“ਲੋਕਾਂ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ। ਅਜੇ ਆ ਰਹੀ ...”
(16 ਸਤੰਬਰ 2021)
ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ ਦਾ ਸਮਾਂ ਜਿਉਂ ਜਿਉਂ ਨੇੜੇ ਆ ਰਿਹਾ ਹੈ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਰਹੀਆਂ ਹਨ। ਸਿਆਸਤ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਵੱਖ ਵੱਖ ਪਾਰਟੀਆਂ ਵੱਲੋਂ ਲੋਕਾਂ ਦੇ ਹਿਤ ਵਿੱਚ ਕੀਤੇ ਜਾਂਦੇ ਵਾਅਦਿਆਂ ਅਤੇ ਦਾਅਵਿਆਂ ਦੀ ਪੁਣਛਾਣ ਕਰ ਰਹੇ ਹਨ। ਲੇਕਿਨ ਬਹੁਗਿਣਤੀ ਲੋਕ ਇਨ੍ਹਾਂ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਨਿਰਾਸ਼ ਵਿਖਾਈ ਦੇ ਰਹੇ ਹਨ। ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਰਸੀ ਹਾਸਲ ਕਰਨ ਲਈ ਜਿੱਥੇ ਦੂਸਰੀਆਂ ਪਾਰਟੀਆਂ ਆਪਣੇ ਆਪਣੇ ਅੰਦਰੂਨੀ ਵਿਰੋਧ ਦਾ ਸਾਹਮਣਾ ਕਰ ਰਹੀਆਂ ਹਨ ਉੱਥੇ ਆਮ ਆਦਮੀ ਪਾਰਟੀ (ਆਪ ਪਾਰਟੀ) ਵੀ ਆਪਣੀਆਂ ਅੰਦਰੂਨੀ ਵਿਰੋਧਤਾਈਆਂ ਦਾ ਸਾਹਮਣਾ ਕਰਦਿਆਂ ਸੰਕਟ ਦਾ ਸ਼ਿਕਾਰ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਆਪ ਪਾਰਟੀ ਦੇ ਹੱਕ ਵਿੱਚ ਲੋਕਾਂ ਦਾ ਬਹੁਤ ਉਭਾਰ ਸੀ ਤੇ ਇਹ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਸ਼ਾਇਦ ਆਪ ਪਾਰਟੀ ਦੀ ਹੀ ਸਰਕਾਰ ਬਣੇਗੀ। ਲੇਕਿਨ ਪਾਰਟੀ ਲੀਡਰਸ਼ਿੱਪ ਦੀ ਗ਼ਲਤੀ ਦਰ ਗ਼ਲਤੀ ਕਰਕੇ ਪਾਰਟੀ ਦਾ ਗ੍ਰਾਫ ਹੇਠਾਂ ਡਿਗਦਾ ਗਿਆ ਅਤੇ ਜੋ ਪਾਰਟੀ ਸੌ ਸੀਟਾਂ ਜਿੱਤਣ ਦਾ ਦਾਅਵਾ ਕਰਦੀ ਸੀ ਉਹ ਵੀਹ ਸੀਟਾਂ ’ਤੇ ਹੀ ਸਿਮਟ ਗਈ। ਵੈਸੇ ਉਹ ਪਾਰਟੀ, ਜਿਹੜੀ ਪਹਿਲੀ ਵਾਰ ਵਿਧਾਨ ਸਭਾ ਦੀ ਚੋਣ ਲੜਨ ਲਈ ਮੈਦਾਨ ਵਿੱਚ ਉੱਤਰੀ ਹੋਵੇ ਤੇ ਹੇਠਾਂ ਤਕ ਉਹਦਾ ਕੋਈ ਜਥੇਬੰਦਕ ਢਾਂਚਾ ਵੀ ਨਾ ਹੋਵੇ, ਉਸ ਵੱਲੋਂ ਵੀਹ ਸੀਟਾਂ ਜਿੱਤ ਲੈਣੀਆਂ ਵੀ ਇੱਕ ਪ੍ਰਾਪਤੀ ਹੀ ਸੀ। ਪਰ ਕਿਉਂਕਿ ਟੀਚਾ ਬਹੁਤ ਵੱਡਾ ਮਿਥ ਲਿਆ ਗਿਆ ਸੀ, ਜੋ ਪਾਰਟੀ ਦੀ ਸ਼ਕਤੀ ਤੋਂ ਬਹੁਤ ਉੱਚਾ ਸੀ, ਪੂਰਾ ਨਾ ਹੋਣ ’ਤੇ ਨਿਰਾਸਤਾ ਵੀ ਉੰਨੀ ਹੀ ਵੱਧ ਵੇਖੀ ਗਈ।
ਉਸ ਚੋਣ ਵਿੱਚ ਪਰਵਾਸੀਆਂ ਨੇ ਆਪ ਪੰਜਾਬ ਜਾ ਕੇ ਅਤੇ ਪੈਸੇ ਨਾਲ ਵੀ ਬਹੁਤ ਮਦਦ ਕੀਤੀ ਤੇ ਆਪ ਪਾਰਟੀ ਦੀ ਸਰਕਾਰ ਬਣਨ ਲਈ ਆਸਵੰਦ ਸਨ ਪਰ ਜਦ ਮਨ ਭਾਉਂਦਾ ਸਿੱਟਾ ਨਾ ਨਿਕਲਿਆ ਤਾਂ ਉਨ੍ਹਾਂ ਵਿੱਚ ਵੀ ਬਹੁਤ ਨਿਰਾਸਤਾ ਵੇਖੀ ਗਈ। ਚੋਣਾਂ ਤੋਂ ਪਹਿਲਾਂ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਸੂਬਾਈ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਕੁਝ ਦੋਸ਼ ਲਾ ਕੇ ਕਨਵੀਨਰ ਦੀ ਪੁਜ਼ੀਸ਼ਨ ਤੋਂ ਵੱਖ ਕਰ ਕੇ ਜਾਂਚ ਕਰਨ ਦੇ ਫ਼ੈਸਲੇ ਨਾਲ ਇੱਕ ਵਾਰ ਪਾਰਟੀ ਦਾ ਸਾਰਾ ਢਾਂਚਾ ਹਿੱਲ ਗਿਆ ਅਤੇ ਛੋਟੇਪੁਰ ਵੱਲੋਂ ਪਾਰਟੀ ਤੋਂ ਬਾਹਰ ਹੋਣ ਨਾਲ ਬਹੁਤ ਸਾਰੇ ਸਿਰਕੱਢ ਵਲੰਟੀਅਰ ਛੋਟੇਪੁਰ ਦੇ ਹੱਕ ਵਿੱਚ ਖਲੋ ਗਏ। ਉਸ ਸਮੇਂ ਛੋਟੇਪੁਰ ਉੱਤੇ ਜੋ ਦੋਸ਼ ਲਾਏ ਗਏ ਸਨ, ਉਹ ਨਾ ਉਦੋਂ ਜਨਤਕ ਕੀਤੇ ਗਏ ਤੇ ਨਾ ਅੱਜ ਤਕ ਹੀ ਜਨਤਕ ਕੀਤੇ ਗਏ ਹਨ। ਇਸ ਤੋਂ ਲੋਕਾਂ ਵਿੱਚ ਇਹ ਪ੍ਰਭਾਵ ਗਿਆ ਕਿ ਪਾਰਟੀ ਨੇ ਛੋਟੇਪੁਰ ਉੱਤੇ ਝੂਠੇ ਦੋਸ਼ ਲਾ ਕੇ ਉਸ ਨੂੰ ਪਾਸੇ ਕਰਨ ਦਾ ਬਹਾਨਾ ਹੀ ਬਣਾਇਆ ਹੈ। ਪਾਰਟੀ ਵਿੱਚ ਸ਼ਾਮਲ ਹੋਏ ਕਈ ਪ੍ਰਮੁੱਖ ਵਿਅਕਤੀ, ਜਿਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਹੀ ਟਿਕਟ ਦੇਣ ਦਾ ਵਾਅਦਾ ਕਰਕੇ ਕੀਤਾ ਸੀ, ਨੂੰ ਨਜ਼ਰਅੰਦਾਜ਼ ਕਰਕੇ ਗ਼ੈਰ ਮਹੱਤਵ ਵਾਲ਼ੇ ਵਿਅਕਤੀਆਂ ਨੂੰ ਟਿਕਟਾਂ ਦੇਣ ਨਾਲ ਪਾਰਟੀ ਵਿੱਚ ਦਿੱਲੀ ਤੋਂ ਆਏ ਆਗੂਆਂ ਉੱਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ਾਂ ਦੀ ਚਰਚਾ ਹੋਣ ਲੱਗ ਪਈ।
ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਇਹ ਵੀ ਚਰਚਾ ਸੁਣੀ ਗਈ ਕਿ ਕਿਉਂਕਿ ਵੋਟਾਂ ਤੋਂ ਬਾਅਦ ਸਰਕਾਰ ਆਪ ਪਾਰਟੀ ਦੀ ਬਣਨੀ ਹੈ ਤੇ ਕਿਤੇ ਸੁੱਚਾ ਸਿੰਘ ਛੋਟੇਪੁਰ ਮੁੱਖ ਮੰਤਰੀ ਦਾ ਦਾਅਵੇਦਾਰ ਨਾ ਬਣ ਜਾਵੇ, ਇਸ ਲਈ ਭਗਵੰਤ ਮਾਨ ਅਤੇ ਦਿੱਲੀ ਦੀ ਲੀਡਰਸ਼ਿੱਪ ਦੀ ਮਿਲੀ ਭੁਗਤ ਨਾਲ ਛੋਟੇਪੁਰ ਨੂੰ ਕਨਵੀਨਰ ਦੇ ਅਹੁਦੇ ਤੋਂ ਲਾਂਭੇ ਕਰਕੇ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਨ ਦਾ ਰਾਹ ਪੱਧਰਾ ਕੀਤਾ ਹੈ। ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਚਰਚਾ ਸੀ ਕਿ ਭਗਵੰਤ ਮਾਨ ਚਾਹੁੰਦਾ ਸੀ ਕਿ ਕੋਈ ਉਸ ਤੋਂ ਵੱਡੇ ਸਿਆਸੀ ਕੱਦ ਵਾਲਾ ਨੇਤਾ ਪਾਰਟੀ ਵਿੱਚ ਨਾ ਆਵੇ, ਇਸ ਕਰਕੇ ਮਨਪ੍ਰੀਤ ਸਿੰਘ ਬਾਦਲ, ਨਵਜੋਤ ਸਿੰਘ ਸਿੱਧੂ ਅਤੇ ਪਰਗਟ ਸਿੰਘ ਨੂੰ ਪਾਰਟੀ ਵਿੱਚ ਸ਼ਾਮਲ ਨਾ ਕੀਤਾ ਗਿਆ। ਚੋਣਾਂ ਤੋਂ ਬਾਅਦ ਗੁਰਪ੍ਰੀਤ ਸਿੰਘ ਵੜੈਚ (ਘੁੱਗੀ) ਨੂੰ ਆਪ ਹੁਦਰੇ ਢੰਗ ਨਾਲ ਕਨਵੀਨਰ ਦੀ ਪੁਜ਼ੀਸ਼ਨ ਤੋਂ ਲਾਂਭੇ ਵੀ ਭਗਵੰਤ ਮਾਨ ਦੇ ਕਹਿਣ ’ਤੇ ਕੀਤਾ ਗਿਆ ਤਾਂ ਜੋ ਉਹ ਸੂਬਾਈ ਪ੍ਰਧਾਨ ਬਣ ਸਕੇ।
ਚੋਣਾਂ ਤੋਂ ਬਾਅਦ ਪਾਰਟੀ ਵੀਹ ਵਿਧਾਇਕਾਂ ਨੂੰ ਵੀ ਸਾਂਭ ਨਾ ਸਕੀ ਅਤੇ ਹੁਣ ਤਕ ਪਾਰਟੀ ਵਿੱਚ ਘਮਸਾਣ ਮਚਿਆ ਰਿਹਾ ਹੈ। ਸ੍ਰੀ ਹਰਵਿੰਦਰ ਸਿੰਘ ਫੂਲਕਾ ਦੇ ਇਸਤੀਫੇ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਨੂੰ ਵਿਧਾਇਕ ਦਲ ਦਾ ਨੇਤਾ ਬਣਾਇਆ ਗਿਆ ਜਿਸ ਨੇ ਕੰਮ ਕਰਨ ਦੇ ਕੁਝ ਕੁ ਆਪ ਹੁਦਰੇ ਢੰਗ ਹੋਣ ਦੇ ਬਾਵਜੂਦ ਬਤੌਰ ਵਿਧਾਨ ਸਭਾ ਵਿੱਚ ਆਪੋਜ਼ੀਸ਼ਨ ਲੀਡਰ ਵਧੀਆ ਕੰਮ ਕੀਤਾ। ਉਸ ਨੂੰ ਵੀ ਬਿਨਾਂ ਕਿਸੇ ਗੱਲਬਾਤ ਤੋਂ ਦਿੱਲੀ ਦੀ ਲੀਡਰਸ਼ਿੱਪ ਨੇ ਅਚਾਨਕ ਹੀ ਚੁੱਪ ਚੁਪੀਤੇ ਇੱਕੋ ਝਟਕੇ ਨਾਲ ਅਹੁਦੇ ਤੋਂ ਲਾਹ ਦਿੱਤਾ।
ਪਾਰਟੀ ਵਿੱਚ ਗੁੱਟਬੰਦੀ ਵੀ ਉਦੋਂ ਸਾਹਮਣੇ ਆਈ ਜਦ ਅਮਨ ਅਰੋੜਾ ਨੂੰ ਕੁਝ ਸਮਾਂ ਬਿਨਾਂ ਵਜ੍ਹਾ ਕਿਸੇ ਨਾ ਕਿਸੇ ਮੁੱਦੇ ਉੱਤੇ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਅਤੇ ਅਮਨ ਅਰੋੜਾ ਕੁਝ ਸਮਾਂ ਨੁੱਕਰੇ ਲੱਗੇ ਰਹੇ ਤੇ ਚੁੱਪ ਰਹੇ। ਹੁਣ ਇਸ ਵਕਤ ਪਾਰਟੀ ਦੀ ਪੁਜ਼ੀਸ਼ਨ ਇਹ ਹੈ ਕਿ ਹਰਵਿੰਦਰ ਸਿੰਘ ਫੂਲਕਾ ਇਸਤੀਫਾ ਦੇ ਚੁੱਕੇ ਹਨ, ਚਾਰ ਵਿਧਾਇਕ ਕਾਂਗਰਸ ਵਿੱਚ ਸ਼ਾਮਲ ਹੋ ਗਏ, ਦੋ ਦੂਜੀਆਂ ਪਾਰਟੀਆਂ ਵਿੱਚ ਜਾ ਕੇ ਫਿਰ ਮੁੜ ਆਏ। ਕੰਵਰ ਸੰਧੂ ਸਸਪੈਂਡ ਹੈ ਤੇ ਲੰਮੇ ਸਮੇਂ ਤੋਂ ਚੁੱਪ ਹੈ। ਅਗਾਂਹ 2022 ਦੀਆਂ ਚੋਣਾਂ ਤਕ ਪਤਾ ਨਹੀਂ ਕੀ ਕੀ ਵਾਪਰੇਗਾ। ਬੀਤਿਆ ਸਮਾਂ ਪਛਤਾਉਣ ਲਈ ਨਹੀਂ, ਸਗੋਂ ਚਿੰਤਨ ਦੀ ਮੰਗ ਕਰਦਾ ਹੈ। ਲੇਕਿਨ ਆਮ ਆਦਮੀ ਪਾਰਟੀ ਨੇ ਆਪਣੀਆਂ ਗਲਤੀਆਂ ’ਤੇ ਕੋਈ ਚਿੰਤਨ ਨਹੀਂ ਕੀਤਾ ਜਾਪਦਾ ਅਤੇ ਇਸੇ ਕਰਕੇ ਹੁਣ ਜਦੋਂ ਚੋਣਾਂ ਆ ਰਹੀਆਂ ਹਨ ਤਾਂ ਇਹ ਪਾਰਟੀ ਆਪਣੇ ਅੰਦਰੂਨੀ ਸੰਕਟ ਦੀ ਬੁਰੀ ਤਰ੍ਹਾਂ ਸ਼ਿਕਾਰ ਹੈ।
ਮੀਡੀਆ ਤੋਂ ਪ੍ਰਾਪਤ ਰਿਪੋਰਟਾਂ ਦੇ ਮੁਤਾਬਕ ਪਾਰਟੀ ਵਿੱਚ ਹੁਣ ਆ ਰਹੀਆਂ ਚੋਣਾਂ ਸਮੇਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਫਿਰ ਵਿਵਾਦ ਸਿਖਰਾਂ ’ਤੇ ਹੈ। ਸ੍ਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਮੁੱਖ ਮੰਤਰੀ ਦਾ ਚਿਹਰਾ ਪੰਜਾਬ ਤੋਂ ਸਿੱਖ ਚਿਹਰਾ ਹੀ ਹੋਵੇਗਾ। ਮੀਡੀਆ ਵਿੱਚ ਚਰਚਾ ਹੈ ਕਿ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣਾ ਨਹੀਂ ਚਾਹੁੰਦਾ ਜਿਸ ਕਰਕੇ ਭਗਵੰਤ ਮਾਨ ਕੇਜਰੀਵਾਲ ਨਾਲ ਨਾਰਾਜ਼ ਹੈ, ਚੁੱਪ ਅਤੇ ਗ਼ੈਰ ਸਰਗਰਮ ਹੈ। ਇਸ ਮੁੱਦੇ ਤੇ ਆਪ ਪਾਰਟੀ ਦੇ ਵਿਧਾਇਕ ਵੀ ਪਿੱਛੇ ਹਟ ਗਏ ਹਨ ਅਤੇ ਉਹ ਦਿੱਲੀ ਦੀ ਲੀਡਰਸ਼ਿੱਪ ਵੱਲ ਵੇਖ ਰਹੇ ਹਨ। ਪਾਰਟੀ ਅੰਦਰ ਹੋ ਰਹੀ ਨਵੀਂ ਸਫ਼ਬੰਦੀ ਵਿੱਚ ਭਗਵੰਤ ਮਾਨ ਹਾਲ ਦੀ ਘੜੀ ਨਿੱਖੜਿਆ ਹੋਇਆ ਜਾਪਦਾ ਹੈ ਅਤੇ ਕੋਈ ਵੀ ਵਿਧਾਇਕ ਉਸ ਦੀ ਹਿਮਾਇਤ ਵਿੱਚ ਨਹੀਂ ਬੋਲ ਰਿਹਾ। ਬਿਨਾਂ ਸ਼ੱਕ ਭਗਵੰਤ ਮਾਨ ਦੂਜੀ ਵਾਰ ਐੱਮ .ਪੀ.ਬਣਿਆ ਹੈ। ਇਹ ਵੀ ਸੱਚ ਹੈ ਕਿ ਹਲਕੇ ਵਿੱਚ ਕੰਮ ਕਰਦਿਆਂ ਉਸ ਨੇ ਪਾਰਦਰਸ਼ਤਾ ਰੱਖੀ ਹੈ ਅਤੇ ਸਿਆਸੀ ਵਿਤਕਰੇ ਦੀਆਂ ਖ਼ਬਰਾਂ ਨਹੀਂ ਮਿਲੀਆਂ। ਇਹ ਵੀ ਸੱਚ ਹੈ ਕਿ ਉਸ ਦੀ ਪਾਰਲੀਮੈਂਟ ਵਿੱਚ ਭੂਮਿਕਾ ਵਧੀਆ ਰਹੀ ਹੈ। ਇਹ ਵੀ ਸੱਚ ਹੈ ਕਿ ਉਹ ਵਿਰੋਧੀ ਪਾਰਟੀਆਂ ਉੱਤੇ ਖੂਬ ਵਿਅੰਗ ਕਰ ਸਕਦਾ ਹੈ, ਚੰਗਾ ਬੁਲਾਰਾ ਹੈ ਅਤੇ ਮੁਹਿੰਮਬਾਜ਼ ਵੀ ਹੈ। ਉਹ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਸਾਰੇ ਬੀ ਜੇ ਪੀ ਲੀਡਰਾਂ ਦੇ ਸਾਹਮਣੇ ਖਲੋ ਕੇ ਅਤੇ ਅੱਖਾਂ ਵਿੱਚ ਅੱਖਾਂ ਪਾ ਕੇ ਲੋਕ ਸਭਾ ਵਿੱਚ ਬੀ ਜੇ ਪੀ ਦੀਆਂ ਨੀਤੀਆਂ ਉੱਤੇ ਤਿੱਖੇ ਸਿਆਸੀ ਹਮਲੇ ਕਰਦਾ ਰਿਹਾ ਹੈ ਤੇ ਕਦੇ ਡਰਿਆ ਨਹੀਂ। ਉਹ ਭੀੜ ਇਕੱਠੀ ਕਰ ਸਕਦਾ ਹੈ ਤੇ ਆਪਣੀ ਗੱਲ ਸੁਣਾਉਣ ਲਈ ਭੀੜ ਨੂੰ ਰੋਕ ਸਕਦਾ ਹੈ। ਪ੍ਰਚਾਰ ਦੇ ਪੱਖ ਤੋਂ ਉਹ ਕੈਪਟਨ, ਨਵਜੋਤ ਸਿੱਧੂ ਅਤੇ ਸੁਖਬੀਰ ਬਾਦਲ ਦੇ ਬਰਾਬਰ ਹੈ। ਹੇਠਲੇ ਸਭ ਵਰਕਰ ਭਗਵੰਤ ਮਾਨ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਪਸੰਦ ਕਰਦੇ ਹਨ। ਪਰ ਇਹ ਵੀ ਸੱਚ ਹੈ ਕਿ ਪੰਜਾਬ ਦਾ ਪ੍ਰਧਾਨ ਹੁੰਦਿਆਂ ਸੰਗਰੂਰ ਤੋਂ ਬਾਹਰ ਉਹ ਆਪਣੇ ਆਪ ਨੂੰ ਪ੍ਰਧਾਨ ਸਥਾਪਤ ਨਹੀਂ ਕਰ ਸਕਿਆ ਅਤੇ ਨਾ ਹੀ ਉਸ ਨੇ ਦੂਸਰੇ ਹਲਕਿਆਂ ਵਿੱਚ ਕੋਈ ਗਿਣਨਯੋਗ ਕੰਮ ਕੀਤਾ ਹੈ। ਸੂਬਾਈ ਪ੍ਰਧਾਨ ਨੇ ਕੇਵਲ ਆਪਣੇ ਹਲਕੇ ਵਿੱਚ ਹੀ ਕੰਮ ਨਹੀਂ ਕਰਨਾ ਹੁੰਦਾ ਬਲਕਿ ਉਸ ਨੇ ਸਮੁੱਚੇ ਰਾਜ ਵਿੱਚ ਜਥੇਬੰਦਕ ਢਾਂਚਾ ਉਸਾਰਨਾ ਹੁੰਦਾ ਹੈ ਤੇ ਲੋਕਾਂ ਨੂੰ ਪਾਰਟੀ ਨਾਲ ਜੋੜਨਾ ਹੁੰਦਾ ਹੈ ਜੋ ਭਗਵੰਤ ਮਾਨ ਨੇ ਉੱਕਾ ਹੀ ਨਹੀਂ ਕੀਤਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ਦੇ ਉੱਤੇ ਹੀ ਛੱਡ ਦਿੱਤਾ। ਫਿਰ ਵੀ ਕੰਮ ਵਿੱਚ ਕੁਝ ਘਾਟਾਂ ਅਤੇ ਨਿੱਜੀ ਕਮਜ਼ੋਰੀਆਂ ਦੇ ਬਾਵਜੂਦ ਭਗਵੰਤ ਮਾਨ ਦੀ ਪਾਰਟੀ ਵਿੱਚ ਅਹਿਮ ਥਾਂ ਹੈ। ਪੰਜਾਬ ਦੇ ਹਰ ਘਰ ਅਤੇ ਹਰ ਗਲੀ ਵਿੱਚ ਉਸ ਨੂੰ ਜਾਣਿਆ ਜਾਂਦਾ ਹੈ ਜਿਸ ਕਰ ਕੇ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਪਾਰਟੀ ਵਿੱਚ ਜੇ ਇਹ ਸੰਕਟ ਹੱਲ ਨਾ ਕੀਤਾ ਗਿਆ ਤਾਂ ਆਪ ਪਾਰਟੀ ਦੀ ਪ੍ਰਗਤੀ ਜ਼ੀਰੋ ਵੱਲ ਨੂੰ ਹੀ ਜਾਵੇਗੀ, ਉੱਪਰ ਨੂੰ ਨਹੀਂ। ਪਿੱਛੇ ਜ਼ਿਕਰ ਕੀਤੇ ਗਏ ਭਗਵੰਤ ਮਾਨ ਅਤੇ ਦਿੱਲੀ ਦੀ ਕੇਂਦਰੀ ਲੀਡਰਸ਼ਿੱਪ ’ਤੇ ਲੱਗਦੇ ਦੋਸ਼ ਜੇਕਰ ਸਹੀ ਹਨ, ਜਿਨ੍ਹਾਂ ਲਈ ਦਿੱਲੀ ਦੀ ਕੇਂਦਰੀ ਲੀਡਰਸ਼ਿੱਪ ਹੀ ਮੁੱਖ ਤੌਰ ’ਤੇ ਜ਼ਿੰਮੇਵਾਰ ਹੈ, ਤਾਂ ਪਾਰਟੀ ਨੂੰ ਆਪਣੀ ਕਾਰਜਸ਼ੈਲੀ ਉੱਤੇ ਮੁੜ ਵਿਚਾਰ ਕਰਕੇ ਸੋਧ ਕਰਨੀ ਚਾਹੀਦੀ ਹੈ। ਨਹੀਂ ਤਾਂ ਅੱਜ ਦੇ ਹਾਲਾਤ ਮੁਤਾਬਕ ਪਾਰਟੀ ਵੀਹ ਸੀਟਾਂ ਵੀ ਨਹੀਂ ਜਿੱਤ ਸਕੇਗੀ ਅਤੇ ਮੌਜੂਦਾ ਵਿਧਾਇਕਾਂ ਵਿੱਚੋਂ ਵੀ ਕਈ ਵਿਧਾਇਕ ਜਿੱਤ ਤਕ ਨਹੀਂ ਪਹੁੰਚ ਸਕਣਗੇ। ਇਸ ਤਰ੍ਹਾਂ ਸਰਕਾਰ ਬਣਾਉਣ ਲਈ ਆਪ ਪਾਰਟੀ ਲਈ ਅਜੇ ਦਿੱਲੀ ਦੂਰ ਹੈ।
ਇਹ ਵੀ ਗੱਲ ਵਿਚਾਰਨਯੋਗ ਹੈ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਤੇ ਇਸੇ ਕਰਕੇ ਉਹ ਮੁੜ ਤੀਜੀ ਵਾਰ ਜ਼ਬਰਦਸਤ ਜਿੱਤ ਪ੍ਰਾਪਤ ਕਰ ਕੇ ਮੁੱਖ ਮੰਤਰੀ ਬਣਿਆ ਹੈ ਪਰ ਪੰਜਾਬ ਵਿੱਚ ਪਾਰਟੀ ਨੂੰ ਚਲਾਉਣ ਲਈ ਉਹਦੇ ਤਾਨਾਸ਼ਾਹੀ ਰਵੱਈਏ ਨੇ ਪਹਿਲਾਂ ਵੀ ਨੁਕਸਾਨ ਕੀਤਾ ਸੀ ਤੇ ਜੇ ਇਹ ਰਵੱਈਆ ਜਾਰੀ ਰਿਹਾ ਤਾਂ ਅਗਾਂਹ ਵੀ ਨੁਕਸਾਨ ਹੋ ਸਕਦਾ ਹੈ। ਪੰਜਾਬ ਆਮ ਆਦਮੀ ਪਾਰਟੀ ਵਿੱਚੋਂ ਭਗਵੰਤ ਮਾਨ ਨੂੰ ਮਨਫੀ ਕਰਨਾ ਬਹੁਤ ਨੁਕਸਾਨਦੇਹ ਸਾਬਤ ਹੋਵੇਗਾ। ਮੇਰੇ ਕਹਿਣ ਦਾ ਭਾਵ ਇਹ ਬਿਲਕੁਲ ਨਹੀਂ ਕਿ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇ ਜਾਂ ਨਾ ਐਲਾਨਿਆ ਜਾਵੇ। ਮੇਰਾ ਭਾਵ ਇਹ ਹੈ ਕਿ ਇਸ ਮੁੱਦੇ ਤੇ ਉਸ ਨੂੰ ਵਿਸ਼ਵਾਸ ਵਿੱਚ ਰੱਖਿਆ ਜਾਵੇ ਅਤੇ ਉਸ ਨੂੰ ਗੁੱਠੇ ਲਾਉਣ ਦੀ ਨੀਤੀ ਬੰਦ ਕੀਤੀ ਜਾਵੇ। ਪੰਜਾਬ ਲਈ ਅਰਵਿੰਦ ਕੇਜਰੀਵਾਲ ਦੀ ਪਾਰਟੀ ਉਸਾਰੀ ਲਈ ਨੀਤੀ ਉਸਾਰੂ ਨਹੀਂ ਹੈ। ਇਸੇ ਕਰਕੇ ਜਦ ਕਿਸੇ ਮੁੱਦੇ ’ਤੇ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਨਾਲ ਵਿਵਾਦ ਸ਼ੁਰੂ ਹੋਇਆ ਸੀ, ਜਿਸ ਵਿੱਚ ਡਾ. ਧਰਮਵੀਰ ਗਾਂਧੀ ਅਤੇ ਹਰਿੰਦਰ ਸਿੰਘ ਖਾਲਸਾ ਦੋਵੇਂ ਮੈਂਬਰ ਪਾਰਲੀਮੈਂਟ ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨਾਲ ਸਹਿਮਤ ਸਨ ਤਾਂ ਉਨ੍ਹਾਂ ਨਾਲ ਮੁੱਦਾ ਵਿਚਾਰਨ ਦੀ ਥਾਂ ਉਨ੍ਹਾਂ ਨੂੰ ਇਕਦਮ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਜਦ ਕਿ ਡਾ. ਗਾਂਧੀ ਉਸ ਸਮੇਂ ਪਾਰਲੀਮੈਂਟ ਵਿੱਚ ਆਪ ਪਾਰਟੀ ਦੇ ਲੀਡਰ ਸਨ। ਡਾ. ਗਾਂਧੀ ਅਤੇ ਹਰਿੰਦਰ ਸਿੰਘ ਖ਼ਾਲਸਾ ਨੂੰ ਵੀ ਸਿੱਧਾ ਮੀਡੀਏ ਵਿੱਚ ਜਾ ਕੇ ਪਾਰਟੀ ਵਿਰੋਧੀ ਸਟੈਂਡ ਨਹੀਂ ਸੀ ਲੈਣਾ ਚਾਹੀਦਾ ਅਤੇ ਅਨੁਸ਼ਾਸਨ ਭੰਗ ਨਹੀਂ ਸੀ ਕਰਨਾ ਚਾਹੀਦਾ। ਪਾਰਟੀ ਅਨੁਸ਼ਾਸਨ ਭੰਗ ਹੋਣ ਦੀ ਸੂਰਤ ਵਿੱਚ ਸੰਕਟ ਨੂੰ ਹੱਲ ਕਰਨ ਲਈ ਸਬੰਧਤ ਵਿਅਕਤੀਆਂ ਨਾਲ ਸੰਵਾਦ ਰਚਾਇਆ ਜਾਣਾ ਚਾਹੀਦਾ ਹੈ ਲੇਕਿਨ ਤਜਰਬੇ ਵਿੱਚ ਵੇਖਣ ਵਿੱਚ ਆਇਆ ਹੈ ਕਿ ਅਰਵਿੰਦ ਕੇਜਰੀਵਾਲ ਸੰਵਾਦ ਰਚਾਉਣ ਦੀ ਨੀਤੀ ਤੋਂ ਕੋਹਾਂ ਦੂਰ ਹੈ।
ਇਸੇ ਤਰ੍ਹਾਂ ਜਦ ਦਿੱਲੀ ਵਿੱਚੋਂ ਰਾਜ ਸਭਾ ਲਈ ਤਿੰਨ ਮੈਂਬਰਾਂ ਦੀ ਚੋਣ ਕਰਨੀ ਸੀ ਤਾਂ ਸੰਜੇ ਸਿੰਘ ਤੋਂ ਇਲਾਵਾ ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਲੀਡਰਾਂ ਨੂੰ ਛੱਡ ਕੇ ਦੋ ਉਹ ਮੈਂਬਰ ਚੁਣੇ ਗਏ ਜਿਨ੍ਹਾਂ ਦਾ ਪਾਰਟੀ ਲਈ ਕੋਈ ਯੋਗਦਾਨ ਨਹੀਂ ਸੀ ਤੇ ਅੱਜ ਤਕ ਵੀ ਉਨ੍ਹਾਂ ਦੀ ਪਾਰਟੀ ਲਈ ਕੋਈ ਠੋਸ ਭੂਮਿਕਾ ਸਾਹਮਣੇ ਨਹੀਂ ਆਈ। ਪਾਰਟੀ ਲਈ ਦਿਨ ਰਾਤ ਕੰਮ ਕਰਨ ਵਾਲੇ ਲੀਡਰ ਹੱਕੇ ਬੱਕੇ ਰਹਿ ਗਏ ਅਤੇ ਕੇਜਰੀਵਾਲ ਦੀ ਇਸ ਨੀਤੀ ਕਰਕੇ ਆਸ਼ੂਤੋਸ਼, ਅਸੀਸ ਖੇਤਾਨ, ਕੁਮਾਰ ਵਿਸ਼ਵਾਸ ਅਤੇ ਵਕੀਲ ਮਿਸਟਰ ਮਹਿਰਾ ਆਦਿ ਨੇਤਾ ਇੱਕ ਇੱਕ ਕਰਕੇ ਪਾਰਟੀ ਛੱਡਦੇ ਗਏ। ਇੰਜ ਜਾਪਦਾ ਹੈ ਕਿ ਜਿਵੇਂ ਕੇਜਰੀਵਾਲ ਪੰਜਾਬ ਦਾ ਕੋਈ ਚਿਹਰਾ ਆਪਣੇ ਬਰਾਬਰ ਬਣਨ ਨਹੀਂ ਦੇਣਾ ਚਾਹੁੰਦੇ। ਅੱਜ11 ਸਤੰਬਰ 2021 ਤਕ ਦੀਆਂ ਕਨਸੋਆਂ ਤੋਂ ਜਾਪਦਾ ਹੈ ਕਿ ਭਗਵੰਤ ਮਾਨ ਨਾਲ ਵੀ ਸੁੱਚਾ ਸਿੰਘ ਛੋਟੇਪੁਰ ਵਾਲੀ ਹੋ ਸਕਦੀ ਹੈ।
ਪਿਛਲੇ ਸਾਢੇ ਚਾਰ ਸਾਲ ਪਾਰਟੀ ਕੋਲ ਹੇਠਲੇ ਪੱਧਰ ’ਤੇ ਜਥੇਬੰਦਕ ਢਾਂਚਾ ਉਸਾਰਨ ਲਈ ਵਧੀਆ ਮੌਕਾ ਸੀ। ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਸਮੇਂ ਕੀਤੇ ਵਾਅਦੇ ਪੂਰੇ ਨਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹ ਸ਼ਾਇਦ ਹੀ ਚਾਰ ਪੰਜ ਵਾਰ ਪੰਜਾਬ ਦੇ ਦੌਰੇ ਤੇ ਨਿਕਲੇ ਹੋਣ, ਨਹੀਂ ਤਾਂ ਸ਼ਾਹੀ ਆਰਾਮ ਕਰਦੇ ਰਹੇ ਹਨ। ਅਕਾਲੀ ਪਾਰਟੀ ਨੂੰ ਵੀ ਹੁਣ ਤਕ ਲੋਕਾਂ ਮੂੰਹ ਨਹੀਂ ਲਾਇਆ ਪਰ ਅਗਾਂਹ ਉਹ ਆਪਣਾ ਮੂੰਹ ਮੱਥਾ ਸੰਵਾਰਨ ਲਈ ਅਮਰਿੰਦਰ ਸਿੰਘ ਦੀ ਲੋਕਾਂ ਨਾਲ ਕੀਤੀ ਵਾਅਦਾ ਖ਼ਿਲਾਫ਼ੀ ਦਾ ਲਾਭ ਲੈਣ ਦੇ ਯਤਨ ਵਿੱਚ ਹਨ। ਕੈਪਟਨ ਸਰਕਾਰ ਸਰਕਾਰੀ ਵਿਭਾਗਾਂ ਨੂੰ ਖ਼ਤਮ ਕਰਨ ’ਤੇ ਤੁਲੀ ਹੋਈ ਹੈ। ਕੇਂਦਰ ਸਰਕਾਰ ਸਰਕਾਰੀ ਅਦਾਰੇ ਕਾਰਪੋਰੇਟ ਘਰਾਣਿਆਂ ਨੂੰ ਵੇਚ ਰਹੀ ਹੈ ਜਿਸ ਵਿਰੁੱਧ ਪੰਜਾਬ ਵਿੱਚ ਨਾ ਹੀ ਕਾਂਗਰਸ ਅਤੇ ਨਾ ਹੀ ਅਕਾਲੀ ਬੋਲ ਰਹੇ ਹਨ। ਦੇਸ਼ ਵਿੱਚ ਭਾਜਪਾ ਵੱਲੋਂ ਪੈਦਾ ਕੀਤੇ ਜਾ ਰਹੇ ਫ਼ਿਰਕੂ ਤਣਾਅ ਨਾਲ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਪੈਦਾ ਕੀਤੇ ਖ਼ਤਰੇ ਵਿਰੁੱਧ ਆਪ ਪਾਰਟੀ ਨੂੰ ਦੇਸ਼ ਵਿੱਚ ਫ਼ਿਰਕੂ ਸਦਭਾਵਨਾ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿੱਚ ਖਲੋਣਾ ਚਾਹੀਦਾ ਹੈ।
ਖੇਤੀਬਾੜੀ ਸਬੰਧੀ ਤਿੰਨ ਕਾਲੇ ਕਾਨੂੰਨ, ਮਹਿੰਗਾਈ, ਬੇਰੁਜ਼ਗਾਰੀ ਅਤੇ ਰਿਸ਼ਵਤਖੋਰੀ ਬੜੇ ਵੱਡੇ ਕੌਮੀ ਮੁੱਦੇ ਹਨ। ਆਪ ਪਾਰਟੀ ਨੂੰ ਦੇਸ਼ ਅਤੇ ਪੰਜਾਬ ਨੂੰ ਦਰਪੇਸ਼ ਮੁੱਦੇ ਉਭਾਰ ਕੇ ਸਥਿਤੀ ਦਾ ਲਾਭ ਲੈਣਾ ਚਾਹੀਦਾ ਸੀ, ਜੋ ਨਹੀਂ ਲਿਆ ਗਿਆ। ਪਾਰਟੀ ਨੂੰ ਇੱਕ ਹੋਰ ਸੰਕਟ ਦਰਪੇਸ਼ ਹੈ ਕਿ ਇਸਦੇ ਬਹੁਤੇ ਵਿਧਾਇਕਾਂ ਅਤੇ ਹੋਰ ਨੇਤਾਵਾਂ ਦੀ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ਉੱਤੇ ਪਕੜ ਨਹੀਂ ਹੈ ਅਤੇ ਕਈ ਵਿਧਾਇਕ ਐਸੇ ਵੀ ਹਨ ਜਿਨ੍ਹਾਂ ਨੇ ਆਪਣੇ ਹਲਕੇ ਵਿੱਚ ਬਹੁਤੀ ਸਰਗਰਮੀ ਨਹੀਂ ਰੱਖੀ ਜਿਸ ਕਰਕੇ ਹਲਕੇ ਵਿੱਚ ਉਨ੍ਹਾਂ ਦਾ ਠੋਸ ਆਧਾਰ ਨਹੀਂ ਹੈ ਜੋ ਆ ਰਹੀਆਂ ਚੋਣਾਂ ਵਿੱਚ ਧਿਰ ਬਣ ਕੇ ਉਨ੍ਹਾਂ ਦੇ ਨਾਲ ਖੜ੍ਹਾ ਰਹੇ। ਕਾਂਗਰਸ, ਅਕਾਲੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨਾਲ ਕੀਤੇ ਧ੍ਰੋਹ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਕੇ ਹੀ ਪਾਰਟੀ ਮਜ਼ਬੂਤ ਕੀਤੀ ਜਾ ਸਕਦੀ ਸੀ ਜਿਸ ਨਾਲ ਨਵੇਂ ਪਾਰਟੀ ਵਰਕਰ ਵੀ ਸਾਹਮਣੇ ਆਉਣੇ ਸਨ ਪਰ ਉਸ ਸਮੇਂ ਨੂੰ ਵਰਤਿਆ ਨਹੀਂ ਗਿਆ। ਹੁਣ ਚੋਣਾਂ ਨੇੜੇ ਹੋਣ ਕਰਕੇ ਜੋ ਮਰਜ਼ੀ ਦਾਅਵੇ ਅਤੇ ਵਾਅਦੇ ਕਰੀ ਜਾਓ, ਉਹ ਪ੍ਰਭਾਵ ਨਹੀਂ ਬਣਦਾ ਜੋ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਬਣਨਾ ਸੀ।
ਹੁਣ ਵੀ ਪਾਰਟੀ ਨੂੰ ਪੰਜਾਬ ਅਤੇ ਦੇਸ਼ ਨੂੰ ਦਰਪੇਸ਼ ਮੁੱਦਿਆਂ ਤੇ ਮੁਹਿੰਮ ਲਾਮਬੰਦ ਕਰਨੀ ਚਾਹੀਦੀ ਹੈ ਜਿਸ ਵਿੱਚ ਇਹ ਦੱਸਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਪੰਜਾਬ ਨੂੰ ਕਰਜ਼ਾ ਮੁਕਤ ਕਿਵੇਂ ਕਰਨਗੇ, ਬੇਅਦਬੀ ਕਾਂਡ, ਬਿਜਲੀ ਦੇ ਘਾਟੇਵੰਦੇ ਸਮਝੌਤੇ ਆਦਿ ਦਾ ਕਿਵੇਂ ਹੱਲ ਕਰਨਗੇ। ਟਰਾਂਸਪੋਰਟ, ਮਾਈਨਿੰਗ, ਕੇਬਲ, ਡਰੱਗ, ਲੈਂਡ, ਸ਼ਰਾਬ ਅਤੇ ਹੋਰ ਕਈ ਤਰ੍ਹਾਂ ਦਾ ਮਾਫ਼ੀਆ ਕਿਵੇਂ ਖ਼ਤਮ ਕਰਨਗੇ। ਸਿੱਖਿਆ ਅਤੇ ਸਿਹਤ ਸਹੂਲਤਾਂ ਕਿਵੇਂ ਲੀਹ ਉੱਤੇ ਲਿਆਉਣਗੇ ਅਤੇ ਬੇਰੁਜ਼ਗਾਰੀ ਆਦਿ ਦਾ ਕੀ ਹੱਲ ਕਰਨਗੇ। ਆਪ ਪਾਰਟੀ ਨੂੰ ਦੂਜੀਆਂ ਪਾਰਟੀਆਂ ਵਾਂਗ ਇੱਕ ਦੂਜੇ ਨਾਲ ਮਿਹਣੋ ਮਿਹਣੀ ਹੋਣ ਦੀ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ ਅਤੇ ਮੁੱਦਿਆਂ ਆਧਾਰਤ ਰਾਜਨੀਤੀ ਕਰਨੀ ਚਾਹੀਦੀ ਹੈ। ਕਾਂਗਰਸ, ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਕਾਰਪੋਰੇਟ ਏਜੰਡੇ ਉੱਤੇ ਹੀ ਚੱਲ ਰਹੇ ਹਨ ਲੇਕਿਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਦਾ ਏਜੰਡਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਜਦ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ ਸੀ ਤਾਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਉਹ ਰਾਜ ਸੱਤਾ ਲੈਣ ਨਹੀਂ, ਰਾਜਨੀਤੀ ਬਦਲਣ ਲਈ ਆਏ ਹਨ ਪਰ ਅੱਜ ਦੀ ਸਥਿਤੀ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਪ ਪਾਰਟੀ ਨੇ ਕੁਝ ਵੀ ਨਵਾਂ ਨਹੀਂ ਕੀਤਾ ਅਤੇ ਉਹ ਵੀ ਦੂਜੀਆਂ ਪਾਰਟੀਆਂ ਵਾਂਗ ਹਲਕੀ ਰਾਜਨੀਤੀ ’ਤੇ ਉੱਤਰ ਆਏ ਹਨ।
ਆਪ ਪਾਰਟੀ ਨੂੰ ਫੋਕੇ ਵਾਅਦਿਆਂ ਦੀ ਝੜੀ ਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਲੋਕਾਂ ਨੂੰ ਮੁਫ਼ਤਖੋਰੇ ਬਣਾਉਣ ਦੀ ਬਜਾਏ ਮੁਫ਼ਤ ਆਟਾ, ਦਾਲ ਲੈਣ ਵਾਲਿਆਂ ਦੀ ਗਿਣਤੀ ਜੋ ਹਰ ਰੋਜ਼ ਵਧਦੀ ਜਾ ਰਹੀ ਹੈ, ਇਸ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਇਹ ਯੋਜਨਾ ਲੋਕਾਂ ਵਿੱਚ ਲੈ ਕੇ ਜਾਣਾ ਚਾਹੀਦਾ ਹੈ। ਕਈ ਮੁੱਦਿਆਂ ਤੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਹੋਰ ਸਟੈਂਡ ਲੈਂਦਾ ਹੈ ਤੇ ਦਿੱਲੀ ਵਿੱਚ ਹੋਰ (ਜਿਵੇਂ ਕਿ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੈ) ਇਹ ਕਿਉਂ ਹੈ? ਜੇ ਆਪ ਪਾਰਟੀ ਰਾਜ ਦੇ ਵੱਧ ਅਧਿਕਾਰਾਂ ਦੀ ਮੰਗ ’ਤੇ ਖਲੋਂਦੀ ਹੈ ਤਾਂ ਜੰਮੂ ਅਤੇ ਕਸ਼ਮੀਰ ਬਾਰੇ ਪਾਰਟੀ ਦਾ ਸਟੈਂਡ ਵੱਖਰਾ ਕਿਉਂ ਹੈ? ਇੱਕ ਪਾਸੇ ਪਾਰਟੀ ਦਾ ਸਟੈਂਡ ਇਹ ਹੈ ਕਿ ਉਹ ਧਰਮ ਅਤੇ ਜਾਤ ਆਧਾਰਤ ਰਾਜਨੀਤੀ ਨਹੀਂ ਕਰਨਗੇ ਪਰ ਦੂਜੇ ਪਾਸੇ ਇਹ ਕਹਿੰਦੇ ਹਨ ਕਿ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਇਸ ਕਰਕੇ ਹਟਾਇਆ ਗਿਆ ਕਿ ਦਲਿਤ ਚਿਹਰਾ ਹਰਪਾਲ ਸਿੰਘ ਚੀਮਾ ਨੂੰ ਇਸ ਅਹੁਦੇ ’ਤੇ ਬਿਠਾਇਆ ਜਾਣਾ ਸੀ।
ਆਪ ਪਾਰਟੀ ਵਿੱਚ ਪਹਿਲਾਂ ਰਹੇ ਅਤੇ ਮੌਜੂਦਾ ਸੰਕਟ ਮੁੱਖ ਤੌਰ ’ਤੇ ਕੇਂਦਰੀ ਲੀਡਰਸ਼ਿੱਪ ਵੱਲੋਂ ਠੀਕ ਢੰਗ ਨਾਲ ਫ਼ੈਸਲੇ ਨਾ ਲੈਣ ਕਰਕੇ ਪੈਦਾ ਹੋਏ ਹਨ। ਰਾਜਨੀਤੀ ਵਿੱਚ ਮੌਕਾਪ੍ਰਸਤੀ ਵੀ ਇਹੋ ਜਿਹੇ ਸੰਕਟ ਨੂੰ ਜਨਮ ਦਿੰਦੀ ਹੈ। ਅੱਜ ਭਗਵੰਤ ਮਾਨ ਨੂੰ ਲਾਂਭੇ ਕਰਕੇ ਤਿੰਨ ਚਾਰ ਹੋਰ ਚਿਹਰੇ ਮੁੱਖ ਮੰਤਰੀ ਦਾ ਚਿਹਰਾ ਬਣਨ ਦੀ ਤਾਕ ਵਿੱਚ ਮੀਡੀਆ ਦੇ ਚਰਚਾ ਅਧੀਨ ਹਨ। ਇਸੇ ਤਰ੍ਹਾਂ ਜਦੋਂ ਸੁਖਪਾਲ ਸਿੰਘ ਖਹਿਰਾ ਆਪੋਜੀਸ਼ਨ ਲੀਡਰ ਸਨ ਤਾਂ ਉਹਨੂੰ ਇਸ ਅਹੁਦੇ ਤੋਂ ਲਾਹ ਕੇ ਵੀ ਕੁਝ ਚਿਹਰੇ ਆਪ ਆਪੋਜ਼ੀਸ਼ਨ ਦੇ ਲੀਡਰ ਬਣਨ ਲਈ ਕਾਹਲੇ ਸਨ। ਪੰਜਾਬ ਦੇ ਲੋਕਾਂ ਨੇ ਬਾਕੀ ਸਾਰੀਆਂ ਸਿਆਸੀ ਪਾਰਟੀਆਂ ਵੇਖ ਲਈਆਂ ਹਨ ਜਿਨ੍ਹਾਂ ਦੀਆਂ ਨੀਤੀਆਂ ਨਾਲ ਪੰਜਾਬ ਕੰਗਾਲੀ ਦੀ ਹੱਦ ’ਤੇ ਪੁੱਜ ਗਿਆ ਹੈ। ਲੋਕਾਂ ਨੂੰ ਅਜੇ ਵੀ ਆਮ ਆਦਮੀ ਪਾਰਟੀ ਤੋਂ ਬਹੁਤ ਆਸਾਂ ਹਨ। ਅਜੇ ਆ ਰਹੀ 2022 ਦੀ ਵਿਧਾਨ ਸਭਾ ਚੋਣ ਵਾਸਤੇ ਉਮੀਦਵਾਰਾਂ ਦੀ ਚੋਣ ਵੇਲੇ ਵੀ ਕਈ ਵਿਵਾਦ ਖੜ੍ਹੇ ਹੋਣਗੇ। ਪਾਰਟੀ ਦੇ ਦਿੱਲੀ ਤੋਂ ਆਏ ਨਵੇਂ ਲੀਡਰਾਂ ਉੱਤੇ ਪੈਸੇ ਇਕੱਠੇ ਕਰਨ ਦੇ ਦੋਸ਼ ਮੁੜ ਨਾ ਲੱਗਣ ਇਸ ਗੱਲ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਜੇ ਪਾਰਟੀ ਨੇ ਆਪਣੀ ਕਾਰਜਸ਼ੈਲੀ ਵਿੱਚ ਸੋਧ ਨਾ ਕੀਤੀ ਤਾਂ ਪਾਰਟੀ ਲਈ ਹੋਰ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ। ਪਾਰਟੀ ਦੀ ਲੀਡਰਸ਼ਿੱਪ ਨੂੰ ਸੰਜੀਦਗੀ ਨਾਲ ਸਾਰੇ ਸੰਕਟ ਦਾ ਹੱਲ ਕਰਨਾ ਚਾਹੀਦਾ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(3009)
(ਸਰੋਕਾਰ ਨਾਲ ਸੰਪਰਕ ਲਈ: