“ਜੇ ਦੇਸ਼ ਵਿੱਚ ਵੀਡੀਓ ਰਾਹੀਂ ਇਹ ਘਟਨਾ ਨਾ ਪਹੁੰਚਦੀ ਤਾਂ ਸ਼ਾਇਦ ਦੱਬੀ ਹੀ ਰਹਿ ਜਾਂਦੀ ...”
(7 ਅਗਸਤ 2023)
ਯੁੱਧ ਦੇਸ਼ ਦਾ ਹੋਵੇ ਜਾਂ ਕਬੀਲਿਆਂ ਦਾ, ਧਰਮਾਂ ਵਿੱਚ ਹੋਵੇ ਜਾਂ ਸਮੁਦਾਇਆਂ ਵਿੱਚ, ਯੁੱਧ ਦਾ ਮੈਦਾਨ ਔਰਤ ਦਾ ਸਰੀਰ ਹੀ ਹੁੰਦਾ ਹੈ। ਵਿਸ਼ੇਸ਼ ਕਰਕੇ ਭਾਰਤ ਵਿੱਚ ਸਦੀਆਂ ਤੋਂ ਔਰਤ ਦੇ ਸਰੀਰ ਨੂੰ ਯੁੱਧ ਸਥਲ ਬਣਾਉਣ ਦੀ ਪਰੰਪਰਾ ਹਿੰਦੂ ਧਰਮ ਦੀ ਪ੍ਰਮਾਣਿਤ ‘ਮਰਿਆਦਾ’ ਕਹਾਉਂਦੀ ਰਹੀ ਹੈ। ਕੌਰਵਾਂ ਤੇ ਪਾਂਡਵਾਂ ਦੇ ਯੁੱਧ ਵਿੱਚ ਦਰੋਪਤੀ ਨਾਲ ਜੋ ਕੁਝ ਵਾਪਰਿਆ ਤੇ ਜਿਸਦੀਆਂ ਸਾਖੀਆਂ ਅਜੇ ਤਕ ਪ੍ਰਚਲਤ ਹਨ ਤੇ ਪ੍ਰਚਾਰੀਆਂ ਜਾਂਦੀਆਂ ਹਨ, ਉਸ ਸੋਚ ਦਾ ਪ੍ਰਗਟਾਅ ਹਨ ਜਿਹੜੀ ਮਨੂੰ ਸਿਮਰਤੀ ਵਿੱਚ ਥਾਂ-ਪੁਰ-ਥਾਂ ਪ੍ਰਗਟਾਈ ਗਈ ਹੈ। ਕੁਝ ਸਾਲ ਪਹਿਲਾਂ ਰਮਾਇਣ ਵਰਗੇ ਸੀਰੀਅਲ ਤੇ ਪਿੱਛੋਂ ਬਣੇ ਹਿੰਦੂ ਧਰਮ ਨਾਲ ਸੰਬੰਧਤ ਕਈ ਸੀਰੀਅਲਾਂ ਵਿੱਚ ਦਰੋਪਤੀ ਨੂੰ ਸਰੇ ਦਰਬਾਰ ਨਗਨ ਕਰਨ ਦੇ ਸੀਨ ਵਾਰ-ਵਾਰ ਦਿਖਾਏ ਜਾਂਦੇ ਰਹੇ, ਅੱਜ ਇੱਕ ਵਰਗ ਦੀ ਸੋਚ ਦਾ ਉਹ ਹਿੱਸਾ ਹਨ। ਸਮਾਜ ਨੂੰ ਇਸ ਪਾਸੇ ਧੱਕਣ ਦੀ ਯੋਜਨਾਬੱਧ ਸਾਜ਼ਿਸ਼ ਦਾ ਸਿੱਟਾ ਹੀ ਹੈ ਮਨੀਪੁਰ ਦੀ ਘਟਨਾ।
ਮਨੀਪੁਰ ਦੀ ਉਹ ਵੀਡੀਓ ਦੇਖਣਯੋਗ ਨਹੀਂ ਹੈ, ਜੋ 19 ਜੁਲਾਈ ਨੂੰ ਜਾਰੀ ਹੋਈ। ਬੇਸ਼ਕ ਘਟਨਾ 4 ਮਈ ਦੀ ਹੈ। ਇਸ ਵੀਡੀਓ ਨੇ ਦੇਸ਼ ਦੇ ਚਿੰਤਨਸ਼ੀਲ ਵਰਗ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜ਼ਿਹਨ ਵਿੱਚ ਸਵਾਲ ਉੱਠਦਾ ਹੈ ਕਿ ਇਹ ਸਮਾਜ ਕਿਸ ਪਾਸੇ ਧੱਕਿਆ ਜਾ ਰਿਹਾ ਹੈ। ਇੱਕ ਹਿੰਸਕ ਭੀੜ ਦੋ ਨਿਰਵਸਤਰ ਔਰਤਾਂ ਨੂੰ ਜਲੂਸ ਦੀ ਸ਼ਕਲ ਵਿੱਚ ਲਿਜਾ ਰਹੀ ਹੈ, ਨਾਅਰੇ ਵੀ ਲੱਗ ਰਹੇ ਹਨ ਅਤੇ ਨਾਲ ਹੀ ‘ਰਾਮ ਦੇ ਰਣਕੁੰਬੇ’ ਨਿਰਵਸਤਰ ਔਰਤਾਂ ਦੇ ਸੰਵੇਦਨਸ਼ੀਲ ਅੰਗਾਂ ਨਾਲ ਛੇੜਖਾਨੀਆਂ ਵੀ ਕਰਦੇ ਜਾ ਰਹੇ ਹਨ। ਇਹ ਮੇਰੇ ਦੇਸ਼ ਦੀਆਂ ਹੀ ਉਹ ਮੰਦਭਾਗੀਆਂ ਔਰਤਾਂ ਹਨ, ਜਿੱਥੇ ਔਰਤਾਂ ਨੂੰ ‘ਦੇਵੀ ਸਮਾਨ’ ਕਹਿਣ ਦਾ ਪਾਖੰਡੀ ਜਾਪ ਕੀਤਾ ਜਾਂਦਾ ਹੈ। ਇਹ ਉਹੀ ਰਣਕੁੰਬੇ ਹਨ, ਜਿਨ੍ਹਾਂ ਨੂੰ ਦੇਸ਼ ਦੀ ਸਰਵਉੱਚ ਕੁਰਸੀ ’ਤੇ ਬੈਠੇ ਜੁਮਲੇਬਾਜ਼ ਤੇ ਨੋਟੰਕੀਬਾਜ਼ ਦਾ ਸਿੱਧਾ ਥਾਪੜਾ ਹੈ, ਜਿਹੜਾ ਨਵਾਂ ਭਾਰਤ ਸਿਰਜਣ ਦੇ ਦਮਗਜ਼ੇ ਮਾਰ ਰਿਹਾ ਹੈ। ਪੀੜਤ ਔਰਤਾਂ ਕੁਰਲਾ ਰਹੀਆਂ ਹਨ, ਰਹਿਮ ਦੀ, ਦਇਆ ਦੀ ਭੀਖ ਮੰਗ ਰਹੀਆਂ ਹਨ, ਪਰ ਹਿੰਸਾ ਤੇ ਅੰਨ੍ਹੀ ਸਮੁਦਾਇਕ ਨਫ਼ਰਤ ਨਾਲ ਲਬਰੇਜ਼ ਭੀੜ ਵਿੱਚ ਪਸ਼ੂਪਨ ਸਿਰ ਚੜ੍ਹ ਬੋਲਦਾ ਹੈ। ਨਿਰਦਈ ਤੇ ਬੇਰਹਿਮ ਅਜਿਹੀ ਕੁਰਲਾਹਟ ਨਾਲ ਆਨੰਦਤ ਹੁੰਦੇ ਹਨ।
ਇੰਡਿਜੀਨਸ ਟਰਾਈਬਲ ਲੀਡਰਜ਼ ਫੋਰਮ (9 “6) ਨੇ ਰਿਪੋਰਟ ਦਿੱਤੀ ਹੈ ਕਿ 4 ਮਈ ਨੂੰ ਜ਼ਿਲ੍ਹਾ ਕਾਂਗਪੋਕਾਪੀ ਦੇ ਪਿੰਡ ਬੀ. ਫੀਨੋਮ ਜਿਸ ਵਿੱਚ ਜ਼ਿਆਦਾ ਕੁੱਕੀ ਸਮੁਦਾਏ ਦੇ ਲੋਕ ਰਹਿੰਦੇ ਸਨ, ਉੱਥੇ ਮੈਤੇਈ ਸਮੁਦਾਏ ਦੇ ਲੋਕਾਂ ਦੀ ਹਿੰਸਕ ਭੀੜ ਨੇ ਹਮਲਾ ਬੋਲ ਦਿੱਤਾ। ਇਸ ਪਿੰਡ ਦੀ ਆਬਾਦੀ ਨਾਲ ਲੱਗਵੀਂ ਪਹਾੜੀ ਤੇ ਜੰਗਲ ਵੱਲ ਭੱਜ ਗਈ। ਹਿੰਸਕ ਭੀੜ ਨੇ ਘਰ ਸਾੜ ਦਿੱਤੇ ਅਤੇ ਸਾਮਾਨ ਲੁੱਟ ਕੇ ਲੈ ਗਏ। ਮੈਤੇਈ ਕਬੀਲੇ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਸਨ। ਇਸੇ ਪਿੰਡ ਦੇ ਪੰਜ ਵਾਸੀ, ਜਿਨ੍ਹਾਂ ਵਿੱਚ ਦੋ ਮਰਦ ਤੇ ਤਿੰਨ ਔਰਤਾਂ ਸਨ, ਜੰਗਲ ਦੇ ਜਿਹੜੇ ਪਾਸੇ ਭੱਜੇ, ਉੱਧਰ ਨੇੜੇ ਹੀ ਪੁਲਿਸ ਚੌਂਕੀ ਵੀ ਸੀ। ਭੀੜ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ। ਰਿਪੋਰਟ ਵਿੱਚ ਚਸ਼ਮਦੀਦਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਇਨ੍ਹਾਂ ਪੰਜਾਂ ਨੂੰ ਹਿੰਸਕ ਭੀੜ ਨੇ ਪੁਲਿਸ ਪਾਸੋਂ ਖੋਹਿਆ ਸੀ। ਇਸ ਕੁੱਟਮਾਰ ਦੌਰਾਨ 56 ਸਾਲਾ ਇੱਕ ਆਦਮੀ ਮੌਤ ਹੋ ਗਈ। ਤਿੰਨਾਂ ਔਰਤਾਂ ਨੂੰ ਪੂਰੇ ਕੱਪੜੇ ਉਤਾਰਨ ਲਈ ਕਿਹਾ ਅਤੇ ਨਿਰਵਸਤਰ ਕਰਕੇ ਜਲੂਸ ਦੀ ਸ਼ਕਲ ਵਿੱਚ ਲੈ ਤੁਰੇ। ਤੀਸਰੀ ਔਰਤ ਨੂੰ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾਇਆ। ਇੱਕ 20 ਸਾਲ ਦੀ ਲੜਕੀ, ਜਿਸ ਨਾਲ ਸਮੂਹਕ ਬਲਾਤਕਾਰ ਹੋ ਰਿਹਾ ਸੀ, ਨੂੰ ਬਚਾਉਣ ਲਈ ਜਦੋਂ ਨੌਜਵਾਨ ਭਰਾ ਅੱਗੇ ਆਇਆ ਤਾਂ ਉਹਦਾ ਵੀ ਕਤਲ ਕਰ ਦਿੱਤਾ।
18 ਮਈ ਨੂੰ ਇਸ ਘਟਨਾ ਦੀ ਰਿਪੋਰਟ ਪੁਲਿਸ ਚੌਂਕੀ ਕੀਤੀ ਗਈ। ਸੈਕੁਲ ਪੁਲਿਸ ਸਟੇਸ਼ਨ ਨੇ ਜ਼ੀਰੋ ਐੱਫ ਆਈ ਆਰ ਦਰਜ ਕਰਕੇ ਨੋਗਪੋਕ ਸੇਕਮਾਈ ਪੁਲਿਸ ਸਟੇਸ਼ਨ ਭੇਜ ਦਿੱਤੀ। ਇਸ ਮੁਢਲੀ ਰਿਪੋਰਟ ਵਿੱਚ ਪਿੰਡ ਮੁਖੀ ਨੇ ਜੋ ਬਿਆਨ ਦਿੱਤਾ, ਉਸ ਵਿੱਚ 800 ਤੋਂ 1000 ਹਥਿਆਰਬੰਦ ਅਣਪਛਾਤੀ ਹਿੰਸਕ ਭੀੜ ਵੱਲੋਂ ਪਿੰਡ ਉੱਤੇ ਹਮਲਾ ਕਰਨ ਦਾ ਦੋਸ਼ ਹੈ, ਜਿਨ੍ਹਾਂ ਦਾ ਸੰਬੰਧ ਮੈਤੇਈ ਯੁਵਾ ਸੰਗਠਨ, ਮੈਤੇਈ ਲੀਪੁਨ, ਕਾਂਗਲੇਈਪਾਰ ਕੁਨਬਾ, ਲੁੱਟ ਅਰਾਮਬਾਈ ਤੇਰਾ ਗੋਲ ਅਤੇ ਵਿਸ਼ਵ ਮੈਤੇਈ ਪ੍ਰੀਸ਼ਦ ਦੇ ਨਾਲ ਦੱਸਿਆ ਗਿਆ ਹੈ। ਇਹ ਸੰਗਠਨ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਤਰਜ਼ ਉੱਤੇ ਉਸਾਰੇ ਗਏ ਹਨ।
ਆਈ ਟੀ ਐੱਲ ਐੱਫ ਨੇ ਬੀ. ਫਾਈਨੋਮ ਪਿੰਡ ਦੇ ਘਰਾਂ ਦੇ ਸਾੜਨ ਦੀ ਪੁਸ਼ਟੀ ਕੀਤੀ ਹੈ ਤੇ ਇਹ ਵੀ ਦੱਸਿਆ ਕਿ ਮੈਤੇਈ ਸਮੁਦਾਏ ਦੀ ਇਹ ਭੀੜ ਬਹੁਤ ਦੂਰ ਤੋਂ ਮਾਰ ਦਿਓ ਸਾੜ ਦਿਓ ਦੇ ਨਾਅਰੇ ਲਾਉਂਦੀ ਆ ਰਹੀ ਸੀ। ਮੋਬਾਈਲਾਂ ਰਾਹੀਂ ਭੀੜ ਇਕੱਠੀ ਵੀ ਕੀਤੀ ਜਾ ਰਹੀ ਸੀ ਅਤੇ ਮੋਬਾਈਲਾਂ ਨੇ ਪੀੜਤ ਪਿੰਡਾਂ ਨੂੰ ਅਗਾਊਂ ਸੂਚਨਾ ਦੇਣ ਵਿੱਚ ਵੀ ਭੂਮਿਕਾ ਨਿਭਾਈ, ਜਿਸ ਕਰਕੇ ਕੁੱਕੀ ਸਮੁਦਾਏ ਦੇ ਲੋਕ ਪਿੰਡ ਦੇ ਘਰ ਛੱਡ ਕੇ ਭੱਜ ਗਏ। ਹਮਲਾ ਅੱਧੀ ਰਾਤ ਹੋਇਆ ਸੀ, ਪਰ ਨਿਰਵਸਤਰ ਔਰਤਾਂ ਦਾ ਜਲੂਸ ਦਿਨੇ ਵਾਪਰੀ ਘਟਨਾ ਸੀ। ਭਾਵ ਕਿੰਨੇ ਘੰਟੇ ਤਾਂਡਵ ਨਾਚ ਹੁੰਦਾ ਰਿਹਾ। ਪੁਲਿਸ ਪ੍ਰਸ਼ਾਸਨ ਕੀ ਸੁੱਤਾ ਪਿਆ ਸੀ। ਸੈਂਕੜੇ ਲੱਠਮਾਰ ਦਨਦਨਾਉਂਦੇ ਜਾ ਰਹੇ ਹੋਣ ’ਤੇ ਕਈ ਘੰਟੇ ਘਟਨਾਵਾਂ ਨੂੰ ਅੰਜਾਮ ਦੇਣ, ਪਰ ਪ੍ਰਸ਼ਾਸਨ ਮੌਨ ਹੋਵੇ? ਅਤੇ ਜੇ ਇਹ ਇਲਜ਼ਾਮ ਸੱਚਾ ਹੈ ਕਿ ਪੀੜਤ ਔਰਤਾਂ ਤੇ ਮ੍ਰਿਤਕ ਮਰਦਾਂ ਨੂੰ ਲੱਠਮਾਰ ਭੀੜ ਨੇ ਪੁਲਿਸ ਪਾਸੋਂ ਖੋਹਿਆ ਸੀ ਤਾਂ ਸਵਾਲ ਹੋਰ ਵੀ ਗੰਭੀਰ ਹੈ। ਅੱਜ ਭਾਜਪਾ ਦਾ ਮੁੱਖ ਮੰਤਰੀ ਸੌ ਖੇਖਣ ਕਰੇ ਕਿ ‘ਇਹ ਘਟਨਾ ਮੇਰੇ ਰਾਜ ਵਿੱਚ ਵਾਪਰੀ, ਯਕੀਨ ਨਹੀਂ ਆਉਂਦਾ।’ ਪਰ ਹਕੀਕਤ ਇਹ ਕਿ ਰਾਜ ਤੇ ਕੇਂਦਰ ਸਰਕਾਰ ਦੋਵੇਂ ਹੀ ਪਿਛਲੇਰੇ ਦੋ-ਤਿੰਨ ਮਹੀਨਿਆਂ ਤੋਂ ਮਨੀਪੁਰ ਨੂੰ ਅੱਗ ਦੀ ਭੱਠੀ ਵਿੱਚ ਝੋਕਣ ਵਿੱਚ ਲੱਗੀਆਂ ਹੋਈਆਂ ਹਨ। ਜੇ ਦੇਸ਼ ਵਿੱਚ ਵੀਡੀਓ ਰਾਹੀਂ ਇਹ ਘਟਨਾ ਨਾ ਪਹੁੰਚਦੀ ਤਾਂ ਸ਼ਾਇਦ ਦੱਬੀ ਹੀ ਰਹਿ ਜਾਂਦੀ। 21 ਜੂਨ ਨੂੰ ਪੁਲਿਸ ਹਰਕਤ ਵਿੱਚ ਆਈ ਤੇ ਜ਼ੀਰੋ ਰਿਪੋਰਟ ਨੂੰ ਐੱਫ ਆਈ ਆਰ ਵਿੱਚ ਦਰਜ ਕੀਤਾ। ਦੇਸ਼ ਦੇ ਚੇਤੰਨ ਲੋਕ ਕੂਕ ਰਹੇ ਸਨ ਕਿ ਪ੍ਰਧਾਨ ਮੰਤਰੀ ਇਨ੍ਹਾਂ ਘਟਨਾਵਾਂ ਉੱਤੇ ਮੂੰਹ ਖੋਲ੍ਹੇ ਪਰ ਉਹਦੇ ਬੁੱਲ੍ਹ ਸੀਤੇ ਪਏ ਸਨ। 20 ਜੂਨ ਨੂੰ ਜਦੋਂ ਦੇਸ਼ ਭਰ ਵਿੱਚ ਦਰਦਨਾਕ ਤੇ ਸ਼ਰਮਨਾਕ ਘਟਨਾ ਉੱਤੇ ਸਰਕਾਰ ਦੀ ਤੋਏ-ਤੋਏ ਹੋਈ ਤਾਂ ਪ੍ਰਧਾਨ ਮੰਤਰੀ ਮੋਦੀ ਦਾ ਮੂੰਹ ਖੁੱਲ੍ਹਿਆ, ਉਹ ਵੀ ਸਿਰਫ਼ 26 ਸੈਕੰਡ ਜਾਂ 36 ਸੈਕੰਡ। ਉਹ ਇੱਕ ਮਿੰਟ ਵੀ ਨਹੀਂ ਬੋਲ ਸਕਿਆ। ਜੋ ਬੋਲਿਆ, ਉਹ ਉਹਦੇ ਲਈ ਸ਼ਰਮਸਾਰ ਹੋਣ ਵਾਲਾ ਵੀ ਨਹੀਂ ਸੀ।
ਮਨੀਪੁਰ ਵਿੱਚ ਮੈਤੇਈ ਆਬਾਦੀ 53 ਫ਼ੀਸਦੀ ਹੈ, ਜਿਹੜੀ ਇੰਫਾਲ ਦੇ ਆਲੇ-ਦੁਆਲੇ ਰਹਿੰਦੀ ਹੈ। ਬਾਕੀ 40 ਫ਼ੀਸਦੀ ਆਬਾਦੀ ਨਾਗਾ ਅਤੇ ਕੁੱਕੀ ਕਬੀਲਿਆਂ ਦੀ ਹੈ, ਜਿਹੜੇ ਆਦਿਵਾਸੀ ਹਨ ਅਤੇ ਪਹਾੜਾਂ ਤੇ ਜੰਗਲੀ ਇਲਾਕੇ ਵਿੱਚ ਰਹਿੰਦੇ ਹਨ। ਮੈਤੇਈ ਆਬਾਦੀ ਵਿੱਚ ਭਾਜਪਾ ਨੇ ਦਖ਼ਲ-ਅੰਦਾਜ਼ੀ ਬਣਾਈ ਹੈ ਅਤੇ ਉਹ ਆਪਣੇ-ਆਪ ਨੂੰ ਹਿੰਦੂ ਧਰਮ ਦੇ ਨੇੜੇ ਸਮਝਣ ਲੱਗੇ ਹਨ। ਕੁੱਕੀ ਈਸਾਈ ਧਰਮ ਦੇ ਨੇੜੇ ਹਨ। ਭਾਜਪਾ ਨੇ ਸੱਤਾ ਸੰਭਾਲਣ ਪਿੱਛੋਂ ਆਪਣਾ ਵੋਟ ਬੈਂਕ ਮਜ਼ਬੂਤ ਕਰਨ ਹਿਤ ਇਨ੍ਹਾਂ ਦੋਹਾਂ ਸਮੁਦਾਇਆਂ ਵਿੱਚ ਟਕਰਾਅ ਪੈਦਾ ਕੀਤਾ ਹੈ, ਜੋ ਪਿਛਲੇ ਦੋ-ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ। ਇਸ ਸੰਬੰਧੀ ਇੱਕ ਅਲੱਗ ਲੇਖ ਵਿੱਚ ਜ਼ਿਕਰ ਕਰਾਂਗੇ। ਇਸ ਟਕਰਾਅ ਵਿੱਚ ਕੁੱਕੀ ਸਮੁਦਾਏ ਦੇ ਆਗੂਆਂ ਨੇ ਤਾਂ ਸਿੱਧਾ ਇਲਜ਼ਾਮ ਲਾਇਆ ਹੈ ਕਿ ਬੀ ਜੇ ਪੀ ਦਾ ਮੁੱਖ ਮੰਤਰੀ ਹਿੰਸਾ ਭੜਕਾਉਣ ਲਈ ਸ਼ਹਿ ਦੇ ਰਿਹਾ ਹੈ। ਕਿਸੇ ਸਮੇਂ ਮਨੀਪੁਰ ਦੇ ਇਹ ਪਹਾੜੀ ਖੇਤਰ ਸ਼ਾਂਤੀ ਦੇ ਪ੍ਰਤੀਕ ਮੰਨੇ ਜਾਂਦੇ ਸਨ ਪਰ ਹੁਣ ਹਿੰਸਕ ਹੀ ਨਹੀਂ, ਮਨੁੱਖਤਾ ਨੂੰ ਸ਼ਰਮਨਾਕ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਜੀਵਤ ਬਚੇ ਪਰਿਵਾਰ ਦੀ ਬਜ਼ੁਰਗ ਔਰਤ, ਜੋ ਪੀੜਤਾ 20 ਸਾਲਾ ਲੜਕੀ ਦੀ ਮਾਂ ਹੈ, ਨੇ ਪ੍ਰੈੱਸ ਨੂੰ ਕਿਹਾ ਕਿ ਉਹਦੀ ਧੀ ਤੇ 19 ਸਾਲਾ ਪੁੱਤਰ ਪੁਲਿਸ ਕੋਲ ਸਨ, ਜਦੋਂ ਭੀੜ ਨੂੰ ਵੇਖ ਕੇ ਉਨ੍ਹਾਂ ਨੂੰ ਸੁਰੱਖਿਆ ਦੇਣ ਦੀ ਥਾਂ ਛੱਡ ਦਿੱਤਾ। ਲੜਕੀ ਨਾਲ ਜਦੋਂ ਬਲਾਤਕਾਰ ਕਰ ਰਹੇ ਸਨ ਤਾਂ ਉਹਦੇ ਭਰਾ ਵੱਲੋਂ ਵਿਰੋਧ ਕਰਨ ਉੱਤੇ ਉਹਨੂੰ ਕਤਲ ਕਰ ਦਿੱਤਾ। ਪੁਲਿਸ ਕਿਵੇਂ ਕਹਿ ਸਕਦੀ ਹੈ ਕਿ ਉਹਨੂੰ ਘਟਨਾ ਦੀ ਜਾਣਕਾਰੀ ਨਹੀਂ ਹੈ, ਜਦੋਂ ਕਿ ਭੀੜ ਨੇ ਜਦੋਂ ਹਮਲਾ ਕੀਤਾ, ਉਦੋਂ ਪੁਲਿਸ ਮੌਕੇ ’ਤੇ ਮੌਜੂਦ ਸੀ ਅਤੇ ਸਾਡੇ ਪਿਤਾ (56 ਸਾਲ ਮ੍ਰਿਤਕ) ਅਤੇ 19 ਸਾਲਾ ਬੱਚੇ ਦੇ ਮ੍ਰਿਤਕ ਸਰੀਰਾਂ ਨੂੰ ਸਰਕਾਰੀ ਮੁਰਦਾ ਘਰ ਹੀ ਤਾਂ ਲੈ ਕੇ ਗਏ ਸਨ।
30 ਅਪਰੈਲ ਨੂੰ ਵੀ 21 ਸਾਲਾ ਕਾਲਜ ਵਿਦਿਆਰਥੀ ਹੰਗਲਾਲਮੁਆਨ ਵੈਫੇਈ ਦੀ ਮੌਤ ਪੁਲਿਸ ਹਿਰਾਸਤ ਵਿੱਚ ਹੀ ਹੋਈ ਸੀ। ਪੁਲਿਸ ਨੇ 5 ਮਈ ਨੂੰ ਪਰਿਵਾਰ ਨੂੰ ਦੱਸਿਆ ਕਿ ਪੁਲਿਸ ਜਦੋਂ ਲਿਜਾ ਰਹੀ ਸੀ ਤਾਂ ਭੀੜ ਨੇ ਉਸ ਨੂੰ ਕਤਲ ਕਰ ਦਿੱਤਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਨ੍ਹਾਂ ਦੇ ਪੁੱਤਰ ਦਾ ਮ੍ਰਿਤਕ ਸਰੀਰ ਅਜੇ ਤਕ ਉਨ੍ਹਾਂ ਨੂੰ ਨਹੀਂ ਦਿੱਤਾ।
ਅਲ ਜਜ਼ੀਰਾ ਦੇ ਪੱਤਰਕਾਰਾਂ ਨਾਲ ਜਿਹੜੇ ਕੁੱਕੀ ਸਮੁਦਾਏ ਦੇ ਲੋਕਾਂ ਨੇ ਗੱਲ ਕੀਤੀ, ਉਨ੍ਹਾਂ ਮਨੀਪੁਰ ਦੇ ਭਾਜਪਾ ਮੁੱਖ ਮੰਤਰੀ ਉੱਤੇ ਸਿੱਧੀ ਉਂਗਲ ਰੱਖੀ ਹੈ। ਪਿਛਲੇ ਦੋ ਮਹੀਨੇ ਤੋਂ ਪੁਲਿਸ ਮੂਕ ਦਰਸ਼ਕ ਬਣੀ ਹੋਈ ਹੈ। ਇੱਕ ਸਮਾਜਿਕ ਕਾਰਕੁਨ ਨੇ ਤਾਂ ਇਹ ਵੀ ਕਿਹਾ ਕਿ ਨਿਆਂ ਹੁਣ ਸਾਡੇ ਲਈ ਮੌਜੂਦ ਨਹੀਂ ਹੈ। ਸਾਨੂੰ ਇਸ ਹੱਦ ਤਕ ਅਮਾਨਵੀ ਬਣਾ ਦਿੱਤਾ ਹੈ ਕਿ ਵਾਪਸ ਮੁੜਨਾ ਔਖਾ ਹੈ।
ਇਹੋ ਨੀਤੀ ਹੈ ਭਾਜਪਾ ਦੀ ਹਰ ਰਾਜ ਵਿੱਚ ਵੰਡੀਆਂ ਪਾਓ, ਆਪਸ ਵਿੱਚ ਲੜਾਓ ਤੇ ਫਿਰ ਵੋਟਾਂ ਦੀ ਗਿਣਤੀ ਪੱਕੀ ਕਰੋ। ਪੁਲਿਸ ਹਿਰਾਸਤ ਵਿੱਚ ਮੌਤਾਂ ਵਿੱਚ ਯੂ ਪੀ ਪਿੱਛੋਂ ਮਨੀਪੁਰ ਵੀ ਸ਼ਾਮਲ ਹੋ ਗਿਆ ਹੈ। ਕਾਨੂੰਨ ਦੀ ਵਿਵਸਥਾ ਹੇਠ ਫੈਲ ਰਹੀ ਅਰਾਜਕਤਾ ਤੇ ਭੀੜਤੰਤਰ ਇਹ ਸਮਾਜ ਲਈ ਅਤਿ ਖ਼ਤਰਨਾਕ ਤੇ ਘਾਤਕ ਹੈ। ਰਾਜ, ਉਹ ਸਥਾਨਕ ਹੋਵੇ ਜਾਂ ਕੇਂਦਰ, ਆਪਣੀ ਜ਼ਿੰਮੇਵਾਰੀ ਤੋਂ ਭਟਕ ਚੁੱਕਾ ਹੈ। ਜੇ ਦੇਸ਼ ਵਿੱਚ ਘੱਟ-ਗਿਣਤੀਆਂ ਨੂੰ ਬਹੁਗਿਣਤੀ ਦੇ ਰਹਿਮੋ-ਕਰਮ ਉੱਤੇ ਜੀਣਾ ਪੈ ਰਿਹਾ ਹੈ ਤਾਂ ਮਨੀਪੁਰ ਵਿੱਚ ਵੀ ਮੈਤੇਈ ਬਹੁ-ਗਿਣਤੀ ਨਾਗਾ ਅਤੇ ਕੁੱਕੀ ਨੂੰ ਦਹਿਸ਼ਤਜ਼ਦਾ ਕਰਨ ਉੱਤੇ ਤੁਲੀ ਹੋਈ ਹੈ।
ਨਿਰਵਸਤਰ ਔਰਤਾਂ ਦੀ ਭੀੜ ਤੇ ਲੰਪਟ ਤੱਤਾਂ ਵੱਲੋਂ ਪਰੇਡ (ਜਿਨ੍ਹਾਂ ਦੀ ਔਸਤਨ ਉਮਰ 16 ਤੋਂ 22 ਸਾਲ ਤਕ ਹੈ) ਦੇਸ਼ ਵਿੱਚ ਪਹਿਲੀ ਘਟਨਾ ਨਹੀਂ, ਮਨੀਪੁਰ ਦੀਆਂ ਕੁੱਕੀ ਔਰਤਾਂ ਨਾਲ ਜੋ ਵਾਪਰਿਆ ਹੈ, ਉਹ ਗੁਜਰਾਤ ਦਾ ਮਾਡਲ ਹੀ ਹੈ ਜਦੋਂ 2002 ਵਿੱਚ ਇੱਕ ਗਰਭਵਤੀ ਔਰਤ ਦੇ ਪੇਟ ਨੂੰ ਚੀਰ ਕੇ ਬੱਚਾ ਕੱਢ ਕੇ ਮਾਰੇ ਗਏ ਸਨ। ਭਾਜਪਾ ਅਤੇ ਆਰ ਐੱਸ ਐੱਸ ਅਜਿਹੇ ਲੰਪਟਾਂ ਨੂੰ ਐਨੇ ਨਿਰਦਈ, ਜ਼ਾਲਮ ਤੇ ਗੈਰ-ਮਾਨਵੀ ਭਾਵ ਪਸ਼ੂ ਬਿਰਤੀ ਦੇ ਰੂਪ ਵਿੱਚ ਸਿਰਜ ਕੇ ਪਰੋਸ ਰਹੀ ਹੈ, ਇਹ ਇੱਕ ਬਹੁਤ ਹੀ ਗੰਭੀਰ ਸਵਾਲ ਹੈ। ਕੀ ਭਾਜਪਾ ਦੇਸ਼ ਵਿੱਚ ਖਾਨਾਜੰਗੀ ਦੀ ਤਿਆਰੀ ਕਰ ਰਹੀ ਹੈ ਅਤੇ ਗੁਜਰਾਤ ਪਿੱਛੋਂ ਮਨੀਪੁਰ ਨੂੰ ਅਜਿਹੀ ਪ੍ਰਯੋਗਸ਼ਾਲਾ ਵਜੋਂ ਵਿਕਸਤ ਕਰ ਰਹੀ ਹੈ, ਜਿਸਦਾ ਮਾਡਲ ਦੇਸ਼ ਦੇ ਹਰ ਰਾਜ ਵਿੱਚ ਅਪਣਾਇਆ ਜਾਵੇਗਾ।
ਭਾਜਪਾ ਰਾਜ ਵਿੱਚ ਔਰਤਾਂ ਨਾਲ ਹੋ ਰਹੇ ਅੱਤਿਆਚਾਰਾਂ ਅਤੇ ਬੇਇਨਸਾਫ਼ੀਆਂ ਦੀ ਇੱਕ ਲੰਮੀ ਲਿਸਟ ਹੈ। ਪਿਛਲੇ ਮਹੀਨਿਆਂ ਵਿੱਚ ਦਿੱਲੀ ਵਿੱਚ ਔਰਤ ਪਹਿਲਵਾਨਾਂ ਨੇ ਇੱਕ ਕੇਂਦਰੀ ਮੰਤਰੀ ਵਿਰੁੱਧ ਜ਼ੋਰਦਾਰ ਆਵਾਜ਼ ਉਠਾਈ ਸੀ, ਪਰ ਨਿਆਂ ਨਹੀਂ ਮਿਲਿਆ, ਸਗੋਂ ਜ਼ਬਰਦਸਤੀ ਵਿਰੋਧ ਪ੍ਰਦਰਸ਼ਨ ਵੀ ਬੰਦ ਕਰਵਾ ਦਿੱਤਾ। ਹੁਣ ਮਨੀਪੁਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਵਾਪਰੀ ਹੈ, ਜਿਸ ਉੱਤੇ ਪ੍ਰਧਾਨ ਮੰਤਰੀ ਨੇ ਮਹਿਜ਼ 36 ਸਕਿੰਟ ਮਗਰਮੱਛੀ ਹੰਝੂ ਵਹਾਏ ਹਨ ਤੇ ਮਨੀਪੁਰ ਦੇ ਮੁੱਖ ਮੰਤਰੀ ਨੇ ਅਣਜਾਣਤਾ ਜ਼ਾਹਿਰ ਕੀਤੀ ਹੈ। ਕੀ ਉਨ੍ਹਾਂ ਨੂੰ ਨਿਆਂ ਮਿਲ ਸਕੇਗਾ? ਇਹ ਦੇਸ਼ ਦੇ ਚੇਤੰਨ ਸ਼ਹਿਰੀਆਂ ਸਾਹਮਣੇ ਵੱਡਾ ਸਵਾਲ ਹੈ। ਇਹ ਨਾ ਸਮਝੋ ਕਿ ਇਹ ਸਿਰਫ਼ ਗੁਜਰਾਤ ਪਿੱਛੋਂ ਮਨੀਪੁਰ ਵਿੱਚ ਵਾਪਰਿਆ, ਯੂ ਪੀ ਤੇ ਉਤਰਾਖੰਡ ਵਿੱਚ ਵੀ ਅਜਿਹੀਆਂ ਘਟਨਾਵਾਂ ਦੀ ਜ਼ਮੀਨ ਤਿਆਰ ਕੀਤੀ ਜਾ ਰਹੀ ਹੈ। ਲਿੰਗਕ ਹਿੰਸਾ ਨੂੰ ਦੰਗਾਕਾਰੀ ਇੱਕ ਸਾਧਨ ਤੇ ਦਹਿਸ਼ਤਜ਼ਦਾ ਕਰਨ ਦੇ ਤੌਰ ’ਤੇ ਵਰਤਦੇ ਹਨ ਤੇ ਸੰਘੀ ਲਾਣੇ ਲਈ ਤਾਂ ਮਨੂੰ ਸਿਮਰਤੀ ਇਸਦਾ ਰਾਹ ਸਾਫ਼ ਕਰਦੀ ਹੈ।
ਮਨੀਪੁਰ ਵਿੱਚ ਨਿਰਵਸਤਰ ਔਰਤਾਂ ਦੇ ਜਲੂਸ ਨੇ ਪੂਰੀ ਸਮਾਜੀ ਵਿਵਸਥਾ ਨੂੰ ਨੰਗਾ ਕਰ ਦਿੱਤਾ ਹੈ। ਮਰਦ ਦੀ ਮਰਦਾਨਗੀ ਨੰਗੀ ਹੋਈ ਹੈ, ਸੱਭਿਅਤਾ ਤੇ ਸੰਸਕ੍ਰਿਤੀ ਨੰਗੀ ਹੋਈ ਹੈ। ਸਿਆਸਤ ਨੰਗੀ ਹੋਈ ਹੈ, ਦੰਭੀ ਮਾਨਸਿਕਤਾ ਨੰਗੀ ਹੋਈ ਹੈ, ਕਾਨੂੰਨ ਵਿਵਸਥਾ ਨੰਗੀ ਹੋਈ ਹੈ, ਮਰਦ ਦਾ ਦੈਂਤ ਰੂਪੀ ਚਿਹਰਾ ਨੰਗਾ ਹੋਇਆ ਹੈ। ਅਜਿਹੀ ਵਿਵਸਥਾ ਵਿੱਚ ਔਰਤ ਨੂੰ ਅਬਲਾ ਨਹੀਂ, ਪ੍ਰਚੰਡ ਦੇਵੀ ਦੇ ਰੂਪ ਵਿੱਚ ਰਣ ਚੰਡੀ ਹੱਥ ਲੈ ਕੇ ਆਪਣੀ ਸੁਰੱਖਿਆ ਲਈ ਖੁਦ ਅੱਗੇ ਆਉਣਾ ਪਵੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4136)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)