“ਇੰਸਪੈਕਟਰ ਪੂਰੀ ਗੰਭੀਰਤਾ ਨਾਲ ਗੱਲ ਕਰ ਰਿਹਾ ਸੀ, ਕਹਿੰਦਾ, “ਮੈਂ ਤਾਂ ਇਹ ਕਹਿਣਾ ਹੈ ਕਿ ਜੇ ਭੱਜਣਾ ਹੈ ਤਾਂ ਦੱਸ ਦਿਓ ...”
(31 ਮਈ 2024)
ਇਸ ਸਮੇਂ ਪਾਠਕ: 455.
ਆਪ੍ਰੇਸ਼ਨ ਬਲੂ ਸਟਾਰ ਪਿੱਛੋਂ ਪੰਜਾਬ ਵਿੱਚ ਖਾੜਕੂਵਾਦ ਜ਼ੋਰ ਫੜਨ ਲੱਗਾ। ਅੰਗਰੇਜ਼ਾਂ ਵੇਲੇ ਤੋਂ ਨਾਭੇ ਦੀ ਜੇਲ੍ਹ ਨੂੰ ਸਖ਼ਤ ਸੁਰੱਖਿਆ ਵਾਲਾ ਬੰਦੀਖਾਨਾ ਮੰਨਿਆ ਗਿਆ ਸੀ। ਵਾਰਦਾਤਾਂ ਹੁੰਦੀਆਂ, ਫਿਰ ਗ੍ਰਿਫਤਾਰੀਆਂ, ਗ੍ਰਿਫਤਾਰ ਜਵਾਨ ਨਾਭਾ ਜੇਲ੍ਹ ਵਿੱਚ। ਨਾਭਾ ਜੇਲ੍ਹ ਛੋਟੀ ਪੈਣ ਲੱਗ ਗਈ। ਸਰਕਾਰ ਨੂੰ ਲੱਗਾ ਪਹਿਲੋਂ ਬੰਦੀ ਕੀਤੇ ਲੋਕ ਇੰਨੇ ਖ਼ਤਰਨਾਕ ਨਹੀਂ ਜਿੰਨੇ ਹੁਣ ਵਾਰਦਾਤਾਂ ਕਰਨ ਵਾਲੇ ਹਨ। ਸੋ ਸਾਨੂੰ ਪਟਿਆਲੇ ਦੀ ਸੈਂਟਰਲ ਜੇਲ੍ਹ ਵਿੱਚ ਬਦਲਣ ਦਾ ਤੇ ਸਾਡੀ ਥਾਂ ਨਾਭੇ ਦੀ ਜੇਲ੍ਹ ਵਿੱਚ ਨਵੇਂ ਖਾੜਕੂਆਂ ਨੂੰ ਬੰਦ ਕਰਨ ਦਾ ਫੈਸਲਾ ਹੋ ਗਿਆ। ਸਤੰਬਰ 1984 ਵਿੱਚ ਪਟਿਆਲੇ ਭੇਜ ਦਿੱਤੇ। ਨਾਭੇ ਜੱਜ ਜੇਲ੍ਹ ਅੰਦਰ ਸੁਣਵਾਈ ਕਰਨ ਆਇਆ ਕਰਦਾ ਸੀ ਪਰ ਪਟਿਆਲੇ ਸਾਨੂੰ ਪੁਲਿਸ ਹਰ ਦੋ ਹਫਤਿਆਂ ਬਾਦ ਅਦਾਲਤ ਵਿੱਚ ਲਿਜਾ ਕੇ ਪੇਸ਼ੀ ਭੁਗਤਾਉਂਦੀ।
ਇੱਕ ਪੇਸ਼ੀ ’ਤੇ ਮੈਨੂੰ ਅੱਠ ਪੁਲਿਸ ਮੁਲਾਜ਼ਮ ਹਥਕੜੀ ਲਾਈ ਲਿਜਾ ਰਹੇ ਸਨ। ਡਿਊਟੀ ’ਤੇ ਤਾਇਨਾਤ ਇੰਸਪੈਕਟਰ ਇੱਕ ਪਾਸੇ ਲੈ ਗਿਆ ਤੇ ਕਿਹਾ, “ਪ੍ਰੋਫੈਸਰ ਸਾਹਿਬ, ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਈ ਸਕੀਮ ਤਾਂ ਨਹੀਂ ਬਣ ਰਹੀ?”
ਮੈਂ ਕਿਹਾ, “ਬਣ ਤਾਂ ਨਹੀਂ ਰਹੀ ਪਰ ਜੇ ਬਣ ਗਈ ਤਾਂ ਦੱਸਾਂਗਾ ਥੋੜ੍ਹਾ?”
ਇੰਸਪੈਕਟਰ ਪੂਰੀ ਗੰਭੀਰਤਾ ਨਾਲ ਗੱਲ ਕਰ ਰਿਹਾ ਸੀ, ਕਹਿੰਦਾ, “ਮੈਂ ਤਾਂ ਇਹ ਕਹਿਣਾ ਹੈ ਕਿ ਜੇ ਭੱਜਣਾ ਹੈ ਤਾਂ ਦੱਸ ਦਿਓ, ਮੈਂ ਹੱਥਕੜੀ ਛੱਡ ਦਿਆਂਗਾ, ਤੁਸੀਂ ਭੱਜ ਜਾਇਓ। ਮੁਫਤੋ ਮੁਫਤੀ ਮੈਨੂੰ ਜਾਂ ਮੇਰੇ ਬੱਚਿਆਂ ਨੂੰ ਖਾੜਕੂਆਂ ਤੋਂ ਮਰਵਾ ਨਾ ਦਿਓ। ਮੇਰੇ ਨਿਆਣੇ ਅਜੇ ਛੋਟੇ-ਛੋਟੇ ਨੇ।”
ਮੈਂ ਦੰਗ ਰਹਿ ਗਿਆ ਕਿ ਉਹ ਮੈਨੂੰ ਵਾਕਈ ਖ਼ਤਰਨਾਕ ਗੁਰੀਲਾ ਸਮਝ ਰਿਹਾ ਸੀ। ਮੇਰੇ ਦਿਲ ਵਿੱਚ ਇਹ ਖਿਆਲ ਵੀ ਆਇਆ ਕਿ ਜਿਹੋ ਜਿਹਾ ਇਹ ਮੈਨੂੰ ਸਮਝ ਰਹੇ ਨੇ, ਮੈਨੂੰ ਉਹੋ ਜਿਹਾ ਹੋਣਾ ਚਾਹੀਦਾ ਸੀ। ਜਦੋਂ ਫੌਜ ਮੈਨੂੰ ਗ੍ਰਿਫਤਾਰ ਕਰਨ ਗਈ ਸੀ, ਉਦੋਂ ਵੀ ਮੇਰਾ ਘਰ ਇਉਂ ਘੇਰਿਆ ਸੀ ਜਿਵੇਂ ਉੱਥੇ ਗਹਿਗੱਚ ਖੂਨੀ ਮੁਕਾਬਲਾ ਹੋਣਾ ਹੋਵੇ।
ਪਟਿਆਲੇ ਦੀ ਜੇਲ੍ਹ ਵਿੱਚ ਮਾਹੌਲ ਸੁਖਾਵਾਂ ਸੀ। ਅਖ਼ਬਾਰ ਮੰਗਵਾ ਲੈਂਦੇ, ਰੇਡੀਓ ਸੁਣਦੇ। ਸਾਨੂੰ ਅੱਧੀ ਕੁ ਦਰਜਣ ਬੰਦੀਆਂ ਨੂੰ ਵੀ.ਆਈ.ਪੀ. ਅਹਾਤਾ ਦੇ ਦਿੱਤਾ ਤੇ ਦੋ ਨੌਕਰ ਦੇ ਦਿੱਤੇ। ਫਰੀਦਕੋਟ ਦਾ ਨਾਮਵਰ ਵਕੀਲ ਇੰਦਰਜੀਤ ਸਿੰਘ ਖਾਲਸਾ ਵੀ ਇੱਥੇ ਬੰਦੀ ਸੀ।
31 ਅਕਤੂਬਰ ਨੂੰ ਰੇਡੀਓ ਉੱਤੇ ਖਬਰ ਨਸ਼ਰ ਹੋਈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਪਰ ਹਮਲਾ ਹੋ ਗਿਆ ਹੈ, ਜਖ਼ਮੀ ਹੈ। ਕਿਸਨੇ ਹਮਲਾ ਕੀਤਾ? ਇੱਕ ਜਵਾਨ ਕਹਿੰਦਾ, “ਸਿੱਖ ਦਾ ਕੰਮ ਹੈ ਇਹ।” ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਕਹਿੰਦੇ, ਸਿੱਖਾਂ ਵਿੱਚ ਹੁਣ ਦਮ ਕਿੱਥੇ? ਇਸ ’ਤੇ ਤਕਰਾਰ ਹੋਣੋਂ ਮਸਾਂ ਬਚਾਇਆ। ਪਹਿਲਾਂ ਬੀ.ਬੀ.ਸੀ. ਨੇ, ਫਿਰ ਪਾਕਿਸਤਾਨ ਰੇਡੀਓ ਨੇ ਨਸ਼ਰ ਕੀਤਾ ਕਿ ਇੰਦਰਾ ਗਾਂਧੀ ਦੀਮੌਤ ਹੋ ਗਈ ਹੈ ਤੇ ਹਮਲਾਵਰ ਸਿੱਖ ਜਵਾਨ ਸਨ। ਭਾਰਤੀ ਰੇਡੀਓ ਸ਼ਾਮ ਤਕ ਜਖ਼ਮੀ ਦੱਸਦਾ ਰਿਹਾ।
ਜੇਲ੍ਹ ਅੰਦਰ ਉਤੇਜਨਾ ਸੀ, ਸਨਸਨੀ ਸੀ। ਸਾਡੇ ਅਹਾਤੇ ਵਿੱਚ ਡਿਪਟੀ ਸੁਪਰਡੰਟ ਇਕੱਤਰ ਸਿੰਘ ਸਿੱਧੂ ਆਇਆ। ਉਸਨੇ ਦੱਸਿਆ, “ਇੰਦਰਾ ਗਾਂਧੀ ਮਰ ਚੁੱਕੀ ਹੈ ਤੇ ਸਰਕਾਰ ਨੂੰ ਖ਼ਦਸ਼ਾ ਹੈ ਕਿ ਬੰਦੀ ਜੇਲ੍ਹ ਤੋੜ ਕੇ ਫਰਾਰ ਹੋਣਗੇ। ਜੇਲ੍ਹ ਦੇ ਬਾਹਰਲੇ ਪਾਸੇ ਟੈਂਕ ਤਾਇਨਾਤ ਕਰ ਦਿੱਤੇ ਹਨ। ਜੇਲ੍ਹ ਸੁਪਰਡੰਟ ਦੋ ਮਹੀਨਿਆਂ ਦੀ ਛੁੱਟੀ ਮੈਨੂੰ ਫੜਾ ਕੇ ਅਣਦੱਸੀ ਥਾਂ ਦੌੜ ਗਿਆ ਹੈ ਤੇ ਚਾਰਜ ਮੈਨੂੰ ਦੇ ਗਿਆ ਹੈ।”
ਸੁਪਰਡੰਟ ਰਾਜਸਥਾਨ ਦਾ ਐੱਨ.ਐੱਸ. ਠਾਕੁਰ ਸੀ। ਡਿਪਟੀ ਕਹਿੰਦਾ, “ਹੁਣ ਜੇਲ੍ਹ ਮੇਰੇ ਕੋਲ ਹੈ, ਮੇਰੀ ਸਹਾਇਤਾ ਕਰੋ।”
ਮੈਂ ਕਿਹਾ, “ਇਹ ਗੱਲ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਥੇ ਬੰਦੀ ਜਵਾਨਾਂ ਨਾਲ ਕਰਦੇ ਹਾਂ। ਪੰਜ ਸੱਤ ਜਣੇ ਬੁਲਾ ਲਏ। ਉਹ ਕਹਿੰਦੇ ਜੇ ਡਿਪਟੀ ਸਾਹਿਬ ਸਾਡੀ ਗੱਲ ਮੰਨਣਗੇ, ਅਸੀਂ ਵੀ ਇਨ੍ਹਾਂ ਦੀ ਮੰਨਾਂਗੇ।”
ਪੁੱਛਿਆ, “ਕੀ ਮਨਵਾਉਣਾ ਹੈ?”
ਉਹ ਕਹਿੰਦੇ, “ਇੱਕ ਲੱਖ ਘਿਓ ਦੇ ਦੀਵੇ ਬਾਲਣੇ ਹਨ।”
ਪੁੱਛਿਆ, “ਇੰਨੇ ਦੀਵੇ ਕਿੱਥੇ ਨੇ?, ਤੇਲ ਬੱਤੀਆਂ ਕਿੱਥੇ ਨੇ?”
ਕਹਿੰਦੇ, “ਕੁਅੰਟਲ ਆਟਾ ਗੁੰਨ੍ਹ ਕੇ ਦੀਵੇ ਬਣਾ ਲਵਾਂਗੇ। ਰਜਾਈ ਪਾੜ ਕੇ ਬੱਤੀਆਂ ਵੱਟਾਂਗੇ ਤੇ ਲੰਗਰ ਵਿੱਚੋਂ ਦੋ ਪੀਪੇ ਘਿਓ ਦੇ ਚੁੱਕ ਲਿਆਵਾਂਗੇ। ਦੂਜੀ ਗੱਲ ਇਹ ਕਿ ਜਿਸਨੇ ਜੋ ਖਾਣਾ ਪੀਣਾ ਹੋਵੇ, ਉਹ ਮੰਗਵਾਏ, ਮੇਨ ਗੇਟ ’ਤੇ ਕੋਈ ਰੋਕੇ ਨਾ।”
ਮੈਨੂੰ ਇਹ ਗੱਲਾਂ ਕੁਝ ਵਧੀਕ ਲੱਗੀਆਂ ਪਰ ਕਮਾਲ, ਡਿਪਟੀ ਸੁਪਰਡੰਟ ਮੰਨ ਗਿਆ। ਇਖਲਾਕੀ ਕੈਦੀ ਵੀ ਬਾਹਰ ਕੱਢ ਲਏ ਗਏ। ਦੀਵੇ ਬਣਨ ਲੱਗੇ, ਮਠਿਆਈਆਂ ਪਕਾਉੜੇ ਅੰਦਰ ਆਉਣ ਲੱਗੇ।
ਪੱਚੀ ਡਾਕਟਰ ਪੁਲਿਸ ਨੇ ਫੜਕੇ ਜੇਲ੍ਹ ਅੰਦਰ ਲੈ ਆਂਦੇ। ਮੈਂ ਪੁੱਛਿਆ, “ਤੁਹਾਨੂੰ ਕਿਉਂ ਫੜ ਲਿਆ?”
ਸੀਨੀਅਰ ਡਾਕਟਰ ਕਹਿੰਦਾ, “ਸ਼ਰਾਬ ਦੇ ਠੇਕਿਆਂ ਅਤੇ ਹਲਵਾਈਆਂ ਤੋਂ ਜਿਹੜਾ ਬੰਦਾ ਸਮਾਨ ਖਰੀਦਦਾ ਹੈ, ਪੁਲਿਸ ਫੜ ਲੈਂਦੀ ਹੈ ਕਿ ਤੂੰ ਪ੍ਰਧਾਨ ਮੰਤਰੀ ਦੀ ਮੌਤ ਦੀ ਖੁਸ਼ੀ ਮਨਾ ਰਿਹਾ ਹੈਂ। ਸਰਕਾਰ ਅੰਨ੍ਹੀ ਹੋ ਗਈ ਹੈ।”
ਮੈਂ ਉਸ ਨੂੰ ਹੌਸਲਾ ਦੇਣ ਲਈ ਕਿਹਾ, “ਚਲੋ ਇਸ ਬਹਾਨੇ ਤੁਹਾਨੂੰ ਜੇਲ੍ਹ ਦੇ ਅੰਦਰਲੇ ਹਾਲਾਤ ਦੀ ਵਾਕਫੀ ਹੋ ਜਾਊ।”
ਉਹ ਕਹਿੰਦਾ, “ਮੈਨੂੰ ਤਾਂ ਪਹਿਲਾਂ ਹੀ ਬਥੇਰੀ ਵਾਕਫੀ ਹੈ, ਮੈਂ ਫਿਰੋਜ਼ਪੁਰ ਜੇਲ੍ਹ ਦਾ ਮੈਡੀਕਲ ਅਫਸਰ ਹਾਂ।”
ਮੈਂ ਅਗਲੇ ਦਿਨ ਜਵਾਨ ਲੀਡਰ ਇਕੱਠੇ ਕਰ ਲਏ ਤੇ ਕਿਹਾ, “ਪ੍ਰਧਾਨ ਮੰਤਰੀ ਦਾ ਕਤਲ ਕੋਈ ਮਾਮੂਲੀ ਘਟਨਾ ਨਹੀਂ ਹੈ। ਹੁਣ ਹਥਿਆਰਬੰਦ ਲੜਾਈ ਕਰਨੀ ਤਿਆਗ ਦਿਉ। ਹੁਣ ਦੁਨੀਆਂ ਅੱਗੇ ਮਿੰਨਤ ਕਰਾਂਗੇ ਕਿ ਸਾਨੂੰ ਘੱਟ ਗਿਣਤੀ ਨੂੰ ਬਚਾਉ, ਅਸੀਂ ਇਸ ਦੇਸ਼ ਵਿੱਚ ਜਿਉਂਦੇ ਰਹਿਣਾ ਚਾਹੁੰਦੇ ਹਾਂ। ਸਾਡੀ ਫਰਿਆਦ ਸੁਣੋ। ਘੱਟ ਗਿਣਤੀ ਨੂੰ ਹਥਿਆਰਬੰਦ ਜੰਗ ਬੜਾ ਨੁਕਸਾਨ ਕਰੇਗੀ।”
ਜਵਾਨ ਹੱਸ ਪਏ, ਕਹਿੰਦੇ, “ਤੁਸੀਂ ਸੁੱਟ ਦਿਉ ਹਥਿਆਰ, ਅਸੀਂ ਤਾਂ ਨੀਂ ਹਟਦੇ।”
ਮੈਂ ਕਿਹਾ, “ਮੈਂ ਤਾਂ ਹਥਿਆਰ ਤਦ ਸੁੱਟਦਾ ਜੇ ਚੁੱਕੇ ਹੁੰਦੇ। ਮੈਂ ਤਾਂ ਹਥਿਆਰ ਨੂੰ ਹੱਥ ਨਹੀਂ ਲਾਇਆ ਕਦੀ।”
ਗੱਲ ਆਈ ਗਈ ਹੋ ਗਈ।
ਆਖਰ ਮੇਰੀ ਰਿਹਾਈ ਦਾ ਹੁਕਮ ਆ ਗਿਆ। ਰਿਹਾਅ ਹੋ ਕੇ ਪਹਿਲਾਂ ਵਾਈਸ ਚਾਂਸਲਰ ਐੱਸ. ਐੱਸ. ਜੌਹਲ ਦਾ ਸ਼ੁਕਰਾਨਾ ਕਰਨ ਗਿਆ। ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। ਮੈਂ ਕਿਹਾ, “ਮੈਨੂੰ ਡਰ ਲੱਗਿਆ ਸੀ, ਤੁਸੀਂ ਨੌਕਰੀ ਵਿੱਚੋਂ ਕੱਢੋਗੇ।”
ਉਹ ਕਹਿੰਦੇ, “ਮੈਂ ਤਾਂ ਤੈਨੂੰ ਨੌਕਰੀ ਦਿੱਤੀ ਸੀ, ਤੇਰੀ ਇੰਟਰਵਿਊ ਵਿਚਲੇ ਤੇਰੇ ਜਵਾਬ ਮੈਂ ਮਿਲਣ ਗਿਲਣ ਆਏ ਪ੍ਰੋਫੈਸਰਾਂ ਨੂੰ ਸੁਣਾਇਆ ਕਰਦਾਂ।”
ਡਿਊਟੀ ਜੁਆਇਨ ਕਰ ਲਈ।
ਇੱਕ ਦਿਨ ਫੋਨ ਆਇਆ- ਜੌਹਲ ਸਾਹਿਬ ਦੀ ਕੋਠੀ ਆ ਜਾਓ, ਯਾਦ ਕਰ ਰਹੇ ਨੇ। ਮੈਂ ਗਿਆ, ਗਵਰਨਰ ਅਰਜਣ ਸਿੰਘ ਦਾ ਸਲਾਹਕਾਰ ਐੱਸ.ਐੱਸ. ਧਨੋਆ ਆਇਆ ਬੈਠਾ ਸੀ। ਜੌਹਲ ਸਾਹਿਬ ਨੇ ਦੱਸਿਆ, “ਇਹ ਤੁਹਾਨੂੰ ਮਿਲਣ ਆਏ ਨੇ। ਕੇਂਦਰ ਸਰਕਾਰ ਸਿੱਖ ਯੂਥ ਨਾਲ ਗੱਲ ਕਰਨਾ ਚਾਹੁੰਦੀ ਹੈ। ਜਵਾਨਾਂ ਵਿਚ ਤੁਹਾਡਾ ਸਤਿਕਾਰ ਹੈ, ਅੱਗੇ ਆਉ।”
ਮੈਂ ਕਿਹਾ, “ਵਿਚੋਲੇ ਨੂੰ ਆਖਰ ਗਾਲ੍ਹਾਂ ਮਿਲਦੀਆਂ ਨੇ ਜੌਹਲ ਸਾਹਿਬ। ਆਪਾਂ ਕੀ ਲੈਣਾ ਸਿਆਸਤ ਤੋਂ?”
ਜੌਹਲ ਸਾਹਿਬ ਕਹਿੰਦੇ, “ਵਿਚੋਲੇ ਨੂੰ ਗਾਲ੍ਹਾਂ ਉਦੋਂ ਪੈਂਦੀਆਂ ਨੇ ਜਦੋਂ ਉਹ ਆਪਣੇ ਆਪ ਨੂੰ ਵਿਚੋਲਾ ਸਮਝਣ ਦੀ ਥਾਂ ਲਾੜਾ ਸਮਝਣ ਲੱਗ ਪੈਂਦਾ ਹੈ। ਤੂੰ ਵਿਚੋਲਗੀ ਕਰੀਂ, ਸਲਾਹ ਨਾ ਦੇਈਂ। ਤੂੰ ਰਿਹਾ ਹੋ ਗਿਆ, ਖੁਸ਼ੀ ਹੋਈ। ਤੇਰੇ ਸਦਕਾ ਹਜ਼ਾਰਾਂ ਬੰਦੀ ਰਿਹਾਅ ਹੋ ਜਾਣ, ਇਹ ਪੁੰਨ ਦਾ ਕੰਮ ਹੋਵੇਗਾ। ਰਾਜੀਵ ਗਾਂਧੀ ਗਰਮ ਮਾਹੌਲ ਤੋਂ ਬਚਣ ਦਾ ਇੱਛੁਕ ਹੈ। ਤੁਹਾਡੇ ਰਾਹੀਂ ਕੀ ਪਤਾ ਪੰਜਾਬ ਦਾ ਕੁਝ ਸੰਵਰ ਹੀ ਜਾਵੇ।”
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪ੍ਰੋ. ਸਰੂਪ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਤੋਂ ਮੈਂ ਇਸ ਟੀਮ ਵਿੱਚ ਸ਼ਾਮਲ ਹੋ ਗਏ। ਅਸੀਂ ਸੋਚਦੇ ਸਾਂ ਇਸ ਪੜਾਅ ਉੱਤੇ ਕਸ਼ਮੀਰ ਦੀ ਤਰਜ਼ ’ਤੇ ਵੱਧ ਅਧਿਕਾਰ ਪੰਜਾਬ ਲਈ ਮੰਗੀਏ। ਸ. ਸਿਮਰਨਜੀਤ ਸਿੰਘ ਮਾਨ ਬਜ਼ਿੱਦ ਸੀ ਕਿ ਖਾਲਿਸਤਾਨ ਦਾ ਏਜੰਡਾ ਟੇਬਲ ’ਤੇ ਰੱਖੇਗਾ। ਕੇਂਦਰ ਸਰਕਾਰ ਇਸ ਲਈ ਰਜ਼ਾਮੰਦ ਨਹੀਂ ਸੀ। ਰਸਤਾ ਕੱਢ ਲਿਆ। ਮਾਨ ਦੀ ਰਾਜਨੀਤੀ ਖਾਲਿਸਤਾਨ ਤੋਂ ਬਗੈਰ ਚਲਦੀ ਨਹੀਂ, ਉਹ ਆਪਣਾ ਏਜੰਡਾ ਰੱਖੇ, ਕੇਂਦਰ ਉਸ ਨੂੰ ਨਾ ਮੰਨੇ। ਮਾਨ ਆਪਣੀ ਗੱਲ ਕਰੇ, ਕੇਂਦਰ ਆਪਣੀ। ਮਾਨ ਸਹਿਮਤ ਹੋ ਗਿਆ। ਜੋਧਪੁਰ ਦੀ ਜੇਲ੍ਹ ਵਿੱਚ ਫੈਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਸਕੱਤਰ ਹਰਮਿੰਦਰ ਸਿੰਘ ਸੰਧੂ ਨੂੰ ਮਿਲਦੇ ਰਹੇ। ਗੱਲ ਸਹੀ ਦਿਸ਼ਾ ਵੱਲ ਵਧਦੀ ਜਾਂਦੀ ਲਗਦੀ ਸੀ ਪਰ ਫਿਰ ਐਨ ਵਿਚਕਾਰ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਅਤਰ ਸਿੰਘ ਆ ਗਏ। ਉਹ ਗਵਰਨਰ ਨੂੰ ਮਿਲੇ ਤੇ ਕਿਹਾ, “ਜਿਨ੍ਹਾਂ ਨਾਲ ਤੁਸੀਂ ਸਮਝੌਤਾ ਕਰਨ ਲੱਗੇ ਹੋ, ਉਹ ਸੌਦੇਬਾਜ਼ੀ ਵੀ ਸਖ਼ਤ ਕਰਨਗੇ ਤੇ ਵੱਧ ਪੈਕੇਜ ਲੈ ਕੇ ਅੱਖਾਂ ਵੀ ਵਿਖਾਉਣਗੇ ਕਿ ਦੇਖੋ, ਜੋ ਹੋਰ ਨਹੀਂ ਲੈ ਸਕਦੇ, ਅਸੀਂ ਲੈ ਕੇ ਦਿਖਾਇਆ। ਅਕਾਲੀ ਲੀਡਰ ਅਜ਼ਮਾਏ ਹੋਏ ਹਨ, ਭਰੋਸੇਯੋਗ ਹਨ, ਮਾੜਾ ਮੋਟਾ ਅੱਖਾਂ ਪੂੰਝਣ ਵਾਲਾ ਕੰਮ ਕਰੋ। ਆਗਿਆ ਹੋਵੇ ਤਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਨਾਲ ਗੱਲ ਕਰਾਂ?”
ਗਵਰਨਰ ਅਰਜਣ ਸਿੰਘ ਨੂੰ ਹੋਰ ਕੀ ਚਾਹੀਦਾ ਸੀ? ਸੰਤ ਲੋਂਗੋਵਾਲ ਨੇ ਆਪਣੀ ਟੀਮ ਵਿੱਚ ਸ. ਸੁਰਜੀਤ ਸਿੰਘ ਬਰਨਾਲਾ ਅਤੇ ਪੁਰਾਣਾ ਖਜ਼ਾਨਾ ਮੰਤਰੀ ਸ. ਬਲਵੰਤ ਸਿੰਘ ਲੈ ਲਏ। ਰਾਜੀਵ ਗਾਂਧੀ ਪ੍ਰਧਾਨ ਮੰਤਰੀ ਨਾਲ ਸਲਾਹ ਮਸ਼ਵਰਾ ਕੀਤਾ ਤੇ ਪੰਜਾਬ-ਅਵਾਰਡ ਨਾਮ ਦਾ ਸਮਝੌਤਾ ਸਹੀਬੱਧ ਹੋ ਗਿਆ, ਜਿਸ ਵਿੱਚ ਪੰਜਾਬ ਨੂੰ ਖਾਕ ਵੀ ਨਹੀਂ ਮਿਲੀ। ਚੰਡੀਗੜ੍ਹ ਦੇਣ ਦਾ ਵਾਅਦਾ ਸੀ, ਉਹ ਵੀ ਨਹੀਂ ਮਿਲਿਆ। ਨਤੀਜਾ? ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਕਤਲ। ਪ੍ਰੋ. ਅਤਰ ਸਿੰਘ ਫਿਟਕਾਰਾਂ ਦਾ ਸਾਹਮਣਾ ਨਾ ਕਰ ਸਕੇ, ਪੈਰਾਲਾਇਸਸ ਨਾਲ ਇੱਕ ਪਾਸਾ ਮਾਰਿਆ ਗਿਆ। ਆਖਰ ਮੰਜੇ ਉੱਤੇ ਲੇਟੇ ਹੀ ਪ੍ਰਾਣ ਤਿਆਗ ਗਏ।
ਸ. ਸੁਰਜੀਤ ਸਿੰਘ ਬਰਨਾਲਾ ਦੀ ਪ੍ਰਾਪਤੀ ਇੰਨੀ ਕੁ ਸੀ ਕਿ ਕਾਂਗਰਸ ਦੀ ਮਦਦ ਨਾਲ ਸਰਕਾਰ ਬਣਾ ਕੇ ਮੁੱਖ ਮੰਤਰੀ ਪੰਜਾਬ ਬਣ ਤਾਂ ਗਏ ਪਰ ਕੇਂਦਰ ਨੇ ਸਮਾਂ ਪੂਰਾ ਹੋਣ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਵੀ ਤੋੜ ਦਿੱਤੀ। ਫਿਰ ਚੱਲੀ ਕੇਂਦਰ ਸਰਕਾਰ ਦੀ ਖਾੜਕੂਆਂ ਨਾਲ ਹਥਿਆਰਬੰਦ ਟੱਕਰ, ਜਿਸ ਵਿੱਚ ਹਜ਼ਾਰਾਂ ਸੁਹਿਰਦ ਜਵਾਨ ਸਿੱਖ ਜਾਨਾਂ ਕੁਰਬਾਨ ਕਰ ਗਏ। ਜਾਨਾਂ ਕੁਰਬਾਨ ਕਰਨ ਨੂੰ ਸਲਾਮ ਪਰ ਇਸ ਸਿਆਸਤ ਵਿੱਚੋਂ ਕੀ ਖੱਟਿਆ ਤੇ ਕੀ ਗੁਆਇਆ, ਇਹ ਲੇਖਾ ਤਾਂ ਕਰਨਾ ਹੀ ਪਵੇਗਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5010)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)