“ਲੋਕ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਮਸਲਿਆਂ ਤੋਂ ਭਟਕਾ ਕੇ ਲੋਕਾਂ ਦੀ ...”
(10 ਮਈ 2024)
ਇਸ ਸਮੇਂ ਪਾਠਕ: 130.
ਪੰਜ ਸਾਲ ਬਾਅਦ ਸਾਡੇ ਦਰਾਂ ਮੋਹਰੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਆਸਤਦਾਨ ਲੁਭਾਉਣੇ ਵਾਅਦਿਆਂ ਨਾਲ ਸਾਡੀਆਂ ਵੋਟਾਂ ਮੰਗਣ ਆਉਂਦੇ ਹਨ। ਚੋਣਾਂ ਦੇ ਮੌਕੇ ਹਰ ਪਾਸੇ ਸਿਅਸਤ ਦਾ ਬੋਲ ਬਾਲਾ ਹੁੰਦਾ ਹੈ। ਆਪਣੀ ਹੋਣੀ ਬਾਰੇ ਫਿਕਰਮੰਦ ਲੋਕ ਇਹਨਾਂ ਸਿਆਸਤਦਾਨਾਂ ਤੋਂ ਆਪਣੀਆਂ ਜ਼ਿੰਦਗੀ ਦੀ ਸਮੱਸਿਆਵਾਂ ਦੇ ਹੱਲ ਹੋਣ ਦੀ ਇੱਕ ਹੱਦ ਤਕ ਆਸ ਵੀ ਰੱਖਦੇ ਹਨ। ਇਹ ਆਪਣੀ ਜ਼ਿੰਦਗੀ ਨਾਲ ਸੰਬੰਧਤ ਬੁਨਿਆਦੀ ਮਸਲਿਆਂ ਨੂੰ ਉਭਾਰਨ ਅਤੇ ਹੋਰਨਾਂ ਨਾਲ ਸਾਂਝਾ ਕਰਨ ਦਾ ਵਿਸ਼ੇਸ਼ ਵਕਤ ਹੁੰਦਾ ਹੈ। ਚੋਣਾਂ ਦੇ ਅਜਿਹੇ ਭਖੇ ਮਾਹੌਲ ਵਿੱਚ ਵੱਖ-ਵੱਖ ਰੰਗਾਂ ਦੀਆਂ ਸਿਆਸੀ ਪਾਰਟੀਆਂ, ਉਮੀਦਵਾਰਾਂ ਵੱਲੋਂ ਆਪਣਾਈਆਂ ਗਈਆਂ ਨੀਤੀਆਂ, ਲਏ ਗਏ ਫੈਸਲਿਆਂ, ਕਾਰਗੁ਼ਜ਼ਾਰੀ ਦੀ ਪੁਣਛਾਣ, ਪਿਛਲੇ ਮੈਨੀਫੈਸਟੋਆਂ ਵਿੱਚ ਕੀਤੇ ਵਾਅਦਿਆਂ ’ਤੇ ਪੂਰੇ ਉਤਰਨ ਅਤੇ ਅਜੋਕੇ ਮੈਨੀਫੈਸਟੋਆਂ ਅੰਦਰ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਹਿਤ ਪੂਰੇ-ਸੂਰੇ ਪ੍ਰੋਗਰਾਮ ਬਾਬਤ ਜਵਾਬਦੇਹੀ ਮੰਗਣੀ, ਉਨ੍ਹਾਂ ਦਾ ਲੇਖਾ ਜੋਖਾ ਕਰਨਾ ਅਤੇ ਆਪਣਾ ਮਾਰਗ ਤੈਅ ਕਰਨ ਨਾਲ ਰੋਸ਼ਨ ਭਵਿੱਖ ਦੇ ਪੰਧ ਦੀ ਚੇਤਨਾ ਹਾਸਲ ਕਰਨੀ ਹਰ ਸ਼ਹਿਰੀ ਦਾ ਜਮਹੂਰੀ ਹੱਕ ਹੈ।
ਲੋਕ ਵਿਰੋਧੀ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਦਾ ਧਿਆਨ ਉਨ੍ਹਾਂ ਦੇ ਅਸਲੀ ਮਸਲਿਆਂ ਤੋਂ ਭਟਕਾ ਕੇ ਲੋਕਾਂ ਦੀ ਭਾਈਚਾਰਕ ਏਕਤਾ ਨੂੰ ਸੰਨ੍ਹ ਲਾਉਣ ਦੇ ਪਰਚਾਰ, ਕਾਰਵਾਈਆਂ ਪ੍ਰਤੀ ਚੋਕੰਨੇ ਹੋਣ ਦੀ ਲੋੜ ਹੈ। ਅਜਿਹੇ ਮਕਸਦ ਅਤੇ ਜ਼ਿੰਮੇਵਾਰੀ ਨੂੰ ਸਮਝਦਿਆਂ ਹੀ ਜਮਹੂਰੀ ਅਧਿਕਾਰ ਸਭਾ ਪੰਜਾਬ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਪੁੱਛਣ ਲਈ ਕੁਝ ਸਵਾਲ ਉਲੀਕੇ ਹਨ। ਆਸ ਹੈ ਕਿ ਹਰ ਸੂਝਵਾਨ, ਇਨਸਾਫਪਸੰਦ ਸ਼ਹਿਰੀ ਅਤੇ ਜਥੇਬੰਦੀਆਂ ਇਹਨਾਂ ਉੱਪਰ ਗੌਰ ਕਰਨਗੀਆਂ।
ਪਿਛਲੇ ਦਸ ਸਾਲਾਂ ਤੋਂ ਸੱਤਾ ’ਤੇ ਬਿਰਾਜਮਾਨ ਬੀਜੇਪੀ ਜਵਾਬ ਦੇਵੇ:
1. ਸੰਵਿਧਾਨ ਨੇ ਸਰਕਾਰ ਲਈ ਨੀਤੀ ਨਿਰਦੇਸ਼ ਦਿੱਤੇ ਹਨ ਕਿ ਸਰਕਾਰ ਦੀਆਂ ਨੀਤੀਆਂ ਬਰਾਬਰੀ ਵਾਲੇ ਸਮਾਜ ਲਈ ਆਰਥਿਕ ਨੀਤੀਆਂ ਅਪਣਾਵੇਗੀ ਪਰ ਅੰਕੜੇ ਦੱਸਦੇ ਹਨ ਕਿ ਪਿਛਲੇ ਦਸ ਸਾਲ ਵਿੱਚ ਨਾ ਬਰਾਬਰੀ ਚਰਮ ਸੀਮਾ ’ਤੇ ਹੈ। ਜਨਤਾ ਨਾਲ ਇਹ ਨੀਤੀਗਤ ਧੋਖਾ ਕਿਉਂ?
2. ਸੰਵਿਧਾਨ ਦੀ ਧਰਮ-ਨਿਰਪੱਖ ਤਾਸੀਰ ਨੂੰ ਧੁੰਦਲਾ ਕੇ ਇਸ ਵਿੱਚੋਂ ਕਾਲੇ ਕਾਨੂੰਨਾਂ ਵਰਗੀ ਲੋਕ ਵਿਰੋਧੀ ਸਮੱਗਰੀ ਨੂੰ ਖਤਮ ਕਰਨ ਦੀ ਬਜਾਏ ਇਸ ਨਿਜ਼ਾਮ ਨੂੰ ਹੋਰ ਪਿਛਾਂਹ ਖਿੱਚੂ, ਮਨੂੰਵਾਦੀ, ਜਾਬਰ, ਫਾਸ਼ੀਵਾਦੀ ਬਣਾਉਣ ਵੱਲ ਕਿਉਂ ਲਿਜਾ ਰਹੇ ਹੋ?
3. ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿੱਚ ਕਿਉਂ ਸੁੱਟ ਰਹੇ ਹੋ? ਕਈ ਕਈ ਸਾਲ ਜੇਲ੍ਹਾਂ ਵਿੱਚ ਬਗੈਰ ਮੁਕੱਦਮਾ ਚਲਾਏ ਬੰਦੀ ਕਿਉਂ ਰੱਖਿਆ ਹੈ?
4. ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਕਿਉਂ ਨਹੀਂ ਕੀਤੀਆਂ ਗਈਆਂ? ਉਹਨਾਂ ਦੀਆਂ ਫਸਲਾਂ ਦਾ ਵਾਜਬ ਮੁੱਲ ਕਿਉਂ ਨਹੀਂ ਯਕੀਨੀ ਕੀਤਾ ਜਾਂਦਾ।
5. ਦਲਿਤਾਂ ਅਤੇ ਔਰਤਾਂ ਵਿਰੁੱਧ ਜੁਰਮਾਂ ਨੂੰ ਕਿਉਂ ਹਵਾ ਦਿੱਤੀ ਜਾ ਰਹੀ ਹੈ ਅਤੇ ਔਰਤਾਂ ਉੱਪਰ ਜਬਰ ਦੀ ਰਿਪੋਰਟ ਕਰਨ ਵਾਲੇ ਪੱਤਰਕਾਰਾਂ ਨੂੰ ਕਿਉਂ ਜੇਲ੍ਹੀਂ ਸੁੱਟਿਆ ਗਿਆ?
6. ਕਮਜ਼ੋਰ ਵਰਗਾਂ ਲਈ ਕੰਮ ਦੇ ਹੱਕ - ਮਨਰੇਗਾ ਬੱਜਟ ਵਿੱਚ ਕਮੀ ਕਿਉਂ ਕੀਤੀ ਗਈ ਹੈ? 80 ਕਰੋੜ ਸ਼ਹਿਰੀਆਂ ਨੂੰ ਪੰਜ ਕਿਲੋ ਅਨਾਜ ਮੁਹਈਆਂ ਕਰਾਉਣਾ ਗਰੀਬ ਨੂੰ ਹੋਰ ਗਰੀਬ ਰੱਖਣਾ ਹੈ। ਉਸ ਨੂੰ ਕੰਮ ਦੇ ਕੇ ਆਤਮ ਨਿਰਭਰ ਕਿਉਂ ਨਹੀਂ ਕੀਤਾ ਜਾਂਦਾ?
7. ਪੁਲਿਸ ਮੁਕਾਬਲਿਆਂ ਦੇ ਮਾਮਲਿਆਂ ਵਿੱਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ?
8. ਹਕੂਮਤੀ ਮਸ਼ੀਨਰੀ ਵੱਲੋਂ ਢਾਹੇ ਜਾ ਰਹੇ ਜਬਰ ਦੀ ਪੜਤਾਲ ਕਰਨ ਦੀ ਮੰਗ ਕਰਨ ਵਾਲਿਆਂ (ਤੀਸਤਾ ਸੀਤਲਵੱਢ ਤੇ ਹਿਮਾਂਸ਼ੂ ਕੁਮਾਰ ਆਦਿ) ਨੂੰ ਕਸੂਰਵਾਰ ਕਿਉਂ ਠਹਿਰਾਇਆ ਜਾ ਰਿਹਾ ਹੈ?
9. ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਕਰਨ ਵੇਲੇ ਵਿਤਕਰਾ ਕਿਉਂ ਕੀਤਾ ਜਾ ਰਿਹਾ ਹੈ?
10. ਕਿਉਂ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਈਡੀ, ਸੀਬੀਆਈ, ਆਰਬੀਆਈ, ਇਨਕਮ ਟੈਕਸ, ਐੱਨ ਆਈਏ, ਸੀਏਜੀ ਨੂੰ ਸਿਆਸੀ ਵਿਰੋਧੀਆਂ ਖਿਲਾਫ ਹੀ ਵਰਤਿਆ ਜਾ ਰਿਹਾ ਹੈ?
11. ਰੋਸ ਪ੍ਰਗਟ ਕਰਨ ਦੇ ਹੱਕ ਨੂੰ ਵੱਖ ਵੱਖ ਢੰਗਾਂ ਨਾਲ ਕਿਉਂ ਦਰੜਿਆ ਜਾ ਰਿਹਾ ਹੈ?
12. ਸੰਸਦ ਵਿੱਚ ਰੋਸ ਪ੍ਰਗਟ ਕਰ ਰਹੇ ਨੌਜਵਾਨਾਂ ਉੱਪਰ ਯੂਏਪੀਏ ਕਿਉਂ ਲਗਾਇਆ ਗਿਆ? ਅਜਿਹੇ ਮੌਕੇ ਕਿਉਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਵੱਡੀ ਗਿਣਤੀ ਵਿੱਚ ਸਸਪੈਂਡ ਕੀਤਾ ਗਿਆ?
13. 9 ਕਰੋੜ ਔਰਤਾਂ ਨੂੰ ਗੈਸ ਸਲੰਡਰ ਮੁਫਤ ਦੇ ਕੇ ਪਰਚਾਰ ਕੀਤਾ ਜਾ ਰਿਹਾ ਪਰ ਇਸ ਪਿੱਛੇ ਗੈਸ ਕੰਪਨੀ ਨੂੰ 9 ਕਰੋੜ ਗਾਹਕ ਦੈਣ ਦੀ ਨੀਤੀ ਨੂੰ ਕਿਉਂ ਛੁਪਾਇਆ ਜਾ ਰਿਹਾ ਹੈ? ਅਗਰ ਔਰਤਾਂ ਨੂੰ 2 ਹਜ਼ਾਰ ਕਮਾਉਣ ਦੇ ਕਾਬਲ ਬਣਾਉਂਦੇ ਤਾਂ ਅਰਥ ਵਿਵਸਥਾ ਅਸਲ ਮਜ਼ਬੂਤ ਹੁੰਦੀ।
14. ਪ੍ਰਧਾਨ ਮੰਤਰੀ ਨੇ 10 ਸਾਲਾਂ ਵਿੱਚ ਪ੍ਰੈੱਸ ਕਾਨਫਰੰਸ ਕਿਉਂ ਨਹੀਂ ਕੀਤੀ? ਉਹ ਜਵਾਬ-ਦੇਹੀ ਤੋਂ ਕਿਉਂ ਮੁਨਕਰ ਹੋਇਆ?
15. ਤੁਹਾਡੇ ਸਿਆਸੀ ਮਨੋਰਥਾਂ ਨੂੰ ਪੂਰੇ ਕਰਨ ਵਾਲੇ ਜੱਜਾਂ ਅਤੇ ਉੱਚ ਅਧਿਕਾਰੀਆਂ ਨੂੰ ਸੇਵਾ ਮੁਕਤੀ ਬਾਅਦ ਰਾਜ ਸਭਾ ਦੀ ਮੈਂਬਰੀ ਜਾਂ ਹੋਰ ਸੰਵਿਧਾਨਕ ਅਹੁਦੇ ਕਿਉਂ ਦਿੱਤੇ ਜਾ ਰਹੇ ਹਨ? ਜ਼ਿੰਮੇਵਾਰ ਮੰਤਰੀ ਜੱਜਾਂ ਨੂੰ ਖੁੱਲ੍ਹੇ ਆਮ ਧਮਕੀਆਂ ਕਿਉਂ ਦੇ ਰਿਹਾ ਹੈ?
16. ਕਿਉਂ ਘੱਟਗਿਣਤੀਆਂ ਵਿਸ਼ੇਸ਼ ਕਰਕੇ ਮੁਸਲਮਾਨ-ਇਸਾਈ ਭਾਈਚਾਰੇ ਦੇ ਧਾਰਮਕ ਸਥਾਨਾਂ, ਖਾਣ ਪੀਣ, ਪਹਿਰਾਵੇ, ਵਿਆਹ ਸ਼ਾਦੀਆਂ ਨੂੰ ਨਫਰਤ ਦਾ ਨਿਸ਼ਾਨਾ ਬਣਾਇਆ ਗਿਆ? ਗੈਰ ਕਾਨੂੰਨੀ ਢੰਗ ਨਾਲ ਬੁੱਲਡੋਜ਼ਰ ਕਿਉਂ ਚਲਾਇਆ ਜਾਂਦਾ ਹੈ?
17. ਤੁਹਾਡੇ ਮੰਤਰੀ, ਪਾਰਟੀ ਮੈਂਬਰ ਤੇ ਸਹਿਯੋਗੀ ਸੰਗਠਨਾਂ ਦੇ ਮੈਂਬਰਾਂ ਦੇ ਨਫਰਤੀ ਭਾਸ਼ਨਾਂ ਨੂੰ ਨੱਥ ਕਿਉਂ ਨਹੀਂ ਪਾਈ ਗਈ?
18. ਦੇਸ਼ ਦੀ ਵੰਨਸੁਵੰਨਤਾ ਨੂੰ ਖ਼ਤਮ ਕਰਕੇ ਇੱਕ ਭਾਸ਼ਾ, ਇੱਕ ਧਰਮ, ਇੱਕ ਕੌਮ, ਇੱਕ ਟੈਕਸ, ਇੱਕ ਸਰਕਾਰ, ਇੰਕ ਚੋਣ, ਇੱਕ ਵਿੱਦਿਆ, ਇੱਕ ਸੱਭਿਆਚਾਰ ਦੇ ਰਾਹ ਕਿਉਂ ਪਏ ਹੋ?
19. ਸੰਘੀ ਢਾਂਚੇ ਦੀਆਂ ਖਾਮੀਆਂ ਖ਼ਤਮ ਕਰਨ ਦੀ ਬਜਾਏ ਇਸ ਢਾਂਚੇ ਨੂੰ ਹੀ ਖ਼ਤਮ ਕਿਉਂ ਕਰ ਰਹੇ ਹੋ?
21. ਚੋਣ ਬਾਂਡ ਸਕੀਮ ਕਿਉਂ ਲਾਗੂ ਕੀਤੀ ਗਈ? ਸੁਪਰੀਮ ਕੋਰਟ ਦੇ ਫੈਸਲੇ ਬਾਅਦ ਇਹ ਨਿਕਲ ਕੇ ਆਇਆਂ ਹੈ ਕਿ ਬਾਂਡ ਰਾਹੀਂ ਗੁਪਤ ਪੈਸੇ ਲੇ ਕੇ ਕੁਝ ਧਨਾਢਾਂ ਦੇ ਹਿਤ ਵਿੱਚ ਫੈਸਲੇ ਲਏ ਗਏ। ਲੋਕ ਵਿਰੋਧੀ ਨਿੱਜੀਕਰਨ ਨੀਤੀਆਂ ਕਿਉਂ ਲਾਗੂ ਕਰ ਰਹੇ ਹੋ?
22. ਬਸਤੀਵਾਦੀ ਹਾਕਮਾਂ ਖਿਲਾਫ ਸੰਗਰਾਮ ਦੀਆਂ ਪ੍ਰਾਪਤੀਆਂ ਨੂੰ ਕਿਉਂ ਮੇਸ ਰਹੇ ਹੋ? ਸ਼ਹਿਰੀ ਦਾ ਫਰਜ਼ ਕਿ ਵਿਗਿਆਨਕ ਵਿਚਾਰ ਦਾ ਧਾਰਨੀ ਹੋਵੇਗਾ ਦੇ ਉਲਟ ਗੈਰ ਵਿਗਿਆਨਕ ਵਿਚਾਰਾਂ ਨੂੰ ਸਰਕਾਰੀ ਤੰਤਰ ਰਾਹੀਂ ਕਿਉਂ ਫੈਲਾਇਆ ਜਾ ਰਿਹਾ ਹੈ?
23 ਮੁਫਤ ਤੇ ਮਿਆਰੀ ਵਿੱਦਿਆ ਤੇ ਸਿਹਤ ਸੇਵਾਵਾਂ ਹਰ ਦੇਸ਼ਵਾਸੀ ਦੇ ਜਮਹੂਰੀ ਹੱਕ ਤੋਂ ਮੁਨਕਰ ਕਿਉਂ ਹੈ ਸਰਕਾਰ? ਇਸਦੇ ਉਲਟ ਨਿੱਜੀਕਰਨ ਕਿਉਂ ਵਧਾ ਰਹੀ ਹੈ?
24. ਤੁਹਾਡੇ ਸ਼ਾਸਨ ਕਾਲ ਵਿੱਚ ਭੁੱਖਮਰੀ, ਨਾਬਰਾਬਰੀ, ਬੇਰੁਜ਼ਗਾਰੀ ਕਿਉਂ ਵਧੀ? 2014 ਵਿੱਚ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਵਾਲੇ ਤੁਹਾਡੇ ਵਾਅਦਾ ਦਾ ਕੀ ਬਣਿਆ?
28. ਮਜ਼ਦੂਰਾਂ ਦੇ ਕੰਮ ਦੇ ਘੰਟੇ ਕਿਉਂ ਵਧਾਏ ਜਾ ਰਹੇ ਹਨ? ਪੱਕੇ ਰੁਜ਼ਗਾਰ ਦੇ ਮੌਕੇ ਕਿਉਂ ਘਟਾ ਰਹੋ ਹੋ? ਮਜ਼ਦੂਰਾਂ ਦੀ ਸੁਰੱਖਿਆ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਤੋਂ ਮਾਲਕਾਂ ਨੂੰ ਕਿਉਂ ਛੋਟਾਂ ਦਿੱਤੀਆਂ ਜਾ ਰਹੀਆਂ ਹਨ?
29. ਮਜ਼ਦੂਰ, ਕਿਸਾਨ, ਨੌਜਵਾਨ, ਛੋਟੇ ਕਾਰੋਬਾਰੀਏ, ਵਿਦਿਆਰਥੀ ਖੁਦਕੁਸ਼ੀਆਂ ਦਾ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ?
30. ਕਾਰਪੋਰਟਾਂ ਨੂੰ ਟੈਕਸ ਛੋਟਾਂ, ਕਰਜ਼ੇ ਮੁਆਫ਼ ਕਿਉਂ ਕਰ ਰਹੇ ਹੋ? ਮਜ਼ਦੂਰਾਂ-ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤੀ ਕਿਉਂ ਨਹੀਂ?
31. ਮਾਰਚ 2020 ਵਿੱਚ ਲੋਕਾਂ ਦੀਆਂ ਰੋਜ਼ਮਰ੍ਹਾ ਦੀਆਂ ਜ਼ਰੂਰੀ ਲੋੜਾਂ ਅਤੇ ਇਲਾਜ ਦਾ ਬੰਦੋਬਸਤ ਕੀਤੇ ਬਿਨਾਂ ਦੇਸ਼ ਭਰ ਅੰਦਰ ਲੰਬਾ ਕਰਫਿਊ ਲਾ ਕੇ ਭੁੱਖੇ ਮਰਨ ਲਈ ਕਿਉਂ ਮਜਬੂਰ ਕੀਤਾ ਗਿਆ?
32. ਜਨਤਾ ਦੀ ਸਿਹਤ ਵਲ ਅਣਦੇਖੀ ਕਰੋਨਾ ਮਹਾਂਮਾਰੀ ਵੇਲੇ ਨੰਗੀ ਹੋਈ। ਕਰੋਨਾ ਬਿਮਾਰੀ ਬਾਰੇ ਅਧਿਕਾਰਤ ਜਾਣਕਾਰੀ, ਇਲਾਜ ਕਿਉਂ ਸਪਸ਼ਟ ਨਹੀਂ ਕੀਤੇ ਗਏ? ਅਣਅਧਿਕਾਰਤ ਜਬਰੀ ਟੀਕਾਕਰਨ ਕਿਉਂ ਅਤੇ ਕਰੋਨਾ ਨੂੰ ਇੱਕ ਫ਼ਿਰਕੇ ਸਿਰ ਕਿਉਂ ਮੜ੍ਹਿਆ ਗਿਆ?
33. ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਲਈ ਕਾਰਪੋਰਟ ਘਰਾਣਿਆਂ ਨੂੰ ਕਿਉਂ ਖੁੱਲ੍ਹਾਂ ਦਿੱਤੀਆਂ ਜਾ ਰਹੀਆਂ ਹਨ?
34. ਇਨਸਾਨੀ ਘਾਣ ਕਰ ਰਹੀ ਹਮਲਾਵਰ ਇਜ਼ਰਾਈਲ ਸਰਕਾਰ ਦਾ ਪੱਖ ਕਿਉਂ ਪੂਰ ਰਹੇ ਹੋ?
40. ਇਜ਼ਰਾਈਲ ਅਤੇ ਰੂਸੀ ਜੰਗ ਦੇ ਇਲਾਕਿਆਂ ਵਿੱਚ ਮਜ਼ਦੂਰ ਕਿਉਂ ਭੇਜੇ ਜਾ ਰਹੇ ਹਨ?
41. ਸਭ ਲਈ ਇੱਕੋ ਜਿਹੀ ਪੈਨਸ਼ਨ ਦੇਣ ਵਿੱਚ ਵਿਤਕਰੇਬਾਜ਼ੀ ਕਿਉਂ?
ਕਾਂਗਰਸ ਅਤੇ ਹਿਮਾਇਤੀ ਵੱਖ ਵੱਖ ਕੌਮੀ ਤੇ ਖੇਤਰੀ ਪਾਰਟੀਆਂ ਨੂੰ ਸਵਾਲ:
1. ਤੁਸੀਂ 1991 ਵਿੱਚ ਉਦਾਰੀਕਰਨ, ਨਿੱਜੀਕਰਨ, ਸੰਸਾਰੀਕਰਨ ਦੀ ਸਾਮਰਾਜੀ, ਕਾਰਪੋਰਟ ਪੱਖੀ ਲੋਕ ਵਿਰੋਧੀ ਨੀਤੀਆਂ ਨੂੰ ਕਿਉਂ ਲਾਗੂ ਕੀਤਾ? ਇਸਦੇ ਮਾੜੇ ਪ੍ਰਭਾਵ ਸਪਸ਼ਟ ਹੋਣ ਬਾਾਅਦ ਕੀ ਨੀਤੀ ਹੈ?
2. ਯੂਏਪੀਏ, ਅਫਸਪਾ, ਐੱਨਆਈਏ, ਐੱਨਐੱਸਏ, ਮਕੋਕਾ, ਪਕੋਕਾ ਵਰਗੇ ਕਾਲੇ ਕਾਨੂੰਨ ਕਿਉਂ ਘੜੇ ਗਏ?
3. ਤੁਹਾਡੇ ਪਿਛੇਲੇਰੇ ਸ਼ਾਸਨ ਅਤੇ ਸੂਬਾਈ ਸਰਕਾਰਾਂ ਸਮੇਂ ਵੱਖ ਵੱਖ ਢੰਗਾਂ ਨਾਲ ਫਿਰਕਾਪ੍ਰਸਤੀ ਨੂੰ ਸ਼ਹਿ, ਦੰਗਿਆਂ, ਜਾਤ ਅਧਾਰ ਕਤਲੇਆਮ ਕਿਉਂ ਹੁੰਦੇ ਰਹੇ?
4. ਭਾਜਪਾ ਦੀ ਵਾਜਪਾਈ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਪੈਨਸ਼ਨ ਸਕੀਮ ਖਤਮ ਕਰਨ ਅਤੇ ਹੋਰ ਮਜ਼ਦੂਰ ਵਿਰੋਧੀ ਫੈਸਲੇ ਕਿਉਂ ਨਹੀਂ ਉਲਟਾਏ ਗਏ?
5. ਵਿੱਦਿਆ ਸਿਹਤ ਅਤੇ ਜਨ ਸਿਹਤ, ਪਬਲਿਕ ਅਦਾਰਿਆਂ ਨੂੰ ਨਿੱਜੀਕਰਨ ਦੇ ਰਾਹ ਪਾ ਕੇ ਕਰਕੇ ਲੋਕਾਂ ਦੀ ਪਹੁੰਚ ਤੋਂ ਬਾਹਰ ਕਿਉਂ ਕੀਤਾ? ਇਹਨਾਂ ਦਾ ਵਪਾਰੀ ਕਰਨ ਕਿਉਂ ਕੀਤਾ? ਹੁਣ ਕੀ ਨੀਤੀ ਅਪਣਾਓਗੇ?
6. ਜਲ, ਜੰਗਲ ਜ਼ਮੀਨ ਨੂੰ ਕਾਰਪੋਰਟਾਂ ਦੇ ਹਵਾਲੇ ਦੇ ਕਰਨ ਦਾ ਰਾਹ ਕਿਉਂ ਖੋਲ੍ਹਿਆ? ਇਸਦਾ ਵਿਰੋਧ ਕਰ ਰਹੇ ਕਬਾਇਲੀਆਂ ਉੱਪਰ ਜਬਰ ਕਿਉਂ ਢਾਹੁਣਾ ਸ਼ੁਰੂ ਕੀਤਾ? ਹੁਣ ਕੀ ਨੀਤੀ ਹੋਵੇਗੀ?
7. ਲੋਕਾਂ ਦੀ ਸਮੱਸਿਆਵਾਂ ਨੂੰ ਤਿੱਖਾ ਕਰਨ ਵਾਲੀ ਵਿਸ਼ਵ ਵਪਾਰ ਸੰਸਥਾ ਦੇ ਮੈਂਬਰ ਕਿਉਂ ਬਣੇ? ਹੁਣ ਕੀ ਨੀਤੀ ਹੋਵੇਗੀ?
8. ਕਾਰਪੋਰਟਾਂ ਨੂੰ ਜ਼ਮੀਨ ਹਥਿਆਉਣ ਅਤੇ ਕਿਰਤ ਕਾਨੂੰਨਾਂ ਤੋਂ ਮੁਕਤੀ ਦੇ ਰਸਤੇ ਐੱਸਈਜੈੱਡ ਬਣਾਉਣ ਦੀ ਨੀਤੀ ਕਾਂਗਰਸ ਅਤੇ ਹੋਰਾਂ ਨੇ ਲਾਗੂ ਕਿਉਂ ਕੀਤੀ?
9. ਹੜਤਾਲੀ ਮੁਲਾਜ਼ਮਾਂ ਖਿਲਾਫ਼ ਐਸਮਾ ਦੀ ਵਰਤੋਂ ਕਿਉਂ ਕਰਦੇ ਆ ਰਹੇ ਹੋ? ਹੁਣ ਕੀ ਨੀਤੀ ਹੋਵੇਗੀ?
ਆਮ ਆਦਮੀ ਪਾਰਟੀ
1. ਭਾਜਪਾ ਤੋਂ ਹਿੰਦੂ ਰਾਸ਼ਟਰ ਦੀ ਗੁਰਜ ਖੋਹਣ ਲਈ ਆਪ ਨੇ ਨਾਗਰਿਕ ਸੋਧ ਕਾਨੂੰਨਾਂ, ਧਾਰਾ 370 ਦੀ ਹਿਮਾਇਤ ਕਿਉਂ ਕੀਤੀ?
2. ਦਿੱਲੀ ਵਿੱਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਸਿਫਾਰਸ਼ ਕਿਉਂ ਨਹੀਂ ਕੀਤੀ?
3. ਉਮਰ ਖਾਲਿਦ ਅਤੇ ਸੰਘਰਸ਼ਸ਼ੀਲ ਕਾਰਕੁਨਾਂ ਖਿਲਾਫ ਯੂਏਪੀਏ ਲਾਉਣ ਦੀ ਮਨਜ਼ੂਰੀ ਕਿਉਂ ਦਿੱਤੀ?
4. ਗੁਜਰਾਤ ਚੋਣਾਂ ਦੌਰਾਨ ਨੋਟਾਂ ਉੱਪਰ ਲਕਸ਼ਮੀ ਦੀ ਫੋਟੋ ਲਾਉਣ ਦੀ ਵਕਾਲਤ ਨਾਲ ਤੁਸੀਂ ਭਾਰਤ ਅੰਦਰ ਫਿਰਕਾਪ੍ਰਸਤੀ ਨੂੰ ਸ਼ਹਿ ਕਿਉਂ ਦੇ ਰਹੇ ਹੋ?
5. ਦਿੱਲੀ ਵਿੱਚ ਆਸ਼ਾ ਵਰਕਰਾਂ ਅਤੇ ਸਫਾਈ ਕਰਮਚਾਰੀਆਂ, ਪੰਜਾਬ ਵਿੱਚ ਪਟਵਾਰੀਆਂ ਨਾਲ ਗੱਲਬਾਤ ਦਾ ਰਸਤਾ ਅਪਣਾਉਣ ਦੀ ਬਜਾਏ ਉਨ੍ਹਾਂ ਖਿਲਾਫ਼ ਐਸਮਾ ਦੀ ਵਰਤੋਂ ਕਿਉਂ ਕੀਤੀ?
6. ਕੀ ਪਬਲਿਕ ਸੈਕਟਰ ਦੀ ਉਸਾਰੀ ਦੀ ਬਜਾਇ ਕਾਰਪੋਰਟਾਂ ਨੂੰ ਆਰਥਿਕਤਾ ਵਿੱਚ ਖੁੱਲ੍ਹਾਂ ਦੇਣ ਦੀ ਨੀਤੀ ਦੀ ਵਕਾਲਤ ਕਰਕੇ ਤੁਸੀਂ ਭਾਜਪਾ-ਕਾਂਗਰਸ ਨੀਤੀਆਂ ਨੂੰ ਲਾਗੂ ਕਿਉਂ ਕਰ ਰਹੇ ਹੋ?
7. ਜਨਵਰੀ 2024 ਵਿੱਚ ਪੰਜਾਬ ਅੰਦਰ ਫਿਰਕੂ ਤਾਕਤਾਂ ਨੂੰ ਸ਼ਹਿ ਦੇਣ ਲਈ ਧੜਾਧੜ 295ਏ ਤਹਿਤ ਕੇਸ ਦਰਜ ਕਿਉਂ ਕੀਤੇ ਗਏ?
8. ਲੋਕਾਂ ਵਿੱਚ ਰਹਿਣ, ਰਾਬਤਾ ਰੱਖਣ ਦੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਮੁਲਾਜ਼ਮ, ਤਰਕਸ਼ੀਲ ਜਮਹੂਰੀ ਜਥੇਬੰਦੀਆਂ ਨੂੰ ਮਿਲਣ ਤਕ ਦਾ ਟਾਈਮ ਦੇਣ ਤੋਂ ਕਿਉਂ ਟਲਦੀ ਰਹੀ?
9. ਕੱਚੇ ਮਲਾਜ਼ਮਾਂ ਨੂੰ ਪੱਕੇ ਕਰਨ, ਸਾਰੀਆਂ ਸਹੂਲਤਾਂ ਦੇਣ ਦੇ ਵਾਅਦੇ ਤੋਂ ਕੇਵਲ ਪੱਕੇ ਕਰਨ ਅਤੇ ਸਹੂਲਤਾਂ ਬਹਾਲ ਨਾ ਕਰਨ ਦਾ ਨਵਾਂ ਢੰਗ ਕਿਉਂ ਲੱਭਿਆ ਗਿਆ?
10. ਪੁਰਾਣੀ ਪੈਨਸ਼ਨ ਬਹਾਲ ਕਰਨ ਤੋਂ ਕਿਉਂ ਟਾਲਮਟੋਲ ਕਰ ਰਹੇ ਹੋ?
11. ਪੰਜਾਬ ਵਿੱਚ ਪੇਂਡੂ ਸਕੂਲਾਂ ਡਿਸਪੈਸਰੀਆਂ, ਹਸਪਤਾਲਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਤੁਸੀਂ ਸਕੂਲ ਆਫ ਐਮੀਨੈਂਸ ਤੇ ਮੁਹੱਲਾ ਕਲੀਨਕਾਂ ਦੀ ਨੀਤੀ ਲੁਕਵੇਂ ਰੂਪ ਵਿੱਚ ਆਦਰਸ਼ ਸਕੂਲ, ਮੈਰੀਟੋਰੀਅਸ ਸਕੂਲ ਆਦਿ ਨੀਤੀ ਕਿਉਂ ਲਿਆਂਦੀ ਗਈ?
12. ਪੰਜਾਬ ਅੰਦਰ ਵੱਡੀ ਪੱਧਰ ਉੱਪਰ ਅਦਾਲਤੀ ਕਾਰਵਾਈ ਨੂੰ ਤਾਕ ’ਤੇ ਰੱਖਕੇ ਗੈਂਗਸਟਰਾਂ ਨੂੰ ਮੁਕਾਬਲਿਆਂ ਵਿੱਚ ਮਾਰਨ ਦਾ ਵਰਤਾਰਾ ਕਿਉਂ ਉਭਾਰਿਆ ਜਾ ਰਿਹਾ ਹੈ?
ਪੰਜਾਬ ਅੰਦਰ ਕਾਂਗਰਸ, ਅਕਾਲੀ-ਭਾਜਪਾ, ਆਮ ਆਦਮੀ ਪਾਰਟੀ (ਤੁਹਾਡੇ ਰਾਜ ਕਾਲਾਂ ਦੌਰਾਨ)
1. ਬੇਰੁਜ਼ਗਾਰੀ ਵੱਡੀ ਪੱਧਰ ਉੱਤੇ ਕਿਉਂ ਵਧੀ?
2. ਕਿਸਾਨ ਤੇ ਮਜ਼ਦੂਰ ਆਤਮ ਹੱਤਿਆਵਾਂ ਕਿਉਂ ਵਧੀਆਂ? ਇਸ ਨੂੰ ਨਜਿੱਠਣ ਲਈ ਕੀ ਨੀਤੀ ਹੈ?
3. ਕਾਰਪੋਰੇਟਾਂ ਨੂੰ ਛੋਟਾਂ ਕਿਉਂ ਦਿੰਦੇ ਰਹੇ ਹੋ?
4. ਵਿੱਦਿਆ, ਸਿਹਤ ਅਤੇ ਜਨ ਸਿਹਤ ਸਹੂਲਤਾਂ ਦਾ ਹਸ਼ਰ ਮਾੜਾ ਕਿਉਂ ਹੋਣ ਦਿੱਤਾ ਗਿਆ?
5. ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀ ਲੱਭਣ ਦੀ ਬਜਾਏ ਇਸ ਮਸਲੇ ਉੱਪਰ ਸਿਆਸਤ ਕਿਉਂ ਕੀਤੀ ਗਈ?
6. ਆਪਣੇ ਰਾਜ ਕਾਲਾਂ ਵਿੱਚ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦਾ ਮਸਲਾ ਠੰਢੇ ਬਸਤੇ ਕਿਉਂ ਪਾਈ ਰੱਖਿਆ?
7. ਅਕਾਲੀ ਭਾਜਪਾ ਸਰਕਾਰ ਨੇ ਮੁਲਾਜ਼ਮਾਂ ਦਾ ਪ੍ਰੋਬੇਸ਼ਨ ਸਮਾਂ ਦੋ ਤੋਂ ਵਧਾਕੇ ਤਿੰਨ ਸਾਲ ਕੀਤਾ ਅਤੇ ਉਸ ਸਮੇਂ ਕੇਵਲ ਬੇਸਿਕ ਤਨਖਾਹ ਦੇਣ ਦਾ ਗੈਰ ਜਮਹੂਰੀ ਕਾਨੂੰਨ ਪਾਸ ਕਿਉਂ ਕੀਤਾ ਗਿਆ? ਬਾਅਦ ਦੀਆਂ ਤੁਹਾਡੀਆਂ ਸਰਕਾਰਾਂ ਨੇ ਇਸ ਕਾਨੂੰਨ ਨੂੰ ਕਿਉਂ ਨਹੀਂ ਬਦਲਿਆ?
8. ਪੰਜਾਬ ਅੰਦਰ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਸਧਾਰਨ ਖਪਤਕਾਰਾਂ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ ਜਾ ਰਿਹਾ ਹੈ?
* * *
ਵੱਲੋਂ: ਸੂਬਾ ਕਮੇਟੀ ਜਮਹੂਰੀ ਅਧਿਕਾਰ ਸਭਾ ਪੰਜਾਬ, ਜਾਰੀ ਕਰਤਾ ਪ੍ਰੋ. ਜਗਮੋਹਨ ਸਿੰਘ ਸੂਬਾ ਪ੍ਰਧਾਨ, ਪ੍ਰਿਤਪਾਲ ਸਿੰਘ ਜਨਰਲ ਸਕੱਤਰ।
ਸੰਪਰਕ: 98140-01836, 09760-60280.
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4954)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)