NavjotDr7ਹਨ੍ਹੇਰਿਆਂ ਦੇ ਵਣਜਾਰਿਆਂ ਨੂੰ  ...  ਸੂਹੇ ਸੁਪਨੇ ਲੈਣ ਵਾਲੇ  ... ਕਦੇ ਵੀ ਨਹੀਂ ਪੁੱਗਦੇ ...
(1 ਮਈ 2021)

 

ਨੌਵਾਂ ਨਾਨਕ (ਸ੍ਰੀ ਗੁਰੂ ਤੇਗ ਬਹਾਦਰ ਜੀ)

ਗੁਰੂ ਨਾਨਕ ਦੀ ਲਲਕਾਰ ਨੂੰ
ਸ਼ਹੀਦਾਂ ਦੇ ਸਿਰਤਾਜ ਦੀ
ਸਬਰ ਸੰਤੋਖ ਤੇ ਸੰਜਮ ਨਾਲ
ਦਿੱਤੀ ਸ਼ਹਾਦਤ ਦੀ ਲੜੀ ਨੂੰ
ਆਂਦਰਾਂ ਪਰੋ ਕੇ
ਸਿਰਜਣ ਵਾਲੇ ਨੌਵੇਂ ਨਾਨਕਾ
ਚਾਰ ਸਦੀਆਂ ਪਹਿਲਾਂ
ਇਤਿਹਾਸ ਦਾ
ਰੁਖ਼ ਬਦਲਣ ਵਾਲਿਆ
ਨਿਮਾਣਿਆਂ ਨਿਤਾਣਿਆਂ ਦੀ
ਢਾਲ ਬਣ ਖੜ੍ਹਨ ਵਾਲਿਆ
ਡਰਨਾ ਨਾ ਡਰਾਉਣਾ ਪੜ੍ਹਨ ਵਾਲਿਆ
ਤੂੰ ਸਿਰਫ਼ ਰੂਹਾਨੀ ਮੁਕਤੀ ਦਾਤਾ ਹੀ ਨਹੀਂ,
ਸਾਡੇ ਹੱਕਾਂ ਦਾ ਰਖਵਾਲਾ ਹਿਮਾਲਾ ਸੀ

ਕੁਰਬਾਨੀ ਦਾ ਭਰ ਵਹਿੰਦਾ ਦਰਿਆ ਸੀ,
ਨਿਤਾਣਿਆਂ ਲਈ
ਪਹਿਲਾ ਹੌਕਾ ਤੂੰ ਭਰਿਆ ਸੀ

ਸਮਾਜਿਕ ਨਾ-ਬਰਾਬਰੀ
ਫਿਰਕੂ ਕੱਟੜਤਾ ਦੇ ਖ਼ਿਲਾਫ ਅੜਿਆ
ਡਰ ਕੇ ਨਾ ਦੜਿਆ

ਲੋਕਾਈ ਦੇ ਦਰਦ ਨੂੰ ਹਰਫ਼ ਹਰਫ਼ ਪੜ੍ਹਿਆ
ਮੁਗਲੀਆ ਹਿੱਕ ’ਤੇ
ਸਹਿਜ ਸੁਭਾਅ ਚੜ੍ਹਿਆ

ਤੇਰੇ ਮੁੱਖ ਵਿੱਚੋਂ ਨਿਕਲੇ ਹਰ ਹਰਫ਼ ਨੇ
ਸੈਆਂ ਮਸ਼ਾਲਾਂ ਬਾਲ ਧਰੀਆਂ
ਨਵੀਂ ਰੂਹ ਫੂਕੀ ਨਵੀਆਂ ਪੈੜਾਂ ਕਰੀਆਂ

ਭੈਅ-ਮੁਕਤ ਹੀ ਨਹੀਂ ਕੀਤਾ
ਮਸਤਿਕ ਵਿੱਚ ਬਾਲ਼ੇ ਗਿਆਨ ਦੇ ਚਿਰਾਗ

ਸੁੱਤੀ ਧਰਤ ਦੇ ਜਗਾਏ ਭਾਗ

ਆਰੇ ਨਾਲ ਚੀਰੇ ਭਾਈ ਮਤੀ ਦਾਸ
ਰੂੰ ਵਿੱਚ ਲਪੇਟ ਅਗਨ ਭੇਂਟ ਕੀਤੇ
ਸੂਰਮੇ ਭਾਈ ਸਤੀ ਦਾਸ
ਉਬਲਦੀ ਤੇਗ਼ ’ਚ
ਸੀ ਨਾ ਕਰਨ ਵਾਲੇ ਭਾਈ ਦਿਆਲਾ
ਤਿਆਰ ਕੀਤਾ ਕੈਸਾ ਤੂੰ ਆਲ ਦੁਆਲਾ

ਹਰ ਬਿਰਤਾਂਤ ਹਨ੍ਹੇਰੇ ਵਿੱਚ ਜਗਦੀ ਜਵਾਲਾ
ਹਾਏ! ਇੰਨਾ ਅਨੰਤ ਉਜਾਲਾ

ਪਰ ਸਮਝੇ ਕੋਈ ਕਰਮਾਂ ਵਾਲਾ

ਕਿੰਨੀ ਔਖੀ ਹੈ ਤੁਹਾਡੇ ਦਰਸ਼ਨ ਦੀ
ਚੁੱਭੀ ਮਾਰ ਕੇ ਥਾਹ ਪਾਉਣੀ

ਸਹਿਜ ਚਿੰਤਨ ਦੀ ਡੂੰਘਾਈ
ਜ਼ਾਲਮ ਨੂੰ ਸਮਝ ਨਾ ਆਈ

ਗੂੜ੍ਹੀਆਂ ਰਮਜ਼ਾਂ ਦੀ ਬਾਤ ਪਾਉਣੀ
ਜੋ ਤੇਰੇ ਹਿੱਸੇ ਆਈ

ਧਰਤੀ ਨੂੰ ਆਪਣੀ ਵਿਰਾਸਤ ’ਤੇ
ਮਾਣ ਹੋ ਰਿਹਾ
ਸ਼ਹੀਦਾਂ ਦੇ ਲਹੂ ਨਾਲ ਲਿਖੀਆਂ
ਇਬਾਰਤਾਂ ਪੜ੍ਹਦਿਆਂ
ਸਾਫ਼ ਦਿਸਦਾ ਹੈ
ਸਾਡਾ ਬਾਪੂ ਸਾਡੇ ਲਈ ਕੁਰਬਾਨ ਹੋ ਰਿਹਾ

ਕਦੀ ਧੁੰਦਲੇ ਨਹੀਂ ਹੁੰਦੇ
ਤੁਹਾਡੇ ਕਦਮਾਂ ਦੇ ਨਿਸ਼ਾਨ
ਭਾਈ ਜੈਤਾ ਜੀ ਦੀ ਬੁੱਕਲ ਵਿੱਚ ਅੱਜ ਵੀ
ਸੀਸ ਦੀ ਆਭਾ ਹੈ ਬੇਮਿਸਾਲ

ਸੂਰਜੀ ਜਲਵਾ ਕਮਾਲ

ਕਦਾਚਿਤ ਨਹੀਂ ਵਿਸਰਦਾ ਚਾਂਦਨੀ ਚੌਂਕ
ਅੱਜ ਵੀ ਬੁਲਾਉਂਦਾ ਹੈ
ਚੇਤਾ ਕਰਵਾਉਂਦਾ ਹੈ

ਸੁਲੱਖਣਾ ਵਰਤਾਰਾ ਸੀ
ਨਿਰਭਉ ਨਿਰਵੈਰ ਦਾ

ਨੌਵੇਂ ਨਾਨਕ ਦਾਤਾਰ ਦਾ

ਮਨੁੱਖੀ ਆਜ਼ਾਦੀ ਦਾ
ਪਰਚਮ ਲਹਿਰਾਉਣ ਵਾਲਿਆ

ਹਨ੍ਹੇਰਿਆਂ ਦੇ ਵਣਜਾਰਿਆਂ ਨੂੰ
ਸੂਹੇ ਸੁਪਨੇ ਲੈਣ ਵਾਲੇ
ਕਦੇ ਵੀ ਨਹੀਂ ਪੁੱਗਦੇ
ਸਦਭਾਵਨਾ ਵਾਲਾ ਤੇਰਾ ਸੰਦੇਸ਼
ਚਾਰ ਸਦੀਆਂ ਬਾਦ ਵੀ ਨਿੰਮੋਝੂਣ

ਦਲੀਲ ਦਾ ਗਲਾ ਤੇਗ ਹੇਠ
ਤਰਕ ਜ਼ਲੀਲ ਹੋ ਰਿਹਾ
ਮਨੁੱਖ ਦੀ ਮਨੁੱਖ ਹੱਥੋਂ ਲੁੱਟ ਮੁੱਕੀ ਨਹੀਂ
ਸਾਹਾਂ ਤੇ ਸਵਾਸਾਂ ਤੋਂ
ਪਾਬੰਦੀ ਅਜੇ ਚੁੱਕੀ ਨਹੀਂ

ਤੁਹਾਡੀ ਬਾਣੀ ਪੜ੍ਹੀ ਹੈ
ਬਾਰ ਬਾਰ ਅਨੇਕ ਬਾਰ

ਜਿਸ ਵਿੱਚ ਗਿਆਨ ਸੰਦੇਸ਼ੜਾ ਹੈ
“ਭੈ ਕਾਹੂੰ ਕੋ ਦੇਤ ਨਾ
ਨਹਿ ਭੈ ਮਾਨਤ ਆਨ”

ਮੈਂ ਜਾਵਾਂ ਕੁਰਬਾਨ ਗੁਰੂ ਜੀ
ਮੈਂ ਜਾਵਾਂ ਕੁਰਬਾਨ

ਕਿੰਨੀ ਉੱਚੀ ਕੀਤੀ ਧਰਮ ਦੀ
ਤੁਸੀਂ ਉੱਚ ਦੋਮਾਲੜੀ ਸ਼ਾਨ

ਇਸ ਵਿਚਾਰਧਾਰਾ ਨੂੰ ਸਮਝਣ ਵਾਲੇ
ਤੁਹਾਡੇ ਫ਼ਿਕਰ ਨੂੰ ਪਹਿਚਾਨਣ ਵਾਲੇ
ਸਿਰੜੀ ਸਿਦਕਵਾਨ ਪੁੱਤਰ
ਤੁਰੇ ਨੇ ਅੱਜ ਫੇਰ
ਜ਼ੁਰਅਤ, ਸਿਦਕ, ਹਿੰਮਤ, ਹੌਸਲੇ,
ਤਰਕ ਤੇ ਅਕੀਦੇ ਨਾਲ।
        ***

  ਮੁੜ੍ਹਕੇ ਦੇ ਮੋਤੀਓ

ਆ ਗਿਆ ਹੈ ਮਈ ਦਿਹਾੜਾ
ਕਿਰਤੀਆਂ ਦਾ ਸੁਪਨ ਸੂਹਾ ਰੱਤ ਰੰਗਿਆ
ਬਣ ਗਿਆ ਕੌਮਾਂਤਰੀ ਤਿਉਹਾਰ ਜਿੱਦਾਂ

ਕੰਮ ਦੇ ਘੰਟੇ ਅਠਾਰਾਂ
ਆਦਮੀ ਹਾਂ ਨਾ ਮਸ਼ੀਨ
ਨੀਲੇ ਅੰਬਰ ਦੀ ਗਵਾਹੀ
ਪੈਰਾਂ ਥੱਲੇ ਹੈ ਜ਼ਮੀਨ
ਦੁਨੀਆਂ ਭਰ ਦੇ ਮਿਹਨਤਕਸ਼ੋ
ਉੱਠੋ ਜਾਗੋ
ਕਹਿ ਰਿਹਾ ਮੁੜ ਕੇ ਸ਼ਿਕਾਗੋ

ਸੁਣੋ ਲਵੋ ਮੁੜ ਕੇ ਸ਼ਿਕਾਗੋ ਦੀ ਪੁਕਾਰ
ਕਰ ਰਹੇ ਸੰਗਰਾਮ ਯੋਧੇ
ਦੇ ਰਹੇ ਸਾਨੂੰ ਲਲਕਾਰ

ਥੋੜ ਤੰਗੀ ਦੇ ਰਹੀ ਮੁੜ ਮੁੜ ਵੰਗਾਰ

ਅੱਠ ਘੰਟੇ ਫਿਰ ਨੇ ਬਾਰਾਂ ਬਣਨ ਵਾਲੇ
ਲੱਭ ਲਿਆਉ ਓਹੀ ਮੁੱਕੇ ਤਣਨ ਵਾਲੇ
ਆਓ ਰਲ ਸਾਰੇ ਦੁਬਾਰਾ
ਮੁੜ ਇਤਿਹਾਸ ਨੂੰ ਫਰੋਲੀਏ

ਉਹ ਜੋ ਸਿਰਲੱਥ ਯੋਧੇ
ਪਾ ਗਏ ਸੀ ਸ਼ਹਾਦਤਾਂ
ਕੂਕ ਕੂਕ ਕੇ ਕਹਿ ਰਹੇ
ਪੂੰਜੀਪਤੀ ਹਰ ਦੌਰ ਵਿੱਚ ਹੀ
ਚੱਲਦੇ ਨੇ ਕੋਝੀ ਚਾਲ

ਦੇ ਗਏ ਆਪਣੀ ਆਹੂਤੀ
ਜਾਨ ਵੀ ਕੁਰਬਾਨ ਕਰਕੇ

ਸੂਹੇ ਪਰਚਮ ਵਿੱਚ ਦਮਕਣ
ਤਾਣ ਕਰਕੇ

ਭੁੱਲ ਨਾ ਜਾਇਓ ਉਨ੍ਹਾਂ ਦੀ
ਸ਼ਾਨਾਂ ਮੱਤੀ ਘਾਲਣਾ

ਯਾਦ ਵਿੱਚ ਰੱਤ ਪਾ ਕੇ ਦੀਵੇ ਬਾਲਣਾ

ਜ਼ਿਹਨ ਅੰਦਰ ਆ ਰਹੇ
ਦਰਦ ਵਿੰਨ੍ਹੇ ਬੋਲ ਓਹੀ ਵਾਰ ਵਾਰ
ਕਿਰਤੀਓ! ਵੀਰੋ ਕਿਸਾਨੋ!
ਮੁੜ੍ਹਕਿਆਂ ਦੇ ਮੋਤੀਆਂ ਦੇ ਕਦਰਦਾਨੋ

ਹਰ ਕਿਸੇ ਮੁਕਤੀ ਦਾ ਸਿਰਫ਼ ਏਕਾ ਹੈ ਰਾਹ
ਦੁਸ਼ਮਣਾਂ ਦੇਣਾ ਹੈ ਸਾਨੂੰ ਲੀਹੋਂ ਲਾਹ
ਪਰ ਨਹੀਂ ਖਾਣਾ ਵਿਸਾਹ

ਫਾਂਸੀ ਤਖ਼ਤੇ ਝੂਲਦੇ ਵਰਿਆਮ
ਨੇ ਵੀ ਇਹ ਕਿਹਾ ਸੀ
ਆਵੇਗਾ ਉਹ ਵਕਤ
ਜਦ ਕਦੇ ਸ਼ਬਦਾਂ ਤੋਂ ਵੱਧ ਕੇ
ਬੋਲੇਗੀ ਸਾਡੀ ਚੁੱਪ ਹੀ ਲਗਾਤਾਰ
ਇਹ ਬਣੇਗੀ ਤੇਜ਼ ਧਾਰ
ਅਣਦਿਸਦਾ ਕਾਰਗਰ ਹਥਿਆਰ

ਤਖ਼ਤ ਨਸ਼ੀਨ ਹਾਕਮ ਦੀ ਸੋਚ ਅੰਦਰ
ਉੱਗ ਪਿਆ ਹੈ ਫੇਰ ਜੰਗਲ

ਬੰਨ੍ਹ ਕੇ ਵੀਰੋ ਲੰਗੋਟਾ ਲੜਿਓ ਦੰਗਲ

ਇੱਕ ਸੌ ਛੱਤੀ ਸਾਲ ਪਹਿਲਾਂ
ਮਿਲੇ ਹੱਕਾਂ ਦਾ ਨਾ ਮੁੜ ਕੇ ਹੋਵੇ ਘਾਣ
ਦੁਸ਼ਮਣਾਂ ਦੀ ਚਾਲ ਨੂੰ ਤੂੰ ਪਛਾਣ

ਲਾ ਰਿਹਾ ਸਰਮਾਇਆ ਮੁੜ ਕੇ ਪੂਰਾ ਤਾਣ
ਛੇੜ ਤੂੰ ਹੱਕ ਦੀ ਲੜਾਈ
ਮੁੜ ਕੇ ਭਾਈ ਘਮਾਸਾਣ

ਸਦੀਆਂ ਤੋਂ ਚਲਦੀ ਆ ਰਹੀ ਉਸ ਰੀਤ ਨੂੰ
ਛੇੜ ਉਸੇ ਗੀਤ ਨੂੰ

ਮਿੱਟੀ ਦੇ ਪੁੱਤਰਾ ਤੂੰ ਮੁੜ ਕੇ ਸਾਜ਼ ਬਣ
ਦਰਦਮੰਦਾਂ ਦਾ ਜੈਕਾਰਾ ਆਵਾਜ਼ ਬਣ

ਹੱਕ ਹਾਸਿਲ ਕਰਨ ਲਈ
ਜੀਣ ਖ਼ਾਤਰ ਮਰਨ ਲਈ
ਆਵਾਜ਼ ਉਠਾਉਣੀ ਪੈ ਰਹੀ
ਸਿਰ ਨਾ ਨੀਵਾਂ ਕਰ ਕਦੇ ਬਲਵਾਨ ਬਣ

ਜਬਰ ਜ਼ੁਲਮ ਝੱਲਦਿਆਂ
ਆਪਣਾ ਤੂੰ ਆਪ ਹੀ ਸੁਲਤਾਨ ਬਣ

ਯਾਦ ਰੱਖਣਾ ਰੁਜ਼ਗਾਰ ਲਈ
ਕਿਰਤ ਦੇ ਰਖਵਾਲਿਆਂ ਨੂੰ
ਘਰ ਵਾਪਸੀ ਲਈ ਸਹਿਕਦੇ
ਪੈਰਾਂ ਵਿੱਚ ਪਇਆਂ ਛਾਲਿਆਂ ਨੂੰ

ਰੋਜ਼ੀ ਗਵਾ ਪੱਲੇ ਬੰਨ੍ਹ ਰੋਟੀਆਂ
ਤੁਰੇ ਸੀ ਪੈਦਲ ਕੋਹਾਂ ਲੰਬੇ ਪੈਂਡੇ
ਚੇਤੇ ਰੱਖਿਓ ਭੁੱਲ ਨਾ ਜਾਇਓ
ਰੇਲ ਦੀ ਪਟੜੀ ’ਤੇ
ਖਿਲਰੀਆਂ ਲਾਸ਼ਾਂ ਤੇ ਸੁੱਕੀਆਂ ਰੋਟੀਆਂ
ਸੁਪਨਿਆਂ ਦੀਆਂ ਬੋਟੀਆਂ

ਵਕਤ ਦੀ ਸਮਝੋ ਨਜ਼ਾਕਤ
ਫੇਰ ਵੈਰੀ ਕਰ ਹਮਾਕਤ
ਚਾਹੁੰਦਾ ਹੈ ਸਾਡੀ ਹਸਤੀ ਮੇਟਣਾ

ਆਓ ਕਰੀਏ ਨਿਸ਼ਾਨਦੇਹੀ
ਬੇਗੈਰਤ ਜ਼ਿੰਦਗੀ ਜੋ ਨਹੀਂ ਹੈ
ਜੀਉਣ ਯੋਗ
ਕੌਣ ਹੈ ਇਸ ਦੁਰਦਸ਼ਾ ਲਈ
ਜ਼ਿੰਮੇਵਾਰ

ਨਿਧੜਕ ਹੋ ਚੁੱਕੀਏ ਕਦਮ
ਕਲਮ ਵੀ ਤਾਂ ਹੈ ਹਥਿਆਰ

ਬਾਬੇ ਨਾਨਕ ਦੇ ਗਿਰਾਈਂ
ਭਾਈ ਲਾਲੋ ਫਿਰ ਖੁਆਰ
ਯਾਦ ਕਰੋ ਸਰਬ ਸਾਂਝੇ ਸਰੋਕਾਰ

ਕਿਰਤੀਆਂ ਦੇ ਰਾਜ ਦਾ ਹੀ
ਤਾਂ ਲਿਆ ਸੀ ਭਗਤ ਸਿੰਘ ਵੀਰੇ ਨੇ ਖ਼ਾਬ
ਕਿੱਥੇ ਹੈ ਸੁਪਨੇ ਦੀ ਦਾਬ?

ਮਾਣ ਸਕੇ ਨਾ ਕਦੇ
ਉਸ ਅਜ਼ਾਦੀ ਦਾ ਸਵਾਦ

ਸਿਆਸਤਾਂ ਦੇ ਰੰਗ ਬਦਲੇ
ਢੰਗ ਨਾ ਬਦਲੇ
ਪਰ ਨਾ ਬਦਲੀ ਸੋਚ ਹੀ
ਕਾਲਾ ਦੌਰ
ਫਿਰ ਦਨਦਨਾਉਂਦਾ ਆ ਰਿਹਾ
ਦੰਭੀ ਹਾਕਮ
ਧਨ ਕੁਬੇਰਾਂ ਨਾਲ ਯਾਰੀ
ਪੁਗਾਉਂਦਾ ਜਾ ਰਿਹਾ
ਬਦਲ ਕੇ ਕਾਨੂੰਨ ਸਾਰੇ
ਕਿਰਤੀਆਂ ਦਾ ਖ਼ੂਨ ਚੂਸਣ ਦੇ
ਹੋ ਰਹੇ ਨੇ ਮਸ਼ਵਰੇ

ਸਦੀਆਂ ਤੋਂ ਮਿਲੇ ਹੱਕਾਂ ਨੂੰ ਖੋਹਣ
ਲਈ ਹੋ ਰਹੀਆਂ ਤਦਬੀਰਾਂ ਤਿਆਰ
ਵਿਤਕਰੇਬਾਜ਼ੀ, ਬੇਇਨਸਾਫ਼ੀ,
ਧਨ ਦੀ ਕਾਣੀ ਵੰਡ
ਤੁਹਾਡੀ ਬੁਜ਼ਦਿਲੀ ਦੀ ਸਿਖ਼ਰ
ਜੇ ਅੱਜ ਵੀ ਨਾ ਜਾਣੇ
ਅੱਜ ਵੀ ਨਾ ਸਮਝੇ
ਜਾਗੋ ਮਜ਼ਦੂਰੋ, ਜਾਗੋ ਕਿਸਾਨੋ
ਕਾਲੇ ਸਿਆਹ ਹਨ੍ਹੇਰਿਆਂ ’ਚੋਂ
ਰਾਹ ਤਲਾਸ਼ਣ ਦੇ ਗੁਰ
ਦੱਸ ਰਿਹਾ ਉਹ ਅਜ਼ੀਮ ਸੰਘਰਸ਼
ਹੌਂਸਲਾ ਦੇ ਰਿਹਾ ਸ਼ਿਕਾਗੋ l
ਕੁਰਬਾਨੀਆਂ ਨੂੰ ਸਿਜਦਾ
ਕਰਨਾ ਹੀ ਨਹੀਂ ਕਾਫ਼ੀ
ਸ਼ਹੀਦਾਂ ਦੇ ਆਦਰਸ਼ਾਂ
ਨੂੰ ਬਚਾਉਣ ਦੀ ਘੜੀ ਹੈ ਆ ਗਈ

            *****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2743)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਡਾ. ਨਵਜੋਤ

ਡਾ. ਨਵਜੋਤ

Principal, Lyalpur Khalsa College For Women, Jalandhar, Punjab, India.
(Phone: (91 - 81468 - 28040)
Email: (principallkcw@gmail.com)