“ਸ਼ਿਵ ਕੁਮਾਰ ਦੀ ਆਵਾਜ਼ ਰਿਕਾਰਡ ਹੋ ਰਹੀ ਹੈ, ਕਦੀ ਸੁਰਜੀਤ ਪਾਤਰ ਦੀ। ਹਰਪਾਲ ਟਿਵਾਣਾ ...”
(11 ਮਈ 2024)
ਇਸ ਸਮੇਂ ਪਾਠਕ: 150.
1968 ਦਾ ਸਾਲ, ਮੈਂ ਗਿਆਰ੍ਹਵੀਂ ਜਮਾਤ ਦਾ, ਪਾਤਰ ਐੱਮ.ਏ. ਦਾ ਵਿਦਿਆਰਥੀ। ਲਾਲੀ ਦੀ ਹਵੇਲੀ, ਬਹੇੜਾ ਰੋਡ ਪਟਿਆਲਾ ਵਿੱਚ ਮੈਂ ਤਬੇਲੇ ਦਾ ਬਾਸ਼ਿੰਦਾ। ਸਾਹਿਤਕਾਰਾਂ, ਸ਼ਾਇਰਾਂ, ਰੰਗਕਰਮੀਆਂ ਦੇ ਪੂਰਾਂ ਦੇ ਪੂਰ ਬੱਦਲਾਂ ਵਾਂਗ ਆਣ ਉੱਤਰਦੇ। ਹਰਪਾਲ ਟਿਵਾਣਾ, ਵਿਸ਼ਵਨਾਥ ਤਿਵਾੜੀ, ਸੁਤਿੰਦਰ ਨੂਰ, ਦਲੀਪ ਕੌਰ ਟਿਵਾਣਾ, ਅੰਮ੍ਰਿਤਾ ਪ੍ਰੀਤਮ, ਸੁਰਜੀਤ ਲੀ। ਮੇਰੀ ਡਿਉਟੀ ਚਾਹ ਪਾਣੀ ਪਿਲਾਉਣ ਦੀ, ਭੁੱਖ ਲੱਗੀ ਤਾਂ ਢਾਬੇ ਤੋਂ ਦਾਲ਼ ਰੋਟੀ ਲਿਆਉਣ ਦੀ।
ਵੱਡੀ ਟੇਪ ਰਿਕਾਰਡ ਦੇ ਵੱਡੇ ਵੱਡੇ ਸਪੂਲ। ਚਰਖੀਆਂ ਘੁੰਮਦੀਆਂ। ਸ਼ਿਵ ਕੁਮਾਰ ਦੀ ਆਵਾਜ਼ ਰਿਕਾਰਡ ਹੋ ਰਹੀ ਹੈ, ਕਦੀ ਸੁਰਜੀਤ ਪਾਤਰ ਦੀ। ਹਰਪਾਲ ਟਿਵਾਣਾ ਲੋਰਕਾ ਦੀ ‘ਅੱਗ ਦੇ ਕਲੀਰੇ’ ਵਿਚਲੇ ਸੰਵਾਦ ਗੱਜਵੀਂ ਆਵਾਜ਼ ਵਿੱਚ ਰਿਕਾਰਡ ਕਰਵਾ ਰਿਹਾ।
ਸੋਮਪਾਲ ਰੰਚਨ ਆਖਦਾ- ਪੰਜਾਬਣਾਂ ਸੁਹਣੀਆਂ ਹਨ। ਘਰਾਂ ਵਿੱਚ ਖੇਤਾਂ ਵਿੱਚ ਸਖਤ ਮਿਹਨਤ ਕਰਦੀਆਂ ਹਨ। ਇਸ਼ਕ ਕਰਦੀਆਂ ਜਾਨ ਵਾਰ ਦਿੰਦੀਆਂ ਹਨ। ਮਰਦ ਧਰਮਯੁੱਧ ਵਿਚਕਾਰੇ ਛੱਡਕੇ ਘਰੀਂ ਪਰਤ ਆਉਣ ਤਾਂ ਇਹ ਦੁਬਾਰਾ ਯੁੱਧ ਵਿੱਚ ਲਿਜਾਕੇ ਚਾਲੀ ਯੋਧਿਆਂ ਨੂੰ ਮੁਕਤਿਆਂ ਦਾ ਰੁਤਬਾ ਦਿਵਾਉਂਦੀਆਂ ਹਨ। ਜੋ ਕੰਮ ਇਹ ਕਰ ਨਹੀਂ ਸਕਦੀਆਂ ਉਹ ਇਹ ਕਿ ਮੀਰਾਂਬਾਈ ਵਾਂਗ ਪੈਰਾਂ ’ਤੇ ਘੁੰਗਰੂ ਬੰਨ੍ਹਕੇ ਪੱਥਰ ਦੇ ਬੁੱਤ ਅੱਗੇ ਨਾਚ ਨਹੀਂ ਕਰ ਸਕਦੀਆਂ।
ਕੁਲਵੰਤ ਗਰੇਵਾਲ ਗੀਤ ਦਾ ਸੁਰ ਛੇੜਦਾ-
ਨੱਢੀਆਂ ਘੁੱਟ ਹਾਸੇ ਦੇ,
ਗੱਭਰੂ ਘੁੱਟ ਚਾਨਣ ਦੇ,
ਕਿਸ ਦੌਰ ਵਿੱਚ ਗੁੰਮ ਹੋਈ,
ਮਹਿਫਲ ਸੁਲਤਾਨਾਂ ਦੀ। … …
* * * * *