“ਮੈਂ ਪੰਜਾਬ ਦੇ ਜਮਹੂਰੀ ਲੋਕਾਂ ਅਤੇ ਜਥੇਬੰਦੀਆਂ ਤੋਂ ਮੰਗ ਕਰਦਾ ਹਾਂ ਕਿ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ...”
(16 ਦਸੰਬਰ 2023)
ਇਸ ਸਮੇਂ ਪਾਠਕ: 220.
ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਪੁਲਿਸ ਦਾ ਰਵੱਈਆ ਐਨਾ ਤਾਨਾਸ਼ਾਹ ਅਤੇ ਗੈਰ ਜਮਹੂਰੀ ਹੈ ਕਿ ਇਹ ਪੀੜਤ ਵਿਅਕਤੀ ਦੀ ਫਰਿਆਦ ਨੂੰ ਥਾਂ ਨਹੀਂ ਦਿੰਦੀ। ਇਹ ਜਾਣਕਾਰੀ ਨਹੀਂ ਕਿ ਕਿਸ ਅਧਿਕਾਰੀ ਦਾ ਫਰਮਾਨ ਹੈ ਕਿ ਥਾਣੇ ਵਿੱਚ ਜਦੋਂ ਕੋਈ ਦਰਖਾਸਤ ਦੇਵੇ ਤਾਂ ਕਰਮਚਾਰੀ ਲੈ ਕੇ ਰੱਖ ਲੈਣਗੇ, ਨੰਬਰ ਨਹੀਂ ਦੇਣਗੇ। ਇਹ ਥਾਣੇ ਤੋਂ ਲੈ ਕੇ ਐੱਸ ਐੱਸ ਪੀ ਦਫਤਰ ਤਕ ਇੱਕੋ ਜਿਹਾ ਹੀ ਵਰਤਾਰਾ ਹੈ।
ਮੈਂ ਗੱਲ ਆਪਣੇ ਤੋਂ ਹੀ ਸ਼ੁਰੂ ਕਰਾਂਗਾ। ਬੀਤੀ 3 ਨਵੰਬਰ ਨੂੰ ਸ਼ਾਮੀਂ ਜਦੋਂ ਮੈਂ ਅੰਮ੍ਰਿਤਸਰ ਤੋਂ ਪਿੰਡ ਪੱਧਰੀ ਕਲਾਂ ਵੱਲ ਐਕਟਿਵਾ ’ਤੇ ਆ ਰਿਹਾ ਸਾਂ ਤਾਂ ਇੱਕ ਕਾਰ ਨੇ ਕਈ ਵਾਰ ਮੈਨੂੰ ਫੇਟ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਵਾਹਨਾਂ ਦੇ ਆਉਣ-ਜਾਣ ਕਰਕੇ ਸਫ਼ਲ ਨਾ ਹੋ ਸਕਿਆ। ਕਸਬਾ ਝਬਾਲ ਵਿੱਚ ਉਹ ਕਾਰ ਰੁਕੀ, ਜਿਸ ਵਿੱਚੋਂ ਇੱਕ ਵਿਅਕਤੀ ਨਿਕਲਿਆ ਅਤੇ ਮੇਰਾ ਸਕੂਟਰ ਘੇਰਨ ਲੱਗਾ, ਪਰ ਪਿੱਛੋਂ ਆ ਰਹੀ ਤੇਜ਼ ਕਾਰ ਕਾਰਨ ਸਫ਼ਲ ਨਾ ਹੋ ਸਕਿਆ। ਮੈਂ ਕਾਰ ਦਾ ਨੰਬਰ ਵੀ ਤੇ ਸੰਬੰਧਤ ਵਿਅਕਤੀ ਨੂੰ ਵੀ ਪਛਾਣ ਲਿਆ ਅਤੇ ਥੋੜ੍ਹੀ ਦੂਰ ਥਾਣਾ ਝਬਾਲ ਵਿੱਚ ਗਿਆ। ਥਾਣਾ ਮੁਖੀ ਉਦੋਂ ਹਾਜ਼ਰ ਨਹੀਂ ਸਨ। ਥਾਣਾ ਮੁਨਸ਼ੀ ਨੇ ਕਿਹਾ ਕਿ ਉਸ ਕੋਲ ਕੋਈ ਫੋਰਸ ਨਹੀਂ ਤੇ ਥਾਣੇਦਾਰ ਸਾਹਿਬ ਹੈ ਨਹੀਂ। ਕੱਲ੍ਹ ਆ ਜਾਇਓ ਤੇ ਲਿਖਤੀ ਦਰਖਾਸਤ ਦਰਜ ਕਰ ਲਵਾਂਗੇ। ਸੰਬੰਧਤ ਵਿਅਕਤੀ ਥਾਣੇ ਮੂਹਰੇ ਫਿਰ ਕਾਰ ਲਈ ਜਾ ਰਿਹਾ ਸੀ। ਥਾਣਾ ਮੁਖੀ ਨੂੰ ਮੈਂ ਫੋਨ ਉੱਤੇ ਘਟਨਾ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਫੋਨ ਚੁੱਕਿਆ ਨਹੀਂ। ਦੂਸਰੇ ਦਿਨ ਥਾਣਾ ਝਬਾਲ ਲਿਖਤੀ ਦਰਖਾਸਤ ਦਿੱਤੀ ਅਤੇ ਉਨ੍ਹਾਂ ਨੂੰ ਨੰਬਰ ਦੇਣ ਲਈ ਕਿਹਾ। ਉਨ੍ਹਾਂ ਦਾ ਜਵਾਬ ਸੀ, “ਦਰਖਾਸਤ ਨੰਬਰ ਦੇਣ ਦੀ ਹਦਾਇਤ ਨਹੀਂ ਤੇ ਨੰਬਰ ਲੱਗਦੇ ਵੀ ਨਹੀਂ।” ਕਿਸ ਦੀ ਹਦਾਇਤ ਹੈ, ਇਹਦਾ ਜਵਾਬ ਉਸ ਕੋਲ ਨਹੀਂ ਸੀ। ਮੇਰੇ ਅਤੇ ਮੇਰੇ ਨਾਲ ਗਏ ਸਾਥੀਆਂ ਦੇ ਜ਼ੋਰ ਪਾਉਣ ਉੱਤੇ ਉਨ੍ਹਾਂ ਇਹ ਪ੍ਰਵਾਨ ਕਰ ਲਿਆ ਕਿ ਰਜਿਸਟਰ ਉੱਤੇ 4.11.23 ਤਰੀਕ ਹੇਠ ਦਰਜ ਕਰ ਲੈਂਦੇ ਹਾਂ, ਪਰ ਨੰਬਰ ਤੁਹਾਨੂੰ ਐੱਸ ਐੱਸ ਪੀ ਸਾਹਿਬ ਨੂੰ ਦਿੱਤੀ ਦਰਖਾਸਤ ਉੱਤੇ ਹੀ ਮਿਲੇਗਾ।
ਜਿਹੜਾ ਵਿਅਕਤੀ 3 ਨਵੰਬਰ ਨੂੰ ਮੇਰਾ ਪਿੱਛਾ ਕਰਦਾ ਸੀ ਤੇ ਮੈਨੂੰ ਨੁਕਸਾਨ ਪਹੁੰਚਾਉਣ ਦੇ ਮਨਸ਼ੇ ਨਾਲ ਪਿੰਡ ਤਕ ਮੇਰਾ ਰਾਹ ਰੋਕਣ ਦੀ ਕੋਸ਼ਿਸ਼ ਕਰਦਾ ਰਿਹਾ ਸੀ, ਉਹ ਵਿਅਕਤੀ ਉਨ੍ਹਾਂ ਦੋਸ਼ੀਆਂ ਵਿੱਚੋਂ ਇੱਕ ਸੀ, ਜਿਸ ਨੇ ਮੇਰੇ ਭਰਾ ਸਲਵਿੰਦਰ ਸਿੰਘ ਨੂੰ 13 ਸਤੰਬਰ ਨੂੰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਰੇ ਭਰਾ ਦੇ ਸਰੀਰ ਵਿੱਚ ਦੋ ਗੋਲੀਆਂ ਲੱਗੀਆਂ ਸਨ। ਇੱਕ ਮੋਢੇ ਵਾਲੇ ਪਾਸਿਉਂ ਫੇਫੜੇ ਨੂੰ ਨੁਕਸਾਨ ਪਹੁੰਚਾਉਂਦੀ ਦਿਲ ਤੋਂ ਦੋ ਸੈਂਟੀਮੀਟਰ ਪਿੱਛੇ ਰਹਿ ਗਈ ਸੀ, ਦੂਸਰੀ ਲੱਕ ਵਿੱਚੋਂ ਰੀੜ੍ਹ ਦੀ ਹੱਡੀ ਨਾਲ ਖਹਿ ਕੇ ਪੱਸਲੀ ਨੂੰ ਨੁਕਸਾਨ ਪਹੁੰਚਾ ਕੇ ਮਾਸ ਵਿੱਚ ਚਲੇ ਗਈ ਸੀ। ਡਾਕਟਰਾਂ ਮੁਤਾਬਕ ਇਹ ਖ਼ਤਰਨਾਕ ਹਮਲਾ ਸੀ ਅਤੇ ਜਾਨ ਜਾਣ ਦਾ 90 ਫ਼ੀਸਦੀ ਖ਼ਤਰਾ ਸੀ।
ਇਸੇ ਹਾਲਤ ਵਿੱਚ ਐੱਸ ਐੱਚ ਓ ਤੇ ਡੀ ਐੱਸ ਪੀ ਨੇ ਡਾਕਟਰੀ ਇਲਾਜ ਤੋਂ ਪਹਿਲਾਂ ਜੋ ਬਿਆਨ ਦਰਜ ਕੀਤੇ, ਉਸ ਆਧਾਰ ਉੱਤੇ ਐੱਫ ਆਈ ਆਰ 0126/23 ਦਰਜ ਕਰ ਲਈ। ਸੰਬੰਧਤ ਵਿਅਕਤੀਆਂ ਨਾਲ ਉਹਦੀ ਕੋਈ ਨਿੱਜੀ ਰੰਜਿਸ਼ ਨਹੀਂ ਸੀ। ਉਹਨੇ ਪਿੰਡ ਪੱਧਰੀ ਕਲਾਂ ਦੇ ਸਰਪੰਚ ਵੱਲੋਂ ਪੰਚਾਇਤੀ ਫੰਡਾਂ ਦੇ ਤਿੰਨ ਕਰੋੜ ਦੇ ਘਪਲਿਆਂ ਦੀ ਜਾਂਚ ਕਰਵਾਈ ਸੀ, ਜਿਸਦੇ ਆਧਾਰ ਉੱਤੇ 93 ਲੱਖ 40 ਹਜ਼ਾਰ ਰੁਪਏ ਦੇ ਫੰਡਾਂ ਦੇ ਹਿਸਾਬ ਵਿੱਚ ਹੇਰਾਫੇਰੀ ਦਾ ਮੁੱਦਾ ਸਾਹਮਣੇ ਆਇਆ ਸੀ ਤੇ ਡਾਇਰੈਕਟਰ ਪੇਂਡੂ ਅਤੇ ਪੰਚਾਇਤ ਵਿਭਾਗ ਨੇ ਸਰਪੰਚ ਨੂੰ ਸਸਪੈਂਡ ਕਰਕੇ ਉਸ ਉੱਤੇ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਇਹ ਜਾਂਚ ਏ ਡੀ ਸੀ ਕਪੂਰਥਲਾ ਦੀ ਨਿਗਰਾਨੀ ਹੇਠ ਹੋਈ ਸੀ ਅਤੇ ਡਾਇਰੈਕਟਰ ਨੇ ਪੱਤਰ ਨੰ: 5443-47 ਮਿਤੀ 14.7.23 ਨੂੰ ਆਦੇਸ਼ ਦਿੱਤੇ ਸਨ, ਜਿਸਦੇ ਆਧਾਰ ਉੱਤੇ ਏ ਡੀ ਸੀ ਤਰਨ ਤਾਰਨ ਅਤੇ ਡੀ ਡੀ ਪੀ ਓ ਤਰਨ ਤਾਰਨ ਵੱਲੋਂ ਪੱਤਰ ਨੰ: 2023/5477 ਮਿਤੀ 22.9.23 ਅਤੇ 491-ਡੀ ਸੀ ਮਿਤੀ 29-09-23 ਅਧੀਨ ਐੱਸ ਐੱਸ ਪੀ ਨੂੰ ਕੇਸ ਦਰਜ ਕਰਨ ਭਾਵ ਮੁਕੱਦਮਾ ਦਰਜ ਕਰਨ ਦੀ ਹਦਾਇਤ ਕੀਤੀ ਸੀ।
ਪਰ ਪਿਛਲੇ 80 ਦਿਨ ਤੋਂ ਤਰਨ ਤਾਰਨ ਪੁਲਿਸ ਨੇ ਸੰਬੰਧਤ ਹਮਲਾਵਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਪਿੰਡ ਤੇ ਇਲਾਕੇ ਵਿੱਚ ਖੁੱਲ੍ਹੇ ਘੁੰਮ ਰਹੇ ਹਨ। ਸਲਵਿੰਦਰ ਸਿੰਘ ਉੱਤੇ ਇਹ ਹਮਲਾ ਪਹਿਲਾ ਨਹੀਂ ਸੀ, ਉਸ ਨੇ ਮਾਨਯੋਗ ਹਾਈਕੋਰਟ ਵਿੱਚ ਸਾਲ 2021 ਵਿੱਚ ਸੀ ਡਬਲਯੂ ਪੀ ਹੇਠ ਰਿਟ ਪਾ ਕੇ ਪੰਚਾਇਤੀ ਫੰਡਾਂ ਦੇ ਗਬਨ ਸੰਬੰਧੀ ਜਾਂਚ ਕਰਾਉਣ ਦੀ ਮੰਗ ਕੀਤੀ ਸੀ ਤਾਂ ਉਸ ਸਮੇਂ ਤੋਂ ਹੀ ਉਸ ਨੂੰ ਡਰਾਇਆ-ਧਮਕਾਇਆ ਤੇ ਹਮਲੇ ਕੀਤੇ ਜਾ ਰਹੇ ਸਨ। ਮਿਤੀ 30.6.2022 ਨੂੰ ਪਿੰਡ ਦੇ ਜਨਰਲ ਇਜਲਾਸ (ਗ੍ਰਾਮ ਸਭਾ ਦੇ ਇਜਲਾਸ) ਸਮੇਂ ਵੀ ਇੱਕ ਮੈਂਬਰ ਪੰਚਾਇਤ ਵੱਲੋਂ ਫੰਡਾਂ ਦੇ ਹਿਸਾਬ ਮੰਗਣ ’ਤੇ ਨਿਸ਼ਾਨਾ ਬਣਾਇਆ ਸੀ। ਸਲਵਿੰਦਰ ਸਿੰਘ ਸਮੇਤ ਪੰਜ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਸਰਪੰਚ ਦੇ ਪਤੀ ਨੇ ਇਸ ਇਜਲਾਸ ਸਮੇਂ ਬਾਹਰੋਂ ਵਿਅਕਤੀ ਲਿਆਂਦੇ ਸਨ ਅਤੇ ਸਕੂਲ ਦੇ ਕਮਰੇ ਉੱਤੇ ਚੜ੍ਹ ਕੇ ਇੱਟਾਂ ਮਾਰਦਿਆਂ ਦੀ ਵੀਡੀਓ ਵੀ ਖੁਦ ਜਾਰੀ ਕੀਤੀ ਸੀ। ਤਿੰਨ ਮੋਟਰ ਸਾਈਕਲ ਭੰਨੇ ਗਏ ਸਨ। ਇੱਕ ਮੋਬਾਇਲ, ਜੋ ਰਿਕਾਰਡਿੰਗ ਕਰ ਰਿਹਾ ਸੀ, ਖੋਹ ਲਿਆ ਗਿਆ ਸੀ। ਮੌਕੇ ’ਤੇ ਥਾਣਾ ਮੁਖੀ ਪਹੁੰਚੇ ਸਨ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾ ਕੇ ਮੁਕੱਦਮਾ ਨੰਬਰ 94 ਮਿਤੀ 30.6.22 ਦਰਜ ਕਰ ਲਿਆ ਸੀ, ਪਰ ਕਾਰਵਾਈ ਕੋਈ ਨਹੀਂ ਸੀ ਕੀਤੀ। ਸਗੋਂ 15 ਦਿਨਾਂ ਪਿੱਛੋਂ ਇੱਕ ਫ਼ਰਜ਼ੀ ਸੱਟ ਦੇ ਬਹਾਨੇ ਹੇਠ ਪੁਲਿਸ ਨੇ ਕਰਾਸ ਕੇਸ ਬਣਾ ਕੇ ਦੋਵਾਂ ਧਿਰਾਂ ਵਿੱਚ ਸਮਝੌਤਾ ਕਰਾਉਣ ਦੀ ਖੇਡ ਖੇਡੀ ਸੀ। ਉਸ ਕੇਸ ਉੱਤੇ ਅਜੇ ਕੋਈ ਕਾਰਵਾਈ ਨਹੀਂ ਹੋਈ।
ਉਸ ਸਰਪੰਚ ਦੇ ਪਤੀ ਦੀਆਂ ਗੁੰਡਾਗਰਦੀ ਦੀਆਂ ਕਈ ਘਟਨਾਵਾਂ ਹਨ। ਸਾਲ 2018 ਵਿੱਚ ਬਾਰਿਸ਼ਾਂ ਨਾਲ ਲੋਕਾਂ ਦੇ ਘਰ ਨੁਕਸਾਨੇ ਗਏ। ਦਿਲਬਾਗ ਸਿੰਘ ਪੁੱਤਰ ਨਰਵਿੰਦਰ ਸਿੰਘ ਨੁਕਸਾਨੇ ਘਰਾਂ ਦੀ ਲਿਸਟ ਬਣਾ ਰਹੇ ਸਨ ਕਿ ਸੰਬੰਧਤ ਵਿਅਕਤੀ ਇੱਕ ਗਰੋਹ ਦੀ ਸ਼ਕਲ ਵਿੱਚ ਆਏ, ਉਹਦੇ ਸੱਟਾਂ ਲਾਈਆਂ। ਦਿਲਬਾਗ ਸਿੰਘ ਦੀ ਮੈਡੀਕਲ ਰਿਪੋਰਟ ਤੇ ਦਰਖਾਸਤ ਥਾਣੇ ਦਿੱਤੀ, ਪਰ ਕੋਈ ਕਾਰਵਾਈ ਨਹੀਂ ਹੋਈ। ਹਾਈਕੋਰਟ ਵਿੱਚ ਰਿਟ ਨੰ: 10306/2020 ਦਾਇਰ ਕੀਤੀ ਤਾਂ ਤਰਨ ਤਾਰਨ ਜ਼ਿਲ੍ਹਾ ਪੁਲਿਸ ਨੇ ਕੇਸ ਦਰਜ ਕਰਨਾ ਲਿਖਤੀ ਰੂਪ ਵਿੱਚ ਹਾਈਕੋਰਟ ਵਿੱਚ ਪ੍ਰਵਾਨ ਤਾਂ ਕੀਤਾ, ਪਰ ਕੋਈ ਕਾਰਵਾਈ ਨਹੀਂ ਕੀਤੀ।
ਸਾਲ 2020 ਵਿੱਚ ਹੀ ਅਨਾਜ ਮੰਡੀ ਪੱਧਰੀ ਕਲਾਂ ਵਿੱਚ ਗਰੀਬ ਲੋਕਾਂ ਨੂੰ ਵੰਡਣ ਲਈ ਆਈ ਕਣਕ ਦੀ ਜ਼ਖੀਰੇਬਾਜ਼ੀ, ਜੋ ਸਰਪੰਚ ਦੇ ਪਤੀ ਨੇ ਕੀਤੀ ਸੀ ਤੇ ਜਿਸ ਬਾਰੇ ਰਿਪੋਰਟ ਲੈਣ ਦੋ ਪੱਤਰਕਾਰ ਵੀ ਆਏ ਸਨ, ਅਤੇ ਪਿੰਡ ਦੇ ਨੌਜਵਾਨ ਵੀ ਹਾਜ਼ਰ ਸਨ, ਨੂੰ ਸਰਪੰਚ ਦੇ ਪਤੀ ਨੇ ਆਪਣੇ ਪਰਿਵਾਰ ਅਤੇ ਹੋਰ ਸਹਿਯੋਗੀ ਲਗਭਗ 30-35 ਲੱਠਮਾਰਾਂ ਨਾਲ ਘੇਰ ਲਿਆ, ਜਿਸਦੀ ਰਿਪੋਰਟ 3412-20-11 2020, 360, 391 ਆਦਿ ਥਾਣਾ ਝਬਾਲ ਵਿੱਚ ਦਰਜ ਹੈ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਇੱਕ ਮਜ਼ਦੂਰ ਨਿਹੰਗ ਬਲਕਾਰ ਸਿੰਘ ਨੇ ਜਦੋਂ ਸਰਪੰਚ ਦੇ ਲੜਕਿਆਂ ਨੂੰ ਸਕੂਲ ਦੇ ਗੇਟ ਸਾਹਮਣੇ ਮੋਟਰ ਸਾਈਕਲ ਖੜ੍ਹਾ ਕਰਕੇ ਪੜ੍ਹਨ ਆ ਰਹੀਆਂ ਲੜਕੀਆਂ ਨੂੰ ਕੁਮੈਂਟ ਕੱਸਣ ਤੋਂ ਵਰਜਿਆ ਤਾਂ 70 ਸਾਲਾਂ ਬਜ਼ੁਰਗ ਦੀ ਸਾਰੇ ਪਰਿਵਾਰ ਨੇ ਦਾਹੜੀ ਪੁੱਟੀ ਅਤੇ ਕੁੱਟਮਾਰ ਕੀਤੀ, ਜਿਸਦੀ ਰਪਟ ਥਾਣਾ ਝਬਾਲ ਵਿੱਚ 3491-ਮਿਤੀ 16-9-19 ਹੇਠ ਦਰਜ ਹੈ, ਪਰ ਕੋਈ ਕਾਰਵਾਈ ਨਹੀਂ ਹੋਈ।
ਮਿਤੀ 27-6-2022 ਨੂੰ ਜਦੋਂ ਜਾਂਚ ਚੱਲ ਰਹੀ ਸੀ ਤਾਂ ਵਿਕਾਸ ਕੰਮਾਂ ਦੀ ਰਿਪੋਰਟ ਲੈਣ ਪੱਤਰਕਾਰਾਂ ਦੀ ਟੀਮ ਆਈ, ਜਿਸ ਨਾਲ ਪਿੰਡ ਦੇ ਲੋਕ ਵੀ ਇਕੱਠੇ ਹੋ ਗਏ। ਸੰਬੰਧਤ ਸਰਪੰਚ ਦੇ ਪਰਿਵਾਰ ਨੇ ਇੱਟਾਂ-ਰੋੜਿਆਂ ਨਾਲ ਹਮਲਾ ਕੀਤਾ, ਜਿਸਦੀ ਰਿਪੋਰਟ 386 ਮਿਤੀ 20-6-22 ਨੂੰ ਦਰਜ ਹੈ।
ਇਵੇਂ ਹੀ ਭਗਵੰਤ ਸਿੰਘ ਨਾਂਅ ਦੇ ਇੱਕ ਨਾਗਰਿਕ ਨੇ ਸਰਪੰਚ ਦੇ ਪਤੀ ਦੇ ਗਲਤ ਨਾਂਅ ’ਤੇ ਪਹਿਚਾਣ ਪੱਤਰ ਹੇਠ ਅਸਲਾ ਲਾਸੰਸ ਲੈਣ ਅਤੇ ਦੋ ਪਹਿਚਾਣ ਪੱਤਰਾਂ ਉੱਤੇ ਇੱਕੋ ਸਮੇਂ ਸਕੀਮਾਂ ਦੇ ਲਾਹੇ ਲੈਣ ਨੂੰ ਲੈ ਕੇ ਹਾਈਕੋਰਟ ਵਿੱਚ ਰਿਟ ਨੰ: 5383 ਦਾਇਰ ਕੀਤੀ ਤਾਂ ਪੁਲਿਸ ਨੇ ਇਸ ਉੱਤੇ ਵੀ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।
ਸਲਵਿੰਦਰ ਸਿੰਘ ਉੱਤੇ ਕਾਤਲਾਨਾ ਹਮਲੇ ਦੇ ਸੰਬੰਧ ਵਿੱਚ ਐੱਸ ਐੱਸ ਪੀ ਨੂੰ 30-9-23 ਨੂੰ ਮਿਲੀ ਦਰਖਾਸਤ ਨੰ: 1009, ਮਿਤੀ 4-10-23 ਨੰ 1019 ਮਿਤੀ 10-10-23 ਨੂੰ ਦਰਖਾਸਤ ਨੰ: 1091 ਦਿੱਤੀਆਂ, ਡੀ ਜੀ ਪੀ ਸਾਹਿਬ ਨੂੰ ਕੰਪਲੈਂਟ ਨੰ: 4313 ਮਿਤੀ 25-9-23 ਅਤੇ ਕੰਪਲੇਟ ਨੰ: 5000 ਮਿਤੀ 21-11-23 ਵੀ ਭੇਜੀਆਂ, ਪਰ ਇਸਦੇ ਬਾਵਜੂਦ ਪਿਛਲੇ 80 ਦਿਨਾਂ ਤੋਂ ਸੰਬੰਧਤ ਕਾਤਲਾਨਾ ਹਮਲਾ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਵੀ ਕਾਰਵਾਈ ਨਹੀਂ ਕੀਤੀ।
ਅਫ਼ਸੋਸ ਦੀ ਗੱਲ ਇਹ ਕਿ ਮੈਂ ਖੁਦ ਅਜਿਹੀ ਹੀ ਦਰਖਾਸਤ ਲੈ ਕੇ ਮਿਤੀ 21-11-2023 ਨੂੰ ਐੱਸ ਐੱਸ ਪੀ ਤਰਨ ਤਾਰਨ ਨੂੰ ਮਿਲਿਆ ਅਤੇ ਲਿਖਤ ਤੌਰ ’ਤੇ ਕਿਹਾ ਕਿ, “ਡੀ ਐੱਸ ਪੀ ਸਿਟੀ ਜਾਂਚ ਨੂੰ ਜਾਣ-ਬੁੱਝ ਕੇ ਲਮਕਾਅ ਰਹੇ ਹਨ ਅਤੇ ਦੋਸ਼ੀਆਂ ਨੂੰ ਸਲਵਿੰਦਰ ਸਿੰਘ ਦੇ ਪਰਿਵਾਰ ਅਤੇ ਹਿਮਾਇਤੀਆਂ ਨੂੰ ਦਹਿਸ਼ਤਜ਼ਦਾ ਕਰਨ ਲਈ ਖੁੱਲ੍ਹਾ ਛੱਡਿਆ ਹੋਇਆ ਹੈ, ਤਾਂ ਉਹ ਦਰਖਾਸਤ ਰੱਖ ਤਾਂ ਲਈ, ਪਰ ਨੰਬਰ ਨਹੀਂ ਦਿੱਤਾ। ਅਗਲੇਰੇ ਦਿਨ ਜਦੋਂ ਐੱਸ ਐੱਸ ਪੀ ਸਾਹਿਬ ਦੇ ਰੀਡਰ ਪਾਸੋਂ ਦਰਖਾਸਤ ਦਾ ਨੰਬਰ ਮੰਗਿਆ ਤਾਂ ਉਨ੍ਹਾਂ ਦਾ ਜਵਾਬ ਸੀ, “ਕਿਹੜੀ ਦਰਖਾਸਤ, ਕਿਹੜਾ ਨੰਬਰ, ਤੁਸੀਂ ਇੱਕ ਹੀ ਗੱਲ ਕਹਿੰਦੇ ਹੋ ‘ਗ੍ਰਿਫ਼ਤਾਰ ਕਰੋ’ ‘ਗ੍ਰਿਫ਼ਤਾਰ ਕਰੋ’, ਇਸ ਤੋਂ ਬਿਨਾਂ ਹੈ ਕੀ ਹੈ। ਉਸ ਵਿੱਚ ਡੀ ਐੱਸ ਪੀ ਜਾਂਚ ਕਰ ਰਹੇ ਹਨ, ਜੋ ਰਿਪੋਰਟ ਦੇਣਗੇ, ਉਸ ’ਤੇ ਕਾਰਵਾਈ ਹੋਵੇਗੀ। ਭਾਵ ਸਾਫ਼ ਕਿ ਐੱਸ ਐੱਸ ਪੀ ਤਰਨ ਤਾਰਨ ਤਕ ਪੀੜਤ ਵਿਅਕਤੀ ਦੀ ਫਰਿਆਦ ਸੁਣਨ ਲਈ ਵੀ ਪੁਲਿਸ ਤਿਆਰ ਨਹੀਂ।
ਇਹ ਵਰਤਾਰਾ ਸਿਰਫ਼ ਐਨਾ ਹੀ ਨਹੀਂ, ਐੱਸ ਐੱਸ ਪੀ ਆਪਣੇ ਘੇਰੇ ਨੂੰ ਉਲੰਘ ਕੇ ਕਿਵੇਂ ਕੰਮ ਕਰਦੇ ਹਨ, ਇਹਦੀ ਮਿਸਾਲ ਵੀ ਸਾਹਮਣੇ ਹੈ। ਜਿਵੇਂ ਉੱਪਰ ਜ਼ਿਕਰ ਕੀਤਾ ਕਿ ਹਾਈਕੋਰਟ ਦੇ ਆਦੇਸ਼ ਤਹਿਤ ਏ ਡੀ ਸੀ ਦੀ ਨਿਗਰਾਨੀ ਹੇਠ ਪਿੰਡ ਪੱਧਰੀ ਕਲਾਂ ਦੇ ਫੰਡਾਂ ਵਿੱਚ 93 ਲੱਖ 40 ਹਜ਼ਾਰ 320 ਰੁਪਏ ਪੰਚਾਇਤੀ ਫੰਡਾਂ ਵਿੱਚ ਗਬਨ ਦਾ ਕੇਸ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤ ਦੇ ਆਦੇਸ਼ਾਂ ਤਹਿਤ ਜਾਰੀ ਕਰਨ ਦੀ ਹਦਾਇਤ ਹੋਈ, ਜਿਸ ਉੱਤੇ ਡੀ ਡੀ ਪੀ ਓ ਅਤੇ ਏ ਡੀ ਸੀ ਨੇ ਕੇਸ ਤਿਆਰ ਕਰਕੇ ਮਿਤੀ 22-09-22 ਨੂੰ ਕੇਸ ਨੰ: 5477 ਐੱਸ ਐੱਸ ਪੀ ਸਾਹਿਬ ਨੂੰ ਭੇਜਿਆ। ਐੱਸ ਐੱਸ ਪੀ ਨੇ ਪੱਤਰ ਨੰਬਰ 1844 ਪੀ ਸੀ ਮਿਤੀ 9-10-2023 ਤਹਿਤ ਵਾਪਸ ਭੇਜ ਕੇ ਦੁਬਾਰਾ ਜਾਂਚ ਦੇ ਆਦੇਸ਼ ਦਿੱਤੇ ਹਨ। ਜੇ ਡਾਇਰੈਕਟਰ ਪੇਂਡੂ ਪੰਚਾਇਤ ਦੀ ਨਿਗਰਾਨੀ ਹੇਠ ਹੋਈ ਜਾਂਚ ਵਿੱਚ ਕੋਈ ਤਰੁੱਟੀ ਸੀ ਤਾਂ ਉਹ ਡਾਇਰੈਕਟਰ ਸਾਹਿਬ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਸੀ। ਐੱਸ ਐੱਸ ਪੀ ਨੇ ਤਾਂ ਕੇਸ ਫਾਈਲ ਕਰਨਾ ਸੀ। ਮੁੜ ਜਾਂਚ ਦੇ ਆਦੇਸ਼ ਦੇਣੇ ਅਤੇ ਉਨ੍ਹਾਂ ਹੀ ਅਧਿਕਾਰੀਆਂ ਨੂੰ, ਜਿਨ੍ਹਾਂ ਉੱਤੇ ਫਰਾਡ ਵਿੱਚ ਸ਼ਾਮਲ ਹੋਣਾ ਪਾਇਆ ਗਿਆ ਹੈ, ਕਿੱਥੋਂ ਕੁ ਤਕ ਉਚਿਤ ਹਨ? ਜੇ ਐੱਸ ਐੱਸ ਪੀ ਜਾਂਚ ਹੀ ਕਰਵਾਉਣੀ ਚਾਹੁੰਦੇ ਸਨ ਤਾਂ ਵਿਜੀਲੈਂਸ ਵਿਭਾਗ ਨੂੰ ਭੇਜਦੇ।
ਅਜਿਹੀ ਸਥਿਤੀ ਵਿੱਚ ਮੇਰੀ ਜਾਂ ਮੇਰੇ ਪਰਿਵਾਰ ਜਾਂ ਸਾਡੀ ਹਿਮਾਇਤ ਕਰਨ ਵਾਲਿਆਂ ਦੀ ਸੁਰੱਖਿਆ ਦੀ ਕੀ ਗਾਰੰਟੀ ਹੋ ਸਕਦੀ ਹੈ। ਕੀ ਪੁਲਿਸ ਸੁਰੱਖਿਆ ਦੇ ਸਕੇਗੀ, ਜੋ ਨੰਗੀ ਚਿੱਟੀ ਉਨ੍ਹਾਂ ਨਾਲ ਖਲੋਤੀ ਹੈ ਜੋ ਅਪਰਾਧਿਕ ਕਾਰਵਾਈਆਂ ਵਿੱਚ ਲਿਪਤ ਹਨ। ਪੰਚਾਇਤ ਵਿਭਾਗ ਦੇ ਆਲ੍ਹਾ ਅਫਸਰ ਵੀ ਜਾਣਦੇ ਹਨ ਕਿ ਉਹ ਕਈ ਪਿੰਡਾਂ ਵਿੱਚ ਕੰਮ ਕਰਦੇ ਅਪਰਾਧੀਆਂ ਦਾ ਗਰੋਹ ਹੈ, ਜਿਨ੍ਹਾਂ ਦਾ ਨਸ਼ਿਆਂ ਦੇ ਕਾਰੋਬਾਰ ਤੋਂ ਲੈ ਕੇ ਲੁੱਟਾਂ-ਖੋਹਾਂ ਵਾਲੇ ਗੈਂਗਾਂ ਤਕ ਰਿਸ਼ਤਾ ਹੈ। ਪੂਰਾ ਰਾਜਤੰਤਰ, ਅਪਰਾਧਿਕ ਅਤੇ ਗੁੰਡਾ ਗਰੋਹਾਂ ਦੇ ਦਬਾਅ ਹੇਠ ਕੰਮ ਕਰਦਾ ਹੈ। ਪੁਲਿਸ ਉਨ੍ਹਾਂ ਦੀ ਸੁਰੱਖਿਅਕ ਹੈ। ਸਲਵਿੰਦਰ ਸਿੰਘ ਉੱਤੇ ਕਾਤਲਾਨਾ ਹਮਲਾ ਕਰਨ ਵਾਲੇ ਹੀ ਜਦੋਂ ਗ੍ਰਿਫ਼ਤਾਰ ਨਹੀਂ ਹੋਣਗੇ, ਤਾਂ ਮੈਨੂੰ ਦਹਿਸ਼ਤਜ਼ਦਾ ਕਰਨ ਤੇ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਕਾਰਵਾਈ ਕਿੱਥੇ? ਮੈਂ ਪੰਜਾਬ ਦੇ ਜਮਹੂਰੀ ਲੋਕਾਂ ਅਤੇ ਜਥੇਬੰਦੀਆਂ ਤੋਂ ਮੰਗ ਕਰਦਾ ਹਾਂ ਕਿ ਇਸ ਤਾਨਾਸ਼ਾਹੀ ਰਵੱਈਏ ਵਿਰੁੱਧ ਆਵਾਜ਼ ਉਠਾਉਣ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4548)
(ਸਰੋਕਾਰ ਨਾਲ ਸੰਪਰਕ ਲਈ: (