SwarnSBhangu7“ਇਸ ਉਭਾਰ ਨੂੰ ਭਾਂਜ ਦੇਣ ਲਈ ਦੇਸ਼ ਭਰ ਦੇ ਵਿਰੋਧੀ ਖੇਮੇ ਨੂੰ ਇੱਕ ਹੋਣ ਦੀ ਲੋੜ ਹੈ ...”
(12 ਅਗਸਤ 2017)

 

(ਇਹ ਲੇਖ ਦੂਸਰੇ ਵਿਸ਼ਵ ਯੁੱਧ ਅਤੇ ਜਰਮਨੀ ਵਿੱਚ ਨਾਜ਼ੀ ਪਾਰਟੀ ਦੇ ਉਭਾਰ ’ਤੇ ਕੇਂਦਰਤ ਹੈ। ਹੁਣ ਭਾਰਤ ਵਿੱਚ ਵੀ ਨਾਜ਼ੀ ਉਭਾਰ ਜਿਹੇ ਸੰਕੇਤ ਮਿਲਣੇ ਸ਼ੁਰੂ ਹੋ ਚੁੱਕੇ ਹਨ)

HolocaustA2

ਨਾਜ਼ੀਆਂ ਵੱਲੋਂ ਮਾਰੇ ਗਏ ਯਹੂਦੀਆਂ ਦੀਆਂ ਜੁੱਤੀਆਂ ਦਾ ਅੰਬਾਰ

HolocaustB2

(ਇਹ ਤਸਵੀਰ ਕਿਸੇ ਆਰਟਿਸਟ ਵੱਲੋਂ ਬਣਾਈ ਹੋਈ ਹੈ ਜਿਸ ਵਿੱਚ ਜੰਗ ਵਿੱਚ ਅਪੰਗ ਹੋਏ ਬੱਚੇ ਵਿਸਫੋਟਕ ਸਮੱਗਰੀ ਨਾਲ ਭਰੇ ਹੋਏ ਕਨਟੇਨਰ ਨੂੰ ਧੱਕ ਕੇ ਸੁੱਟ ਰਹੇ ਹਨ।)

ਹਰ ਸਾਲ 6 ਅਤੇ 9 ਅਗਸਤ ਨੂੰ ਜਪਾਨ ਦੇ ਘੁੱਗ ਵਸਦੇ ਸ਼ਹਿਰਾਂ, ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ, ਅਮਰੀਕਨ ਸਾਮਰਾਜੀਆਂ ਵੱਲੋਂ ਸੁੱਟੇ ਗਏ ਐਟਮ ਬੰਬਾਂ ਤੋਂ ਬਾਅਦ ਹੋਇਆ ਜਨ-ਜੀਵਨ ਦਾ ਵਿਰਲਾਪ, ਧਰਤੀ ਦੀ ਕਰੂਪਤਾ ਤੋਂ ਇਲਾਵਾ ਜਰਮਨ ਦੀ ਧਰਤੀ ’ਤੇ ਪੈਦਾ ਹੋਏ ਫਾਸ਼ਿਸਟ ਦੈਂਤ ਵੱਲੋਂ, ਤਸੀਹੇ ਦੇ ਦੇ ਕੇ ਨਿਗਲੀਆਂ ਜਾਨਾਂ, ਧਰਤੀ ’ਤੇ ਰਹਿੰਦੇ ਮਨੁੱਖ ਲਈ ਸਦਾ ਹੀ ਇਹ ਜਾਨਦਾਰ ਸੁਨੇਹਾ ਬਣੀਆਂ ਰਹਿਣਗੀਆਂ ਕਿ ਇਸ ਧਰਤੀ ’ਤੇ ਹੁਣ ਕਦੇ ਵੀ ਬੰਬ ਨਾ ਚੱਲਣ ਅਤੇ ਨਾ ਹੀ ਕਿਧਰੇ ਭੇਸ ਬਦਲ ਬਦਲ ਕੇ ਫਾਸ਼ੀ ਬੁੱਚੜ ਪੈਦਾ ਹੋਣ।

ਇਸ ਧਰਤੀ ਦਾ ਇਤਿਹਾਸ ਨਾਇਕਾਂ ਅਤੇ ਖਲਨਾਇਕਾਂ ਦੀਆਂ ਕਥਾ/ਕਹਾਣੀਆਂ ਨਾਲ ਭਰਿਆ ਪਿਆ ਹੈ। ਨਾਇਕ ਹਮੇਸ਼ਾ ਸਾਡੇ ਸਿੱਜਦੇ ਦੇ ਹੱਕਦਾਰ ਰਹੇ ਹਨ ਜਦੋਂ ਕਿ ਖਲਨਾਇਕਾਂ ਨੂੰ ਫਿੱਟਲਾਹਣਤ ਪੈਂਦੀ ਆਈ ਹੈ। ਰਹਿੰਦੀ ਦੁਨੀਆਂ ਤੱਕ ਇਹੋ ਫਿੱਟਲਾਹਣਤ ਜਰਮਨੀ ਦੇ ਉਸ ਨਾਜ਼ੀ ਸ਼ਾਸਕ ‘ਹਿਟਲਰ’ ਨੂੰ ਪੈਂਦੀ ਰਹੇਗੀ ਜਿਸਨੇ ਆਪਣੀ ਸਤਾ ਦੇ ਦੌਰਾਨ ਇਸ ਧਰਤੀ ’ਤੇ ਕੁਹਰਾਮ ਮਚਾ ਦਿੱਤਾ ਸੀ। ਨਾਜ਼ੀ ਪਾਰਟੀ ਦੇ ਸਤਾ ਵਿੱਚ ਆਉਣ ਸਮੇਂ 1933 ਵਿੱਚ ਉਹ ਇਸ ਤੰਗਨਜ਼ਰੀ ਦਾ ਸ਼ਿਕਾਰ ਹੋ ਗਿਆ ਸੀ ਕਿ ਜਰਮਨ ਇੱਕ ਉੱਤਮ ਕੌਮ ਹੈ ਅਤੇ ਇਸ ਨੂੰ ਸਮੁੱਚੀ ਦੁਨੀਆਂ ’ਤੇ ਰਾਜ ਕਰਨਾ ਚਾਹੀਦਾ ਹੈ। ਇਹ ਨਾਹਰਾ ਦੇ ਕੇ ਉਸਨੇ ਜਰਮਨ ਕੌਮ ਦੇ ਵੱਡੇ ਹਿੱਸੇ ਨੂੰ ਸੰਵੇਦਨਹੀਣ ਕਰ ਦਿੱਤਾ ਸੀ। ਉਹ ਯਹੂਦੀਆਂ ਨੂੰ ਘੋਰ ਨਫਰਤ ਕਰਦਾ ਸੀ ਅਤੇ ਉਹ ਉਨ੍ਹਾਂ ਦੀ ਹੋਂਦ ਨੂੰ ਹੀ ਖਤਮ ਕਰ ਦੇਣਾ ਚਾਹੁੰਦਾ ਸੀ। ਸਭ ਤੋਂ ਪਹਿਲਾਂ ਉਸਨੇ ਜਰਮਨੀ ਨੇੜਲੇ ਦੇਸ਼ਾਂ ਆਸਟਰੀਆ, ਪੋਲੈਂਡ, ਚੈਕੋਸਲੋਵਾਕੀਆ, ਫਰਾਂਸ ਅਤੇ ਲਕਸਮਬਰਗ ਨੂੰ ਆਪਣੇ ਕਬਜ਼ੇ ਵਿੱਚ ਲਿਆ। ਇਨ੍ਹਾਂ ਦੇਸ਼ਾਂ ਵਿੱਚਲੇ ਯਹੂਦੀਆਂ ਲਈ ਨਾਜ਼ੀ ਫੌਜਾਂ ਅਤੇ ਹਿਟਲਰ ਦੀ ਬਦਨਾਮ ਪੁਲਿਸ ‘ਗੈਸਟਾਪੋ’ ਆਫਤ ਬਣ ਕੇ ਟੁੱਟੀਆਂ। ਪ੍ਰਸਿੱਧ ਵਿਗਿਆਨੀ ਆਈਨਸਟਾਈਟ ਸਮੇਤ ਇਨ੍ਹਾਂ ਦੇਸ਼ਾਂ ਦੇ ਸਾਧਨ-ਸੰਪੰਨ ਬੁੱਧੀਜੀਵੀਆਂ ਨੇ ਵਿਦੇਸ਼ਾਂ ਵਿੱਚ ਸ਼ਰਨ ਲੈ ਲਈ ਪਰ ਬਹੁਤੇ ਜੇਲਾਂ ਵਿੱਚ ਸੁੱਟ ਦਿੱਤੇ ਲੋਕ ਤਸੀਹੇ ਦੇ ਦੇ ਕੇ ਮਾਰ ਦਿੱਤੇ, ਫਾਹੇ ਲਾ ਦਿੱਤੇ, ਗੋਲੀਆਂ ਨਾਲ ਉਡਾ ਦਿੱਤੇ, ਭੁੱਖਮਰੀ ਦਾ ਸ਼ਿਕਾਰ ਹੋ ਗਏ ਜਾਂ ਰੋਗ-ਗ੍ਰਸਤ ਹੋ ਕੇ ਮਰ ਗਏ।

ਜਰਮਨ ਦੇ ਨਾਜ਼ੀ, ਇਸ ਧਰਤੀ ’ਤੇ ਜ਼ਹਿਰੀਲਾ ਅਤੇ ਕੰਡਿਆਲਾ ਥੋਹਰ ਬਣ ਕੇ ਉੱਗੇ, ਜਿਨ੍ਹਾਂ ਨੇ ਇਸ ਧਰਤੀ ਦਾ ਬੇਹੱਦ ਕੀਮਤੀ ਜੀਵਨ ਖੋਹ ਲਿਆ ਅਤੇ ਰਹਿੰਦਾ ਪੱਛ ਦਿੱਤਾ। ਉਨ੍ਹਾਂ ਨੇ ਆਪਣੇ ਅਧੀਨ ਦੇਸ਼ਾਂ ਦੇ ਯਹੂਦੀਆਂ ਨੂੰ ਮਾਰਨ ਲਈ ਤਸੀਹਾ ਕੇਂਦਰ ਬਣਾਏ। ਇਨ੍ਹਾਂ ਤਸੀਹਾ ਕੇਂਦਰਾਂ ਵਿੱਚ ਜਿਸ ਤਰ੍ਹਾਂ ਯਹੂਦੀਆਂ ਨੂੰ ਤਸੀਹੇ ਦਿੱਤੇ ਗਏ, ਉਨ੍ਹਾਂ ਸਥਾਨਾਂ ਨੂੰ ਵੇਖ ਕੇ ਅਤੇ ਉੱਥੋਂ ਦੀਆਂ ਕਥਾ/ਕਹਾਣੀਆਂ ਨੂੰ ਪੜ੍ਹ/ਸੁਣ ਕੇ, ਸੰਵੇਦਨਸ਼ੀਲ ਲੋਕੀ ਕੰਬ ਕੇ ਰਹਿ ਜਾਂਦੇ ਹਨ। ਉਨ੍ਹਾਂ ਦੇ ਮੂੰਹੋਂ ਇਹੋ ਸ਼ਬਦ ਨਿੱਕਲਦੇ ਹਨ ਕਿ ਇਸ ਧਰਤੀ ’ਤੇ ਮੁੜ ਕਦੇ ਵੀ ਅਜਿਹਾ ਨਾ ਵਾਪਰੇ।

ਇਹ ਤਸੀਹਾ ਕੇਂਦਰ ਨਿਰਾ ਨਰਕ ਸਨ। ਇਸ ਨਰਕ ਨੂੰ ਨੇੜਿਓਂ ਵੇਖਣ ਲਈ ਫਿਲਮ ‘ਐਨੀ ਫਰੈਂਕ’ ਵੇਖੀ ਜਾ ਸਕਦੀ ਹੈ ਜਿਸਦੀ ਕਹਾਣੀ ਦੋ ਖੂਬਸੂਰਤ ਭੈਣਾਂ ‘ਐਨੀ ਫਰੈਂਕ’ ਅਤੇ ‘ਮਾਰਗੋਟ ਫਰੈਂਕ’ ਦੇ ਦੁਆਲੇ ਘੁੰਮਦੀ ਹੈ ਜਿਹੜੀਆਂ ਸਬੰਧਤ ਤਸੀਹਾ ਕੈਂਪ ਵਿੱਚ, ਹਜ਼ਾਰਾਂ ਬਦਨਸੀਬਾਂ ਵਾਂਗ ਭੈੜੀ ਮੌਤ ਮਰੀਆਂ। ਤਸੀਹਾ ਕੇਂਦਰ, ਜਿਨ੍ਹਾਂ ਵਿੱਚ ਅਣਮਨੁੱਖੀ ਦੁਆਲਾ, ਦਲਦਲ, ਭੁੱਖ, ਪਿਆਸ, ਥਾਂ ਥਾਂ ਅਪਮਾਨ, ਸ਼ਰੇਆਮ ਨੰਗਿਆਂ ਕਰ ਦੇਣਾ, ਵਾਲ ਕੱਟ ਦੇਣੇ, ਬਦਨਾਂ ’ਤੇ ਨਾਜ਼ੀ ਚਿੰਨ ‘ਸਵਾਸਤਿਕਾ’ ਉੱਕਰ ਦੇਣਾ, ਭੈੜੇ ਕੱਪੜੇ ਪਹਿਨਾ ਦੇਣੇ, ਵੱਖ ਵੱਖ ਪ੍ਰਕਾਰ ਦੇ ਤਸੀਹੇ ਦੇਣੇ, ਖੂੰਖਾਰ ਕੁੱਤੇ ਛੱਡ ਦੇਣੇ, ਗੋਲੀਆਂ ਨਾਲ ਭੁੰਨ ਸੁੱਟਣਾ, ਫਾਹਾ ਲਾ ਦੇਣਾ, ਮਾਰਨ ਤੋਂ ਪਹਿਲਾਂ ਸਬੰਧਤਾਂ ਤੋਂ ਖੁਦ ਹੀ ਕਬਰਾਂ ਖੁਦਵਾਉਣੀਆਂ ਆਦਿ ਬਹੁਤ ਕੁਝ ਨਰਕ ਨੁਮਾ ਸੀ।

ਕੁਝ ਤਸੀਹਾ ਕੇਂਦਰਾਂ ਤੱਕ ਰੇਲਵੇ ਲਾਈਨਾਂ ਵਿਛਾਈਆਂ ਗਈਆਂ ਸਨ। ਰੇਲਾਂ ਵਿੱਚ ਭਰਕੇ ਯਹੂਦੀਆਂ ਨੂੰ ਲਿਆਇਆ ਜਾਂਦਾ, ਜਿਨ੍ਹਾਂ ਵਿੱਚ ਹਰ ਉਮਰ, ਵਰਗ ਦੇ ਮਰਦ/ਔਰਤਾਂ ਤੋਂ ਇਲਾਵਾ, ਕਿਸੇ ਵੀ ਭੈਅ ਤੋਂ ਬੇਪ੍ਰਵਾਹ, ਹਾਸੇ ਬਿਖੇਰਦੇ ਬਾਲ ਵੀ ਹੁੰਦੇ। ਖੇਡਣ ਉਮਰੇ ਉਹ ਤਸੀਹਾ ਕੇਂਦਰਾਂ ਵਿੱਚ ਚਾਅ ਨਾਲ ਦਾਖਲ ਹੁੰਦੇ, ਕੁੱਝ ਚਿਰ ਪਿੱਛੋਂ ਹੀ ਉਨ੍ਹਾਂ ਦੇ ਚੋਹਲ ਅਤੇ ਹਾਸੇ, ਦੁਖਦਾਈ ਪੀੜ ਵਿੱਚ ਬਦਲ ਜਾਂਦੇਇਨ੍ਹਾਂ ਤਸੀਹਾ ਕੇਂਦਰਾਂ ਵਿੱਚੋਂ ਕੋਈ ਬਚ ਕੇ ਨਾ ਨਿੱਕਲ ਸਕਦਾ। ਤਸੀਹਾ ਕੇਂਦਰਾਂ ਵਿੱਚ ਗੈਸ-ਚੈਂਬਰ ਵੀ ਬਣੇ ਹੋਏ ਸਨ ਜਿਨ੍ਹਾਂ ਵਿੱਚ ਹਰ ਉਮਰ ਵਰਗ ਦੇ ਯਹੂਦੀ ਸਮੂਹ ਨੂੰ, ਅਲਫ-ਨੰਗੇ ਕਰਕੇ ਤੁੰਨ ਦਿੱਤਾ ਜਾਂਦਾ ਸੀ, ਫਿਰ ਅੰਦਰ ਤਾੜੀਆਂ ਜਾਨਾਂ ਨੂੰ ਮਾਰਨ ਲਈ ਗੈਸ ਛੱਡੀ ਜਾਂਦੀ ਸੀ ਕੁਝ ਹੀ ਮਿੰਟਾਂ ਵਿੱਚ ਅੰਦਰਲੇ ਲੋਕ, ਦਮ ਘੁੱਟਣ ਨਾਲ ਤੜਪਦੇ, ਚੀਖਦੇ, ਸਹਿਕਦੇ ਮਰ ਜਾਂਦੇ। ਅਜਿਹੇ ਸਮਿਆਂ ’ਤੇ ਸੰਵੇਦਨਹੀਣ ਨਾਜ਼ੀ ਅਫਸਰ ਅਤੇ ਉਨ੍ਹਾਂ ਦੇ ਪਿਆਦੇ ਚੀਖਾਂ ਸੁਣਕੇ, ਆਪਣੇ ਕੀਤੇ ’ਤੇ ਤਸੱਲੀ ਪ੍ਰਗਟ ਕਰਦੇ ਅਤੇ ਪਹਿਲਾਂ ਹੀ ਪੁਟਾਏ ਗਏ ਖੱਡਿਆਂ ਵਿੱਚ ਲਾਸ਼ਾਂ ਸੁੱਟ ਕੇ ਰਸਾਇਣਾਂ ਧੂੜਦੇ, ਮਿੱਟੀ ਪਾਉਂਦੇ। ਨਾਜ਼ੀਆਂ ਦੇ ਇਨ੍ਹਾਂ ਅਣਮਨੁੱਖੀ ਕਾਰਿਆਂ ਦਾ ਵਰਨਣ ਵਿਸ਼ਵ-ਸਾਹਿਤ ਵਿੱਚ ਦਰਜ ਹੈ ਇੰਟਰਨੈੱਟ ਭਰਿਆ ਪਿਆ ਹੈ। ਇਸ ਤੋਂ ਇਲਾਵਾ, ਦੂਸਰੇ ਵਿਸ਼ਵ ਯੁੱਧ ਉਪਰੰਤ ਸੰਭਲੇ ਦੇਸ਼ਾਂ ਨੇ, ਇਸ ਦੁਖਦਾਈ ਵਿਰਾਸਤ ਨੂੰ ‘ਹਾਲੋਕਾਸਟ’ ਬਣਾ ਕੇ ਸੰਭਾਲ ਰੱਖਿਆ ਹੈ। ਇਹ ਉਹ ਅਜਾਇਬ-ਘਰ ਹਨ ਜਿਨ੍ਹਾਂ ਨੂੰ ਵੇਖਕੇ ਸੰਵੇਦਨਸ਼ੀਲ ਲੋਕਾਂ ਦੀਆਂ ਸਿਸਕੀਆਂ ਨਿੱਕਲਦੀਆਂ ਹਨ - ਮਰੇ ਲੋਕਾਂ ਦੀਆਂ ਜੁੱਤੀਆਂ ਦੇ ਢੇਰਾਂ ਵਿੱਚੋਂ, ਸਿਰਾਂ ਦੇ ਵਾਲਾਂ ਵਿੱਚੋਂ ਅਤੇ ਵਰਤਾਏ ਕਹਿਰ ਦੀਆਂ ਹੋਰ ਨਿਸ਼ਾਨੀਆਂ ਵਿੱਚੋਂ, ਭੈੜੀ ਮੌਤ ਮਾਰੇ ਗਏ ਲੋਕਾਂ ਦਾ ਹਜੂਮ ਦਿਸਦਾ ਹੈ - ਅਨੇਕਾਂ ਸਵਾਲ ਉੱਭਰਦੇ ਹਨ ਜਿਵੇਂ ਉਹ ਸਾਨੂੰ ਪੁੱਛ ਰਹੇ ਹੋਣ – “ਸਾਨੂੰ ਕਿਉਂ ਤਸੀਹੇ ਦੇ ਕੇ ਮਾਰ ਮੁਕਾਇਆ ਗਿਆ ਸੀ, ਜਦੋਂ ਸਾਨੂੰ ਮਾਰਿਆ ਜਾ ਰਿਹਾ ਸੀ ਤਾਂ ਦੁਨੀਆਂ ਭਰ ਦੇ ਇਨਸਾਫ-ਪਸੰਦ ਕਿੱਥੇ ਸਨ?

ਦੁੱਖਾਂ ਦੀ ਇਹ ਲੰਮੀ ਕਥਾ ਮੁੱਕਣ ਵਾਲੀ ਨਹੀਂ - ਇਹ ਸਤੰਬਰ 1939 ਤੋਂ ਸਤੰਬਰ 1945 ਤੱਕ ਛਿੜੇ ਦੂਸਰੇ ਵਿਸ਼ਵ ਯੁੱਧ ਦੀਆਂ ਕਥਾ ਕਹਾਣੀਆਂ ਹਨ। ਵਿਸ਼ਵ-ਸਾਹਿਤ ਵਿੱਚ ਐਨੀ ਫਰੈਂਕ, ਈਵਾਨ ਜਿਹੇ ਬਾਲ ਨਾਇਕ ਹਨ, ਫਾਂਸੀ ਦੇ ਤਖਤੇ ਤੋਂ ਦਹਾੜਦਾ ‘ਜੂਲੀਅਸ ਫਿਊਚਿਕ’ ਹੈ, ‘ਮੋਇਆਂ ਦੇ ਖਤ’ ਨਾਮੀਂ ਪੁਸਤਕ ਦੀਆਂ ਵੀਰਾਂਗਣਾ ਅਤੇ ਵੀਰ ਹਨ, ਨਾਜ਼ੀਆਂ ਦੇ ਕਈ ਜਹਾਜਾਂ ਨੂੰ ਫੁੰਡਣ ਵਾਲਾ, ਪੈਰਾ-ਰਹਿਤ ਪਾਇਲਟ ‘ਅਲੈਕਸੇਈ ਮੈਰਸਯੇਵ’ ਆਦਿ ਆਦਿ ਹਨ।

ਦੂਸਰੇ ਵਿਸ਼ਵ ਯੁੱਧ ਦਾ ਇਹ ਉਹ ਸਮਾਂ ਸੀ ਜਦੋਂ ਉਸ ਸਮੇਂ ਦੀਆਂ ਰਾਜਸੀ ਤਾਕਤਾਂ, ਦੋ ਵਿਰੋਧੀ ਖੇਮਿਆਂ ਵਿੱਚ ਵੰਡੀਆਂ ਗਈਆਂ ਸਨ। ਇੱਕ ਪਾਸੇ ਉਸ ਸਮੇਂ ਦਾ ਅਮਾਨਵੀ ਖੇਮਾ ਜਰਮਨ, ਇਟਲੀ ਅਤੇ ਜਪਾਨ ਅਧਾਰਤ ਸੀ ਜਦੋਂ ਕਿ ਦੂਸਰੇ, ਸਾਂਝੀ ਮਾਂ ਨੁਮਾ ਵਿਰੋਧੀ ਖੇਮੇ ਵਿੱਚ ਇੰਗਲੈਂਡ, ਫਰਾਂਸ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਭਾਰਤ, ਸੋਵੀਅਤ ਯੂਨੀਅਨ ਅਤੇ ਅਮਰੀਕਾ ਸਨ।

ਜਿੱਥੇ ਦੂਸਰਾ ਵਿਸ਼ਵ ਯੁੱਧ ਕਰੋੜਾਂ ਲੋਕਾਂ ਨੂੰ ਮਾਰਨ ਦਾ ਕਾਰਨ ਬਣਿਆ, ਉੱਥੇ ਨਾਜ਼ੀ ਜਰਮਨੀ ਨੇ ਆਪਣੇ ਤਸੀਹਾ ਕੇਂਦਰਾਂ ਵਿੱਚ ਲੱਗਭੱਗ 11 ਲੱਖ ਲੋਕਾਂ ਨੂੰ ਭੈੜੀ ਮੌਤ ਮਾਰ ਦਿੱਤਾ ਸੀ। ਦੋਨੋਂ ਕਿਸਮ ਦੇ ਇਸ ਪਾਗਲਪਣ ਵਿੱਚੋਂ ਵਿਸ਼ਵ ਉਦੋਂ ਨਿਕਲਿਆ ਜਦੋਂ ਸੋਵੀਅਤ ਫੌਜਾਂ ਨੇ, ਅਧੀਨ ਇਲਾਕੇ ਮੁਕਤ ਕਰਾ ਕੇ ਨਾਜ਼ੀਆਂ ਨੂੰ ਖਦੇੜ ਕੇ (ਮੁੜ ਜਰਮਨ ਵਾੜ ਕੇ) 9 ਮਈ 1945 ਨੂੰ ਜੇਤੂ ਦਿਵਸ ਮਨਾਇਆ 6 ਅਤੇ 9 ਅਗਸਤ 1945 ਨੂੰ ਹੀਰੋਸ਼ੀਮਾ ਅਤੇ ਨਾਗਾਸਾਕੀ ’ਤੇ, ਅਮਰੀਕੀ ਸਾਮਰਾਜੀਆਂ ਵੱਲੋਂ ਸੁੱਟੇ ਗਏ ਬੰਬਾਂ ਨਾਲ ਗਈਆਂ 2.50 ਲੱਖ ਮਨੁੱਖੀ ਜਾਨਾਂ ਦੀ ਕੀਮਤ ’ਤੇ, ਦੂਸਰੇ ਵਿਸ਼ਵ ਯੁੱਧ ਦਾ ਦੂਸਰਾ ਅੰਤ ਉਦੋਂ ਹੋਇਆ ਜਦੋਂ 2 ਸਤੰਬਰ 1945 ਨੂੰ ਜਪਾਨ ਨੇ ਬਿਨਾਂ ਸ਼ਰਤ ਆਤਮ ਸਮਰਪਣ ਕਰ ਦਿੱਤਾ।

ਜਦੋਂ ਅਸੀਂ ਦੂਸਰੇ ਵਿਸ਼ਵ ਯੁੱਧ ਅਤੇ ਨਾਜ਼ੀ ਪਾਗਲਪਣ ਕਰਕੇ ਮਾਰੇ ਗਏ ਲੋਕਾਂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਮਨ ਵਿੱਚ ਕਰੁਣਾ, ਖਿਮਾ ਅਤੇ ਲਾਚਾਰਗੀ ਜਿਹੇ ਅਹਿਸਾਸ ਨਾਲੋ ਨਾਲ ਉੱਭਰਦੇ ਹਨ। 1937 ਵਿੱਚ ਜਰਮਨੀ ਵਿੱਚ ਨਾਜ਼ੀ ਪਾਰਟੀ ਦੇ ਉਭਾਰ ’ਤੇ, ਇਤਿਹਾਸ ਵਿੱਚ, ਉਸ ਸਮੇਂ ਦੇ ਪ੍ਰਸਿੱਧ ਸਾਹਿਤਕਾਰ ਮੁਣਸ਼ੀ ਪ੍ਰੇਮ ਚੰਦ ਦੀ ਇਹ ਟਿੱਪਣੀ - ਜੇਕਰ ਨਾਜ਼ੀ ਪਾਰਟੀ ਜਰਮਨੀ ’ਤੇ ਕਾਬਜ਼ ਰਹੀ ਤਾਂ ਉਹ ਜਲਦੀ ਹੀ ਆਮ ਲੋਕਾਂ ਵਿੱਚੋਂ, ਲੋਕਤੰਤਰ ਜਿਹੀ ਕੁਦਰਤੀ ਪਿਆਸ ਚੂਸ ਲਵੇਗੀ - ਦਰਜ ਹੈ। ਬਿਨਾਂ ਸ਼ੱਕ ਅਜਿਹਾ ਹੀ ਹੋਇਆ ਜਦੋਂ ਵੱਡੇ ਜਰਮਨੀ-ਸਮੂਹ ਨੂੰ ਕੇਵਲ ਅਤੇ ਕੇਵਲ ‘ਹਿਟਲਰ’ ਹੀ ‘ਮੁਕਤੀਦਾਤਾ’ ਲੱਗਣ ਲੱਗ ਪਿਆ ਅਤੇ ਫਿਰ ਉਹ ਆਪਣਾ ਦਿਲ ਦਿਮਾਗ਼, ਹਿਟਲਰ ਦੇ ਹਵਾਲੇ ਕਰਕੇ, ਸੰਵੇਦਨਹੀਣ ਹੋ ਗਏ। ਇਸ ਸੰਵੇਦਨਹੀਣਤਾ ਦਾ ਖੁਲਾਸਾ ਇਸ ਲੇਖ ਵਿੱਚ ਜ਼ਿਕਰ ਕੀਤੇ ‘ਹਾਲੋਕਾਸਟ’ ਵੀ ਕਰਦੇ ਹਨ ਅਤੇ ਖਾਸ ਕਰਕੇ ਉਸ ਨਿਊਰਮਬਰਗ ਸਾਜਿਸ਼ ਕੇਸ ਦੇ ਤੱਥ ਵੀ ਕਰਦੇ ਹਨ ਜਿਹੜਾ ਕੇਸ ਨਾਜ਼ੀ ਜਰਮਨੀ ਦੀ ਹਾਰ ਤੋਂ ਬਾਅਦ, ਨਰ-ਸੰਹਾਰ ਦੇ ਦੋਸ਼ੀਆਂ, ਹਿਟਲਰ ਦੇ ਜੁੰਡੀ ਦੇ ਯਾਰਾਂ ’ਤੇ ਚੱਲਿਆ ਸੀ। ਭਾਵੇਂ ਹਿਟਲਰ 30 ਅਪ੍ਰੈਲ 1945 ਨੂੰ ਖੁਦਕੁਸ਼ੀ ਕਰ ਗਿਆ ਸੀ ਪਰ ਇਸ ਨਿਊਰਮਬਰਗ ਦੀ ਵਿਸ਼ਵ ਅਦਾਲਤ ਨੇ ਹਿਟਲਰ ਦੇ ਫੌਜੀ ਜਰਨੈਲਾਂ ਨੂੰ ਫਾਹੇ ਲਾਇਆ ਸੀ। ਉਸ ਕੇਸ ਵਿੱਚ ਤਸੀਹਾ ਕੇਂਦਰਾਂ ਵਿੱਚ ਹੋਏ ਅਣਮਨੁੱਖੀ ਜ਼ੁਲਮਾਂ ਦੇ ਤੱਥ ਵਜੋਂ, ਨਾਜ਼ੀਆਂ ਵੱਲੋਂ, ਮਨੁੱਖੀ ਚਰਬੀ ਤੋਂ ਬਣਾਇਆ ਸਾਬਣ ਵੀ ਪੇਸ਼ ਕੀਤਾ ਗਿਆ ਸੀ। ਨਾਜ਼ੀ ਜਰਮਨੀ ਦੇ ਉਭਾਰ ਦਾ ਇਹ ਉਹ ਸਮਾਂ ਸੀ ਜਦੋਂ ਜਰਮਨੀ ਵਿੱਚ ਵਿਰੋਧੀ ਧਿਰ ਖਤਮ ਹੋ ਗਈ ਸੀ, ਸਮੁੱਚੀਆਂ ਸ਼ਕਤੀਆਂ ਨਾਜ਼ੀ ਪਾਰਟੀ ਦੇ ਹੱਥਾਂ ਵਿੱਚ ਕੇਂਦਰਤ ਹੋ ਗਈਆਂ ਸਨ ਅਤੇ ਇਸੇ ਕਰਕੇ ਧਰਤੀ ਦੇ ਜਨ-ਜੀਵਨ ਨੂੰ ਭਾਰੀ ਕੀਮਤ ਅਦਾ ਕਰਨੀ ਪਈ ਸੀ

ਇਸ ਲੇਖ ਦਾ ਸਾਰ ਤੱਤ ਵੀ ਇਹੋ ਹੈ ਕਿ ਸਾਡੇ ਦੇਸ਼ ਵਿੱਚ ਵੀ ਨਾਜ਼ੀ ਜਰਮਨੀ ਜਿਹੇ ਉਭਾਰ ਦੇ ਸੰਕੇਤ ਆਉਣੇ ਸ਼ੁਰੂ ਹੋ ਗਏ ਹਨ। ਬੁੱਧੀਜੀਵੀ ਚਿੰਤਤ ਹਨ। ਇਸ ਉਭਾਰ ਨੂੰ ਭਾਂਜ ਦੇਣ ਲਈ ਦੇਸ਼ ਭਰ ਦੇ ਵਿਰੋਧੀ ਖੇਮੇ ਨੂੰ ਇੱਕ ਹੋਣ ਦੀ ਲੋੜ ਹੈ। ਇਸ ਲੇਖ ਦੇ ਅਖੀਰ ਵਿੱਚ ‘ਮਾਰਟਨ ਨਿਮੋਲੀਅਰ’ ਦੀ ਹਿਟਲਰ ਦੇ ਫ਼ਾਸ਼ੀ ਰਾਜ ਦੌਰਾਨ ਲਿਖੀ ਕਵਿਤਾ ਪੇਸ਼ ਹੈ:

ਪਹਿਲਾਂ ਉਹ ਕਮਿਉਨਿਸਟਾਂ ਲਈ ਆਏ,
ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਕਮਿਉਨਿਸਟ ਨਹੀਂ ਸੀ।

ਫਿਰ ਉਹ ਯਹੂਦੀਆਂ ਲਈ ਆਏ,
ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸੀ।

ਫਿਰ ਉਹ ਟਰੇਡ ਯੂਨੀਅਨਵਾਦੀਆਂ ਲਈ ਆਏ,
ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਟਰੇਡ ਯੂਨੀਅਨਵਾਦੀ ਨਹੀਂ ਸੀ।

ਫਿਰ ਉਹ ਕੈਥੋਲਿਕਾਂ ਲਈ ਆਏ,
ਮੈਂ ਕੁੱਝ ਨਾ ਬੋਲਿਆ
ਕਿਉਂਕਿ ਮੈਂ ਪਰੋਟੈਸਟੈਂਟ ਨਹੀਂ ਸੀ।

ਫਿਰ ਉਹ ਮੇਰੇ ਲਈ ਆਏ,
ਉਸ ਸਮੇਂ ਤੱਕ ਬੋਲਣ ਵਾਲਾ
ਕੋਈ ਨਹੀਂ ਬਚਿਆ ਸੀ।

*****

(795)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)