“ਸਾਥੀ ਪ੍ਰੇਮ ਸਿੰਘ ਮੰਢਾਲੀ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਤੋਂ ਬਾਅਦ ਵੀ 30 ਸਾਲ ਤੋਂ ਵੱਧ ਸਮਾਂ ...”
(18 ਮਈ 2025)
ਪ੍ਰੇਮ ਸਿੰਘ ਮੰਢਾਲੀ
ਸਾਥੀ ਪ੍ਰੇਮ ਸਿੰਘ ਮੰਢਾਲੀ ਦੇ ਸਮਾਜ ਵਿਰੋਧੀ ਅਨਸਰਾਂ ਵੱਲੋਂ ਕੀਤੇ ਗਏ ਵਹਿਸ਼ੀਆਨਾ ਕਤਲ ਨਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਇਤਿਹਾਸਕ ਪਿੰਡ ਮੰਢਾਲੀ, ਜੋ ਪਹਿਲਾਂ ਜ਼ਿਲ੍ਹਾ ਜਲੰਧਰ ਦਾ ਹਿੱਸਾ ਹੁੰਦਾ ਸੀ, ਇੱਕ ਵਾਰ ਮੁੜ ਚਰਚਾ ਵਿੱਚ ਆ ਗਿਆ ਹੈ। ਇਹ ਪਿੰਡ ਮੰਢਾਲੀ ਦੇਸ਼ ਦੀ ਆਜ਼ਾਦੀ ਦੀ ਲਹਿਰ, ਬੱਬਰ ਅਕਾਲੀ ਲਹਿਰ, ਕਮਿਊਨਿਸਟ ਲਹਿਰ, ਕਿਸਾਨ ਲਹਿਰ ਅਤੇ ਹੋਰ ਸਾਰੀਆਂ ਅਗਾਂਹਵਧੂ ਲਹਿਰਾਂ ਦਾ ਗੜ੍ਹ ਰਿਹਾ ਹੈ। ਸਾਥੀ ਪ੍ਰੇਮ ਸਿੰਘ ਦੇ ਪਿਤਾ ਸਾਥੀ ਹਰੀ ਸਿੰਘ ਮੰਢਾਲੀ 1930 ਵਿਆਂ ਵਿੱਚ ਹੀ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਲ ਹੀ ਕਿਸਾਨ ਤੇ ਕਮਿਊਨਿਸਟ ਲਹਿਰ ਵਿੱਚ ਸਰਗਰਮ ਹੋ ਗਏ ਸਨ। ਉਨ੍ਹਾਂ ਨੇ 1938 ਵਿੱਚ ਗੁਰਾਇਆ ਰੇਲਵੇ ਸਟੇਸ਼ਨ ’ਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨਾਲ ਸਰ ਛੋਟੂ ਰਾਮ ਵਿਰੁੱਧ ਕੀਤੇ ਮੁਜ਼ਾਹਰੇ ਵਿੱਚ ਹਿੱਸਾ ਲਿਆ ਸੀ। ਸਾਥੀ ਹਰੀ ਸਿੰਘ ਨੇ 1939 ਵਿੱਚ ਲੱਗੇ ਲਾਹੌਰ ਦੇ ਕਿਸਾਨ ਮੋਰਚੇ ਵਿੱਚ ਪਿੰਡ ਵਿੱਚੋਂ ਇੱਕ ਵੱਡੇ ਜਥੇ ਨਾਲ ਗ੍ਰਿਫਤਾਰੀ ਦਿੱਤੀ ਸੀ। ਇਸ ਤੋਂ ਬਾਅਦ ਵੀ ਕਿਸਾਨ ਸਭਾ ਅਤੇ ਕਮਿਊਨਿਸਟ ਪਾਰਟੀ ਵੱਲੋਂ ਲੱਗੇ ਹਰ ਮੋਰਚੇ ਅਤੇ ਹਰ ਸੰਘਰਸ਼ ਵਿੱਚ ਇਸ ਪਰਿਵਾਰ ਨੇ ਮੂਹਰਲੀਆਂ ਕਤਾਰਾਂ ਵਿੱਚ ਖੜ੍ਹ ਕੇ ਹਿੱਸਾ ਲਿਆ ਹੈ। ਇਸੇ ਪਿੰਡ ਦੇ ਬੱਬਰ ਅਕਾਲੀ ਸੂਰਮੇ ਭਾਈ ਗੁਰਦਿੱਤ ਸਿੰਘ ਦਲੇਰ ਨੇ ਬੱਬਰ ਅਕਾਲੀ ਲਹਿਰ ਦੇ ਸਭ ਤੋਂ ਵੱਡੇ ਸਾਕੇ ਬਬੇਲੀ ਕਾਂਡ ਦੇ ਗਦਾਰ ਅਨੂਪ ਸਿੰਘ ਮਾਣਕੋ ਨੂੰ ਕਤਲ ਕਰਕੇ ਬਬੇਲੀ ਕਾਂਡ ਦੇ ਸ਼ਹੀਦ ਬੱਬਰਾਂ ਦਾ ਬਦਲਾ ਲਿਆ ਅਤੇ ਫਾਂਸੀ ਦਾ ਰੱਸਾ ਚੁੰਮ ਕੇ 1939 ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਗਦਾਰ ਅਨੂਪ ਸਿੰਘ ਮਾਣਕੋ ਨੂੰ ਮਾਰਨ ਅਤੇ ਬਾਅਦ ਵਿੱਚ ਫਾਂਸੀ ਚੜ੍ਹਨ ਵਿੱਚ ਸ਼ਹੀਦ ਭਾਈ ਕਰਤਾਰ ਸਿੰਘ ਚੱਕ ਕਲਾਂ ਵੀ ਉਨ੍ਹਾਂ ਦੇ ਨਾਲ ਸਨ।
ਇਸੇ ਇਤਿਹਾਸਕ ਪਿੰਡ ਮੰਢਾਲੀ ਦੇ ਸਾਥੀ ਨੱਥਾ ਸਿੰਘ ਮੰਢਾਲੀ ਦੇ ਵੱਡੇ ਸਪੁੱਤਰ ਸਾਥੀ ਹਜ਼ੂਰਾ ਸਿੰਘ ਫੌਜ ਵਿੱਚੋਂ ਬਗਾਵਤ ਕਰਕੇ ਆਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋ ਕੇ ਜੇਲ੍ਹ ਗਏ ਅਤੇ 1940 ਵਿੱਚ ਮੁਜ਼ੱਫਰਗੜ੍ਹ ਜੇਲ੍ਹ ਵਿੱਚ ਭੁੱਖ ਹੜਤਾਲ ਕਰਕੇ ਸ਼ਹੀਦੀ ਪ੍ਰਾਪਤ ਕੀਤੀ। ਸਾਥੀ ਹਜ਼ੂਰਾ ਸਿੰਘ ਦੀ ਸ਼ਹੀਦੀ ਦੇ ਆਧਾਰ ’ਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਨੇ ਸਾਥੀ ਨੱਥਾ ਸਿੰਘ ਨੂੰ 25 ਏਕੜ ਜ਼ਮੀਨ ਦੀ ਮਾਲਕੀ ਦਾ ਪਟਾ ਅਲਾਟ ਕਰ ਦਿੱਤਾ। ਪਰ ਸਾਥੀ ਨੱਥਾ ਸਿੰਘ ਨੇ ਉਹ ਪਟਾ ਜਲੰਧਰ ਵਿੱਚ ਮੁੱਖ ਮੰਤਰੀ ਨੂੰ ਮਿਲਕੇ ਵਾਪਸ ਕਰ ਦਿੱਤਾ ਅਤੇ ਕਿਹਾ ਕਿ ਅਸੀਂ ਕੁਰਬਾਨੀਆਂ ਦਾ ਮੁੱਲ ਨਹੀਂ ਲੈਣਾ ਹੈ। ਸਾਥੀ ਨੱਥਾ ਸਿੰਘ ਵੀ ਆਜ਼ਾਦੀ ਦੀ ਲਹਿਰ ਵਿੱਚ ਕਈ ਵਾਰ ਜੇਲ੍ਹ ਗਏ ਅਤੇ ਉਨ੍ਹਾਂ ਦੇ ਸਪੁੱਤਰ ਸਾਥੀ ਹਰਬੰਸ ਸਿੰਘ ਮੰਢਾਲੀ ਅਤੇ ਸਾਥੀ ਗੁਰਮੇਜ ਸਿੰਘ ਮੰਢਾਲੀ ਆਪਣੇ ਸਮਿਆਂ ਦੇ ਵੱਡੇ ਕਮਿਊਨਿਸਟ ਅਤੇ ਕਿਸਾਨ ਆਗੂ ਬਣੇ। ਸੀ.ਪੀ.ਆਈ. (ਐੱਮ) ਦੇ ਬੰਗਾ ਸ਼ਹਿਰ ਵਿੱਚ ਸਥਿੱਤ ਦਫਤਰ ਦਾ ਨਾਂ “ਸਾਥੀ ਨੱਥਾ ਸਿੰਘ ਮੰਢਾਲੀ ਭਵਨ” ਹੈ।
1980 ਵਿੱਚ ਪਿੰਡ ਮੰਢਾਲੀ ਵਿਖੇ ਹੋਏ ਦੋ ਕਤਲਾਂ ਵਿੱਚ ਸਾਥੀ ਹਰੀ ਸਿੰਘ ਦੇ ਸਪੁੱਤਰਾਂ ਸਾਥੀ ਮਹਿੰਦਰ ਸਿੰਘ ਮੰਢਾਲੀ ਅਤੇ ਸਾਥੀ ਪ੍ਰੇਮ ਸਿੰਘ ਮੰਢਾਲੀ ਨੂੰ, ਸਾਥੀ ਹਰਬੰਸ ਸਿੰਘ ਮੰਢਾਲੀ ਅਤੇ ਸਾਥੀ ਗੁਰਮੇਜ ਸਿੰਘ ਮੰਢਾਲੀ ਨੂੰ ਅਤੇ ਪਿੰਡ ਦੇ ਹੋਰ ਕਈ ਕਾਮਰੇਡਾਂ ਨੂੰ ਸਮੇਂ ਦੀ ਹਕੂਮਤ ਨੇ ਨਾਜਾਇਜ਼ ਤੌਰ ’ਤੇ ਫਸਾ ਦਿੱਤਾ ਅਤੇ ਸਭ ਦੀਆਂ ਗ੍ਰਿਫਤਾਰੀਆਂ ਹੋਈਆਂ। ਪਾਰਟੀ ਅਤੇ ਦੋਹਾਂ ਪਰਿਵਾਰਾਂ ਨੇ ਸਾਥੀ ਦਰਬਾਰਾ ਸਿੰਘ ਢਿੱਲੋਂ ਐਡਵੋਕੇਟ ਦੀ ਸਹਾਇਤਾ ਨਾਲ ਡਟ ਕੇ ਮੁਕੱਦਮਾ ਲੜਿਆ ਅਤੇ ਸਾਰੇ ਸਾਥੀ ਬਰੀ ਹੋਏ। ਸਾਥੀ ਹਰੀ ਸਿੰਘ ਦੇ ਸਾਰੇ ਬੱਚੇ ਕਾਮਰੇਡ ਕਸ਼ਮੀਰ ਸਿੰਘ, ਕਾਮਰੇਡ ਮਹਿੰਦਰ ਸਿੰਘ, ਕਾਮਰੇਡ ਪ੍ਰੇਮ ਸਿੰਘ, ਕਾਮਰੇਡ ਸੁਰਿੰਦਰ ਸਿੰਘ (ਮਰਹੂਮ), ਭੈਣ ਹਰਦੀਪ ਕੌਰ ਕਮਿਊਨਿਸਟ ਲਹਿਰ ਦਾ ਹਿੱਸਾ ਬਣੇ, ਪਾਰਟੀ ਦੇ ਸਾਰੇ ਸੰਘਰਸ਼ਾਂ ਵਿੱਚ ਸਮੇਂ ਅਤੇ ਸਥਾਨ ਅਨੁਸਾਰ ਸ਼ਮੂਲੀਅਤ ਕੀਤੀ ਅਤੇ ਅੱਜ ਵੀ ਲਹਿਰ ਦੇ ਨਾਲ ਹਨ। ਭੈਣ ਹਰਦੀਪ ਕੌਰ ਪੰਜਾਬ ਦੇ ਨਾਮਵਰ ਵਿਦਿਆਰਥੀ ਆਗੂ ਸਾਥੀ ਮੱਖਣ ਸਿੰਘ ਸੰਧੂ ਦੀ ਜੀਵਨ ਸਾਥੀ ਹਨ। ਤੀਸਰੀ ਪੀੜ੍ਹੀ ਦੇ ਸਾਰੇ ਬੱਚੇ ਭਾਵੇਂ ਇਸ ਸਮੇਂ ਵਿਦੇਸ਼ਾਂ ਵਿੱਚ ਹਨ ਪਰ ਫਿਰ ਵੀ ਲਹਿਰ ਅਤੇ ਪਾਰਟੀ ਦੇ ਨਾਲ ਹਨ ਅਤੇ ਹਰ ਵੇਲੇ ਹਰ ਕਿਸਮ ਦੀ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਹਨ। ਸਾਥੀ ਗੁਰਮੇਜ ਸਿੰਘ ਮੰਢਾਲੀ 25 ਸਾਲ ਤੋਂ ਵਧ ਸਮਾਂ ਪਿੰਡ ਦੇ ਸਰਪੰਚ ਰਹੇ ਹਨ ਅਤੇ ਸਾਥੀ ਪ੍ਰੇਮ ਸਿੰਘ ਮੰਢਾਲੀ ਉਨ੍ਹਾਂ ਦੇ ਨਾਲ ਅਤੇ ਉਨ੍ਹਾਂ ਤੋਂ ਬਾਅਦ ਵੀ 30 ਸਾਲ ਤੋਂ ਵੱਧ ਸਮਾਂ ਮੈਂਬਰ ਪੰਚਾਇਤ ਰਹੇ ਹਨ। ਇਸ ਸਮੇਂ ਬਾਕੀ ਸਾਰਾ ਪਰਿਵਾਰ ਤਾਂ ਵਿਦੇਸ਼ਾਂ ਵਿੱਚ ਸੱਚੀ ਮੁੱਚੀ ਕਿਰਤ ਕਰ ਰਿਹਾ ਹੈ, ਕੇਵਲ ਸਾਥੀ ਪ੍ਰੇਮ ਸਿੰਘ ਅਤੇ ਉਨ੍ਹਾਂ ਦੀ ਜੀਵਨ ਸਾਥੀ ਬੀਬੀ ਹਰਜੀਤ ਕੌਰ ਹੀ ਪਿੰਡ ਵਿੱਚ ਪਰਿਵਾਰ ਦਾ ਪਰਿਵਾਰਕ, ਸਮਾਜਿਕ ਅਤੇ ਰਾਜਨੀਤਕ ਪਿੱਛਾ ਸਾਂਭ ਕੇ ਬੈਠੇ ਸਨ ਕਿ ਅਚਾਨਕ ਇਹ ਭਾਣਾ ਵਾਪਰ ਗਿਆ। ਬੀਬੀ ਹਰਜੀਤ ਕੌਰ ਦੀ ਸਿਹਤ ਵੀ ਠੀਕ ਨਹੀਂ ਹੈ। ਸਾਡੇ ਉਪਰੋਕਤ ਦੋਹਾਂ ਪਰਿਵਾਰਾਂ ਨਾਲ ਰਾਜਨੀਤੀ ਦੇ ਨਾਲ-ਨਾਲ ਪਰਿਵਾਰਕ ਸਬੰਧ ਵੀ ਹਨ। ਕੱਲ੍ਹ 16 ਮਈ ਵਾਲੇ ਦਿਨ ਮੈਂ ਅਤੇ ਗੁਰਪਰਮਜੀਤ ਕੌਰ ਮੰਢਾਲੀ ਪਰਿਵਾਰ ਦੇ ਘਰ ਜਾ ਕੇ ਆਏ ਹਾਂ। ਉੱਥੇ ਸਾਥੀ ਕਸ਼ਮੀਰ ਸਿੰਘ, ਬੀਬੀ ਹਰਜੀਤ ਕੌਰ, ਭੈਣ ਹਰਦੀਪ ਕੌਰ, ਉਨ੍ਹਾਂ ਦੇ ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਅਫਸੋਸ ਦਾ ਪ੍ਰਗਟਾਵਾ ਕਰਕੇ ਆਏ ਹਾਂ। ਸਾਰੇ ਪਰਿਵਾਰ ਨੇ ਦ੍ਰਿੜ੍ਹ ਨਿਸਚਾ ਪ੍ਰਗਟਾਇਆ ਕਿ ਸਮੁੱਚਾ ਪਰਿਵਾਰ ਆਉਣ ਵਾਲੇ ਸਮਿਆਂ ਵਿੱਚ ਵੀ ਡਟ ਕੇ ਕਮਿਊਨਿਸਟ ਲਹਿਰ ਅਤੇ ਪਾਰਟੀ ਨਾਲ ਹਮੇਸ਼ਾ ਖੜ੍ਹੇ ਰਹਿਣਗੇ। ਕਾਹਲੀ-ਕਾਹਲੀ ਲਿਖੇ ਇਨ੍ਹਾਂ ਟੁੱਟੇ ਫੁੱਟੇ ਸ਼ਬਦਾਂ ਨਾਲ ਅਸੀਂ ਆਪਣੇ ਵਿਛੜ ਗਏ ਸੂਰਮੇ ਸਾਥੀ ਪ੍ਰੇਮ ਸਿੰਘ ਮੰਢਾਲੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)