NavjotDr7ਇਨ੍ਹਾਂ ਪਾੜਿਆਂ ਨੇ ਇੱਥੇ ਰਹਿੰਦਿਆਂ ਆਪਣੇ ਗੁਰੂਆਂ ਕੋਲੋਂ ਸਿਰਫ਼ ਬੌਧਿਕ ਝੋਲੀਆਂ ਹੀ ਨਹੀਂ ਭਰੀਆਂ ਸਗੋਂ ਆਪ ਸੋਚਣ ...
(26 ਜੂਨ 2023)


ਮੇਰੇ ਕੁਝ ਪਾਠਕਾਂ ਦੀ ਅਕਸਰ ਇਹ ਸ਼ਿਕਾਇਤ ਰਹਿੰਦੀ ਹੈ ਕਿ ਮੈਂ ਆਪਣੀਆਂ ਲਿਖਤਾਂ ਵਿਚ ਜ਼ਿੰਦਗੀ ਦਾ ਕਰੂਪ ਪੱਖ ਹੀ ਦਿਖਾਉਂਦੀ ਹਾਂ। ਸ਼ਾਇਦ ਇਹਦੇ ਪਿੱਛੇ ਮੇਰੇ ਅਚੇਤ ਮਨ ਵਿਚ ਇਹ ਧਾਰਨਾ ਪਈ ਹੋਵੇ ਕਿ ਆਪਣੇ ਸਮਾਜ ਵਿਚ ਫੈਲੇ ਕੋਹਜ ਨੂੰ ਦਿਖਾ ਕੇ ਮੈਂ ਕਿਤੇ ਨਾ ਕਿਤੇ ਲੋਕਾਈ ਨੂੰ ਸੋਹਣਾ-ਸੁਨੱਖਾ ਸਮਾਜ ਸਿਰਜਨ ਦੇ ਰਾਹ ਤੋਰ ਸਕਾਂ। ਅੱਜ ਮੇਰਾ ਮਕਸਦ ਇਹ ਅਹਿਸਾਸ ਕਰਵਾਉਣਾ ਹੈ ਕਿ ਜੇ ਇਸ ਧਰਤੀ ’ਤੇ ਸਾਰੇ ਮਨੁੱਖ ਦਿਆਲੂ
, ਕਿਰਪਾਲੂ ਤੇ ਦਿਆਨਤਦਾਰ ਨਹੀਂ ਹੁੰਦੇ ਤਾਂ ਸਾਰੇ ਲੋਕ ਮਾੜੇ ਵੀ ਨਹੀਂ ਹੁੰਦੇ। ਜੇ ਤੁਹਾਡੇ ਕੁਝ ਨੇੜਲੇ ਲੋਕ ਕਈ ਵਾਰ ਬਿਨਾਂ ਕਾਰਨ ਆਪੇ ਹੀ ਤੁਹਾਡੇ ਦੁਸ਼ਮਣ ਬਣ ਜਾਂਦੇ ਹਨ ਤਾਂ ਕਈ ਅਜਿਹੇ ਬਿਗਾਨੇ ਵੀ ਹੁੰਦੇ ਹਨ ਜੋ ਤੁਹਾਡੀ ਖੁਸ਼ੀ ਦੀ ਖ਼ਾਤਰ ਸਿਰ ਧੜ ਦੀ ਬਾਜ਼ੀ ਲਗਾ ਦਿੰਦੇ ਹਨ। ਮੇਰੀ ਇਹ ਧਾਰਨਾ ਰਹੀ ਹੈ ਕਿ ਆਪਣੇ ਲਈ ਜਿਊਣਾ ਜ਼ਿੰਦਗੀ ਨਹੀਂ, ਜ਼ਿੰਦਗੀ ਉਹੀ ਖੂਬਸੂਰਤ ਹੈ ਜਿਸ ਦਾ ਕੋਈ ਮਕਸਦ ਹੋਵੇ ਤੇ ਉਹ ਮਕਸਦ ਲੋਕ ਭਲਾਈ ਨਾਲ ਸੰਬੰਧਿਤ ਹੋਵੇ। ਮੈਂ ਮੰਨਦੀ ਹਾਂ ਕਿ ਸਾਡੇ ਸਮਾਜ ਵਿਚ ਬਹੁਤ ਘੱਟ ਉਹ ਲੋਕ ਹਨ ਜਿਨ੍ਹਾਂ ਅੰਦਰ ਦੂਸਰਿਆਂ ਲਈ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ। ਬਾਵਜੂਦ ਇਸ ਦੇ ਮੇਰੀ ਨਿੱਜੀ ਰਾਏ ਹੈ ਕਿ ਇਸ ਧਰਤੀ ਉੱਤੇ ਸਾਫ਼-ਸੁਥਰੇ ਅਕਸ ਵਾਲੇ ਲੋਕ ਜ਼ਿਆਦਾ ਹਨ, ਤਾਂ ਹੀ ਤਾਂ ਜ਼ਿੰਦਗੀ ਬਾ-ਦਸਤੂਰ ਚੱਲ ਰਹੀ ਹੈ।

ਜਿਸ ਵੇਲੇ ਨੋਟਬੰਦੀ ਹੋਈ, ਮੇਰੀ ਧੀ ਘਰ ਤੋਂ ਕੋਹਾਂ ਦੂਰ ਆਈ. ਆਈ. ਟੀ. ਖੜਗਪੁਰ ਵਿਖੇ ਪੜ੍ਹ ਰਹੀ ਸੀ। ਖੜਗਪੁਰ ਦੀ ਧਰਤੀ ’ਤੇ ਵਸੀ ਇਹ ਸੰਸਥਾ ਸ਼ਹੀਦਾਂ ਦੇ ਲਹੂ ਦੀ ਮਹਿਕ ਨਾਲ ਅੱਜ ਵੀ ਸਰਸ਼ਾਰ ਹੈ। ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਜਿਨ੍ਹਾਂ ਦੇਸ਼ ਭਗਤਾਂ ਨੂੰ ਜੰਗ-ਏ-ਅਜ਼ਾਦੀ ਵਿਚ ਸ਼ਾਮਿਲ ਹੋਣ ’ਤੇ ਸਜ਼ਾ ਦਿੱਤੀ ਜਾਂਦੀ ਸੀ, ਉਨ੍ਹਾਂ ਨੂੰ ਖੜਗਪੁਰ ਵਿਖੇ ਸਥਾਪਤ ਕੀਤੀ ਹਿਜਲੀ ਜੇਲ੍ਹ ਵਿਚ ਭੇਜਿਆ ਜਾਂਦਾ ਸੀ। ਇਹ ਉਹ ਸਥਾਨ ਹੈ ਜਿੱਥੇ ਸਭ ਧਰਮਾਂ ਅਤੇ ਫਿਰਕਿਆਂ ਤੋਂ ਉੱਪਰ ਉੱਠ ਕੇ ਸਾਡੇ ਕੌਮੀ ਪਰਵਾਨਿਆਂ ਨੇ ਸਮੁੱਚੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਉਸ ਸਮੇਂ ਦੀ ਸਰਕਾਰ ਨੇ ਹਿਜਲੀ ਜੇਲ੍ਹ ਨੂੰ ਸਾਂਭ ਉਸ ਦੇ ਆਲੇ-ਦੁਆਲੇ ਦੀ ਜਗ੍ਹਾ ਲੈ ਕੇ ਉਸਾਰਿਆ ਹੈ ਆਈ. ਆਈ. ਟੀ. ਖੜਗਪੁਰ।

ਆਪਣੀ ਜ਼ਿੰਦਗੀ ਵਤਨ ਦੇ ਨਾਂ ਕਰਨ ਵਾਲੇ ਸ਼ਹੀਦਾਂ ਦੀਆਂ ਮੁਕੱਦਸ ਪੈੜਾਂ ਦੇ ਨਿਸ਼ਾਨ ਦੇਖਦੀ-ਦੇਖਦੀ ਮੈਂ ਅਸਲੀ ਨੁਕਤੇ ਤੋਂ ਭਟਕ ਹੀ ਗਈ। ਹਾਂ! ਤੇ ਮੈਂ ਗੱਲ ਨੋਟਬੰਦੀ ਦੀ ਕਰ ਰਹੀ ਸੀ। ਪੇਪਰਾਂ ਦੇ ਦਿਨ ਸਨ, ਅੰਤਾਂ ਦੀ ਗਰਮੀ ਤੇ ਉੱਪਰੋਂ ਰਾਤੋ-ਰਾਤ ਵਾਪਰੇ ਇਸ ਵਰਤਾਰੇ ਨਾਲ ਕਾਲਜੇ ਵਿਚ ਹੌਲ ਪੈ ਰਹੇ ਸਨ। ਬੈਂਕਾਂ ਅਤੇ ਏ. ਟੀ. ਐੱਮ. ਦੇ ਬਾਹਰ ਲੱਗੀਆਂ ਲੰਬੀਆਂ ਕਤਾਰਾਂ ਨੂੰ ਵੇਖ ਕੇ ਮੈਂ ਪਰੇਸ਼ਾਨ ਹੋ ਰਹੀ ਸੀ ਕਿ ਮੇਰੀ ਸੋਹਲ ਜਿਹੀ ਬੱਚੀ ਬਿਨਾਂ ਪੈਸਿਆਂ ਦੇ ਕਿਵੇਂ ਗੁਜ਼ਾਰਾ ਕਰ ਰਹੀ ਹੋਵੇਗੀ। ਲੋਕ ਕਹਿੰਦੇ ਨੇ ਕਿ ਮਿੱਟੀ ਦੇ ਦੀਵਿਆਂ ਦੇ ਜਾਣ ਤੋਂ ਬਾਅਦ ਘਰਾਂ ਵਿਚ ਮਸਨੂਈ ਰੌਸ਼ਨੀ ਤਾਂ ਬਹੁਤ ਵਧ ਗਈ ਪਰ ਦਿਲਾਂ ਵਿੱਚੋਂ ਪ੍ਰੇਮ-ਪਿਆਰ ਅਤੇ ਅਪਣੱਤ ਦਾ ਚਾਨਣ ਘਟਦਾ ਜਾ ਰਿਹਾ ਹੈ। ਅਜੋਕਾ ਮਨੁੱਖ ਆਪਣੀਆਂ ਬੁਨਿਆਦੀ ਕਦਰਾਂ ਕੀਮਤਾਂ, ਰੂਹਾਨੀ ਖੁਸ਼ੀਆਂ, ਦੋਸਤੀਆਂ, ਰਿਸ਼ਤੇਦਾਰੀਆਂ ਤੇ ਇੱਥੋਂ ਤੱਕ ਕੇ ਆਪਣੇ ਆਪ ਤੋਂ ਵੀ ਬੇਮੁੱਖ ਹੁੰਦਾ ਜਾ ਰਿਹਾ ਹੈ। ਪਰ ਇਸ ਪਦਾਰਥਵਾਦੀ ਤੇ ਮਸ਼ੀਨੀ ਮਾਨਸਿਕਤਾ ਦੇ ਯੁੱਗ ਵਿਚ ਛੇਦੀ ਰਾਮ ਵਰਗੇ ਮੁਹੱਬਤੀ ਇਨਸਾਨ ਵੀ ਨੇ ਜਿਹੜੇ ਬੇਪਨਾਹ ਮੁਹੱਬਤਾਂ ਵੰਡਦੇ ਰਿਸ਼ਤਿਆਂ ਦੀ ਮਹਿਕ ਨੂੰ ਸਦੀਵੀ ਬਰਕਰਾਰ ਰੱਖਦੇ ਹਨ। ਛੇਦੀ ਰਾਮ ਆਈ. ਆਈ. ਟੀ. ਦੇ ਅੰਦਰ ਰੇਹੜੀ ’ਤੇ ਰੱਖ ਕੇ ਨਾਰੀਅਲ ਵੇਚਦਾ ਸੀ। ਭਰ ਗਰਮੀ ਵਿਚ ਦਸ-ਦਸ ਕਿਲੋਮੀਟਰ ਸਾਇਕਲ ਚਲਾ ਕੇ ਹੋਸਟਲ ਦੇ ਬੱਚਿਆਂ ਨੇ ਜਦੋਂ ਨਾਰੀਅਲ ਪਾਣੀ ਪੀਣ ਜਾਣਾ ਤਾਂ ਜੇ ਕਦੀ ਕਿਸੇ ਨਾਰੀਅਲ ਵਿੱਚੋਂ ਪਾਣੀ ਘੱਟ ਨਿਕਲਣਾ ਤਾਂ ਉਸਨੇ ਉਨ੍ਹਾਂ ਹੀ ਪੈਸਿਆਂ ਵਿਚ ਨਵਾਂ ਨਾਰੀਅਲ ਫੜਾ ਦੇਣਾ। ਨੋਟਬੰਦੀ ਦੇ ਦਿਨ੍ਹਾਂ ਵਿਚ ਉਸ ਨੇਕੀ ਦੇ ਭਰ ਵਗਦੇ ਦਰਿਆ ਨੇ ਆਪਣੇ ਘਰਾਂ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਬੱਚਿਆਂ ਨੂੰ ਬਿਨਾਂ ਪੈਸੇ ਲਏ ਹੀ ਨਾਰੀਅਲ ਪਾਣੀ ਪਿਲਾਉਣਾ ਸ਼ੁਰੂ ਕਰ ਦਿੱਤਾ। ਬੱਚਿਆਂ ਨੇ ਜਦੋਂ ਕਹਿਣਾ “ਦਾਦਾ ਹਿਸਾਬ ਲਿਖ ਲੇਣਾ” ਤਾਂ ਛੇਦੀ ਰਾਮ ਨੇ ਹੱਸ ਕੇ ਕਹਿਣਾ, ਪੇਪਰਾਂ ਤੋਂ ਬਾਅਦ ਵਿਚ ਖੁਦ ਹੀ ਲੇਖਾ-ਜੋਖਾ ਕਰ ਲੈਣਾ ਮੈਂ ਤਾਂ ਅਨਪੜ੍ਹ ਬੰਦਾ ਹਾਂ, ਤੁਸੀਂ ਆਈ. ਆਈ. ਟੀ. ਦੇ ਪਾੜ੍ਹੇ ਹੋ ਤੇ ਮੇਰੇ ਤੋਂ ਵੱਧ ਹਿਸਾਬ ਜਾਣਦੇ ਹੋ। ਉਸ ਦਯਾਵਾਨ ਇਨਸਾਨ ਨੂੰ ਇਹ ਸੋਝੀ ਸੀ ਕਿ ਪੇਪਰਾਂ ਦੇ ਦਿਨ ਹਨ ਤੇ ਇੱਥੇ ਪੜ੍ਹਦੇ ਨੌਜਵਾਨਾਂ ਦੀਆ ਅੱਖਾਂ ਵਿਚ ਖ਼ੂਬਸੂਰਤ ਭਵਿੱਖ ਦੇ ਸੈਆਂ ਸੁਪਨੇ ਤੈਰ ਰਹੇ ਹਨ। ਮੇਰੀ ਜਾਚੇ ਉਨ੍ਹਾਂ ਸੁਪਨਿਆਂ ਨੂੰ ਹਕੀਕਤ ਵਿਚ ਬਦਲਣ ਲਈ ਹੀ ਉਸ ਸੁਹਿਰਦ ਇਨਸਾਨ ਨੇ ਇਹ ਉਪਰਾਲਾ ਕੀਤਾ ਹੋਵੇਗਾ। ਜ਼ਿੰਦਗੀ ਦੇ ਇਸ ਉਸਰੱਈਏ ਦੇ ਪੁਖ਼ਤਾ ਖਿਆਲਾਂ ਅਤੇ ਗਹਿਰੇ ਵਿਚਾਰਾਂ ਤੋਂ ਸੱਚੀਂ ਕੁਰਬਾਨ ਜਾਣ ਨੂੰ ਦਿਲ ਕਰਦਾ ਹੈ। ਰੋਜ਼ਾਨਾ ਕਾਰ ਵਿਹਾਰ ਕਰਕੇ ਰੋਜ਼ੀ-ਰੋਟੀ ਕਮਾ ਆਪਣਾ ਤੇ ਆਪਣੇ ਟੱਬਰ ਦਾ ਢਿੱਡ ਭਰਨ ਵਾਲੇ ਇਸ ਮਾਨਵ-ਹਿਤੈਸ਼ੀ ਇਨਸਾਨ ਨੂੰ ਪੱਕਾ ਇਹ ਵੀ ਇਲਮ ਹੋਵੇਗਾ ਕਿ ਮਿਹਨਤ ਅਤੇ ਇਮਾਨਦਾਰੀ ਨਾਲ ਕਮਾਇਆ ਇਕ ਰੁਪਿਆ ਵੀ ਲੁੱਟ-ਖਸੁੱਟ ਨਾਲ ਕਮਾਈ ਲੱਖਾਂ ਕਰੋੜਾਂ ਦੀ ਦੌਲਤ ਨਾਲੋਂ ਕਿਤੇ ਵੱਧ ਬਰਕਤਾਂ ਵਾਲਾ ਹੁੰਦਾ ਏ।

ਹੈਰਾਨ ਹਾਂ ਕਿ ਛੇਦੀ ਰਾਮ ਨੂੰ ਆਪਣੇ ਆਲੇ-ਦੁਆਲੇ ਦੇ ਆਰਥਿਕ, ਰਾਜਨੀਤਿਕ ਤੇ ਸਮਾਜਿਕ ਹਾਲਾਤ ਦੀ ਕਿੰਨੀ ਡੂੰਘੀ ਸੋਝੀ ਹੈ। ਬੇਸ਼ਕ ਉਹ ਪੜ੍ਹਿਆ ਨਹੀਂ ਪਰ ਗੁੜ੍ਹਿਆ ਹੋਇਆ ਇਨਸਾਨ ਹੈ। ਜਿਸ ਦੇਸ਼ ਵਿਚ ਰਿਸ਼ਵਤਖ਼ੋਰੀ, ਲੁੱਟ-ਖਸੁੱਟ ਤੇ ਭ੍ਰਿਸ਼ਟਾਚਾਰ ਆਪਣੇ ਸਿਖਰ ’ਤੇ ਹੋਵੇ, ਜਿੱਥੇ ਆਦਮ-ਬੋ ਆਦਮ-ਬੋ ਦੀ ਸੜਿਹਾਂਦ ਸਾਡੀ ਹੋਂਦ ਨੂੰ ਖੋਰਾ ਲਾ ਰਹੀ ਹੋਵੇ, ਉੱਥੇ ਛੇਦੀ ਰਾਮ ਵਰਗੀਆਂ ਰੱਬੀ ਰੂਹਾਂ ਦੀ ਹੋਂਦ ਸੱਚੀਂ ਇਕ ਕ੍ਰਿਸ਼ਮਾ ਲੱਗਦੀ ਹੈ, ਤਾਜ਼ੀ ਹਵਾ ਦੇ ਬੁੱਲੇ ਵਾਂਗ। ਦਿਲ ਕਰਦਾ ਹੈ ਅੱਜ ਚੁਣੌਤੀ ਦੇ ਹੀ ਦਿਆਂ ਖੁਦਫ਼ਰੇਬੀ ਵਿਚ ਫਸੀ ਉਸ ਲੋਕਾਈ ਨੂੰ ਜੋ ਕਹਿੰਦੇ ਨੇ ਅਜੋਕੇ ਮਨੁੱਖ ਦੇ ਜੀਵਨ ਵਿੱਚੋਂ ਕਿਰਤ ਦੇ ਅਰਥ ਅਤੇ ਵੰਡ ਕੇ ਖਾਣ ਦਾ ਮਹੱਤਵ ਮਨਫ਼ੀ ਹੋ ਗਿਆ ਹੈ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਦੋਂ ਤੱਕ ਛੇਦੀ ਰਾਮ ਵਰਗੇ ਇਨਸਾਨ ਇਸ ਧਰਤੀ ’ਤੇ ਨੇ ਨਾ ਇਨਸਾਨੀਅਤ ਮਰ ਸਕਦੀ ਹੈ ਤੇ ਨਾ ਹੀ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ ਅਤੇ ਵੰਡ ਕੇ ਛਕੋ ਦੇ ਫਲਸਫ਼ੇ ਨੂੰ ਢਾਹ ਲੱਗ ਸਕਦੀ ਹੈ। ਅਜਿਹੇ ਮਾਣਮੱਤੇ ਸਿਰੜੀ ਲੋਕ ਆਪਣੇ ਇਕ ਕਰਮ ਨਾਲ ਹੀ ਆਲੇ-ਦੁਆਲੇ ਫੈਲੇ ਹਨੇਰੇ ਨੂੰ ਚੀਰ ਜੱਗ ਰੁਸ਼ਨਾ ਦਿੰਦੇ ਨੇ।

ਆਈ. ਆਈ. ਟੀ. ਦੇ ਇਨ੍ਹਾਂ ਪਾੜਿਆਂ ਨੇ ਇੱਥੇ ਰਹਿੰਦਿਆਂ ਆਪਣੇ ਗੁਰੂਆਂ ਕੋਲੋਂ ਸਿਰਫ਼ ਬੌਧਿਕ ਝੋਲੀਆਂ ਹੀ ਨਹੀਂ ਭਰੀਆਂ ਸਗੋਂ ਆਪ ਸੋਚਣ, ਆਪ ਨਿਰਨੇ ਕਰਨ, ਜ਼ਿੰਮੇਵਾਰੀਆਂ ਚੁੱਕਣ ਤੇ ਨਵੇਂ ਦਿਸਹੱਦੇ ਉਸਾਰਨ ਦੇ ਅਹਿਦ ਵੀ ਕੀਤੇ। ਕਿਤਾਬੀ ਗਿਆਨ ਨੂੰ ਸਿਰਫ਼ ਰੁਜ਼ਗਾਰ ਵਿਚ ਬਦਲਣ ਦੀ ਜਾਚ ਹੀ ਨਹੀਂ ਸਿੱਖੀ ਸਗੋਂ ਕਿਤਾਬਾਂ ਵਿੱਚੋਂ ਪੜ੍ਹੇ ਅੱਖਰਾਂ ਨੂੰ ਜ਼ਿੰਦਗੀ ਵਿਚ ਤਾਮੀਰ ਕਰਨ ਦੇ ਗੁਰ ਵੀ ਸਿੱਖੇ।

ਇਨ੍ਹਾਂ ਪੜਾਕੂਆਂ ਦਾ ਪੜ੍ਹਿਆ ਉਦੋਂ ਪਰਖਿਆ ਗਿਆ ਜਦੋਂ ਆਰਥਿਕ ਤੌਰ ’ਤੇ ਸਵੈ-ਨਿਰਭਰ ਹੋਣ ’ਤੇ ਇਨ੍ਹਾਂ ਰੌਸ਼ਨ ਖਿਆਲ ਚਿਰਾਗਾਂ ਨੇ ਆਪਣੀ ਪਹਿਲੀ ਤਨਖਾਹ ਵਿੱਚੋਂ ਦਸਵੰਦ ਕੱਢ ਕੇ ਕਾਲਜ ਦੇ ਅੰਦਰ ਹੀ ਇਕ ਦੁਕਾਨ ਖਰੀਦੀ ਤੇ ਗਿਆਨ ਦੇ ਚਾਨਣ ਨਾਲ ਭਰਪੂਰ, ਜ਼ਿੰਦਗੀ ਜੀਉਣ ਦੀ ਅਸਲੀ ਜਾਚ ਸਿਖਾਉਣ ਵਾਲੇ ਆਪਣੇ ਸਾਧਨਹੀਣ ਮੁਰਸ਼ਦ ਛੇਦੀ ਰਾਮ ਦੇ ਨਾਂ ਕਰਕੇ ਗੁਰੂ ਦਕਸ਼ਣਾ ਦੀ ਰਵਾਇਤ ਵੀ ਨਿਭਾ ਦਿੱਤੀ। ਜਿੱਥੇ ਇਨਸਾਨੀਅਤ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾਉਣ ਵਾਲੇ ਛੇਦੀ ਰਾਮ ਅੱਗੇ ਮੇਰਾ ਸਿਰ ਝੁਕਦਾ ਹੈ, ਉੱਥੇ ਭੀੜ ਤੋਂ ਵੱਖਰੇ ਹੋ ਕੇ ਹੰਭਲਾ ਮਾਰਨ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਵੀ ਸਿਜਦਾ ਕਰਨਾ ਬਣਦਾ ਹੈ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4052)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਡਾ. ਨਵਜੋਤ

ਡਾ. ਨਵਜੋਤ

Principal, Lyalpur Khalsa College For Women, Jalandhar, Punjab, India.
(Phone: (91 - 81468 - 28040)
Email: (principallkcw@gmail.com)