“ਮੇਰੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ। ਮੈਂ ਵੀ ਸੁਪਰਡੰਟ ਦੇ ਕਮਰੇ ਵਿੱਚ ਚਲਾ ਗਿਆ। ਡਾ. ਟਿਵਾਣਾ ਨੇ ਮੈਨੂੰ ਦੱਸਿਆ, ...”
(28 ਮਈ 2024)
ਇਸ ਸਮੇਂ ਪਾਠਕ: 390.
ਮੈਂ 31 ਅਕਤੂਬਰ 1983 ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲੈਕਚਰਾਰ ਭਰਤੀ ਹੋਇਆ ਸਾਂ। ਅਜੇ ਪ੍ਰੋਬੇਸ਼ਨ ਦਾ ਸਮਾਂ ਲੰਘ ਰਿਹਾ ਸੀ ਕਿ ਮਈ 1984 ਦੇ ਅਖੀਰਲੇ ਹਫਤੇ ਕੁਝ ਵਿਦਿਆਰਥੀ ਮੇਰੇ ਕੋਲ ਆਏ ਤੇ ਕਹਿੰਦੇ, “ਸਰ ਜੂਨ ਦਾ ਮਹੀਨਾ ਛੁੱਟੀਆਂ ਵਿੱਚ ਘਰ ਜਾਵਾਂਗੇ ... ਅਸੀਂ ਤਾਂ ਛਬੀਲ ਲਾਉਣੀ ਲਾਵਾਂਗੇ।”
ਮੈਂ ਕਿਹਾ, “ਸੇਵਾ ਹੀ ਕਰਨੀ ਹੈ, ਪਹਿਲਾਂ ਕਰ ਲੈਨੇ ਆਂ।”
ਫੌਜੀ ਗੱਡੀਆਂ ਪੰਜਾਬ ਵੱਲ ਆ ਰਹੀਆਂ ਸਨ, ਅਸੀਂ ਰੋਕ ਰੋਕ ਫੌਜੀਆਂ ਨੂੰ ਸ਼ਰਬਤ ਪਿਲਾਉਂਦੇ।
ਇੱਕ ਜੂਨ 1984 ਤੋਂ ਲੋਕਾਂ ਨੇ ਰੇਡੀਓ ਸੁਣਨੇ, ਟੀਵੀ ਦੇਖਣੇ ਸ਼ੁਰੂ ਕਰ ਦਿੱਤੇ ਸਨ ਕਿ ਦਰਬਾਰ ਸਾਹਿਬ ਦੁਆਲੇ ਫੌਜ ਨੇ ਘੇਰਾ ਪਾ ਲਿਆ ਹੈ। ਪੰਜਾਬ ਵਿੱਚ ਕਰਫਿਊ। ਆਖਰ ਖ਼ਬਰ ਸੁਣੀ - ਫੌਜ ਨੇ ਮੁਕੰਮਲ ਸਫਾਇਆ ਕਰ ਦਿੱਤਾ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਰਛਪਾਲ ਸਿੰਘ ਦੀਆਂ ਲਾਸ਼ਾਂ ਦੀ ਸ਼ਨਾਖਤ ਹੋ ਗਈ ਹੈ।
ਸੁਖਦਿਆਲ ਦਾ ਫੋਨ ਆਇਆ, “ਕੀ ਕੀਤਾ ਇਸ ਸਾਧ ਨੇ? ਨਾਲੇ ਆਪ ਮਰ ਗਿਆ, ਨਾਲੇ ਸਾਥੀਆਂ ਨੂੰ ਮਰਵਾ ਗਿਆ। ... ਹੁਣ ਆਪਣੀ ਵੀ ਵਾਰੀ ਆਈ ਸਮਝ ...।”
ਮੈਂ ਘਰੋਂ ਭੱਜ ਗਿਆ। ਕਿੱਥੇ ਜਾਣਾ ਹੈ, ਪਤਾ ਨਹੀਂ। ਇੱਕ ਦੋਸਤ ਦੇ ਪਿੰਡ ਵਿਚਲੇ ਘਰ ਗਿਆ। ਮੈਨੂੰ ਦੇਖਕੇ ਦੋਸਤ ਭੱਜ ਗਿਆ। ਉਸਦੀ ਮਾਂ ਨੇ ਕੇਵਲ ਇੰਨਾ ਕਿਹਾ, “ਇੱਥੋਂ ਚਲਾ ਜਾਹ।”
ਕੰਧ ਨਾਲ ਟੇਢੀ ਖੜ੍ਹੀ ਕੀਤੀ ਮੰਜੀ ਮੈਂ ਆਪੇ ਰੁੱਖ ਦੀ ਛਾਂ ਹੇਠ ਡਾਹ ਕੇ ਬੈਠ ਗਿਆ ਤੇ ਕਿਹਾ, “ਮਾਂ ਪਾਣੀ ਪਿਲਾ।”
ਮਾਈ ਫਟਾਫਟ ਪਾਣੀ ਦਾ ਗਲਾਸ ਲੈ ਆਈ। ਮੇਰੇ ਪੈਰੀਂ ਪਾਈਆਂ ਚੱਪਲਾਂ ਵਿੱਚ ਰੇਤ ਅਤੇ ਪਸੀਨੇ ਕਾਰਨ ਚਿੱਕੜ ਹੋ ਗਿਆ ਸੀ। ਮੈਂ ਕਿਹਾ, “ਪੈਰ ਧੋਣੇ ਹਨ, ਪਾਣੀ?”
ਮਾਈ ਤੇਜ਼ੀ ਨਾਲ ਬਾਲਟੀ ਵਿੱਚ ਦੋ ਕੁ ਸੇਰ ਪਾਣੀ ਪਾ ਲਿਆਈ ਤੇ ਮੇਰੇ ਪੈਰ ਆਪੇ ਧੋ ਦਿੱਤੇ, ਚੱਪਲਾਂ ਧੋ ਦਿੱਤੀਆਂ। ਉਸ ਨੂੰ ਲੱਗਾ ਪੈਰ ਧੋਣ ਵਿੱਚ ਮੈਂ ਦੇਰ ਲਾ ਦੇਵਾਂਗਾ। ਫਿਰ ਕਹਿੰਦੀ, “ਹੁਣ ਤੂੰ ਜਾਹ।”
ਹਰ ਪਾਸਿਉਂ ਅਜਿਹਾ ਸਲੂਕ ਦੇਖਕੇ ਮੈਂ ਥੱਕ ਗਿਆ ਤੇ 24 ਜੂਨ ਨੂੰ ਘਰ ਆ ਗਿਆ। ਮੇਰੀ ਬੀਵੀ ਨੇ ਦੱਸਿਆ, “ਸੁਖਦਿਆਲ ਆਇਆ ਸੀ। ਕਹਿੰਦਾ, ਮੈਨੂੰ ਫੜ ਕੇ ਲੈ ਗਏ ਸਨ ਫੌਜੀ। ਦੋ ਕੁ ਘੰਟੇ ਪੁੱਛ-ਗਿੱਛ ਕਰਕੇ ਛੱਡ ਦਿੱਤਾ। ਮੈਂ ਪੰਨੂ ਦੀ ਗੱਲ ਕਰ ਆਇਆ ਹਾਂ, ਕਹਿੰਦੇ, ਭੇਜ ਦੇ, ਕੁਝ ਨਹੀਂ ਕਹਿੰਦੇ। ਦੂਖ ਨਿਵਾਰਨ ਸਾਹਿਬ ਲਾਗੇ ਮਾਡਲ ਸਕੂਲ ਵਿੱਚ ਬ੍ਰਿਗੇਡੀਅਰ ਚੌਧਰੀ ਦਾ ਕੈਂਪ ਹੈ।”
ਮੈਂ ਚਲਾ ਗਿਆ। ਸਖ਼ਤ ਪਹਿਰਿਆਂ ਵਿੱਚੋਂ ਦੀ ਲੰਘਦਾ ਹੋਇਆ ਚੌਧਰੀ ਕੋਲ ਪੁੱਜਾ। ਉਸਨੇ ਡਾਇਰੀ ਫਰੋਲੀ। ਕਿਧਰੇ ਫੋਨ ਮਿਲਾਏ। ਮੇਰਾ ਹੁਲੀਆ ਨੋਟ ਕੀਤਾ। ਘਰ ਦਾ ਸਿਰਨਾਵਾਂ ਲਿਖਿਆ ਤੇ ਘੰਟੇ ਕੁ ਬਾਦ ਕਹਿੰਦਾ, “ਮੇਰੇ ਕੋਲ ਤੁਹਾਡੇ ਖਿਲਾਫ ਕੋਈ ਸੂਚਨਾ ਨਹੀਂ ਹੈ ਪਰ ਘਰ ਰਹਿਓ, ਲੋੜ ਪੈਣ ’ਤੇ ਬੁਲਾ ਸਕਦੇ ਹਾਂ।”
ਮੈਂ ਕਿੱਥੇ ਜਾਣਾ ਸੀ? ਘਰ ਆ ਗਿਆ। ਪੱਚੀ-ਛੱਬੀ ਜੂਨ ਦੀ ਵਿਚਕਾਰਲੀ ਅੱਧੀ ਰਾਤ ਨੂੰ ਦਰਵਾਜ਼ੇ ਦੀ ਘੰਟੀ ਵੱਜੀ। ਬਾਹਰ ਸਰਚ ਲਾਈਟਾਂ, ਬਖਤਰਬੰਦ ਗੱਡੀਆਂ। ਮੈਂ ਦਰਵਾਜਾ ਖੋਲ੍ਹ ਦਿੱਤਾ। ਕਿਸੇ ਅਫਸਰ ਨੇ ਪੁੱਛਿਆ, “ਪ੍ਰੋਫੈਸਰ ਪੰਨੂ?”
ਮੈਂ ਕਿਹਾ, “ਹਾਂ।”
ਮੇਰੇ ਦੁਆਲੇ ਚਾਰ ਫੌਜੀਆਂ ਨੇ ਘੇਰਾ ਪਾ ਲਿਆ। ਬਾਕੀ ਤਲਾਸ਼ੀ ਲੈਣ ਲੱਗੇ। ਉਸ ਸਮੇਂ ਮੈਂ ਪੀਐੱਚ. ਡੀ, ਕਰ ਰਿਹਾ ਸਾਂ। ਉਨ੍ਹਾਂ ਹਜ਼ਾਰ ਕੁ ਹੱਥ ਲਿਖਤ ਪੰਨੇ ਚੁੱਕੇ, ਸੋਚਿਆ ਹੋਵੇਗਾ ਕਿ ਸ਼ਾਇਦ ਖਾਲਿਸਤਾਨ ਦੀ ਵਿਉਂਤਬੰਦੀ ਲਿਖੀ ਹੋਵੇ। ਛਪੀ ਕਿਤਾਬ ਉਨ੍ਹਾਂ ਨਹੀਂ ਚੁੱਕੀ। ਟੇਪ ਰਿਕਾਰਡ ਅਤੇ ਸਾਰੀਆਂ ਕੈਸਟਾਂ ਲੈ ਗਏ।
ਮੈਨੂੰ ਕਹਿੰਦੇ, “ਇਸ ਗੱਡੀ ਵਿੱਚ ਬੈਠ।”
ਮੈਂ ਥ੍ਰੀਟੱਨਰ ਗੱਡੀ ਦੇ ਅਗਲੇ ਪਾਸੇ ਨੂੰ ਹੋਇਆ ਤਾਂ ਫੌਜੀ ਕਹਿੰਦਾ, “ਉੱਧਰ।”
ਮੈਂ ਪਿਛਲੇ ਪਾਸਿਉਂ ਚੜ੍ਹਕੇ ਸਾਈਡ ਵਾਲੇ ਬੈਂਚ ਉੱਤੇ ਬੈਠ ਗਿਆ ਤਾਂ ਇੱਕ ਫੌਜੀ ਨੇ ਧੱਕਾ ਮਾਰ ਕੇ ਕਿਹਾ, “ਬਹਿਨ ਚੋ … ਨੀਚੇ ਬੈਠ। ਹਮਾਰੇ ਬਰਾਬਰ ਬੈਠੇਂਗਾ?”
ਮੈਂ ਹੇਠਾਂ ਫਰਸ਼ ’ਤੇ ਬੈਠ ਗਿਆ। ਰਾਜਪੁਰਾ ਰੋਡ ਚੜ੍ਹ ਗਏ ਤਾਂ ਇੱਕ ਫੌਜੀ ਨੇ ਪਹਿਲਾਂ ਮੇਰੇ ਹੱਥ ਪਿੱਠ ਪਿੱਛੇ ਕਰਕੇ ਬੰਨ੍ਹ ਦਿੱਤੇ, ਫਿਰ ਅੱਖਾਂ ਉੱਪਰ ਗੰਦਾ ਤੌਲੀਆ ਲਪੇਟ ਕੇ ਬੰਨ੍ਹ ਦਿੱਤਾ, ਜਿਸ ਵਿੱਚੋਂ ਪਸੀਨੇ ਦੀ ਬੂ ਆ ਰਹੀ ਸੀ। ਮੈਂ ਕਿਹਾ, “ਨੱਕ ਉੱਪਰੋਂ ਕੱਪੜਾ ਉੱਪਰ ਕਰ ਦਿਓ?”
ਇਹ ਸੁਣਦਿਆਂ ਫੌਜੀਆਂ ਨੇ ਘਸੁੰਨ ਅਤੇ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ। ਗਾਲ੍ਹਾਂ ਦੀ ਵਾਛੜ।
ਅੱਧੇ ਕੁ ਘੰਟੇ ਬਾਦ ਗੱਡੀ ਕਿਤੇ ਰੁਕੀ। ਡਾਲਾ ਖੁੱਲ੍ਹਿਆ। ਚੁੱਕ ਕੇ ਹੇਠਾਂ ਪਟਕ ਦਿੱਤਾ। ਕੁਝ ਹੋਰ ਲੋਕ ਵੀ ਹੌਲੀ ਹੌਲੀ ਪੰਜਾਬੀ ਬੋਲ ਰਹੇ ਸਨ। ਪਤਾ ਲੱਗਾ ਕਿ ਇਹ ਤਿੰਨ ਜੂਨ ਨੂੰ ਦੂਖ ਨਿਵਾਰਨ ਸਾਹਿਬ ਦੀ ਸਰਾਂ ਵਿੱਚੋਂ ਫੜੇ ਗਏ ਮੁੰਡੇ ਸਨ। ਫੌਜੀ ਆਪਸ ਵਿੱਚ ਗੱਲਾਂ ਕਰ ਰਹੇ ਸਨ, “ਬੜੀ ਮਛਲੀ ਪਕੜੀ ਹੈ। ਖੂਬ ਭੇਦ ਖੁਲੇਂਗੇ।”
ਮੈਂ ਮੁੰਡਿਆਂ ਨੂੰ ਪੁੱਛਿਆ, “ਕੌਣ ਫੜਿਆ ਗਿਆ ਹੈ?”
ਉਹ ਕਹਿੰਦੇ, “ਤੁਸੀਂ, ਹੋਰ ਕੌਣ? ਤੁਹਾਨੂੰ ਖੂੰਖਾਰ ਸਮਝ ਰਹੇ ਹਨ।”
ਤਨ ’ਤੇ ਕੋਈ ਕੱਪੜਾ ਨਹੀਂ, ਅਲਫ ਨੰਗੇ। ਹੱਥ ਪਿੱਛੇ ਹੱਥਕੜੀ ਨਾਲ ਬੰਨ੍ਹੇ ਹੋਏ, ਅੱਖਾਂ ’ਤੇ ਕੱਪੜਾ। ਸਾਰਾ ਦਿਨ ਇੰਟੈਰੋਗੇਸ਼ਨ। ਰਾਤ ਨੂੰ ਹਰ ਅੱਧੇ ਘੰਟੇ ਬਾਦ ਵਿਸਲ ਵੱਜਣ ਤੇ ਸਾਰੇ ਖਲੋ ਜਾਣ, ਫਿਰ ਬੈਠ ਜਾਣ। ਜਦੋਂ ਹੱਥ ਪਿੱਛੇ ਬੰਨ੍ਹੇ ਹੋਣ, ਬੰਦਾ ਲੇਟ ਨਹੀਂ ਸਕਦਾ। ਕਰੰਟ ਲਾਉਂਦੇ, ਫਰਸ਼ ’ਤੇ ਬਜਰੀ ਖਲਾਰ ਕੇ ਗੋਡਣੀਆਂ ਭਾਰ ਰਿੜ੍ਹਨ ਲਈ ਆਖਦੇ। ਜਖ਼ਮ ਹੋ ਗਏ, ਮੱਖੀਆਂ ਨਾ ਉਡਾ ਸਕਦੇ। ਕਈਆਂ ਦੇ ਜਖ਼ਮਾਂ ਵਿੱਚ ਕੀੜੇ ਪੈ ਗਏ। ਮੈਨੂੰ ਵਧੀਕ ਟਾਰਚਰ ਇਸ ਲਈ ਕਰਦੇ ਰਹੇ ਕਿ ਹੰਢਿਆ ਹੋਇਆ ਅਪਰਾਧੀ ਹੈ, ਭੇਦ ਨਹੀਂ ਖੋਲ੍ਹਦਾ। ਅਸੀਂ ਮਿੰਨਤਾਂ ਕਰਦੇ ਕਿ ਜ਼ਖਮ ਉੱਤੇ ਰੇਤ ਦੀ ਮੁੱਠੀ ਪਾ ਦਿਓ, ਮੱਖੀਆਂ ਨਾ ਖਾਣ। ਸ਼ੁਹ ਜ਼ਖਮਾਂ ’ਤੇ ਠੁੱਡੇ ਮਾਰਦੇ।...
ਕੋਈ ਕੈਪਟਨ ਮਹਿਰਾ ਇਸ ਤਸੀਹਾ ਕੇਂਦਰ ਦਾ ਇੰਚਾਰਜ ਸੀ ਜੋ ਅਕਸਰ ਫੌਜੀਆਂ ਨੂੰ ਹਦਾਇਤ ਦਿੰਦਾ, “ਇਨ ਹਰਾਮਜ਼ਾਦੋਂ ਸੇ ਬਾਤ ਮੱਤ ਕਰੋ। ਤੁਮ੍ਹਾਰੀ ਆਵਾਜ਼ ਇਨ ਕੇ ਕਾਨੋਂ ਮੇਂ ਰਜਿਸਟਰ ਹੋ ਗਈ ਤੋਂ ਆਵਾਜ਼ ਸੇ ਤੁਮੇ ਪਛਾਣ ਕੇ ਕਤਲ ਕਰ ਦੇਂਗੇ।”
ਬਹੁਤ ਸਾਰੀਆਂ ਵਾਰਦਾਤਾਂ ਹੱਲ ਹੋ ਗਈਆਂ ਪਰ ਪਤਾ ਨਹੀਂ ਲਗਦਾ ਸੀ ਕਿ ਪ੍ਰੋ. ਵਿਸ਼ਵਨਾਥ ਤਿਵਾੜੀ ਦਾ ਕਤਲ ਕਿਸਨੇ ਕੀਤਾ ਹੈ। ਮੈਥੋਂ ਪੁੱਛਣ ਲੱਗੇ, “ਉਏ ਪ੍ਰੋਫੈਸਰ, ਤੂ ਬਤਾ।”
ਮੈਂ ਕਿਹਾ, “ਮੈਂ ਕੀਤਾ ਸੀ।”
ਪੁੱਛਿਆ, “ਬੰਦੂਕ ਕਹਾਂ ਸੇ ਲਾਇਆ ਥਾ?”
ਮੈਂ ਕਿਹਾ, “ਅੰਬਰਸਰੋਂ ... ਭਾਈ ਅਮਰੀਕ ਸਿੰਘ ਕੋਲੋਂ।”
“ਕਤਲ ਕਰ ਕੇ ਫਿਰ ਬੰਦੂਕ ਕਹਾਂ ਛਿਪਾਈ?”
ਮੈਂ ਕਿਹਾ, “ਭਾਈ ਅਮਰੀਕ ਸਿੰਘ ਨੂੰ ਵਾਪਸ ਫੜਾ ਆਇਆ ਸਾਂ।”
ਬਰਾਮਦਗੀ ਤੋਂ ਖਹਿੜਾ ਛੁੱਟਿਆ। ... ਸਮਾਣੇ ਤੋਂ ਮੇਰੀਆਂ ਤਿੰਨ ਭੈਣਾਂ ਫੜੀਆਂ, ਕਹਿਰਾਂ ਦੇ ਤਸੀਹੇ ਦਿੱਤੇ। ਉਨ੍ਹਾਂ ਵਿੱਚੋਂ ਦੋ ਹੁਣ ਪ੍ਰੋਫੈਸਰ ਰਿਟਾਇਰ ਹੋ ਚੁੱਕੀਆਂ ਹਨ।
ਤਸੀਹਿਆਂ ਤੋਂ ਨਹੀਂ, ਇਸ ਗੱਲੋਂ ਡਰ ਰਿਹਾ ਸਾਂ ਕਿ ਪ੍ਰੋਬੇਸ਼ਨ ’ਤੇ ਹਾਂ, ਕਾਂਗਰਸ ਦਾ ਲਾਇਆ ਵੀਸੀ ਜੌਹਲ ਬਿਨਾਂ ਨੋਟਿਸ ਨੌਕਰੀ ਵਿੱਚੋਂ ਕੱਢਕੇ ਅਹੁ ਮਾਰੇਗਾ।
ਖੁੱਲ੍ਹੀ ਛੱਤ ਵਾਲੀਆਂ ਗੱਡੀਆਂ ਧੁੱਪੇ ਖਲ੍ਹਾਰਕੇ 12 ਕੁ ਵਜੇ ਦੁਪਹਿਰ ਸਾਨੂੰ ਉਨ੍ਹਾਂ ਵਿੱਚ ਸੁੱਟ ਦਿੰਦੇ। ਨੰਗੇ ਜਿਸਮ ਭੱਠੀ ਵਿਚਲੇ ਦਾਣਿਆਂ ਵਾਂਗ ਭੁੱਜਦੇ। ਚਮੜੀ ਉੱਧੜ ਗਈ।
ਲਗਦਾ ਸੀ ਜਿਉਂਦੇ ਨਹੀਂ ਛੱਡਣਗੇ, ਇਸ ਲਈ ਦਰਦ ਹੋਣੋਂ ਹਟ ਗਿਆ। ਜਦੋਂ ਪਤਾ ਲੱਗਾ ਅਦਾਲਤ ਵਿੱਚ ਪੇਸ਼ ਕਰਕੇ ਜੇਲ੍ਹ ਭੇਜਣਗੇ, ਮਰਾਂਗੇ ਨਹੀਂ, ਪੋਟਾ ਪੋਟਾ ਦਰਦ ਕਰਨ ਲੱਗਾ। ਜੁਲਾਈ ਦੇ ਅਖੀਰਲੇ ਦਿਨੀਂ ਜਦੋਂ ਅਦਾਲਤ ਵਿੱਚ ਪੇਸ਼ ਕੀਤੇ, ਸਾਡੇ ਜਿਸਮਾਂ ਵਿੱਚੋਂ ਬਦਬੂ ਆ ਰਹੀ ਸੀ। ਇੰਨੇ ਦਿਨ ਨਾ ਨਹਾਤੇ, ਨਾ ਦਾਤਣ ਕੀਤੀ। ਕੁਝ ਵਕੀਲ ਸਾਡੇ ਮੁਕੱਦਮੇ ਫਰੀ ਲੜਨ ਲਈ ਅਦਾਲਤ ਵਿੱਚ ਹਾਜ਼ਰ ਹੋਏ। ਜਦੋਂ ਸੈਂਟਰਲ ਜੇਲ੍ਹ ਪਟਿਆਲਾ ਵਿੱਚ ਲੈ ਕੇ ਗਏ, ਜੇਲ੍ਹ ਸੁਪਰਡੰਟ ਨੇ ਇਹ ਕਹਿਕੇ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਇਹ ਜਖ਼ਮੀ ਹਨ, ਦੂਜੇ ਇਹੋ ਜਿਹੇ ਖਤਰਨਾਕ ਮੁਜਰਿਮਾਂ ਵਾਸਤੇ ਇਹ ਜੇਲ੍ਹ ਠੀਕ ਨਹੀਂ। ਫਿਰ ਸਾਨੂੰ ਸਖ਼ਤ ਸੁਰੱਖਿਆ ਵਾਲੀ ਨਾਭੇ ਵਾਲੀ ਵਿੱਚ ਛੱਡ ਆਏ, ਜਿੱਥੇ ਹਰ ਇੱਕ ਨੂੰ ਇਕੱਲਿਆਂ ਇਕੱਲਿਆਂ ਕਾਲ ਕੋਠੜੀ ਵਿੱਚ ਬੰਦ ਕਰ ਦਿੱਤਾ। ਕਿਤੇ ਜ਼ਮਾਨਤਾਂ ਨਾ ਕਰਾ ਲੈਣ, ਨੈਸ਼ਨਲ ਸਕਿਉਰਟੀ ਐਕਟ ਤਹਿਤ ਬੰਦੀ ਬਣਾ ਦਿੱਤੇ।
ਹਰਵਿੰਦਰ ਸਿੰਘ ਖਾਲਸਾ ਦਾ ਐੱਮ.ਫਿਲ. ਦਾ ਵਾਈਵਾ ਲੈਣ ਵਾਸਤੇ ਪੰਜਾਬੀ ਵਿਭਾਗ ਦੇ ਤਿੰਨ ਪ੍ਰੋਫੈਸਰ ਜੇਲ੍ਹ ਵਿੱਚ ਆ ਗਏ। ਡਾ. ਤ੍ਰਲੋਕ ਸਿੰਘ ਅਨੰਦ, ਡਾ. ਕਰਤਾਰ ਸਿੰਘ ਸੂਰੀ ਅਤੇ ਡਾ. ਦਲੀਪ ਕੌਰ ਟਿਵਾਣਾ। ਡਾ. ਟਿਵਾਣਾ ਨੇ ਕਿਹਾ, “ਪੰਨੂ ਨੂੰ ਵੀ ਸੱਦੋ।”
ਮੇਰੀ ਕੋਠੜੀ ਦਾ ਦਰਵਾਜ਼ਾ ਖੁੱਲ੍ਹਿਆ। ਮੈਂ ਵੀ ਸੁਪਰਡੰਟ ਦੇ ਕਮਰੇ ਵਿੱਚ ਚਲਾ ਗਿਆ। ਡਾ. ਟਿਵਾਣਾ ਨੇ ਮੈਨੂੰ ਦੱਸਿਆ, “ਪੰਨੂੰ, ਵੀ.ਸੀ. ਡਾ. ਜੌਹਲ ਤਿੰਨ ਗਵਰਨਰਾਂ ਨੂੰ ਮਿਲੇ, ਪਾਂਡੇ ਨੂੰ, ਸਤਾਰਾਵਾਲਾ ਨੂੰ ਤੇ ਅਰਜਣ ਸਿੰਘ ਨੂੰ ਕਿ ਤੇਰੀ ਰਿਹਾਈ ਹੋਵੇ। ਸਭ ਨੇ ਕਿਹਾ, ਸਾਡੇ ਵੱਸ ਵਿੱਚ ਨਹੀਂ। ਫਿਰ ਸਿੱਖ ਵਿਸ਼ਵਕੋਸ਼ ਦੀ ਪਹਿਲੀ ਜਿਲਦ ਰਿਲੀਜ਼ ਕਰਵਾਉਣ ਲਈ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਨੂੰ ਮਿਲੇ ਤੇ ਕਿਹਾ- ਸਾਡਾ ਇੱਕ ਪ੍ਰੋਫੈਸਰ ਨਾਜਾਇਜ਼ ਨਜ਼ਰਬੰਦ ਹੈ, ਰਿਹਾ ਕਰੋ। ਗਿਆਨੀ ਜੀ ਹੱਥ ਖੜ੍ਹੇ ਕਰ ਗਏ, ਕਹਿੰਦੇ, ਮੈਂ ਪੰਜਾਬ ਬਾਰੇ ਕੋਈ ਫੈਸਲਾ ਨਹੀਂ ਲੈ ਸਕਦਾ, ਮੇਰੇ ਤਾਂ ਟੈਲੀਫੋਨ ਕੱਟ ਦਿੱਤੇ ਹਨ।
ਇੰਨੇ ਨੂੰ ਚਾਹ ਆ ਗਈ। ਡਾ. ਸੂਰੀ ਕਹਿੰਦੇ, “ਕਮਾਲ ਐ, ਜੇਲ੍ਹ ਵਿੱਚ ਇੰਨੀ ਸੋਹਣੀ ਕਰਾਕਰੀ? ਕਮਾਲ ਐ, ਏ.ਸੀ. ਚੱਲ ਰਿਹਾ। ਮੈਂ ਪਹਿਲੀ ਵਾਰ ਜੇਲ੍ਹ ਆਇਆਂ, ਮੈਨੂੰ ਪਤਾ ਨਹੀਂ ਸੀ ਜੇਲ੍ਹ ਇੰਨੀ ਸੋਹਣੀ ਹੋਇਆ ਕਰਦੀ ਐ।”
ਮੈਂ ਕਿਹਾ, “ਜਿੱਥੇ ਤੁਸੀਂ ਬੈਠੇ ਹੋ ਸੂਰੀ ਸਾਹਿਬ, ਇਹ ਜੇਲ੍ਹ ਨਹੀਂ, ਜੇਲ੍ਹ ਸੁਪਰਡੰਟ ਦਾ ਦਫਤਰ ਹੈ। ਜੇਲ੍ਹ ਨਾ ਤੁਸੀਂ ਕਦੀ ਦੇਖੀ, ਰੱਬ ਕਰੇ ਨਾ ਦੇਖੋਂ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(5002)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)