“ਘੱਟ ਬੋਲਣ ਨਾਲ ਸੋਚਣ ਅਤੇ ਸਮਝਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਮਨੁੱਖ ਜ਼ਬਾਨ ਕਰਕੇ ਪੈਦਾ ਹੋਈਆਂ ...”
(9 ਜਨਵਰੀ 2024)
ਇਸ ਸਮੇਂ ਪਾਠਕ: 490
ਦੁਨੀਆਂ ਵਿੱਚ ਅੱਜ ਦੇ ਰੌਲੇ ਰੱਪੇ ਵਾਲੇ ਵਾਤਾਵਰਣ ਵਿੱਚ ਆਮ ਤੌਰ ’ਤੇ ਚੁੱਪ ਰਹਿਣ ਅਤੇ ਬੇਲੋੜਾ ਨਾ ਬੋਲਣ ਦਾ ਮਹੱਤਵ ਹੋਰ ਵਧ ਗਿਆ ਹੈ। ਰੌਲੇ ਰੱਪੇ ਵਾਲੇ ਮਾਹੌਲ ਵਿੱਚ ਰਹਿਣ ਵਾਲੇ ਅਸੀਂ ਸ਼ਾਂਤ ਮਾਹੌਲ ਦਾ ਲਾਭ ਆਪ ਘੱਟ ਬੋਲ ਕੇ ਜਾਂ ਲੋੜੀਂਦਾ ਬੋਲ ਕੇ ਹੀ ਲੈ ਸਕਦੇ ਹਾਂ। ਘੱਟ ਬੋਲਣ ਨਾਲ ਬੇਲੋੜੀਆਂ ਬਹਿਸਾਂ ਅਤੇ ਝਗੜਿਆਂ ਤੋਂ ਲਾਂਭੇ ਰਹਿ ਕੇ ਅਸੀਂ ਆਪਣੀ ਦਿਮਾਗੀ ਊਰਜਾ ਵੀ ਬਚਾ ਸਕਦੇ ਹਾਂ ਅਤੇ ਜੇ ਕਿਤੇ ਆਪਣਾ ਵਿਰੋਧ ਹੋਵੇ. ਉਹ ਵੀ ਘਟਾ ਸਕਦੇ ਹਾਂ। ਘੱਟ ਬੋਲਣਾ ਨਾਲ ਅਸੀਂ ਆਪਣਾ ਧਿਆਨ ਪੇਸ਼ ਮੁੱਦਿਆਂ ’ਤੇ ਕੇਂਦਰਿਤ ਕਰਕੇ ਆਪਣੇ ਵਿਚਾਰਾਂ ਲਈ ਸਪਸ਼ਟਤਾ ਤਕ ਪਹੁੰਚ ਸਕਦੇ ਹਾਂ। ਉਂਝ ਵੀ ਮਾਹਿਰਾਂ ਮੁਤਾਬਕ ਘੱਟ ਬੋਲਣਾ ਜਾਂ ਹੌਲੀ ਆਵਾਜ਼ ਵਿੱਚ ਬੋਲਣਾ, ਚੁੱਪ ਰਹਿ ਕੇ ਆਪਣੇ ਆਲੇ ਦੁਆਲੇ ਦੀਆਂ ਘਟਨਾਵਾਂ ਦਾ ਨਿਰਨਾ ਕਰਨਾ ਮਾਨਸਿਕ ਸਿਹਤ ਲਈ ਲਾਭਦਾਇਕ ਹੈ।
ਮਨੁੱਖ ਬਚਪਨ ਵਿੱਚ ਬੋਲਣਾ ਸਿੱਖਦਾ ਹੈ। ਲੇਕਿਨ ਕਈ ਮਨੁੱਖ ਐਸੇ ਹੁੰਦੇ ਹਨ ਜੋ ਵੱਡੇ ਹੋ ਕੇ ਵੀ ਇਹ ਨਹੀਂ ਸਿੱਖਦੇ ਕਿ ਉਹਨਾਂ ਨੇ ਕਿਸ ਜਗ੍ਹਾ ’ਤੇ ਕੀ, ਕਦੋਂ ਅਤੇ ਕਿਵੇਂ ਬੋਲਣਾ ਹੈ। ਮਨੋਵਿਗਿਆਨਿਕ ਤੌਰ ’ਤੇ ਵੀ ਚੁੱਪ ਰਹਿਣਾ ਔਖਾ ਬਹੁਤ ਹੈ, ਲੇਕਿਨ ਬੇਲੋੜਾ ਬੋਲਣ ਤੋਂ ਬਚ ਕੇ ਮਨੁੱਖ ਨੂੰ ਮਾਨਸਿਕ ਤਸੱਲੀ ਮਿਲਦੀ ਹੈ। ਚੁੱਪ ਦਾ ਮਤਲਬ ਇਕੱਲਪਨਾ ਜਾਂ ਮਜਬੂਰੀ ਨਹੀਂ ਹੈ, ਇਹ ਸੁਭਾਅ ਦਾ ਹਿੱਸਾ ਹੋਣਾ ਚਾਹੀਦਾ ਹੈ। ਇਸਦਾ ਮਤਲਬ ਬੇਲੋੜਾ ਬੋਲਣ ਤੋਂ ਬਚਣਾ ਹੈ। ਕਿਸੇ ਸਭਾ ਵਿੱਚ ਬੈਠਿਆਂ ਜੋ ਵਿਅਕਤੀ ਚੁੱਪ ਕਰਕੇ ਦੂਜਿਆਂ ਨੂੰ ਸੁਣਦਾ ਹੈ, ਅੰਤ ਨੂੰ ਉਹ ਸਾਰਿਆਂ ਦੇ ਧਿਆਨ ਦਾ ਕੇਂਦਰ ਬਣ ਜਾਂਦਾ ਹੈ ਤੇ ਉਹਦੇ ਵਿਚਾਰਾਂ ਨੂੰ ਸਭ ਗਹੁ ਨਾਲ ਸੁਣਦੇ ਹਨ। ਸਟੇਜ ’ਤੇ ਭਾਸ਼ਣ ਕਰਦਿਆਂ ਹੇਠਾਂ ਬੈਠੇ ਰੌਲੇ ਰੱਪੇ ਨੂੰ ਵੇਖ ਕੇ ਜੇਕਰ ਬੁਲਾਰਾ ਚੁੱਪ ਕਰਕੇ ਖਲੋ ਜਾਵੇ ਤਾਂ ਲੋਕ ਵੀ ਚੁੱਪ ਕਰਕੇ ਉਸ ਵੱਲ ਵੇਖਣ ਲੱਗਦੇ ਹਨ। ਇਸ ਤਰ੍ਹਾਂ ਚੁੱਪ ਦੀ ਤਾਕਤ ਬੋਲਣ ਨਾਲੋਂ ਘੱਟ ਨਹੀਂ ਹੈ। ਚੁੱਪ ਲੋਕਾਂ ਦਾ ਧਿਆਨ ਖਿੱਚਦੀ ਹੈ ਅਤੇ ਲੋਕਾਂ ਉੱਤੇ ਡੂੰਘਾ ਪ੍ਰਭਾਵ ਛੱਡਦੀ ਹੈ।
ਸ਼ਾਂਤ ਚਿੱਤ ਰਹਿ ਕੇ ਆਸੇ ਪਾਸੇ ਦੀਆਂ ਘਟਨਾਵਾਂ ਦਾ ਚਿੰਤਨ ਕਰਕੇ ਮਾਨਸਿਕ ਦਬਾਅ ਘਟਦਾ ਹੈ। ਚੁੱਪ ਨਾਲ ਦਿਮਾਗ ਸੁਚੇਤ ਹੁੰਦਾ ਹੈ। ਚੁੱਪ ਕਿਸੇ ਦੇ ਦਬਾਅ ਜਾਂ ਡਰ ਅਧੀਨ ਨਹੀਂ, ਇਹ ਸ਼ਾਂਤ, ਅਰਾਮਦਾਇਕ ਅਤੇ ਸੁਖਾਵੀਂ ਹੋਣੀ ਚਾਹੀਦੀ ਹੈ, ਜਿਸ ਵਿੱਚ ਚਿੰਤਾ ਜਾਂ ਅਕਾਊਪਨ ਨਾ ਹੋਵੇ। ਇਸ ਤਰ੍ਹਾਂ ਦੀ ਚੁੱਪ ਵਿੱਚ ਮਨੁੱਖ ਵਿੱਚ ਆਤਮ ਚਿੰਤਨ ਦੀ ਸ਼ਕਤੀ ਆਉਂਦੀ ਹੈ, ਉਹ ਆਪਣੇ ਵਿਚਾਰਾਂ ਅਤੇ ਸਿਹਤ ਪ੍ਰਤੀ ਹੋਰ ਸਪਸ਼ਟ ਹੋ ਜਾਂਦਾ ਹੈ ਅਤੇ ਦਿਮਾਗ ਹੋਰ ਮੁੱਦਿਆਂ ਲਈ ਸਰਗਰਮ ਹੋ ਜਾਂਦਾ ਹੈ।
ਦਿਮਾਗ ਨੇ ਸਮਾਜ ਵਿੱਚ ਵਾਪਰ ਰਹੀਆਂ ਪੁਰਾਣੀਆਂ ਵੇਲਾ ਵਹਾ ਚੁੱਕੀਆਂ ਸੂਚਨਾਵਾਂ ਨੂੰ ਕੱਢ ਕੇ ਨਵੀਆਂ ਗ੍ਰਹਿਣ ਕਰਨੀਆਂ ਹੁੰਦੀਆਂ ਹਨ। ਚੁੱਪ ਰਹਿਣ ਨਾਲ ਦਿਮਾਗ ਨੂੰ ਨਵਾਂ ਗਿਆਨ ਹਾਸਲ ਕਰਨ ਦਾ ਸਮਾਂ ਮਿਲ ਜਾਂਦਾ ਹੈ। ਚੁੱਪ ਵੱਖ-ਵੱਖ ਘਟਨਾਵਾਂ ’ਤੇ ਧਿਆਨ ਕੇਂਦਰਿਤ ਕਰਨ ਵਿੱਚ ਮਦਦ ਕਰਦੀ ਹੈ। ਅੱਜ ਦੇ ਦੁਨੀਆਂ ਵਿੱਚ ਰੌਲੇ ਰੱਪੇ ਵਾਲੇ ਮਾਹੌਲ ਵਿੱਚ ਲਗਭਗ ਹਰ ਵਿਅਕਤੀ ਦਾ ਦਿਮਾਗ ਵੱਖ ਵੱਖ ਸਮੱਸਿਆਵਾਂ ਵਿੱਚ ਘਿਰਿਆ ਅਤੇ ਦਬਾਅ ਅਧੀਨ ਹੈ। ਇਸ ਮਾਹੌਲ ਵਿੱਚ ਖਾਮੋਸ਼ੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਜਾਂਦੀ ਹੈ।
ਬੇਲੋੜਾ ਨਾ ਬੋਲਣ ਵਾਲਾ ਵਿਅਕਤੀ ਗੁੱਸੇ ਸਮੇਂ ਚੁੱਪ ਰਹਿੰਦਾ ਹੈ ਅਤੇ ਆਪਣੀ ਗੱਲ ਕਹਿਣ ਲਈ ਸ਼ਾਂਤ ਮਾਹੌਲ ਦੀ ਉਡੀਕ ਕਰਦਾ ਹੈ। ਉਸ ਨਾਲ ਜਦੋਂ ਕੋਈ ਆਪਣਾ ਦੁੱਖ ਦਰਦ ਜਾਂ ਮੁਸ਼ਕਿਲ ਸਾਂਝੀ ਕਰੇ ਤਾਂ ਉਹ ਚੁੱਪ ਕਰਕੇ ਸੁਣਦਾ ਹੈ ਅਤੇ ਆਪਣੀ ਸਮਝ ਮੁਤਾਬਕ ਉਸ ਦਾ ਹੱਲ ਵੀ ਦੱਸਦਾ ਹੈ। ਇੱਕ ਸੁਹਿਰਦ ਅਤੇ ਸਿਆਣਾ ਵਿਅਕਤੀ ਗਾਲੀ ਗਲੋਚ, ਭੱਦੀ ਸ਼ਬਦਾਵਲੀ ਵਰਤਣ ਅਤੇ ਬੇਲੋੜੀ ਖੱਪ ਪਾਉਣ ਵਾਲੇ ਲੋਕਾਂ ਨਾਲ ਉਲਝਣ ਦੀ ਬਜਾਏ ਉਹਨਾਂ ਤੋਂ ਪਾਸੇ ਹੋ ਜਾਣਾ ਠੀਕ ਸਮਝਦਾ ਹੈ।
ਚੁੱਪ ਕਿਸੇ ਵੀ ਮੁੱਦੇ ਤੇ ਸਿਹਤਮੰਦ ਵਿਚਾਰ ਲਈ ਰਾਹ ਖੋਲ੍ਹਦੀ ਹੈ। ਖਾਮੋਸ਼ੀ ਦੀ ਤਾਕਤ ਸ਼ਬਦਾਵਲੀ ਨਾਲੋਂ ਘੱਟ ਨਹੀਂ ਹੈ। ਮਨੁੱਖ ਨੂੰ ਇੱਕ ਚੰਗਾ ਸਰੋਤਾ ਵੀ ਬਣਨਾ ਚਾਹੀਦਾ ਹੈ, ਜਿਸ ਲਈ ਚੁੱਪ ਹੀ ਇੱਕ ਰਸਤਾ ਹੈ। ਸਾਡੇ ਸਮਾਜ ਵਿੱਚ ਮੂਰਖ ਦੀ ਪਛਾਣ ਉਸਦੀਆਂ ਬੇਥਵੀਆਂ ਗੱਲਾਂ ਤੋਂ ਅਤੇ ਸਿਆਣੇ ਦੀ ਪਛਾਣ ਉਸਦੀ ਚੁੱਪ, ਸ਼ਾਂਤ ਸੁਭਾਅ ਅਤੇ ਮਿੱਠੀ ਸ਼ਬਦਾਵਲੀ ਤੋਂ ਹੋ ਜਾਂਦੀ ਹੈ। ਬੇਲੋੜਾ ਬੋਲੀ ਜਾਣ ਵਾਲੇ ਆਪਣੇ ਮਿੱਤਰਾਂ ਅਤੇ ਰਿਸ਼ਤੇਦਾਰਾਂ ਦੇ ਮਨੋ ਵੀ ਲੱਥ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਵੀ ਨਹੀਂ ਲਿਆ ਜਾਂਦਾ। ਉਨ੍ਹਾਂ ਦੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਉਨ੍ਹਾਂ ਤੋਂ ਪਾਸਾ ਵੱਟਣ ਲੱਗਦੇ ਹਨ।
ਘੱਟ ਬੋਲਣ ਵਿੱਚ ਗਲਤੀ ਵੀ ਘੱਟ ਹੁੰਦੀ ਹੈ ਜਿਸ ਕਰਕੇ ਬਾਅਦ ਵਿੱਚ ਸ਼ਰਮਸਾਰ ਨਹੀਂ ਹੋਣਾ ਪੈਂਦਾ। ਬੇਲੋੜਾ ਬੋਲਣਾ ਕਈ ਪਰੇਸ਼ਾਨੀਆਂ ਪੈਦਾ ਕਰਦਾ ਹੈ ਅਤੇ ਚੁੱਪ ਅਤੇ ਸ਼ਾਂਤ ਰਹਿਣਾ ਕਈ ਪਰੇਸ਼ਾਨੀਆਂ ਤੋਂ ਬਚਾ ਸਕਦਾ ਹੈ। ਉਂਝ ਵੀ ਜਿਸ ਵਿਅਕਤੀ ਨੇ ਸਿੱਖ ਲਿਆ ਕਿ ਕਦੋਂ, ਕੀ, ਕਿੱਥੇ ਅਤੇ ਕਿਵੇਂ ਬੋਲਣਾ ਹੈ, ਉਹ ਜ਼ਿੰਦਗੀ ਵਿੱਚ ਕਾਮਯਾਬ ਹੁੰਦਾ ਹੀ ਹੈ ਅਤੇ ਉਸ ਦਾ ਸਮਾਜ ਵਿੱਚ ਜੇਕਰ ਕੋਈ ਵਿਰੋਧ ਹੋਵੇ ਤਾਂ ਉਹ ਉਸ ਨੂੰ ਘਟਾਉਣ ਵਿੱਚ ਸਫਲ ਹੋ ਜਾਂਦਾ ਹੈ। ਕਈ ਵਾਰ ਚੁੱਪ ਰਹਿਣਾ ਤਾਕਤ ਅਤੇ ਬੋਲਣਾ ਕਮਜ਼ੋਰੀ ਬਣ ਜਾਂਦਾ ਹੈ।
ਚੁੱਪ ਰਹਿਣ ਵਾਲੇ ਮਨੁੱਖ ਦੇ ਵਿਰੋਧੀ ਦੁਚਿੱਤੀ ਵਿੱਚ ਫਸ ਜਾਂਦੇ ਹਨ ਕਿਉਂਕਿ ਉਹ ਉਸ ਦੀ ਭਾਵਨਾ ਨੂੰ ਸਮਝ ਨਹੀਂ ਸਕਦੇ। ਸਾਡੇ ਸਮਾਜ ਵਿੱਚ ਲੜਾਕੇ ਵਿਅਕਤੀ ਵਿਰੁੱਧ ਜਦੋਂ ਕੋਈ ਵਿਅਕਤੀ ਨਾ ਬੋਲੇ ਅਤੇ ਚੁੱਪ ਕਰਕੇ ਉੱਥੋਂ ਚਲਾ ਜਾਵੇ ਤਾਂ ਲੜਾਕਾ ਵਿਅਕਤੀ ਅੰਦਰੇ ਅੰਦਰ ਸ਼ਰਮਸਾਰ ਜ਼ਰੂਰ ਹੁੰਦਾ ਹੈ। ਸੁਖਾਵੀਂ ਅਤੇ ਦਬਾਅ ਰਹਿਤ ਚੁੱਪ ਭਰੋਸਾ ਪੈਦਾ ਕਰਦੀ ਹੈ, ਜਿਸ ਕਰਕੇ ਅਜਿਹੇ ਵਿਅਕਤੀ ਦੂਜਿਆਂ ਨੂੰ ਸੁਣਨ ਲਈ ਚੰਗੇ ਸਰੋਤਾ ਵੀ ਸਾਬਤ ਹੁੰਦੇ ਹਨ। ਸਾਡੇ ਸਮਾਜ ਵਿੱਚ ਕਈ ਬੇਲੋੜਾ ਬੋਲ ਬੋਲ ਕੇ ਆਪਣੀਆਂ ਕਮੀਆਂ ਜਾਂ ਗਲਤੀਆਂ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਲੇਕਿਨ ਚੁੱਪ ਰਹਿਣ ਜਾਂ ਘੱਟ ਬੋਲਣ ਵਾਲੇ ਲੋਕਾਂ ਦੀਆਂ ਕਮਜ਼ੋਰੀਆਂ ਢਕੀਆਂ ਰਹਿੰਦੀਆਂ ਹਨ।
ਕਈ ਪਰਿਵਾਰਾਂ ਵਿੱਚ ਬਹੁਤਾ ਤੇ ਬੇਲੋੜਾ ਬੋਲਣ ਕਰਕੇ ਕਲੇਸ਼ ਪੈਦਾ ਹੋ ਜਾਂਦਾ ਹੈ। ਪਰਿਵਾਰ ਵਿੱਚ ਘੱਟ ਅਤੇ ਠਰ੍ਹੰਮੇ ਨਾਲ ਬੋਲਣ ਵਾਲੇ ਨੂੰ ਸਿਆਣਾ ਸਮਝਿਆ ਜਾਂਦਾ ਹੈ। ਬੇਲੋੜਾ ਬੋਲਣ, ਪਰਿਵਾਰਿਕ ਮੈਂਬਰਾਂ ਨਾਲ ਝਗੜਨ ਅਤੇ ਗਾਲੀ ਗਲੋਚ ਵਾਲੀ ਭਾਸ਼ਾ ਵਰਤਣ ਵਾਲੇ ਵਿਅਕਤੀ ਪਰਿਵਾਰ ਵਿੱਚ ਸ਼ਾਂਤੀ ਨਹੀਂ ਰੱਖ ਸਕਦੇ। ਸਿਆਣੇ ਮਨੁੱਖ ਪਰਿਵਾਰ ਵਿੱਚ ਸ਼ਾਂਤੀ ਲਈ ਕਈ ਗੱਲਾਂ ’ਤੇ ਸਹਿਮਤ ਨਾ ਹੁੰਦਿਆਂ ਹੋਇਆਂ ਵੀ ਨਜ਼ਰ ਅੰਦਾਜ਼ ਕਰਦੇ ਹਨ ਤੇ ਚੁੱਪ ਰਹਿੰਦੇ ਹਨ। ਸਕੂਲ ਵਿੱਚ ਅਧਿਆਪਕ ਬੇਲੋੜਾ ਬੋਲਣ ਵਾਲੇ ਬੱਚੇ ਨਾਲੋਂ ਮੁੱਦੇ ’ਤੇ ਢੁਕਵਾਂ ਜਵਾਬ ਦੇਣ ਵਾਲੇ ਬੱਚੇ ਨੂੰ ਜ਼ਿਆਦਾ ਤਰਜੀਹ ਦਿੰਦੇ ਹਨ। ਅਦਾਲਤ ਵਿੱਚ ਸੰਖੇਪ ਅਤੇ ਢੁਕਵੀਂ ਗੱਲ ਕਰਨ ਵਾਲੇ ਨੂੰ ਜੱਜਾਂ ਅਤੇ ਵਕੀਲਾਂ ਵੱਲੋਂ ਸਿਆਣਾ ਸਮਝਿਆ ਜਾਂਦਾ ਹੈ। ਕਿਸੇ ਦਫਤਰ ਜਾਂ ਸੰਸਥਾ ਵਿੱਚ ਫਜ਼ੂਲ ਬੋਲਣਾ ਨਾ ਪਸੰਦ ਕੀਤਾ ਜਾਂਦਾ ਹੈ। ਘਰਾਂ ਵਿੱਚ ਬੱਚਿਆਂ ਨੂੰ ਝਿੜਕਦਿਆਂ ਮਾਪੇ ਕਈ ਫਜ਼ੂਲ ਧਮਕੀਆਂ ਤੇ ਡਰਾਵੇ ਦਿੰਦੇ ਹਨ ਜੋ ਬਿਲਕੁਲ ਵਾਜਬ ਨਹੀਂ ਹਨ। ਇਹ ਡਰਾਵੇ ਅਤੇ ਧਮਕੀਆਂ ਕਈ ਬੱਚਿਆਂ ਦੇ ਸਮੁੱਚੇ ਜੀਵਨ ਨੂੰ ਪ੍ਰਭਾਵਿਤ ਕਰਦੀਆਂ ਹਨ। ਬੇਲੋੜੀਆਂ ਅਤੇ ਤਰਕ ਰਹਿਤ ਗੱਲਾਂ ਕਰਨ ਵਾਲੇ ਲੋਕ ਸਮਾਜ ਦੇ ਹਰ ਖੇਤਰ ਵਿੱਚ ਵੇਖੇ ਜਾ ਸਕਦੇ ਹਨ।
ਕਿਸੇ ਸਭਾ, ਸੁਸਾਇਟੀ, ਸੱਥਾਂ, ਦੁਕਾਨਾਂ, ਢਾਬਿਆਂ, ਧਾਰਮਿਕ ਸਥਾਨਾਂ, ਰਾਜਨੀਤਿਕ ਇਕੱਠਾਂ, ਦਰਖਤਾਂ ਹੇਠ ਬੈਠੇ ਵਿਹਲੜਾਂ ਜਾਂ ਬਜ਼ੁਰਗਾਂ ਆਦਿ ਵਿੱਚ ਬੇਲੋੜਾ ਬੋਲਣ ਵਾਲੇ ਅਤੇ ਗਾਲੀ ਗਲੋਚ ਕਰਨ ਵਾਲੇ ਲੋਕਾਂ ਨੂੰ ਵੇਖਿਆ ਜਾ ਸਕਦਾ ਹੈ। ਕਈ ਵੱਖ-ਵੱਖ ਪਾਰਟੀਆਂ ਦੀ ਆਲੋਚਨਾ ਕਰਦੇ ਹਨ ਅਤੇ ਕਈ ਮੰਤਰੀ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਆਦਿ ਦੀ ਇਵੇਂ ਆਲੋਚਨਾ ਕਰਦੇ ਹਨ ਜਿਵੇਂ ਉਹ ਇਹ ਪ੍ਰਭਾਵ ਦੇ ਰਹੇ ਹੁੰਦੇ ਹਨ ਕਿ ਉਹਨਾਂ ਦੀ ਰਾਜਨੀਤੀ ’ਤੇ ਨੇਤਾਵਾਂ ਨਾਲੋਂ ਵੱਧ ਪਕੜ ਹੈ ਅਤੇ ਨੇਤਾ ਉਹਨਾਂ ਨੂੰ ਪੁੱਛ ਕੇ ਕਿਉਂ ਨਹੀਂ ਚੱਲਦੇ। ਆਲੋਚਨਾ ਕਰਨਾ ਕੋਈ ਬੁਰੀ ਗੱਲ ਨਹੀਂ, ਇਹ ਹਰ ਵਿਅਕਤੀ ਦਾ ਅਧਿਕਾਰ ਹੈ ਲੇਕਿਨ ਇੱਕ ਮਰਿਆਦਾ ਤੋਂ ਬਾਹਰ ਤੇ ਘਟੀਆ ਸ਼ਬਦਾਵਲੀ ਵਰਤ ਕੇ ਆਲੋਚਨਾ ਕਰਨਾ ਸ਼ੋਭਾ ਨਹੀਂ ਦਿੰਦਾ।
ਘੱਟ ਬੋਲਣ ਨਾਲ ਸਮਾਜਿਕ ਰਿਸ਼ਤੇ ਮਜ਼ਬੂਤ ਹੁੰਦੇ ਅਤੇ ਰਿਸ਼ਤਿਆਂ ਵਿੱਚ ਕੋਈ ਉਲਝਣ ਪੈਦਾ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ। ਇਸ ਨਾਲ ਘਰ ਦੀਆਂ ਨਾਂਹ ਪੱਖੀ ਗੱਲਾਂ ਅਤੇ ਕਮੀਆਂ ਪੇਸ਼ੀਆਂ ਵੀ ਬਾਹਰ ਨਹੀਂ ਆਉਂਦੀਆਂ। ਘੱਟ ਬੋਲਣ ਨਾਲ ਸੋਚਣ ਅਤੇ ਸਮਝਣ ਦੀ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਅਤੇ ਮਨੁੱਖ ਜ਼ਬਾਨ ਕਰਕੇ ਪੈਦਾ ਹੋਈਆਂ ਬੇਲੋੜੀਆਂ ਪਰੇਸ਼ਾਨੀਆਂ ਤੋਂ ਬਚ ਜਾਂਦਾ ਹੈ। ਚੁੱਪ ਰਹਿ ਕੇ ਅਤੇ ਇੱਧਰ ਉੱਧਰ ਦੀਆਂ ਗੱਲਾਂ ਨਾ ਕਰਨ ਵਾਲੇ ਵਿਅਕਤੀ ਦੀ ਸਮਾਜ ਵਿੱਚ ਕਦਰ ਵਧ ਜਾਂਦੀ ਹੈ। ਉਂਝ ਵੀ ਇਸ ਨਾਲ ਸਾਡਾ ਦਿਮਾਗ ਸ਼ਾਂਤ ਰਹਿੰਦਾ ਹੈ ਅਤੇ ਅਸੀਂ ਆਪਣੇ ਕਰਨ ਵਾਲੇ ਕੰਮ ’ਤੇ ਧਿਆਨ ਕੇਂਦਰਿਤ ਕਰ ਸਕਦੇ ਹਾਂ। ਇਸ ਨਾਲ ਲੋਕਾਂ ਵਿੱਚ ਵੀ ਸਾਡਾ ਸਤਿਕਾਰ ਵਧ ਜਾਂਦਾ ਹੈ। ਚੁੱਪ ਦਾ ਆਪਣਾ ਮਹੱਤਵ ਹੈ ਲੇਕਿਨ ਜਿੱਥੇ ਫੌਰੀ ਤੌਰ ’ਤੇ ਬੋਲਣ ਦੀ ਲੋੜ ਪਵੇ ਉੱਥੇ ਸੁਚੱਜੀ ਸ਼ਬਦਾਵਲੀ ਵਿੱਚ ਫੌਰਨ ਬੋਲਣਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4613)
(ਸਰੋਕਾਰ ਨਾਲ ਸੰਪਰਕ ਲਈ: (