NavjotDr7ਤੁਸੀਂ ਬਹੁਤ ਸਸਤੇ ਸਫੈਦੇ ਵੇਚ ਦਿੱਤੇ ਨੇਮੈਂ ਇਸ ਤੋਂ ਦੁੱਗਣਾ ਰੇਟ ਦਿਵਾ ਸਕਦਾ ਹਾਂ ...
(5 ਮਾਰਚ 2023)
ਇਸ ਸਮੇਂ ਪਾਠਕ: 136.

 

ਉਸ ਦੀ ਤਲ਼ਖੀ ਭਰੀ ਅਵਾਜ਼ ਜਦੋਂ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ, ਮੇਰੀ ਸੁਰਤੀ ਕਦੇ ਕਨੇਡਾ ਰਹਿੰਦੇ ਆਪਣੇ ਬੱਚਿਆਂ ਵੱਲ ਤੇ ਕਦੇ ਅਮਰੀਕਾ ਵਸਦੇ ਆਪਣੇ ਰਿਸ਼ਤੇਦਾਰਾਂ ਵੱਲ ਭੌਂ ਜਾਂਦੀ ਹੈ। ਉਸਦਾ ਨਸਲੀ ਵਿਤਕਰੇ ਨਾਲ ਭਰਿਆ ਹਿਦਾਇਤਨਾਮਾ “ਮੈਡਮ ਤੁਹਾਨੂੰ ਚਾਹੀਦਾ ਸੀ ਕਿ ਕਿਸੇ ਪੰਜਾਬੀ ਨੂੰ ਕੰਮ ਦਿੰਦੇ, ਤੁਸੀਂ ਤਾਂ ਕਸ਼ਮੀਰੀਆਂ ਨੂੰ ਤੇ ਉਹ ਵੀ ਮੁਸਲਮਾਨਾਂ ਨੂੰ ਰੁਜ਼ਗਾਰ ਦੇਈ ਜਾ ਰਹੇ ਹੋ?” ਮੇਰੀ ਰੂਹ ਨੂੰ ਕੰਬਣੀ ਛੇੜ ਦਿੰਦਾ ਹੈ।

ਤਿੜਕੀ ਹੋਈ ਸੋਚ ਦੇ ਮਾਲਕ ਇਸ ਬੰਦੇ ਦੀ ਫ਼ਿਰਕੂ ਤਰਬੀਅਤ ਮੈਨੂੰ ਹਰ ਪਲ ਪਰੇਸ਼ਾਨ ਕਰਦੀ ਰਹਿੰਦੀ ਹੈ। ਹਰ ਹੀਲਾ-ਵਸੀਲਾ ਵਰਤ ਕੇ ਰਿਜ਼ਕ ਦੀ ਖ਼ਾਤਿਰ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਪਰਦੇਸੀ ਹੋ ਰਹੇ ਬਹੁਗਿਣਤੀ ਧੀਆਂ ਪੁੱਤਰਾਂ ਦੀਆਂ ਡਾਰਾਂ ਮੈਨੂੰ ਬੇਚੈਨ ਕਰਦੀਆਂ ਰਹਿੰਦੀਆਂ ਹਨ।

ਅਸਲ ਵਿੱਚ ਪਿਛਲੇ ਦੋ ਸਾਲਾਂ ਤੋਂ ਸਾਡੇ ਕਾਲਜ ਦੀ ਪੁਰਾਣੀ ਇਮਾਰਤ ਦੇ ਪਿਛਵਾੜੇ ਲੱਗੇ ਸਫ਼ੈਦਿਆਂ ਨੇ ਮੇਰਾ ਤਾਂ ਲਹੂ ਹੀ ਪੀ ਲਿਆ ਸੀ। ਇਹ ਦਰਖਤ ਪੁਰਾਣੀਆਂ ਛੱਤਾਂ ਦਾ ਨੁਕਸਾਨ ਕਰ ਰਹੇ ਸਨ। ਕਾਲਜ ਦੇ ਸਫਾਈ ਕਰਮਚਾਰੀ ਵੀ ਹਰ ਦੂਜੇ ਦਿਨ ਛੱਤਾਂ ਦੀ ਸਫਾਈ ਕਰ-ਕਰ ਥੱਕੇ ਪਏ ਸਨ। ਬਰਸਾਤ ਦੇ ਦਿਨਾਂ ਵਿੱਚ ਜਦੋਂ ਤੇਜ਼ ਹਵਾਵਾਂ ਵਗਦੀਆਂ ਪੱਤੇ ਤੇ ਟਾਹਣੇ ਪਰਨਾਲਿਆਂ ਵਿੱਚ ਅੜਿੱਕਾ ਬਣ ਜਾਂਦੇ ਤੇ ਅਸੀਂ ਵਰ੍ਹਦੇ ਮੀਂਹ ਵਿੱਚ ਛਤਰੀਆਂ ਲੈ-ਲੈ ਛੱਤਾਂ ਦੀ ਸਫਾਈ ਲਈ ਫਿਕਰਮੰਦ ਹੁੰਦੇ। ਪਰ ਫਿਰ ਵੀ ਇਹਨਾਂ ਦਰਖਤਾਂ ਨੂੰ ਕਟਵਾਉਣ ਦਾ ਮੇਰਾ ਹੀਆ ਨਹੀਂ ਸੀ ਪੈ ਰਿਹਾ। ਸ਼ਾਇਦ ਮੇਰੇ ਅਚੇਤ ਮਨ ਵਿੱਚ ਕਿਤੇ ਇਹ ਸੋਚ ਭਾਰੂ ਸੀ ਕਿ ਮੇਰੇ ਤੋਂ ਬਹੁਤ ਪਹਿਲੇ ਪ੍ਰਿੰਸੀਪਲ ਨੇ ਬੜੀ ਰੀਝ ਨਾਲ ਵਾਤਾਵਰਣ ਦੀ ਸ਼ੁੱਧਤਾ ਲਈ ਇਹ ਦਰਖਤ ਲਗਵਾਏ ਹੋਣਗੇ।

ਇਮਾਰਤ ਦਾ ਵਧਦਾ ਨੁਕਸਾਨ ਦੇਖ ਕੇ ਮੈਨੂੰ ਅਖ਼ੀਰ ਇਹਨਾਂ ਦਰਖਤਾਂ ਨੂੰ ਕਟਵਾ ਕੇ ਇਹਨਾਂ ਦੀ ਜਗ੍ਹਾ ਨਵੇਂ ਦਰਖਤ ਲਗਵਾਉਣ ਦਾ ਪੱਕਾ ਫੈਸਲਾ ਕਰਨਾ ਹੀ ਪਿਆ। ਪੂਰਾ ਸਾਲ ਭਟਕਣ ਤੋਂ ਬਾਅਦ ਲੱਖ ਕੋਸ਼ਿਸ਼ ਕਰਨ ’ਤੇ ਵੀ ਸਾਨੂੰ ਉਚਿਤ ਮੁੱਲ ਦੇਣ ਵਾਲਾ ਕੋਈ ਲੱਕੜ ਦਾ ਵਪਾਰੀ ਨਹੀਂ ਸੀ ਮਿਲ ਰਿਹਾ ਤੇ ਫਿਰ ਅਚਾਨਕ ਦਸੰਬਰ ਦੀ ਇੱਕ ਠੰਢੀ ਯਖ਼ ਸਵੇਰ ਮੈਂ ਕਾਲਜ ਆਉਂਦਿਆਂ ਰਾਹ ਵਿੱਚ ਕੁਹਾੜੇ ਚੱਕੀ ਜਾਂਦੇ ਕਸ਼ਮੀਰੀਆਂ ਨੂੰ ਦੇਖ ਗੱਡੀ ਰੋਕ ਲਈ। ਉਹਨਾਂ ਨਾਲ ਬਿਰਖ ਵਢਾਉਣ ਦੀ ਗੱਲ ਤੋਰੀ ਤੇ ਆਪਣੀ ਕਾਰ ਵਿੱਚ ਬਿਠਾ ਆਪਣੇ ਨਾਲ ਹੀ ਕਾਲਜ ਲੈ ਆਈ।

ਆਪਣੇ ਤਜਰਬੇਕਾਰ ਸਾਥੀਆਂ ਨਾਲ ਸਲਾਹ ਕਰਕੇ ਸੌਦਾ ਅਜੇ ਨੇਪਰੇ ਚਾੜ੍ਹਿਆ ਹੀ ਸੀ ਕਿ ਕਾਲਜ ਦਾ ਇੱਕ ਕਰਮਚਾਰੀ ਜਿਸ ਨੂੰ ਮੈਂ ਕਈ ਵਾਰ ਲੱਕੜ ਦੇ ਠੇਕੇਦਾਰ ਲੱਭ ਕੇ ਲਿਆਉਣ ਲਈ ਕਹਿ ਚੁੱਕੀ ਸੀ, ਭੱਜਿਆ ਭੱਜਿਆ ਮੇਰੇ ਕੋਲ ਆਇਆ ਤੇ ਕਹਿਣ ਲੱਗਾ, “ਤੁਸੀਂ ਬਹੁਤ ਸਸਤੇ ਸਫੈਦੇ ਵੇਚ ਦਿੱਤੇ ਨੇ, ਮੈਂ ਇਸ ਤੋਂ ਦੁੱਗਣਾ ਰੇਟ ਦਿਵਾ ਸਕਦਾ ਹਾਂ।”

ਮੈਂ ਬੜੀ ਦੁਚਿੱਤੀ ਵਿੱਚ ਪੈ ਗਈ ਕਿਉਂਕਿ ਕਸ਼ਮੀਰੀਆਂ ਤੋਂ ਸਾਈ ਫੜ ਰਸੀਦ ਕਟਵਾ ਪੈਸੇ ਕਾਲਜ ਦੇ ਖਾਤੇ ਵਿੱਚ ਜਮ੍ਹਾਂ ਵੀ ਕਰਵਾ ਚੁੱਕੀ ਸੀ। ਕਾਫੀ ਸੌਦੇਬਾਜ਼ੀ ਤੋਂ ਬਾਅਦ ਹੀ ਸੌਦਾ ਸਿਰੇ ਚੜ੍ਹਿਆ ਸੀ। ਆਪਣੀ ਕਰਮ ਭੂਮੀ ਲਈ ਜਿੱਥੇ ਫਜ਼ੂਲ ਖਰਚਿਆਂ ਪ੍ਰਤੀ ਮੈਂ ਬਹੁਤ ਹੀ ਸੰਕੋਚੀ ਹਾਂ, ਉੱਥੇ ਲਾਹੇ ਦਾ ਵੀ ਮੈਨੂੰ ਪੂਰਾ ਧਿਆਨ ਰਹਿੰਦਾ ਹੈ। ਮੈਂ ਕਸ਼ਮੀਰੀ ਬੰਦਿਆਂ ਨੂੰ ਫੋਨ ਕਰਕੇ ਆਪਣੀ ਬੇਵਸੀ ਦੱਸੀ ਤੇ ਸਾਈ ਵਾਪਸ ਲੈ ਜਾਣ ਲਈ ਕਿਹਾ। ਸਾਡਾ ਕਰਮਚਾਰੀ ਪਲਾਂ ਛਿਣਾਂ ਵਿੱਚ ਹੀ ਨਵਾਂ ਖਰੀਦਦਾਰ ਲੈ ਆ ਧਮਕਿਆ। ਭਾਵੇ ਮੈਂ ਵਪਾਰੀ ਨਹੀਂ, ਸੌਦੇਬਾਜ਼ੀ ਕਰਨ ਵਿੱਚ ਜਮ੍ਹਾਂ ਹੀ ਨਲਾਇਕ ਹਾਂ ਪਰ ਵਪਾਰ ਦੇ ਅਸੂਲਾਂ ਨੂੰ ਸਮਝਦੇ ਹੋਏ ਮੈਂ ਪੁਰਾਣੇ ਖਰੀਦਦਾਰ ਨੂੰ ਇਹੀ ਕਿਹਾ ਕਿ ਮੈਨੂੰ ਤਿੰਨ ਗੁਣਾ ਵੱਧ ਭਾਅ ਮਿਲ ਰਿਹਾ ਹੈ। ਪਹਿਲ ਤੁਹਾਡੀ ਹੈ, ਜੇ ਤੁਸੀਂ ਇੱਛੁਕ ਹੋ ਤਾਂ ਕੱਲ੍ਹ ਤੋਂ ਹੀ ਕਟਾਈ ਸ਼ੁਰੂ ਕਰ ਦਿਓ। ਉਹਨਾਂ ਬੜੀ ਸ਼ਰਾਫਤ, ਮਿਹਨਤ ਤੇ ਇਮਾਨਦਾਰੀ ਨਾਲ ਕੰਮ ਨੇਪਰੇ ਚਾੜ੍ਹਿਆ। ਮੇਰਾ ਉਹ ਕਰਮਚਾਰੀ ਜੋ ਪਹਿਲਾਂ ਘੱਟ ਪੈਸਿਆਂ ਦਾ ਵਾਸਤਾ ਪਾ ਰਿਹਾ ਸੀ, ਲੰਘਦਾ-ਵੜਦਾ ਹਿਕਾਰਤ ਭਰੀ ਨਜ਼ਰ ਨਾਲ ਉਨ੍ਹਾਂ ਨੂੰ ਵੇਖਦਾ ਤੇ ਉਹਨਾਂ ਦਿਨਾਂ ਵਿੱਚ ਕਈ ਵਾਰ ਕਈ ਤਰੀਕਿਆਂ ਨਾਲ ਉਸਨੇ ਆਪਣਾ ਹੱਕ ਪ੍ਰਸਤੀ ਦਾ ਦਾਅਵਾ ਵੀ ਮੇਰੇ ਸਾਹਮਣੇ ਪੇਸ਼ ਕੀਤਾ। ਫਿਰ ਇੱਕ ਦਿਨ ਕੋਈ ਵਾਹ ਨਾ ਜਾਂਦੀ ਦੇਖ ਕੇ ਕਸ਼ਮੀਰੀਆਂ ਤੇ ਮੁਸਲਮਾਨਾਂ ਦਾ ਨਸਲੀ ਵਿਤਕਰਾ ਮੇਰੇ ਕੋਲ ਉੱਚੀ ਸੁਰ ਵਿੱਚ ਅਲਾਪਣ ਲੱਗਾ, “ਅਕ੍ਰਿਤਘਣ ਕੌਮ ਹੈ ਇਹ ... ਕਿਉਂ ਭੁੱਲ ਗਏ? ਇਹਨਾਂ ਲੋਕਾਂ ਸਾਡੇ ਗੁਰੂਆਂ ਨਾਲ ਅਤੇ ਉੱਨੀ ਸੌ ਸੰਤਾਲੀ ਵਿੱਚ ਸਾਡੇ ਨਾਲ ਕੀ ਕੀਤਾ?”

ਉਸਦੀ ਇਹ ਗੱਲ ਸੁਣ ਮੇਰੀ ਰੂਹ ਕੰਬ ਗਈ। ਮੈਨੂੰ ਸਮਝ ਨਹੀਂ ਲੱਗ ਰਹੀ ਸੀ ਕਿ ਤਾਲਿਬਾਨੀ ਸੋਚ ਦੇ ਮਾਲਕ ਇਸ ਨੌਜਵਾਨ ਨੂੰ ਕਿਵੇਂ ਸਮਝਾਵਾਂ ਕਿ ਅਸੀਂ ਸਾਰੇ ਇੱਕੋ ਦੇਸ਼ ਦੇ ਵਸਨੀਕ ਹਾਂ। ਹਰ ਭਾਰਤੀ ਦਾ ਪੂਰੇ ਭਾਰਤ ’ਤੇ ਹੱਕ ਹੈ। ਸਾਨੂੰ ਦੇਸ਼ ਦੇ ਕਿਸੇ ਵੀ ਸੂਬੇ ਵਿੱਚ ਕੰਮ ਕਰਨ ਦਾ ਪੂਰਾ ਅਧਿਕਾਰ ਹੈ। ਜੇ ਮਿਹਨਤਕਸ਼ ਕਿਰਤੀ ਲੋਕ ਦੇਸ਼ ਦੇ ਕਿਸੇ ਵੀ ਸੂਬੇ ਵਿੱਚੋਂ ਆ ਉਸ ਸੂਬੇ ਦੇ ਕੰਮ ਧੰਦੇ ਸਾਂਭ ਰਹੇ ਹਨ ਤਾਂ ਸਾਨੂੰ ਇਸਦੇ ਪਿੱਛੇ ਕਾਰਜਸ਼ੀਲ ਕਾਰਨਾਂ ਨੂੰ ਗਹਿਰਾਈ ਨਾਲ ਸਮਝਣ ਦੀ ਲੋੜ ਹੈ। ਨਸ਼ਿਆਂ ਦੀ ਦਲਦਲ ਵਿੱਚ ਫਸੀ ਪੰਜਾਬ ਦੀ ਨੌਜਵਾਨੀ ਲਈ ਫਿਕਰਮੰਦ ਹੋਣ ਦੀ ਲੋੜ ਹੈ। ਸੇਖ਼ੀ ਖੋਰਿਓ! ਪੰਜਾਬੀ ਤਾਂ ਬਹੁਤ ਖੁੱਲ੍ਹ ਦਿਲੇ ਲੋਕ ਹਨ। ਇਹ ਦਕਿਆਨੂਸੀ ਸੋਚ ਕਦੋਂ ਤੇ ਕਿਵੇਂ ਭਾਰੂ ਹੋ ਗਈ?

ਇੱਕੋ ਦੇਸ਼ ਦੇ ਵਸਨੀਕਾਂ ਵਿੱਚ ਨਫ਼ਰਤ ਦੀ ਐਨੀ ਵੱਡੀ ਖਾਈ ਨੇ ਮੇਰੇ ਦਿਲ ਦਿਮਾਗ ’ਤੇ ਗਹਿਰੀ ਸੱਟ ਮਾਰੀ। ਜਿਹਨਾਂ ਗੁਰੂ ਸਾਹਿਬਾਨ ਨਾਲ ਮੁਸਲਮਾਨਾਂ ਵੱਲੋਂ ਹੋਏ ਧੱਕੇ ਦੀ ਉਹ ਜੋ ਦਲੀਲ ਦੇ ਰਿਹਾ ਸੀ ਉਹਨਾਂ ਦੁਆਰਾ ਪ੍ਰਚਾਰੇ ਮਾਨਵਤਾ ਤੇ ਸਾਂਝੀਵਾਲਤਾ ਦੇ ਸੁਨੇਹੇ ਨੂੰ ਤਾਂ ਸੌੜੀ ਸੋਚ ਦਾ ਮਾਲਕ ਇਹ ਬੰਦਾ ਜਮਾਂ ਹੀ ਭੁੱਲੀ ਬੈਠਾ ਸੀ। ਮੱਕੇ ਮਦੀਨੇ ਤਕ ਭਾਈ ਮਰਦਾਨੇ ਦਾ ਯੁਗ ਪੁਰਖ ਗੁਰੂ ਨਾਨਕ ਦੇਵ ਜੀ ਦਾ ਹਮਸਫ਼ਰ ਹੋਣਾ ਉਹਨਾਂ ਦੀ ਗੈਰ-ਫਿਰਕੂ ਸੋਚ ਦਾ ਸਭ ਤੋਂ ਵੱਡਾ ਸਬੂਤ ਹੈ।

ਛੇੜ ਮਰਦਾਨਿਆਂ ਰਬਾਬ ...ਦੀ ਗੂੰਜ ਅੱਜ ਵੀ ਮੇਰੇ ਕੰਨਾਂ ਵਿੱਚ ਸੁਗੰਧੀਆਂ ਘੋਲਦੀ ਹੈ। ਸ਼ੇਖ ਫਰੀਦ ਵਰਗੇ ਉੱਚ ਕੋਟੀ ਦੇ ਵਿਦਵਾਨ ਦੇ ਕਲਾਮ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਾਣ ਨਾਲ ਦਰਜ ਕਰਨਾ ਇਹਨਾਂ ਕੱਟੜ ਪ੍ਰਸਤਾਂ ਨੂੰ ਕਿਉਂ ਭੁੱਲ ਜਾਂਦਾ ਹੈ?

ਸਾਂਈ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਜੀ ਦੀ ਰੂਹਾਨੀ ਸਾਂਝ ਨੂੰ ਕੁੱਲ ਆਲਮ ਜਾਣਦਾ ਹੈ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਦਾ ਸੰਘਰਸ਼ ਵੀ ਮਾਨਵੀ ਹੱਕਾਂ ਲਈ ਸੀ ਨਾ ਕਿ ਕਿਸੇ ਕੌਮ ਜਾਂ ਧਰਮ ਦੇ ਖਿਲਾਫ਼। ਕਿਵੇਂ ਸਮਝਾਵਾਂ ਇਹਨਾਂ ਸਿਰਫਿਰੇ ਜਨੂੰਨੀਆਂ ਨੂੰ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦਾ ਯੁੱਧ ਵੀ ਸਥਾਪਤੀ ਦੇ ਖਿਲਾਫ ਸੀ, ਉਹ ਚਾਹੇ ਮੁਗਲ ਰਾਜ ਹੋਵੇ ਜਾਂ ਗਦਾਰ ਪਹਾੜੀ ਰਾਜੇ। ਪੀਰ ਬੁੱਧੂ ਸ਼ਾਹ ਵਰਗੇ ਮੁਸਲਿਮ ਦਰਵੇਸ਼ ਨੇ ਮਾਨਵਤਾ ਲਈ ਕੀਤੇ ਯੁੱਧ ਵਿੱਚ ਦਸਮ ਪਿਤਾ ਦਾ ਸਾਥ ਦਿੱਤਾ। ਉਹ ਤਾਂ ਇਨ੍ਹਾਂ ਸਿਰ ਫਿਰਿਆਂ ਨੂੰ ਭੁੱਲ ਹੀ ਜਾਂਦਾ ਹੈ। ਨਬੀ ਖਾਨ, ਗਨੀ ਖਾਨ ਤੇ ਮਲੇਰਕੋਟਲੇ ਵਾਲੇ ਨਵਾਬ ਦੀ ਦੇਣ ਇਨ੍ਹਾਂ ਨੂੰ ਕਿੱਥੇ ਯਾਦ ਰਹਿਣੀ ਹੈ। ਅਜਿਹੀ ਬਿਮਾਰ ਮਾਨਸਿਕਤਾ ਦੇ ਲੋਕ ਜਦੋਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਨ ਤਾਂ ਉਹਨਾਂ ਦੁਆਰਾ ਪ੍ਰਚਾਰੇ ਮਾਨਵਤਾ ਅਤੇ ਸਰਬ ਸਾਂਝੀਵਾਲਤਾ ਦੇ ਸੁਨੇਹੇ ਨੂੰ ਵਿਸਰ ਹੀ ਜਾਂਦੇ ਹਨ। ਅਜਿਹੀ ਨਕਾਰਤਮਕ ਮਾਨਸਿਕਤਾ ਦੇ ਸ਼ਿਕਾਰ ਲੋਕ ਸਿਆਸਤਦਾਨਾਂ ਦੀਆਂ ਲੂੰਬੜਚਾਲਾਂ ਨੂੰ ਕਦੇ ਵੀ ਸਮਝ ਨਹੀਂ ਸਕਦੇ। ਮਨੋਵਿਗਿਆਨੀਆਂ ਦਾ ਮੱਤ ਹੈ ਕਿ ਹਰ ਨਫ਼ਰਤ ਪਿੱਛੇ ਇੱਕ ਸਿਆਸਤ ਹੁੰਦੀ ਹੈ। ਨਿੱਜੀ ਹਿਤ ਹੁੰਦੇ ਹਨ। ਸਿਆਸਤਦਾਨਾਂ ਦੇ ਨਫ਼ਰਤੀ ਭਾਸ਼ਣ ਧਰਮ ਦੇ ਨਾਮ ’ਤੇ ਕੱਟੜਤਾ ਫੈਲਾ ਕੇ ਆਪਸੀ ਨਫ਼ਰਤ ਤੇ ਸਾੜਿਆਂ ਨੂੰ ਤਾਂ ਹਵਾ ਦੇ ਹੀ ਰਹੇ ਹਾਂ ਪਰ ਕਈ ਵਾਰ ਲੋਕਾਂ ਦੇ ਆਪਣੇ ਨਿੱਜੀ ਮੁਫ਼ਾਦ ਵੀ ਐਨੇ ਭਾਰੂ ਹੋ ਜਾਂਦੇ ਹਨ ਕਿ ਦਲਾਲੀ ਲੈਣ ਦੀ ਪ੍ਰਕਿਰਿਆ ਵਿੱਚ ਮਰੀ ਹੋਈ ਸੰਵੇਦਨਾ ਵਾਲੇ ਇਹ ਲੋਕ ਆਪਣੀ ਹੱਕੀ ਪਛਾਣ ਦਾ ਫਿਕਰ ਨਹੀਂ ਰੱਖਦੇ, ਸਗੋਂ ਰੰਗ, ਧਰਮ, ਜਾਤ ਤੇ ਨਸਲ ਦੇ ਨਾਮ ਤੇ ਨਫ਼ਰਤ ਫੈਲਾ ਕੇ ਦੰਗੇ ਫਸਾਦ ਕਰਵਾ ਕੇ ਆਪਣਾ ਮਤਲਬ ਕੱਢਣਾ ਹੀ ਇਹਨਾਂ ਦਾ ਅਸਲੀ ਧਰਮ ਹੁੰਦਾ ਹੈ।

ਏਕ ਪਿਤਾ ਏਕਸ ਕੇ ਹਮ ਬਾਰਿਕ” ਤੋਂ ਸਬਕ ਸਿੱਖਣ ਦੀ ਬਜਾਏ ਇਹ ਲੋਕ ਮੰਦਿਰ, ਮਸਜਿਦ ਦਾ ਦੰਗਲ ਕਰਵਾ ਕੇ ਧਾਰਮਿਕ ਸੰਪਰਦਾਇਕਤਾ ਦੇ ਪਿਛਲੱਗ ਬਣ ਜਾਂਦੇ ਹਨ। ਅਜਿਹੀ ਖਤਰਨਾਕ ਸੋਚ ਸਾਡੀ ਹੋਂਦ ਵਿੱਚੋਂ ਮਾਨਵਤਾ ਨੂੰ ਮਨਫ਼ੀ ਕਰੀ ਜਾ ਰਹੀ ਹੈ। ਇਹ ਮਾਨਵਘਾਤੀ ਲੋਕ ਆਦਮ-ਬੋ, ਆਦਮ-ਬੋ ਕਰਦੇ ਸਾਡੇ ਆਲੇ-ਦੁਆਲੇ ਹੀ ਮੰਡਰਾਉਂਦੇ ਰਹਿੰਦੇ ਹਨ।

ਮੇਰੇ ਵਰਗੇ ਸਾਰੇ ਮੁਹੱਬਤੀ ਲੋਕਾਂ ਨੂੰ ਅਸੁਰੱਖਿਅਤਾ ਦੀ ਇਹ ਭਾਵਨਾ ਗਹਿਰਾ ਦਰਦ ਦਿੰਦੀ ਹੈ। ਇਸ ਅਡੰਬਰ ਨੂੰ ਜੱਗ ਜ਼ਾਹਰ ਕਰਨਾ ਸਾਡਾ ਅਭ ਦਾ ਫ਼ਰਜ਼ ਹੈ। ਇਸ ਤਰ੍ਹਾਂ ਦੀਆਂ ਗਰਮ ਹਵਾਵਾਂ ਦੇ ਖਿਲਾਫ਼ ਜੇ ਅਸੀਂ ਨਹੀਂ ਲੜਾਂਗੇ ਤਾਂ ਕੌਣ ਲੜੇਗਾ? ਨਫ਼ਰਤ ਦੀ ਇਹ ਕੰਧ ਹਰ ਹਾਲ ਵਿੱਚ ਢਹਿਣੀ ਚਾਹੀਦੀ ਹੈ। ਆਓ! ਅਮਨ, ਸ਼ਾਂਤੀ, ਧਾਰਮਿਕ ਸਦਭਾਵਨਾਵਾਂ ਤੇ ਏਕਤਾ ਦੀਆਂ ਤੰਦਾਂ ਨੂੰ ਮਜ਼ਬੂਤ ਕਰੀਏ। ਆਪਣੇ-ਆਪਣੇ ਮਨ-ਮਸਤਕ ਵਿੱਚ ਗਿਆਨ ਦੀਆਂ ਮਤਾਬੀਆਂ ਬਾਲ ਕੇ ਗੁਰੂ ਸਾਹਿਬਾਨ ਦੇ ਜੀਵਨ ਫ਼ਲਸਫੇ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਜਾਣੀਏ, ਸਮਝੀਏ ਤੇ ਉਸ ’ਤੇ ਅਮਲ ਕਰੀਏ, ਹਰ ਧਰਮ ਵੱਲੋਂ ਦਰਸਾਈ ਜੀਵਨ ਜਾਚ ਨੂੰ ਅਪਣਾਈਏ ਤਾਂ ਹੀ ਅਸੀਂ ਉਹਨਾਂ ਦੇ ਸੱਚੇ-ਸੁੱਚੇ ਪੈਰੋਕਾਰ ਬਣ ਸਕਾਂਗੇ।

ਆਓ! ਸਰਬ ਸਾਂਝੀਵਾਲਤਾ ਦਾ ਦੀਪ ਮੁੜ ਜਗਾਈਏ ਤੇ ਵਿਸ਼ਵਵਿਆਪੀ ਸੋਚ ਨੂੰ ਉਭਾਰ, ਪਿਆਰ ਦਾ ਪਰਚਮ ਲਹਿਰਾਈਏ।
*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3831)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਡਾ. ਨਵਜੋਤ

ਡਾ. ਨਵਜੋਤ

Principal, Lyalpur Khalsa College For Women, Jalandhar, Punjab, India.
(Phone: (91 - 81468 - 28040)
Email: (principallkcw@gmail.com)