“ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ ...”
(ਫਰਵਰੀ 19, 2016)
ਅਬੋਹਰ ਵਿਚ ਵਾਪਰੇ ਭੀਮ ਟਾਕ ਹੱਤਿਆ ਕਾਂਡ ਨੇ ਪੰਜਾਬ ਦੀ ਇਕ ਜਮਾਤ ਅੰਦਰ ਮਲ ਪਸਰ ਰਹੀ ਉਸ ਮੱਧ ਯੁੱਗੀ ਮਾਨਸਿਕਤਾ ਦਾ ਚਿਹਰਾ ਬੇਨਕਾਬ ਕਰ ਦਿੱਤਾ ਹੈ, ਜਿਸ ਨੇ ਪਿਛਲੇਰੇ ਕਈ ਸਾਲਾਂ ਤੋਂ ਪੰਜਾਬ ਦੇ ਸਾਧਾਰਨ ਲੋਕਾਂ ਉੱਤੇ ਇਕ ਚੁੱਪ ਦਹਿਸ਼ਤ ਦਾ ਦਾਬਾ ਬਣਾਇਆ ਹੋਇਆ ਸੀ। ਕੋਈ ਜੁਰਮ ਅਵਚੇਤਨ ਵਿੱਚੋਂ ਜਨਮ ਨਹੀਂ ਲੈਂਦਾ। ਸੁਚੇਤ ਅਤੇ ਵਿਉਂਤਬੱਧ ਯੋਜਨਾ ਦੀ ਉਪਜ ਹੁੰਦਾ ਹੈ। ਅਪਰਾਧਿਕ ਅਤੇ ਲੁੰਪਨ ਢੰਗ ਨਾਲ ਇਕੱਠੀ ਕੀਤੀ ਗਈ ਜਾਂ ਇਕੱਠੀ ਕੀਤੀ ਜਾ ਰਹੀ ਪੂੰਜੀ ਕਿੰਨੀ ਨਿਰਦਈ, ਬੇਕਰੂਰ, ਹਿੰਸਕ ਅਤੇ ਪਸ਼ੂ ਬਿਰਤੀ ਵਾਲੀ ਹੁੰਦੀ ਹੈ, ਇਹਦੀ ਪ੍ਰਤੱਖ ਮਿਸਾਲ ਅਬੋਹਰ ਕਾਂਡ ਹੈ। ਇਸ ਤਾਲਿਬਾਨੀ ਮਾਨਸਿਕਤਾ ਦੀ ਸਿਰਜਣਾ ਵਿਚ ਰਾਜਸੀ ਪ੍ਰਸ਼ਾਸਨਿਕ ਅਤੇ ਸਾਡਾ ਉਹ ਸਮੁੱਚਾ ਢਾਂਚਾ ਹੈ ਜਿਹਨੇ ਅਪਰਾਧਿਕ ਪੂੰਜੀ ਨੂੰ ਫੈਲਰਨ ਪਸਰਨ ਵਿਚ ਆਪਣੀ ਭੂਮਿਕਾ ਨਿਭਾਈ ਹੈ ਅਤੇ ਨਿਭਾ ਰਿਹਾ ਹੈ। ਜੇ ਕਹਿ ਲਿਆ ਜਾਵੇ ਕਿ ਇਸ ਦੇਸ਼ ਦੀ ਜਮਹੂਰੀਅਤ ਦੇ ਸਾਰੇ ਥੰਮ੍ਹ ਹੀ ਇਸ ਦੀ ਵਫ਼ਾਦਾਰੀ ਵਿਚ ਝੁਕੇ ਖਲੋਤੇ ਹਨ, ਤਾਂ ਕੋਈ ਅਤਿ ਕਥਨੀ ਨਹੀਂ ਹੋਵੇਗੀ। ਕਾਨੂੰਨ ਵਿਵਸਥਾ ਕਾਇਮ ਰੱਖਣ ਵਾਲੀ ਪੁਲਿਸ ਦੀ ਭੂਮਿਕਾ ਗੁਲਾਮ ਸੁਰੱਖਿਆ ਕਵਚ ਤੋਂ ਵੱਧ ਕੁਝ ਨਹੀਂ।
ਅਬੋਹਰ ਸ਼ਹਿਰ ਦੀ ਇਸ ਦਰਦਵਿੰਨ੍ਹੀ ਘਟਨਾ ਬਾਰੇ ਕੌਣ ਨਹੀਂ ਜਾਣਨਾ ਚਾਹੇਗਾ? ਇਹ ਵੇਖ ਕੇ ਲਗਦਾ ਹੈ ਕਿ ਅਸੀਂ ਵਿਕਾਸ ਅਤੇ ਸਮਾਜਿਕ ਅਸਭਿਅਤਾ ਦੀਆਂ ਕਿੰਨੀਆਂ ਮੰਜ਼ਿਲਾਂ ਤੈਅ ਕਰ ਲਈਆਂ ਹਨ? ਰਾਜਸਥਾਨ ਦੀ ਹੱਦ ਨਾਲ ਲੱਗਦਾ ਅਬੋਹਰ ਦਾ ਇਲਾਕਾ ਬਾਕੀ ਪੰਜਾਬ ਲਈ ਪਛੜਿਆ ਲਗਦਾ ਹੈ ਪਰ ਹਕੀਕਤ ਇਹ ਹੈ ਕਿ ਪੇਂਡੂ ਖੇਤਰ ਵਿਚ ਇਕ ਪਾਸੇ ਵੱਡੇ ਵੱਡੇ ਆਧੁਨਿਕ ਵਿਦੇਸ਼ੀ ਮਸ਼ੀਨਰੀ ਨਾਲ ਲੈਸ ਫਾਰਮ ਹਾਊਸ, ਦੂਸਰੇ ਪਾਸੇ ਕੰਗਾਲ ਛੋਟੀ ਕਿਸਾਨੀ ਅਤੇ ਗੈਰ ਜ਼ਮੀਨੇ ਕਿਸਾਨ। ਵਖਰੇਵੇਂ ਸਪਸ਼ਟ ਹਨ। ਅਬੋਹਰ ਸ਼ਹਿਰ ਵਿਚ ਵੀ ਇਕ ਪਾਸੇ ਆਧੁਨਿਕ ਕੋਠੀ ਨੁਮਾ ਕਲਚਰ ਦੂਸਰੇ ਪਾਸੇ ਉਹੀ 40-50 ਸਾਲ ਪਛੜੀਆਂ ਸਹੂਲਤਾਂ ਵਿਹੂਣੀਆਂ ਬਸਤੀਆਂ। ਇਨ੍ਹਾਂ ਬਸਤੀਆਂ ਵਿਚ ਹੀ ਭੀਮ ਟਾਂਕ ਵਰਗਿਆਂ ਦੇ ਪਰਿਵਾਰ ਰਹਿੰਦੇ ਸਨ। ਭੀਮ ਦਾ ਪਿਤਾ ਕਪੂਰ ਟਾਂਕ ਬਰਫ਼ ਦਾ ਅੱਡਾ ਲਾਉਂਦਾ ਸੀ, ਜਿੱਥੇ ਭੀਮ ਟਾਂਕ ਤੇ ਇੰਦਰ ਟਾਂਕ ਕੰਮ ਕਰਦੇ ਸਨ। ਇੱਥੋਂ ਹੀ ਅੰਮ੍ਰਿਤ ਲਾਲ ਡੋਡਾ, ਜਿਹੜਾ ਸ਼ਿਵ ਲਾਲ ਦਾ ਭਤੀਜਾ ਸੀ, ਭੀਮ ਨੂੰ ਆਪਣੇ ਸ਼ਰਾਬ ਦੇ ਕਾਰੋਬਾਰ ਵਿਚ ਲੈ ਗਿਆ। ਛੇ ਫੁੱਟ ਦੋ ਇੰਚ ਦੇ ਹੱਟੇ-ਕੱਟੇ ਭੀਮ ਨੂੰ ਕੀ ਪਤਾ ਸੀ ਕਿ ਉਹਦਾ ਭਵਿੱਖ ਕਿਹੋ ਜਿਹੋ ਹੋਵੇਗਾ? ਸ਼ਰਾਬ ਮਾਫ਼ੀਏ ਨੇ ਉਹਨੂੰ ਪੈਸੇ ਅਤੇ ਜ਼ਿੰਦਗੀ ਦੇ ਸਬਜ਼ਬਾਗ ਦਿਖਾਏ। ਡੋਡਾ ਪਰਿਵਾਰ ਨਾਲ ਵਫਾਦਾਰੀ ਦਾ ਸਿੱਟਾ ਉਹ ਅਬੋਹਰ ਹੀ ਨਹੀਂ ਅੰਮ੍ਰਿਤਸਰ, ਬਟਾਲਾ ਅਤੇ ਬਰਨਾਲਾ ਆਦਿ ਜ਼ਿਲ੍ਹਿਆਂ ਵਿਚ ਵੀ ਉਨ੍ਹਾਂ ਦੀ ਸੇਵਾ ਨਿਭਾਉਂਦਾ ਰਿਹਾ। ਉਹ ਡੋਡਾ ਪਰਿਵਾਰ ਦਾ ਲਠੈਤ ਵੀ ਬਣਿਆ ਅਤੇ ਪੌਣੀ ਦਰਜਨ ਕੁੱਟਮਾਰ ਦੇ ਕੇਸਾਂ ਵਿਚ ਅਦਾਲਤ ਦੀਆਂ ਤਰੀਕਾਂ ਭੁਗਤਦਾ ਆ ਰਿਹਾ ਹੈ।
ਪਿਛਲੇਰੇ 8 ਕੁ ਮਹੀਨਿਆਂ ਤੋਂ ਉਹ ਡੋਡਾ ਪਰਿਵਾਰ ਦੀ ਸ਼ਰਾਬ ਸਲਤਨਤ ਨਾਲੋਂ ਅਲੱਗ ਹੋ ਗਿਆ ਸੀ। ਉਹਦੇ ਨੇੜਲੇ ਮਿੱਤਰਾਂ ਮੁਤਾਬਿਕ ਉਹ ‘ਸੁਧਰ’ ਗਿਆ ਸੀ ਅਤੇ ਹੁਣ ਆਪਣਾ ਢਾਬਾ ਖੋਲ੍ਹ ਲਿਆ ਸੀ ਪਰ ਤੁਸੀਂ ਸੁਧਰ ਜਾਓ ਜਾਂ ਸੁਧਰਨ ਦੀ ਕੋਸ਼ਿਸ਼ ਕਰੋ, ਜਦੋਂ ਤੁਸੀਂ ਕਿਸੇ ਮਾਫ਼ੀਆ ਗਰੋਹ ਦੇ ਮੈਂਬਰ ਰਹੇ ਹੋਵੋਂ, ਉਹ ਤੁਹਾਨੂੰ ਸੁਧਰਨ ਨਹੀਂ ਦੇਵੇਗਾ, ‘ਸੁਧਾਰ’ ਦੇਵੇਗਾ। ਭੀਮ ਨਾਲ ਇਹੋ ਹੋਇਆ। 11 ਦਸੰਬਰ 2015 ਨੂੰ ਉਹਨੂੰ ਧੋਖੇ ਨਾਲ ਸ਼ਰਾਬ ਮਾਫ਼ੀਆ ਦੇ ਸਰਗਣੇ ਦੇ ਕਰਿੰਦਿਆਂ ਨੇ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਉੱਤੇ ਬੁਲਾਇਆ। ਆਪਣੇ ਇਕ ਮਿੱਤਰ ਨਾਲ ਉਹ ਉੱਥੇ ਗਿਆ ਪਰ ਚੰਦ ਮਿੰਟਾਂ ਵਿਚ ਉਹ ਸਮਝ ਗਿਆ ਕਿ ਉਸ ਨੂੰ ਇੱਥੇ ਕਿਉਂ ਬੁਲਾਇਆ ਗਿਆ ਹੈ। ਮਾਫ਼ੀਏ ਦੇ ਕਰਿੰਦਿਆਂ ਨੇ ਪਹਿਲਾਂ ਉਹਦੇ ਗਿੱਟੇ ਕੱਟੇ, ਫਿਰ ਦੋਵੇਂ ਗੁੱਟ ਅਤੇ ਫਿਰ ਮੋਢਿਆਂ ਤੋਂ ਬਾਹਾਂ। ਤੁਸੀਂ ਅਜਿਹੀ ਹਾਲਤ ਵਿਚ ਕੱਟੇ ਹੋਏ ਮਨੁੱਖ ਨੂੰ ਵੇਖ ਸਕਦੇ ਹੋ? ਉਫ਼ ਕਿੰਨਾ ਭਿਆਨਕ ਦ੍ਰਿਸ਼। ਪਰ ਬੇਰਹਿਮ ਜ਼ਾਲਮਾਂ ਨੇ ਉਹਦੇ ਸਾਥੀ ਗੁਰਜੰਟ ਨਾਲ ਵੀ ਇਹੋ ਕਰਨਾ ਸ਼ੁਰੂ ਕਰ ਦਿੱਤਾ। ਉਹਦਾ ਇਕ ਹੱਥ ਕੱਟ ਦਿੱਤਾ, ਇਕ ਲੱਤ ਕੱਟ ਦਿੱਤੀ। ਹੱਥ ਤਾਂ ਸਰੀਰ ਤੋਂ ਵੱਖ ਹੋ ਗਿਆ। ਵੱਖ ਹੋਇਆ ਹੱਥ ਅਲੱਗ ਤੜਪ ਰਿਹਾ ਸੀ ਅਤੇ ਸਰੀਰ ਅਲੱਗ। ਅਚਨਚੇਤ ਕਿਸੇ ਪਾਸਿਓਂ ਕੋਈ ਰੌਲਾ ਪਿਆ ਅਤੇ ਸਾਰਾ ਗਰੋਹ ਭੱਜ ਗਿਆ। ਗੁਰਜੰਟ ਤੜਪਦਾ ਰਿਹਾ, ਭੀਮ ਤੜਪਦਾ ਰਿਹਾ।
ਜਿਸ ਫਾਰਮ ਹਾਊਸ ਵਿਚ ਇਹ ਸਭ ਕੁਝ ਹੋਇਆ, ਉਹ ਸਾਧਾਰਨ ਖੇਤ ਨਹੀਂ ਸਗੋਂ 35 ਕੁ ਏਕੜ ਵਿਚ ਫੈਲੇ ਇਸ ਫਾਰਮ ਹਾਊਸ ਦੇ ਚੁਫੇਰੇ 10-12 ਫੁੱਟ ਉੱਚੀ ਕੰਧ ਹੈ ਅਤੇ ਸਾਹਮਣੇ ਹਨੂੰਮਾਨਗੜ੍ਹ ਅਬੋਹਰ ਰੋਡ ਉੱਤੇ ਇਕ ਵੱਡਾ 20 ਫੁੱਟ ਚੌੜਾ 14 ਫੁੱਟ ਉੱਚਾ ਵੱਡਾ ਗੇਟ ਹੈ, ਨਾਲ ਹੀ ਇਕ ਛੋਟਾ ਗੇਟ। ਕਿਲ੍ਹਾਨੁਮਾ ਇਹ ਇਲਾਕਾ ਸ਼ਹਿਰ ਤੋਂ 6 ਕੁ ਕਿਲੋਮੀਟਰ ਦੂਰ ਹੈ ਅਤੇ ਸੁੰਨਸਾਨ। ਇਸੇ ਚਾਰ ਦੀਵਾਰੀ ਦੇ ਅੰਦਰ ਕਈ ਬਿਲਡਿੰਗਾਂ ਹਨ। ਬਗੀਚਾ ਹੈ, ਪਾਰਕ ਹੈ, ਬਾਗ ਹੈ ਅਤੇ ਡੋਡਾ ਦੇ ਕਾਰੋਬਾਰ ਦਾ ਹਿਸਾਬ ਕਿਤਾਬ ਰੱਖਣ ਵਾਲਾ ਇਕ ਵੱਡਾ ਦਫਤਰ ਹੈ। ਇਸੇ ਵਿਚ ਗੈੱਸਟ ਹਾਊਸ ਹੈ ਅਤੇ ਕਈ ਕੁਆਰਟਰ ਹਨ। ਇਨ੍ਹਾਂ ਕੁਆਰਟਰਾਂ ਵਿੱਚੋਂ ਇਕ ਵਿੱਚ 2 ਕੁ ਕਿਲੋਮੀਟਰ ਦੂਰ ਥਾਣਾ ਬਹਾਵਵਾਲਾ ਦਾ ਐਸ. ਐਚ. ਓ. ਹਰਿੰਦਰ ਸਿੰਘ ਚਮੇਲੀ ਵੀ ਰਹਿੰਦਾ ਰਿਹਾ ਹੈ। 35 ਏਕੜ ਵਿਚ ਫੈਲੇ ਇਸ ਕਿਲ੍ਹਾਨੁਮਾ ਫਾਰਮ ਹਾਊਸ ਦਾ ਮਾਲਕ ਸ਼ਿਵ ਲਾਲ ਡਾਡਾ ਹੈ, ਜਿਹੜਾ ਅੱਜ ਕੱਲ੍ਹ ਅਕਾਲੀ ਦਲ ਬਾਦਲ ਦਾ ਹਲਕਾ ਇੰਚਾਰਜ ਹੈ। ਪੰਜਾਬ ਦੇ ਡਿਪਟੀ ਮੁੱਖ ਮੰਤਰੀ ਇਸ ਫਾਰਮ ਹਾਊਸ ਵਿਚ ਆਉਂਦੇ ਜਾਂਦੇ ਹਨ।
ਸ਼ਿਵ ਲਾਲ ਡੋਡੇ ਦੀ ਕਹਾਣੀ ਵੀ ਸਨਸਨੀਖੇਜ਼ ਹੈ। ਕੋਈ 35 ਕੁ ਸਾਲ ਪਹਿਲਾਂ ਉਹ ਅਬੋਹਰ ਸ਼ਹਿਰ ਵਿਚ ਬਰਫ਼ ਵੇਚਦਾ ਹੁੰਦਾ ਸੀ ਅਤੇ ਉਹਦਾ ਪਿਤਾ ਸਬਜ਼ੀ ਵੇਚਦਾ ਰਿਹਾ ਹੈ। ਇਕ ਦਿਨ ਕਿਸੇ ਝਗੜੇ ਵਿਚ ਉਹਨੇ ਇਕ ਵਿਅਕਤੀ ਦੇ ਢਿੱਡ ਵਿਚ ਬਰਫ਼ ਵਾਲਾ ਸੂਆ ਖੋਭ ਦਿੱਤਾ। ਆਪ ਤਾਂ ਦਿੱਲੀ ਭੱਜ ਗਿਆ ਪਰ ਭਰਾ ਜੇਲ੍ਹ ਵਿਚ ਚਲਾ ਗਿਆ। ਦਿੱਲੀ ਉਹ ਕਿਸੇ ਸ਼ਰਾਬ ਵੇਚਣ ਵਾਲੇ ਦਾ ਕਰਿੰਦਾ ਬਣ ਗਿਆ। ਹਰਿਆਣੇ ਤੋਂ ਸਸਤੀ ਸ਼ਰਾਬ ਲਿਜਾ ਕੇ ਦਿੱਲੀ ਵੇਚਣ ਦੇ ਧੰਦੇ ਦੇ ਨਾਲ ਨਾਲ ਜੂਆ ਅਤੇ ਸੱਟਾ ਉਹਦਾ ਕਾਰੋਬਾਰ ਸੀ। ਕਾਰੋਬਾਰ ਖੂਬ ਵਧਿਆ ਫੁੱਲਿਆ। ਸ਼ਰਾਬ ਦੇ ਠੇਕੇ ਲੈਣ ਲੱਗਾ। ਅੱਜ ਉਹਦਾ ਸ਼ਰਾਬ ਦਾ ਕਾਰੋਬਾਰ ਸੁਣ ਕੇ ਹੈਰਾਨ ਹੋ ਜਾਈਦਾ ਹੈ। ਬਿਹਾਰ ਅਤੇ ਯੂ.ਪੀ. ਤੋਂ ਇਲਾਵਾ ਹਰਿਆਣਾ, ਦਿੱਲੀ ਅਤੇ ਰਾਜਸਥਾਨ ਤੱਕ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਤੋਂ ਇਲਾਵਾ ਬੰਗਲੌਰ ਵਿਚ ਇਕ ਸ਼ਰਾਬ ਫੈਕਟਰੀ ਵੀ ਦੱਸਦਾ ਹੈ। ਰਾਜਸਥਾਨ ਵਿਚ ਪੋਸਤ (ਭੁੱਕੀ) ਦੇ ਠੇਕਿਆਂ ਦੀ ਸਰਦਾਰੀ ਹੈ। ਪੰਜਾਬ ਵਿਚ ਫਾਜ਼ਿਲਕਾ ਹੀ ਨਹੀਂ, ਅੰਮ੍ਰਿਤਸਰ, ਫਿਰੋਜ਼ਪੁਰ, ਬਟਾਲਾ, ਜਲੰਧਰ, ਬਰਨਾਲਾ ਆਦਿ ਕਈ ਜ਼ਿਲ੍ਹਿਆਂ ਵਿਚ ਪੂਰੀ ਸ਼ਰਾਬ ਦਾ ਸਪਲਾਇਰ ਹੈ। ਅਬੋਹਰ ਉਹਦੇ ਸ਼ਰਾਬ ਦੇ ਗੋਦਾਮ ਦੇਖ ਕੇ ਬੰਦਾ ਦੰਗ ਰਹਿ ਜਾਂਦਾ ਹੈ। ਹਰਿਆਣੇ ਵਿੱਚ ਇਕ ਵਿੱਦਿਅਕ ਸੰਸਥਾ ਵੀ ਚਲਾ ਰਿਹਾ ਹੈ ਅਤੇ ਅਬੋਹਰ ਵਿਚ ਇਕ ਚੈਰੀਟੇਬਲ ਹਸਪਤਾਲ। ਅਬੋਹਰ ਵਿਚ ਉਸ ਪਾਸ ਐਲ-ਵਨ ਸ਼ਰਾਬ ਦਾ ਲਾਇਸੰਸ ਹੈ ਜਿਹੜਾ ਕਿ ਜ਼ਿਲ੍ਹੇ ਪੱਧਰ ਦੇ ਥੋਕ ਵਿਕਰੇਤਾ ਨੂੰ ਮਿਲਦਾ ਹੈ।
ਸਾਲ 2012 ਵਿਚ ਜਦੋਂ ਸ਼ਿਵ ਲਾਲ ਡੋਡਾ ਆਜ਼ਾਦ ਉਮੀਦਵਾਰ ਵਜੋਂ ਵਿਧਾਨ ਸਭਾ ਚੋਣਾਂ ਵਿਚ ਖੜ੍ਹਾ ਹੋਇਆ ਸੀ ਤਾਂ ਉਹਦੀ ਪਤਨੀ ਵਲੋਂ ਦਿੱਤੇ ਘੋਸ਼ਣਾ ਪੱਤਰ ਵਿਚ ਸ਼ਿਵ ਲਾਲ ਦੀ ਸਲਾਨਾ ਸ਼ੁੱਧ ਆਮਦਨ 1,03,76240 ਰੁਪਏ ਸੀ ਜਦੋਂ ਕਿ ਪਤਨੀ ਸੁਨੀਤਾ ਡੋਡਾ ਦੀ ਆਮਦਨੀ 3 ਲੱਖ 830 ਰੁਪਏ ਸਾਲਾਨਾ ਸ਼ੁੱਧ ਮੁਨਾਫ਼ਾ। ਸ਼ਹਿਰੀਆਂ ਵਿਚ ਤਾਂ ਇਹ ਵੀ ਚਰਚਾ ਹੈ ਕਿ 14 ਕੁ ਸਾਲ ਪਹਿਲਾਂ ਜਦੋਂ ਸ਼ਿਵ ਲਾਲ ਮੁੜ ਅਬੋਹਰ ਆਇਆ ਅਤੇ ਇਹ ਫਾਰਮ ਹਾਊਸ ਖਰੀਦਿਆ ਤਾਂ ਇੱਥੇ ਸ਼ਰਾਬ ਦਾ ਕੰਮ ਕਰਦੇ ਰੂਪ ਚੰਦ ਬਾਂਸਲ ਦੀਆਂ ਦਿਨ ਦਿਹਾੜੇ ਲੱਤਾਂ ਤੋੜ ਦੇਣ ਦੀ ਘਟਨਾ ਵਾਪਰੀ ਸੀ ਅਤੇ ਇਵੇਂ ਹੀ ਸਤਪਾਲ ਸੇਤੀਆ ਅਤੇ ਉਹਦੀ ਪਤਨੀ ਨੂੰ ਦਿਨ ਦਿਹਾੜੇ ਘਰ ਵਿਚ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਸੇਤੀਆ ਦਾ ਭਰਾ ਇਨ੍ਹਾਂ ਕਾਂਡਾਂ ਦਾ ਦੋਸ਼ ਸ਼ਿਵ ਲਾਲ ਉੱਤੇ ਹੀ ਮੜ੍ਹਦਾ ਹੈ। ਉਹਨੇ ਪੁਲਿਸ ਅਤੇ ਕਚਹਿਰੀ ਤਕ ਪਹੁੰਚ ਵੀ ਕੀਤੀ ਪਰ ਉਹਦੀ ਕਿਸੇ ਨਾ ਸੁਣੀ।
ਇਸ ਕਾਰੋਬਾਰ ਦੇ ਨਾਲ ਇਕ ਹੋਰ ਧੰਦਾ ਹੈ। ਉਹ ਹੈ ਸ਼ਰਾਬ ਵਿਚ ਮਿਲਾਵਟ ਕਰਨ ਦਾ। ਵੱਡੇ ਗੋਦਾਮਾਂ ਵਿਚ ਸ਼ਰਾਬ ਵਿਚ ਮਿਲਾਵਟ ਕਰਕੇ ਨਵੇਂ ਲੇਬਲ ਤੇ ਨਵੀਂ ਪੈਕਿੰਗ ਕਰਕੇ ਫੇਰ ਠੇਕਿਆਂ ਤੱਕ ਸਪਲਾਈ ਕਰਨ ਦੀ। ਦੇਸੀ ਹੀ ਨਹੀਂ, ਅੰਗਰੇਜ਼ੀ ਸ਼ਰਾਬ ਵੀ। ਇਹ ਕਰੋੜਾਂ ਦਾ ਦੋ ਨੰਬਰ ਦਾ ਧੰਦਾ ਹੈ। ਇਨ੍ਹਾਂ ਧੰਦਿਆਂ ਦਾ ਹੀ ਭੇਤੀ ਸੀ ਭੀਮ ਟਾਂਕ। ਉਹਦਾ ਡੋਡਾ ਪਰਿਵਾਰ ਅਤੇ ਕਾਰੋਬਾਰ ਨੂੰ ਛੱਡ ਕੇ ਜਾਣਾ ਘੱਟੋ ਘੱਟ ਡੋਡੇ ਕਾਰੋਬਾਰੀਏ ਲਈ ਕਿਸੇ ਵੀ ਤਰ੍ਹਾਂ ਹਜ਼ਮ ਨਹੀਂ ਸੀ। ਵੈਸਾ ਵੀ ਸ਼ਿਵ ਲਾਲ ਡੋਡੇ ਅਤੇ ਅੰਮ੍ਰਿਤ ਡੋਡੇ ਨੇ ਭੀਮ ਟਾਂਕ ਤੋਂ ਕਿੰਨੇ ਹੋਰ ਗੈਰ ਕਾਨੂੰਨੀ ਕੰਮ ਕਰਵਾਏ ਹੋਣਗੇ। ਇਹਦਾ ਭੇਤ ਅਜੇ ਰਹੱਸ ਹੀ ਹੈ।
ਸ਼ਿਵ ਲਾਲ ਡੋਡਾ ਵਰਗੇ ਮਾਫ਼ੀਆ ਗਰੋਹਾਂ ਦੇ ਸਰਗਨਿਆਂ ਵਲੋਂ ਭੀਮ ਟਾਂਕ ਵਰਗੇ ਕਿੰਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਪੈਸੇ, ਬੌਸਗਿਰੀ ਦੇ ਗਲੈਮਰ ਵਿਚ ਬਹਿਲਾ ਫੁਸਲਾ ਕੇ ਆਪਣੇ ਗਲਤ ਅਤੇ ਗੈਰ ਕਾਨੂੰਨੀ ਧੰਦਿਆਂ ਵਿਚ ਅਤੇ ਕਾਰੋਬਾਰ ਦੇ ਵਿਸਥਾਰ ਵਿਚ ਵਰਤਿਆ ਜਾਂਦਾ ਹੈ। ਚਮਕ ਦਮਕ ਅਤੇ ਮਾਫ਼ੀਆ ਪੂੰਜੀ ਦੀ ਚਕਾਚੌਂਧ ਵਿਚ ਇਹ ਨੌਜਵਾਨ ਆਪਣੇ ਮਾਲਕਾਂ ਲਈ ਜ਼ਰਾਇਮਪੇਸ਼ਾ ਕਰਿੰਦੇ ਬਣ ਕੇ ਕੁੱਟਮਾਰ, ਧੌਂਸਗਿਰੀ, ਕਤਲ, ਭੰਨਤੋੜ, ਸਾੜ-ਫੂਕ ਅਤੇ ਕਈ ਕਿਸਮ ਦੀਆਂ ਗੈਰ ਸਮਾਜੀ ਕਾਰਵਾਈਆਂ ਕਰਦੇ ਹਨ ਅਤੇ ਜਦੋਂ ਕਿਤੇ ਕਿਸੇ ਭੀਮ ਟਾਂਕ ਵਰਗੇ ਨੌਜਵਾਨ ਨੇ ਇਸ ਤੋਂ ਤੌਬਾ ਕੀਤੀ ਤਾਂ ਉਨ੍ਹਾਂ ਨੂੰ ਇਸ ਦੀ ਕੀਮਤ ਆਪਣੀ ਜਾਨ ਦੇ ਕੇ ਤਾਰਨੀ ਪਈ।
ਸ਼ਿਵ ਲਾਲ ਡੋਡਾ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਬੋਹਰ ਤੋਂ ਆਜ਼ਾਦ ਉਮੀਦਵਾਰ ਖਲੋਤਾ ਸੀ ਅਤੇ 46000 ਵੋਟਾਂ ਲੈ ਕੇ ਦੂਸਰੇ ਨੰਬਰ ’ਤੇ ਰਿਹਾ। ਜੇਤੂ ਉਮੀਦਵਾਰ ਕਾਂਗਰਸੀ ਆਗੂ ਸੁਨੀਲ ਜਾਖੜ ਸੀ, ਜਿਹਨੂੰ 53000 ਵੋਟਾਂ ਮਿਲੀਆਂ ਸਨ। ਤੀਸਰੇ ਨੰਬਰ ਉੱਤੇ ਅਕਾਲੀ ਭਾਜਪਾ ਉਮੀਦਵਾਰ ਲਕਛਮੀ ਭਾਨ ਸੀ, ਜਿਹਨੂੰ ਸਿਰਫ਼ 9000 ਵੋਟਾਂ ਹੀ ਮਿਲੀਆਂ। ਪੇਂਡੂ ਖੇਤਰ ਦੀ ਕਿਸਾਨੀ ਅਤੇ ਹੋਰ ਵਰਗਾਂ ਦੀਆਂ ਅਕਾਲੀ ਵੋਟਾਂ ਸ਼ਿਵ ਲਾਲ ਡੋਡੇ ਨੂੰ ਹੀ ਪਈਆਂ ਸਨ। ਸੁਖਬੀਰ ਬਾਦਲ ਦਾ ਇਹ ਖਾਸਮ-ਖਾਸ ਆਦਮੀ ਹੈ। ਕਾਲੇ ਕਾਰਨਾਮਿਆਂ ਵਿਚ ਮਸ਼ਹੂਰ ਫਾਰਮ ਹਾਊਸ ਵਿਚ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਅਤੇ ਮਜੀਠੀਆ ਵੀ ਆਉਂਦੇ ਜਾਂਦੇ ਰਹੇ ਹਨ। ਸ਼ਹਿਰ ਵਿਚ ਅਕਾਲੀ ਦਲ ਬਾਦਲ ਦਾ ਦਫ਼ਤਰ ਵੀ ਸ਼ਿਵ ਲਾਲ ਡੋਡਾ ਦੀ ਮਾਲਕੀ ਵਾਲੀ ਇਮਾਰਤ ਵਿਚ ਹੀ ਹੈ। ਸ਼ਹਿਰ ਵਿਚ ਡੋਡੇ ਦੀ ਇਕ ਦਹਿਸ਼ਤ ਹੈ। ਇਹ ਦਹਿਸ਼ਤ ਭੀਮ ਟਾਂਕ ਵਰਗੇ ਬੇਰੁਜ਼ਗਾਰ ਅਤੇ ਗਲੈਮਰ ਦੀ ਚਕਾਚੌਂਧ ਵਿਚ ਫਸੇ ਨੌਜਵਾਨਾਂ ਦੇ ਲੱਠਮਾਰ ਜਥਿਆਂ ਦੇ ਸਿਰ ਉੱਤੇ ਹੀ ਹੈ। ਵੈਸੇ ਵੀ ਸੁਖਬੀਰ ਬਾਦਲ ਨੇ ਪਿਛਲੇਰੇ 10 ਸਾਲਾਂ ਵਿਚ ਪਾਰਟੀ ਨੂੰ ਜਿਵੇਂ ਮੈਨੇਜ ਕੀਤਾ ਹੈ, ਉਸ ਵਿਚ ਅਜਿਹੇ ਲੱਠਮਾਰਾਂ ਦੇ ਗਰੋਹ ਹਰ ਪਿੰਡ, ਹਰ ਸ਼ਹਿਰ ਅਤੇ ਹਰ ਕਸਬੇ ਮਹੱਲੇ ਪੱਧਰ ਉੱਤੇ ਤਿਆਰ ਕੀਤੇ ਹਨ, ਜਿਨ੍ਹਾਂ ਦਾ ਆਪਸੀ ਤਾਲਮੇਲ ਹੈ ਅਤੇ ਜਿਨ੍ਹਾਂ ਨੂੰ ਪੁਲਿਸ ਦੀ ਪੂਰੀ ਸੁਰੱਖਿਆ ਹੈ। ਚੋਣਾਂ ਜਿੱਤਣ, ਪਾਰਟੀ ਦੀ ਧੌਂਸ ਜਮਾਉਣ ਅਤੇ ਹਰ ਵਿਰੋਧੀ ਨੂੰ ਚਿੱਤ ਕਰਨ ਵਿਚ ਇਕ ਮੁਤਬਾਦਲ ਲੱਠਮਾਰ ਫੋਰਸ ਪਾਰਟੀ ਲਈ ਬਹੁਤ ਸਹਾਈ ਹੁੰਦੀ ਹੈ। ਜਮਹੂਰੀਅਤ ਦੇ ਇਸ ਰੂਪ ਨੂੰ ਹਰ ਥਾਂ ਵੇਖਿਆ ਜਾ ਸਕਦਾ ਹੈ।
ਚਰਚਾ ਤਾਂ ਇਹ ਵੀ ਹੈ ਕਿ ਡਿਪਟੀ ਸੀ. ਐਮ. ਅਤੇ ਸ਼ਿਵ ਲਾਲ ਡੋਡਾ ਦਰਮਿਆਨ ਸ਼ਰਾਬ ਦੀ ਫੈਕਟਰੀ ਲਾਉਣ ਲਈ ਜ਼ਮੀਨ ਹਾਸਲ ਕਰਕੇਦੇਣ ਅਤੇ ਇਸ ਇਵਜ਼ ਵਿਚ ਫਾਰਮ ਹਾਊਸ ਤੋਹਫ਼ੇ ਵਿਚ ਦੇਣ ਦੀ ਸੌਦੇਬਾਜ਼ੀ ਵੀ ਹੁੰਦੀ ਰਹੀ, ਪਰ ਗੱਲ ਸਿਰੇ ਕਿਉਂ ਨਹੀਂ ਚੜ੍ਹੀ ਜਾਂ ਕਿੰਨੀ ਦੂਰ ਸੀ, ਇਹ ਰੱਬ ਨਹੀਂ ਜਾਣਦਾ, ਇਹ ਦੋਵੇਂ ਹੀ ਜਾਣਦੇ ਹਨ।
ਭੀਮ ਟਾਂਕ ਦੇ ਢਾਬੇ ਖੋਲ੍ਹਣ ਤੋਂ ਲੈ ਕੇ ਅੰਮ੍ਰਿਤ ਡੋਡਾ, ਜਿਹੜਾ ਸੋਲ੍ਹੀ (ਸ਼ਿਵ) ਦਾ ਭਤੀਜਾ ਹੈ ਅਤੇ ਸ਼ਰਾਬ ਦਾ ਕਾਰੋਬਾਰ ਸੰਭਾਲਦਾ ਹੈ, ਦੇ ਕਈ ਸੁਨੇਹੇ ਭੀਮ ਨੂੰ ਆਏ ਕਿ ਉਹ ਉਹਦੇ ਕਾਰੋਬਾਰ ਵਿਚ ਮੁੜ ਸ਼ਾਮਲ ਹੋ ਜਾਵੇ ਪਰ ਭੀਮ ਅੜਿਆ ਰਿਹਾ। ਇਸੇ ਦੌਰਾਨ ਟਾਟਾ ਪਿਕਅਪ ਯੂਨੀਅਨ ਨੇ ਭੀਮ ਟਾਂਕ ਨੂੰ ਪ੍ਰਧਾਨ ਚੁਣ ਲਿਆ ਅਤੇ ਪਿਕਅਪ ਗੱਡੀਆਂ ਤੋਂ ਨਜਾਇਜ਼ ਵਸੂਲੀ ਕਰਨ ਵਾਲੇ ਰਾਜਾਂ ਤੇ ਵਜ਼ੀਰ ਨੂੰ ਭੀਮ ਦਾ ਪ੍ਰਧਾਨ ਬਣਨਾ ਦਰੁਸਤ ਨਾ ਲੱਗਾ। ਇਸੇ ਦੌਰਾਨ ਅੰਮ੍ਰਿਤ ਡੋਡਾ ਨਾਲ ਇਕ ਹੋਰ ਕੰਮ ਕਰਦੇ ਕਰਿੰਦੇ ਹੈਰੀ ਰਾਹੀਂ ਵੀ ਕੋਸ਼ਿਸ਼ ਕੀਤੀ। ਹੈਰੀ ਨੇ ਮਾਫ਼ੀਆ ਗਰੋਹਾਂ ਵਾਲੀ ਚਾਲ ਚੱਲੀ। ਇਕ ਔਰਤ ਨੂੰ ਹੋਟਲ ਉੱਤੇ ਭੇਜ ਦਿੱਤਾ ਅਤੇ ਫਿਰ ਬਲਾਤਕਾਰ ਦਾ ਕੇਸ ਦਰਜ ਕਰਾਉਣ ਦੀ ਧਮਕੀ ਦਿੱਤੀ। 11 ਦਸੰਬਰ ਨੂੰ ਭੀਮ ਇਨ੍ਹਾਂ ਦੋਹਾਂ ਕੇਸਾਂ ਦੇ ਸਬੰਧ ਵਿਚ ਹੀ ਧੋਖੇ ਨਾਲ ਭੇਜੇ ਸੱਦੇ ਹੇਠ ਫਾਰਮ ਹਾਊਸ ਵਿਚ ਗਿਆ ਸੀ ਅਤੇ ਹੈਰੀ ਦੇ ਫੋਨ ਉੱਤੇ ਹੀ ਉਹਨੂੰ ਗੇਟ ਲੰਘਣ ਦੀ ਇਜਾਜ਼ਤ ਮਿਲੀ ਸੀ। ਤੱਥ ਤਾਂ ਇਹ ਵੀ ਮਿਲਿਆ ਹੈ ਕਿ ਉਸ ਸਮੇਂ ਬਹਾਵਵਾਲਾ ਥਾਣੇ ਦੇ ਐੱਸ. ਐੱਚ. ਓ. ਹਰਿੰਦਰ ਸਿੰਘ ਚੰਮੇਲੀ ਦੇ ਸਾਹਮਣੇ ਹੀ ਹੈਰੀ ਗਰੋਹ ਦੇ ਮੈਂਬਰ ਆਪਣੇ ਦਾਹ, ਦਾਤਰਾਂ ਅਤੇ ਟੋਕਿਆਂ ਨਾਲ ਲੈਸ ਲੰਘੇ ਸਨ। ਫਾਰਮ ਹਾਊਸ ਵਿਚ ਰਿਹਾਇਸ਼ ਕਰਕੇ ਚੰਮੇਲੀ ਉਨ੍ਹਾਂ ਨੂੰ ਜਾਣਦਾ ਸੀ। ਇਹੋ ਕਾਰਨ ਹੈ ਕਿ ਪੁਲਿਸ ਨਾ ਮੌਕੇ ’ਤੇ ਆਈ ਨਾ ਹੀ ਸਮੇਂ ਸਿਰ ਜ਼ਖ਼ਮੀਆਂ ਨੂੰ ਚੁੱਕਿਆ ,ਨਾ ਹਸਪਤਾਲ ਪਹੁੰਚਾਇਆ, ਨਾ ਹੀ ਕੋਈ ਪਰਚਾ ਹੀ ਦਰਜ ਕੀਤਾ।
ਇਕ ਅਰਬਪਤੀ-ਖਰਬਪਤੀ ਦੇ ਕਿਲ੍ਹਾਨੁਮਾ ਫਾਰਮ ਹਾਊਸ ਵਿਚ ਅਜਿਹੀ ਨਿਰਦਈ ਅਤੇ ਬੇਰਹਿਮ ਘਟਨਾ ਵਾਪਰੀ ਹੋਵੇ ਅਤੇ ਪੁਲਿਸ ਮੂਕ ਦਰਸ਼ਕ ਬਣੀ ਰਹੇ, ਜਦੋਂ ਕਿ ਸਾਰੇ ਸ਼ਹਿਰ ਅਤੇ ਪੰਜਾਬ ਵਿਚ ਇਹ ਖ਼ਬਰ ਅੱਗ ਵਾਂਗੂੰ ਫੈਲ ਗਈ ਹੋਵੇ। 11 ਦਸੰਬਰ ਦਿਨੇ 12 ਕੁ ਵਜੇ ਫਾਰਮ ਹਾਊਸ ਵਿਚ ਘਟਨਾ ਵਾਪਰੀ। ਇਕ ਕੁ ਵਜੇ ਜ਼ਖ਼ਮੀ ਚੁੱਕ ਲਏ ਅਤੇ ਗੁਰਜੰਟ ਨੂੰ 5 ਵਜੇ ਅੰਮ੍ਰਿਤਸਰ ਅਮਨਦੀਪ ਹਸਪਤਾਲ ਵੀ ਲੈ ਗਏ ਪਰ ਪੁਲਿਸ ਦੀ ਕੋਈ ਹਰਕਤ ਨਹੀਂ ਹੋਈ। ਫਾਰਮ ਹਾਊਸ ਵਿਚ ਕੰਪਿਊਟਰ ਉੱਤੇ ਕੰਮ ਕਰਨ ਵਾਲੇ ਕੰਮ ਕਰਦੇ ਰਹੇ। ਮਜ਼ਦੂਰ ਅਤੇ ਹੋਰ ਕਰਿੰਦੇ ਆਪਣੇ ਕੰਮਾਂ ਵਿਚ ਮਸਤ ਰਹੇ। ਜਦੋਂ ਲੇਖਕ ਅਤੇ ਹੋਰ ਮਿੱਤਰ ਡੋਡਾ ਫਾਰਮ ਹਾਊਸ ਦੇ ਮਜ਼ਦੂਰਾਂ ਤੋਂ ਇਹ ਜਾਣਕਾਰੀ ਲੈ ਰਹੇ ਸਨ ਤਾਂ ਉਹਨਾਂ ਦਾ ਜਵਾਬ ਸੀ, “ਜਨਾਬ ਅਜਿਹੀ ਕੁੱਟਮਾਰ ਤਾਂ ਇੱਥੇ ਹੁੰਦੀ ਰਹਿੰਦੀ ਸੀ ਅਤੇ ਹੈ। ਇੱਥੇ ਆਉਂਦੇ ਨੇ, ਲੜਦੇ ਨੇ, ਝਗੜਦੇ ਨੇ, ਕੁੱਟ ਮਾਰ ਹੁੰਦੀ ਹੈ ਅਤੇ ਚਲੇ ਜਾਂਦੇ ਹਨ। ਸਾਡਾ ਇਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ।”ਉਨ੍ਹਾਂ ਨੇ ਵੀ ਪੁਸ਼ਟੀ ਕੀਤੀ ਕਿ ਪੁਲਿਸ ਉਸ ਦਿਨ ਨਹੀਂ ਆਈ। ਐਫ. ਆਈ. ਆਰ. ਦੂਸਰੇ ਦਿਨ ਲਿਖੀ ਗਈ। ਜਦੋਂ ਕਿ ਭੀਮ ਟਾਂਕ ਦੀ ਮੌਤ ਉਸੇ ਦਿਨ ਸ਼ਾਮੀ 4.30 ਅਤੇ 5.00 ਦੇ ਦਰਮਿਆਨ ਤਰਨਤਾਰਨ ਦੇ ਕੋਲ ਹੋ ਗਈ ਸੀ।
ਸਿਹਤ ਸਹੂਲਤਾਂ ਦਾ ਨਾਸਿਕ ਪ੍ਰਬੰਧ ਇਸ ਪੱਖੋਂ ਵੀ ਕਿ ਅੰਗ ਪੈਰ ਕੱਟੇ ਵੱਢੇ ਗਰਜੰਟ ਨੂੰ ਗੁਰਜੰਟ ਦਾ ਭਰਾ ਅਤੇ ਮਾਮਾ ਫਾਰਮ ਹਾਊਸ ਵਿੱਚੋਂ ਚੁੱਕ ਕੇ ਹਸਪਤਾਲ ਲੈ ਕੇ ਆ ਗਏ ਸਨ ਪਰ ਹਸਪਤਾਲ ਦੀ ਡਾਕਟਰ ਇਹ ਵੇਖ ਹੀ ਨਾ ਸਕੀ। ਮੁਢਲੀ ਸਹਾਇਤਾ ਵੀ ਦੇ ਨਾ ਸਕੀ ਅਤੇ ਛੇਤੀ ਫਰੀਦਕੋਟ ਲਿਜਾਣ ਦੀ ਹਦਾਇਤ ਦੇ ਦਿੱਤੀ। ਕੱਟੇ ਵੱਡੇ ਭੀਮ ਟਾਂਕ ਤੇ ਗੁਰਜੰਟ ਸਿੰਘ ਨੂੰ ਅਬੋਹਰ ਤੋਂ ਅੰਮ੍ਰਿਤਸਰ ਲਗਭਗ 240 ਕਿਲੋਮੀਟਰ ਦੂਰ ਬਿਨਾਂ ਮੁਢਲੀ ਸਹਾਇਤਾ ਤੋਂ ਲੈ ਕੇ ਜਾਣਾ ਪਿਆ। ਜੇ ਸ਼ਿਵ ਲਾਲ ਡੋਡੇ ਦੇ ਆਦਮੀਆਂ ਨੇ ਭੀਮੇ ਨੂੰ ਵੱਢ ਟੁੱਕ ਕੇ ਸੁੱਟਿਆ ਸੀ ਤਾਂ ਉਹਦੀ ਮੌਤ ਇੱਥੋਂ ਦੇ ਗਏ ਗੁਜ਼ਰੇ ਸਿਹਤ ਵਿਭਾਗ ਕਰਕੇ ਹੀ ਹੋਈ, ਜਿਸ ਨੇ ਉਹਨੂੰ ਮੁਢਲੀ ਸਹਾਇਤਾ ਵੀ ਨਹੀਂ ਦਿੱਤੀ।
ਭੀਮ ਟਾਂਕ ਦੀ ਮੌਤ ਪਿੱਛੋਂ ਪੁਲਿਸ ਨੇ ਜਿਹੜਾ ਪਹਿਲਾ ਬਿਆਨ ਦਿੱਤਾ, ਉਹ ਸੀ ਕਿ ਇਹ ਕਤਲ ਗੈਂਗ ਵਾਰ ਦਾ ਸਿੱਟਾ ਹੈ। ਕਿਹੜੀ ਗੈਂਗ ਵਾਰ? ਫਾਰਮ ਹਾਊਸ ਸ਼ਿਵ ਲਾਲ ਡੋਡੇ ਦਾ। ਕਿਲ੍ਹਾਨੁਮਾ ਚਾਰਦੀਵਾਰੀ ਵਿਚ ਬੰਦ। ਹੈਰੀ ਅਤੇ ਅੰਮ੍ਰਿਤ ਡੋਡੇ ਦੇ ਸੱਦੇ ਉੱਤੇ ਭੀਮ ਟਾਂਕ ਅਤੇ ਗੁਰਜੰਟ ਨਿਹੱਥੇ ਉਨ੍ਹਾਂ ਦੇ ਕਿਲ੍ਹੇ ਅੰਦਰ ਗਏ। ਅੱਗੇ 25-30 ਹਥਿਆਰਬੰਦ ਆਦਮੀ, ਜਿਨ੍ਹਾਂ ਦੇ ਦੋਹਾਂ ਨੂੰ ਢਾ ਲਿਆ। ਇਹ ਕਿਹੜੀ ਗੈਂਗ ਵਾਰ ਹੋਈ? ਇਹ ਧੋਖੇਬਾਜ਼ੀ ਜਾਂ ਇਹ ਯਾਰ ਮਾਰ ਤਾਂ ਹੋ ਸਕਦੀ ਹੈ ਕਿ ਘਰੇ ਸੱਦ ਕੇ ਕਤਲ ਕਰ ਦੇਣਾ। ਪੁਲਿਸ ਨੇ ਇਕ ਹੋਰ ਮਾਹਰਕਾ ਮਾਰਿਆ ਕਿ ਭੀਮ ਉੱਤੇ ਉਹਦੇ ਕਤਲ ਤੋਂ ਕੁਝ ਘੰਟੇ ਪਿੱਛੋਂ ਉਸ ਉੱਤੇ ‘ਜ਼ਬਰਦਸਤੀ’ ਕਰਨ ਦਾ ਇਕ ਪਰਚਾ ਅਬੋਹਰ ਦੇ ਥਾਣੇ ਵਿਚ ਦਰਜ ਕਰ ਦਿੱਤਾ। ਅਖ਼ਬਾਰਾਂ ਵਿਚ ਇਹ ਕਹਾਣੀ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਅਸਲ ਦੋਸ਼ੀ ਅੰਮ੍ਰਿਤ ਲਾਲ ਡੋਡਾ ਅਤੇ ਸ਼ਿਵ ਲਾਲ ਡੋਡਾ ਕਿਸੇ ਢੰਗ ਨਾਲ ਸਾਫ਼ ਬਚ ਜਾਣ। ਦਿਲਚਸਪ ਤੱਥ ਇਹ ਵੀ ਕਿ ਸ਼ਾਮੀਂ ਜਦੋਂ ਅੰਮ੍ਰਿਤਸਰ ਤੋਂ ਭੀਮ ਟਾਂਕ ਦਾ ਮ੍ਰਿਤਕ ਸਰੀਰ ਲਿਆਂਦਾ ਜਾ ਰਿਹਾ ਸੀ ਤਾਂ ਪੁਲਿਸ ਨੇ ਪੋਸਟ ਮਾਰਟਮ ਫਾਜ਼ਿਲਕਾ ਤੋਂ ਕਰਾਉਣ ਲਈ ਦਬਾਅ ਪਾਇਆ। ਪਰਿਵਾਰ ਅਤੇ ਲੋਕਾਂ ਨੇ ਵਿਰੋਧ ਕੀਤਾ। ਇਸ ਸਮੇਂ ਵੀ ਕਤਲ ਦੀ ਐਫ. ਆਈ. ਆਰ. ਦਰਜ ਨਹੀਂ ਸੀ ਕੀਤੀ ਗਈ। ਲੋਕਾਂ ਦੇ ਪੁੱਛਣ ਉੱਤੇ ਐਸ. ਪੀ. ਗੁਰਭੇਜ ਸਿੰਘ ਅਤੇ ਡੀ. ਐਸ. ਪੀ. ਬਲੂਆਣਾ ਹਲਕਾ (ਵੀਰ ਚੰਦ) ਨੇ ਸਾਰੇ ਲੋਕਾਂ ਸਾਹਮਣੇ ਇਹ ਕਿਹਾ, “ਅਸੀਂ ਮਜ਼ਬੂਰ ਹਾਂ ਕੁਝ ਨਹੀਂ ਕਰ ਸਕਦੇ।” ਲੋਕਾਂ ਨੇ ਪੁਲਿਸ ਦੀਆਂ ਗੱਡੀਆਂ ਵਿਚ ਪੀ.ਬੀ. 22 ਐਲ. 7557 ਨੰਬਰ ਦੀ ਗੱਡੀ ਵੀ ਪਛਾਣ ਲਈ ਜਿਹੜੀ ਸ਼ਿਵ ਲਾਲ ਡੋਡਾ ਦੇ ਸ਼ਰਾਬ ਕਾਰੋਬਾਰ ਵਿਚ ਵਰਤੀ ਜਾਂਦੀ ਸੀ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਜੇ ਗੁਰਜੰਟ ਦਾ ਭਰਾ ਰਾਣਾ ਅਤੇ ਉਹਦਾ ਮਾਮਾ ਉਹਨਾਂ ਨੂੰ ਜ਼ਖ਼ਮੀ ਹਾਲਤ ਵਿਚ ਫਾਰਮ ਹਾਊਸ ਵਿੱਚੋਂ ਦਲੇਰੀ ਨਾਲ ਨਾ ਚੁੱਕ ਕੇ ਲਿਆਉਂਦੇ ਤਾਂ ਉਹਨਾਂ ਦਾ ਕੀ ਬਣਦਾ ਅਤੇ ਪੁਲਿਸ ਕਿਹੜੀ ਕਹਾਣੀ ਬਣਾਉਂਦੀ।
ਲੋਕਾਂ ਨੂੰ ਸੁਰੱਖਿਆ ਅਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣ ਵਾਲੀ ਫੋਰਸ ਪੁਲਿਸ ਦਾ ਇਹ ਚਿਹਰਾ ਅਤਿ ਖਤਰਨਾਕ ਹੈ। ਹਾਕਮ ਅਤੇ ਸੱਤਾ ’ਤੇ ਕਾਬਜ਼ ਧਿਰ ਨੇ ਜਿਵੇਂ ਪੁਲਿਸ ਨੂੰ ਆਪਣੇ ਹਿਤਾਂ ਲਈ ਇਕ ਸਹਾਇਕ ਫੋਰਸ ਦੇ ਰੂਪ ਵਿਚ ਪਿਛਲੇਰੇ 10 ਸਾਲ ਖੁੱਲ੍ਹ ਕੇ ਵਰਤਿਆ ਹੈ, ਪੁਲਿਸ ਦਾ ਲੋਕਾਂ ਵਿਚ ਸ਼ੱਕੀ ਅਤੇ ਅਪਰਾਧਿਕ ਚਿਹਰਾ ਬਣਾ ਦਿੱਤਾ ਹੈ। ਪੁਲਿਸ ਅਤੇ ਪੁਲਿਸ ਦੇ ਉੱਚ ਅਧਿਕਾਰੀ ਸੱਤਾ ’ਤੇ ਬੈਠੇ ਬੌਣੇ ਰਾਜਸੀ ਅਕਾਵਾਂ ਦੇ ਰਖੈਲਾਂ ਤੱਕ ਸੀਮਤ ਹੋ ਕੇ ਰਹਿ ਗਏ ਹਨ। ਸਿਪਾਹੀ ਜਾਂ ਛੋਟੇ ਅਧਿਕਾਰੀਆਂ ਦੀ ਗੱਲ ਨਹੀਂ, ਆਈ. ਪੀ. ਐਸ. ਰੈਂਕ ਵਾਲੇ ਆਹਲਾ ਅਫ਼ਸਰਾਂ ਦੇ ਅੰਦਰੋਂ ਮਾਨਵਤਾ ਦਾ ਖਤਮ ਹੋ ਜਾਣਾ ਜਾਂ ਸੰਵੇਦਨਹੀਣ ਹੋ ਜਾਣਾ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।
12 ਦਿਨਾਂ ਪਿੱਛੋਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਥਾਣਾ ਬਹਾਵਵਾਲਾ ਦੇ ਮੁਖੀ ਹਰਿੰਦਰ ਸਿੰਘ ਚੰਮੇਲੀ ਅਤੇ ਅਬੋਹਰ ਥਾਣਾ 2 ਦੇ ਮੁਖੀ ਜਿਸ ਨੇ ਮ੍ਰਿਤਕ ਭੀਮ ਟਾਂਕ ਵਿਰੁੱਧ ਮਰਨ ਉਪਰੰਤ ਬਲਾਤਕਾਰ ਦਾ ਕੇਸ ਦਰਜ ਕੀਤਾ, ਨੂੰ ਬਰਖਾਸਤ ਕਰਨ ਦੇ ਆਦੇਸ਼ ਦਿੱਤੇ ਹਨ। ਬਰਖਾਸਤਗੀ ਤਾਂ ਇਸ ਸਮੱਸਿਆ ਦਾ ਹੱਲ ਨਹੀਂ। ਪੁਲਿਸ ਦੀ ਸਮੁੱਚੀ ਕਾਰਗੁਜ਼ਾਰੀ ਉੱਤੇ ਉੱਠੇ ਸਵਾਲਾਂ ਨੂੰ ਜਦ ਤੱਕ ਉੱਚ ਅਧਿਕਾਰੀ ਸੰਬੋਧਤ ਨਹੀਂ ਹੋਣਗੇ ਅਤੇ ਇਸ ਨੂੰ ਸੁਧਾਰਨਗੇ ਨਹੀਂ ਅਤੇ ਜਿੰਨਾ ਚਿਰ ਪੁਲਿਸ ਰਾਜਸੀ ਅਕਾਵਾਂ ਦੀ ਜੀ-ਹਜ਼ੂਰੀ ਅਤੇ ਚੁੰਗਲ ਤੋਂ ਮੁਕਤ ਹੋ ਕੇ ਇਕ ਆਜ਼ਾਦ ਅਤੇ ਨਿਰਪੱਖ ਤਾਕਤ ਵਜੋਂ ਕੰਮ ਨਹੀਂ ਕਰੇਗੀ, ਇਹ ਕੁਝ ਵਾਪਰਦਾ ਰਹੇਗਾ।
ਇਨ੍ਹਾਂ ਸ਼ਰਾਬ ਮਾਫ਼ੀਆ ਗਰੋਹਾਂ ਦੀਆਂ ਗੱਡੀਆਂ, ਜਿਨ੍ਹਾਂ ਉੱਤੇ ਐਕਸਾਈਜ਼ ਡਿਊਟੀ ਲਿਖਿਆ ਹੁੰਦਾ ਹੈ, ਦਿਨ ਦਿਹਾੜੇ ਸ਼ਰੇਆਮ ਹਰ ਸ਼ਹਿਰ, ਕਸਬੇ ਵਿਚ ਹਥਿਆਰਾਂ ਅਤੇ ਡਾਗਾਂ ਸੋਟਿਆਂ ਸਮੇਤ ਘੁੰਮਦੀਆਂ ਰਹਿੰਦੀਆਂ ਹਨ। ਆਮ ਨਾਗਰਿਕਾਂ ਅਤੇ ਛੋਟੇ ਕਾਰੋਬਾਰੀ ਇਨ੍ਹਾਂ ਤੋਂ ਦਹਿਸ਼ਤਜ਼ਦਾ ਰਹਿੰਦੇ ਹਨ। ਪੁਲਿਸ ਨੇ ਕਦੇ ਇਨ੍ਹਾਂ ਨੂੰ ਰੋਕਿਆ ਨਹੀਂ। ਇਨ੍ਹਾਂ ਸ਼ਰਾਬ ਮਾਫ਼ੀਆ ਗਰੋਹਾਂ ਦਾ ਸ਼ਿਕਾਰ ਕਈ ਵੇਰ ਸਿਪਾਹੀ ਜਾਂ ਹੌਲਦਾਰ ਪੱਧਰ ਦੇ ਕਰਮਚਾਰੀ ਵੀ ਹੁੰਦੇ ਹਨ, ਜਿਨ੍ਹਾਂ ਨੂੰ ਸ਼ਰਾਬ ਦੀ ਲੱਤ ਹੁੰਦੀ ਹੈ। ਉੱਚ ਅਧਿਕਾਰੀਆਂ ਨੇ ਆਪਣੇ ਇਨ੍ਹਾਂ ਛੋਟੇ ਕਰਮਚਾਰੀਆਂ ਦੀ ਬੇਪਤੀ ਅਤੇ ਕੁੱਟਮਾਰ ਦਾ ਵੀ ਕਦੇ ਨੋਟਿਸ ਨਹੀਂ ਲਿਆ। ਇਸ ਮੁਤਬਾਦਲ (ਮੁਕਾਬਲੇ ਦੀ ਇਕ ਹੋਰ ਸਰਕਾਰ) ਜਮਹੂਰੀਅਤ ਅਤੇ ਕਾਨੂੰਨ ਵਿਵਸਥਾ ਦਾ ਮਜ਼ਾਕ ਉਡਾਉਂਦੀ ਹੈ ਅਤੇ ਪੰਜਾਬ ਦੇ ਜਨ ਸਾਧਾਰਨ ਲੋਕਾਂ ਲਈ ਇਕ ਚੈਲੰਜ ਹੈ।
ਨਿੱਜੀ ਫਾਰਮ ਹਾਊਸ ਦੀ ਚਾਰਦੀਵਾਰੀ ਦੇ ਅੰਦਰ, ਧੋਖੇ ਨਾਲ ਦੋ ਆਦਮੀਆਂ ਨੂੰ ਸੱਦ ਕੇ ਆਪਣੇ ਲੱਠਮਾਰਾਂ ਅਤੇ ਕਸਾਈਆਂ ਰਾਹੀਂ ਇਕ ਸਾਬਕਾ ਕਰਿੰਦੇ ਦੇ ਅੰਗ ਪੈਰ ਕੱਟ ਦੇਣਾ ਕੀ ਗੈਂਗ ਵਾਰ ਕਿਹਾ ਜਾ ਸਕਦਾ ਹੈ? ਸ਼ਿਵ ਲਾਲ ਡੋਡਾ ਫਾਰਮ ਹਾਊਸ ਹੀ ਨਹੀਂ, ਸਭ ਕਾਰੋਬਾਰ ਦਾ ਮਾਲਕ ਹੈ ਜਿਸ ਦੀ ਇਜਾਜ਼ਤ ਬਿਨਾਂ ਫਾਰਮ ਹਾਊਸ ਵਿਚ ਪਤਾ ਨਹੀਂ ਹਿੱਲਦਾ, ਇਹ ਘਿਣਾਉਣੀ ਘਟਨਾ ਐਵੇਂ ਕਿਵੇਂ ਵਾਪਰੀ? ਪੁਲਿਸ ਵਲੋਂ ਡੋਡਾ ਪਰਿਵਾਰ ਦੀ ਵਕਾਲਤ ਉਹਨਾਂ ਦੇ ਸਬੰਧਾਂ ਨੂੰ ਜੱਗ ਜ਼ਾਹਰ ਕਰਦੀ ਹੈ ਅਤੇ ਉਹਨੂੰ ਗ੍ਰਿਫ਼ਤਾਰ ਨਾ ਕਰਨਾ, ਪਹਿਲਾਂ ਪਰਚੇ ਵਿਚ ਨਾ ਪਾਉਣਾ, ਪੁਲਿਸ ਦੀ ਇਕ ਪਾਸੜ ਕਾਰਵਾਈ ਦਾ ਹੀ ਸਿੱਟਾ ਹੈ। ਪੰਜਾਬ ਵਿਚ ਕਈ ਦਹਾਕਿਆਂ ਪਿੱਛੋਂ ਨਵੇਕਲਾ ਤੇ ਬੇਰਹਿਮ ਕਤਲ ਕਾਂਡ ਹੋਇਆ ਹੋਵੇ ਅਤੇ ਪੁਲਿਸ ਕਈ ਦਿਨ ਸਾਧਾਰਨ ਕਤਲ ਕਹਿ ਕੇ ਟਾਲਦੀ ਰਹੇ, ਪਿਛਲੇਰੇ ਸਾਲਾਂ ਵਿਚ ਪੁਲਿਸ ਦੀ ਹਾਕਮ ਧਿਰ ਦੀ ਭਗਤੀ ਦਾ ਹੀ ਸੂਚਕ ਹੈ। ਜਾਂਚ ਤਾਂ ਇਹ ਕਰਨੀ ਬਣਦੀ ਹੈ ਕਿ ਸ਼ਿਵ ਲਾਲ ਡੋਡਾ ਨੇ ਭੀਮ ਟਾਂਕ ਵਰਗੇ ਕਿੰਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਖਪਾਇਆ ਹੋਵੇਗਾ ਅਤੇ ਇਸ ਫਾਰਮ ਹਾਊਸ ਵਿਚ ਪਹਿਲਾਂ ਕੀ ਕੁਝ ਹੁੰਦਾ ਰਿਹਾ ਹੋਵੇਗਾ? ਇਸ ਰਹੱਸ ਨੂੰ ਕਿਹੜੀ ਜਾਂਚ ਏਜੰਸੀ ਸਾਹਮਣੇ ਲਿਆਵੇਗੀ,ਪੰਜਾਬ ਦੇ ਲੋਕ ਤਾਂ ਇਹ ਵੇਖਣਾ ਚਾਹੁੰਦੇ ਹਨ। ਸ਼ਿਵ ਲਾਲ ਡੋਡਾ ਕੋਈ ਦੁੱਧ ਧੋਤਾ ਨਹੀਂ। ਗੁੜਗਾਵਾਂ ਨੇੜੇ ਤਾਰੂ ਥਾਣੇ ਵਿਚ 1990 ਵਿਚ ਨਕਲੀ ਸ਼ਰਾਬ ਦੇ ਸਬੰਧ ਵਿਚ ਇਕ ਕੇਸ ਵਿਚ ਇਸ ਨੂੰ ਦੋ ਸਾਲ ਦੀ ਕੈਦ ਅਤੇ ਇਕ ਸਾਲ ਦਾ ਜੁਰਮਾਨਾ ਹੋਇਆ ਹੈ ਅਤੇ ਉਸ ਉੱਤੇ ਰੂਪ ਲਾਲ ਬਾਂਸਲ ਦੀਆਂ ਲੱਤਾਂ ਤੋੜਨ ਅਤੇ ਸਤਪਾਲ ਸੇਤੀਆ ਅਤੇ ਉਸ ਦੀ ਪਤਨੀ ਨੂੰ ਦਿਨ ਦਿਹਾੜੇ ਗੋਲੀਆਂ ਨਾਲ ਕਤਲ ਕਰ ਦੇਣ ਦੇ ਦੋਸ਼ ਲੱਗਦੇ ਆ ਰਹੇ ਹਨ। ਕੀ ਪੁਲਿਸ ਨੇ ਇਸ ਅਪਰਾਧਿਕ ਆਦਮੀ ਦੀ ਜਾਂਚ ਕੀਤੀ? ਜਦੋਂ ਕਿ ਸਾਰਾ ਅਬੋਹਰ ਸ਼ਹਿਰ ਇਸ ਅਪਰਾਧਿਕ ਖਰਬਪਤੀ ਕਾਰੋਬਾਰੀ ਦੇ ਮਾਫ਼ੀਆ ਗਰੋਹਾਂ ਦੀ ਦਹਿਸ਼ਤ ਤੋਂ ਦਹਿਸ਼ਤਜ਼ਦਾ ਹੈ। ...
ਸ਼ਿਵ ਲਾਲ ਡੋਡਾ ਸਧਾਰਨ ਬਰਫ਼ ਵੇਚਣ ਵਾਲੇ ਤੋਂ ਸ਼ਰਾਬ ਦਾ ਇਕ ਅਰਬ, ਖਰਬਪਤੀ ਕਾਰੋਬਾਰੀਆ ਕਿਵੇਂ ਬਣ ਗਿਆ? ਕੀ ਇਹ ਜਾਂਚ ਦਾ ਵਿਸ਼ਾ ਨਹੀਂ? ਜਾਂਚ ਤਾਂ ਇਹ ਵੀ ਹੋਣੀ ਚਾਹੀਦੀ ਹੈ ਕਿ ਇਸ ਸ਼ਰਾਬ ਅਤੇ ਭੁੱਕੀ ਦੇ ਮਹਾਂ ਠੇਕੇਦਾਰ ਦੇ ਅਕਾਲੀ ਦਲ ਨਾਲ ਨੇੜਲੇ ਰਿਸ਼ਤਿਆਂ ਵਿਚ ਸੁਖਬੀਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੀ ਕੀ ਸਾਂਝ-ਭਿਆਲੀ ਹੈ? ਪੰਜਾਬ ਵਿਚ ਨਸ਼ਿਆਂ ਦੇ ਕਾਰੋਬਾਰ ਦੀ ਜਿਹੜੀ ਚਰਚਾ ਚਲਦੀ ਹੈ ਅਤੇ ਅਕਾਲੀ ਦਲ ਇਸ ਨੂੰ ਇਲਜ਼ਾਮਬਾਜ਼ੀ ਕਹਿ ਕੇ ਟਾਲਦਾ ਆ ਰਿਹਾ ਹੈ, ਭੀਮ ਟਾਂਕ ਦੇ ਕਤਲ ਅਤੇ ਗੁਰਜੰਟ ਦੇ ਨਾਕਾਰਾ ਹੋਣ ਨੇ ਇਸ ਕਾਲੇ ਕਾਰੋਬਾਰ ਦੀ ਅੰਦਰਲੀ ਹਕੀਕਤ ਨੂੰ ਜੱਗ ਜਾਹਿਰ ਕਰ ਦਿੱਤਾ ਹੈ। ਇਸ ਹਕੀਕਤ ਨੇ ਇਹ ਵੀ ਜ਼ਾਹਰ ਕਰ ਦਿੱਤਾ ਹੈ ਕਿ ਸੱਤਾ ‘ਸੇਵਾ’ ਕਰਨ ਲਈ ਨਹੀਂ ‘ਸੇਵਾ ਫਲ’ ਇਕੱਠਾ ਕਰਨ ਭਾਵ ਹੂੰਝਣ ਲਈ ਹੀ ਹੁੰਦੀ ਹੈ। ਸੁਖਬੀਰ ਬਾਦਲ ਜਦੋਂ ਚੋਣਾਂ ਵਿਚ ਜਿੱਤ ਦੇ ਦਾਅਵੇ ਕਰਦਾ ਹੈ ਤਾਂ ਉਹ ਇਸ ‘ਸੇਵਾ ਫਲ’ ਰਾਹੀਂ ਇਕੱਠੀ ਕੀਤੀ ਅਪਰਾਧਿਕ ਪੂੰਜੀ ਅਤੇ ਹਰ ਹਲਕੇ, ਹਰ ਪਿੰਡ ਤੱਕ ਫੈਲੇ ਇਨ੍ਹਾਂ ਮਾਫ਼ੀਆ ਗਰੋਹਾਂ ਦੀ ਤਾਕਤ ਜਾਂ ਕਹੋ ਦਹਿਸ਼ਤ ਦੇ ਜ਼ੋਰ ਉੱਤੇ ਹੀ ਕਰ ਰਿਹਾ ਹੈ, ਜਿੱਥੇ ਇਨ੍ਹਾਂ ਰਾਜਸੀ ਸੱਤਾ ਪ੍ਰਾਪਤ ਕਾਰੋਬਾਰੀਆਂ ਦੀ ਹਜ਼ਾਰਾਂ ਨਹੀਂ ਲੱਖਾਂ ਗੁਣਾਂ ਵਿਚ ਜਾਇਦਾਦ ਵਿਚ ਹੋ ਰਹੇ ਵਾਧੇ ਦੀ ਜਾਂਚ ਹੋਣੀ ਚਾਹੀਦੀ ਹੈ, ਉੱਥੇ ਪੁਲਿਸ ਅਧਿਕਾਰੀਆਂ ਦੀਆਂ ਜਾਇਦਾਦਾਂ ਵਿਚ ਹੋ ਰਹੇ ਇਜ਼ਾਫਿਆਂ ਦੀ ਜਾਂਚ ਵੀ ਹੋਣੀ ਚਾਹੀਦੀ ਹੈ। ਜਿਵੇਂ ਐਸ. ਐਚ. ਓ. ਹਰਿੰਦਰ ਸਿੰਘ ਚੰਮੇਲੀ ਜਿਹੜਾ ਸ਼ਿਵ ਲਾਲ ਡੋਡੇ ਦੇ ਫਾਰਮ ਹਾਊਸ ਉੱਤੇ ਰਿਹਾਇਸ਼ ਰੱਖ ਰਿਹਾ ਸੀ, ਨੇ ਪਿਛਲੇ ਸਮੇਂ ਵਿਚ ਹੀ ਅਬੋਹਰ ਨੇੜੇ ਜ਼ਮੀਨ ਖਰੀਦੀ ਹੈ। ਇਹ ਜ਼ਮੀਨ ਖਰੀਦਣ ਲਈ ਕਿੱਥੋਂ ਅਤੇ ਕਿਵੇਂ ਪੈਸਾ ਆਇਆ ਇਹਦੀ ਜਾਂਚ ਤਾਂ ਹੋਣੀ ਹੀ ਬਣਦੀ ਹੈ। ਇਸ ਪਾਪ ਦੀ ਕਮਾਈ ਵਿੱਚੋਂ ਉੱਚ ਅਧਿਕਾਰੀਆਂ ਤੱਕ ਕੀ ਪਹੁੰਚਦਾ ਹੈ? ਇਹ ਵੀ ਜੱਗ ਜ਼ਾਹਰ ਹੋਣਾ ਚਾਹੀਦਾ ਹੈ।
ਪੁਲਿਸ ਦੇ ਇਕ ਅਧਿਕਾਰੀ ਦਾ ਇਹ ਕਹਿਣਾ ਕਿ ‘‘ਅਸੀਂ ਮਜ਼ਬੂਰ ਹਾਂ ਕੁਝ ਨਹੀਂ ਕਰ ਸਕਦੇ।’’ ਆਪਣੇ ਆਪ ਵਿਚ ਹੀ ਇਕ ਸਵਾਲ ਹੈ ਕਿ ਸਮੁੱਚੇ ਰਾਜਕੀ ਤੰਤਰ ਨੇ ਸਮੁੱਚੀ ਮਸ਼ੀਨਰੀ ਅਤੇ ਜਮਹੂਰੀ ਤਾਣੇ ਬਾਣੇ ਨੂੰ ਤਹਿਸ-ਨਹਿਸ ਹੀ ਨਹੀਂ ਕਰ ਦਿੱਤਾ ਸਗੋਂ ਆਪਣੀ ਰਾਜਸੀ ਧਿਰ ਦੀ ਤਾਨਾਸ਼ਾਹੀ ਦੇ ਅਧੀਨ ਕਰ ਲਿਆ ਹੈ। ਪ੍ਰਬੰਧ ਦਾ ਇਉਂ ਕਮਜ਼ੋਰ/ਨਿਕੰਮਾ ਹੋ ਜਾਣਾ ਜਮਹੂਰੀ ਕਦਰਾਂ ਕੀਮਤਾਂ ਅਤੇ ਆਮ ਲੋਕਾਂ ਲਈ ਇਕ ਚਿੰਤਾਜਨਕ ਵਰਤਾਰਾ ਤਾਂ ਹੈ ਹੀ, ਸੰਵਿਧਾਨਕ ਢਾਂਚੇ ਲਈ ਵੀ ਖਤਰਨਾਕ ਹੈ। ਇਹੋ ਅਰਾਜਕ ਮਾਹੌਲ ਹੈ ਜਿਸ ਵਿਚ ਅਪਰਾਧਿਕ ਪੂੰਜੀ ਦੇ ਗਰੋਹ ਇਕ ਬਦਲਵੀਂ ਸੱਤਾ ਉੱਤੇ ਬੈਠੇ ਹਨ। ਜਿਨ੍ਹਾਂ ਦੀ ਚਮਕ ਦਮਕ ਅਤੇ ਗਲੈਮਰ ਵਿਚ ਭੀਮ ਟਾਂਕ ਜਾਂ ਗੁਰਜੰਟ ਹੈਰੀ ਵਰਗੇ ਬੇਰੁਜ਼ਗਾਰ ਸੈਂਕੜੇ ਨੌਜਵਾਨ ਫਸ ਜਾਂਦੇ ਹਨ। ਇਸ ਅਪਰਾਧਿਕ ਪੂੰਜੀ ਦੇ ਪਸਾਰੇ ਅਤੇ ਗੈਰ ਕਾਨੂੰਨੀ ਧੰਦਿਆਂ ਵਿਚ ਵਰਤੇ ਜਾਂਦੇ ਹਨ ਅਤੇ ਜ਼ਰਾਇਮਪੇਸ਼ਾ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ ਹਨ।
ਪੰਜਾਬ ਵਿਚ ਹੀ ਨਹੀਂ, ਦੇਸ਼ ਵਿਚ ਕਿੰਨੇ ਸ਼ਿਵ ਲਾਲ ਡੋਡੇ ਹੋਣਗੇ ਤੇ ਕਿੰਨੇ ਅੰਮ੍ਰਿਤ ਡੋਡੇ ਹੋਣਗੇ ਜਿਹੜੇ ਅਜਿਹੇ ਬੇਰੁਜ਼ਗਾਰ ਮਜਬੂਰ ਨੌਜਵਾਨਾਂ ਨੂੰ ਪੈਸੇ ਦੀ ਚਮਕ ਦਮਕ ਦਿਖਾ ਕੇ ਵਰਤਦੇ ਅਤੇ ਫਿਰ ਭੀਮ ਟਾਂਕ ਵਾਂਗੂੰ ਮੁੱਦਾ ਮੁਕਾ ਕੇ ਸੁੱਟ ਦਿੰਦੇ ਹਨ। ਇਸ ਪੂਰੀ ਅਪਰਾਧਿਕ ਪ੍ਰਬੰਧ ਦੀ ਜਾਂਚ ਕਿਸੇ ਸੀ.ਬੀ.ਆਈ. ਜਾਂ ਉੱਚ ਏਜੰਸੀ ਨੇ ਨਹੀਂ ਕਰ ਸਕਣੀ। ਇਸ ਸਮੁੱਚੇ ਰਾਜਸੀ ਅਤੇ ਸਮਾਜਿਕ ਤਾਣੇਬਾਣੇ ਵਿਚ ਫੈਲੀ ਅਪਰਾਧਿਕ ਪੂੰਜੀ ਦੇ ਮਾਫ਼ੀਆ ਤੰਤਰ ਨੂੰ ਪੰਜਾਬ ਦੇ ਚੇਤੰਨ ਲੋਕ ਪਹਿਚਾਣ ਕੇ ਹੀ ਇਸ ਵਿਰੁੱਧ ਇਕ ਤਾਕਤਵਰ ਦੀਵਾਰ ਬਣ ਸਕਦੇ ਹਨ ਤਾਂ ਕਿ ਭੀਮ ਟਾਂਕ ਵਰਗੇ ਨੌਜਵਾਨ ਨਾ ਇਨ੍ਹਾਂ ਦੇ ਚੁੰਗਲ ਵਿਚ ਫਸਣ ਅਤੇ ਨਾ ਉਨ੍ਹਾਂ ਨੂੰ ਅਜਿਹਾ ਹਸ਼ਰ ਵੇਖਣਾ ਪਵੇ। ਨਾ ਪਾਰੀ (ਜਿਸ ਨੇ ਹੱਥ ਪੈਰ ਕੱਟਣ ਦੀ ਭੂਮਿਕਾ ਨਿਭਾਈ) ਵਰਗੇ ਕਸਾਈ ਅਮਾਨਵੀ ਅਤੇ ਪਸ਼ੂ ਬਿਰਤੀ ਦੀ ਅਵਸਥਾ ਤੱਕ ਪਹੁੰਚ ਕੇ ਇਸ ਅਪਰਾਧਿਕ ਪੂੰਜੀ ਦੀ ਸੇਵਾ ਕਰਨ ਦੀ ਭੂਮਿਕਾ ਨਿਭਾਉਣ।
ਇਸ ਸਮੁੱਚੇ ਵਰਤਾਰੇ ਵਿੱਚੋਂ ਇਕ ਹੋਰ ਸਵਾਲ ਜਿਹੜਾ ਬੁਨਿਆਦੀ ਹੈ ਉੱਭਰਦਾ ਹੈ ਕਿ ਸ਼ਰਾਬ ਦੇ ਠੇਕਿਆਂ ਉੱਤੇ ਕੰਮ ਕਰਦੇ ਅਜਿਹੇ ਕਰਿੰਦਿਆਂ ਨੂੰ ਕਦੇ ਕਿਸੇ ਨੇ ਲੇਬਰ ਕਾਨੂੰਨ ਮੁਤਾਬਕ ਮਜ਼ਦੂਰਾਂ ਦੇ ਵਾਂਗੂੰ ਨਾ ਵੇਖਿਆ ਅਤੇ ਰਜਿਸਟਰਡ ਕੀਤਾ ਹੈ ਨਾ ਹੀ ਲੇਬਰ ਲਾਅ ਮੁਤਾਬਕ ਇਨ੍ਹਾਂ ਨੂੰ ਬਣਦੀ ਤਨਖਾਹ ਜਾਂ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਹਨ। ਕੀ ਇਹ ਸਥਾਈ ਕਾਮੇ ਨਹੀਂ? ਕੀ ਇਨ੍ਹਾਂ ਨੂੰ ਵਗਾਰੀ ਮਜ਼ਦੂਰਾਂ ਵਿਚ ਰੱਖਿਆ ਜਾਵੇ? ਹਕੂਮਤ ਜਦੋਂ ਠੇਕਿਆਂ ਦੇ ਲਾਇਸੰਸ ਜਾਰੀ ਕਰਦੀ ਹੈ ਤਾਂ ਇਹ ਸ਼ਰਾਬ ਲੋਕਾਂ ਤੱਕ ਪਹੁੰਚਾਉਣ ਵਾਲੇ ਅਮਲੇ ਫੈਲੇ ਦੀ ਰਜਿਸਟ੍ਰੇਸ਼ਨ ਜਾਂ ਰਿਕਾਰਡ ਰੱਖਣਾ ਜ਼ਰੂਰੀ ਨਹੀਂ ਬਣਦਾ? ਪੰਜਾਬ ਭਰ ਵਿਚ ਇਹ ਹਜ਼ਾਰਾਂ ਦੀ ਗਿਣਤੀ ਵਿਚ ਹੋਣਗੇ। ਇਨ੍ਹਾਂ ਦੀ ਰਜਿਸਟ੍ਰੇਸ਼ਨ ਤੇ ਰਿਕਾਰਡ ਰੱਖਣ ਲਈ ਕੀ ਕੋਈ ਸਰਕਾਰੀ ਹਦਾਇਤ ਬਣੇਗੀ? ਗਰੀਬ ਪਰਿਵਾਰਾਂ ਦੇ ਇਨ੍ਹਾਂ ਭੀਮ ਟਾਂਕ ਵਰਗੇ ਬੱਚਿਆਂ ਨੂੰ ਜੇ ਅਜਿਹੇ ਖ਼ਤਰਨਾਕ ਵਪਾਰ ਦੇ ਕਰਿੰਦੇ ਬਣਨ ਲਈ ਮਜ਼ਬੂਰ ਹੋਣਾ ਪੈਂਦਾ ਹੈ ਤਾਂ ਸਰਕਾਰ ਨੇ ਇਨ੍ਹਾਂ ਕਾਮਿਆਂ ਪ੍ਰਤੀ ਬਣਦੀ ਆਪਣੀ ਹੁਣ ਤੱਕ ਕੀ ਜ਼ਿੰਮੇਵਾਰੀ ਨਿਭਾਈ? ਅਗਾਂਹ ਵਾਸਤੇ ਅਜਿਹੇ ਮਾਫ਼ੀਆ ਗਰੋਹਾਂ ਉੱਤੇ ਰੋਕ ਲੱਗੇ, ਕੀ ਉਸ ਲਈ ਜ਼ਰੂਰੀ ਨਹੀਂ ਕਿ ਇਨ੍ਹਾਂ ਨੂੰ ਕਿਰਤ ਕਾਨੂੰਨਾਂ ਦੇ ਅਧੀਨ ਰਜਿਸਟਰਡ ਕੀਤਾ ਜਾਵੇ ਅਤੇ ਇਸ ਦਾ ਸਾਰਾ ਰਿਕਾਰਡ ਲੇਬਰ ਦਫ਼ਤਰ ਵਿਚ ਵੀ ਹੋਵੇ। ਕੀ ਸ਼ਿਵ ਲਾਲ ਡੋਡੇ ਵਰਗੇ ਕਿਰਤ ਕਾਨੂੰਨਾਂ ਦੀ ਉਲੰਘਣਾ ਦੇ ਵੀ ਦੋਸ਼ੀ ਨਹੀਂ ਬਣਦੇ?
*****
(191)
ਆਪਣੇ ਵਿਚਾਰ ਲਿਖੋ: (This email address is being protected from spambots. You need JavaScript enabled to view it.)