NarinderS Dhillon7ਦੇਸ਼ ਵਿੱਚ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਾਸਤੇ ਕਿਸਾਨਾਂ ਦਾ ਇਹ ਸੰਘਰਸ਼ ਬਹੁਤ ...
(13 ਦਸੰਬਰ 2021)

 

ਭਾਰਤ ਦੇ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ’ਤੇ ਇੱਕ ਸਾਲ ਤੋਂ ਵੱਧ ਸਮਾਂ ਬੈਠ ਕੇ ਸੰਘਰਸ਼ ਲੜਿਆ ਹੈ ਅਤੇ ਹੁਣ ਜਿੱਤ ਪ੍ਰਾਪਤ ਹੋ ਚੁੱਕੀ ਹੈ। ਰਹਿੰਦੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਮੁਲਤਵੀ ਕਰਕੇ ਕਿਸਾਨ ਘਰਾਂ ਨੂੰ ਜਾ ਚੁੱਕੇ ਹਨ। ਇਹ ਸੰਘਰਸ਼ ਦੁਨੀਆਂ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ ਅਤੇ ਦੁਨੀਆਂ ਪੱਧਰ ’ਤੇ ਲੋਕਾਂ ਨੇ ਬੜੀ ਨੀਝ ਅਤੇ ਦਿਲਚਸਪੀ ਨਾਲ ਵੇਖਿਆ ਹੈ। ਅਮਰੀਕਾ, ਕੈਨੇਡਾ, ਯੂ ਕੇ, ਆਸਟਰੇਲੀਆ, ਨਿਊਜ਼ੀਲੈਂਡ, ਫਰਾਂਸ ਆਦਿ ਦੇਸ਼ਾਂ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਇਸ ਸੰਘਰਸ਼ ਦੀ ਹਿਮਾਇਤ ਵਿੱਚ ਕਰੋਨਾ ਪਾਬੰਦੀਆਂ ਦੇ ਹੁੰਦਿਆਂ ਹੋਇਆਂ ਵੀ ਵੱਡੇ ਵੱਡੇ ਇਕੱਠ ਅਤੇ ਮੁਜ਼ਾਹਰੇ ਕੀਤੇ। ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੀ ਕਿਸਾਨਾਂ ਦੀ ਹਿਮਾਇਤ ਵਿੱਚ ਐਕਸ਼ਨ ਕੀਤੇ ਗਏ। ਕੈਨੇਡਾ ਵਿੱਚ ਕੁਝ ਕੁ ਅਖੌਤੀ ਹਿੰਦੂ ਜਥੇਬੰਦੀਆਂ ਨੇ ਮੋਦੀ ਦੀ ਹਿਮਾਇਤ ਵਿੱਚ ਆਵਾਜ਼ ਚੁੱਕਣ ਦਾ ਯਤਨ ਕੀਤਾ ਅਤੇ ਭਾਰਤੀ ਮੂਲ ਦੇ ਲੋਕਾਂ ਨੂੰ ਫ਼ਿਰਕੂ ਆਧਾਰ ’ਤੇ ਵੰਡਣ ਦੀ ਅਸਫ਼ਲ ਕੋਸ਼ਿਸ਼ ਕੀਤੀ।

ਖੇਤੀ ਰਾਜਾਂ ਦਾ ਵਿਸ਼ਾ ਹੋਣ ਕਰਕੇ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ ਸੀ ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਫੈਡਰਲਿਜ਼ਮ ਉੱਤੇ ਹਮਲਾ ਕਰਾਰ ਦਿੱਤਾ ਸੀ। ਕੇਂਦਰ ਸਰਕਾਰ ਵੱਲੋਂ ਫੈਡਰਲਿਜ਼ਮ ਉੱਤੇ ਇਹ ਹਮਲਾ ਜਿੱਥੇ ਰੋਕ ਲਿਆ ਗਿਆ ਹੈ, ਉੱਥੇ ਇਹ ਸੰਘਰਸ਼ ਬਹੁਤ ਸਾਰੇ ਸਬਕ ਵੀ ਛੱਡ ਗਿਆ ਹੈ। ਇਸ ਸੰਘਰਸ਼ ਨੇ ਇਸ ਗੱਲ ’ਤੇ ਮੋਹਰ ਲਾ ਦਿੱਤੀ ਹੈ ਕਿ ਮੰਗਾਂ ਜਾਇਜ਼ ਹੋਣ, ਲੀਡਰਸ਼ਿੱਪ ਇਕਸੁਰ ਹੋਵੇ ਤੇ ਦਾਅ ਪੇਚ ਠੀਕ ਹੋਣ ਤਾਂ ਹਰ ਸੰਘਰਸ਼ ਜਿੱਤਿਆ ਜਾ ਸਕਦਾ ਹੈ। ਕਿਸੇ ਵੀ ਸੰਘਰਸ਼ ਨੂੰ ਕੁਚਲਣ ਲਈ ਸਰਕਾਰ, ਅਫਸਰਸ਼ਾਹੀ ਜਾਂ ਕੋਈ ਵੀ ਮੈਨੇਜਮੈਂਟ ਵੱਖ ਵੱਖ ਤਰ੍ਹਾਂ ਦੇ ਢੰਗ ਵਰਤਦੀ ਹੈ। ਇਸ ਸੰਘਰਸ਼ ਨੂੰ ਫੇਲ ਕਰਨ ਲਈ ਪਹਿਲੇ ਪੜਾਅ ਵਿੱਚ ਕੇਂਦਰ ਸਰਕਾਰ ਅਤੇ ਭਾਜਪਾ ਨੇ ਇਹ ਪ੍ਰਚਾਰ ਕੀਤਾ ਕਿ ਖੇਤੀ ਕਾਨੂੰਨ ਬਹੁਤ ਵਧੀਆ ਹਨ। ਇਨ੍ਹਾਂ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ। ਇਹ ਵੀ ਕਿਹਾ ਗਿਆ ਕਿ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਸਮਝ ਨਹੀਂ ਆਈ, ਵਗੈਰਾ ਵਗੈਰਾ। ਪਰ ਜਦ ਖੇਤੀ ਮੰਤਰੀ ਨਰੇਂਦਰ ਤੋਮਰ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨਾਲ ਪਹਿਲੀਆਂ ਦੋ ਤਿੰਨ ਮੀਟਿੰਗਾਂ ਵਿੱਚ ਕਿਸਾਨ ਆਗੂਆਂ ਨੇ ਸਰਕਾਰੀ ਧਿਰ ਨੂੰ ਕਾਨੂੰਨਾਂ ਸਬੰਧੀ ਬਹਿਸ ਵਿੱਚ ਠਿੱਠ ਕਰ ਦਿੱਤਾ ਤਾਂ ਉਹ ਸੋਧਾਂ ਕਰਨ ਲਈ ਤਿਆਰ ਹੋ ਗਏ। ਇੱਕ ਮੀਟਿੰਗ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਹਾਜ਼ਰ ਹੋਏ ਤੇ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਪੇਸ਼ਕਸ਼ ਕੀਤੀ ਕਿ ਸੋਧਾਂ ਜਿੰਨੀਆਂ ਮਰਜ਼ੀ ਕਰਵਾ ਲਓ, ਕਾਨੂੰਨ ਰੱਦ ਕਰਾਉਣ ਵਾਲੀ ਮੰਗ ਛੱਡ ਦਿਓ। ਪਰ ਕਿਸਾਨਾਂ ਨੇ ਇਨਕਾਰ ਕਰ ਦਿੱਤਾ ਅਤੇ ਕਾਨੂੰਨ ਰੱਦ ਕਰਾਉਣ ਦੀ ਮੰਗ ’ਤੇ ਆਪਣਾ ਸਟੈਂਡ ਸਪਸ਼ਟ ਕਰ ਦਿੱਤਾ।

ਇਸ ਤੋਂ ਬਾਅਦ ਸਰਕਾਰ ਅਤੇ ਭਾਜਪਾ ਨੇ ਅਗਲਾ ਹਥਿਆਰ ਵਰਤਣਾ ਸ਼ੁਰੂ ਕੀਤਾ। ਉਨ੍ਹਾਂ ਨੇ ਲੋਕਾਂ ਵਿੱਚ ਭੁਲੇਖੇ ਖੜ੍ਹੇ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਸਾਨਾਂ ਨੂੰ ਖ਼ਾਲਿਸਤਾਨੀ, ਪਾਕਿਸਤਾਨ ਅਤੇ ਚੀਨ ਤੋਂ ਸ਼ਹਿ ਪ੍ਰਾਪਤ ਲੋਕ, ਮਾਓਵਾਦੀ, ਕਾਮਰੇਡ, ਨਕਸਲੀ, ਵਿਰੋਧੀ ਪਾਰਟੀਆਂ ਦੇ ਚੁੱਕੇ ਚੁਕਾਏ ਲੋਕ ਅਤੇ ਹੋਰ ਜੋ ਮੂੰਹ ਆਇਆ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਕਿਸਾਨਾਂ ਦੀ ਲੀਡਰਸ਼ਿੱਪ ਨੇ ਜੋ ਸੰਯੁਕਤ ਕਿਸਾਨ ਮੋਰਚੇ ਅਧੀਨ ਕੰਮ ਕਰਦੀ ਸੀ, ਉਨ੍ਹਾਂ ਵਿਰੁੱਧ ਕੀਤੇ ਜਾ ਰਹੇ ਭੜਕਾਊ ਪ੍ਰਚਾਰ ਦਾ ਸ਼ਾਂਤ ਰਹਿ ਕੇ ਮੁਕਾਬਲਾ ਕੀਤਾ ਅਤੇ ਇਸ ਪ੍ਰਚਾਰ ਦਾ ਵੀ ਲੋਕਾਂ ਉੱਤੇ ਕੋਈ ਅਸਰ ਨਾ ਹੋਇਆ। 26 ਜਨਵਰੀ 2021 ਨੂੰ ਦਿੱਲੀ ਪੁਲੀਸ ਦੀ ਸ਼ਹਿ ’ਤੇ ਜਾਂ ਉਨ੍ਹਾਂ ਦੇ ਜਾਲ ਵਿੱਚ ਫਸ ਕੇ ਕੁਝ ਲੋਕਾਂ ਨੇ ਲਾਲ ਕਿਲੇ ਦੀ ਜਿਸ ਘਟਨਾ ਨੂੰ ਅੰਜਾਮ ਦਿੱਤਾ, ਉਸ ਨਾਲ ਉਸ ਦਿਨ ਕੀਤੇ ਜਾਣ ਵਾਲੇ ਲਾ-ਮਿਸਾਲ ਟਰੈਕਟਰ ਮਾਰਚ ਨੂੰ ਭਾਰੀ ਸੱਟ ਵੱਜੀ ਜਿਸ ਨੂੰ ਗੋਦੀ ਮੀਡੀਆ ਨੇ ਖ਼ੂਬ ਪ੍ਰਚਾਰਿਆ। ਮੇਰੇ ਵਿਚਾਰ ਅਨੁਸਾਰ ਦਿੱਲੀ ਪੁਲੀਸ ਦੇ ਸਹਿਯੋਗ ਅਤੇ ਭਾਜਪਾ ਦੇ ਭਾਈਵਾਲ ਕੁਝ ਲੋਕਾਂ ਵੱਲੋਂ ਸੰਘਰਸ਼ ਨੂੰ ਲੀਹੋਂ ਲਾਹੁਣ ਦੀ ਇਹ ਇੱਕ ਸਾਜ਼ਿਸ਼ ਸੀ ਲੇਕਿਨ ਇਹ ਸਾਜ਼ਿਸ਼ ਵੀ ਅਸਫ਼ਲ ਹੋਈ ਤੇ ਮੋਰਚਾ ਆਪਣੇ ਪੈਰੀਂ ਖੜ੍ਹਾ ਰਿਹਾ। ਬੀ. ਜੇ. ਪੀ. ਵੱਲੋਂ ਉਕਸਾਏ ਹੋਏ ਕੁਝ ਲੋਕਾਂ ਨੇ ਸਿੰਘੂ ਬਾਰਡਰ ’ਤੇ ਕਿਸਾਨਾਂ ਉੱਤੇ ਪੁਲੀਸ ਦੀ ਹਾਜ਼ਰੀ ਵਿੱਚ ਇੱਟਾਂ ਵੱਟੇ ਮਾਰੇ ਲੇਕਿਨ ਪੁਲੀਸ ਉਨ੍ਹਾਂ ਨੂੰ ਰੋਕਣ ਦੀ ਥਾਂ ਕਿਸਾਨਾਂ ਉੱਤੇ ਹਮਲਾਵਰ ਰਹੀ। ਕਿਸਾਨ ਫਿਰ ਵੀ ਭੜਕਾਹਟ ਵਿੱਚ ਨਹੀਂ ਆਏ ਜਿਸ ਕਰਕੇ ਸੰਘਰਸ਼ ਦੋਖੀਆਂ ਦਾ ਇਹ ਵਾਰ ਵੀ ਖਾਲੀ ਗਿਆ। ਆਪਣੇ ਆਪ ਨੂੰ ਕਿਸਾਨ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਲੋਕ ਕਿਸਾਨ ਸੰਘਰਸ਼ ਨੂੰ ਸਿੱਖ ਸੰਘਰਸ਼ ਦਾ ਨਾਂ ਦੇਣਾ ਚਾਹੁੰਦੇ ਸਨ। ਜਦ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਉਨ੍ਹਾਂ ਦੀ ਇਸ ਗੱਲ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਅੰਦੋਲਨ ਕਿਸੇ ਇੱਕ ਧਰਮ ਦੇ ਲੋਕਾਂ ਦਾ ਨਹੀਂ, ਦੇਸ਼ ਦੇ ਕਿਸਾਨਾਂ ਦਾ ਹੈ ਤਾਂ ਉੁਨ੍ਹਾਂ ਬਲਬੀਰ ਸਿੰਘ ਰਾਜੇਵਾਲ ਨੂੰ ਵੀ ਬੁਰਾ ਭਲਾ ਕਿਹਾ। ਲਾਲ ਕਿਲੇ ਦੀ ਘਟਨਾ ਤੋਂ ਬਾਅਦ ਉਹ ਲੋਕ ਨੰਗੇ ਹੋ ਗਏ ਜਦ ਇਨ੍ਹਾਂ ਦੇ ਇੱਕ ‘ਐਕਟਰ ਜਰਨੈਲ’ ਦੀਆਂ ਫੋਟੋ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਮੀਡੀਆ ਵਿੱਚ ਆ ਗਈਆਂ। ਲੋਕਾਂ ਵੱਲੋਂ ਤ੍ਰਿਸਕਾਰੇ ਜਾਣ ਤੋਂ ਬਾਅਦ ਉਹ ਮੁੜ ਨਜ਼ਰ ਨਹੀਂ ਆਏ ਅਤੇ ‘ਫੇਸਬੁੱਕੀ ਸੂਰਮੇ’ ਬਣ ਗਏ। ਇਨ੍ਹਾਂ ਸੰਘਰਸ਼ ਵਿਰੋਧੀ ਲੋਕਾਂ ਦੇ ਰਾਹਨੁਮਾ ਇੱਕ ਅਖੌਤੀ ਸਿੱਖ ਚਿੰਤਕ ਅਤੇ ਇੱਕ ਪ੍ਰਚਾਰਕ ਜੋ ਸਿੱਖੀ ਦੇ ਨਾਂ ’ਤੇ ਨੌਜਵਾਨਾਂ ਨੂੰ ਭੜਕਾ ਕੇ ਬਲਦੀ ਦੇ ਬੂਥੇ ਡਾਹੁਣਾ ਚਾਹੁੰਦੇ ਸਨ, ਆਪਣੇ ਮਨਸੂਬਿਆਂ ਵਿੱਚ ਫੇਲ ਹੋਣ ਤੋਂ ਬਾਅਦ ਛੂ ਮੰਤਰ ਹੋ ਗਏ। ਸੰਯੁਕਤ ਕਿਸਾਨ ਮੋਰਚੇ ਦੀ ਹੀ ਸਟੇਜ ਤੋਂ ਕਿਸਾਨ ਲੀਡਰਸ਼ਿੱਪ ਵਿਰੁੱਧ ਇਨ੍ਹਾਂ ਦੀਆਂ ਵੀਡੀਓ ਅੱਜ ਵੀ ਵੇਖੀਆਂ ਅਤੇ ਸੁਣੀਆਂ ਜਾ ਸਕਦੀਆਂ ਹਨ। ਇਨ੍ਹਾਂ ਲੋਕਾਂ ਵੱਲੋਂ ਸੰਘਰਸ਼ ਨੂੰ ਲੀਹੋਂ ਲਾਹੁਣ ਲਈ ਕਿਸਾਨ ਲੀਡਰਸ਼ਿੱਪ ਬਾਰੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਕਿ ਇਨ੍ਹਾਂ ਬੁੱਢਿਆਂ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ, ਇਹ ਵਿਕ ਜਾਣੇ ਨੇ, ਇਹ ਸੰਘਰਸ਼ ਨਹੀਂ ਚਲਾ ਸਕਦੇ।

ਭਾਜਪਾ ਦਾ ਇਹ ਪ੍ਰਚਾਰ ਵੀ ਲੋਕਾਂ ਸਵੀਕਾਰ ਨਾ ਕੀਤਾ ਕੇ ਇਹ ਕੇਵਲ ਪੰਜਾਬ ਦੇ ਕਿਸਾਨ ਹਨ। ਅਸਲ ਵਿੱਚ ਉਹ ਇਸ ਨੂੰ ਕੇਵਲ ਸਿੱਖਾਂ ਦਾ ਸੰਘਰਸ਼ ਕਹਿ ਕੇ ਫ਼ਿਰਕੂ ਪੱਤਾ ਖੇਡਣਾ ਚਾਹੁੰਦੇ ਸਨ। ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ, ਯੂਪੀ, ਮੱਧ ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਦੂਰ ਦੁਰੇਡੇ ਸੂਬਿਆਂ ਦੇ ਕਿਸਾਨਾਂ ਦੇ ਜਥੇ ਵੀ ਦਿੱਲੀ ਹਾਜ਼ਰੀ ਭਰਨ ਆਉਂਦੇ ਰਹੇ ਜਿਸ ਕਰਕੇ ਭਾਜਪਾ ਦਾ ਇਹ ਪ੍ਰਚਾਰ ਵੀ ਮਿੱਟੀ ਘੱਟੇ ਰੁਲ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਆਪਣੀ ਸਟੇਜ ਸਾਂਝੀ ਨਹੀਂ ਕੀਤੀ ਜਿਸ ਕਰਕੇ ਸੰਘਰਸ਼ ਦਾ ਸਿਆਸੀਕਰਨ ਨਹੀਂ ਹੋਇਆ ਅਤੇ ਸੰਘਰਸ਼ ਦੀ ਦਿੱਖ ਕਿਸਾਨਾਂ ਦੀ ਹੀ ਰਹੀ, ਜਿਸ ਕਰਕੇ ਇਹ ਪ੍ਰਚਾਰ ਵੀ ਖੋਖਲਾ ਸਾਬਤ ਹੋਇਆ ਕਿ ਉਹ ਵਿਰੋਧੀ ਪਾਰਟੀਆਂ ਦੇ ਚੁੱਕੇ ਚੁਕਾਏ ਇੱਥੇ ਬੈਠੇ ਹਨ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਅਤੇ ਹਰਿਆਣਾ ਦੇ ਪਾਣੀ ਵਿਵਾਦ ਦਾ ਮੁੱਦਾ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸਦੇ ਉੱਤਰ ਵਿੱਚ ਹਰਿਆਣਾ ਦੇ ਕਿਸਾਨਾਂ ਨੇ ਇਹ ਜਵਾਬ ਦੇ ਦਿੱਤਾ ਕਿ ਪੰਜਾਬ ਸਾਡਾ ਵੱਡਾ ਭਰਾ ਹੈ। ਪਹਿਲਾਂ ਰਲ ਕੇ ਜ਼ਮੀਨਾਂ ਬਚਾ ਲਈਏ, ਜੇ ਜ਼ਮੀਨਾਂ ਹੀ ਨਾ ਬਚੀਆਂ ਤਾਂ ਪਾਣੀ ਕੀ ਕਰਨਾ ਹੈ। ਮੁੱਖ ਮੰਤਰੀ ਹਰਿਆਣਾ ਮਨੋਹਰ ਲਾਲ ਖੱਟਰ ਵੱਲੋਂ ਕਿਸਾਨਾਂ ਵਿਰੁੱਧ ਕੀਤੀ ਬਦਜ਼ੁਬਾਨੀ ਦਾ ਹੀ ਸਿੱਟਾ ਸੀ ਕਿ ਹਰਿਆਣਾ ਦੇ ਕਿਸਾਨਾਂ ਨੇ ਉਸ ਨੂੰ ਉਸ ਦੇ ਹਲਕੇ ਵਿੱਚ ਹੀ ਵਿਚਰਨ ਤੋਂ ਰੋਕ ਦਿੱਤਾ ਕਰਨਾਲ ਜਲਸੇ ਵਿੱਚ ਉਸ ਦਾ ਹੈਲੀਕਾਪਟਰ ਹੀ ਨਾ ਉੱਤਰਨ ਦਿੱਤਾ ਗਿਆ ਅਤੇ ਉਸ ਦੀ ਸਟੇਜ ਉਖਾੜ ਦਿੱਤੀ ਗਈ। ਹਰਿਆਣੇ ਦੇ ਮੁੱਖ ਮੰਤਰੀ ਅਤੇ ਇੱਕ ਐੱਸ.ਡੀ.ਐੱਮ. ਵੱਲੋਂ ਕਿਸਾਨਾਂ ਦੇ ਸਿਰ ਭੰਨਣ ਦੇ ਬਿਆਨਾਂ ਦੇ ਵਿਰੋਧ ਵਿੱਚ ਮੁੱਖ ਮੰਤਰੀ ਨੂੰ ਆਪਣਾ ਬਿਆਨ ਵਾਪਸ ਲੈਣਾ ਪਿਆ ਅਤੇ ਐੱਸ.ਡੀ.ਐਮ. ਵਿਰੁੱਧ ਕਾਰਵਾਈ ਕਰਨ ਲਈ ਮੁੱਖ ਮੰਤਰੀ ਨੂੰ ਮਜਬੂਰ ਹੋਣਾ ਪਿਆ।

ਖੱਟਰ ਅਤੇ ਐੱਸ.ਡੀ.ਐੱਮ.ਦਾ ਇਹ ਬਿਆਨ ਉਨ੍ਹਾਂ ਦੇ ਡਿਗ ਚੁੱਕੇ ਸਿਆਸੀ/ਪ੍ਰਸ਼ਾਸਨਿਕ ਕਿਰਦਾਰ ਅਤੇ ਬੌਧਿਕ ਦੀਵਾਲੀਆਪਨ ਦੀ ਨਿਸ਼ਾਨੀ ਸੀ। ਵੱਖ ਵੱਖ ਸਿਆਸੀ ਵਿਚਾਰ ਰੱਖਦਿਆਂ ਕਿਸਾਨ ਜਥੇਬੰਦੀਆਂ ਦਾ ਕਿਸਾਨ ਮੁੱਦਿਆਂ ਉੱਤੇ ਇੱਕ ਸੁਰ ਰਹਿਣਾ, ਭਾਜਪਾ ਅਤੇ ਗੋਦੀ ਮੀਡੀਆ ਦੀਆਂ ਭੜਕਾਊ ਕਾਰਵਾਈਆਂ ਅਤੇ ਬਿਆਨਬਾਜ਼ੀ ਦੇ ਬਾਵਜੂਦ ਕਿਸਾਨ ਸੰਘਰਸ਼ ਦਾ ਪੁਰਅਮਨ ਰਹਿਣਾ ਜਿੱਤ ਦੀ ਕੁੰਜੀ ਸਾਬਤ ਹੋਇਆ ਹੈ। ਖੇਤੀ ਮੰਤਰੀ ਨੇ ਕਈ ਨਾਮ ਨਿਹਾਦ ਜਥੇਬੰਦੀਆਂ ਦੇ ਨਾਂ ’ਤੇ ਪ੍ਰਚਾਰ ਵੀ ਸ਼ੁਰੂ ਕੀਤਾ ਕਿ ਬਹੁਤ ਸਾਰੀਆਂ ਜਥੇਬੰਦੀਆਂ ਇਨ੍ਹਾਂ ਕਾਨੂੰਨਾਂ ਨੂੰ ਪਸੰਦ ਕਰਦੀਆਂ ਹਨ ਅਤੇ ਰੱਦ ਨਾ ਕਰਨ ਦੀ ਮੰਗ ਕਰਦੀਆਂ ਹਨ ਅਤੇ ਗੋਦੀ ਮੀਡੀਆ ਵੱਲੋਂ ਕਈ ਨਾਮ ਨਿਹਾਦ ਡੈਪੂਟੇਸ਼ਨ ਮਿਲਦੇ ਵਿਖਾਏ ਗਏ, ਲੇਕਿਨ ਕਿਸਾਨ ਸੰਘਰਸ਼ ਦੇ ਸਾਹਮਣੇ ਇਨ੍ਹਾਂ ਸਾਰਿਆਂ ਦੀ ਫੂਕ ਨਿਕਲ ਗਈ।

ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਇਹ ਅਸੀਂ ਪਹਿਲੀ ਵਾਰ ਵੇਖ ਰਹੇ ਹਾਂ ਕਿ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਲੋਕਾਂ ਵਿੱਚ ਇੰਨੀ ਬੇਭਰੋਸਗੀ ਹੋਵੇ ਜਿੰਨੀ ਭਾਰਤ ਦੇ ਪ੍ਰਧਾਨ ਮੰਤਰੀ ਬਾਰੇ ਪੈਦਾ ਹੋਈ ਹੈ। ਕੌਮਾਂਤਰੀ ਪੱਧਰ ’ਤੇ ਵੀ ਲੋਕਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਦੀ ਛਵ੍ਹੀ ਖਰਾਬ ਅਤੇ ਬੇਭਰੋਸਗੀ ਵਾਲੀ ਹੋਈ ਹੈ। ਚੋਣਾਂ ਵਿੱਚ ਕੀਤੇ ਵਾਅਦਿਆਂ ਨੂੰ ਜੁਮਲੇ ਕਹਿਣਾ ਅਤੇ ਖੇਤੀ ਕਾਨੂੰਨਾਂ ਬਾਰੇ ਉਸ ਉੱਤੇ ਝੂਠ ਬੋਲਣ ਦੇ ਇਲਜ਼ਾਮ ਲੱਗਦੇ ਰਹੇ ਹਨ। ਕਿਸਾਨ ਅੰਦੋਲਨ ਵਿੱਚ ਸੱਤ ਸੌ ਤੋਂ ਵੱਧ ਕਿਸਾਨ ਸ਼ਹੀਦ ਹੋਏ ਹੋਣ ’ਤੇ ਪ੍ਰਧਾਨ ਮੰਤਰੀ ਅਫ਼ਸੋਸ ਦਾ ਇੱਕ ਲਫਜ਼ ਨਾ ਬੋਲੇ, ਇਹ ਸ਼ੋਭਾ ਨਹੀਂ ਦਿੰਦਾ। ਭਾਜਪਾ ਲੀਡਰਾਂ ਨੇ ਕਿਸਾਨਾਂ ਵਿਰੁੱਧ ਜੋ ਮੂੰਹ ਆਇਆ ਕਹਿ ਦਿੱਤਾ ਲੇਕਿਨ ਉਨ੍ਹਾਂ ਨੂੰ ਕਿਸੇ ਨੇ ਰੋਕਿਆ ਨਹੀਂ। ਮਨੁੱਖੀ ਨੈਤਿਕਤਾ ਦੇ ਪੱਖ ਤੋਂ ਇਹ ਅਨੈਤਿਕ ਵਿਵਹਾਰ ਸੀ।

ਇਸ ਸੰਘਰਸ਼ ਵਿੱਚ ਲੰਗਰ ਦੀ ਪ੍ਰਥਾ ਨੇ ਵੀ ਅਹਿਮ ਰੋਲ ਅਦਾ ਕੀਤਾ। ਕਿਉਂਕਿ ਇਹ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਸੀ ਇਸ ਕਰਕੇ ਦੇਸ਼ ਭਰ ਦੇ ਕਿਸਾਨਾਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਸੰਘਰਸ਼ ਵਿੱਚ ਜੂਝਣ, ਸ਼ਾਂਤ ਰਹਿਣ ਅਤੇ ਦ੍ਰਿੜ੍ਹ ਅਤੇ ਵਿਸ਼ਾਲ ਇਰਾਦੇ ਨੂੰ ਅਸ਼ ਅਸ਼ ਕੀਤਾ ਗਿਆ। ਕੜਾਕੇ ਦੀ ਠੰਢ, ਗਰਮੀ ਅਤੇ ਬਾਰਸ਼ ਨੂੰ ਖਿੜੇ ਮੱਥੇ ਝੱਲਿਆ ਗਿਆ। ਕੋਈ ਗੈਰ ਸਮਾਜੀ ਅਨਸਰ ਖ਼ੁਦ ਜਾਂ ਸਰਕਾਰੀ ਸ਼ਹਿ ’ਤੇ ਮੋਰਚਿਆਂ ’ਤੇ ਬੈਠੇ ਕਿਸਾਨਾਂ ਵਿਰੁੱਧ ਹਮਲਾ ਜਾਂ ਭੰਨਤੋੜ ਨਾ ਕਰੇ, ਵਾਸਤੇ ਵਲੰਟੀਅਰਾਂ ਨੇ ਸਖ਼ਤ ਪਹਿਰਾ ਰੱਖਿਆ। ਪੁਲੀਸ ਵੱਲੋਂ ਕਿਸਾਨਾਂ ਦੀ ਬੈਰੀਕੇਡਿੰਗ ਅਤੇ ਸੜਕਾਂ ਵਿੱਚ ਵੱਡੇ ਵੱਡੇ ਕਿੱਲ ਲਾ ਕੇ ਨਾਕਾਬੰਦੀ ਕੀਤੀ ਗਈ ਲੇਕਿਨ ਇਸ ’ਤੇ ਵੀ ਉਨ੍ਹਾਂ ਦੇ ਹੌਸਲੇ ਡਿੱਗੇ ਨਹੀਂ।

ਲਖੀਮਪੁਰ ਖੀਰੀ ਘਟਨਾ ਵਿੱਚ ਇੱਕ ਕੇਂਦਰੀ ਮੰਤਰੀ ਦੇ ਲੜਕੇ ਦੀ ਕਥਿਤ ਸ਼ਮੂਲੀਅਤ ਨੇ ਅਤੇ ਮੰਤਰੀ ਅਜੇ ਮਿਸ਼ਰਾ ਦੀ ਇੱਕ ਸਟੇਜ ਤੋਂ ਭੜਕਾਊ ਤਕਰੀਰ ਨੇ ਵੀ ਭਾਜਪਾ ਦੇ ਕਿਸਾਨ ਹਿਤੈਸ਼ੀ ਹੋਣ ਦੇ ਦਾਅਵਿਆਂ ਨੂੰ ਲੀਰੋ ਲੀਰ ਕਰ ਦਿੱਤਾ। ਵੱਖ ਵੱਖ ਰਾਜਾਂ ਵਿੱਚ ਭਾਜਪਾ ਆਗੂਆਂ ਦੀ ਭੜਕਾਊ ਬਿਆਨਬਾਜ਼ੀ ਕਰਕੇ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਘਰਾਂ ਵਿੱਚੋਂ ਨਿਕਲਣਾ ਔਖਾ ਕਰ ਦਿੱਤਾ। ਕਿਸਾਨਾਂ ਨੇ ਆਪਣੇ ਕੈਂਪਾਂ ਵਿੱਚ ਕਿਸਾਨਾਂ ਅਤੇ ਆਮ ਲੋਕਾਂ ਲਈ ਮੈਡੀਕਲ ਸਹਾਇਤਾ ਅਤੇ ਸਫ਼ਾਈ ਦਾ ਵੀ ਸ਼ਲਾਘਾਯੋਗ ਪ੍ਰਬੰਧ ਕੀਤਾ।

ਕਿਸਾਨਾਂ ਨੂੰ ਵੱਖ ਵੱਖ ਰਾਜਾਂ ਤੋਂ ਨਾਟਕਕਾਰਾਂ, ਗਾਇਕ ਕਲਾਕਾਰਾਂ, ਮੁਲਾਜ਼ਮ ਜਥੇਬੰਦੀਆਂ, ਸੇਵਾਮੁਕਤ ਅਧਿਕਾਰੀਆਂ ਦੀਆਂ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ, ਕੇਂਦਰੀ ਮਜ਼ਦੂਰ ਜਥੇਬੰਦੀਆਂ, ਸਾਬਕਾ ਫ਼ੌਜੀਆਂ, ਦੁਕਾਨਦਾਰਾਂ, ਵਪਾਰੀਆਂ, ਆੜ੍ਹਤੀਆਂ ਆਦਿ, ਗੱਲ ਕੀ ਹਰ ਵਰਗ ਦੇ ਲੋਕਾਂ ਵੱਲੋਂ ਸਹਿਯੋਗ ਮਿਲਿਆ।

ਕਿਸੇ ਵੀ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਜਾਂ ਮੈਨੇਜਮੈਂਟ ਕੋਲ ਆਖਰੀ ਹਥਿਆਰ ਜਬਰ ਹੁੰਦਾ ਹੈ ਪਰ ਇਹ ਸੰਘਰਸ਼ ਹੀ ਇੰਨਾ ਤਕੜਾ ਅਤੇ ਲੋਕਾਂ ਦਾ ਸੰਘਰਸ਼ ਸੀ ਜਿਸ ਕਰਕੇ ਸਰਕਾਰ ਦੀ ਜਬਰ ਕਰਨ ਦੀ ਹਿੰਮਤ ਨਹੀਂ ਪਈ। ਗੋਦੀ ਮੀਡੀਆ ਅਤੇ ਭਾਜਪਾ ਦੇ ਆਈ.ਟੀ. ਸੈੱਲ ਦਾ ਮੁਕਾਬਲਾ ਕਰਨ ਲਈ ਕਿਸਾਨਾਂ ਨੇ ਵੀ ਆਪਣਾ ਆਈ.ਟੀ .ਸੈੱਲ ਕਾਇਮ ਕੀਤਾ ਅਤੇ ਦੁਰ ਪ੍ਰਚਾਰ ਦਾ ਮੁਕਾਬਲਾ ਕੀਤਾ। ਭਾਵੇਂ ਅੱਗ, ਪਾਣੀ, ਬਿਜਲੀ ਆਦਿ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਲੇਕਿਨ ਕਿਸਾਨਾਂ ਵੱਲੋਂ ਕਾਇਮ ਕੀਤੀਆਂ ਵੱਖ ਵੱਖ ਟੀਮਾਂ ਨੇ ਸ਼ਲਾਘਾਯੋਗ ਕੰਮ ਕਰਦਿਆਂ ਇਨ੍ਹਾਂ ਮੁਸ਼ਕਲਾਂ ਦਾ ਵੀ ਹੱਲ ਕੀਤਾ।

ਦੇਸ਼ ਵਿੱਚ ਭਾਜਪਾ ਪ੍ਰਤੀ ਵਿਗੜ ਰਹੇ ਹਾਲਾਤ ਅਤੇ ਉੱਤੋਂ ਆ ਰਹੀਆਂ ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਕਰਕੇ ਜਦ ਭਾਜਪਾ ਦੀ ਸਰਕਾਰੀ ਕੁਰਸੀ ਦੇ ਪਾਵੇ ਹਿੱਲਣੇ ਸ਼ੁਰੂ ਹੋ ਗਏ ਤਾਂ ਪ੍ਰਧਾਨ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੇ ਦਿਨ ਜਿੱਥੇ ਇਹ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਉੱਥੇ ਦੇਸ਼ ਦੇ ਲੋਕਾਂ ਤੋਂ ਮੁਆਫੀ ਮੰਗੀ। ਖੇਤੀ ਕਾਨੂੰਨ ਵਾਪਸ ਲੈਣ ਅਤੇ ਕਿਸਾਨਾਂ ਦੀਆਂ ਬਾਕੀ ਮੰਗਾਂ ਮੰਨਣ ’ਤੇ ਇਹ ਸਾਬਤ ਹੋ ਗਿਆ ਹੈ ਕਿ ਜਿਸ ਵਿਅਕਤੀ ਬਾਰੇ ਟਾਹਰਾਂ ਮਾਰੀਆਂ ਜਾਂਦੀਆਂ ਸਨ ਕਿ ਉਹ ਝੁਕਦਾ ਨਹੀਂ, ਜੋ ਕਰ ਲਿਆ ਉਹ ਵਾਪਸ ਨਹੀਂ ਲੈਂਦਾ, ਉਹਨੇ ਜਿਨ੍ਹਾਂ ਹੱਥਾਂ ਨਾਲ ਗੰਢਾਂ ਦਿੱਤੀਆਂ ਸਨ ਉਸ ਨੂੰ ਉਨ੍ਹਾਂ ਹੱਥਾਂ ਨਾਲ ਹੀ ਖੋਲ੍ਹਣੀਆਂ ਪਈਆਂ। ਕਿਸਾਨਾਂ ਦੀ ਜਿੱਤ ਨਾਲ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਵਿਰੁੱਧ ਲੜਨ ਲਈ ਲੋਕਾਂ ਵਿੱਚ ਭਰੋਸਾ ਜਾਗਿਆ ਹੈ ਅਤੇ ਉਨ੍ਹਾਂ ਵਿੱਚ ਚੇਤਨਤਾ ਆਈ ਹੈ। ਇਸੇ ਕਰਕੇ ਹੁਣ ਆ ਰਹੀਆਂ ਚੋਣਾਂ ਦੇ ਸਬੰਧ ਵਿੱਚ ਲੋਕ ਲੀਡਰਾਂ ਤੋਂ ਸਵਾਲ ਪੁੱਛਣ ਲੱਗੇ ਹਨ। ਨੇਤਾਵਾਂ ਨੂੰ ਸਵਾਲ ਪੁੱਛਣਾ ਜਿੱਥੇ ਲੋਕਾਂ ਦਾ ਹੱਕ ਹੈ, ਉੱਥੇ ਉਨ੍ਹਾਂ ਦੇ ਸਿਆਸੀ ਕਿਰਦਾਰ ਨੂੰ ਚੁਣੌਤੀ ਵੀ ਹੈ।

ਜਿਨ੍ਹਾਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਨੇ ਲਿਖਤੀ ਭਰੋਸਾ ਦਿੱਤਾ ਹੈ ਜੇਕਰ ਸਰਕਾਰ ਫਿਰ ਕੋਈ ਟਾਲ ਮਟੋਲ ਦੀ ਖੇਡ ਖੇਡਣ ਦਾ ਯਤਨ ਕਰਦੀ ਹੈ ਤਾਂ 15 ਜਨਵਰੀ 2022 ਨੂੰ ਹੋਣ ਵਾਲੀ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਵਿੱਚ ਕੋਈ ਐਕਸ਼ਨ ਐਲਾਨਿਆ ਜਾ ਸਕਦਾ ਹੈ। ਸੰਯੁਕਤ ਕਿਸਾਨ ਮੋਰਚੇ ਨੂੰ ਇਸ ਉੱਤੇ ਚੌਕਸ ਰਹਿਣਾ ਪਵੇਗਾ। ਭਾਰਤ ਤੋਂ ਇਲਾਵਾ ਦੁਨੀਆਂ ਭਰ ਵਿੱਚ ਲੋਕਾਂ ਦੀ ਇਸ ਗੱਲ ’ਤੇ ਨਜ਼ਰ ਹੈ ਕਿ ਸਰਕਾਰ ਹੁਣ ਕੀ ਨਜ਼ਰੀਆ ਇਖਤਿਆਰ ਕਰਦੀ ਹੈ।

ਦੇਸ਼ ਵਿੱਚ ਆਪਣੇ ਹੱਕਾਂ ਲਈ ਲੜਨ ਵਾਲੇ ਲੋਕਾਂ ਵਾਸਤੇ ਕਿਸਾਨਾਂ ਦਾ ਇਹ ਸੰਘਰਸ਼ ਬਹੁਤ ਸਾਰੇ ਸਬਕ ਛੱਡ ਗਿਆ ਹੈ। ਲੀਡਰਸ਼ਿੱਪ ਦਾ ਇੱਕ ਸੁਰ ਰਹਿਣਾ, ਮੰਗਾਂ ਬਾਰੇ ਸਪਸ਼ਟ ਹੋਣਾ ਅਤੇ ਧਿਆਨ ਮੰਗਾਂ ’ਤੇ ਹੀ ਕੇਂਦਰਤ ਕਰਨਾ, ਸਮੁੱਚੇ ਲੋਕਾਂ ਨਾਲ ਮੰਗਾਂ ਜੋੜ ਕੇ ਉਨ੍ਹਾਂ ਦਾ ਸਮਰਥਨ ਲੈਣਾ, ਲੀਡਰਸ਼ਿੱਪ ਦੇ ਫ਼ੈਸਲਿਆਂ ਦੇ ਅਨੁਸਾਰ ਚੱਲਣਾ, ਪੁਰਅਮਨ ਰਹਿਣਾ, ਕੇਡਰ ਦਾ ਅਨੁਸ਼ਾਸਨ ਵਿੱਚ ਰਹਿਣਾ, ਸੰਘਰਸ਼ ਨੂੰ ਧਰਮ, ਜਾਤ ਅਤੇ ਇਲਾਕੇ ਦੇ ਵਖਰੇਵਿਆਂ ਤੋਂ ਵੱਖ ਰੱਖਣਾ, ਸੰਘਰਸ਼ ਦਾ ਸਿਆਸੀ ਕਰਨ ਨਾ ਕਰਨਾ ਅਤੇ ਸੰਘਰਸ਼ ਵਿੱਚ ਮਿਲੇ ਫੰਡ ਦਾ ਪਾਈ ਪਾਈ ਦਾ ਹਿਸਾਬ ਰੱਖਣਾ ਅਤੇ ਲੋਕਾਂ ਨਾਲ ਸਾਂਝਾ ਕਰਨਾ ਆਦਿ ਐਸੇ ਸਬਕ ਹਨ ਜੋ ਸੰਘਰਸ਼ ਕਰਦੇ ਲੋਕਾਂ ਦਾ ਮਾਰਗ ਦਰਸ਼ਨ ਕਰ ਸਕਦੇ ਹਨ।

ਸੰਯੁਕਤ ਕਿਸਾਨ ਮੋਰਚੇ ਦਾ ਵਜੂਦ ਕਾਇਮ ਰੱਖਣ ਦਾ ਫ਼ੈਸਲਾ ਸ਼ਲਾਘਾਯੋਗ ਫ਼ੈਸਲਾ ਹੈ ਤੇ ਇਸੇ ਆਧਾਰ ’ਤੇ ਕਿਸਾਨ ਜਥੇਬੰਦੀਆਂ ਨੂੰ ਆਪਣਾ ਏਕਾ ਕਾਇਮ ਰੱਖਣਾ ਚਾਹੀਦਾ ਹੈ। ਸੰਘਰਸ਼ ਉੱਤੇ ਅਨੇਕਾਂ ਝੱਖੜ ਝੁੱਲਣ ਦੇ ਬਾਵਜੂਦ ਕਿਸਾਨ ਲੀਡਰਸ਼ਿੱਪ ਨੇ ਆਪਣਾ ਰਾਹ ਨਹੀਂ ਛੱਡਿਆ, ਜਿਸ ਕਰਕੇ ਉਹ ਜਿੱਤ ਕੇ ਨਿਕਲੇ ਹਨ ਅਤੇ ਵਧਾਈ ਦੇ ਪਾਤਰ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3203)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.) 

About the Author

ਨਰਿੰਦਰ ਸਿੰਘ ਢਿੱਲੋਂ

ਨਰਿੰਦਰ ਸਿੰਘ ਢਿੱਲੋਂ

Calgary, Alberta, Canada.
Phone: (587 - 436 - 4032)
Email: (ndrdhillon@yahoo.com)