HarpalSPannu7ਗੁਜਰਾਤੀ ਲੇਖਕ ਪੰਜਾਬ ਦਾ ਇਤਿਹਾਸ ਲਿਖੇਗਾਉਹ ਵੀ ਸ਼ਾਨਦਾਰ ਇਤਿਹਾਸਮੈਂ ਸੋਚਣ ਲੱਗਾ ...”

(ਜੁਲਾਈ 15, 2015)


1977 ਵਿਚ ਜਨਤਾ ਪਾਰਟੀ ਦੀ ਕੇਂਦਰ ਵਿਚ ਸਰਕਾਰ ਬਣੀ, ਮੋਰਾਰਜੀ ਦੇਸਾਈ ਪ੍ਰਧਾਨ ਮੰਤਰੀ ਤੇ ਅਟਲ ਬਿਹਾਰੀ ਬਾਜਪਾਈ ਵਿਦੇਸ਼ ਮੰਤਰੀ। ਬਾਜਪਾਈ ਜੀ ਨੇ ਸਰਹੱਦਾਂ ਦਾ ਮਸਲਾ ਹੱਲ ਕਰਨ ਲਈ ਜਿਹੜਾ ਚੀਨ ਜਾਣ ਦਾ ਸਦਭਾਵਨਾ ਦੌਰਾ ਕੀਤਾ, ਪੱਤਰਕਾਰਾਂ ਦੇ ਵਫਦ ਵਿਚ ਰਾਜਮੋਹਨ ਗਾਂਧੀ ਸ਼ਾਮਲ ਸਨ। ਵਾਪਸ ਆ ਕੇ ਉਨ੍ਹਾਂ ਨੇ ਅੰਗਰੇਜ਼ੀ ਟ੍ਰਿਬਿਊਨ ਵਿਚ ਇਸ ਦੌਰੇ ਬਾਰੇ ਭਾਰਤੀਆਂ ਅਤੇ ਵਿਦੇਸ਼ੀਆਂ ਨੂੰ ਜਾਣੂ ਕਰਵਾਇਆ। ਉਦੋਂ ਮੈਨੂੰ ਪਤਾ ਲੱਗਾ ਕਿ ਰਾਜ, ਮਹਾਤਮਾ ਗਾਂਧੀ ਦਾ ਪੋਤਾ ਹੈ ਤੇ ਉਸਦੀ ਨਿਰਪੱਖ, ਗੰਭੀਰ, ਡੂੰਘੀ ਲਿਖਤ ਨੇ ਇਸ ਕਦਰ ਪ੍ਰਭਾਵਿਤ ਕੀਤਾ ਕਿ ਮੈਂ ਉਸਦਾ ਸਥਾਈ ਪਾਠਕ ਹੋ ਗਿਆ।

ਚੀਨ ਦੌਰੇ ਬਾਰੇ ਉਸਦੀਆਂ ਲਿਖੀਆਂ ਦੋ ਘਟਨਾਵਾਂ ਮੈਨੂੰ ਯਾਦ ਹਨਚੀਨ ਦੇ ਵਿਦੇਸ਼ ਮੰਤਰੀ ਦੀ ਕਾਰ ਵਿਚ ਸਫ਼ਰ ਕਰਦਿਆਂ ਰਾਜਮੋਹਨ ਨੇ ਕੰਧਾਂ ਉੱਪਰ ਲੱਗੇ ਮਲਟੀਨੈਸ਼ਨਲ ਕੰਪਨੀਆਂ ਦੇ ਹੋਰਡਿੰਗਜ਼ ਦਿਖਾਉਂਦਿਆਂ ਮੰਤਰੀ ਨੂੰ ਪੁੱਛਿਆ, “ਚੀਨ ਕਮਿਊਨਿਸਟ ਦੇਸ ਹੈ, ਫਿਰ ਇਹ ਮਲਟੀਨੈਸ਼ਨਲ ਕੰਪਨੀਆਂ ਇੱਥੇ ਕਿਵੇਂ ਆ ਉੱਤਰੀਆਂ? ਖੱਬੇ ਪੱਖੀ ਦੇਸ ਵਿਚ ਅਜਿਹਾ ਅਜੀਬ ਲਗਦਾ ਹੈ।'' ਮੰਤਰੀ ਨੇ ਜਵਾਬ ਦਿੱਤਾ, “ਅਸਲੀ ਕਮਿਊਨਿਸਟ ਉਹ ਹੁੰਦਾ ਹੈ, ਜਿਹੜਾ ਕਾਰ ਚਲਾਉਂਦਿਆਂ ਇੰਡੀਕੇਟਰ ਖੱਬੇ ਮੁੜਨ ਦਾ ਦੇ ਕੇ ਤੇਜੀ ਨਾਲ ਸੱਜੇ ਪਾਸੇ ਮੋੜ ਕੱਟ ਜਾਏ।ਜਦੋਂ ਨਕਸ਼ਾ ਵਿਛਾ ਕੇ ਹੱਦਾਂ ਬਾਬਤ ਵਿਚਾਰ ਵਟਾਂਦਰਾ ਸ਼ੁਰੂ ਹੋਇਆ ਤਾਂ ਬਾਜਪਾਈ ਨੇ ਤਿੱਬਤ, ਲੇਹ ਅਤੇ ਲੱਦਾਖ ਦੇ ਇਲਾਕਿਆਂ ਉੱਪਰ ਉਂਗਲ ਫੇਰਦਿਆਂ ਕਿਹਾ, “ਇਹ ਇਲਾਕੇ ਸਾਡੇ ਸਨ, ਇਨ੍ਹਾਂ ਉੱਪਰ ਤੁਹਾਡਾ ਕਬਜ਼ਾ ਨਾਜਾਇਜ਼ ਹੈ।ਚੀਨੀ ਵਿਦੇਸ਼ ਮੰਤਰੀ ਨੇ ਕਿਹਾ, “ਨਹੀਂ। ਇਹ ਇਲਾਕੇ ਮਹਾਰਾਜਾ ਰਣਜੀਤ ਸਿੰਘ ਨੇ ਜਿੱਤੇ ਸਨ ਹਿੰਦੁਸਤਾਨ ਨੇ ਨਹੀਂ। ਉਦੋਂ ਸਰਕਾਰ ਖਾਲਸਾ ਸੀ ਤੇ ਪੰਜਾਬ ਵੱਖਰਾ ਦੇਸ ਸੀ, ਹਿੰਦੁਸਤਾਨ ਵੱਖਰਾ। ਜਦੋਂ ਕਦੀ ਸਰਕਾਰ ਖਾਲਸਾ ਗੱਲਬਾਤ ਕਰੇਗੀ, ਅਸੀਂ ਸੁਣਾਂਗੇ, ਤੁਹਾਡੇ ਨਾਲ ਗੱਲ ਨਹੀਂ ਹੋ ਸਕਦੀ।''

RajmohanGhandhi2ਐਤਵਾਰ 20 ਅਕਤੂਬਰ, 2013 ਨੂੰ ਖਬਰ ਪੜ੍ਹੀ ਕਿ ਰਾਜਮੋਹਨ ਨੇ ਅੰਗਰੇਜ਼ੀ ਵਿਚ ਪੰਜਾਬ ਦਾ ਇਤਿਹਾਸ ਲਿਖਿਆ ਹੈ, ਨਾਮ ਹੈ: ਪੰਜਾਬ: ਏ ਹਿਸਟਰੀ ਫਰਾਮ ਔਰੰਗਜ਼ੇਬ ਟੂ ਮਾਊਂਟਬੈਟਨ।ਮੈਂ ਸੋਮਵਾਰ ਨੂੰ ਬੁੱਕਸੈੱਲਰ ਕੋਲ ਗਿਆ ਕਿ ਮੇਰੇ ਲਈ ਇਹ ਕਿਤਾਬ ਮੰਗਵਾ ਦਿਉ। ਬੁੱਕਸੈੱਲਰ ਨੇ ਤੁਰੰਤ ਮੇਰੇ ਹੱਥ ਕਿਤਾਬ ਫੜਾ ਦਿੱਤੀ, ਜਿਸਦਾ ਪਾਠ ਕਰ ਲਿਆ। ਗੁਜਰਾਤੀ ਲੇਖਕ ਪੰਜਾਬ ਦਾ ਇਤਿਹਾਸ ਲਿਖੇਗਾ, ਉਹ ਵੀ ਸ਼ਾਨਦਾਰ ਇਤਿਹਾਸ, ਮੈਂ ਸੋਚਣ ਲੱਗਾ - ਜੇ ਭਲਾ ਮੈਨੂੰ ਕੋਈ ਗੁਜਰਾਤ ਦਾ ਇਤਿਹਾਸ ਲਿਖਣ ਲਈ ਕਹੇ ਤਾਂ ਮੇਰਾ ਕੀ ਬਣੇ? ਮੇਰੀ ਤਾਂ ਪੰਜਾਬ ਦੇ ਇਤਿਹਾਸ ਉੱਪਰ ਉੰਨੀ ਪਕੜ ਨਹੀਂ ਹੈ,ਜਿੰਨੀ ਰਾਜਮੋਹਨ ਦੀ।

ਇਸ ਕਿਤਾਬ ਵਿਚਲਾ ਪੰਜਾਬ ਮੁਗਲ ਪੰਜਾਬ ਹੈ ਤੇ ਬਾਦ ਵਿਚ ਉਹੀ ਅੰਗਰੇਜ਼ੀ ਪੰਜਾਬ ਕਹਾਇਆ ਜਿਸ ਦੀਆਂ ਹੱਦਾਂ ਦਿੱਲੀ ਤੋਂ ਪੇਸ਼ਾਵਰ ਤੱਕ ਸਨ। ਦਿੱਲੀ ਪੰਜਾਬ ਦਾ ਇਕ ਜ਼ਿਲਾ ਸੀ ਜੋ ਅੰਬਾਲਾ ਡਿਵੀਜ਼ਨ ਵਿਚ ਪੈਂਦਾ ਸੀ। ਪਾਠਕ ਇਕ ਤਸਵੀਰ ਯਾਦ ਕਰਨ, 15 ਅਗਸਤ 1947, ਪੰ. ਜਵਾਹਰ ਲਾਲ ਨਹਿਰੂ ਦਿੱਲੀ ਲਾਲ ਕਿਲੇ ਉੱਪਰ ਪਹਿਲੀ ਵਾਰ ਤਿਰੰਗਾ ਝੰਡਾ ਲਹਿਰਾ ਰਹੇ ਹਨ। ਉਨ੍ਹਾਂ ਨਾਲ ਖਲੋਤੇ ਹਨ ਡਾ. ਮਹਿੰਦਰ ਸਿੰਘ ਰੰਧਾਵਾ। ਰੰਧਾਵਾ ਸਾਹਿਬ ਉਦੋਂ ਦਿੱਲੀ ਦੇ ਡਿਪਟੀ ਕਮਿਸ਼ਨਰ ਸਨ।

ਕਿਤਾਬ ਲਿਖਣ ਵਾਸਤੇ ਕੀਤੀ ਮਿਹਨਤ, ਪੜ੍ਹਨ ਤੋਂ ਬਾਦ ਪਤਾ ਲੱਗੇਗੀ। 432 ਪੰਨੇ ਦਸ ਅਧਿਆਇਆਂ ਵਿਚ ਵੰਡੇ ਹਨ ਤੇ ਕੁੱਲ 942 ਹਵਾਲੇ ਦਿੱਤੇ ਹਨ। ਪੁਰਾਣੇ ਅਤੇ ਨਵੇਂ ਇਤਿਹਾਸਕਾਰਾਂ ਦੀ ਸਮੱਗਰੀ ਦਾ ਸਰਵੇਖਣ ਹੈ, 1947 ਤੋਂ ਪਿੱਛੋਂ ਪਾਕਿਸਤਾਨੀ ਇਤਿਹਾਸਕਾਰਾਂ ਵਲੋਂ ਲਿਖਿਆ ਪੰਜਾਬ ਦਾ ਇਤਿਹਾਸ ਪੜ੍ਹਿਆ ਹੈ, ਇੰਟਰਵਿਊਜ਼ ਕੀਤੀਆਂ ਹਨ, ਲਾਹੌਰ ਆਰਕਾਈਵਜ਼ ਤੋਂ ਲੈ ਕੇ ਲੰਡਨ ਆਰਕਾਈਵਜ਼ ਤਕ ਖਰੜੇ ਵਾਚੇ ਹਨ। ਲਾਹੌਰ ਆਰਕਾਈਵਜ਼ ਵਿੱਚੋਂ ਕਾਂਗੜਾ ਸ਼ੈਲੀ ਵਿਚ ਚਿਤਰੀ ਸੂਬੇਦਾਰ ਅਦੀਨਾ ਬੇਗ ਦੀ ਪੇਂਟਿੰਗ ਦੀ ਫੋਟੋ ਲੈ ਆਂਦੀ ਹੈ। ਇਹ ਉਹੀ ਅਦੀਨਾ ਬੇਗ ਹੈ ਜਿਹੜਾ ਜੱਸਾ ਸਿੰਘ ਆਹਲੂਵਾਲੀਆ ਤੇ ਜੱਸਾ ਸਿੰਘ ਰਾਮਗੜ੍ਹੀਆ ਨਾਲ ਕਦੀ ਟਕਰਾਉਂਦਾ ਸੀ ਕਦੀ ਰਾਜ਼ੀਨਾਵੇਂ ਕਰਦਾ ਹੁੰਦਾ ਸੀ।

ਪਹਿਲੇ ਅਧਿਆਇ ਦਾ ਸਿਰਲੇਖ ਹੈ - ਪੰਜਾਬ ਦਾ ਇਤਿਹਾਸ ਕਿਉਂ? ਅਗਸਤ 2012 ਨੂੰ ਓਕ ਕਰੀਕ ਗੁਰਦਵਾਰੇ (ਅਮਰੀਕਾ) ਵਿਚ ਇਕ ਗੋਰੇ ਨੇ ਦਾਖਲ ਹੋਣ ਸਾਰ ਅੰਧਾਧੁੰਦ ਫਾਇਰਿੰਗ ਕਰਕੇ ਛੇ ਮਾਸੂਮ ਸਿੱਖਾਂ ਦੀ ਹੱਤਿਆ ਕਰ ਦਿੱਤੀ ਤਾਂ 18 ਸਾਲ ਦੀ ਹਰਪ੍ਰੀਤ ਕੌਰ ਨੇ ਇਕ ਵੱਡਾ ਬੈਨਰ ਅਮਰੀਕਾ ਦੀਆਂ ਕੰਧਾਂ ਤੇ ਚਿਪਕਾਇਆ ਤੇ ਲਿਖਿਆ - ''ਮੈਂ ਸਿੱਖ ਹਾਂ, ਕਿਰਪਾ ਕਰਕੇ ਮੈਨੂੰ ਨਫ਼ਰਤ ਨਾ ਕਰੋ।'' ਰਾਜਮੋਹਨ ਦਾ ਕਹਿਣਾ ਹੈ ਕਿ ਕਿਤਾਬ ਲਿਖਣ ਦਾ ਮਨੋਰਥ ਪੰਜਾਬੀਆਂ ਨੂੰ ਜਾਣਨਾ ਸੀ। ਲੇਖਕ ਬੜੇ ਦਿਲਚਸਪ ਸਵਾਲ ਕਰਦਾ ਹੈ - ਪੁਰਾਣੇ ਵੱਡੇ ਪੰਜਾਬ ਵਿਚ ਮੁਸਲਮਾਨਾਂ ਦੀ ਬਹੁਗਿਣਤੀ ਸੀ ਪਰ ਇਸ ਉੱਤੇ ਹਕੂਮਤ ਬਾਹਰੋਂ ਆਏ ਲੋਧੀ, ਮੁਗਲ ਅਤੇ ਪਠਾਣ ਕਰਦੇ ਰਹੇ। ਬਹੁਤ ਘੱਟ ਗਿਣਤੀ ਦੇ 8% ਸਿੱਖਾਂ ਨੇ ਪੰਜਾਬ ਉੱਪਰ ਕਬਜ਼ਾ ਕਰ ਲਿਆ ਤੇ ਮੁਸਲਮਾਨ ਪ੍ਰਛਾਵੇਂ ਵਾਂਗ ਉਨ੍ਹਾਂ ਨਾਲ ਚਲਦੇ ਰਹੇ। ਪੰਜਾਬੀ ਮੁਸਲਮਾਨਾਂ ਦਾ ਕਦੀ ਦਿਲ ਨਾ ਕੀਤਾ ਕਿ ਆਪਣੇ ਮੁਲਕ ਤੇ ਆਪ ਰਾਜ ਕਰੀਏ? ਮਹਾਰਾਜਾ ਰਣਜੀਤ ਸਿੰਘ ਪਹਿਲਾ ਪੰਜਾਬੀ ਹੈ, ਜਿਹੜਾ ਪੰਜਾਬ ਤੇ ਰਾਜ ਕਰਨ ਲੱਗਾ।

ਕਮਾਲ ਇਹ ਕਿ ਜਿਨਾਹ ਪੰਜਾਬੀ ਨਹੀਂ ਸੀ, ਉਹ ਬੰਬੇ ਵਿਚ ਰਹਿੰਦਾ ਸੀ ਤੇ ਉਸਦੀ ਮੁਸਲਿਮ ਲੀਗ ਦਾ ਅਸਰ ਸਾਰੇ ਹਿੰਦੁਸਤਾਨ ਵਿਚ ਸੀ ਪਰ ਪੰਜਾਬ ਵਿਚ ਨਹੀਂ। ਪੰਜਾਬ ਵਿਚ ਯੂਨੀਅਨਿਸਟ ਪਾਰਟੀ ਤਾਕਤਵਰ ਸੀ ਤੇ ਕਿਸਾਨੀ ਹਿਤਾਂ ਦੀ ਰਖਵਾਲੀ ਕਰਦੀ ਸੀ। ਇਸ ਪਾਰਟੀ ਨੇ ਨਹੀਂ, ਜਿਨਾਹ ਦੀ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਕੀਤੀ ਤੇ ਉਸਦੇ ਨਕਸ਼ੇ ਵਿਚ ਦਿੱਲੀ ਸ਼ਾਮਲ ਸੀ। ਉਸਦੀ ਦਲੀਲ ਸੀ: ਸਮੁੰਦਰ ਕਿਨਾਰੇ ਕਰਾਚੀ ਤੋਂ ਲੈ ਕੇ ਦਿੱਲੀ ਤੱਕ ਦੀ ਕੁੱਲ ਜਨਗਣਨਾ ਕਰੋ, ਮੁਸਲਮਾਨ ਬਹੁਗਿਣਤੀ ਵਿਚ ਹਨ ਤੇ ਸਾਡਾ ਵੱਡੇ ਪੰਜਾਬ ਉੱਪਰ ਪੂਰਾ ਹੱਕ ਹੈ। ਪੰਜਾਬੀ ਮੁਸਲਮਾਨ, ਗੈਰ ਪੰਜਾਬੀ ਲੀਡਰ ਜਿਨਾਹ ਦੇ ਮਗਰ ਲੱਗ ਤੁਰਿਆ। ਜਿਨਾਹ ਦੀ ਮੁਸਲਿਮ ਲੀਗ ਅਤੇ ਮਹਾਤਮਾ ਗਾਂਧੀ ਦੀ ਕਾਂਗਰਸ ਪੰਜਾਬ ਦੀ ਵੰਡ ਦੇ ਸਖਤ ਖਿਲਾਫ ਸਨ। ਇਹ ਤਾਂ ਇੱਥੋਂ ਦੇ ਸਿੱਖਾਂ ਅਤੇ ਹਿੰਦੂਆਂ ਨੇ ਰੌਲਾ ਪਾਇਆ ਕਿ ਜਾਂ ਤਾਂ ਪਾਕਿਸਤਾਨ ਬਣੇ ਹੀ ਨਾ, ਜੇ ਬਣੇ ਤਦ ਪੰਜਾਬ ਦਾ ਬਟਵਾਰਾ ਕਰਕੇ ਸਾਨੂੰ ਬਚਾਉ ਕਿਉਂਕਿ ਅਸੀਂ ਘੱਟ ਗਿਣਤੀ ਵਿਚ ਰਹਿ ਜਾਵਾਂਗੇ। ਪੰਜਾਬੀ ਹਿੰਦੂ ਸਿੱਖਾਂ ਨੂੰ ਬਚਾਉਣ ਵਾਸਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਬਟਵਾਰਾ ਕਰਨ ਦਾ ਮਤਾ ਪਾਸ ਕਰ ਦਿੱਤਾ। ਵੰਡ ਤੋਂ ਬਾਦ ਪਾਕਿਸਤਾਨ ਦੇ ਪੰਜਾਬੀਆਂ ਨੇ ਕਿਹਾ - ਪੰਜਾਬੀ ਨਹੀਂ ਸਾਡੀ ਮਾਤਭਾਸ਼ਾ ਉਰਦੂ ਹੈ ਜਿਹੜੀ ਵਧੀਕ ਨਫੀਸ, ਵਧੀਕ ਅਦਬ ਵਾਲੀ ਬੋਲੀ ਹੈ, ਭਾਰਤੀ ਪੰਜਾਬੀ ਹਿੰਦੂਆਂ ਨੇ ਕਿਹਾ- ਸਾਡੀ ਬੋਲੀ ਪੰਜਾਬੀ ਨਹੀਂ, ਹਿੰਦੀ ਹੈ। ਪੰਜਾਬੀ ਕੇਵਲ ਸਿੱਖਾਂ ਦੀ ਬੋਲੀ ਰਹਿ ਗਈ ਜਿਸ ਕਾਰਨ ਵੱਡਾ ਪੰਜਾਬ ਸੁੰਗੜ ਕੇ ਵਰਤਮਾਨ ਪੰਜਾਬੀ ਸੂਬਾ ਰਹਿ ਗਿਆ।

ਰਾਜਮੋਹਨ ਆਪਣੀ ਗੱਲ ਸਿੱਧੀ ਔਰੰਗਜ਼ੇਬ ਦੇ ਪੰਜਾਬ ਤੋਂ ਨਹੀਂ ਕਰਦਾ, ਸੰਖੇਪ ਵਿਚ ਉਹ ਹੜੱਪਾ ਸਿੰਧ ਘਾਟੀ ਤੋਂ ਤੁਰਦਾ ਹੋਇਆ ਸਿਕੰਦਰ ਦੇ ਹਮਲਿਆਂ ਦੀ, ਮੋਰੀਆ, ਗੁਪਤਾ ਹਕੂਮਤਾਂ ਦੀ, ਕਨਿਸ਼ਕ ਅਤੇ ਹਰਸ਼ ਦੇ ਪੰਜਾਬ ਦੀ ਝਲਕ ਦਿਖਾਉਂਦਾ ਹੈ, ਅੱਠਵੀਂ ਸਦੀ ਦੇ ਅਰੰਭ ਵਿਚ ਹੀ ਸਿੰਧ ਪਾਰ ਕਰਕੇ ਅਰਬਾਂ ਨੇ ਮੁਲਤਾਨ ਕਾਬੂ ਕਰ ਲਿਆ ਸੀ ਪਰ ਲੰਮੀ ਅਉਧ ਦੀ ਹਕੂਮਤ ਅਜੇ ਸੰਭਵ ਨਾ ਹੋਈ। ਜਿਹਲਮ ਦੇ ਪੱਛਮ ਵਿਚ 25 ਮੀਲ ਦੂਰ ਗੋਰਖ ਨਾਥ ਦਾ 3200 ਫੁੱਟ ਉੱਚੀ ਪਹਾੜੀ ਉੱਪਰ ਟਿੱਲਾ ਹੈ ਜਿਹੜਾ ਦਸਵੀਂ ਸਦੀ ਵਿਚ ਨਾਥਾਂ ਜੋਗੀਆਂ ਦਾ ਵੱਡਾ ਕੇਂਦਰ ਸੀ।

ਪੰਜਾਬ ਦੇ ਕਈ ਕਬੀਲੇ ਜਿਵੇਂ ਗੱਖੜ, ਖੋਖਰ, ਸਿਆਲ ਅਤੇ ਭੱਟੀ ਜੰਗਬਾਜ਼ ਸਨ, ਮਹਿਮੂਦ ਗਜ਼ਨਵੀ ਵਿਰੁੱਧ ਟੱਕਰ ਲਈ ਪਰ ਪੈਰ ਉੱਖੜ ਗਏ। ਖੈਬਰ ਪਾਰ ਕਰਕੇ ਗਜ਼ਨਵੀ ਨੇ 1021 ਵਿਚ ਲਾਹੌਰ ਜਿੱਤ ਲਿਆ। ਅਰਾਈਂ, ਅਵਾਂਣ, ਜੱਟ, ਕੰਬੋਜ, ਰਾਜਪੂਤ ਅਤੇ ਸੈਣੀ ਵਾਹੀਕਾਰ ਸਨ, ਗੁੱਜਰ ਤੇ ਰੰਘੜ ਪਸ਼ੂ ਪਾਲਕ, ਅਰੋੜੇ, ਬਾਣੀਏਂ, ਖੱਤਰੀ ਵਪਾਰੀ ਅਤੇ ਸ਼ੂਦਰ ਨੌਕਰਾਂ ਵਜੋਂ ਕੰਮ ਕਰਦੇ ਸਨ। ਰਾਜਮੋਹਨ ਦੇਖ ਰਿਹਾ ਹੈ ਕਿ ਦੁਨੀਆਂ ਭਰ ਦੇ ਮੁਸਲਮਾਨ ਆਪਣੇ ਨਾਵਾਂ ਨਾਲ ਅਲੀ, ਮੁਹੰਮਦ, ਕੁਰੈਸ਼, ਸੱਯਦ ਆਦਿਕ ਵਿਸੇਸ਼ਣ ਨੱਥੀ ਕਰਕੇ ਸਾਬਤ ਕਰਦੇ ਹਨ ਕਿ ਉਹ ਵੱਡੇ ਖਾਨਦਾਨਾਂ ਦੇ ਵਾਰਸ ਹਨ। ਪੰਜਾਬੀ ਮੁਸਲਮਾਨ ਇਨ੍ਹਾਂ ਵਿਸ਼ੇਸ਼ਣਾਂ ਦੀ ਥਾਂ ਆਪਣੇ ਨਾਵਾਂ ਨਾਲ ਟਿਵਾਣੇ, ਰੰਧਾਵੇ, ਕੰਬੋਜ, ਭੱਟੀ ਆਦਿਕ ਲਫਜ਼ ਲਾਉਂਦੇ ਹਨ ਕਿਉਂਕਿ ਉਨ੍ਹਾਂ ਲਈ ਜੱਟ ਹੋਣਾ ਹੀ ਮਾਣ ਵਾਲੀ ਗੱਲ ਹੈ, ਹੋਰ ਪਦਵੀ ਦੀ ਕੀ ਲੋੜ? ਇਹ ਵੀ ਰਾਜਮੋਹਨ ਤੋਂ ਪਤਾ ਲੱਗਾ ਕਿ ਸ਼ੇਰਸ਼ਾਹ ਸੂਰੀ ਮਾਰਗ ਲਾਹੌਰ ਤੱਕ ਸੀ, ਇਸ ਨੂੰ ਬਾਦ ਵਿਚ ਅਕਬਰ ਨੇ ਪੇਸ਼ਾਵਰ ਤੱਕ ਵਧਾਇਆ। ਅਕਬਰ ਦੀ ਮੌਤ ਤੋਂ ਪੰਜ ਸਾਲ ਬਾਦ ਜਦੋਂ ਅਲਿਜ਼ਾਬੇਥ ਪਹਿਲੀ, ਮਹਾਰਾਣੀ ਨੇ ਵਪਾਰੀਆਂ ਦੀ ਇਕ ਟੋਲੀ ਨੂੰ ਭਾਰਤ ਨਾਲ ਵਪਾਰ ਕਰਨ ਦੀ ਆਗਿਆ ਦਿੱਤੀ, ਜਿਸ ਦਾ ਨਾਮ ਈਸਟ ਇੰਡੀਆ ਕੰਪਨੀ ਰੱਖਿਆ, ਉਦੋਂ ਕੌਣ ਜਾਣਦਾ ਸੀ ਇਹ ਕੰਪਨੀ ਵਪਾਰ ਦੇ ਨਾਲ-ਨਾਲ ਹਕੂਮਤ ਵੀ ਕਰੇਗੀ?

ਪਹਿਲੋਂ ਬਾਬਾ ਫਰੀਦ ਨੇ ਫਿਰ ਗੁਰੂ ਨਾਨਕ ਦੇਵ ਨੇ ਪੰਜਾਬੀਆਂ ਨੂੰ ਕਿਹਾ ਕਿ ਮੁਸਲਮਾਨ ਅਤੇ ਹਿੰਦੂ, ਮਨੁੱਖ ਹੋਣ ਦਾ ਸੁਖ ਤੇ ਦੁੱਖ ਇੱਕੋ ਤਰ੍ਹਾਂ ਹੰਢਾਉਂਦੇ ਹਨ, ਫਿਰ ਇਨ੍ਹਾਂ ਵਿਚ ਫਰਕ ਕਿਉਂ? ਸ਼ਾਹਜਹਾਨ ਵੇਲੇ ਸੂਬਾ ਲਾਹੌਰ ਦੇ 28 ਹਜ਼ਾਰ ਪਿੰਡ ਸਨ। ਦਾਰਾ ਸ਼ਿਕੋਹ ਉਦੋਂ ਪੰਜਾਬ ਦਾ ਸੂਬੇਦਾਰ ਸੀ ਜਦੋਂ ਸ਼ਾਹਜਹਾਨ ਪਿਤਾ ਨੂੰ ਕੈਦ ਕਰਕੇ ਔਰੰਗਜ਼ੇਬ ਨੇ ਹਕੂਮਤ ਸੰਭਾਲੀ। ਭਰਾ ਦਾਰੇ ਦਾ ਸਿਰ ਕੱਟ ਕੇ ਔਰੰਗਜ਼ੇਬ ਅੱਗੇ ਸ਼ਨਾਖਤ ਵਾਸਤੇ ਪੇਸ਼ ਕੀਤਾ ਗਿਆ। ਔਰੰਗਜ਼ੇਬ ਨੇ ਜਦੋਂ ਚੰਗੀ ਤਰ੍ਹਾਂ ਪਛਾਣ ਲਿਆ ਕਿ ਇਹ ਮੇਰਾ ਭਰਾ ਦਾਰਾ ਹੀ ਹੈ, ਹੰਝੂ ਵਹਾਏ। ਦੂਜਾ ਭਰਾ ਸ਼ੁਜਾਅ ਬੰਗਾਲ ਦਾ ਸੂਬੇਦਾਰ ਸੀ, ਉਸ ਨੂੰ ਕਤਲ ਕੀਤਾ ਗਿਆ। ਰੰਘਰੇਟਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਨੌ ਸਾਲ ਦੇ ਗੁਰੂ ਗੋਬਿੰਦ ਸਿੰਘ ਅੱਗੇ ਮਾਖੋਵਾਲ ਵਿਖੇ ਅਰਪਣ ਕੀਤਾ। ਖੂਨ ਦੀ ਵਿਆਪਕ ਹਨੇਰੀ ਚੱਲ ਰਹੀ ਸੀ, ਜਿਸ ਨੇ ਛੋਟੇ ਸਾਹਿਬਜ਼ਾਦਿਆਂ ਤੱਕ ਅਨੇਕਾਂ ਬਲੀਆਂ ਲੈਣੀਆਂ ਸਨ।

ਪੰਜਾਬ ਦੇ ਮੁਸਲਮਾਨਾਂ ਨੂੰ ਪਾਵਰ ਦੇਣ ਦੀ ਥਾਂ ਤੁਰਕ, ਈਰਾਨੀ ਜਾਂ ਪਠਾਣ ਸੂਬੇਦਾਰ ਤੈਨਾਤ ਕੀਤੇ ਜਾਂਦੇ, ਮੁਗਲ ਸਰਕਾਰ ਨੇ ਪੰਜਾਬੀਆਂ ਨੂੰ ਕਾਬਲ ਨਹੀਂ ਸਮਝਿਆ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਿੰਘ ਵਿਰੁੱਧ ਜਦੋਂ ਦਿੱਲੀ, ਲਾਹੌਰ ਜਾਂ ਸਰਹਿੰਦ ਵਲੋਂ ਸਖਤੀ ਕੀਤੀ ਜਾਂਦੀ, ਪੰਜਾਬੀ ਮੁਸਲਮਾਨਾਂ ਦੇ ਦਿਲਾਂ ਵਿਚ ਸਿੱਖਾਂ ਲਈ ਹਮਦਰਦੀ ਹੁੰਦੀ।

ਬੰਦਾ ਸਿੰਘ, ਜੋ ਪਹਿਲੋਂ ਮਾਧੋਦਾਸ ਰਾਜਪੂਤ ਸੀ, ਨੇ ਸ਼ਿਵਾ ਜੀ ਦੀ ਬਹਾਦਰੀ ਦੀਆਂ ਸਾਖੀਆਂ ਸੁਣੀਆਂ ਸਨ, ਜਦੋਂ ਗੁਰੂ ਗੋਬਿੰਦ ਸਿੰਘ ਨਾਲ ਮਿਲਾਪ ਹੋਇਆ ਤਦ ਉਸਨੇ ਪੰਜਾਬ ਵਿੱਚੋਂ ਜ਼ੁਲਮ ਖਤਮ ਕਰਨ ਵਾਸਤੇ ਗੁਰੂ ਜੀ ਦੀ ਅਸੀਸ ਪ੍ਰਾਪਤ ਕੀਤੀ। ਉਹ ਬੈਰਾਗੀ ਤੋਂ ਬਾਦਸ਼ਾਹ ਹੋ ਗਿਆ।

ਗੁਰੂ ਜੀ ਨੇ ਔਰੰਗਜ਼ੇਬ ਦੀ ਮੌਤ ਬਾਦ ਤਾਜਪੋਸ਼ੀ ਵਾਸਤੇ ਬਹਾਦਰ ਸ਼ਾਹ ਦੀ ਮਦਦ ਕਰਨ ਦਾ ਫੈਸਲਾ ਕੀਤਾ ਤੇ ਦੱਖਣ ਵਿਚ ਉਸਦੇ ਭਰਾ ਕਾਮ ਬਖਸ਼ ਦੀ ਬਗਾਵਤ ਦਬਾਉਣ ਵਾਸਤੇ ਨਾਲ ਗਏ। ਜ਼ਖਮੀ ਕਾਮ ਬਖ਼ਸ਼ ਨੂੰ ਜਦੋਂ ਤਾਜ ਪਹਿਨੀ ਬੈਠੇ ਬਹਾਦਰ ਸ਼ਾਹ ਸਾਹਮਣੇ ਪੇਸ਼ ਕੀਤਾ ਗਿਆ ਤਾਂ ਬਾਦਸ਼ਾਹ ਨੇ ਕਿਹਾ - ਕਾਮਬਖਸ਼, ਮੈਂ ਤੈਨੂੰ ਇਸ ਹਾਲਤ ਵਿਚ ਦੇਖਣ ਦਾ ਇਛੁਕ ਨਹੀਂ ਸਾਂ। ਕਾਮ ਬਖਸ਼ ਨੇ ਸਿੰਘਾਸਨ ਤੇ ਬੈਠੇ ਆਪਣੇ ਭਰਾ ਨੂੰ ਕਿਹਾ - ਮੈਂ ਵੀ ਤੈਨੂੰ ਇਸ ਰੂਪ ਵਿਚ ਦੇਖਣ ਦਾ ਇਛੁਕ ਨਹੀਂ ਸਾਂ।

ਖਾਫੀ ਖਾਨ ਬੰਦਾ ਸਿੰਘ ਦੇ ਦੌਰ ਨੂੰ ਵਿਸਥਾਰ ਨਾਲ ਬਿਆਨਦਾ ਹੈ। ਰਾਜਮੋਹਨ ਸੋਚਦਾ ਹੈ - ਰਾਜਪੂਤ ਖਾਨਦਾਨਾਂ ਨੂੰ ਮੁਗਲਾਂ ਦੀ ਹਕੂਮਤ ਵਿਰੁੱਧ ਬੰਦਾ ਸਿੰਘ ਦਾ ਸਾਥ ਦੇਣਾ ਚਾਹੀਦਾ ਸੀ, ਕਿਉਂ ਨਹੀਂ ਦਿੱਤਾ? ਹਿੰਦੂਆਂ ਨੂੰ ਹਿੰਦੂ ਧਰਮ ਬਚਾਉਣ ਦੀ ਚਿੰਤਾ ਹੋਣੀ ਚਾਹੀਦੀ ਸੀ।

ਸਿੱਖ ਗੁਰੀਲੇ ਢੰਗ ਤਰੀਕਿਆਂ ਨਾਲ ਅਬਦਾਲੀ ਦੀ ਫੌਜ ਨਾਲ ਟਕਰਾਉਂਦੇ ਕਿਉਂਕਿ ਆਹਮੋ ਸਾਹਮਣੇ ਯੁੱਧ ਕਰਨ ਜੋਗੀ ਅਜੇ ਗਿਣਤੀ ਨਹੀਂ ਸੀ। ਅਬਦਾਲੀ ਨੇ ਟਿੱਪਣੀ ਦਿੱਤੀ - ਇਹ ਤਾਂ ਚੋਰਾਂ ਵਾਂਗ ਹੱਲੇ ਕਰਦੇ ਹਨ। ਜਦੋਂ ਅਬਦਾਲੀ ਨੂੰ ਪੰਜਾਬੀ ਮੁਸਲਮਾਨਾਂ ਨੇ ਸਮਝਾਇਆ ਕਿ ਇਨ੍ਹਾਂ ਤੋਂ ਲਗਾਨ ਵਸੂਲ ਕਰ ਲਿਆ ਕਰੋ, ਲਾਹੌਰ ਇਨ੍ਹਾਂ ਦੇ ਹਵਾਲੇ ਕਿਉਂ ਨਹੀਂ ਕਰ ਦਿੰਦੇ? ਲਹਿਣਾ ਸਿੰਘ ਭੰਗੀ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਹੋਇਆ ਸੀ ਜਦੋਂ ਅਬਦਾਲੀ ਨੇ ਉਸ ਨੂੰ ਸੂਬੇਦਾਰੀ ਦੀ ਪੇਸ਼ਕਸ਼ ਕੀਤੀ ਤੇ ਖੁਸ਼ਕ ਮੇਵੇ ਭੇਜੇ। ਮੇਵੇ ਲੈਣ ਤੋਂ ਇਨਕਾਰ ਕਰਕੇ ਲਹਿਣਾ ਸਿੰਘ ਨੇ ਆਪਣੇ ਬੋਝੇ ਵਿੱਚੋਂ ਛੋਲਿਆਂ ਦੀ ਮੁੱਠ ਏਲਚੀ ਨੂੰ ਦਿੰਦਿਆਂ ਕਿਹਾ - ਸਾਡੀ ਗਰੀਬ ਜ਼ਿਮੀਦਾਰਾਂ ਦੀ ਇਹੋ ਖੁਰਾਕ ਠੀਕ ਹੈ। ਅਬਦਾਲੀ ਨੂੰ ਦੱਸ ਦਿਉ। ਬਹੁਤ ਘੱਟ ਗਿਣਤੀ ਹੋਣ ਦੇ ਬਾਵਜੂਦ ਬਾਬਾ ਬੰਦਾ ਸਿੰਘ ਤੋਂ ਲੈ ਕੇ ਮਹਾਰਾਜਾ ਰਣਜੀਤ ਸਿੰਘ ਤੱਕ, ਸਿੱਖਾਂ ਨੂੰ ਪੱਕਾ ਵਿਸ਼ਵਾਸ ਸੀ ਕਿ ਉਹ ਵੱਡੇ ਖੇਤਰ ਵਿਚ ਰਾਜ ਕਰਨਗੇ, ਉਨ੍ਹਾਂ ਦੇ ਨਿਸ਼ਾਨ ਸਾਹਿਬ ਲਹਿਰਾਉਂਦੇ ਰਹਿਣਗੇ। ਇਸੇ ਦੌਰ ਵਿਚ 1760 ਤੋਂ 1790 ਤੱਕ ਦੱਖਣ ਵਿਚ ਮੁਸਲਮਾਨਾਂ ਦੀ ਸਿੱਖਾਂ ਵਾਂਗ ਘੱਟ ਗਿਣਤੀ ਸੀ ਪਰ ਹੈਦਰ ਅਲੀ ਤੇ ਉਸਦਾ ਬੇਟਾ ਟੀਪੂ ਸੁਲਤਾਨ ਬਹੁਗਿਣਤੀ ਹਿੰਦੂਆਂ ਵਿਚ ਹਕੂਮਤ ਕਾਇਮ ਕਰਕੇ ਅੰਗਰੇਜ਼ਾਂ ਵਿਰੁੱਧ ਕਿਰਪਾਨ ਖੜਕਾ ਰਹੇ ਸਨ।

ਰਾਜਮੋਹਨ, ਵਾਰਿਸ ਦੀ ਹੀਰ ਦੇ ਕਿੱਸੇ ਦਾ ਜ਼ਿਕਰ ਕਰਦਿਆਂ ਆਖਦਾ ਹੈ, ਇਸ ਦੌਰ ਦੀ ਇਸ ਲਿਖਤ ਨੂੰ ਕੁੜੀ ਮੁੰਡੇ ਦਾ ਰੋਮਾਂਸ ਕਹੋ ਜਾਂ ਰੂਹ ਤੇ ਜਿਸਮ ਦਾ ਰੂਹਾਨੀ ਸੰਵਾਦ, ਇਸ ਵਿਚ ਵਰਣਨ ਕੀਤਾ ਹੋਇਆ ਰੁਦਨ ਅਠਾਹਰ੍ਹਵੀਂ ਸਦੀ ਦੇ ਪੰਜਾਬ ਦਾ ਵਿਰਲਾਪ ਹੈ। ਕਤਲੋਗਾਰਤ, ਲੁੱਟਖੋਹ, ਜਬਰ ਜਨਾਹ ਦਾ ਦੌਰ, ਘਰ ਘਰ ਵੈਣ। ਕੌਣ ਕਿੱਥੇ ਮਾਰਿਆ ਜਾਏਗਾ, ਕੋਈ ਪਤਾ ਨਹੀਂ। ਸਾਰੇ ਪੰਜਾਬੀਆਂ ਵਿਚ ਇਸ ਕਿੱਸੇ ਦੇ ਹਰਮਨ ਪਿਆਰਾ ਹੋਣ ਦਾ ਇਹੀ ਕਾਰਨ ਹੈ ਕਿ ਇਸ ਵਿਚਲੀ ਵੇਦਨਾ ਪੰਜਾਬੀ ਦਿਲ ਦਾ ਸੰਤਾਪ ਹੈ। ਹੀਰ ਅਤੇ ਰਾਂਝੇ ਦੇ ਵਿਛੋੜੇ ਵਰਗਾ ਵਿਜੋਗ ਹਰ ਪੰਜਾਬੀ ਭੋਗ ਰਿਹਾ ਸੀ। ਵਾਰਿਸ ਦਾ ਪੰਜਾਬ ਸਾਂਝੇ ਸਭਿਆਚਾਰ ਨੂੰ ਰੂਪਮਾਨ ਕਰਦਾ ਹੈ ਜਿਸ ਵਿਚ ਕੁੜੀ ਹੋਣ ਦੇ ਬਾਵਜੂਦ ਹੀਰ, ਕਾਜ਼ੀ ਵਿਰੁੱਧ ਬਗਾਵਤ ਕਰਦੀ ਹੈ, ਜਿਸ ਵਿਚ ਰਾਂਝਾ, ਇਕ ਮੁਸਲਮਾਨ, ਬਾਲਨਾਥ ਦੇ ਟਿੱਲੇ ਤੋਂ ਜੋਗ ਲੈਣ ਜਾਂਦਾ ਹੈ। ਜਦੋਂ ਤੇਜ਼ ਰਫਤਾਰ ਘੋੜਸਵਾਰ ਕਿਰਪਾਨਾਂ ਵਾਹ ਰਹੇ ਹਨ, ਕਿਧਰੇ ਦੂਰ ਪਿੰਡ ਦੀ ਸੱਥ ਵਿਚ ਹੀਰ ਗਾਈ ਜਾ ਰਹੀ ਹੈ।

ਅਹਿਮਦਸ਼ਾਹ ਅਬਦਾਲੀ ਦਾ ਬੇਟਾ ਤਿਮਰਸ਼ਾਹ ਅਫਗਾਨਿਸਤਾਨ ਦਾ ਬਾਦਸ਼ਾਹ ਸੀ। ਦਿੱਲੀ ਦੇ ਤਖ਼ਤ ਉੱਪਰ ਉਸਦਾ ਸਾਲ਼ਾ ਸ਼ਾਹ ਆਲਮ ਦੂਜਾ ਸੀ। ਤੈਮੂਰ ਨੂੰ ਖਬਰ ਮਿਲੀ ਕਿ ਰੋਹੇਲਾ ਵਜ਼ੀਰ ਗੁਲਾਮ ਕਾਦਿਰ ਨੇ ਸ਼ਾਹ ਆਲਮ ਨੂੰ ਗ੍ਰਿਫਤਾਰ ਕਰਕੇ ਅੱਖਾਂ ਕੱਢ ਦਿੱਤੀਆਂ ਹਨ। ਰਿਸ਼ਤੇਦਾਰ ਦੀ ਮਦਦ ਵਾਸਤੇ ਸੈਨਾ ਲੈ ਕੇ ਉਹ ਪਹਾੜੋਂ ਉੱਤਰਿਆ ਤਾਂ ਸਿੱਖਾਂ ਨੇ ਰਸਤਾ ਰੋਕ ਲਿਆ। ਤਿਮਰਸ਼ਾਹ ਨੇ ਅੰਗਰੇਜ਼ਾਂ ਵੱਲ ਖ਼ਤ ਭੇਜਦਿਆਂ ਸ਼ਾਹ ਆਲਮ ਨੂੰ ਬਚਾਉਣ ਦੀ ਫਰਿਆਦ ਕੀਤੀ ਤੇ ਕਾਬਲ ਵਾਪਸ ਪਰਤ ਗਿਆ।

19 ਸਾਲ ਦੇ ਰਣਜੀਤ ਸਿੰਘ ਨੇ 1799 ਵਿਚ ਲਾਹੌਰ ਦੇ ਕਿਲੇ ਉੱਪਰ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਪਰ ਮਹਾਰਾਜੇ ਦਾ ਖਿਤਾਬ 1801 ਵਿਚ ਪ੍ਰਾਪਤ ਹੋਇਆ, ਜਦੋਂ ਉਸਦਾ ਕਬਜ਼ਾ ਅੰਮ੍ਰਿਤਸਰ ਉੱਤੇ ਹੋ ਗਿਆ। ਬਾਬਾ ਸਾਹਿਬ ਸਿੰਘ ਬੇਦੀ ਨੇ ਰਾਜ ਤਿਲਕ ਲਾਇਆ। ਰਣਜੀਤ ਸਿੰਘ ਸ਼ਾਹਜ਼ਮਾਨ ਨੂੰ ਵੰਗਾਰਿਆ ਕਰਦਾ ਸੀ, ''ਅਹਿਮਦਸ਼ਾਹ ਅਬਦਾਲੀ ਦੇ ਪੋਤਰਿਆ, ਪਹਾੜਾਂ ਤੋਂ ਹੇਠਾਂ ਉੱਤਰ ਤੇ ਚੜ੍ਹਤ ਸਿੰਘ ਦੇ ਪੋਤਰੇ ਨਾਲ ਕਿਰਪਾਨ ਮੇਚ।'' ਕਿਸੇ ਨੂੰ ਯਕੀਨ ਨਹੀਂ ਸੀ ਅਜਿਹਾ ਸਮਾਂ ਵੀ ਆਏਗਾ ਜਦੋਂ ਸਰਕਾਰ ਖਾਲਸਾ ਦੀ ਸੈਨਾ ਨਿਸ਼ਾਨ ਸਾਹਿਬ ਦੀ ਅਗਵਾਈ ਅੰਦਰ ਕਾਬਲ ਸ਼ਹਿਰ ਵਿਚ ਮਾਰਚ ਕਰੇਗੀ।

ਜਦੋਂ ਮੈਟਕਾਫ ਅੰਗਰੇਜ਼ਾਂ ਵਲੋਂ ਸਤਲੁਜ ਦੀ ਸੰਧੀ ਕਰਨ ਲਾਹੌਰ ਆਇਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਪੁੱਛਿਆ - ਮੈਂ ਇਸ ਤਰ੍ਹਾਂ ਦੀਆਂ ਕਨਸੋਆਂ ਸੁਣੀਆਂ ਹਨ ਕਿ ਅੰਗਰੇਜ਼ਾਂ ਦੀ ਨਿਗਾਹ ਲਾਹੌਰ ਹਥਿਆਉਣ ਦੀ ਹੈ। ਮੈਟਕਾਫ ਨੇ ਜਵਾਬ ਦਿੱਤਾ - ਮੈਂ ਹੋਰ ਸੁਣਿਆ ਹੈ, ਕਿ ਤੁਹਾਡੀ ਨਿਗਾਹ ਦਿੱਲੀ ਹਥਿਆਉਣ ਦੀ ਹੈ। ਸਤਲੁਜ ਦੀ ਸਰਹੱਦ ਮਿਥ ਲਈ ਤਾਂ ਮਹਾਰਾਜੇ ਨੇ ਦਿੱਲੀ ਵਲ ਨਹੀਂ ਤੇ ਅੰਗਰੇਜ਼ਾਂ ਨੇ ਪੰਜਾਬ ਵਲ ਨਹੀਂ ਦੇਖਿਆ, ਰਣਜੀਤ ਸਿੰਘ ਪੱਛਮ ਵੱਲ ਵਧਣ ਲੱਗਾ।

1834 ਵਿਚ ਫਰਾਂਸ ਦੇ ਜਰਨੈਲ ਐਲਾਰਡ ਨੇ ਮਹਾਰਾਜੇ ਪਾਸੋਂ ਆਗਿਆ ਲਈ ਕਿ ਮੈਨੂੰ ਦੇਸ ਜਾਣ ਦਿਉ, ਮੈਂ ਆਪਣੇ ਬੱਚੇ ਈਸਾਈ ਮਾਹੌਲ ਵਿਚ ਪੜ੍ਹਾਉਣੇ ਹਨ। ਮਹਾਰਾਜੇ ਨੇ ਆਗਿਆ ਦਿੰਦਿਆਂ ਕਿਹਾ- ਹਰੇਕ ਨੂੰ ਹੱਕ ਹੈ ਕਿ ਆਪਣੇ ਧਰਮ ਨੂੰ ਪਿਆਰ ਕਰੇ। ਮਹਾਰਾਜੇ ਦਾ ਵਾਕ ਫਰਾਂਸ ਦੇ ਅਖਬਾਰਾਂ ਵਿਚ ਛਪਿਆ।

ਲਾਰਡ ਆਕਲੈਂਡ ਮਹਾਰਾਜੇ ਨੂੰ ਮਿਲਣ ਫਿਰੋਜ਼ਪੁਰ ਆਇਆ, ਆਪਣੀ ਭੈਣ ਐਮਿਲੀ ਈਡਨ ਨੂੰ ਵੀ ਲੈ ਆਇਆ। ਐਮਿਲੀ ਲਿਖਦੀ ਹੈ - ਮਹਾਰਾਜੇ ਨੇ ਮੈਨੂੰ ਕਿਹਾ - ਪਤਾ ਲੱਗਾ ਹੈ ਕਿ ਕਿਤਾਬਾਂ ਵਿਚ ਸ਼ਰਾਬ ਪੀਣ ਵਿਰੁੱਧ ਗੱਲਾਂ ਲਿਖੀਆਂ ਹੋਈਆਂ ਹਨ। ਚੰਗੈ ਮੈਨੂੰ ਕਿਤਾਬ ਪੜ੍ਹਨੀ ਨਹੀਂ ਆਉਂਦੀ।

ਪੰਜਾਬ ਜਦੋਂ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ ਤਾਂ ਰੈਜ਼ੀਡੈਂਟ ਜਾਨ ਲਾਰੰਸ ਨੂੰ ਪਤਾ ਲੱਗਾ ਕਿ ਬੇਦੀਆਂ ਵਿਚ ਕੁੜੀ ਜੰਮਦਿਆਂ ਮਾਰਨ ਦਾ ਰਿਵਾਜ ਹੈ। ਉਸਨੇ ਇਸ ਰਸਮ ਨੂੰ ਬੰਦ ਕਰਨ ਲਈ ਫੁਰਮਾਨ ਜਾਰੀ ਕੀਤਾ। ਰਸੂਖ ਵਾਲੇ ਬੇਦੀ ਲਾਰੰਸ ਨੂੰ ਮਿਲੇ ਤੇ ਕਿਹਾ - ਬੇਦੀਆਂ ਦੀ ਕੁਲ ਪਵਿੱਤਰ ਹੈ, ਇਹ ਆਪਣੀ ਕੁੜੀਆਂ ਬੇਦੀਆਂ ਦੇ ਘਰ ਤਾਂ ਵਿਆਹ ਨਹੀਂ ਸਕਦੇ, ਗੁਰੂ ਨਾਨਕ ਦੇ ਖਾਨਦਾਨ ਵਿੱਚੋਂ ਹੋਰ ਜਾਤਾਂ ਵਿਚ ਧੀਆਂ ਕਿਵੇਂ ਵਿਆਹੀਏ? ਚਾਰ ਸੌ ਸਾਲਾਂ ਤੋਂ ਇਹ ਰਸਮ ਚਲੀ ਆ ਰਹੀ ਹੈ। ਸਾਡੇ ਧਰਮ ਵਿਚ ਦਖਲ ਨਾ ਦਿਉ। ਲਾਰੰਸ ਨੇ ਕਿਹਾ - ਮੈਂ ਤੁਹਾਡੇ ਧਰਮ ਗ੍ਰੰਥ ਦੇ ਅਰਥ ਸੁਣੇ ਹਨ। ਗੁਰੂ ਨਾਨਕ ਦੇਵ ਜੀ ਕੁੜੀ ਮਾਰਨ ਦੇ ਖਿਲਾਫ ਸਨ। ਜੇ ਮੈਨੂੰ ਪਤਾ ਲੱਗ ਗਿਆ ਕਿ ਕਿਸੇ ਬੇਦੀ ਨੇ ਧੀ ਮਾਰੀ ਹੈ, ਮੈਂ ਚੁਰਾਹੇ ਵਿਚ ਦੋਸ਼ੀਆਂ ਨੂੰ ਫਾਂਸੀ ਚਾੜ੍ਹ ਦਿਆਂਗਾ। ਜਦੋਂ ਹਾਰੀਆਂ ਹੋਈਆਂ ਸਿੱਖ ਫੌਜਾਂ ਪਾਸੋਂ ਇਕ ਲੱਖ ਵੀਹ ਹਜ਼ਾਰ ਹਥਿਆਰ ਕਾਬੂ ਕੀਤੇ ਤਾਂ ਇਨ੍ਹਾਂ ਕੋਲੋਂ ਪੋਰਸ-ਸਿਕੰਦਰ ਵੇਲੇ ਦੇ ਤੀਰ ਕਮਾਨ ਵੀ ਮਿਲੇ।

ਡੀਸੀ ਨਿਕਲਸਨ ਨੂੰ ਵਜ਼ੀਰਾਬਾਦ ਦਾ ਇਕ ਮੁੰਡਾ ਮਿਲਾਇਆ ਗਿਆ ਜਿਹੜਾ ਜ਼ਹਿਰ ਦੇ ਕੇ ਮਾਰਨ ਵਿਚ ਉਸਤਾਦ ਸੀ। ਡੀਸੀ ਨੇ ਬੱਚੇ ਨੂੰ ਪੁੱਛਿਆ - ਤੈਨੂੰ ਬੰਦਾ ਮਾਰਨਾ ਚੰਗਾ ਲਗਦੈ? ਬਚੇ ਨੇ ਕਿਹਾ - ਚਾਕੂ ਜਾਂ ਤਲਵਾਰ ਨਾਲ ਮਾਰਨਾ ਠੀਕ ਨਹੀਂ ਲਗਦਾ।

ਲਾਰੰਸ ਨੇ ਲਿਖਿਆ - ਸਿੱਖਾਂ ਵਾਂਗ ਪਠਾਣ ਵੀ ਬਹਾਦਰ ਹਨ ਪਰ ਇਨ੍ਹਾਂ ਦਾ ਸਟੈਮਿਨਾ ਸਿੱਖਾਂ ਜਿੰਨਾ ਲੰਮਾ ਨਹੀਂ ਤੇ ਸਿੱਖਾਂ ਵਾਂਗ ਇਹ ਅਨੁਸ਼ਾਸਨ ਵਿਚ ਨਹੀਂ ਰਹਿੰਦੇ। ਮਾੜੇ ਮੋਟੇ ਲਾਲਚ ਵਿਚ ਆਕੇ ਪਠਾਣ ਧੋਖਾ ਦੇ ਸਕਦੈ।

1857 ਦੇ ਗਦਰ ਵਕਤ 55ਵੀਂ ਬਟਾਲੀਅਨ ਦੇ 120 ਜੁਆਨਾਂ ਨੇ ਬਗਾਵਤ ਕਰ ਦਿੱਤੀ ਤੇ ਫੜੇ ਗਏ। ਨਿਕਲਸਨ ਨੇ ਲਾਰੰਸ ਨੂੰ ਸਲਾਹ ਦਿੱਤੀ ਕਿ 12 ਤੋਪਾਂ ਬੀੜ ਕੇ, ਬੈਰਲਾਂ ਅਸਮਾਨ ਵੱਲ ਕਰਕੇ, ਇਕ ਇਕ ਤੋਪ ਦੇ ਮੂੰਹ ਉੱਪਰ ਪੰਜ ਪੰਜ ਗੱਦਾਰਾਂ ਨੂੰ ਬੰਨ੍ਹ ਕੇ ਇੱਕੋ ਵਾਰ ਘੋੜੇ ਨੱਪਣੇ ਹਨ। ਦੋ ਗੇੜਾਂ ਵਿਚ ਸਾਰੇ ਬਾਗੀਆਂ ਦੀਆਂ ਲਾਸ਼ਾਂ ਅਸਮਾਨ ਵਿਚ ਉੱਡਦੀਆਂ ਦੇਖ ਕੇ ਬਾਕੀਆਂ ਦੀ ਅਕਲ ਟਿਕਾਣੇ ਆ ਜਾਵੇਗੀ। ਲਾਰੰਸ ਨੇ ਕਿਹਾ - ਨਹੀਂ, ਤੈਨੂੰ ਪਤਾ ਨਹੀਂ, ਇਸ ਤਮਾਸ਼ੇ ਕਾਰਨ ਪੰਜਾਬੀਆਂ ਵਿਚ ਗੁੱਸਾ ਫੈਲ ਸਕਦਾ ਹੈ ਜੋ ਖਤਰਨਾਕ ਹੈ।

ਮਹਾਰਾਣੀ ਵਿਕਟੋਰੀਆ ਕੋਲ ਮਹਾਰਾਜਾ ਦਲੀਪ ਸਿੰਘ ਵਿਰੁੱਧ ਸ਼ਿਕਾਇਤ ਲਾਈ ਗਈ ਕਿ 19 ਸਾਲਾ ਦਲੀਪ ਸਿੰਘ 1857 ਦੇ ਗਦਰ ਖਿਲਾਫ ਬਿਆਨ ਜਾਰੀ ਨਹੀਂ ਕਰਦਾ। ਮਹਾਰਾਣੀ ਨੇ ਕਿਹਾ - ਪਰਦੇਸ ਵਿਚ ਜਲਾਵਤਨੀ ਭੁਗਤ ਰਿਹਾ ਗੱਦੀਓਂ ਲੱਥਾ ਪੰਜਾਬੀ ਸ਼ਾਹਜ਼ਾਦਾ ਭਾਰਤੀਆਂ ਖਿਲਾਫ ਬਿਆਨ ਦੇਵੇ, ਇਹ ਤੁਸੀਂ ਕਿਵੇਂ ਸੋਚ ਲਿਆ?

ਪੰਜਾਬ ਦੀ ਸਾਰੀ ਫੌਜ ਦਿੱਲੀ ਦਾ ਗਦਰ ਦਬਾਉਣ ਲਈ ਚਲੀ ਗਈ, ਕੇਵਲ ਇਕ ਹਜ਼ਾਰ ਸਿਪਾਹੀ ਪਿੱਛੇ ਰਹੇ ਕਿਉਂਕਿ ਬਿਮਾਰ ਸਨ। ਪੰਜਾਬੀਆਂ ਦੀ ਲੀਡਰਸ਼ਿਪ ਹੀ ਨਹੀਂ ਰਹੀ ਸੀ, ਸੋ ਪੰਜਾਬ ਸ਼ਾਂਤ ਰਿਹਾ।

ਗਦਰ ਦਬਾਉਣ ਬਾਦ ਅੰਗਰੇਜ਼ਾਂ ਨੇ ਜਾਤ/ਕਬੀਲੇ ਤੇ ਆਧਾਰਤ ਫੌਜੀ ਰਜਮੈਂਟਾਂ ਖੜ੍ਹੀਆਂ ਕੀਤੀਆਂ, ਸਿੱਖ ਰਜਮੈਂਟ, ਜਾਟ ਰਜਮੈਂਟ, ਰੋਹੇਲਾ ਰਜਮੈਂਟ, ਪਠਾਣ ਰਜਮੈਂਟ ਆਦਿਕ ਤਾਂ ਕਿ ਇਕ ਬਗਾਵਤ ਕਰ ਦੇਵੇ ਤਾਂ ਦੂਜੀ ਰਜਮੈਂਟ ਉਸਨੂੰ ਭੁੰਨਣ ਵਾਸਤੇ ਤਿਆਰ ਰਹੇ।

ਅੰਗਰੇਜ਼ਾਂ ਨੇ ਸਮਝ ਲਿਆ ਕਿ ਪੰਜਾਬੀ ਲੜਾਕੂ ਸੁਭਾਅ ਦਾ ਹੈ, ਜੇ ਇਸ ਨੂੰ ਆਪਣੀ ਫੌਜ ਵਿਚ ਭਰਤੀ ਕਰਕੇ ਲੜਾਈਏ ਤਾਂ ਠੀਕ, ਨਹੀਂ ਤਾਂ ਇਹ ਸਾਡੇ ਖਿਲਾਫ ਹਥਿਆਰ ਚੁੱਕੇਗਾ। ਸਨ 1900 ਤੱਕ ਸਾਰੇ ਭਾਰਤ ਵਿਚਲੀ ਅੱਧੀ ਫੌਜ ਪੰਜਾਬੀਆਂ ਦੀ ਸੀ। ਸਾਲ 1881 ਤੋਂ 1921 ਤੱਥ ਪੰਜਾਬੀ ਮੁਸਲਮਾਨਾਂ ਦੀ ਵਸੋਂ 47% ਤੋਂ ਵਧ ਕੇ 51%, ਹਿੰਦੂ ਗਿਣਤੀ ਘਟ ਕੇ 43% ਤੋਂ 35% ਤੇ ਸਿੱਖ ਗਿਣਤੀ 8% ਤੋਂ ਵਧ ਕੇ 12.4% ਹੋ ਗਈ। ਪੰਜਾਬੀਆਂ ਨੂੰ ਵਫਾਦਾਰ ਰੱਖਣ ਲਈ ਅੰਗਰੇਜ਼ਾਂ ਨੇ ਨਹਿਰਾਂ ਖੋਦ ਕੇ ਮੁਰੱਬੇ ਵੰਡੇ ਤਾਂ ਬਾਬਾ ਖੇਮ ਸਿੰਘ ਬੇਦੀ ਕੋਲ 8 ਹਜ਼ਾਰ ਏਕੜ ਜ਼ਮੀਨ ਹੋ ਗਈ। ਉਮਰ ਹਯਾਤਖਾਨ ਟਿਵਾਣਾ ਕਦੀ ਰਣਜੀਤ ਸਿੰਘ ਦਾ ਵਫਾਦਾਰ ਰਿਹਾ ਸੀ ਪਰ 1857 ਦੇ ਗਦਰ ਵਿਚ ਉਸਨੇ ਅੰਗਰੇਜ਼ਾਂ ਦੀ ਖੁਸ਼ੀ ਹਾਸਲ ਕਰਨ ਲਈ ਸੈਨਿਕ ਦਿੱਤੇ ਤੇ ਜਗੀਰਾਂ ਪ੍ਰਾਪਤ ਕੀਤੀਆਂ। ਇਨ੍ਹਾਂ ਟਿਵਾਣਿਆਂ ਨੇ ਪੰਜਾਬ ਵਿਚ ਰਾਜ ਕੀਤਾ। ਇਹ ਮੁਸਲਿਮ ਲੀਗ ਨਾਲ ਨਹੀਂ, ਸਰ ਛੋਟੂ ਰਾਮ ਦੀ ਯੂਨੀਅਨਿਸਟ ਪਾਰਟੀ ਵਿਚ ਸ਼ਾਮਲ ਸਨ।

ਮੰਦਾ ਆਇਆ, ਸੋਕੇ ਦੇਖੇ, ਕਾਲ ਪਏ, ਕਿਸਾਨ ਆੜ੍ਹਤੀਆਂ ਦੇ ਕਰਜ਼ਈ ਹੋ ਗਏ, ਵਿਆਜ ਵਿਚ ਜ਼ਮੀਨਾਂ ਵਿਕਣ ਲੱਗੀਆਂ। ਦੁਖੀ ਕਿਸਾਨ ਆੜ੍ਹਤੀਆਂ ਨੂੰ ਕਤਲ ਕਰਨ ਤੇ ਵਹੀਆਂ ਨੂੰ ਅੱਗਾਂ ਲਾਉਣ ਲੱਗੇ ਤਦ ਛੋਟੂ ਰਾਮ ਦੇ ਉੱਦਮ ਸਦਕਾ ਬਿੱਲ ਪਾਸ ਹੋਇਆ ਕਿ ਆੜ੍ਹਤੀਆ ਕਰਜ਼ੇ ਦੀ ਅਦਾਇਗੀ ਵਾਸਤੇ ਕਿਸਾਨ ਦੀ ਜ਼ਮੀਨ, ਘਰ ਅਤੇ ਬਲਦਾਂ ਦੀ ਜੋੜੀ ਨਹੀਂ ਖਰੀਦ ਸਕਦਾ। ਇਹ ਬਹੁਤ ਵੱਡੀ ਰਾਹਤ ਮੰਨੀ ਗਈ ਸੀ।

ਗਾਂਧੀ ਜੀ ਨੇ ਦੇਸਵਾਸੀਆਂ ਅੱਗੇ ਅਪੀਲ ਕੀਤੀ ਕਿ 6 ਅਪ੍ਰੈਲ 1919 ਨੂੰ ਰੋਲਟ ਐਕਟ ਵਿਰੁੱਧ ਸ਼ਾਂਤਮਈ ਰੋਸ ਪ੍ਰਗਟ ਕੀਤਾ ਜਾਵੇ, ਪ੍ਰਾਰਥਨਾ ਕਰੋ, ਰੱਖ ਸਕੋ ਤਾਂ ਵਰਤ ਰੱਖੋ। ਪੰਜਾਬੀਆਂ ਨੂੰ ਸ਼ਾਂਤਮਈ ਰੋਸ ਦਾ ਕੀ ਪਤਾ? ਪੰਜਾਬ ਵਿਚ ਹਿੰਸਾ ਭੜਕ ਪਈ, ਅੱਗਜ਼ਨੀ ਹੋਈ ਛੇ ਅਪ੍ਰੈਲ ਨੂੰ ਬੈਂਕ ਲੁੱਟੇ ਗਏ, ਡਾਕਖਾਨੇ, ਰੇਲਵੇ ਸਟੇਸ਼ਨ ਸਾੜ ਦਿੱਤੇ, ਪੁਲਸੀਆਂ ਵੱਲ ਗੋਲੀਆਂ ਚਲਾ ਦਿੱਤੀਆਂ। ਪੰਜ ਗੋਰੇ ਅਫਸਰ ਕਤਲ ਕੀਤੇ।ਸ਼ੇਰਵੁੱਡ ਨਾਮ ਦੀ ਗੋਰੀ ਆਪਣਾ ਸਕੂਲ ਬੰਦ ਕਰਕੇ ਆ ਰਹੀ ਸੀ, ਘੇਰ ਕੇ ਬਦਸਲੂਕੀ ਕੀਤੀ। ਮਹਾਤਮਾ ਗਾਂਧੀ ਨੇ ਪਛਤਾਵਾ ਕਰਦਿਆਂ ਕਿਹਾ - ਮੈਥੋਂ ਹਿਮਾਲਾ ਜਿੱਡੀ ਗਲਤੀ ਹੋਈ। ਜਿਨ੍ਹਾਂ ਨੂੰ ਅੰਦੋਲਨ ਦੀ ਸਿੱਖਿਆ ਨਹੀਂ ਮਿਲੀ, ਮੈਂ ਉਨ੍ਹਾਂ ਤੋਂ ਕੀ ਆਸ ਕਰ ਬੈਠਾ! ਓਡਵਾਇਰ ਪੰਜਾਬ ਦਾ ਗਵਰਨਰ ਸੀ। ਉਸਨੇ ਕਿਹਾ - ''ਇਨ੍ਹਾਂ ਜਾਹਲ ਲੋਕਾਂ ਨੂੰ ਮੈਂ ਅਜਿਹਾ ਸਬਕ ਸਿਖਾਵਾਂਗਾ ਕਿ ਭੁੱਲਣਗੇ ਨਹੀਂ।'' 13 ਅਪ੍ਰੈਲ ਵਿਸਾਖੀ 1919 ਨੂੰ ਜਲ੍ਹਿਆਂਵਾਲੇ ਬਾਗ ਵਿਚ ਪੰਜਾਬੀਆਂ ਨੂੰ ਆਖਰ ਸਬਕ ਸਿਖਾ ਦਿੱਤਾ।

9 ਅਪ੍ਰੈਲ ਨੂੰ ਮਹਾਤਮਾ ਗਾਂਧੀ ਅਤੇ ਸੈਫੁੱਦੀਨ ਕਿਚਲੂ ਨੇ ਸ਼ਾਂਤੀ ਦੀ ਅਪੀਲ ਕਰਨ ਲਈ ਪੰਜਾਬ ਆਉਣਾ ਸੀ। ਦੋਹਾਂ ਨੂੰ ਗ੍ਰਿਫਤਾਰ ਕਰਕੇ ਮਾਲ ਗੱਡੀ ਵਿਚ ਬਿਠਾ ਕੇ ਵਾਪਸ ਭੇਜ ਦਿੱਤੇ। ਉੱਧਰ ਓਡਵਾਇਰ ਨੇ ਫੌਜਾਂ ਨੂੰ ਕਿਹਾ - ਜਦੋਂ ਹੁਕਮ ਮਿਲੇ ਕਿ ਗੋਲੀ ਚਲਾਉ, ਹਵਾਈ ਫਾਇਰ ਨਹੀਂ ਕਰਨਾ।

ਡਾਇਰ ਪੁਲਸ ਅਫਸਰ ਸੀ। ਜਲ੍ਹਿਆਂਵਾਲੇ ਕਾਂਡ ਬਾਰੇ ਲਿਖਿਆ, ''ਅੰਮ੍ਰਿਤਸਰ ਸ਼ਹਿਰ ਸ਼ਾਂਤ ਕਰ ਦਿੱਤਾ, ਪਰਿੰਦਾ ਖੰਭ ਨਹੀਂ ਪਟਕਦਾ ਸੀ। ਕੁੱਤੇ ਤੇ ਗਿਰਝਾਂ ਲਾਸ਼ਾਂ ਚੂੰਡਦੇ ਰਹੇ।

13 ਅਪ੍ਰੈਲ ਅਹਿਮਦਾਬਾਦ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਪੰਜਾਬ ਵਿਚਲੀ ਹਿੰਸਾ ਦਾ ਜ਼ਿਕਰ ਕਰਦਿਆਂ ਕਿਹਾ, ''ਜੇ ਗੋਰਿਆਂ ਦੇ ਕਤਲਾਂ ਨਾਲ ਸਵਰਾਜ ਮਿਲਣਾ ਹੈ, ਮੈਨੂੰ ਅਜਿਹੇ ਸਵਰਾਜ ਦੀ ਕੋਈ ਜਰੂਰਤ ਨਹੀਂ।'' ਜਦੋਂ ਗਾਂਧੀ ਨੂੰ ਜਲ੍ਹਿਆਂਵਾਲਾ ਬਾਗ ਕਾਂਡ ਦੀ ਨਿਖੇਧੀ ਕਰਨ ਲਈ ਕਿਹਾ ਤਾਂ ਉਸਨੇ ਜ਼ਿਦ ਕੀਤੀ ਕਿ ਉਹ ਪੰਜਾਬੀਆਂ ਵਲੋਂ ਗੋਰਿਆਂ ਦੀ ਹੱਤਿਆਂ ਦੀ ਨਿਖੇਧੀ ਵੀ ਕਰੇਗਾ। ਉਸ ਨੂੰ ਅਜਿਹਾ ਕਰਨ ਤੋਂ ਹਟਣ ਲਈ ਮਨਾਇਆ ਗਿਆ, ਤਾਂ ਵੀ ਇਹ ਪੰਕਤੀ ਉਸਨੇ ਲਿਖ ਹੀ ਦਿੱਤੀ, ''ਜੇ ਸਰਕਾਰ ਪਾਗਲ ਹੋ ਜਾਏ, ਅਸੀਂ ਪਾਗਲ ਨਹੀਂ ਹੋਵਾਂਗੇ। ਪਾਗਲਪਣ ਦਾ ਜਵਾਬ ਜੇ ਸਿਆਣਪ ਅਤੇ ਸ਼ਾਂਤੀ ਨਾਲ ਦਿਆਂਗੇ ਤਾਂ ਜਿੱਤ ਸਾਡੀ ਹੋਵੇਗੀ।''

ਅੰਗਰੇਜ਼ਾਂ ਨੇ ਤੁਰਕੀ ਵਿਰੁੱਧ ਜੰਗ ਛੇੜ ਦਿੱਤਾ ਤਾਂ ਦੁਨੀਆਂ ਭਰ ਦੇ ਮੁਸਲਮਾਨ ਬੇਚੈਨ ਹੋ ਗਏ। ਮੱਕਾ, ਮਦੀਨਾ, ਕਰਬਲਾ, ਨਜਫ, ਜੇਰੂਸਲਮ ਸਭ ਅੰਗਰੇਜ਼ਾਂ ਦੇ ਕਬਜ਼ੇ ਵਿਚ: ਮੁਸਲਿਮ ਲੀਗ ਦੇ ਲੀਡਰ ਸ਼ੌਕਤ ਅਲੀ ਨੇ ਅੰਮ੍ਰਿਤਸਰ ਵਿਚ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ - ਜਦੋਂ ਹਿੰਦੂ, ਤੁਰਕੀ ਦੇ ਮਸਲੇ ਵਿਚ ਮੁਸਲਮਾਨਾਂ ਦਾ ਸਮਰਥਨ ਕਰ ਰਹੇ ਹਨ ਤਾਂ ਕੀ ਮੁਸਲਮਾਨਾਂ ਨੂੰ ਨਹੀਂ ਚਾਹੀਦਾ ਉਹ ਗਊ ਹੱਤਿਆ ਨਾ ਕਰਨ? ਮੁਸਲਮਾਨਾਂ ਨੇ ਈਦ ਦਿਹਾੜੇ ਗਊ ਹੱਤਿਆ ਨਹੀਂ ਕੀਤੀ।

ਗੋਰਖਪੁਰ ਨੇੜੇ ਚੌਰੀ ਚੌਰਾ ਵਿਚ 4 ਹਜ਼ਾਰ ਹਿੰਦੂ ਮੁਸਲਮਾਨਾਂ ਦੇ ਹਜੂਮ ਨੇ 22 ਸਿਪਾਹੀਆਂ ਦੇ ਵੱਢ ਵੱਢ ਕੇ ਟੋਟੇ ਕਰ ਦਿੱਤੇ। ਗਾਂਧੀ ਨੇ ਆਪਣਾ ਅੰਦੋਲਨ ਵਾਪਸ ਲੈ ਲਿਆ, ਵਾਰਦਾਤ ਦੀ ਨਿਖੇਧੀ ਕੀਤੀ। ਗਾਂਧੀ ਦੀ ਭਰਪੂਰ ਅਲੋਚਨਾ ਹੋਈ, ਲਾਜਪਤ ਰਾਇ ਨੇ ਜੇਲ੍ਹ ਵਿੱਚੋਂ 70 ਪੰਨਿਆ ਦਾ ਗੁਸੈਲਾ ਖਤ ਲਿਖਿਆ, ਕੋਈ ਅਸਰ ਨਹੀਂ। ਦੇਸ ਵਿਰੁੱਧ ਬਗਾਵਤ ਕਰਨ ਦਾ ਦੋਸ਼ ਲਾਕੇ ਗਾਂਧੀ ਨੂੰ 6 ਸਾਲ ਦੀ ਸਜ਼ਾ ਕਰ ਦਿੱਤੀ। ਲਾਲਾ ਲਾਜਪਤ ਰਾਇ ਪਹਿਲਾ ਕਾਂਗਰਸੀਆਂ ਸੀ ਜਿਸਨੇ ਬੰਗਾਲ ਅਤੇ ਪੰਜਾਬ ਦੀ ਵੰਡ ਦਾ ਮਤਾ ਰੱਖਿਆ ਤੇ ਪਾਸ ਕਰਵਾਇਆ ਕਿਉਂਕਿ ਜੇ ਮੁਸਲਮਾਨਾਂ ਦੀ ਬਹੁਗਿਣਤੀ ਵਾਲੇ ਰਾਜ ਵਿਚ ਰਹਿਣਾ ਪੈ ਗਿਆ, ਉਸ ਨਾਲੋਂ ਤਾਂ ਚੰਗਾ ਹੈ ਅੰਗਰੇਜ਼ ਹੀ ਰਾਜ ਕਰਨ।

1925 ਵਿਚ ਰਾਸ਼ਟਰੀ ਸਵੈ ਸੇਵਕ ਸੰਘ ਸਥਾਪਤ ਕੀਤਾ ਗਿਆ ਜਿਸਦਾ ਉਦੇਸ਼ ਹਥਿਆਰਬੰਦ ਹੋਣਾ ਸੀ, ਅੰਗਰੇਜ਼ਾਂ ਵਿਰੁੱਧ ਨਹੀਂ, ਮੁਸਲਮਾਨਾਂ ਵਿਰੁੱਧ। ਜਦੋਂ 23 ਮਾਰਚ 1931 ਨੂੰ ਭਗਤ ਸਿੰਘ ਅਤੇ ਸਾਥੀਆਂ ਨੂੰ ਫਾਂਸੀ ਦਿੱਤੀ ਗਈ, ਦੇਸ ਹਿੱਲ ਗਿਆ। ਬੇਸ਼ਕ ਭਗਤ ਸਿੰਘ ਪੰਜਾਬੀਆਂ ਦਾ ਹੀਰੋ ਬਣ ਗਿਆ ਪਰ ਉਸਦੀ ਨੌਜਵਾਨ ਭਾਰਤ ਸਭਾ ਨੂੰ ਹੁੰਗਾਰਾ ਨਹੀਂ ਮਿਲਿਆ। ਭਗਤ ਸਿੰਘ ਪਿੱਛੋਂ ਜਾ ਕੇ ਹਿੰਸਾ ਦੇ ਵਿਰੁੱਧ ਹੋ ਗਿਆ ਤੇ ਕਿਹਾ ਕਿ ਬੰਬ ਸੁੱਟਣ ਦੀ ਘਟਨਾ ਨਾ ਕੇਵਲ ਫਜ਼ੂਲ ਸੀ, ਸਗੋਂ ਨੁਕਸਾਨਦਾਇਕ ਵੀ ਸੀ।

ਗੋਰੀ ਸਰਕਾਰ ਨੇ ਕਮਿਊਨਲ ਐਵਾਰਡ ਲਿਆਂਦਾ ਜਿਸ ਅਨੁਸਾਰ ਪੰਜਾਬ ਅਸੈਂਬਲੀ ਵਿਚ ਸਿੱਖਾਂ ਨੂੰ 18% ਸੀਟਾਂ ਦਿੱਤੀਆਂ, ਮੰਗ 30% ਦੀ ਸੀ ਪਰ ਜੋ ਮਿਲਿਆ ਉਹ ਕਾਫੀ ਸੀ ਕਿਉਂਕਿ ਆਬਾਦੀ ਤੋਂ ਵਧੀਕ ਮਿਲ ਗਿਆ। ਡਾ. ਸਤਪਾਲ ਚੁੱਪ ਕਰ ਗਿਆ ਕਿਉਂਕਿ ਮੁਸਲਮਾਨਾਂ ਨੂੰ ਵੀ ਐਵਾਰਡ ਪਸੰਦ ਆਇਆ, ਫਲਸਰੂਪ, ਪੰਜਾਬ, ਕਾਂਗਰਸ ਤੋਂ ਹੋਰ ਦੂਰ ਚਲਾ ਗਿਆ ਕਿਉਂਕਿ ਕਾਂਗਰਸ ਨੇ ਐਵਾਰਡ ਰੱਦ ਕਰ ਦਿੱਤਾ।

ਡਾ. ਮੁਹੰਮਦ ਇਕਬਾਲ ਕਦੀ ਅੰਗਰੇਜ਼ਾਂ ਦੇ ਖਿਲਾਫ ਨਹੀਂ ਹੋਇਆ। ਉਸ ਉੱਤੇ ਬੜਾ ਦਬਾਉ ਪਿਆ ਕਿ ਸਰ ਦਾ ਖਿਤਾਬ ਵਾਪਸ ਕਰੋ, ਉਸਨੇ ਨਹੀਂ ਕੀਤਾ। ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਅੰਗਰੇਜ਼ਾਂ ਦਾ ਜ਼ੋਰ ਸੀ। ਉਸਦੇ ਮੁਕਾਬਲੇ ਅੰਗਰੇਜ਼ਾਂ ਵਿਰੁੱਧ ਮੁਸਲਿਮ ਯੂਥ ਨੇ ਜਾਮੀਆ ਮਿਲੀਆ ਇਸਲਾਮੀਆਂ ਯੂਨੀਵਰਸਿਟੀ ਖੜ੍ਹੀ ਕਰ ਦਿੱਤੀ। ਗਾਂਧੀ ਨੇ ਇਕਬਾਲ ਨੂੰ ਲਿਖਿਆ - ਜਾਮੀਆ ਮਿਲੀਆ ਤੁਹਾਡਾ ਇੰਤਜ਼ਾਰ ਕਰ ਰਹੀ ਹੈ, ਆਓ, ਇਸਦੇ ਪਹਿਲੇ ਰੈਕਟਰ ਵਜੋਂ ਜ਼ਿਮੇਵਾਰੀ ਸੰਭਾਲੋ। ਇਕਬਾਲ ਨੇ ਇਨਕਾਰ ਕਰ ਦਿੱਤਾ। ਇਕਬਾਲ ਦਾ ਫੈਸਲਾ ਅੰਗਰੇਜ਼ਾਂ ਨਾਲ ਮਿਲ ਕੇ ਚੱਲਣ ਦਾ ਸੀ, ਪਾਕਿਸਤਾਨ ਅੰਗਰੇਜ਼ ਦੇਣਗੇ ਨਾ ਕਿ ਕਾਂਗਰਸ, ਜੇ ਪਾਕਿਸਤਾਨ ਚਾਹੀਦੈ ਤਾਂ ਅੰਗਰੇਜ਼ਾਂ ਦੇ ਇੱਥੇ ਰਹਿਣ ਜਾਂ ਚਲੇ ਜਾਣ ਨਾਲ ਫਰਕ ਨਹੀਂ ਪੈਂਦਾ, ਪਾਕਿਸਤਾਨ, ਕੇਵਲ ਪਾਕਿਸਤਾਨ। 175 ਮੈਂਬਰੀ ਪੰਜਾਬ ਵਿਧਾਨ ਸਭਾ ਦੀ ਚੋਣ ਵਿਚ ਮੁਸਲਮਾਨਾਂ ਨੂੰ 48%,ਹਿੰਦੂਆਂ ਨੂੰ 24% ਅਤੇ ਸਿਖਾਂ ਨੂੰ 18% ਸੀਟਾਂ ਮਿਲੀਆਂ। 1937 ਦੀ ਚੋਣ ਵਿਚ ਯੂਨੀਅਨਿਸਟ ਪਾਰਟੀ 95 ਸੀਟਾਂ ਨਾਲ ਜਿੱਤੀ, ਮੁਸਲਿਮ ਲੀਗ ਨੂੰ ਕੇਵਲ ਦੋ ਸੀਟਾਂ ਤੇ ਜਿੱਤ ਨਸੀਬ ਹੋਈ ਤੇ ਕਾਂਗਰਸ ਨੂੰ 28 ਸੀਟਾਂ ਮਿਲੀਆਂ। ਬਾਕੀ ਆਜ਼ਾਦ ਉਮੀਦਵਾਰ ਜਿੱਤੇ।

ਜਿਨਾਹ ਦੀ ਚੜ੍ਹਤ ਦੇਖ ਕੇ ਪੰਡਿਤ ਨਹਿਰੂ ਨੇ ਬਿਆਨ ਦਿੱਤਾ - ਜਿਨਾਹ ਫਿਰਕਾ ਪ੍ਰਸਤੀ ਨੂੰ ਹਵਾ ਦੇ ਰਿਹੈ। ਮੁਸਲਿਮ ਲੀਗ ਸਰਮਾਏਦਾਰਾਂ ਅਤੇ ਜਗੀਰਦਾਰਾਂ ਦੀ ਪਾਰਟੀ ਹੈ, ਆਮ ਮੁਸਲਮਾਨ ਉਸ ਨਾਲ ਨਹੀਂ ਹਨ। ਜਿਨਾਹ ਨੇ ਬਿਆਨ ਦਿੱਤਾ - ਨਹਿਰੂ ਨਿੱਕਾ ਬੱਚਾ ਹੈ ਜਿਸਨੇ ਵੱਡਾ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਦੀ ਖੁਰਲੀ ਕਾਂਗਰਸ ਪਾਰਟੀ ਹੈ ਪਰ ਉਸਦੀ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਹੈ। ਨਹਿਰੂ ਦਾ ਬਿਆਨ ਆਇਆ - ਕਾਂਗਰਸ ਵਿਚ ਇਕ ਦੋ ਨਹੀਂ, ਅਣਗਿਣਤ ਮੁਸਲਮਾਲ ਹਨ ਜਿਹੜੇ ਹਜ਼ਾਰਾਂ ਜਿਨਾਹਾਂ ਨੂੰ ਰਸਤਾ ਦਿਖਾਉਣਗੇ।

ਨਹਿਰੂ ਦੇ ਬਿਆਨ ਨੇ ਜਿਨਾਹ ਨੂੰ ਪੱਕਾ ਮੁਸਲਮਾਨ ਲੀਡਰ ਬਣਾ ਦਿੱਤਾ। ਦੂਜਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਪੰਜਾਬ ਦੇ ਪ੍ਰੀਮੀਅਰ (ਪ੍ਰਧਾਨ ਮੰਤਰੀ) ਸਿਕੰਦਰ ਹਯਾਤ ਖਾਨ ਨੇ ਅੰਗਰੇਜ਼ਾਂ ਨੂੰ ਭਰੋਸਾ ਦਿਵਾਇਆ ਕਿ ਉਹ ਹਜ਼ਾਰਾਂ ਦੀ ਗਿਣਤੀ ਵਿਚ ਸਿਪਾਹੀ ਭਰਤੀ ਕਰਕੇ ਦਏਗਾ। ਕਾਂਗਰਸ ਨੇ ਕਿਹਾ- ਯੁੱਧ ਤੋਂ ਬਾਦ ਦੇ ਅੰਗਰੇਜ਼ ਆਪਣੀ ਯੋਜਨਾ ਦੱਸਣ, ਅਸੀਂ ਮਦਦ ਬਾਰੇ ਫਿਰ ਫੈਸਲਾ ਕਰਾਂਗੇ। ਜਿਨਾਹ ਨੇ ਕਿਹਾ - ਮੁਸਲਿਮ ਲੀਗ ਦੀ ਸਲਾਹ ਬਗੈਰ ਅੰਗਰੇਜ਼ ਭਵਿੱਖ ਦੇ ਭਾਰਤੀ ਸੰਵਿਧਾਨ ਦਾ ਫੈਸਲਾ ਹਰਗਿਜ਼ ਨਾ ਕਰਨ। ਸੁਭਾਸ਼ ਚੰਦਰ ਬੋਸ ਪਹਿਲਾਂ 1938 ਵਿਚ ਫਿਰ 1939 ਵਿਚ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਉਸਨੇ ਐਲਾਨ ਕੀਤਾ - ਕੋਈ ਭਾਰਤੀ ਅੰਗਰੇਜ਼ਾਂ ਦੀ ਮਦਦ ਨਹੀਂ ਕਰੇਗਾ। ਸੰਸਾਰ ਯੁੱਧ ਵਿਚ ਨਾ ਪੈਸਾ ਦਿਆਂਗੇ, ਨਾ ਬੰਦੇ, ਨਾ ਹੋਰ ਸਾਧਨ। ਫਲਸਰੂਪ ਗਾਂਧੀ ਦੇ ਹੁਕਮ ਅਨੁਸਾਰ ਬੋਸ ਨੂੰ ਕਾਂਗਰਸ ਵਿੱਚੋਂ ਕੱਢ ਦਿੱਤਾ ਗਿਆ। ਸਿਕੰਤਰ ਹਯਾਤ ਖਾਨ ਨੇ ਗਵਰਨਰ ਪੰਜਾਬ ਹੈਨਰੀ ਕਰੀਕ ਨੂੰ ਕਿਹਾ - ਮੈਂ ਹਫਤੇ ਵਿਚ ਪੰਜ ਲੱਖ ਸਿਪਾਹੀ ਦੇ ਸਕਦਾ ਹਾਂ।

ਕਿਸਾਨ ਪਰਜਾ ਪਾਰਟੀ ਵਲੋਂ ਚੁਣਿਆ ਬੰਗਾਲ ਦਾ ਪ੍ਰੀਮਿਅਰ ਲਾਹੌਰ ਆਇਆ ਤੇ ਐਲਾਨ ਕੀਤਾ - ਬੰਗਾਲ ਵਿਚ ਬਹੁਗਿਣਤੀ ਮੁਸਲਮਾਨਾਂ ਵਾਲੇ ਇਲਾਕਿਆਂ ਉੱਪਰ ਰਾਜ ਕਰਨ ਦਾ ਹੱਕ ਕੇਵਲ ਮੁਸਲਮਾਨਾਂ ਨੂੰ ਮਿਲੇ, ਮੇਰਾ ਇਹ ਫੈਸਲਾ ਹੈ। ਮਹਾਤਮਾ ਗਾਂਧੀ ਨੇ ਬਿਆਨ ਦਿੱਤਾ - ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਵਿਚ ਫਰਕ ਕੀ ਹੈ? ਕੀ ਸਾਰੇ ਉਹੀ ਪਾਣੀ ਨਹੀਂ ਪੀਂਦੇ? ਇੱਕੋ ਹਵਾ ਵਿਚ ਸਾਹ ਨਹੀਂ ਲੈਂਦੇ? ਇਹ ਬਿਆਨ ਮਹਿਜ਼ ਬਿਆਨ ਸੀ ਜਦੋਂ ਕਿ ਰੇਲਵੇ ਸਟੇਸ਼ਨਾਂ ਉੱਪਰ ਰੱਖੇ ਘੜਿਆਂ ਉੱਪਰ ਲਿਖਿਆ ਹੁੰਦਾ ਸੀ - ਮੁਸਲਮਾਨ ਪਾਣੀ, ਹਿੰਦੂ ਪਾਣੀ। ਸਿੱਖ, ਹਿੰਦੂ ਘੜੇ ਦਾ ਪਾਣੀ ਪੀਂਦੇ ਸਨ। ਸਰ. ਸੁੰਦਰ ਸਿੰਘ ਮਜੀਠੀਆ ਦਾ ਬਿਆਨ ਛਪਿਆ - ਪੰਜਾਬ ਸਿੱਖਾਂ ਦੇ ਹਵਾਲੇ ਕਰੋ। ਇਹੋ ਹਾਲ ਬਾਦ ਵਿਚ ਮਾਸਟਰ ਤਾਰਾ ਸਿੰਘ ਦਾ ਹੋਇਆ ਜਿਸਨੇ ਮੁਸਲਿਮ ਲੀਗ ਦਾ ਝੰਡਾ ਪਾੜ ਦਿੱਤਾ। ਤਾਣੀ ਏਨੀ ਉਲਝੀ ਕਿ ਕਮਿਊਨਿਸਟਾਂ ਨੇ ਵੀ ਇਕ ਵਾਰ ਖਾਲਿਸਤਾਨ ਦੀ ਮੰਗ ਦਾ ਸਮਰਥਨ ਕੀਤਾ। ਸਿਕੰਦਰ ਹਯਾਤ ਖਾਨ ਅਤੇ ਸਿੱਖ ਲੀਡਰਸ਼ਿਪ ਨੂੰ ਲੋਕਤੰਤਰ ਦੀ ਕੋਈ ਸਮਝ ਨਹੀਂ ਸੀ, ਉਹ ਭੂਤਕਾਲ ਵਿਚ ਰਹਿ ਰਹੇ ਸਨ, ਸਿਕੰਦਰ ਹਯਾਤ ਮਹਾਨ ਮੁਗਲ ਹਕੂਮਤ ਦੇਖ ਰਿਹਾ ਸੀ, ਸਿੱਖ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇਖ ਰਹੇ ਸਨ, ਜਿਨਾਹ ਵਰਤਮਾਨ ਅਤੇ ਭਵਿੱਖ ਦੇਖ ਰਿਹਾ ਸੀ। ਜਿੱਤ ਉਸਦੀ ਹੋਈ ਜਿਸਨੇ ਭਵਿੱਖ ਦੇਖਿਆ।

ਆਖਰ ਵਿਚ ਖਿੱਚ-ਧੂਹ ਇਸ ਵਾਸਤੇ ਹੋਈ ਕਿ ਸਿੱਖ ਪਾਕਿਸਤਾਨ ਵਿਚ ਰਹਿਣ ਕਿ ਹਿੰਦੁਸਤਾਨ ਵਿਚ, ਉਨ੍ਹਾਂ ਦਾ ਆਪਣਾ ਕੋਈ ਥਾਂ ਨਹੀਂ ਸੀ। ਸਿੱਖ ਅਤੇ ਮੁਸਲਮਾਨ ਵਿਸ਼ਵਯੁੱਧ ਵਿਚ ਅੰਗਰੇਜ਼ਾਂ ਦੇ ਹੱਕ ਵਿਚ ਲੜਨ ਲਈ ਵੱਡੀ ਗਿਣਤੀ ਵਿਚ ਇਸ ਕਰਕੇ ਭਰਤੀ ਹੋਏ ਕਿਉਂਕਿ ਹਥਿਆਰਾਂ ਦੀ ਲੋੜ ਪਏਗੀ, ਇਕ ਦੂਜੇ ਨੂੰ ਵੱਢਣ ਲਈ। ਇਹ ਹਥਿਆਰ 1947 ਵਿਚ ਕੰਮ ਆਏ। ਗਾਜਰਾਂ ਮੂਲੀਆਂ ਵਾਂਗ ਬੰਦੇ ਨੇ ਬੰਦੇ ਵੱਢੇ। ਸਿੱਖਾਂ ਨੂੰ ਸਿੱਖੀ ਵਿਸਰ ਗਈ, ਮੁਸਲਮਾਨ ਦੀਨ ਭੁੱਲ ਗਏ। ਦੇਸ ਵੰਡ ਵੇਲੇ ਆਰ.ਐਸ.ਐਸ. ਦੀ ਪੰਜਾਬ ਵਿਚ 47 ਹਜ਼ਾਰ ਦੀ ਭਰਤੀ ਸੀ, ਲੀਗ ਦੇ ਗਾਰਡਾਂ ਦੀ ਗਿਣਤੀ 23 ਹਜ਼ਾਰ, ਸਿੱਖਾਂ ਦੀ ਇਉਂ ਕੋਈ ਫੌਜ ਨਹੀਂ ਸੀ ਕਿਉਂਕਿ ਸਾਰੇ ਸਿੱਖ ਹੀ ਆਪਣੇ ਆਪ ਨੂੰ ਗੁਰੂ ਦੀ ਫੌਜ ਸਮਝਦੇ ਸਨ, ਫਿਰ ਭਰਤੀ ਕਿਸ ਵਾਸਤੇ? ਲੁਹਾਰਾਂ ਦੀਆਂ ਅਹਿਰਨਾਂ ਤੇ ਦਾਤੀ ਰੰਬਿਆਂ ਦੀ ਥਾਂ ਗੰਡਾਸੇ ਅਤੇ ਬਰਛੇ ਢਲਣ ਲੱਗੇ। ਲੀਗ ਨੇ ਔਰਤਾਂ ਨੂੰ ਵੀ ਹਥਿਆਰਬੰਦ ਕਰ ਲਿਆ। ਹਿੰਸਾ ਦੀ ਸ਼ੁਰੂਆਤ ਪੰਜਾਬ ਨਾਲੋਂ ਪਹਿਲਾਂ ਬੰਗਾਲ ਵਿਚ ਹੋਈ। ਪੰਜਾਬ ਵਿਚ 70% ਪੁਲਿਸ ਫੋਰਸ ਮੁਸਲਮਾਨਾਂ ਦੀ ਸੀ, ਸਿੱਖਾਂ ਦਾ ਦੀ ਬਣੇਗਾ? ਗੋਰੀ ਸਰਕਾਰ ਵੀ ਉਲਝੀ ਪਈ ਸੀ। ਗੋਵਲਕਰ, ਰਾਸ਼ਟਰੀ ਸਵੈ ਸੇਵਕ ਸੰਘ ਦਾ ਮੁਖੀ ਪੰਜਾਬ ਵਿਚ ਆਇਆ, ਉਸਨੇ ਹਿੰਦੂਆਂ ਸਿੱਖਾਂ ਨੂੰ ਕਿਹਾ - ਤਿਆਰ ਰਹੋ। ਮੁਸਲਮਾਨਾਂ ਨਾਲ ਹਥਿਆਰਬੰਦ ਯੁੱਧ ਹੋਏਗਾ। ਖਿਜ਼ਰ ਹਯਾਤ ਖਾਨ ਨੇ ਆਰ.ਐਸ.ਐਸ. ਅਤੇ ਮੁਸਲਿਮ ਲੀਗ ਦੀ ਗਾਰਦ ਉੱਪਰ ਪਾਬੰਦੀ ਲਾ ਦਿੱਤੀ। ਆਰ.ਐਸ.ਐਸ. ਖਾਮੋਸ਼ ਹੋ ਗਈ ਪਰ ਮੁਸਲਿਮ ਗਾਰਦ ਨਹੀਂ ਝੁਕੀ। ਖਿਜ਼ਰ ਨੂੰ ਜਿਨਾਹ ਨਾਲ ਸਮਝੌਤਾ ਕਰਨਾ ਪਿਆ। ਅੰਮ੍ਰਿਤ ਛਕ ਕੇ ਧੜਾ ਧੜ ਸਿੱਖ ਨਿਹੰਗ ਹੋ ਗਏ ਕਿਉਂਕਿ ਨਿਹੰਗਾਂ ਨੂੰ ਹਥਿਆਰਬੰਦ ਹੋਣ ਦੀ ਆਗਿਆ ਸੀ। ਅਕਾਲ ਫੌਜ ਤਿਆਰ ਹੋ ਗਈ। ਪਰਿਵਾਰ ਦੇ ਇਕ ਬੱਚੇ ਨੇ ਖਿਜ਼ਰ ਹਯਾਤ ਨੂੰ ਕਿਹਾ - ਮੇਰੇ ਦੋਸਤ ਮੈਨੂੰ ਕਹਿੰਦੇ ਨੇ ਤੇਰਾ ਤਾਇਆ ਮੁਸਲਮਾਨ ਨਹੀਂ। ਖਰਾ ਮੁਸਲਮਾਨ ਖਿਜ਼ਰ ਸ਼ੱਕ ਵਿਚ ਘਿਰ ਗਿਆ, ਜਿਨਾਹ, ਜਿਹੜਾ ਕਿਹਾ ਕਰਦਾ ਸੀ - ਮੈਂ ਕਿੱਧਰ ਦਾ ਮੁਸਲਮਾਨ ਹਾਂ, ਮੁਸਲਮਾਨਾਂ ਦਾ ਲੀਡਰ ਹੋ ਗਿਆ। ਮਾਸਟਰ ਤਾਰਾ ਸਿੰਘ ਨੇ ਐਲਾਨ ਕੀਤਾ - ਅਸੀਂ ਜਪਾਨੀਆਂ ਅਤੇ ਨਾਜ਼ੀਆਂ ਵਾਂਗ ਆਤਮਹੱਤਿਆ ਤੱਕ ਕਰ ਲਵਾਂਗੇ ਪਰ ਪਾਕਿਸਤਾਨ ਵਿਚ ਮੁਸਲਮਾਨਾਂ ਦੀ ਗੁਲਾਮੀ ਨਹੀਂ ਝੱਲਾਂਗੇ। ਮਾਰਚ 1947 ਵਿਚ ਕਤਲਾਂ ਦੀ ਸ਼ੁਰੂਆਤ ਹੋ ਗਈ। ਸੈਫੂੱਦੀਨ ਕਿਚਲੂ ਮੁਲਤਾਨ ਆਪਣੇ ਰਸੂਖ ਵਾਲੇ ਦੋਸਤ ਕਲਿਆਣ ਦਾਸ ਦੇ ਘਰ ਮਹਿਮਾਨ ਵਜੋਂ ਠਹਿਰਿਆ ਹੋਇਆ ਸੀ। ਕਲਿਆਣ ਦਾਸ ਦਾ ਸਾਰਾ ਪਰਿਵਾਰ ਵੱਢ ਦਿੱਤਾ। ਕਿਚਲੂ ਨੂੰ ਨੰਗਾ ਕਰਕੇ ਦੇਖਿਆ ਕਿ ਉਸਨੇ ਸੁੰਨਤ ਕਰਵਾਈ ਹੋਈ ਹੈ, ਸੋ ਛੱਡ ਦਿੱਤਾ। ਵਾਇਸਰਾਇ ਦੇ ਜਹਾਜ਼ ਵਿਚ ਸਫਰ ਕਰਦੇ ਜੈਨਕਿਨਜ਼ ਨੇ ਛੇ ਪਿੰਡ ਰਾਵਲਪਿੰਡੀ ਨੇੜੇ 9 ਮਾਰਚ ਨੂੰ ਅੱਗ ਵਿਚ ਸੜਦੇ ਦੇਖੇ।

ਅੰਗਰੇਜ਼ਾਂ ਨੇ ਦੱਸ ਦਿੱਤਾ ਸੀ ਕਿ ਉਹ ਜਾ ਰਹੇ ਹਨ। ਉਨ੍ਹਾਂ ਨੂੰ ਆਪਣੇ ਬਾਲ ਬੱਚਿਆਂ ਦੀ ਜਾਨ ਦਾ ਫਿਕਰ ਸੀ, ਭਾਰਤੀਆਂ ਦਾ ਫਿਕਰ ਕਿਸਨੂੰ ਸੀ? ਇਕ ਵਾਰ ਅੰਗਰੇਜ਼ਾਂ ਨੇ ਇਹ ਵੀ ਸੋਚਿਆ ਕਿ ਮਾਰਸ਼ਲ ਲਾਅ ਲਾਕੇ ਨਰ ਸੰਘਾਰ ਰੋਕਿਆ ਜਾਵੇ ਪਰ ਫਿਰ ਇਹ ਸੋਚ ਕੇ ਕਿ ਮੁਸਲਮਾਨ ਸਮਝਣਗੇ ਇਹ ਪਾਕਿਸਤਾਨ ਬਣਨ ਖਿਲਾਫ ਪਲੈਨ ਹੈ, ਇਸ ਕਰਕੇ ਉਹ ਵੀ ਅੰਗਰੇਜ਼ਾਂ ਦੇ ਖਿਲਾਫ ਹੋ ਜਾਣਗੇ, ਚੁੱਪ ਹੋ ਗਏ। ਜੱਟ ਜਾਣੇ ਜਾਂ ਬਿੱਜੂ, ਆਪਾਂ ਨੂੰ ਕੀ। ਥੱਕੇ ਹਾਰੇ ਗਵਰਨਰ ਪੰਜਾਬ ਨੇ ਹਉਕਾ ਲੈਂਦਿਆ ਕਿਹਾ - ਸਿਤਮ ਹੈ, ਪੰਜਾਬੀ ਮੁਸਲਮਾਨ ਬੰਬਈ ਨਿਵਾਸੀ ਜਿਨਾਹ ਦਾ ਹੁਕਮ ਮੰਨ ਰਹੇ ਹਨ, ਉਹ ਜਿਨਾਹ ਜਿਸਨੂੰ ਪੰਜਾਬ ਦੇ ਹਾਲਾਤ ਦੀ ਏ.ਬੀ.ਸੀ. ਦਾ ਪਤਾ ਨਹੀਂ।

11 ਅਪ੍ਰੈਲ ਨੂੰ ਗਾਂਧੀ ਨੇ ਮਾਉਂਟਬੈਟਨ ਨੂੰ ਪੱਤਰ ਲਿਖਿਆ - ਕਾਂਗਰਸ ਵਿਚ ਮੇਰੀ ਕੋਈ ਸੁਣਵਾਈ ਨਹੀਂ, ਕੇਵਲ ਬਾਦਸ਼ਾਹ ਖਾਨ ਮੇਰੀ ਹਾਂ ਵਿਚ ਹਾਂ ਮਿਲਾਉਂਦਾ ਹੈ।

ਜਿਨਾਹ ਨਾਲ ਮਾਸਟਰ ਤਾਰਾ ਸਿੰਘ ਅਤੇ ਗਿਆਨੀ ਕਰਤਾਰ ਸਿੰਘ ਨੇ ਗੱਲਬਾਤ ਤਾਂ ਕੀਤੀ, ਜਿਨਾਹ ਨੇ ਸਾਰੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਪਰ ਕਿਸੇ ਨੂੰ ਇਕ ਦੂਜੇ ਉੱਪਰ ਇਤਬਾਰ ਨਹੀਂ ਸੀ। ਦੰਗੇ ਸ਼ੁਰੂ ਹੋ ਗਏ, ਜਿਨਾਹ ਨੇ 23 ਜੂਨ 1947 ਨੂੰ ਲਾਰਡ ਮਾਊਂਟਬੈਟਨ ਨੂੰ ਕਿਹਾ - ਹਿੰਸਾ ਬੰਦ ਕਰਵਾਉ, ਬੇਸ਼ਕ ਮੁਸਲਮਾਨਾਂ ਉੱਪਰ ਗੋਲੀਆਂ ਦਾਗ ਦਿਉ, ਪਰ ਇਹ ਫਸਾਦ ਬੰਦ ਹੋਣ। ਦੇਸ ਛੱਡ ਕੇ ਜਾਂਦੀ ਸਰਕਾਰ ਨੂੰ ਦੰਗਿਆਂ ਦਾ ਕੀ ਦਰਦ? ਆਰ.ਐਸ.ਐਸ. ਨੇ ਪਹਿਲਾਂ ਲਾਹੌਰ, ਫਿਰ ਅੰਮ੍ਰਿਤਸਰ ਵਿਚ ਕਤਲਿਆਮ ਕੀਤਾ। ਪੂਰਬੀ ਪੰਜਾਬ ਦੇ ਸਿੱਖ ਸੋਚਣ ਲੱਗੇ ਕਿ ਜਿਵੇਂ ਹਿੰਦੂ ਸਿੱਖਾਂ ਨੂੰ ਪੱਛਮੀ ਪੰਜਾਬ ਵਿੱਚੋਂ ਖਤਮ ਕਰਕੇ ਸਫਾਇਆ ਕਰ ਦਿੱਤਾ ਹੈ ਇਵੇਂ ਪੂਰਬੀ ਪੰਜਾਬ ਵਿਚ ਮੁਸਲਮਾਨਾਂ ਦਾ ਸਫਾਇਆ ਕੀਤਾ ਜਾਵੇ।

ਆਲ ਇੰਡੀਆ ਕਾਂਗਰਸ ਕਮੇਟੀ ਨੂੰ ਵੰਡ ਦਾ ਮਤਾ ਪਾਸ ਕਰਨਾ ਪਿਆ। ਇਕ ਮੈਂਬਰ ਦੱਸਦਾ ਹੈ, ਸ਼ੋਕ ਮਤੇ ਨੂੰ ਛੱਡ ਕੇ ਹਰੇਕ ਮੀਟਿੰਗ ਵਿਚ ਵਿਚਾਰ ਵਟਾਂਦਰਾ, ਸ਼ੋਰ ਸ਼ਰਾਬਾ ਹੋਇਆ ਕਰਦਾ ਸੀ। ਦੇਸ ਵੰਡ ਦਾ ਮਤਾ ਪੂਰਨ ਖਾਮੋਸ਼ੀ ਨਾਲ ਪਾਸ ਹੋ ਗਿਆ। ਪੂਰਬੀ ਪੰਜਾਬ ਨੇ ਹਿੰਦੂਸਤਾਨ ਨਾਲ ਰਹਿਣ ਦਾ ਫੈਸਲਾ ਕੀਤਾ। ਵੰਡ ਵੇਲੇ ਪੰਜ ਤੋਂ ਅੱਠ ਲੱਖ ਕਤਲਾਂ ਦਾ ਅਤੇ ਇਕ ਤੋਂ ਡੇਢ ਕਰੋੜ ਲੋਕਾਂ ਦੇ ਉਜੜਨ ਬਾਰੇ ਅੰਕੜੇ ਹਨ।

ਰਾਜਮੋਹਨ ਇਕ ਅਧਿਆਇ ਕਤਲੋਗਾਰਤ ਦਾ ਲਿਖਦਾ ਹੈ, ਇਕ ਅਧਿਆਇ ਮਨੁੱਖੀ ਹਮਦਰਦੀ ਉੱਪਰ ਹੈ, ਘੋਰ ਸੰਕਟ ਵਿਚ ਕਿਤੇ ਕਿਤੇ ਇਸਾਨੀਅਤ ਜਿਉਂਦੀ ਵੀ ਰਹੀ। ਉਸਦੀ ਟਿੱਪਣੀ ਹੈ, ''ਨੌ ਸਦੀਆਂ ਵਿਚ ਪਹਿਲੀ ਵਾਰ ਪੰਜਾਬੀ ਮੂਲ ਦੇ ਬੰਦਿਆਂ ਨੇ ਪੰਜਾਬ ਉੱਪਰ ਰਾਜ ਕੀਤਾ, ਇਹ ਅਮਨ ਅਮਾਨ ਦਾ ਸਮਾਂ ਸਰਕਾਰ ਖਾਲਸਾ ਦਾ ਸਮਾਂ ਸੀ। ਗਾਂਧੀ, ਨਹਿਰੂ, ਜਿਨਾਹ ਗੈਰ ਪੰਜਾਬੀ ਸਨ ਉਨ੍ਹਾਂ ਨੂੰ ਪੰਜਾਬ ਨਾਲ ਕੋਈ ਹਮਦਰਦੀ ਨਹੀਂ ਸੀ, ਇਹ ਤਾਂ ਪੰਜਾਬੀਆਂ ਨੂੰ ਖੁਦ ਚਾਹੀਦਾ ਸੀ ਆਪਣੀ ਮੁਸੀਬਤ ਦਾ ਹੱਲ ਆਪ ਕੱਢਦੇ।

ਰਾਜਮੋਹਨ ਨੂੰ ਗੁਰਬਾਣੀ ਦੇ ਸੁਨੇਹੇ ਦਾ ਪਤਾ ਹੈ, ਸੂਫੀ ਸ਼ਾਇਰਾਂ ਨੂੰ ਜਾਣਦਾ ਹੈ, ਸ਼ਾਹ ਮੁਹੰਮਦ ਦਾ ਕਿੱਸਾ ਤਾਂ ਪੜ੍ਹਿਆ ਹੀ, ਅੰਮ੍ਰਿਤਾ ਪ੍ਰੀਤਮ ਦੀ ਅੱਜ ਆਖਾਂ ਵਾਰਸ ਸ਼ਾਹ ਨੂੰ ... ਕਵਿਤਾ ਦਾ ਹਵਾਲਾ ਦਿੰਦਾ ਹੈ। ਫੈਜ਼ ਦੀ ਨਜ਼ਮ - ਯੇ ਦਾਗ ਦਾਗ ਉਜਾਲਾ, ਯੇ ਸ਼ੁਬਗੁਜ਼ੀਦਾ ਸਹਰ, ਹਮੇਂ ਇੰਤਜ਼ਾਰ ਥਾ ਜਿਨਕਾ ਯੇ ਵੋ ਸਹਰ ਤੋ ਨਹੀਂ, ਮੰਟੋ ਦਾ ਟੋਭਾ ਟੇਕ ਸਿੰਘ ਅਤੇ ਦਾਮਨ ਦੀ ਕਵਿਤਾ - ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ, ਪੜ੍ਹੀ ਹੋਈ ਹੈ। ਇੰਦਰਾ ਗਾਂਧੀ ਦੇ ਕਤਲ ਤੋਂ ਬਾਦ ਦਿੱਲੀ ਦੰਗਿਆਂ ਬਾਰੇ ਲਿਖਦਾ ਹੈ - 1857 ਦੇ ਗਦਰ ਸਮੇਂ ਦੇ ਕਤਲਿਆਮ ਤੋਂ ਬਾਦ 1984 ਵਿਚ ਦਿੱਲੀ ਸ਼ਹਿਰ ਨੇ ਸਿੱਖਾਂ ਦਾ ਭਾਰੀ ਕਤਲਿਆਮ ਦੇਖਿਆ।

ਇਸ ਕਿਤਾਬ ਵਿਚ ਪੂਰਬੀ ਅਤੇ ਪੱਛਮੀ ਪੰਜਾਬਾਂ ਦੇ ਮਾਰਚ 2013 ਤੱਕ ਦੇ ਹਾਲਾਤ ਵਰਣਿਤ ਹਨ। ਕਿਤਾਬ ਪੜ੍ਹਦਿਆਂ ਕਈ ਵਾਰ ਦਿਲ ਉਦਾਸ ਹੋਇਆ ਪਰ ਰਾਜਮੋਹਨ ਜਜ਼ਬਾਤਾਂ ਤੋਂ ਮੁਕਤ ਹੈ। ਉਹ ਆਪਣੇ ਬਾਬੇ ਮਹਾਤਮਾ ਗਾਂਧੀ ਬਾਰੇ ਲਿਖਦਿਆਂ ਵੀ ਸੰਤੁਲਨ ਨਹੀਂ ਗੁਆਉਂਦਾ। ਬੰਗਾਲ ਦੇ ਬ੍ਰਾਹਮਣ ਬੈਨਰਜੀ ਖਾਨਦਾਨਾਂ ਨੇ ਜਿਵੇਂ ਸਿੱਖ ਇਤਿਹਾਸ ਲਿਖ ਕੇ ਗੁਰੂ ਸਾਹਿਬਾਨ ਦਾ ਰਿਣ ਉਤਾਰਿਆ ਸੀ, ਗੁਜਰਾਤੀ ਰਾਜਮੋਹਨ ਨੇ ਇਸ ਕਿਤਾਬ ਰਾਹੀਂ ਵਿਸ਼ਾਲ ਪੰਜਾਬ ਨੂੰ ਸਜਦਾ ਕੀਤਾ ਹੈ। ਸਮਰਪਣ ਦੇ ਸ਼ਬਦ ਹਨ:

''ਇਨਸਾਨੀਅਤ ਦੇ ਪੁੰਜ ਅਤੇ ਪਿਆਰੇ ਮਿੱਤਰਾਂ ਖੁਸ਼ਵੰਤ ਸਿੰਘ (ਸਰਗੋਧੇ ਅਤੇ ਲਾਹੌਰ ਤੋਂ ਬਾਦ ਦਿੱਲੀ ਵਸਿਆ), ਮੁਬਾਸ਼ਿਰ ਹਸਨ (ਪਾਣੀਪਤੋਂ ਜਾਕੇ ਲਾਹੌਰ ਵਸਿਆ) ਤੇ ਪਿਆਰੇ ਲਾਲ ਨੱਯਰ, ਜਿਸਨੇ ਵੰਡ ਤੋਂ ਪਹਿਲਾਂ ਤੇ ਵੰਡ ਤੋਂ ਬਾਦ ਪੰਜਾਬ-ਬੰਗਾਲ ਨੂੰ ਪਿਆਰ ਕਰਨਾ ਨਹੀਂ ਛੱਡਿਆ, ਨੂੰ ਸਮਰਪਣ।"

ਕਿਤਾਬ ਪੜ੍ਹ ਕੇ ਸਤਿਆਰਥੀ ਦਾ ਬੰਦ ਯਾਦ ਆਇਆ:

ਇਸ ਸ਼ਹਿਰ ਦਾ ਕੀ ਇਤਿਹਾਸ, ਵੱਜਦਾ ਆਵੇ ਢੋਲ।
ਮੈਂ ਥਲ ਦਾ ਅੰਨ੍ਹਾ ਦਰਵੇਸ, ਹੰਝੂ ਜਿਸਦੇ ਬੋਲ।।

*****

(ਨੋਟ: ਹੁਣ ਇਸ ਪੁਸਤਕ ਦਾ ਪੰਜਾਬੀ ਰੂਪ ਲੋਕਗੀਤ ਪ੍ਰਕਾਸ਼ਨ ਨੇ ਛਾਪਿਆ ਹੈ।)

(36)

ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)

About the Author

ਡਾ. ਹਰਪਾਲ ਸਿੰਘ ਪੰਨੂ

ਡਾ. ਹਰਪਾਲ ਸਿੰਘ ਪੰਨੂ

Phone: (91 - 94642 - 51454)
Email: (harpalsinghpannu@gmail.com)

More articles from this author