕਿ ਭਾਰਤ ਦਾ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂੰ ਨੂੰ ਕਤਲ ਕਰਵਾਉਣ ਦੀ ਅਸਫਲ ਸਾਜ਼ਿਸ ਜਾਂ ਕੋਸ਼ਿਸ਼ ਵਿੱਚ ਹੱਥ ਹੋ ਸਕਦਾ ਹੈ। ਕੈਨੈਡਾ ਵਿਰੁੱਧ ਤਾਂ ਮੋਦੀ ਦੀ ਸਰਕਾਰ ਬੜੀ ਭੜਕੀ ਸੀ ਅਤੇ ਕੈਨੇਡਾ ਆਉਣ ਜਾਣ ਵਾਲਿਆਂ ਵਿਰੁੱਧ ਕਈ ਪਾਬੰਦੀਆਂ ਵੀ ਠੋਸ ਦਿੱਤੀਆਂ ਸਨ। ਉਹ ਵੱਖਰੀ ਗੱਲ ਹੈ ਕਿ ਕੈਨੇਡਾ ਸਰਕਾਰ ਨੇ ਭਾਰਤ ਦੀਆਂ ਪਾਬੰਦੀਆਂ ਦਾ ਕੋਈ ਬਹੁਤਾ ਨੋਟਿਸ ਹੀ ਨਹੀਂ ਲਿਆ ਅਤੇ ਹੁਣ ਦੋ ਕੁ ਮਹੀਨੇ ਬਾਅਦ ਭਾਰਤ ਸਰਕਾਰ ਨੇ ਆਪਣੇ ਆਪ ਹੀ ਇਹ ਪਾਬੰਦੀਆਂ ਲਗਭਗ ਖਤਮ ਕਰ ਦਿੱਤੀਆਂ ਹਨ। ਪਰ ਹੁਣ ਅਮਰੀਕਾ ਵਿਰੁੱਧ ਮੋਦੀ ਸਰਕਾਰ ਦੀ ਕੋਈ ਰਸਮੀ ਵਿਰੋਧ ਕਰਨ ਦੀ ਵੀ ਹਿੰਮਤ ਨਹੀਂ ਪਈ। ਹੁਣ ਅਸੀਂ ਅਮਰੀਕਾ ਨੂੰ ਕਹਿ ਦਿੱਤਾ ਹੈ ਕਿ ਅਸੀਂ ਇਸ ਸਾਜ਼ਸ਼ ਦੀ ਜਾਂਚ ਵਿੱਚ ਪੂਰਾ ਸਹਿਯੋਗ ਦਿਆਂਗੇ। ਇਸ ਪ੍ਰਕਾਰ ਅਮਰੀਕਾ ਸਾਹਮਣੇ “ਵਿਸ਼ਵ ਗੁਰੂ” ਉਸਦਾ “ਅਨਿਨ ਭਗਤ” ਬਣ ਗਿਆ ਹੈ।
ਉਪਰੋਕਤ ਸਾਰਾ ਬਿਰਤਾਂਤ ਸਪਸ਼ਟ ਕਰ ਰਿਹਾ ਹੈ ਕਿ ਸਾਡਾ ਦੇਸ਼ ਸੁਰੱਖਿਅਤ ਹੱਥਾਂ ਵਿੱਚ ਨਹੀਂ ਹੈ, ਗਲਤ ਹੱਥਾਂ ਵਿੱਚ ਪੈ ਕੇ ਗਲਤ ਰਸਤੇ ’ਤੇ ਪੈ ਗਿਆ ਹੈ। ਇਸ ਲਈ ਸਮੂਹ ਦੇਸ਼ ਵਾਸੀਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ। ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ “ਵਿਸ਼ਵ ਗੁਰੂ” ਤੋਂ ਭਾਰਤ ਨੂੰ ਮੁਕਤ ਕਰਵਾ ਲੈਣਾ ਚਾਹੀਦਾ ਹੈ, ਅਜਿਹਾ ਕਰਨ ਵਿੱਚ ਹੀ ਦੇਸ਼ ਦਾ ਭਲਾ ਹੈ। ਅਜਿਹਾ ਨਾ ਹੋਵੇ ਕਿ ਦੇਰ ਹੋ ਜਾਏ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4518)
(ਸਰੋਕਾਰ ਨਾਲ ਸੰਪਰਕ ਲਈ: (