SwarnSBhangu7ਇਨ੍ਹਾਂ ਵਿਸਫੋਟਾਂ ਤੋਂ ਬਾਅਦ ਪਈ ਰੇਡੀਏਸ਼ਨ ਦੀ ਕਾਲੀ ਵਰਖਾ ਨੇ ਰਹਿੰਦੀਆਂ ਕਸਰਾਂ ਕੱਢ ਦਿੱਤੀਆਂ ...
(6 ਅਗਸਤ 2021)

 

6 ਅਗਸਤ ਹੀਰੋਸ਼ੀਮਾ  –  9 ਅਗਸਤ ਨਾਗਾਸਾਕੀ ਦਿਵਸ

ਜਪਾਨ ਦੇ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੀਆਂ ਸ਼ਹਿਰੀ ਆਬਾਦੀਆਂ ਉੱਤੇ ਕੀਤੇ ਗਏ ਮਨੁੱਖ-ਘਾਤੀ ਬੰਬਾਂ ਦੇ ਵਿਸਫੋਟ ਨੂੰ 76 ਵਰ੍ਹੇ ਹੋ ਗਏ ਹਨਬੀਤਦੇ ਸਮੇਂ ਦੌਰਾਨ 6 ਅਤੇ 9 ਅਗਸਤ 1945 ਦੀਆਂ ਇਹ ਮਨਹੂਸ-ਯਾਦਾਂ ਦੁਨੀਆਂ ਭਰ ਵਿੱਚ ਵਸਦੀ ਸੰਵੇਦਨਾ ਨੂੰ ਪ੍ਰੇਸ਼ਾਨ ਕਰਦੀਆਂ ਰਹਿਣਗੀਆਂਜਦੋਂ ਵੀ ਅਸੀਂ ਬੀਤੇ ਦੀ ਰਾਖ਼ ਦੇ ਢੇਰ ਫਰੋਲਦੇ ਹਾਂ ਤਾਂ ਮਨ ਵਿੱਚੋਂ ਸੁਭਾਵਕ ਹੀ ਸਵਾਲ ਉੱਠਦੇ ਹਨ ਕਿ ਹੱਡ-ਮਾਸ ਦੀ ਰਾਖ ਦੇ ਇਹ ਢੇਰ ਲਾਉਣ ਤੋਂ ਬਿਨਾਂ ਸਰ ਨਹੀਂ ਸੀ ਸਕਦਾ? ਕੋਈ ਕਿਉਂ ਕਿਸੇ ਦਾ ਜੀਵਨ ਖੋਹਵੇ? ਜੀਵਨ ਜੋ ਕੁਦਰਤੀ-ਵਰਦਾਨ ਵਜੋਂ ਕਰੋੜਾਂ ਵਰ੍ਹਿਆਂ ਦੇ ਸਹਿਜ-ਵਿਕਾਸ ਦਾ ਫਲ ਹੈਧਰਤੀ ’ਤੇ ਵਸਦੀ ਸੰਵੇਦਨਾ ਦੇ ਪੱਲੇ ਇੱਕ ਹੌਕਾ ਹੀ ਰਹਿ ਗਿਆ ਹੈ ਕਿ ਉਸ ਸਮੇਂ ਬਚਪਨ ਤੋਂ ਲੈ ਕੇ ਝੁਲਸੇ ਗਏ, ਹਰ ਉਮਰ, ਵਰਗ ਦੇ ਲੋਕਾਂ ਨੂੰ ਕੁਦਰਤੀ ਉਮਰ ਤੱਕ ਜਿਊਣ ਦਾ ਹੱਕ ਕਿਉਂ ਨਹੀਂ ਦਿੱਤਾ ਗਿਆ, ਜੋ ਮਿਲਣਾ ਚਾਹੀਦਾ ਸੀਭਾਵੇਂ ਕਿ ਮਨੁੱਖਤਾ ਦੇ ਦੋਖੀਆਂ ਵੱਲੋਂ ਸਿੱਧਾ ਜਾਂ ਸਹਿਜੇ ਸਹਿਜੇ, ਜੀਵਨ ਤਾਂ ਸਦੀਆਂ ਤੋਂ ਖੋਹਿਆ ਜਾਂਦਾ ਰਿਹਾ ਹੈ ਅਤੇ ਖੋਹਿਆ ਜਾ ਰਿਹਾ ਹੈ, ਪਰ ਇਨ੍ਹਾਂ ਦੋਂਹ ਦਿਨਾਂ ਨੇ ਤਾਂ ਸਾਨੂੰ ਇਹ ਇਹਸਾਸ ਕਰਾਇਆ ਸੀ ਕਿ ਹੁਣ ਬੰਬਾਂ ਦੇ ਰੂਪ ਵਿੱਚ ਮਨੁੱਖਾਂ ਨੂੰ ਨਿਗਲਣ ਵਾਲੇ ਦੈਂਤਾਂ ਨੇ ਜਨਮ ਲੈ ਲਿਆ ਹੈ

ਅੱਜ ਵੀ ਜਦੋਂ ਅਸੀਂ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮੰਜ਼ਰ ਨੂੰ ਆਪਣੇ ਜ਼ਿਹਨ ਵਿੱਚ ਲਿਆਉਂਦੇ ਹਾਂ ਤਾਂ ਕੰਬ ਕੇ ਰਹਿ ਜਾਂਦੇ ਹਾਂ। ਅਤੇ ਇਹ ਵੀ ਨੋਟ ਕਰਦੇ ਹਾਂ ਕਿ ਵਿਸ਼ਵ ਦੇ ਕਿੰਨੇ ਹੀ ਹੁਕਮਰਾਨਾਂ ਨੇ ਬੰਬਾਂ ਦੀ ਮਾਰ-ਤੀਬਰਤਾ ਤੋਂ ਕੁਝ ਨਹੀਂ ਸਿੱਖਿਆਸਾਡੇ ਆਪਣੇ ਦੇਸ਼ ਤੋਂ ਇਲਾਵਾ ਰੂਸ, ਪਾਕਿਸਤਾਨ, ਅਮਰੀਕਾ, ਫਰਾਂਸ, ਚੀਨ, ਕੋਰੀਆ, ਇਜ਼ਰਾਈਲ ਆਦਿ ਦੇਸ਼ਾਂ ਕੋਲ ਬੇਹੱਦ ਮਾਰੂ ਸਮਰੱਥਾ ਦੇ ਹਜ਼ਾਰਾਂ ਬੰਬਾਂ ਦਾ ਭੰਡਾਰ ਹੈਬੰਬਾਂ ਦਾ ਇਹ ਜ਼ਖੀਰਾਂ ਇਸ ਧਰਤੀ ਨੂੰ ਇੱਕ ਵਾਰ ਨਹੀਂ, ਸਗੋਂ ਸੈਕੜੇ ਵਾਰ ਤਬਾਹ ਕਰਨ ਦੇ ਸਮਰੱਥ ਹੈਇਸ ਤਰ੍ਹਾਂ ਲਿਖਦਿਆਂ ਕਲਮ ਹੀ ਨਹੀਂ ਕੰਬਦੀ, ਸਗੋਂ ਜ਼ਿਹਨ ਨੂੰ ਵੀ ਕੰਬਣੀ ਛਿੜਦੀ ਹੈ ਕਿ ਸਾਡੀ ਧਰਤੀ, ਜੋ ਅਰਬਾਂ ਵਰ੍ਹੇ ਪਹਿਲਾਂ ਹੋਏ ਬ੍ਰਹਿਮੰਡੀ-ਵਿਸਫੋਟ ਦੌਰਾਨ ਹੋਂਦ ਵਿੱਚ ਆਈ ਸੀ, ਜੋ ਸੂਰਜ ਤੋਂ ਯੋਗ ਦੂਰੀ ’ਤੇ ਹੋਣ ਕਰਕੇ ਕਰੋੜਾਂ ਵਰ੍ਹਿਆਂ ਦੇ ਸਹਿਜ-ਵਿਕਾਸ ਉਪਰੰਤ ਜੀਵਨ-ਦਾਤੀ ਬਣੀ, ਇਹ ਧਰਤੀ ਜਿਸ ’ਤੇ ਸਾਡੀ ਨਜ਼ਰ ਨੂੰ ਦਿਸਦੇ ਨਜ਼ਾਰੇ ਵਿਦਮਾਨ ਹਨ, ਪਸ਼ੂ, ਪੰਛੀ ਜਗਤ ਹੈ, ਜਲ-ਜੀਵ ਹਨ, ਬਨਸਪਤੀ ਹੈਸਵਾਲ ਪੈਦਾ ਹੁੰਦਾ ਹੈ ਕਿ ਕੀ ਕਿਸੇ ਨੂੰ ਆਗਿਆ ਹੋਣੀ ਚਾਹੀਦੀ ਹੈ ਕਿ ਇਸ ਧਰਤੀ ਦੇ ਪਸਾਰਵਾਦੀ ਹਾਕਮਾਂ ਦਾ ‘ਸ਼ੁਗਲ’ ਇਸ ਧਰਤੀ ਤੋਂ ਜੀਵਨ ਦੀ ਹੋਂਦ ਹੀ ਮਿਟਾ ਦੇਵੇ? ਸ਼ਾਇਦ ਬੰਬਾਂ ਨੇ ਵਿਖਾਈ ਆਪਣੀ ਤਬਾਹੀ ਦੀ ਇਸ ਤੀਬਰਤਾ ਕਾਰਨ ਹੀ ਇਹ ਹਾਕਮ ਬੰਬ ਨਹੀਂ ਚਲਾਉਣਗੇ, ਕਿਉਂਕਿ ਸਭ ਕੁਝ ਦੇ ਨਾਲ ਹੀ, ਉਨ੍ਹਾਂ ਦਾ ਰਾਖ ਹੋਣਾ ਵੀ, ਇਨ੍ਹਾਂ ਬੰਬਾਂ ਦੀ ਵਸੀਅਤ ਦਾ ਹਿੱਸਾ ਹੈ

ਉਨ੍ਹਾਂ ਪਹਿਲੇ ਬੰਬਾਂ ਨੇ ਜਿੱਥੇ ਪਲਾਂ ਵਿੱਚ ਹੀ ਲੱਖਾਂ ਲੋਕ ਬਲੀ ਦੇ ਬੂਥੇ ਦੇ ਦਿੱਤੇ ਸਨ, ਸਹਿਕਦੇ ਲੋਕ ਤਸੀਹੇ ਭਰੀ ਮੌਤ ਮਰੇ ਸਨ, ਨਿਰਮਾਣ ਢਹਿ ਢੇਰੀ ਕਰ ਦਿੱਤਾ ਗਿਆ ਸੀ, ਪ੍ਰਕਿਰਤੀ ਝੁਲਸ ਦਿੱਤੀ ਗਈ ਸੀ ਅਤੇ ਲੰਮਾ ਸਮਾਂ ਮਨੁੱਖ ਸਮੇਤ ਜੀਵ ਜੰਤੂਆਂ ਦੀ ਨਵੀਂ ਨਸਲ ਦਾ ਸਰੀਰਕ ਅਤੇ ਮਾਨਸਿਕ ਅਧੂਰਾਪਣ ਪ੍ਰਤੱਖ ਹੁੰਦਾ ਰਿਹਾ ਅਤੇ ਧਰਤੀ, ਲੰਮਾ ਸਮਾਂ ਜ਼ਹਿਰ ਮੁਕਤ ਨਾ ਹੋ ਸਕੀ - ਉਸ ਅਣਹੋਣੀ ਦੇ ਖੰਡਰ ਅੱਜ ਵੀ ਹੀਰੋਸ਼ੀਮਾ ਦੇ ‘ਪੀਸ ਮਿਊਜ਼ੀਅਮ ਪਾਰਕ’ ਵਿੱਚ ਵੇਖੇ ਜਾ ਸਕਦੇ ਹਨਸੰਵੇਦਨ ਦਰਸ਼ਕਾਂ ਅਨੁਸਾਰ, ਮਿਊਜ਼ੀਅਮ ਵਿੱਚ ਵਿਦਿਆਰਥੀਆਂ ਦੇ ਪਿਘਲੇ ਟਿਫਨਾਂ ਵਿੱਚ ਰਾਖ ਬਣਿਆ ਭੋਜਨ, ਪਿਘਲੇ ਸਾਈਕਲ ਤੇ ਬਰਤਨ, ਝੁਲਸੇ ਕੱਪੜੇ, ਸੜੇ ਹੋਏ ਜੁੱਤੀਆਂ ਦੇ ਜੋੜੇ ਆਦਿ ਵੇਖ ਕੇ ਜਦੋਂ ਉਸ ਸਮੇਂ ਹੱਡ-ਮਾਸ ਨਾਲ ਹੋਈ ਅਣਹੋਣੀ ਚਿਤਵੀ ਜਾਂਦੀ ਹੈ ਤਾਂ ਅੰਦਰੋਂ ਰੁੱਗ ਭਰਿਆ ਜਾਂਦਾ ਹੈ। ਅੱਥਰੂ ਵਗਣ ਲੱਗਦੇ ਹਨਇਹ ਤਰਾਸਦੀ ਇਸ ਤੋਂ ਪਹਿਲਾਂ 5, 6 ਸਾਲ ਚੱਲਦੇ ਰਹੇ ਦੂਸਰੇ ਵਿਸ਼ਵ ਯੁੱਧ ਦਾ ਸਿਰਾ ਸੀ, ਯੁੱਧ ਕਿ ਜਿਹੜਾ ਵੱਖ ਵੱਖ ਦੇਸ਼ਾਂ ਵਿੱਚ ਸਿੱਧੀਆਂ ਅਤੇ ਤਸੀਹਿਆਂ ਭਰੀਆਂ ਮੌਤਾਂ ਦੇ ਕੇ ਬੇਗੁਨਾਹਾਂ ਨੂੰ ਮਾਰ ਦੇਣ ਦੀਆਂ ਕਰੂਰ ਕਹਾਣੀਆਂ ਦਾ ਇਤਿਹਾਸ ਹੈ

ਇਤਿਹਾਸ ਅਨੁਸਾਰ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਐੱਫ ਡੀ ਰੂਜ਼ਵੈਲਟ ਨੂੰ ਜਦੋਂ ਇਹ ਪਤਾ ਲੱਗਾ ਸੀ ਕਿ ਉਸਦੇ ਵਿਰੋਧੀ ਖੇਮੇ ਦੇ ਦੇਸ਼ਾਂ ਨੇ ਐਟਮ ਬੰਬ ਬਣਾ ਲਏੇ ਹਨ ਤਾਂ ਉਸਨੇ ਕਈ ਦੇਸ਼ਾਂ ਦੇ ਵਿਗਿਆਨੀਆਂ ਨੂੰ ‘ਮੈਨਹੈਟਨ ਪ੍ਰੋਜੈਕਟ’ ਦੇ ਨਾਂ ’ਤੇ ਅਮਰੀਕਨ ਫੌਜ ਦੀ ਇੰਜਨੀਅਰਿੰਗ ਸ਼ਾਖਾ ਦੇ ਮੁਖੀ ਮੇਜਰ ਜਨਰਲ ‘ਲੈਸਲੀ ਗਰਵਜ਼’ ਦੀ ਅਗਵਾਈ ਵਿੱਚ 1942 ਵਿੱਚ ਐਟਮ ਬੰਬ ਬਣਾਉਣ ਦਾ ਕਾਰਜ ਅਰੰਭ ਦਿੱਤਾਅਥਾਹ ਧਨ ਖਰਚ ਕਰ ਦੇਣ ਦੀ ਖੁੱਲ੍ਹੀ ਛੁੱਟੀ ਦੇ ਕੇ ਮਨੁੱਖ ਘਾਤੀ ਕਾਰਜ ਲਈ 1 ਲੱਖ 30 ਹਜ਼ਾਰ ਦੀ ਗਿਣਤੀ ਵਿੱਚ ਮਨੁੱਖੀ ਸ਼ਕਤੀ ਦਿਨ ਰਾਤ ਇਸ ਕਾਰਜ ’ਤੇ ਲਾ ਦਿੱਤੀਇਹ ਬੰਬ ਜੂਨ 1945 ਵਿੱਚ ਬਣਕੇ ਤਿਆਰ ਹੋ ਗਏਜਦੋਂ ਵਿਗਿਆਨੀਆਂ ਨੇ ਇਹ ਜਾਣਕਾਰੀ ਉਸ ਸਮੇਂ ਦੇ ਰਾਸ਼ਟਰਪਤੀ ਐੱਚ ਐੱਸ ਟਰੂਮੈਨ ਨੂੰ ਦਿੱਤੀ ਤਾਂ ਇਨ੍ਹਾਂ ਵਿੱਚੋਂ 16 ਜੁਲਾਈ 1945 ਨੂੰ ਇੱਕ ਬੰਬ ਦਾ ਪ੍ਰੀਖਣ ਕਰਨਾ ਮਿਥ ਲਿਆ ਗਿਆ‘ਟ੍ਰਿਨਿਟੀ’ ਨਾਂ ਦਾ ਇਹ ਬੰਬ ਨਿਊ ਮੈਕਸੀਕੋ ਤੋਂ 56 ਕਿਲੋਮੀਟਰ ਦੀ ਦੂਰੀ ’ਤੇ ਅਲਾਮੋਗਾਰਡੋ ਨਾਂ ਦੇ ਰੇਗਿਸਤਾਨ ਵਿੱਚ, 100 ਫੁੱਟ ਉੱਚੇ ਫੌਲਾਦੀ ਮਿਨਾਰ ’ਤੇ ਰੱਖ ਕੇ ਸਵੇਰੇ 5:30 ਵਜੇ ਫਟਾਇਆ ਗਿਆਦਹਾੜਨ ਦੀ ਆਵਾਜ਼ ਕਰਦਾ, ਅੱਖਾਂ ਚੁੰਧਿਆਉਂਦੀ ਰੋਸ਼ਨੀ ਪੈਦਾ ਕਰਦਾ, ਅੱਗ ਦਾ ਇੱਕ ਗੋਲਾ ਉਤਾਂਹ ਉੱਠਿਆ ਜੋ ਵੱਡਾ ਆਕਾਰ ਲੈਂਦਾ ਰਿਹਾ। ਅਖੀਰ ਦੁਆਲੇ ਦੇ ਇਲਾਕੇ ਵਿੱਚ ਕਾਲ਼ੀ ਵਰਖਾ ਬਣ ਵਰ੍ਹਿਆਦੂਰ ਬੈਠੇ ਵਿਗਿਆਨੀਆਂ ਨੇ ਬੰਬ ਦੀ ਇਸ ਤੀਬਰਤਾ ਨੂੰ ਭਿਆਨਕ, ਬਹੁਤ ਭਿਆਨਕ, ਬਹੁਤ ਬਹੁਤ ਭਿਆਨਕ ਨੋਟ ਕੀਤਾਬਾਅਦ ਵਿੱਚ ਨੋਟ ਕੀਤਾ ਗਿਆ ਕਿ ਬੰਬ ਚੱਲਣ ਉਪਰੰਤ ਦੂਰ ਦੀ ਬੈਰਕ ਦਾ ਇੱਕ ਫੌਜੀ ਆਪਣਾ ਮਾਨਸਿਕ ਤਵਾਜ਼ਨ ਖੋ ਬੈਠਾ ਸੀ ਜਦੋਂ ਕਿ ਕਈ ਕਿਲੋਮੀਟਰ ਦੀ ਦੂਰੀ ’ਤੇ ਰਹਿੰਦੀ ਇੱਕ ਅੰਨ੍ਹੀ ਕੁੜੀ ਨੂੰ ਉਸ ਦਿਨ ਪਹਿਲੀ ਵਾਰ ਕਿਸੇ ਰੋਸ਼ਨੀ ਦਾ ਆਭਾਸ ਹੋਇਆ ਸੀਇਸ ਬੰਬ ਦੀ ਭਿਆਨਕਤਾ ਨੂੰ ਨੋਟ ਕਰਕੇ, ਤੁਰੰਤ ਬਾਅਦ ਪ੍ਰਸਿੱਧ ਵਿਗਿਆਨੀ ‘ਅਲਬਰਟ ਆਈਨਸਟਾਈਨ’ ਦੀ ਅਗਵਾਈ ਵਿੱਚ ਵਿਸ਼ਵ ਦੇ 70 ਵਿਗਿਆਨੀਆਂ ਨੇ ਅਮਰੀਕੀ ਰਾਸ਼ਟਰਪਤੀ ਐੱਚ ਐੱਸ ਟਰੂਮੈਨ ਨੂੰ ਅਪੀਲ ਕੀਤੀ ਅਤੇ ਵਾਸਤਾ ਵੀ ਪਾਇਆ ਕਿ ਇਨ੍ਹਾਂ ਐਟਮ-ਬੰਬਾਂ ਨੂੰ ਸ਼ਹਿਰੀ ਆਬਾਦੀਆਂ ’ਤੇ ਨਾ ਸੁੱਟਿਆ ਜਾਵੇ, ਕਿਉਂਕਿ ਸੁੱਟੇ ਜਾਣ ਦੀ ਸੂਰਤ ਵਿੱਚ ਨੁਕਸਾਨ ਸਾਡੀ ਕਲਪਨਾ ਤੋਂ ਪਰ੍ਹਾਂ ਤੱਕ ਹੋਵੇਗਾਇਹ ਉਹ ਸਮਾਂ ਸੀ ਜਦੋਂ ਸਾਡਾ ਵਿਗਿਆਨ ਇਸ ਮਾਰੂ ਹਥਿਆਰ ਨੂੰ ‘ਦੋਖੀ ਰਾਜਨੀਤੀ’ ਦੇ ਹੱਥਾਂ ਵਿੱਚ ਦੇ ਚੁੱਕਾ ਸੀਹੁਣ ਵਿਗਿਆਨ ਬੇਵੱਸ ਸੀ

ਦੂਸਰੇ ਪਾਸੇ ਅਮਰੀਕਾ ਨੇ ਜਪਾਨ ਨੂੰ ਸਬਕ ਸਿਖਾਉਣ ਲਈ 6 ਅਗਸਤ 1945 ਦਾ ਦਿਨ ਮਿਥ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਕਿ ਪਹਿਲਾ ਬੰਬ ਕਿਸ ਸ਼ਹਿਰ ’ਤੇ ਸੁੱਟਿਆ ਜਾਵੇਇਸ ਪਹਿਲੇ ਬੰਬਰ ਜਹਾਜ਼ ਦਾ ਨਾਂ ਇਸਦੇ ਪਾਇਲਟ ਕਰਨਲ ‘ਪਾਲ ਟਿੱਬਟਸ’ ਦੀ ਇੱਛਾ ਅਨੁਸਾਰ ਉਸਦੀ ਮਾਂ ਦੇ ਨਾਂ ’ਤੇ ‘ਇਨੋਲਾਗੇ’ ਰੱਖਿਆ ਗਿਆ ਅਤੇ ਜਿਸ ਬੰਬ ਨੇ ਅੱਗੇ ਜਾ ਕੇ ਤਬਾਹੀ ਕਰਨੀ ਸੀ ਉਸਦਾ ਮਸਖਰਾ ਨਾਂ ‘ਲਿਟਲ ਬੁਆਏ’ ਰੱਖਿਆ ਗਿਆਮਿਥੀ ਤਾਰੀਖ ਨੂੰ ਇਹ ਬੰਬ ‘ਕਕੂਰਾ’ ਨਾਂ ਦੇ ਸ਼ਹਿਰ ਵਿੱਚ ਸੁੱਟਿਆ ਜਾਣਾ ਸੀ ਪਰ ਮੌਸਮ ਦੀ ਖਰਾਬੀ ਕਾਰਨ, ਪਾਇਲਟ ਨੂੰ ਹੀਰੋਸ਼ੀਮਾ ਸ਼ਹਿਰ ’ਤੇ ਬੰਬ ਸੁੱਟਣ ਦਾ ਆਦੇਸ਼ ਦਿੱਤਾ ਗਿਆਇਹ ਬੰਬ ਇਸ ਸ਼ਹਿਰ ’ਤੇ 6 ਅਗਸਤ 1945 ਨੂੰ ਸਵੇਰੇ 8:16 ਵਜੇ 1968 ਫੁੱਟ ਦੀ ਉਚਾਈ ਤੋਂ ਸੁੱਟਿਆ ਗਿਆਇਸ ਦਿਨ ਸਕੂਲਾਂ ਦੇ ਬਹੁਤੇ ਵਿਦਿਆਰਥੀ ਅਤੇ ਅਧਿਆਪਨ ਅਮਲਾ, ਸਕੂਲਾਂ ਦੇ ਸਫਾਈ ਅਭਿਆਨ ਵਿੱਚ ਜੁਟਿਆ ਹੋਇਆ ਸੀਸ਼ਹਿਰ ’ਤੇ ਅਚਾਨਕ ਪਈ ਇਸ ਆਫਤ ਨੇ ਪਲਾਂ ਵਿੱਚ 80 ਹਜ਼ਾਰ ਲੋਕ ਮਾਰ ਦਿੱਤੇ, 35 ਹਜ਼ਾਰ ਜ਼ਖਮੀਆਂ ਸਮੇਤ ਸਾਲ ਦੇ ਅੰਦਰ ਅੰਦਰ 60 ਹਜ਼ਾਰ ਲੋਕ ਹੋਰ ਤਸੀਹੇ ਭਰੀ ਮੌਤ ਮਰ ਗਏਉਸ ਸਮੇਂ 4 ਹਜ਼ਾਰ ਡਿਗਰੀ ਤਾਪਮਾਨ ਹੋਣ ਕਰਕੇ 4 ਮੀਲ ਦੇ ਘੇਰੇ ਅੰਦਰ ਲੋਕ ਅਤੇ ਹੋਰ ਜਿਊਂਦੇ ਜੀਵ ਭਾਫ ਬਣਕੇ ਉੱਡ ਗਏ, ਲੁਕ ਵਾਂਗ ਪਿਘਲ ਗਏ। ਇਮਾਰਤਾਂ ਚੂਰ ਹੋ ਗਈਆਂ, ਬਨਸਪਤੀ ਝੁਲਸ ਗਈ(ਵਰਨਣਯੋਗ ਹੈ ਕਿ ਲੋਹਾ 1536 ਡਿਗਰੀ ਤਾਪਮਾਨ ’ਤੇ ਪਿਘਲ ਜਾਂਦਾ ਹੈ) ਇਹੋ ਕੁਝ 9 ਅਗਸਤ 1945 ਨੂੰ ਸਨਅਤੀ ਸ਼ਹਿਰ ਨਾਗਾਸਾਕੀ ਵਿੱਚ ਸਵੇਰੇ 11.2 ਵਜੇ ਵਾਪਰਿਆ ਜਦੋਂ 1650 ਫੁੱਟ ਦੀ ਉਚਾਈ ਤੋਂ ‘ਫੈਟਮੈਨ’ ਨਾਂ ਦਾ ਬੰਬ ਸੁੱਟਿਆ ਗਿਆਇੱਥੇ ਵੀ ਲਗਭਗ 70 ਹਜ਼ਾਰ ਲੋਕ ਮੌਤ ਦੇ ਮੂੰਹ ਜਾ ਪਏਇਨ੍ਹਾਂ ਵਿਸਫੋਟਾਂ ਤੋਂ ਬਾਅਦ ਪਈ ਰੇਡੀਏਸ਼ਨ ਦੀ ਕਾਲੀ ਵਰਖਾ ਨੇ ਰਹਿੰਦੀਆਂ ਕਸਰਾਂ ਕੱਢ ਦਿੱਤੀਆਂਇਸ ਰੇਡੀਏਸ਼ਨ ਦਾ ਅਸਰ ਤਰ੍ਹਾਂ ਤਰ੍ਹਾਂ ਦੀ ਅਪੰਗਤਾ ਦੇ ਰੂਪ ਵਿੱਚ, ਆਉਣ ਵਾਲੀ ਨਸਲ ’ਤੇ ਪਿਆ ਜਦੋਂ ਕਿ ਧਰਤੀ ਦੀ ਉਪਜਾਊ ਸ਼ਕਤੀ ਵੀ ਨਸ਼ਟ ਹੋਈ

ਦੁਨੀਆਂ ਭਰ ਦੇ ਕਿੰਨੇ ਹੀ ਦੇਸ਼ਾਂ ਨੇ 1945 ਦੇ ਮੁਕਾਬਲੇ ਬੇਹੱਦ ਮਾਰੂ ਸਮਰੱਥਾ ਦੇ ਹਜ਼ਾਰਾਂ ਮਾਰੂ ਬੰਬ ਬਣਾ ਰੱਖੇ ਹਨਬਿਹਤਰ ਹੁੰਦਾ ਇਹ ਨਾ ਹੀ ਬਣਾਏ ਜਾਂਦੇ ਜਾਂ ਹੁਣ ਵਿਸ਼ਵ ਸ਼ਾਂਤੀ ਦੀ ਕੀਮਤ ’ਤੇ ਨਸ਼ਟ ਕੀਤੇ ਜਾਣਦੁੱਖ ਦੀ ਗੱਲ ਇਹ ਹੈ ਕਿ ਵੱਖ ਵੱਖ ਦੇਸ਼ਾਂ ਦੇ ਹਾਕਮ ਇੱਕ ਦੂਜੇ ’ਤੇ ਧੌਂਸ ਜਮਾਉਣ ਲਈ ਇਨ੍ਹਾਂ ਬੰਬਾਂ ਦਾ ਸਹਾਰਾ ਲੈਂਦੇ ਹਨ ਅਤੇ ਆਪਣੀ ਪ੍ਰਮਾਣੂ ਸਮਰੱਥ ਦਖਾਉਣ ਲਈ ਪ੍ਰਮਾਣੂ ਧਮਾਕੇ ਕਰਦੇ ਹਨਸਾਡੇ ਆਪਣੇ ਦੇਸ਼ ਦੇ ਹਾਕਮਾਂ ਨੇ ਵੀ ਰਾਜਸਥਾਨ ਦੇ ਇੱਕ ਪਿੰਡ ਪੋਖਰਨ ਵਿੱਚ 11 ਅਤੇ 13 ਮਈ 1998 ਨੂੰ 3 ਪ੍ਰਮਾਣੂ ਪ੍ਰੀਖਣ ਕੀਤੇ ਸਨਇਸ ਤੋਂ ਬਾਅਦ ਸਾਡੀ ਹੀ ਤਰਜ਼ ’ਤੇ ਪਾਕਿਸਤਾਨ ਨੇ 28 ਮਈ ਨੂੰ ਚਗਾਈ ਨਾਂ ਦੇ ਸਥਾਨ ’ਤੇ ਸਮਾਨੰਤਰ ਪ੍ਰਮਾਣੂ ਧਮਾਕੇ ਕਰ ਵਿਖਾਏ ਸਨਉੱਤਰੀ ਕੋਰੀਆ ਦੇ ਤਾਨਾਸ਼ਾਹ ‘ਕਿੰਮ ਜੌਂਗ ਉਨ’ ਨੂੰ ਕੌਣ ਨਹੀਂ ਜਾਣਦਾ, ਜਿਹੜਾ ਸਮੇਂ ਸਮੇਂ ’ਤੇ ਅਮਰੀਕਾ ਨੂੰ ਪ੍ਰਮਾਣੂ ਧਮਕੀਆਂ ਦਿੰਦਾ ਰਹਿੰਦਾ ਹੈ

ਭਾਵੇਂ ਇਸ ਲੇਖ ਵਿੱਚ ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਅਣਇੱਛਤ ਬਲੀਦਾਨੀਆਂ ਦੀ ਗੱਲ ਕੀਤੀ ਗਈ ਹੈ ਪਰ ਇਸ ਧਰਤੀ ਦੇ ਸੰਤਾਪ ਦੀ ਗਵਾਹੀ ਦਿੰਦੇ ਦੂਸਰੇ ਵਿਸ਼ਵ ਯੁੱਧ ਸਮੇਂ ਦੇ ਕੌਮਾਂਤਰੀ ਖਲਨਾਇਕ ‘ਹਿਟਲਰ’ ਦੀਆਂ ਨਾਜ਼ੀ ਧਾੜਾਂ ਵੱਲੋਂ ਉਸਾਰੇ ਗਏ ਤਸੀਹਾ-ਕੈਂਪਾਂ ਦੇ ਖੰਡਰ ਅੱਜ ਵੀ ਮੌਜੂਦ ਹਨ ਅਤੇ ਇਨ੍ਹਾਂ ਤਰਾਸਦੀਆਂ ਨੂੰ ਬਿਆਨ ਕਰਦੇ ਵੱਖ ਵੱਖ ਦੇਸ਼ਾਂ ਵਿੱਚ ਬਣੇ ‘ਸਰਬਨਾਸ ਕੇਂਦਰ’ ਇਹੋ ਸੰਦੇਸ਼ ਬਣਦੇ ਹਨ ਕਿ ਇਸ ਧਰਤੀ ’ਤੇ ਮੁੜ ਅਜਿਹਾ ਕੁਝ ਨਾ ਵਾਪਰੇਵਿਸ਼ਵ ਸ਼ਾਂਤੀ, ਸਾਡਾ ਸਾਰਿਆਂ ਦਾ ਸਾਂਝਾ ਫਿਕਰ ਬਣੇ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2936)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸਵਰਨ ਸਿੰਘ ਭੰਗੂ

ਸਵਰਨ ਸਿੰਘ ਭੰਗੂ

Chamkaur Sahib, Rupnagar, Punjab, India.
Phone: (91 - 94174 - 69290)
Email: (dharti_meri@yahoo.com)