“ਜਦੋਂ ਅਸੀਂ ਇਸ ਮਸਲੇ ਨੂੰ ਮਨੁੱਖ ਦੇ ਜਮਹੂਰੀ ਹੱਕਾਂ ਦੇ ਚੌਖਟੇ ਵਿੱਚ ਰੱਖਕੇ ਵੇਖਦੇ ਹਾਂ ਤਾਂ ...”
(28 ਨਵੰਬਰ 2025)
ਜਦੋਂ ਅਸੀਂ ਫ਼ਲਸਤੀਨ ਅਤੇ ਇਜ਼ਰਾਈਲ ਦੇ ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਯੁੱਧ ਬਾਰੇ ਗੱਲ ਕਰਦੇ ਹਾਂ ਤਾਂ ਅਸਲ ਵਿੱਚ ਇਹ ਯੁੱਧ ਦੀ ਬਜਾਏ ਫ਼ਲਸਤੀਨੀਆਂ ਦੀ ਨਸਲ-ਕੁਸ਼ੀ ਕਰਨ ਵਿਰੁੱਧ ਬਗ਼ਾਬਤ ਦਾ ਮਾਮਲਾ ਹੈ। ਫ਼ਲਸਤੀਨੀਆਂ ਵੱਲੋਂ ਆਪਣੀ ਹੋਂਦ ਬਰਕਰਾਰ ਰੱਖਣ ਲਈ ਇਸ ਜ਼ੁਲਮ ਖਿਲਾਫ ਬਹਾਦਰੀ ਨਾਲ ਲੜਨ ਦੇ ਜਜ਼ਬੇ ਦੀ ਪ੍ਰਸੰਸਾ ਕਰਨੀ ਬਣਦੀ ਹੈ। ਜ਼ੁਲਮ, ਧੱਕੇਸ਼ਾਹੀ, ਬੁਰਿਆਈ ਅਤੇ ਹਰ ਗਲਤ ਵਿਰੁੱਧ ਆਵਾਜ਼ ਉਠਾਉਣਾ ਹੀ ਜਮਹੂਰੀ ਹੱਕ ਅਖਵਾਉਂਦਾ ਹੈ। ਜਮਹੂਰੀ ਹੱਕਾਂ ਦੀ ਕੋਈ ਲਿਖਤੀ ਗਿਣਤੀ ਮਿਣਤੀ ਨਹੀਂ ਹੁੰਦੀ ਸਗੋਂ ਹਰ ਗਲਤ/ਬੁਰਿਆਈ ਵਿਰੁੱਧ ਅਵਾਜ਼ ਉਠਾਉਣਾ/ਬਗ਼ਾਬਤ ਕਰਨਾ ਹਰ ਮਨੁੱਖ ਦਾ ਜਮਹੂਰੀ ਹੱਕ ਹੈ, ਜੋ ਫ਼ਲਸਤੀਨੀਆਂ ਵੱਲੋਂ ਬਾਖ਼ੂਬੀ ਨਿਭਾਇਆ ਜਾ ਰਿਹਾ ਹੈ। ਇਤਿਹਾਸ ਦੱਸਦਾ ਹੈ ਕਿ ਜ਼ੁਲਮ ਦੇ ਖਿਲਾਫ ਉੱਠੇ ਵਿਰੋਧ ਨੇ ਅਕਸਰ ਜਿੱਤਣਾ ਹੀ ਹੁੰਦਾ ਹੈ ਕਿਉਂਕਿ ਵਿਰੋਧ ਦੀ ਅਵਾਜ਼ ਮਨੁੱਖਤਾ ਦੀ ਅਵਾਜ਼ ਹੁੰਦੀ ਹੈ। ਮਨੁੱਖੀ ਇਤਿਹਾਸ ਅਜਿਹੀਆਂ ਬਗ਼ਾਵਤਾਂ ਨਾਲ ਭਰਿਆ ਪਿਆ ਹੈ, ਜਿਹਨਾਂ ਸਦਕਾ ਹੀ ਮਨੁੱਖੀ ਵਿਕਾਸ ਅੱਗੇ ਚਲਦਾ ਆ ਰਿਹਾ ਹੈ।
ਸੰਸਾਰ ਵਿੱਚ ਮੁੱਖ ਤੌਰ ’ਤੇ ਦੋ ਕਿਸਮ ਦੇ ਰਾਜ ਪ੍ਰਬੰਧ ਚਲਦੇ ਆ ਰਹੇ ਹਨ, ਸਾਮਰਾਜਵਾਦੀ ਅਤੇ ਸਮਾਜਵਾਦੀ। ਸਾਮਰਾਜੀ ਪ੍ਰਬੰਧ ਅਧੀਨ ਮਨੁੱਖ ਦੀ ਥਾਂ ਸਰਮਾਏ ਅਤੇ ਸਮਾਜਵਾਦੀ ਪ੍ਰਬੰਧ ਵਿੱਚ ਸਰਮਾਏ ਦੀ ਥਾਂ ਮਨੁੱਖ ਨੂੰ ਪਹਿਲੇ ਸਥਾਨ ’ਤੇ ਰੱਖਿਆ ਜਾਂਦਾ ਹੈ। ਭਾਵ ਕਿ ਸਾਮਰਾਜੀ ਪ੍ਰਬੰਧ ਸਰਮਾਏ ਦੇ ਅਤੇ ਸਮਾਜਵਾਦੀ ਪ੍ਰਬੰਧ ਮਨੁੱਖ ਦੇ ਹੱਕ ਵਿੱਚ ਭੁਗਤਦਾ ਹੈ। ਭਾਵੇਂ ਮਨੁੱਖ ਦੇ ਜਿਉਣ ਲਈ ਲੋੜੀਂਦੀਆਂ ਮੁੱਢਲੀਆਂ ਲੋੜਾਂ ਕੁੱਲੀ, ਗੁੱਲੀ, ਜੁੱਲੀ ਦੀ ਪੂਰਤੀ ਕਰਨਾ ਸਭਿਅਕ ਤੌਰ ’ਤੇ ਹਰ ਰਾਜ ਪ੍ਰਬੰਧ ਦੀ ਅਹਿਮ ਜ਼ੁੰਮੇਵਾਰੀ ਹੈ, ਪਰ ਮੌਜੂਦਾ ਸਾਮਰਾਜੀ ਰਾਜ ਪ੍ਰਬੰਧ ਵੱਲੋਂ ਆਪਣੀ ਜ਼ੁੰਮੇਵਾਰੀ ਨਿਭਾਉਣ ਦੀ ਥਾਂ ਇਸ ਤੋਂ ਉਲਟ ਭੁਗਤਦਾ ਵੇਖ ਰਹੇ ਹਾਂ ਕਿ ਕਿਵੇਂ ਮਨੁੱਖੀ ਕਦਰਾਂ ਕੀਮਤਾਂ ਦਾ ਹੀ ਨਹੀਂ, ਸਗੋਂ ਮਨੁੱਖਤਾ ਦਾ ਹੀ ਮਲੀਆਮੇਟ ਕਰਕੇ ਮੁਨਾਫੇ ਕਮਾਉਣ ਲਈ ਪੂੰਜੀ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਬੇਇਨਸਾਫੀ ਵਿਰੁੱਧ ਅਵਾਜ਼ ਉਠਾਉਣਾ ਮਨੁੱਖ ਦਾ ਜਮਹੂਰੀ ਹੱਕ ਹੈ ਜਿਸ ਨੂੰ ਸਾਮਰਾਜੀ ਪ੍ਰਬੰਧ ਦੇ ਰਖਵਾਲੇ ਬਗ਼ਾਬਤ ਦਾ ਨਾਂ ਦੇ ਕੇ, ਕੁਚਲਣ ਦੇ ਹੱਥ ਕੰਡੇ ਵਰਤਦੇ ਹਨ। ਇਸ ਤਰ੍ਹਾਂ ਮਨੁੱਖੀ ਜ਼ਿੰਦਗੀਆਂ ਤੋਂ ਵੱਧ, ਪੂੰਜੀ ਨੂੰ ਮਹੱਤਵ ਦੇਣ ਵਾਲੇ ਰਾਜ ਪ੍ਰਬੰਧ ਨੂੰ ਧਿਆਨ ਵਿੱਚ ਰੱਖਣਾ ਬੇਹੱਦ ਜ਼ਰੂਰੀ ਹੈ। ਸਮੇਂ ਦੇ ਮੌਜੂਦਾ ਦੌਰ ਵਿੱਚ ਇਹੋ ਸਾਮਰਾਜੀ ਪ੍ਰਬੰਧ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਭਾਰੂ ਹੈ, ਜੋ ਕਿ ਸੰਸਾਰ ਭਰ ਵਿੱਚ ਆਪਣਾ ਕਰੂਰ ਚਿਹਰਾ ਵਿਖਾ ਰਿਹਾ ਹੈ। ਇਸ ਨੂੰ ਬਰਕਰਾਰ ਰੱਖਣ ਲਈ ਅਮਰੀਕਾ, ਜੋ ਕਿ ਕੁੱਲ ਦੁਨੀਆਂ ਦਾ ਥਾਣੇਦਾਰ ਬਣ ਆਪਣੀ ਧੌਂਸ ਦੇ ਬਲਬੂਤੇ ਮਨੁੱਖਤਾ ਦੇ ਜਮਹੂਰੀ ਹੱਕਾਂ ਨੂੰ ਹੀ ਨਹੀਂ ਕੁਚਲ ਰਿਹਾ ਸਗੋਂ ਵੱਡੀ ਪੱਧਰ ’ਤੇ ਮਨੁੱਖੀ ਜਾਨ-ਮਾਲ ਦੀ ਬਰਬਾਦੀ ਕਰਨ ਲਈ ਵੀ ਜ਼ੁੰਮੇਵਾਰ ਹੈ। ਸਾਮਰਾਜੀ ਰਾਜ ਪ੍ਰਬੰਧ ਹੇਠ ਆਪਣੀਆਂ ਪਸਾਰਵਾਦੀ ਲੁੱਟ ਅਧਾਰਤ ਨੀਤੀਆਂ ਦਾ ਗਲਬਾ ਬਰਕਰਾਰ ਰੱਖਣ ਲਈ ਇਸ ਵੱਲੋਂ ਪੂਰੀ ਦੁਨੀਆਂ ਨੂੰ ਵੰਡ ਕੇ ਰੱਖਣ ਲਈ ਹਰ ਤਰ੍ਹਾਂ ਦੇ ਛੜਯੰਤਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਵੱਖ ਵੱਖ ਮੁਲਕਾਂ ਵਿੱਚ ਆਪਸੀ ਵਿਰੋਧ ਖੜ੍ਹੇ ਕਰਨਾ ਇਸ ਦੀ ਰਾਜਨੀਤੀ ਦਾ ਅਹਿਮ ਅੰਗ ਹੈ। ਮੁਲਕਾਂ ਵਿੱਚ ਆਪਸੀ ਭੇੜ ਖੜ੍ਹੇ ਕਰਕੇ ਆਪਣੇ ਮਾਰੂ ਹਥਿਆਰ ਵੇਚਣ ਅਤੇ ਹੋਰ ਵਿਉਪਾਰਿਕ ਸੰਧੀਆਂ ਰਾਹੀਂ ਉਹਨਾਂ ਦੀ ਲੁੱਟ ਕਰਨ ਦੇ ਮਨਸੂਬੇ ਬਣਾ ਕੇ ਆਪਣੀ ਚੌਧਰ ਸਥਾਪਤ ਰੱਖਣ ਲਈ ਗੈਰ ਇਨਸਾਨੀ ਅਤੇ ਗੈਰ ਜਮਹੂਰੀ ਜੋੜਤੋੜ ਕਰਨੇ ਇਸ ਦੀ ਰਾਜਨੀਤੀ ਦਾ ਅਹਿਮ ਹਿੱਸਾ ਹਨ, ਕਿਉਂਕਿ ਮਨੁੱਖਤਾ ਨੂੰ ਲੁੱਟ ਕੇ ਆਪਣੇ ਲਈ ਸਹੂਲਤਾਂ ਪੈਦਾ ਕਰਨਾ ਉਸ ਦਾ ਪੇਸ਼ਾ ਹੈ।
ਇਜ਼ਰਾਈਲ ਅਤੇ ਫ਼ਲਸਤੀਨ ਮਸਲਾ ਵੀ ਉਸ ਦੀ ਅਜਿਹੀ ਕੂਟਨੀਤੀ ਅਨੁਸਾਰ ਹੀ ਇਸੇ ਲੜੀ ਦਾ ਅੰਗ ਹੈ, ਜਿਸ ਬਾਰੇ ਬਹੁਤ ਕੁੱਝ ਵੱਖ ਵੱਖ ਸਰੋਤਾਂ ਰਾਹੀਂ ਸਪਸਟ ਹੋ ਚੁੱਕਾ ਹੈ। ਗਾਜ਼ਾ ਨੂੰ ਆਪਣੇ ਕਬਜ਼ੇ ਅਧੀਨ ਕਰਕੇ ਫਲਸਤੀਨੀ ਲੋਕਾਂ ਨੂੰ ਉਜਾੜਕੇ ਉੱਥੇ ਸੰਸਾਰ ਭਰ ਦੇ ਅਮੀਰਸ਼ਾਹਾਂ ਲਈ ਨਵੀਂ ਸੈਰਗਾਹ ਬਣਾਕੇ ਅਤੇ ਬਿਲਡਿੰਗਾਂ ਉਸਾਰਕੇ ਸਰਮਾਇਆ ਕਮਾਉਣ ਦੇ ਮੰਤਵ ਨੂੰ ਪੂਰਾ ਕਰਨ ਦੀ ਲਾਲਸਾ ਪੂਰੀ ਕਰਨ ਲਈ ਸਾਰੇ ਮਨੁੱਖੀ ਹੱਕ ਲਤਾੜਕੇ ਫ਼ਲਸਤੀਨ ਨੂੰ ਇੱਕ ਦੇਸ਼ ਵਜੋਂ ਖਤਮ ਕਰਨਾ ਚਾਹੁੰਦਾ ਹੈ। 1948 ਤੋਂ ਪਹਿਲਾਂ ਇਜ਼ਰਾਈਲ ਦੀ ਕੋਈ ਹੋਂਦ ਹੀ ਨਹੀਂ ਸੀ, ਕਿਉਂਕਿ ਦੂਜੀ ਸੰਸਾਰ ਜੰਗ ਤੋਂ ਬਾਅਦ ਬ੍ਰਿਟਿਸ਼ ਹਕੂਮਤ ਵੱਲੋਂ ਧਰਮ ਦੇ ਅਧਾਰ ’ਤੇ ਇਸ ਦੀ ਸਥਾਪਨਾ ਕੀਤੀ ਗਈ ਸੀ, ਜਿਸਨੂੰ ਅਮਰੀਕਾ ਵੱਲੋਂ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਸੰਸਾਰ ਪੱਧਰ ’ਤੇ ਸਥਾਪਿਤ ਕੀਤਾ ਜਾ ਰਿਹਾ ਹੈ। ਸਿੱਟੇ ਵਜੋਂ ਫ਼ਲਸਤੀਨ ਵੱਲੋਂ ਇਸ ਧੱਕੇਸ਼ਾਹੀ ਦਾ ਵਿਰੋਧ ਹੋ ਰਿਹਾ ਹੈ ਕਿਉਂਕਿ ਅਮਰੀਕਾ ਫ਼ਲਸਤੀਨ ਨੂੰ ਦੁਨੀਆਂ ਦੇ ਨਕਸ਼ੇ ਤੋਂ ਖਤਮ ਕਰਕੇ ਆਪਣੀ ਮਰਜ਼ੀ ਦੀ ਸੱਤਾ ਸਥਾਪਤ ਕਰਨਾ ਚਾਹੁੰਦਾ ਹੈ। ਵਿਰੋਧੀ ਅਵਾਜ਼ ਨੂੰ ਖਤਮ ਕਰਨ ਲਈ ਫ਼ਲਸਤੀਨੀਆਂ ਦੀ ਨਸਲ-ਕੁਸ਼ੀ ਕੀਤੀ ਜਾ ਰਹੀ ਹੈ, ਜਿਸ ਖਿਲਾਫ ਲੜਨਾ ਉਸ ਦਾ ਜਮਹੂਰੀ ਹੱਕ ਹੈ। ਜਦੋਂ ਦੁਨੀਆਂ ਭਰ ਵਿੱਚੋਂ ਇਸ ਹੱਕ ਨੂੰ ਸਮਝਦਿਆਂ ਫ਼ਲਸਤੀਨ ਦੇ ਪੱਖ ਵਿੱਚ ਆਵਾਜਾਂ ਉੱਠ ਰਹੀਆਂ ਹਨ ਤਾਂ ਅਜਿਹੇ ਮੌਕੇ ਅਮਰੀਕਾ ਸ਼ਾਂਤੀ ਯੋਜਨਾ ਦੇ ਨਾਂ ਹੇਠ ਆਪਣੇ ਆਰਥਿਕ ਅਤੇ ਸਿਆਸੀ ਹਿਤ ਪੂਰੇ ਕਰਨ ਦਾ ਦਾਅ ਵਰਤਣ ਦੇ ਯਤਨ ਵਿੱਚ ਵੀ ਹੈ। ਇਜ਼ਰਾਇਲੀ ਮੁਖੀ ਨੇਤਨਯਾਹੂ ਨੇ ਵੀ ਇਸਦੀ ਪ੍ਰਸ਼ੰਸਾ ਕਰਦਿਆਂ ਅਮਰੀਕਾ ਦੇ ਇਰਾਦਿਆਂ ਨੂੰ ਇਤਿਹਾਸ ਬਦਲ ਦੇਣ ਵਾਲੇ ਕਰਾਰ ਦੇ ਕੇ ਅਮਰੀਕੀ ਰਾਸ਼ਟਰਪਤੀ ਡੋਨਲ ਟਰੰਪ ਨੂੰ ਹੋਰ ਬਲ ਦਿੱਤਾ ਹੈ। ਟਰੰਪ ਆਪਣਾ ਨਜ਼ਰੀਆ ਪੇਸ਼ ਕਰਦਿਆਂ ਇਸਨੂੰ ਰੁਜ਼ਗਾਰ ਪੈਦਾ ਕਰਨ ਲਈ ਨਿਵੇਸ਼ ਕਰਨ ਵਜੋਂ ਪੇਸ਼ ਕਰ ਰਿਹਾ ਹੈ ਜੋ ਉਸ ਵੱਲੋਂ ਫ਼ਲਸਤੀਨ ਨੂੰ ਉਜਾੜਕੇ ਅਮਰੀਕੀ ਸਾਮਰਾਜੀਆਂ ਦੇ ਮੁਨਾਫਾਖੋਰ ਗੈਰ ਮਨੁੱਖੀ ਮਨਸੂਬਿਆਂ ਦਾ ਪ੍ਰਗਟਾਵਾ ਹਨ। ਇਜ਼ਰਾਈਲ ਦੀ ਪਿੱਠ ਪਿੱਛੇ ਖੜਾ ਅਮਰੀਕਾ ਜਮਹੂਰੀਅਤ ਦਾ ਵੱਡਾ ਦਾਹਵੇਦਾਰ ਬਣਨ ਦੇ ਪਾਖੰਡ ਕਰਕੇ ਲੋਕਾਂ ਦਾ ਉਜਾੜਾ ਕਰਨ ਲਈ ਤਰ੍ਹਾਂ ਤਰ੍ਹਾਂ ਦੇ ਬਹਾਨੇ ਘੜ ਕੇ ਆਪਣੇ ਮਨਸੂਬਿਆਂ ਦੀ ਪੂਰਤੀ ਕਰਨਾ ਚਾਹੁੰਦਾ ਹੈ।
ਜਦੋਂ ਅਸੀਂ ਇਸ ਮਸਲੇ ਨੂੰ ਮਨੁੱਖ ਦੇ ਜਮਹੂਰੀ ਹੱਕਾਂ ਦੇ ਚੌਖਟੇ ਵਿੱਚ ਰੱਖਕੇ ਵੇਖਦੇ ਹਾਂ ਤਾਂ ਸਾਫ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਸਾਮਰਾਜੀ ਮੁਲਕ ਅਤੇ ਉਹਨਾਂ ਦੇ ਜੋਟੀਦਾਰ ਆਪਣੇ ਨਿੱਜੀ ਮੁਫ਼ਾਦ ਪੂਰੇ ਕਰਨ ਲਈ ਮਨੁੱਖਤਾ ਦਾ ਬੇਥਾਹ ਖੂਨ ਵਹਾਉਣ ਤੱਕ ਨਿੱਘਰ ਜਾਂਦੇ ਹਨ। ਫ਼ਲਸਤੀਨ ਵੱਲੋਂ ਇਸ ਦਾ ਵਿਰੋਧ ਕਰਨਾ ਉਸ ਦਾ ਜਮਹੂਰੀ ਹੱਕ ਹੈ ਜਿਸ ਵਿੱਚ ਤਕਰੀਬਨ 68 ਹਜ਼ਾਰ ਤੋਂ ਵੱਧ ਫ਼ਲਸਤੀਨੀਆਂ ਦਾ ਕਤਲੇਆਮ ਹੋ ਚੁੱਕਾ ਹੈ, ਜਿਹਨਾਂ ਵਿੱਚ ਅੱਧਿਓਂ ਵੱਧ ਬੱਚੇ ਅਤੇ ਔਰਤਾਂ ਸ਼ਾਮਲ ਹਨ। 90% ਅਬਾਦੀ ਉਜਾੜ ਦਿੱਤੀ ਗਈ ਹੈ। 94% ਹਸਪਤਾਲ ਅਤੇ 92% ਰਹਾਇਸ਼ੀ ਅਤੇ ਵਪਾਰਕ ਇਮਾਰਤਾਂ ਨੂੰ ਬੰਬਾਂ ਦੁਆਰਾ ਉਡਾ ਕੇ ਖੰਡਰ ਬਣਾ ਦਿੱਤਾ ਗਿਆ ਹੈ। ਵੱਡੀ ਪੱਧਰ ’ਤੇ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਕੇ ਬੇਹੱਦ ਤਰਸਯੋਗ ਹਾਲਤਾਂ ਵਿੱਚ ਜਿਉਂਣ ਲਈ ਮਜਬੂਰ ਹਨ।
ਇਜਰਾਈਲੀ ਸੁਰੱਖਿਆ ਬਲਾਂ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਵਾਂ ਜੋ ਫਲਸਤੀਨੀਆਂ ਲਈ ਰਾਹਤ ਸਮੱਗਰੀ ਪਹੁੰਚਾਉਣ ਲਈ ਜਾ ਰਹੀਆਂ ਹਨ, ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ। ਦੋ ਹਜ਼ਾਰ ਦੇ ਕਰੀਬ ਇਜ਼ਰਾਈਲੀ ਵੀ ਇਸ ਜੰਗ ਵਿੱਚ ਮਾਰੇ ਗਏ ਹਨ ਅਤੇ ਹੋਰ ਮਾਲੀ ਨੁਕਸਾਨ ਵੀ ਜਾਰੀ ਹੈ। ਇਸ ਦੌਰਾਨ ਭੁੱਖਮਰੀ ਦਾ ਸ਼ਿਕਾਰ ਹੋਏ ਫਲਸਤੀਨੀਆਂ ਦਾ ਕਤਲੇਆਮ ਇਜ਼ਰਾਈਲੀ ਫੌਜਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਕੀਤਾ ਜਾ ਰਿਹਾ ਹੈ। ਪਰ ਇਸ ਦੇ ਬਾਵਜੂਦ ਵੀ ਫ਼ਲਸਤੀਨੀ ਲੋਕ ਅਜੇ ਤੱਕ ਵੀ ਆਪਣੇ ਦੇਸ਼ ਅਤੇ ਖ਼ੁਦਮੁਖ਼ਤਿਆਰੀ ਲਈ ਜੂਝ ਰਹੇ ਹਨ। ਦੋ ਸਾਲ ਤੋਂ ਫ਼ਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੇ ਬਾਵਜੂਦ ਨੇਤਨਯਾਹੂ ਅੱਗੇ ਗੋਡੇ ਟੇਕਣ ਨਾਲੋਂ ਕੁਰਬਾਨ ਹੋ ਜਾਣ ਦੇ ਜਜ਼ਬੇ ਦਾ ਪੱਖ ਸਾਮਰਾਜਵਾਦੀ ਢਾਂਚੇ ਵਿਰੁੱਧ ਜੂਝ ਰਹੇ ਲੋਕਾਂ ਨੂੰ ਉਤਸਾਹਿਤ ਵੀ ਕਰਦਾ ਹੈ।
ਹਮਾਸ ਦੇ ਇੱਕ ਸੀਨੀਅਰ ਆਗੂ ਮੌਸਾ ਅਬੂ ਮਰਜਾਊਕ ਨੇ ਇੱਕ ਇੰਟਰਵਿਊ ਵਿੱਚ ਕਿਹਾ, “ਇਸ ਤਰ੍ਹਾਂ ਦੀ ਜੰਗ ਇਤਿਹਾਸ ਵਿੱਚ ਵੇਖਣ ਸੁਣਨ ਨੂੰ ਨਹੀਂ ਮਿਲਦੀ ਜਦੋਂ ਨਸਲਕੁਸ਼ੀ ਨੂੰ ਟੀਵੀ ’ਤੇ ਨਾਲੋ ਨਾਲ ਵਿਖਾਇਆ ਗਿਆ ਹੋਵੇ ਅਤੇ ਜਦੋਂ ਭੁੱਖਮਰੀ ਦੌਰਾਨ ਬੱਚਿਆਂ ਦੇ ਕਤਲੇਆਮ ਅਤੇ ਦਵਾਈਆਂ ਪਹੁੰਚਣ ਦੇ ਰਸਤੇ ਵੀ ਬੰਦ ਕਰ ਦਿੱਤੇ ਹੋਣ।” ਪੂਰੀ ਦੁਨੀਆਂ ਸਾਹਮਣੇ ਮਨੁੱਖ ਦੇ ਜਿਉਣ ਦੇ ਅਧਿਕਾਰ ਦਾ ਸ਼ਰੇਆਮ ਜਨਾਜ਼ਾ ਕੱਢਕੇ ਆਪਣੇ ਬਲ ਦਾ ਦੁਰ-ਉਪਯੋਗ ਕਰਕੇ ਸੌੜੇ ਹਿਤਾਂ ਦੀ ਪੂਰਤੀ ਲਈ ਬੇਸ਼ਰਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ।
ਅਮਰੀਕਾ, ਜਿਸ ਨੇ ਇੱਕ ਪਾਸੇ ਗਾਜ਼ਾ ਨੂੰ ਮਲਬੇ ਦੇ ਢੇਰ ਵਿੱਚ ਬਦਲਣ ਲਈ ਪਹਿਲਾਂ ਤਬਾਹੀ ਕਰਨ ਲਈ ਮਾਰੂ ਹਥਿਆਰ ਵੇਚਕੇ ਵੱਡੇ ਮੁਨਾਫੇ ਕਮਾਏ, ਦੂਜੇ ਪਾਸੇ ਹੁਣ ਉਹਨਾਂ ਮਲਬਿਆਂ ਦੇ ਢੇਰਾਂ ਨੂੰ ਹਟਾਉਣ ਲਈ ਵੀ ਅਮਰੀਕੀ ਕੰਪਨੀਆਂ ਤਤਪਰ ਹਨ ਅਤੇ ਉੱਥੇ ਉਸਾਰੀ ਦੇ ਠੇਕੇ ਲੈ ਕੇ ਵੱਡੀ ਪੱਧਰ ’ਤੇ ਸਰਮਾਇਆ ਕਮਾਉਣ ਦੀ ਲਾਈਨ ਵਿੱਚ ਹਨ। ਇਸੇ ਤਰ੍ਹਾਂ ਸਾਮਰਾਜੀ ਰਾਜ ਪ੍ਰਬੰਧ ਅਧੀਨ ਦੁਨੀਆਂ ਭਰ ਵਿੱਚ ਕਮਾਊ ਲੋਕਾਂ ਦੇ ਮੁਢਲੇ ਜਮਹੂਰੀ ਅਧਿਕਾਰਾਂ ਦੀ ਪਰਵਾਹ ਨਾ ਕਰਦਿਆਂ ਕੁੱਲ ਪੈਦਾਵਾਰ ਦਾ ਵੱਡਾ ਹਿੱਸਾ ਵੱਡੇ ਕਾਰਪੋਰੇਟਾਂ/ਪੂੰਜੀਪਤੀਆਂ ਦੇ ਕਾਰੋਬਾਰਾਂ ਨੂੰ ਹੋਰ ਵਿਕਸਤ ਕਰਨ ਲਈ ਵਰਤਕੇ ਆਮ ਲੋਕਾਂ ਦੀ ਜ਼ਿੰਦਗੀ ਦੁੱਭਰ ਕੀਤੀ ਜਾ ਰਹੀ ਹੈ। ਆਪਣੇ ਆਰਥਿਕ ਸੰਕਟ ਦਾ ਬੋਝ ਲੋਕਾਂ ਸਿਰ ਮੜ੍ਹਿਆ ਜਾ ਰਿਹਾ ਹੈ।
ਭਾਰਤ ਵਿੱਚ ਵੀ ਕੇਂਦਰ ਸਰਕਾਰ ਵੱਲੋਂ ਇਸੇ ਸਾਮਰਾਜੀ ਨੀਤੀ ਤਹਿਤ ਲੋਕਾਂ ਤੋਂ ਜਬਰੀ ਖੋਹ ਕੇ ਆਰਥਿਕਤਾ ਦੇ ਸਾਰੇ ਵਸੀਲੇ ਕਾਰਪੋਰੇਟਾਂ ਦੀ ਝੋਲੀ ਪਾਏ ਜਾ ਰਹੇ ਹਨ। ਜਦੋਂ ਲੋਕ ਆਪਣਾ ਜਮਹੂਰੀ ਹੱਕ ਸਮਝਦਿਆਂ ਇਸ ਦੇ ਵਿਰੋਧ ਵਿੱਚ ਅਵਾਜ਼ ਬੁਲੰਦ ਕਰਦੇ ਹਨ ਤਾਂ ਉਹਨਾਂ ਵਿਰੁੱਧ ਤਸ਼ੱਦਦ ਕਰਕੇ ਝੂਠੇ ਕੇਸ ਦਰਜ ਕੀਤੇ ਜਾਂਦੇ ਹਨ। ਇਸੇ ਤਰ੍ਹਾਂ ਜਦੋਂ ਬਸਤਰ ਦੇ ਖੇਤਰ ਵਿੱਚ ਲੋਕ ਆਪਣੇ ਜਲ, ਜੰਗਲ, ਜ਼ਮੀਨ ਦੀ ਰਾਖੀ ਕਰਦਿਆਂ ਉੱਥੇ ਮੌਜੂਦ ਕੁਦਰਤੀ ਖਣਿਜ ਪਦਾਰਥਾਂ ਦੇ ਭੰਡਾਰਾਂ ਉੱਪਰ ਕਾਰਪੋਰੇਟਾਂ ਦਾ ਕਬਜ਼ਾ ਕਰਵਾਉਣ ਦਾ ਵਿਰੋਧ ਕਰਦੇ ਹਨ ਤਾਂ ਆਦੀ ਵਾਸੀਆਂ ਦਾ ਸ਼ਰੇਆਮ ਕਤਲੇਆਮ ਕਰਕੇ ਪਿੰਡਾਂ ਦੇ ਪਿੰਡ ਸਾੜੇ ਜਾ ਰਹੇ ਹਨ। ਲੋਕਾਂ ਦੀ ਰੋਟੀ ਰੋਜ਼ੀ ਦਾ ਸਾਧਨ ਅਤੇ ਵਾਤਾਵਰਣ ਦੀ ਸ਼ੁੱਧਤਾ ਬਣਾਈ ਰੱਖਣ ਵਾਲੇ ਜੰਗਲ ਕਾਰਪੋਰੇਟਾਂ ਦੇ ਮੁਨਾਫਿਆਂ ਲਈ ਉਜਾੜੇ ਜਾ ਰਹੇ ਹਨ। ਇਸੇ ਤਰ੍ਹਾਂ ਖੇਤੀ ਬਾੜੀ ਦਾ ਧੰਦਾ ਵੀ ਲੋਕਾਂ ਤੋਂ ਜਬਰੀ ਖੋਹ ਕੇ ਕਾਰਪੋਰੇਟਾਂ ਦੇ ਹਵਾਲੇ ਕਰਨ ਲਈ ਕਾਨੂੰਨੀ ਤੌਰ ’ਤੇ ਯਤਨ ਕੀਤੇ ਜਾ ਰਹੇ ਹਨ। ਵਿੱਦਿਅਕ ਅਤੇ ਸਿਹਤ ਦੇ ਮਹੱਤਵ ਪੂਰਨ ਅਦਾਰਿਆਂ ਨੂੰ ਵੀ ਵੱਡੇ ਮੁਨਾਫਿਆਂ ਲਈ ਉਹਨਾਂ ਦੀ ਝੋਲੀ ਪਾਇਆ ਜਾ ਰਿਹਾ ਹੈ। ਜਦੋਂ ਲੋਕਾਂ ਦੀ ਕਿਰਤ ਕਮਾਈ ਰਾਹੀਂ ਉਸਾਰੇ ਇਹਨਾਂ ਅਦਾਰਿਆਂ ਦੀ ਮਾਲਕੀ ਕਾਰਪੋਰੇਟਾਂ ਨੂੰ ਦੇਣ ਦੇ ਇਸ ਦੇਸ਼ ਵਿਰੋਧੀ ਵਰਤਾਰੇ ਦਾ ਲੋਕ ਵਿਰੋਧ ਕਰਦੇ ਹਨ, ਜੋ ਉਹਨਾਂ ਦਾ ਜਮਹੂਰੀ ਹੱਕ ਵੀ ਹੈ, ਤਾਂ ਉਹਨਾਂ ਉੱਪਰ ਹਕੂਮਤੀ ਜਬਰ ਢਾਹਿਆ ਜਾਂਦਾ ਹੈ ਅਤੇ ਝੂਠੇ ਕੇਸ ਬਣਾਕੇ ਸਾਲਾਂ ਬੱਧੀ ਜੇਲ੍ਹਾਂ ਵਿੱਚ ਡੱਕਿਆ ਜਾਂਦਾ ਹੈ। ਇਸ ਤਰ੍ਹਾਂ ਮਨੁੱਖਤਾ ਦਾ ਉਜਾੜਾ ਕਰਨ ਵਾਲੇ ਇਸ ਮੁਨਾਫਾਖੋਰ ਸਰਮਾਏ ਪੱਖੀ ਪ੍ਰਬੰਧ ਨੂੰ ਬਦਲਕੇ ਮਨੁੱਖ ਪੱਖੀ ਸਮਾਜਵਾਦੀ ਪ੍ਰਬੰਧ ਰਾਹੀਂ ਹੀ ਜਮਹੂਰੀ ਹੱਕਾਂ ਦੀ ਖੁਲਾਸੀ ਹੋ ਸਕਦੀ ਹੈ। ਇਸ ਦੀ ਉਸਾਰੀ ਲਈ ਅੱਗੇ ਆਉਣਾ ਹਰ ਕਮਾਊ ਮਨੁੱਖ ਦਾ ਜਮਹੂਰੀ ਹੱਕ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (