NarinderS Dhillon7ਬੇਦਾਗ਼ ਤੇ ਚੰਗੀ ਸ਼ਖ਼ਸੀਅਤ ਵਾਲੇ ਲੋਕਾਂ ਨੂੰ ਧਰਮ, ਜਾਤ ਅਤੇ ਇਲਾਕੇ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ...
(14 ਨਵੰਬਰ 2021)

 

ਪੰਜਾਬ ਵਿੱਚ ਜਦੋਂ ਤੋਂ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਸਰਕਾਰ ਬਣੀ ਹੈ ਉਦੋਂ ਤੋਂ ਹੀ ਨਵਜੋਤ ਸਿੰਘ ਸਿੱਧੂ ਦਾ ਪੰਜਾਬ ਸਰਕਾਰ ਨਾਲ ਵਿਵਾਦ ਚੱਲਦਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹੁਣ ਤੋਂ ਬਾਅਦ ਚਾਹੀਦਾ ਇਹ ਸੀ ਕਿ ਕਾਂਗਰਸ ਪਾਰਟੀ 2022 ਵਿੱਚ ਆ ਰਹੀਆਂ ਚੋਣਾਂ ਦੀ ਤਿਆਰੀ ਲਈ ਇਕਜੁੱਟ ਹੋ ਕੇ ਚੱਲਦੀ ਪਰ ਹੋਇਆ ਇਸਦੇ ਉਲਟ ਹੈ। ਇਸ ਨਾਲ ਜਿੱਥੇ ਕਾਂਗਰਸ ਪਾਰਟੀ ਦੀ ਸਾਖ ਨੂੰ ਹਾਲ ਦੀ ਘੜੀ ਧੱਕਾ ਲੱਗਾ ਹੈ ਉੱਥੇ ਕਾਂਗਰਸ ਵਿਰੋਧੀਆਂ ਦੀ ਚੜ੍ਹ ਮੱਚਦੀ ਰਹੀ ਹੈ। ਨਵਜੋਤ ਸਿੰਘ ਸਿੱਧੂ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਲਈ ਮੁਹਿੰਮ ਦੀ ਅਗਵਾਈ ਕੀਤੀ ਸੀ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ’ਤੇ ਨਿਸ਼ਾਨੇ ਸਾਧਣੇ ਬਿਨਾਂ ਕਾਰਨ ਨਹੀਂ ਸਨ ਅਤੇ ਭਾਵੇਂ ਪੰਜਾਬ ਸਰਕਾਰ ਵੱਲੋਂ ਕੀਤੇ ਚੰਗੇ ਫ਼ੈਸਲਿਆਂ ਦਾ ਸਿਹਰਾ ਨਵਜੋਤ ਸਿੰਘ ਸਿੱਧੂ ਨੂੰ ਵੀ ਜਾਂਦਾ ਹੈ ਲੇਕਿਨ ਇਸ ਵਿਵਾਦ ਨਾਲ ਕਾਂਗਰਸ ਪਾਰਟੀ ਦੇ ਹੇਠਲੇ ਵਰਕਰ ਤਕ ਨਿਰਾਸਤਾ ਜ਼ਰੂਰ ਵੇਖੀ ਗਈ ਹੈ।

ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੜਾਈ ਵਿੱਚ ਸਿੱਧੂ ਦੀ ਅਗਵਾਈ ਵਿੱਚ ਸਾਰੀ ਟੀਮ ਨੇ ਇਕਜੁੱਟ ਹੋ ਕੇ ਕੰਮ ਕੀਤਾ ਸੀ ਜਿਸ ਵਿੱਚ ਸੁਖਜਿੰਦਰ ਸਿੰਘ ਰੰਧਾਵਾ, ਪਰਗਟ ਸਿੰਘ, ਤ੍ਰਿਪਤ ਬਾਜਵਾ, ਸੁੱਖ ਸਰਕਾਰੀਆ ਅਤੇ ਚਰਨਜੀਤ ਸਿੰਘ ਚੰਨੀ ਆਦਿ ਮੂਹਰਲੀ ਕਤਾਰ ਵਿੱਚ ਸ਼ਾਮਲ ਸਨ। ਜਦ ਨਵਾਂ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਹੋਣਾ ਸੀ ਤਾਂ ਇਹ ਚਰਚਾ ਸੁਣੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਸੁਨੀਲ ਜਾਖੜ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੱਖ ਮੰਤਰੀ ਬਣਨ ਦਾ ਵਿਰੋਧ ਕੀਤਾ ਸੀ। ਕਾਂਗਰਸ ਹਾਈ ਕਮਾਨ ਨੇ ਇਹ ਵੇਖਦਿਆਂ ਕਿ ਚਰਨਜੀਤ ਸਿੰਘ ਚੰਨੀ ਇੱਕ ਤਾਂ ਦਲਿਤ ਭਾਈਚਾਰੇ ਵਿੱਚੋਂ ਹੈ, ਸਿੱਖ ਵੀ ਹੈ ਅਤੇ ਉਸ ਦਾ ਕਿਸੇ ਨੇ ਵਿਰੋਧ ਵੀ ਨਹੀਂ ਕੀਤਾ, ਉਸ ਨੂੰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕਰ ਲਿਆ। ਉਸ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਆਪਣੀ ਟੀਮ ਤੋਂ ਨਿਖੜ ਚੁੱਕਾ ਸੀ। ਬਤੌਰ ਮੁੱਖ ਮੰਤਰੀ ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ਵਿੱਚ ਹੋਰ ਗੱਲਾਂ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਵਿੱਚ ਕਿਹਾ ਸੀ ਕਿ ਪਾਰਟੀ ਫੈਸਲੇ ਕਰੇਗੀ ਤੇ ਸਰਕਾਰ ਉਹ ਫੈਸਲੇ ਲਾਗੂ ਕਰੇਗੀ ਪਰ ਇੰਜ ਹੋਇਆ ਨਹੀਂ। ਚਰਨਜੀਤ ਸਿੰਘ ਚੰਨੀ ਨੇ ਇਹ ਵੇਖਦਿਆਂ ਹੋਇਆਂ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਵਿੱਚ ਮੁੱਖ ਮੰਤਰੀ ਦਾ ਦਾਅਵੇਦਾਰ ਨਾ ਬਣੇ ਉਸ ਨੂੰ ਨਜ਼ਰਅੰਦਾਜ਼ ਕਰਕੇ ਫ਼ੈਸਲੇ ਲੈਣੇ ਤਾਂ ਸ਼ੁਰੂ ਕੀਤੇ ਹੀ ਸਗੋਂ ਜਿਹੜੇ ਮੁੱਦੇ ਨਵਜੋਤ ਸਿੰਘ ਸਿੱਧੂ ਲੰਮੇ ਸਮੇਂ ਤੋਂ ਚੁੱਕਦਾ ਆ ਰਿਹਾ ਸੀ, ਉਸ ਦੇ ਵਿਰੋਧ ਵਿੱਚ ਵੀ ਫ਼ੈਸਲੇ ਲੈਣੇ ਸ਼ੁਰੂ ਕਰ ਦਿੱਤੇ ਤਾਂ ਕਿ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਕੱਦ ਨੂੰ ਛੋਟਾ ਕੀਤਾ ਜਾ ਸਕੇ।

ਨਵਜੋਤ ਸਿੰਘ ਸਿੱਧੂ ਜਿਨ੍ਹਾਂ ਮੁੱਦਿਆਂ ’ਤੇ ਲੰਮੇ ਸਮੇਂ ਤੋਂ ਬੇਬਾਕੀ ਨਾਲ ਬੋਲਦਾ ਰਿਹਾ ਸੀ ਉਨ੍ਹਾਂ ਵਿੱਚ ਬੇਅਦਬੀ ਕਾਂਡ ਅਤੇ ਡਰੱਗ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਦੋ ਅਹੁਦਿਆਂ ’ਤੇ ਵਿਵਾਦ ਰਹਿਤ ਵਿਅਕਤੀਆਂ ਨੂੰ ਤਾਇਨਾਤ ਕਰਨਾ ਚਾਹੀਦਾ ਸੀ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਨਾਂ ਪਾਰਟੀ ਪ੍ਰਧਾਨ ਸਿੱਧੂ ਨਾਲ ਵਿਚਾਰ ਵਟਾਂਦਰਾ ਕੀਤਿਆਂ ਐਡਵੋਕੇਟ ਜਨਰਲ ਅਤੇ ਡੀਜੀਪੀ ਦੇ ਅਹੁਦਿਆਂ ’ਤੇ ਵਿਵਾਦਤ ਵਿਅਕਤੀਆਂ ਨੂੰ ਲਾ ਦਿੱਤਾ। ਅਮਰਪ੍ਰੀਤ ਸਿੰਘ ਦਿਓਲ ਬੇਅਦਬੀ ਕਾਂਡ ਕੇਸ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਦਾ ਵਕੀਲ ਸੀ ਅਤੇ ਅਕਾਲੀ ਦਲ ਦੇ ਨੇੜੇ ਵੀ ਸਮਝਿਆ ਜਾਂਦਾ ਸੀ। ਚਰਚਾ ਹੈ ਕਿ ਅਦਾਲਤ ਵਿੱਚ ਉਸ ਨੇ ਸੁਮੇਧ ਸਿੰਘ ਸੈਣੀ ਦਾ ਪੱਖ ਪੂਰਦਿਆਂ ਕਾਂਗਰਸ ਪਾਰਟੀ ਅਤੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ ਕੀਤੇ ਸਨ। ਨਵਜੋਤ ਸਿੱਧੂ ਅਤੇ ਹੋਰ ਬਹੁਤ ਸਾਰੇ ਲੋਕਾਂ ਦੇ ਮੁਤਾਬਕ ਉਸ ਨੂੰ ਪੰਜਾਬ ਦਾ ਐਡਵੋਕੇਟ ਜਨਰਲ ਲਾਉਣਾ ਤਰਕਸੰਗਤ ਨਹੀਂ ਸੀ। ਇਹ ਸ਼ੱਕ ਕੀਤਾ ਜਾਂਦਾ ਸੀ ਕਿ ਜੋ ਵਿਅਕਤੀ ਕੱਲ੍ਹ ਤਕ ਬੇਅਦਬੀ ਕਾਂਡ ਨਾਲ ਸਬੰਧਤ ਕਥਿਤ ਦੋਸ਼ੀ ਲੋਕਾਂ ਦੇ ਬਚਾਅ ਲਈ ਕੇਸ ਲੜਦਾ ਰਿਹਾ ਸੀ, ਉਹ ਹੁਣ ਉਨ੍ਹਾਂ ਦੇ ਵਿਰੋਧ ਵਿੱਚ ਭੁਗਤ ਕੇ ਕੀ ਕੇਸ ਨਾਲ ਇਨਸਾਫ਼ ਕਰ ਸਕੇਗਾ? ਹੈਰਾਨਗੀ ਦੀ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਐਡਵੋਕੇਟ ਜਨਰਲ ਦੀ ਨਿਯੁਕਤੀ ਦਾ ਵਿਰੋਧ ਕਰਨ ਤੇ ਕਾਫ਼ੀ ਵਾਦ ਵਿਵਾਦ ਤੋਂ ਬਾਅਦ ਉਸ ਦਾ ਅਸਤੀਫਾ ਲਿਆ ਗਿਆ ਅਤੇ ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਅਸਤੀਫ਼ਾ ਮਨਜ਼ੂਰ ਕਰਨ ਤੋਂ ਬਾਅਦ ਵੀ ਅਗਲੇ ਹੁਕਮਾਂ ਤਕ ਉਸ ਨੂੰ ਕੰਮ ਕਰਨ ਲਈ ਆਗਿਆ ਦੇ ਕੇ ਚਰਨਜੀਤ ਸਿੰਘ ਚੰਨੀ ਨੇ ਇੱਕ ਹੋਰ ਵਿਵਾਦਤ ਮੁੱਦਾ ਪੈਦਾ ਕਰ ਦਿੱਤਾ। ਬਾਅਦ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਅਸਤੀਫੇ ਨੂੰ ਮਨਜ਼ੂਰ ਕਰ ਲਿਆ ਗਿਆ ਅਤੇ ਕੁਝ ਹੋਰ ਚੰਗੇ ਫ਼ੈਸਲੇ ਲੈਣ ਨਾਲ ਮੁੱਖ ਮੰਤਰੀ ਦੀ ਨਵਜੋਤ ਸਿੰਘ ਸਿੱਧੂ ਨਾਲ ਸੁਰ ਮਿਲਣ ਦੀਆਂ ਖ਼ਬਰਾਂ ਆਈਆਂ ਹਨ। ਹੁਣ ਸੁਨੀਲ ਜਾਖੜ ਜੋ ਸਾਢੇ ਚਾਰ ਸਾਲ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੱਗ ਵਾਂਗ ਵਿਚਰਦਾ ਰਿਹਾ, ਐਡਵੋਕੇਟ ਜਨਰਲ ਦੇ ਅਸਤੀਫੇ ਦੇ ਮੁੱਦੇ ਤੇ ਸਰਕਾਰ ਦੀ ਆਲੋਚਨਾ ਕਰ ਰਿਹਾ ਹੈ ਅਤੇ ਮਨੀਸ਼ ਤਿਵਾੜੀ ਵੀ ਇਸਦਾ ਵਿਰੋਧ ਕਰਕੇ ਆਪਣੀ ਹਾਜ਼ਰੀ ਲੁਆ ਰਿਹਾ ਹੈ। ਇਹ ਵੀ ਸ਼ੱਕ ਕੀਤਾ ਜਾਂਦਾ ਹੈ ਕਿ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਲਾਂਭੇ ਹੋਣ ਤੋਂ ਪਹਿਲਾਂ ਮਿਸਟਰ ਦਿਓਲ ਸਾਰੀਆਂ ਸਰਕਾਰੀ ਫਾਈਲਾਂ ਵੇਖ ਜਾਵੇਗਾ ਅਤੇ ਜੇਕਰ ਉਹ ਫਿਰ ਬੇਅਦਬੀ ਕਾਂਡ ਦੇ ਕਥਿਤ ਦੋਸ਼ੀਆਂ ਦੇ ਵਕੀਲ ਦੇ ਤੌਰ ’ਤੇ ਅਦਾਲਤ ਵਿੱਚ ਜਾਂਦਾ ਹੈ ਤਾਂ ਸਰਕਾਰੀ ਦਲੀਲਾਂ ਨੂੰ ਕੱਟਣ ਲਈ ਉਸ ਕੋਲ ਹੋਰ ਠੋਸ ਸਮੱਗਰੀ ਹੋਵੇਗੀ।

ਇਸੇ ਤਰ੍ਹਾਂ ਡਾਇਰੈਕਟਰ ਜਨਰਲ ਆਫ ਪੁਲੀਸ ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ ਦੀ ਨਿਯੁਕਤੀ ਵੀ ਵਿਵਾਦ ਰਹਿਤ ਨਹੀਂ ਹੈ। ਚਰਚਾ ਇਹ ਹੈ ਕਿ ਇਹ ਅਧਿਕਾਰੀ ਵੀ ਇੱਕ ਜਾਂਚ ਸਮੇਂ ਬਾਦਲਾਂ ਨੂੰ ਕਲੀਨ ਚਿੱਟ ਦੇ ਚੁੱਕੇ ਹਨ ਜਿਸ ਕਰਕੇ ਉਨ੍ਹਾਂ ਦੀ ਨਿਯੁਕਤੀ ਬਤੌਰ ਡੀ.ਜੀ.ਪੀ. ਨਹੀਂ ਹੋਣੀ ਚਾਹੀਦੀ ਸੀ।

ਮੁੱਖ ਮੰਤਰੀ ਸ੍ਰੀ ਚੰਨੀ ਨੂੰ ਇਹ ਪਤਾ ਹੀ ਸੀ ਕਿ ਕੈਪਟਨ ਦੇ ਵਿਰੋਧ ਵਿੱਚ ਉਹ ਅਤੇ ਉਸ ਦੇ ਸਾਥੀ ਲਗਾਤਾਰ ਇਹ ਮੁੱਦੇ ਚੁੱਕਦੇ ਆਏ ਹਨ ਜਿਨ੍ਹਾਂ ਵਿੱਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਸੀ। ਨਵਜੋਤ ਸਿੱਧੂ ਦੇ ਪੱਖ ਵਿੱਚ ਇਹ ਵੀ ਗੱਲ ਜਾਂਦੀ ਹੈ ਕਿ ਉਹ ਹੋਮ ਵਰਕ ਕਰਕੇ ਤੱਥਾਂ ਦੇ ਆਧਾਰ ’ਤੇ ਗੱਲ ਕਰਦਾ ਹੈ। ਇਸ ਲਈ ਉਸ ਨੇ ਇਨ੍ਹਾਂ ਦੋਵਾਂ ਨਿਯੁਕਤੀਆਂ ਦਾ ਬਾ ਦਲੀਲ ਵਿਰੋਧ ਕੀਤਾ। ਵਿਵਾਦਤ ਵਿਅਕਤੀਆਂ ਨੂੰ ਨਿਯੁਕਤ ਕਰ ਕੇ ਸ੍ਰੀ ਚੰਨੀ ਨੇ ਆਪਣੇ ਪਾਰਟੀ ਪ੍ਰਧਾਨ ਨਾਲ ਵਿਵਾਦ ਨੂੰ ਆਪ ਹੀ ਸਹੇੜਿਆ ਲਿਆ। ਜਾਪਦਾ ਹੈ ਕਿ ਉਹ ਹੁਣ ਵੀ ਇਹ ਵਿਵਾਦ ਮੁਕਾਉਣ ਲਈ ਸੰਜੀਦਾ ਯਤਨ ਨਹੀਂ ਕਰ ਰਿਹਾ ਜਿਸਦਾ ਮੰਤਵ ਨਵਜੋਤ ਸਿੰਘ ਸਿੱਧੂ ਨੂੰ ਸਿਆਸੀ ਤੌਰ ’ਤੇ ਗੁੱਠੇ ਲਾਉਣਾ ਅਤੇ ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ’ਤੇ ਸਥਾਪਤ ਕਰਨਾ ਸੀ ਅਤੇ ਹੁਣ ਵੀ ਇਹੀ ਜਾਪਦਾ ਹੈ। ਖਬਰਾਂ ਮੁਤਾਬਕ ਅਸੀਂ ਇਹ ਸਹਿਜੇ ਸਮਝ ਸਕਦੇ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਚਰਨਜੀਤ ਸਿੰਘ ਚੰਨੀ ਨੂੰ ਨਾ ਅਹਿਲ ਮੁੱਖ ਮੰਤਰੀ ਸਾਬਤ ਕਰ ਕੇ ਖ਼ੁਦ ਮੁੱਖ ਮੰਤਰੀ ਦਾ ਚਿਹਰਾ ਬਣਨਾ ਚਾਹੁੰਦਾ ਹੈ। ਇਹ ਰੇੜਕਾ ਮੁਕਾਉਣ ਲਈ ਕਾਂਗਰਸ ਹਾਈ ਕਮਾਨ ਨੂੰ ਦੋਹਾਂ ਨੂੰ ਘੁਰਕੀ ਮਾਰਨੀ ਪਈ ਜਿਸ ਕਰਕੇ ਚਰਨਜੀਤ ਚੰਨੀ ਨੇ ਵੀ ਕੁਝ ਸਿੱਧੂ ਦੇ ਮੁਤਾਬਕ ਫ਼ੈਸਲੇ ਲਏ ਅਤੇ ਦੋਹਾਂ ਦੀ ਸੁਰ ਰਲਣੀ ਸ਼ੁਰੂ ਹੋਈ।

ਅਸਤੀਫਾ ਦੇ ਚੁੱਕੇ ਅਤੇ ਆਰਜ਼ੀ ਤੌਰ ’ਤੇ ਕੰਮ ਕਰ ਰਹੇ ਐਡਵੋਕੇਟ ਜਨਰਲ ਨੇ ਨਵਜੋਤ ਸਿੰਘ ਸਿੱਧੂ ਵਿਰੁੱਧ ਇੱਕ ਪੱਤਰ ਜਾਰੀ ਕਰਕੇ ਆਪਣੇ ਆਪ ਨੂੰ ਇੱਕ ਹੋਰ ਵਿਵਾਦ ਵਿੱਚ ਫਸਾ ਲਿਆ ਹੈ। ਆਪਣੇ ਪੱਤਰ ਵਿੱਚ ਜਿੱਥੇ ਉਹ ਆਪਣੇ ਸੰਵਿਧਾਨਕ ਅਦਾਰੇ ਦੇ ਕੰਮ ਵਿੱਚ ਸ੍ਰੀ ਸਿੱਧੂ ਦੇ ਰੁਕਾਵਟ ਪਾਉਣ ਦੀ ਗੱਲ ਕਰਦਾ ਹੈ ਉੱਥੇ ਕਾਂਗਰਸ ਪਾਰਟੀ ਨੂੰ ਹੋਰ ਨੁਕਸਾਨ ਦੀ ਵੀ ਗੱਲ ਕਰ ਰਿਹਾ ਹੈ। ਹੈਰਾਨੀ ਹੈ ਕਿ ਇੰਨੇ ਸੀਨੀਅਰ ਵਕੀਲ ਹੁੰਦਿਆਂ ਐਡਵੋਕੇਟ ਜਨਰਲ ਨੂੰ ਇਹ ਵੀ ਪਤਾ ਨਹੀਂ ਕਿ ਸਿਆਸੀ ਪਾਰਟੀ ਕਾਂਗਰਸ ਦੀ ਧਿਰ ਬਣ ਕੇ ਉਹ ਸੰਵਿਧਾਨਕ ਘੇਰੇ ਤੋਂ ਬਾਹਰ ਜਾ ਰਿਹਾ ਹੈ। ਇਸ ਤੋਂ ਇਹ ਵੀ ਸ਼ੱਕ ਪੈਦਾ ਹੁੰਦਾ ਹੈ ਕਿ ਇਹ ਚਿੱਠੀ ਉਸ ਨੇ ਆਪ ਨਹੀਂ ਲਿਖੀ ਬਲਕਿ ਸਿੱਧੂ ਨੂੰ ਠਿੱਠ ਕਰਨ ਲਈ ਲਿਖਵਾਈ ਗਈ ਸੀ। ਇਸ ਚਿੱਠੀ ਦਾ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤਾ ਜਵਾਬ ਪੜ੍ਹ ਕੇ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਸੁੰਨ ਹੋ ਗਈਆਂ ਜਾਪਦੀਆਂ ਹਨ।

ਪਾਰਟੀ ਅਨੁਸ਼ਾਸਨ ਦੇ ਪੱਖ ਤੋਂ ਨਵਜੋਤ ਸਿੰਘ ਸਿੱਧੂ ਦਾ ਆਪਣੀ ਹੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੇ ਸਰੇਆਮ ਕਿੰਤੂ ਪ੍ਰੰਤੂ ਕਰਨਾ ਭਾਵੇਂ ਸ਼ੋਭਾ ਨਹੀਂ ਦਿੰਦਾ ਲੇਕਨ ਮੰਤਰੀ ਦਾ ਅਹੁਦਾ ਛੱਡਣ, ਲੰਮਾ ਸਮਾਂ ਘਰ ਵਿੱਚ ਖ਼ਾਮੋਸ਼ੀ ਕੱਟਣ ਤੋਂ ਬਾਅਦ ਆਪਣੇ ਸਿਆਸੀ ਭਵਿੱਖ ਨੂੰ ਦਾਅ ’ਤੇ ਲਾ ਕੇ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਸਕਿਆ ਸੀ ਜਿਸ ਕਰਕੇ ਚਾਰੇ ਪਾਸੇ ਚਿੱਤ ਹੋਣ ਤੋਂ ਬਾਅਦ ਅਮਰਿੰਦਰ ਸਿੰਘ ਹੁਣ ਕਾਂਗਰਸ ਤੋਂ ਬਾਹਰ ਹੋ ਗਿਆ ਹੈ। ਇਸ ਅਵਸਥਾ ਵਿੱਚ ਜੇ ਚਰਨਜੀਤ ਸਿੰਘ ਚੰਨੀ ਉਸ ਨੂੰ ਗੁੱਠੇ ਲਾਉਣ ਦੇ ਰਾਹ ਪਿਆ ਸੀ ਜਾਂ ਪਿਆ ਹੈ ਤਾਂ ਸ੍ਰੀ ਸਿੱਧੂ ਨੂੰ ਭੜਕਾਹਟ ਵਿੱਚ ਲਿਆਉਣ ਦਾ ਉਹ ਖ਼ੁਦ ਜ਼ਿੰਮੇਵਾਰ ਹੈ। ਇਸ ਕਾਰਜ ਸ਼ੈਲੀ ਦਾ ਚਰਨਜੀਤ ਸਿੰਘ ਚੰਨੀ ਨੂੰ ਵੀ ਕੋਈ ਲਾਭ ਨਹੀਂ ਹੋਇਆ ਅਤੇ ਅਗਾਂਹ ਵੀ ਕੋਈ ਲਾਭ ਨਹੀਂ ਹੋਵੇਗਾ।

ਇਹ ਵਿਵਾਦ ਅਮਲੀ ਤੌਰ ’ਤੇ ਸ੍ਰੀ ਸਿੱਧੂ ਅਤੇ ਸ੍ਰੀ ਚੰਨੀ ਵਿਵਾਦ ਹੈ। ਚਰਨਜੀਤ ਸਿੰਘ ਚੰਨੀ ਨਵਜੋਤ ਸਿੱਧੂ ਤੋਂ ਖ਼ਤਰਾ ਮਹਿਸੂਸ ਕਰਦਿਆਂ ਉਹਦੇ ਉਠਾਏ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰ ਕੇ ਉਸ ਨੂੰ ਕੱਖੋਂ ਹੌਲਾ ਕਰਕੇ ਕਤਾਰ ਤੋਂ ਬਾਹਰ ਕਰਨਾ ਚਾਹੁੰਦਾ ਹੈ ਲੇਕਿਨ ਨਵਜੋਤ ਸਿੰਘ ਸਿੱਧੂ ਕਿਸੇ ਵੀ ਕੀਮਤ ਤੇ ਮੁੱਦੇ ਛੱਡ ਕੇ ਆਤਮਘਾਤ ਨਹੀਂ ਕਰਨਾ ਚਾਹੁੰਦਾ।

ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ‘ਪੰਜਾਬ ਲੋਕ ਕਾਂਗਰਸ’ ਨਾਂ ਦੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਜਦ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣ ਦੀ ਮੁਹਿੰਮ ਚੱਲੀ ਸੀ ਤਾਂ ਉਸ ਸਮੇਂ ਜਿਹੜੇ ਨੇਤਾ ਕੈਪਟਨ ਕੋਲ ਹਾਜ਼ਰੀ ਭਰਦੇ ਰਹੇ ਸਨ ਉਹ ਹੁਣ ਨਜ਼ਰ ਨਹੀਂ ਆ ਰਹੇ। ਉਨ੍ਹਾਂ ਵਿੱਚੋਂ ਕੌਣ ਕੌਣ ਅਮਰਿੰਦਰ ਸਿੰਘ ਦੀ ਪਾਰਟੀ ਵਿੱਚ ਜਾਵੇਗਾ, ਇਹ ਕਹਿਣਾ ਅਜੇ ਮੁਸ਼ਕਿਲ ਹੈ। ਅਮਰਿੰਦਰ ਸਿੰਘ ਦੇ ਕੱਟੜ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਉਸ ਸਮੇਂ ਕੈਪਟਨ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਸਨ ਪਰ ਹੁਣ ਨਜ਼ਰ ਨਹੀਂ ਆ ਰਹੇ। ਕਾਂਗਰਸੀ ਲੀਡਰ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਇਕਸੁਰ ਕਰਨ ਦੇ ਯਤਨ ਵਿੱਚ ਹਨ ਅਤੇ ਉਨ੍ਹਾਂ ਨੂੰ ਕਾਮਯਾਬੀ ਵੀ ਹੋ ਰਹੀ ਹੈ। ਕਿਉਂਕਿ ਸਰਕਾਰੀ ਤਾਕਤ ਚਰਨਜੀਤ ਸਿੰਘ ਚੰਨੀ ਕੋਲ ਹੈ ਇਸ ਲਈ ਵੱਧ ਜ਼ਿੰਮੇਵਾਰੀ ਉਹਦੀ ਬਣਦੀ ਹੈ। ਪਾਰਟੀ ਵਿੱਚ ਆਪਸ ਵਿੱਚ ਗੁੱਥਮ ਗੁੱਥਾ ਹੋਣ ਤੋਂ ਨਿਰਾਸ਼ ਕੁਝ ਪਾਰਟੀ ਵਰਕਰ ਅਤੇ ਨੇਤਾ ਅਮਰਿੰਦਰ ਸਿੰਘ ਨਾਲ ਖਲੋ ਸਕਦੇ ਹਨ। ਹਾਲ ਦੀ ਘੜੀ ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਕਿਸੇ ਨਾ ਕਿਸੇ ਤਰ੍ਹਾਂ ਭਾਜਪਾ ਨਾਲ ਸਮਝੌਤੇ ਦਾ ਹੈ। ਇਸੇ ਕਰਕੇ ਉਹ ਬੀਜੇਪੀ ਨੂੰ ਖੁਸ਼ ਕਰਨ ਲਈ ਦੇਸ਼ ਦੀ ਸੁਰੱਖਿਆ ਅਤੇ ਬੀਐੱਸਐੱਫ ਨੂੰ ਪੰਜਾਬ ਵਿੱਚ ਪੰਜਾਹ ਕਿਲੋਮੀਟਰ ਤਕ ਅਧਿਕਾਰ ਦੇਣ ਦੀ ਵਕਾਲਤ ਕਰ ਰਿਹਾ ਹੈ। ਉਹ ਕਾਂਗਰਸ ਤਾਣੇਬਾਣੇ ਤੋਂ ਨਿਖੜਿਆ ਪਿਆ ਹੈ ਪਰ ਅਗਾਂਹ ਕੀ ਹੋਵੇਗਾ ਇਹ ਅਜੇ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ।

ਅਮਰਿੰਦਰ ਸਿੰਘ ਵੱਲੋਂ ਲਾਏ ਜਾ ਰਹੇ ਇਲਜ਼ਾਮਾਂ ਦਾ ਸ੍ਰੀ ਸਿੱਧੂ ਅਤੇ ਹੋਰ ਕਾਂਗਰਸੀ ਮੰਤਰੀ ਅਤੇ ਨੇਤਾ ਜਵਾਬ ਦੇ ਰਹੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਮਰਿੰਦਰ ਸਿੰਘ ਬਾਰੇ ਸੁਰ ਨਰਮ ਹੈ। ਕੈਪਟਨ ਅਮਰਿੰਦਰ ਸਿੰਘ, ਜਿਸ ਨੇ ਸਾਢੇ ਚਾਰ ਸਾਲ ਸਿਸਵਾਂ ਫਾਰਮ ਹਾਊਸ ਵਿੱਚ ਐਸ਼ ਕਰਕੇ ਬਿਤਾ ਦਿੱਤੇ, ਪੰਜਾਬ ਦੇ ਲੋਕਾਂ ਲਈ ਕੀਤੇ ਵਾਅਦਿਆਂ ਤੋਂ ਮੂੰਹ ਮੋੜੀ ਰੱਖਿਆ, ਪੰਜਾਬ ਨੂੰ ਵੱਡੀ ਗਿਣਤੀ ਵਿੱਚ ਆਪਣੇ ਬਣਾਏ ਸਲਾਹਕਾਰਾਂ, ਓ.ਐੱਸ.ਡੀ. ਵਗੈਰਾ ਦੇ ਹਵਾਲੇ ਕਰ ਛੱਡਿਆ, ਇਹ ਪੰਜਾਬ ਦੇ ਲੋਕਾਂ ਦਾ ਅਪਮਾਨ ਹੀ ਨਹੀਂ ਬਲਕਿ ਲੋਕਾਂ ਨਾਲ ਬੜਾ ਵੱਡਾ ਧੋਖਾ ਵੀ ਹੈ ਲੇਕਿਨ ਮੁੱਖ ਮੰਤਰੀ ਦੀ ਕੁਰਸੀ ਖੁੱਸਣ ਤੋਂ ਬਾਅਦ ਉਸ ਨੂੰ ਆਪਣੇ ਅਪਮਾਨ ਦੀ ਯਾਦ ਆ ਰਹੀ ਹੈ। ਪਿਛਲੇ ਦਿਨੀਂ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਹ ਇੰਕਸ਼ਾਫ ਕੀਤਾ ਸੀ ਕਿ ਕੈ. ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਬੇਟ ਅਤੇ ਦਰਿਆਵਾਂ ਦੇ ਕੰਢੇ ਅੱਤਵਾਦੀਆਂ ਨੂੰ ਮਿਲ ਕੇ ਆਉਂਦੇ ਰਹੇ ਸਨ। ਇਸ ਨਾਲ 1984 ਦੇ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਅਮਰਿੰਦਰ ਸਿੰਘ ਵੱਲੋਂ ਦਿੱਤੇ ਅਸਤੀਫ਼ੇ ਬਾਰੇ ਉਸ ਸਮੇਂ ਲੋਕਾਂ ਦੀ ਘੁਸਰ ਮੁਸਰ ਸੱਚ ਸਾਬਤ ਹੁੰਦੀ ਹੈ ਕਿ ਅਮਰਿੰਦਰ ਨੇ ਅਸਤੀਫ਼ਾ ਅੱਤਵਾਦੀਆਂ ਦੀ ਹਿਮਾਇਤ ਜਿੱਤਣ ਵਾਸਤੇ ਦਿੱਤਾ ਸੀ। ਜੇਕਰ ਅਮਰਿੰਦਰ ਸਿੰਘ ਨੂੰ ਵਾਕਿਆ ਹੀ ਆਪ੍ਰੇਸ਼ਨ ਬਲਿਊ ਸਟਾਰ ਦਾ ਮਾਨਸਿਕ ਤੌਰ ’ਤੇ ਦੁੱਖ ਸੀ ਤਾਂ ਮੁੜ ਕਾਂਗਰਸ ਵਿੱਚ ਕਿਉਂ ਸ਼ਾਮਲ ਹੋਇਆ ਸੀ।

ਕੁਝ ਲੋਕ ਅਮਰਿੰਦਰ ਸਿੰਘ ਕੋਲ ਰਹਿ ਰਹੀ ਇੱਕ ਪਾਕਿਸਤਾਨੀ ਔਰਤ ਨੂੰ ਅਮਰਿੰਦਰ ਸਿੰਘ ਦਾ ਨਿੱਜੀ ਮਸਲਾ ਆਖਦੇ ਹਨ ਪਰ ਮੇਰਾ ਵਿਚਾਰ ਇਹ ਨਹੀਂ ਹੈ। ਜੇਕਰ ਅਮਰਿੰਦਰ ਸਿੰਘ ਦੀ ਪਤਨੀ, ਬੱਚਿਆਂ ਆਦਿ ਉੱਤੇ ਕੋਈ ਟਿੱਪਣੀ ਕੀਤੀ ਜਾਂਦੀ ਹੈ ਤਾਂ ਉਹ ਗ਼ਲਤ ਹੈ ਅਤੇ ਇਹ ਉਸ ਦਾ ਨਿੱਜੀ ਮਸਲਾ ਹੈ। ਉਸ ਦੇ ਪਰਿਵਾਰਕ ਮੈਂਬਰਾਂ ’ਤੇ ਕੋਈ ਵੀ ਟਿੱਪਣੀ ਨਹੀਂ ਕਰਨੀ ਚਾਹੀਦੀ ਪਰ ਜੇਕਰ ਮੁੱਖ ਮੰਤਰੀ ਦੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਕੋਲ ਗੁਆਂਢੀ ਦੇਸ਼, ਜਿਸ ਵਿਰੁੱਧ ਅਕਸਰ ਅਮਰਿੰਦਰ ਸਿੰਘ ਬਿਆਨਬਾਜ਼ੀ ਕਰਦੇ ਰਹਿੰਦੇ ਹਨ, ਤੋਂ ਔਰਤ ਆ ਕੇ ਲੰਮਾ ਸਮਾਂ ਸਰਕਾਰੀ ਰਿਹਾਇਸ਼ ਵਿੱਚ ਰਹਿੰਦੀ ਹੈ, ਜਿਸ ਉੱਤੇ ਕਈ ਲੋਕਾਂ ਨੇ ਪਾਕਿਸਤਾਨ ਦੀ ਖੁਫੀਆ ਏਜੰਟ ਹੋਣ ਦੇ ਦੋਸ਼ ਵੀ ਲਗਾਏ ਹਨ ਤਾਂ ਉਸ ’ਤੇ ਟਿੱਪਣੀ ਕਰਨੀ ਵਾਜਬ ਹੈ। ਇਹ ਅਮਰਿੰਦਰ ਸਿੰਘ ਦਾ ਨਿੱਜੀ ਮਸਲਾ ਨਹੀਂ ਹੈ। ਉਸ ਔਰਤ ਦੇ ਰਹਿਣ ਕਰਕੇ ਅਮਰਿੰਦਰ ਸਿੰਘ ਨੂੰ ਦੇਸ਼ ਦੀ ਸੁਰੱਖਿਆ ਦਾ ਖ਼ਤਰਾ ਮਹਿਸੂਸ ਨਹੀਂ ਹੁੰਦਾ। ਹੁਣ ਜਦ ਮੁੱਖ ਮੰਤਰੀ ਦੀ ਕੁਰਸੀ ਖੁੱਸ ਗਈ ਹੈ ਤਾਂ ਅਮਰਿੰਦਰ ਸਿੰਘ ਨੂੰ ਸੁਰੱਖਿਆ ਦਾ ਖ਼ਤਰਾ ਯਾਦ ਆ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਕਾਲੇ ਦਿਨਾਂ ਦੇ ਦੌਰ ਸਮੇਂ ਵੀ ਲੋਕ ਦੇਸ਼ ਦੀ ਏਕਤਾ ਅਤੇ ਅਖੰਡਤਾ ਦੇ ਹੱਕ ਵਿੱਚ ਖੜ੍ਹੇ ਸਨ ਅਤੇ ਅਗਾਂਹ ਵੀ ਖੜ੍ਹੇ ਰਹਿਣਗੇ। ਵੱਖ ਵੱਖ ਧਰਮਾਂ ਦੇ ਪੰਜਾਬੀਆਂ ਵਿੱਚ ਭਾਈਚਾਰਕ ਸਾਂਝ ਪਹਿਲਾਂ ਵੀ ਪੱਕੀ ਸੀ ਅਤੇ ਅਗਾਂਹ ਵੀ ਇਹਨੂੰ ਕੋਈ ਤੋੜ ਨਹੀਂ ਸਕਦਾ। ਇਸ ਕਰਕੇ ਉਹ ਲੋਕਾਂ ਨੂੰ ਗੁਮਰਾਹ ਕਰਨ ਅਤੇ ਮਗਰਮੱਛ ਦੇ ਹੰਝੂ ਵਹਾਉਣੇ ਬੰਦ ਕਰਨ। ਕੁਝ ਲੋਕ ਇਹ ਵੀ ਦੋਸ਼ ਲਾਉਂਦੇ ਹਨ ਕਿ ਉਹ ਪਾਕਿਸਤਾਨੀ ਔਰਤ ਪੰਜਾਬ ਦੇ ਪ੍ਰਸ਼ਾਸਨਿਕ ਮਸਲਿਆਂ ਵਿੱਚ ਵੀ ਦਖ਼ਲ ਦਿੰਦੀ ਰਹੀ ਅਤੇ ਕਈ ਬਦਲੀਆਂ ਤੇ ਨਿਯੁਕਤੀਆਂ ਉਸ ਦੇ ਕਹਿਣ ’ਤੇ ਕੀਤੀਆਂ ਜਾਂਦੀਆਂ ਸਨ। ਅਮਰਿੰਦਰ ਸਿੰਘ ਨੂੰ ਲੋਕਾਂ ਵੱਲੋਂ ਲਾਏ ਜਾਂਦੇ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣਾ ਚਾਹੀਦਾ ਹੈ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਸਮਾਂ ਬਹੁਤ ਥੋੜ੍ਹਾ ਰਹਿ ਗਿਆ ਹੈ। ਜੇਕਰ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਨੇ ਇੱਕ ਦੂਜੇ ਨੂੰ ਠਿੱਬੀ ਲਾਉਣੀ ਬੰਦ ਨਾ ਕੀਤੀ ਤਾਂ ਇਸ ਗੱਲ ਦਾ ਸ਼ੱਕ ਹੈ ਕਿ ਕੁਝ ਲੀਡਰ ਇਨ੍ਹਾਂ ’ਤੇ ਖਫ਼ਾ ਹੋ ਕੇ ਜਾਂ ਬਹਾਨੇਬਾਜ਼ੀ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲ ਜਾ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲਾ ਰਾਜ ਦੌਰਾਨ ਪੰਜਾਬ ਸਿਰ 90 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੈ। ਹੁਣ ਚਰਨਜੀਤ ਸਿੰਘ ਚੰਨੀ ਨੇ ਜੋ ਛੋਟਾਂ ਦਾ ਦੌਰ ਸ਼ੁਰੂ ਕੀਤਾ ਹੈ ਇਸ ਨਾਲ ਪੰਜਾਬ ਸਿਰ ਕਰਜ਼ੇ ਦਾ ਬੋਝ ਹੋਰ ਵਧ ਜਾਵੇਗਾ। ਕਰਜ਼ਾ ਚੁੱਕ ਕੇ ਛੋਟਾਂ ਦੇਣਾ ਤੋਹਫ਼ੇ ਨਹੀਂ, ਲੋਕਾਂ ਦੀ ਬਰਬਾਦੀ ਦਾ ਰਾਹ ਹੈ।

ਪੰਜਾਬ ਸਰਕਾਰ ਨੇ ਜਿਹੜੇ ਕੁਝ ਠੀਕ ਫ਼ੈਸਲੇ ਲਏ ਹਨ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਲੋੜ ਹੈ। ਭਾਵੇਂ ਸਰਕਾਰ ਕੋਲ ਕੰਮ ਕਰਨ ਲਈ ਸਮਾਂ ਬਹੁਤ ਥੋੜ੍ਹਾ ਹੈ ਪਰ ਉਸ ਨੂੰ ਪੰਜਾਬ ਦੇ ਮੁੱਦਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ ਅਤੇ ਅੰਦਰੂਨੀ ਵਿਰੋਧਤਾਈਆਂ ਤੋਂ ਬਚਣਾ ਚਾਹੀਦਾ ਹੈ। ਪਰਗਟ ਸਿੰਘ ਅਤੇ ਰਾਜਾ ਵੜਿੰਗ ਵਰਗੇ ਕੁਝ ਮੰਤਰੀ ਆਪਣੇ ਆਪਣੇ ਵਿਭਾਗ ਦੇ ਕੰਮਕਾਜ ਲਈ ਠੀਕ ਦਿਸ਼ਾ ਵਿੱਚ ਸਰਗਰਮ ਹਨ। ਬਾਕੀ ਮੰਤਰੀਆਂ ਨੂੰ ਵੀ ਆਪਣੇ ਆਪਣੇ ਵਿਭਾਗਾਂ ਦੀ ਮਸ਼ੀਨਰੀ ਨੂੰ ਹਰਕਤ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨਾ ਚਾਹੀਦਾ ਹੈ। ਸਰਕਾਰ ਦੀ ਲੋਕਾਂ ਵਿੱਚ ਚੰਗੀ ਦਿੱਖ ਸ੍ਰੀ ਚੰਨੀ ਜਾਂ ਸ੍ਰੀ ਸਿੱਧੂ ਦੇ ਮੂੰਹ ਕਰਕੇ ਨਹੀਂ, ਲੋਕ ਪੱਖੀ ਕੰਮਾਂ ਅਤੇ ਪੰਜਾਬ ਦੇ ਮੁੱਦੇ ਹੱਲ ਕਰਕੇ ਹੀ ਬਣ ਸਕਦੀ ਹੈ। ਇਹ ਦੋਵੇਂ ਨੇਤਾ ਇੱਕ ਸੁਰ ਹੋ ਕੇ ਹੀ ਪਾਰਟੀ ਅੰਦਰੋਂ ਉੱਠ ਰਹੀਆਂ ਵਿਰੋਧਤਾਈਆਂ ਦਾ ਹੱਲ ਕਰ ਸਕਦੇ ਹਨ। ਇਸਦਾ ਲਾਭ ਕਾਂਗਰਸ ਪਾਰਟੀ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਵੀ ਹੋ ਸਕਦਾ ਹੈ।

ਲੋਕਾਂ ਨੂੰ ਵੀ ਚਾਹੀਦਾ ਹੈ ਕਿ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹਰ ਪਾਰਟੀ ਦੇ ਨੇਤਾਵਾਂ ਨੂੰ ਉਨ੍ਹਾਂ ਦੀ ਪਿਛਲੀ ਕਾਰਕਰਦਗੀ ਅਤੇ ਅਗਾਂਹ ਪੰਜਾਬ ਦੀ ਹਾਲਤ ਸੁਧਾਰਨ ਲਈ ਬਿਨਾਂ ਝਿਜਕ ਸਵਾਲ ਕਰਨ। ਲੋਕਾਂ ਨੂੰ ਬਿਨਾਂ ਵਜ੍ਹਾ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਮਗਰ ਨਾਅਰੇ ਜਾਂ ਜੈਕਾਰੇ ਮਾਰਨੇ ਬੰਦ ਕਰਨੇ ਚਾਹੀਦੇ ਹਨ ਅਤੇ ਬੇਦਾਗ਼ ਤੇ ਚੰਗੀ ਸ਼ਖ਼ਸੀਅਤ ਵਾਲੇ ਲੋਕਾਂ ਨੂੰ ਧਰਮ, ਜਾਤ ਅਤੇ ਇਲਾਕੇ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਵੋਟਾਂ ਪਾਉਣ ਵਾਲੇ ਪਾਸੇ ਵਧਣਾ ਚਾਹੀਦਾ ਹੈ। ਇਸੇ ਵਿੱਚ ਹੀ ਪੰਜਾਬ ਅਤੇ ਲੋਕਾਂ ਦਾ ਭਲਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3146)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਨਰਿੰਦਰ ਸਿੰਘ ਢਿੱਲੋਂ

ਨਰਿੰਦਰ ਸਿੰਘ ਢਿੱਲੋਂ

Calgary, Alberta, Canada.
Phone: (587 - 436 - 4032)
Email: (ndrdhillon@yahoo.com)