“ਜਿਹੜੇ ਗਰੀਬ ਮਜ਼ਦੂਰਾਂ, ਬੱਚਿਆਂ, ਬਜ਼ੁਰਗਾਂ ਦੇ ਢਿੱਡ ਭੁੱਖੇ ਹੋਣਗੇ, ਉਹਨਾਂ ਦਾ ...”
(5 ਅਪਰੈਲ 2020)
ਅੱਜ ਕਰੋਨਾ ਵਾਇਰਸ ਦੇ ਨਾਮ ਦੀ ਹਾਹਾਕਾਰ ਪੂਰੀ ਦੁਨੀਆਂ ਵਿੱਚ ਮੱਚੀ ਹੋਈ ਹੈ। ਚੀਨ, ਜਿੱਥੋਂ ਇਸ ਵਾਇਰਸ ਦੇ ਫੈਲਣ ਬਾਰੇ ਪ੍ਰਚਾਰਿਆ ਜਾ ਰਿਹਾ ਹੈ, ਨੇ ਆਪਣੇ ਦੇਸ਼ ਵਿੱਚ ਇਸ ’ਤੇ ਕੰਟਰੋਲ ਕਰ ਲਿਆ ਹੈ ਅਤੇ 10-12 ਦਿਨਾਂ ਵਿੱਚ ਹੀ ਇੱਕ ਵਿਸ਼ੇਸ਼ ਹਸਪਤਾਲ ਉਸਾਰ ਲੈਣ ਬਾਰੇ ਵੀ ਚਰਚਾ ਆਮ ਹੈ। ਇਸੇ ਤਰ੍ਹਾਂ ਕੋਰੀਆ, ਕਿਊਬਾ ਆਦਿ ਦੇਸ਼ਾਂ ਵੱਲੋਂ ਵੀ ਇਸ ਉੱਪਰ ਕਾਬੂ ਪਾ ਲਿਆ ਹੈ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਜਿਹੜੇ ਮੁਲਕਾਂ ਵਿੱਚ ਸਮਾਜਵਾਦੀ ਸਰਕਾਰਾਂ ਦੀ ਕਿਸੇ ਵੇਲੇ ਵੀ ਭੂਮਿਕਾ ਰਹੀ, ਉਹਨਾਂ ਨੇ ਤੁਰੰਤ ਹੀ ਇਸ ਆਫ਼ਤ ਉੱਪਰ ਕਾਬੂ ਪਾਉਣ ਵਿੱਚ ਅਹਿਮ ਕਾਰਗੁਜ਼ਾਰੀ ਵਿਖਾਈ ਹੈ। ਉਪਰੋਕਤ ਮੁਲਕਾਂ ਨੇ ਬਿਨਾ ਕੋਈ ਧਾਰਮਿਕ ਅਡੰਬਰ ਕੀਤਿਆਂ ਵਿਗਿਆਨਿਕ ਪਹੁੰਚ ਰਾਹੀਂ ਇਸ ਆਫ਼ਤ ਨੂੰ ਕਾਬੂ ਕੀਤਾ ਹੈ, ਕਿਉਂਕਿ ਇਹ ਦੇਸ਼ ਨਾ ਤਾਂ ਕਿਸੇ ਅਗੰਮੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਨਾ ਹੀ ਕਿਸੇ ਪੂਜਾ, ਪਾਠ, ਹਵਨ, ਅਰਦਾਸ ਆਦਿ ਰਾਹੀਂ ਕਿਸੇ ਦੇਵੀ ਦੇਵਤੇ ਦੀ ਅਰਾਧਨਾ ਕਰਦੇ ਹਨ।
ਪਰ ਜਦੋਂ ਅਸੀਂ ਭਾਰਤ ਜਾਂ ਇਸ ਵਰਗੇ ਹੋਰ ਪਿਛਾਖੜੀ ਮੁਲਕਾਂ ਵੱਲ ਝਾਤੀ ਮਾਰਦੇ ਹਾਂ, ਤਾਂ ਉੱਥੇ ਤਰ੍ਹਾਂ ਤਰ੍ਹਾਂ ਦੇ ਗ਼ੈਰ ਵਿਗਿਆਨਿਕ ਧਾਰਮਿਕ ਅਡੰਬਰਾਂ ਰਾਹੀਂ ਇਸ ਆਫ਼ਤ ਤੋਂ ਛੁਟਕਾਰਾ ਪਾਉਣ ਦੀਆਂ ਰਸਮਾਂ ਕਰਕੇ, ਵਿਗਿਆਨ ਦੀ ਖਿੱਲੀ ਉਡਾਈ ਜਾ ਰਹੀ ਹੈ। ਭਾਰਤ ਵਿੱਚ ਤਾਂ ਅਜਿਹੇ ਕਈ ‘ਬੁੱਧੀਮਾਨ’ ਇਹ ਵੀ ਉਪਦੇਸ਼ ਦਿੰਦੇ ਹਨ ਕਿ “ਜਿੱਥੇ ਵਿਗਿਆਨ ਖਤਮ ਹੁੰਦਾ ਹੈ, ਉੱਥੋਂ ਧਰਮ ਸ਼ੁਰੂ ਹੁੰਦਾ ਹੈ।” ਇਹ ਵਿਚਾਰ ਰੱਖਣ ਵਾਲੇ ਵਿਆਖਿਆਕਾਰ, ਇੱਕ ਪਾਸੇ ਵਿਗਿਆਨ ਦੀਆਂ ਉਪਲਬਧੀਆਂ ਨੂੰ ਦਿਨ ਰਾਤ ਮਾਣ ਵੀ ਰਹੇ ਹਨ, ਪਰ ਦੂਜੇ ਪਾਸੇ ਉਸ ਨੂੰ ਛੁਟਿਆਉਣ ਲਈ ਹਰ ਵਕਤ ਤੱਤਪਰ ਰਹਿੰਦੇ ਹਨ। ਜਦੋਂ ਅਸੀਂ ਭਾਰਤੀ ਇਤਿਹਾਸ ਉੱਪਰ ਨਿਗ੍ਹਾ ਮਾਰਦੇ ਹਾਂ, ਇੱਕ ਗੱਲ ਸਾਫ਼ ਵੇਖੀ ਜਾ ਸਕਦੀ ਹੈ ਕਿ ਸੋਨੇ ਦੀ ਚਿੜੀ ਕਹਾਉਣ ਵਾਲੇ ਮੁਲਕ ਨੂੰ ਗੁਲਾਮ ਬਣਾਉਣ ਵਿੱਚ, ਹੋਰ ਕਾਰਣਾਂ ਦੇ ਨਾਲ ਧਾਰਮਿਕ ਪਿਛੜੇਪਣ ਦੇ ਝੂਠੇ ਅਡੰਬਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।
ਅੱਜ ਸਾਡਾ ਦੇਸ਼, ਕਹਿਣ ਨੂੰ ਭਾਵੇਂ ਇਕੀਵੀਂ ਸਦੀ ਦੇ ਵਿਗਿਆਨਿਕ ਯੁਗ ਵਿੱਚ ਪਹੁੰਚ ਜਾਣ ਦਾ ਦਾਅਵਾ ਕਰ ਰਿਹਾ ਹੈ, ਪਰ ਸਾਡੀਆਂ ਸਰਕਾਰਾਂ ਜੋ ਕਿ ਕਰੋਨਾ ਵਰਗੀ ਬਿਮਾਰੀ ਨਾਲ ਲੜਨ ਲਈ, ਉਪਰੋਕਤ ਸਫਲ ਹੋਏ ਮੁਲਕਾਂ ਵਰਗੇ ਵਿਗਿਆਨਿਕ ਢੰਗ ਅਪਨਾਉਣ ਦੀ ਬਜਾਏੇ, ਮੱਧਯੁਗ ਵਾਲੇ ਮੰਤਰਾਂ-ਤੰਤਰਾਂ ਜਿਹੇ ਢੰਗ ਵਰਤਣ ਨੂੰ ਆਪਣੀ ਸੰਸਕ੍ਰਿਤੀ ਉੱਤੇ ਪਹਿਰਾ ਦੇਣਾ ਕਹਿਕੇ, ਬੜਾ ਫ਼ਖ਼ਰ ਕਰ ਰਹੀਆਂ ਹਨ। ਇਨ੍ਹਾਂ ਨੇ ਉਹਨਾਂ ਮੁਲਕਾਂ ਤੋਂ ਸੇਧ ਲੈਣ ਦੀ ਬਜਾਏ ਇਹ ਦਾਅਵੇ ਕੀਤੇ ਕਿ ਜਿੱਥੇ 33 ਕਰੋੜ ਦੇਵੀ ਦੇਵਤਿਆਂ ਦਾ ਵਾਸਾ ਹੋਵੇ, ਉੱਥੇ ਕਰੋਨਾ ਕੁਝ ਨਹੀਂ ਕਰ ਸਕਦਾ। ਹੁਣ ਜਦੋਂ ਦੇਸ਼ ਵਿੱਚ ਇਹ ਆਫ਼ਤ ਪ੍ਰਵੇਸ਼ ਕਰ ਗਈ ਹੈ ਤਾਂ ਦੇਸ਼ ਵਾਸੀਆਂ ਨੂੰ ਗਊ ਮੂਤਰ ਪੀਣ, ਗਊ ਗੋਹੇ ਦਾ ਇਸ਼ਨਾਨ ਕਰਨ ਦੇ ਉਪਦੇਸ ਦਿੱਤੇ ਜਾ ਰਹੇ ਹਨ। ਇਸ ਦੇਸ਼ ਦੀ ਕੇਂਦਰੀ ਸਰਕਾਰ ਵਿੱਚ ਮੰਤਰੀ ਪਦਾਂ ’ਤੇ ਬੈਠੇ ਅਜਿਹੇ ਕਈ ‘ਮਹਾਂ ਵਿਗਿਆਨੀ’ ਇਹੋ ਜਿਹੇ ਬਿਆਨਾਂ ਰਾਹੀਂ ਦੇਸ਼ ਨੂੰ ਕਿੱਧਰ ਲੈ ਕੇ ਜਾਣਾ ਚਾਹੁੰਦੇ ਹਨ? ਸਾਡੇ ਸਾਹਮਣੇ ਇਹ ਬਹੁਤ ਹੀ ਅਹਿਮ ਸਵਾਲ ਹਨ।
ਦੇਸ਼ ਦੇ ਪ੍ਰਧਾਨ ਸੇਵਕ ਵੱਲੋਂ ਰਾਤ 8 ਵਜੇ ਟੀਵੀ ਤੇ ਆ ਕੇ ਇਹ ਫੁਰਮਾਨ ਜਾਰੀ ਕਰ ਦੇਣਾ ਕਿ ਅੱਜ ਹੀ ਰਾਤ 12 ਵਜੇ ਤੋਂ ਦੇਸ਼ ਭਰ ਵਿੱਚ ਲੌਕ ਡਾਊਨ (ਤਾਲਾ ਬੰਦੀ) ਜਾਰੀ ਹੈ, ਕਿੰਨਾ ਕੁ ਸੰਜੀਦਾ ਜਾਂ ਜ਼ਿੰਮੇਵਾਰੀ ਵਾਲਾ ਹੈ? ਦੇਸ਼ ਦੀ ਅੱਧੋਂ ਵੱਧ ਅਬਾਦੀ ਜੋ ਹਰ ਰੋਜ਼ ਦਿਹਾੜੀ-ਦੱਪਾ ਕਰਕੇ, ਮਿਹਨਤ ਮਜ਼ਦੂਰੀ ਰਾਹੀਂ ਆਪਣੇ ਬੱਚੇ ਪਾਲ ਰਹੀ ਹੈ ਤੇ ਰੋਜ਼ ਮਰਾ ਦੀ ਜ਼ਿੰਦਗੀ ਬਾ-ਮੁਸ਼ੱਕਤ ਜਿਉਂ ਰਹੀ ਹੈ, ਕੀ ਤਾਲਾਬੰਦੀ ਐਲਾਨਣ ਤੋਂ ਪਹਿਲਾਂ ਉਸ ਦੀ ਰੋਟੀ ਰੋਜ਼ੀ ਤੇ ਵਸੇਬੇ ਦਾ ਪ੍ਰਬੰਧ ਕਰਨ ਲਈ ਪ੍ਰਧਾਨ ਸੇਵਕ ਜੀ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ?
ਇੱਥੇ ਹੀ ਬੱਸ ਨਹੀਂ, ਕਰਫਿਊ ਲਗਾਕੇ ਲੋਕਾਂ ਨੂੰ ਆਪਣੇ ਘਰਾਂ ਅੰਦਰ ਡੱਕਣ ਦੇ ਫੁਰਮਾਨਾਂ ਨਾਲ ਪੁਲੀਸ ਨੂੰ ਮਨ-ਮਾਨੀਆਂ ਕਰਨ ਦੀ ਖੁੱਲ੍ਹ ਨੇ, ਜੋ ਲੋਕਾਂ ਨਾਲ ਵਰਤਾਓ ਕੀਤਾ, ਉਹ ਹਰ ਇੱਕ ਨੇ ਮੀਡੀਆ/ਸੋਸ਼ਲ ਮੀਡੀਆ ਰਾਹੀਂ ਸ਼ਰੇਆਮ ਵੇਖਿਆ, ਜਿਸ ਨੇ ਤੁਗਲਕੀ ਦੌਰ ਦੀ ਯਾਦ ਤਾਜ਼ਾ ਕਰਵਾ ਦਿੱਤੀ। ਪਰ ਇਸੇ ਦੌਰ ਦੌਰਾਨ ਦੂਜੇ ਪਾਸੇ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਇੱਕ ਮੰਦਰ ਵਿੱਚ ਪੁਜਾਰੀਆਂ ਦੀ ਭੀੜ ਨਾਲ ਪੂਜਾ ਕਰਦੇ ਵੀ ਨਜ਼ਰ ਆਏ। ਭਾਜਪਾ ਆਗੂਆਂ ਵੱਲੋਂ ਗਊ ਮੂਤਰ ਪੀਣ ਦੀਆਂ ਪਾਰਟੀਆਂ ਕਰਨ ਵਾਲੀਆਂ ਤਸਵੀਰਾਂ ਵੀ ਵੇਖੀਆਂ ਗਈਆਂ ਅਤੇ ਸ਼ਰੇਆਮ ਪੂਜਾ ਪਾਠ ਤੇ ਹਵਨ ਕਰਨ ਦੇ ਦ੍ਰਿਸ਼ਾਂ ਵਿੱਚ ਤਾਲਾ ਬੰਦੀ ਅਤੇ ਆਪਸੀ ਨਿਯਮਤ ਦੂਰੀ ਰੱਖਣ ਦੀ ਪ੍ਰਵਾਹ ਨਾ ਕਰਦੇ ਹੋਏ, ਵੱਡੀ ਗਿਣਤੀ ਵਿੱਚ ਸਰਕਾਰੀ ਮੰਤਰੀ ਆਦਿ ਸ਼ਾਮਲ ਵੇਖੇ ਗਏ। ਅਜਿਹੇ ਕਾਰਨਾਮਿਆਂ ਦੀਆਂ ਹੋਰ ਵੀ ਕਈ ਉਦਾਹਰਨਾਂ ਹਨ। ਇਹ ਸਭ ਕੁਝ ਪੁਲਿਸ ਦੀ ਹਾਜ਼ਰੀ ਵਿੱਚ ਹੁੰਦਾ ਰਿਹਾ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਕਰਫਿਊ ਅਜਿਹੇ ਕਰਮ ਕਾਂਡ ਕਰਨ ਵਾਲਿਆਂ ਲਈ ਨਹੀਂ ਸਨ? ਜੇ ਸਭ ਲਈ ਸਨ ਤਾਂ ਇਨ੍ਹਾਂ ਖ਼ਿਲਾਫ਼ ਪੁਲਿਸ ਦਾ ਡੰਡਾ ਕਿੱਥੇ ਸੀ, ਜਿਹੜਾ ਆਮ ਲੋਕਾਂ ’ਤੇ ਕਹਿਰ ਢਾਹ ਰਿਹਾ ਸੀ? ਕਿਉਂ ਕੋਈ ਕਾਨੂੰਨੀ ਕਾਰਵਾਈ ਅਜੇ ਤੱਕ ਵੀ ਇਹਨਾਂ ਸਰਕਾਰ ਵਿੱਚ ਬੈਠੇ ਮੰਤਰੀਆਂ ਖਿਲਾਫ ਨਹੀਂ ਹੋਈ? ਜਦੋਂ ਕਿ ਆਮ ਲੋਕਾਂ ਖ਼ਿਲਾਫ਼ ਸੈਂਕੜੇ ਪੁਲਿਸ ਕੇਸ ਦਰਜ ਕੀਤੇ ਜਾ ਚੁੱਕੇ ਹਨ ਭਾਵੇਂ ਉਹ ਕਿਸੇ ਮਜਬੂਰੀ ਕਾਰਣ ਹੀ ਘਰੋਂ ਬਾਹਰ ਆਏ ਹੋਣ।
ਦਿੱਲੀ ਵਿੱਚ ਭੁੱਖ ਦੇ ਸਤਾਏ ਲੋਕ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੜਕਾਂ ’ਤੇ ਆ ਗਏ ਅਤੇ ਪੈਦਲ ਹੀ ਆਪਣੇ ਘਰਾਂ ਨੂੰ ਚੱਲ ਪਏ ਜੋ ਵੱਖੋ ਵੱਖ ਸੂਬਿਆਂ ਵਿੱਚ 200 ਤੋਂ 600 ਕਿ.ਮੀ. ਤੋਂ ਵੀ ਵੱਧ ਦੂਰੀ ’ਤੇ ਸਨ। ਇਹਨਾਂ ਵਿੱਚੋਂ ਕਈਆਂ ਦੇ ਰਸਤੇ ਵਿੱਚ ਜਾਂਦਿਆਂ ਮਰਨ ਦੀਆਂ ਵੀ ਖਬਰਾਂ ਆਈਆਂ ਹਨ ਅਤੇ ਬਹੁਤਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ। ਪਰ ਦੂਜੇ ਪਾਸੇ ਇਸੇ ਤਾਲਾਬੰਦੀ ਦੌਰਾਨ ਹਰਦੁਆਰ ਵਿੱਚ ਫਸੇ 1800 ਗੁਜਰਾਤੀ ਯਾਤਰੀਆਂ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਜ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਦੇ ਹੁਕਮਾਂ ਨਾਲ ਉਤਰ ਖੰਡ ਦੀਆਂ ਸਰਕਾਰੀ ਲਗਜ਼ਰੀ ਬੱਸਾਂ ਦਾ ਪ੍ਰਬੰਧ ਕਰਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਹਨ। ਇਹਨਾਂ ਬੱਸਾਂ ਰਾਹੀਂ 1200 ਕਿ.ਮੀ. ਦਾ ਸਫਰ ਤੈਅ ਕਰਕੇ ਇਹਨਾਂ 1800 ਯਾਤਰੀਆਂ ਨੂੰ ਤਾਂ ਅਹਿਮਦਾਬਾਦ ਉਹਨਾਂ ਦੇ ਘਰੀਂ ਪਹੁੰਚਾਇਆ ਗਿਆ ਪਰ ਦਿੱਲੀ ਦੇ ਮਜ਼ਦੂਰਾਂ ਨੂੰ ਸੜਕਾਂ ਉੱਤੇ ਰੁਲਣ ਲਈ ਛੱਡ ਦੇਣਾ ਕਿੱਧਰ ਦੀ ਰਾਸ਼ਟਰ ਭਗਤੀ ਹੈ? ਕੀ ਕੋਈ ਜਵਾਬ ਦੇਵੇਗਾ?
ਇਹ ਵੀ ਸਾਹਮਣੇ ਆਇਆ ਕਿ ਭਾਰਤ ਵਿੱਚ ਕਰੋਨਾ ਦਾ ਪਹਿਲਾ ਕੇਸ ਜਨਵਰੀ ਦੇ ਅੰਤ ਵਿੱਚ ਸਾਹਮਣੇ ਆ ਚੁੱਕਾ ਸੀ। ਪਰ ਇਸਦੇ ਬਾਵਜੂਦ ਵੀ ਪ੍ਰਧਾਨ ਸੇਵਕ ਸਮੇਤ ਪੂਰੀ ਕੇਂਦਰ ਸਰਕਾਰ ਇਸ ਬਾਰੇ ਕਿਉਂ ਅਵੇਸਲੀ ਰਹੀ, ਤੇ ਕਿਉਂ ਇਸ ਪਾਸਿਓਂ ਅੱਖਾਂ ਬੰਦ ਕਰੀ ਰੱਖੀਆਂ? ਘੋਖਣ ’ਤੇ ਇਸਦਾ ਕਾਰਣ ਵੀ ਸਮਝ ਆ ਰਿਹਾ ਹੈ ਕਿ ਇਸ ਸਮੇਂ ਪੂਰੀ ਸਰਕਾਰ ਅਮਰੀਕਨ ਰਾਸ਼ਟਰਪਤੀ ਡੋਨਲ ਟਰੰਪ ਦੀ ਆਓ ਭਗਤ ਦੀਆਂ ਤਿਆਰੀਆਂ ਕਰਨ ਅਤੇ ਇਸ ਉਪਰੰਤ ਮੱਧ ਪ੍ਰਦੇਸ਼ ਵਿੱਚ ਉੱਥੋਂ ਦੀ ਸਰਕਾਰ ਤੋੜ ਕੇ, ਉਸ ਦੇ ਐੱਮਐੱਲਏਜ਼ ਦੀਆਂ ਬੱਸਾਂ ਭਰਕੇ, ਆਲੀਸ਼ਾਨ ਹੋਟਲਾਂ ਵਿੱਚ ਉਹਨਾਂ ਦੇ ਰਹਿਣ, ਬਹਿਣ ਤੇ ਖਾਣ ਪੀਣ ਦਾ ਪ੍ਰਬੰਧ ਕਰਨ ਵਿੱਚ ਰੁੱਝੀ ਹੋਈ ਸੀ। ਭਾਰਤ ਵਿੱਚ ਲੋਕਾਂ ਦੀ ਅਸਲ ਹਾਲਤ ਟਰੰਪ ਨਾ ਵੇਖ ਸਕੇ, ਇਸ ਲਈ ਸਰਕਾਰ ਗਰੀਬ ਬਸਤੀ ਨੂੰ ਦੀਵਾਰ ਬਣਾ ਕੇ ਲਕੋਏ ਜਾਣ ਵਿੱਚ ਲੀਨ ਸੀ। ਸਾਰਾ ਮਾਮਲਾ ਨਜਿੱਠਣ ਤੋਂ ਬਾਅਦ ਦੇਸ਼ ਦੀ ਜਨਤਾ ਨੂੰ ਇੱਕ ਥਾਂ ਇਕੱਠੇ ਨਾ ਹੋਣ ਦੇ ਹੁਕਮ ਸੁਣਾ ਦਿੱਤੇ, ਪਰ ਆਪ ਮੱਧ ਪ੍ਰਦੇਸ਼ ਵਿੱਚ ਵੱਡਾ ਇਕੱਠ ਕਰਕੇ ਆਪਣੇ ਮੁੱਖ ਮੰਤਰੀ ਨੂੰ ਸੌਂਹ ਚੁਕਾਵਾਉਣ ਵਿੱਚ ਮਦਹੋਸ਼ ਸੀ। ਜਿਹੜੇ ਸੰਵਿਧਾਨ ਦੀ ਕਸਮ ਖਾ ਕੇ ਗੱਦੀਆਂ ਤਾਂ ਸੰਭਾਲ ਲਈਆਂ ਜਾਂਦੀਆਂ ਹਨ, ਪਰ ਗੱਦੀਆਂ ’ਤੇ ਬੈਠਣ ਉਪਰੰਤ ਉਸ ਨੂੰ ਕਿਉਂ ਦੁਰਕਾਰ ਦਿੱਤਾ ਜਾਂਦਾ ਹੈ? ਲੋਕਾਂ ਸਾਹਮਣੇ ਇਹ ਵੀ ਬੜਾ ਸੰਜੀਦਾ ਅਤੇ ਅਹਿਮ ਸਵਾਲ ਹੈ, ਜਿਸ ਸੰਬੰਧੀ ਇਹਨਾਂ ਸਿਆਸੀ ਲੀਡਰਾਂ ਦੀ ਜਬਾਵਦੇਹੀ ਬਣਦੀ ਹੈ।
ਪ੍ਰਧਾਨ ਸੇਵਕ ਅਤੇ ਚੌਕੀਦਾਰ ਜੀ ਵੱਲੋਂ “ਤਾਲੀ ਬਜਾਓ, ਥਾਲੀ ਬਜਾਓ ਤੇ ਘੰਟੀਆਂ ਬਜਾਓ ਦੇ ਫੁਰਮਾਨ ਵੀ ਸੁਣੇ ਗਏ।” ਕਈ ਕੇਂਦਰੀ ਮੰਤਰੀ, ਮੁੱਖ ਮੰਤਰੀ ਟੱਲੀਆਂ, ਘੰਟੀਆਂ ਬਜਾਉਂਦੇ ਲਾਮ ਲਸ਼ਕਰ ਸਮੇਤ ਕਰਫਿਊ ਦੀ ਪ੍ਰਵਾਹ ਨਾ ਕਰਦੇ ਹੋਏ ਸੜਕਾਂ ਉੱਤੇ ਭੀੜਾਂ ਦੀ ਅਗਵਾਈ ਕਰਦੇ ਵੇਖੇ ਗਏ। ਅੱਜ (5 ਅਪਰੈਲ) ਬਿਜਲੀ ਲਾਈਟਾਂ ਬੰਦ ਕਰਕੇ ਰਾਤੀਂ 9 ਵਜੇ, 9 ਮਿੰਟ ਲਈ ਮੋਮਬੱਤੀਆਂ ਜਗਾਕੇ ਕਰੋਨਾ ਭਜਾਉਣ ਦੇ ਫੁਮਾਨ ਜਾਰੀ ਹੋ ਚੁੱਕੇ ਹਨ। ਇਸ ਬਾਰੇ ਪ੍ਰਧਾਨ ਜੀ ਦਾ ਇਹ ਕਹਿਣਾ ਕਿ “ਕਰੋਨਾ ਦੀ ਚੇਨ (ਲੜੀ) ਤੋੜਨ ਦਾ ਇਹੋ ਰਾਮ ਬਾਣ ਇਲਾਜ ਹੈ।” ਇਹ ਬਿਆਨ ਕਿੰਨਾ ਕੁ ਜ਼ਿੰਮੇਵਾਰੀ ਵਾਲਾ ਹੈ? ਮੋਮਬੱਤੀਆਂ ਦੀ ਗਰਮੀ ਨਾਲ ਕਰੋਨਾ ਨੂੰ ਖਤਮ ਕਰਨ ਦਾ ਨਵਾਂ ਮੰਤਰ ਤਾਂ ਨਹੀਂ ਈਜਾਦ ਕੀਤਾ ਜਾ ਰਿਹਾ? ਇਹਨਾਂ ਸਾਰੀਆਂ ਕਾਰਗੁਜ਼ਾਰੀਆਂ ਤੋਂ ਇਹ ਵੀ ਸਪਸਟ ਹੋ ਰਿਹਾ ਹੈ ਕਿ ਕਰੋਨਾ ਦੇ ਰਾਮ ਰੌਲੇ ਨੂੰ ਹਿੰਦੂਤਵ ਉਭਾਰਨ ਦੇ ਮੰਤਵ ਲਈ ਵਰਤਿਆ ਜਾ ਰਿਹਾ ਹੈ। ਇਸੇ ਸਮੇਂ ਦੌਰਾਨ ਭੁੱਖੇ ਢਿੱਡ ਲੋਕਾਂ ਲਈ ਰਮਾਇਣ ਦਾ ਸੀਰੀਅਲ ਵਿਖਾਉਣਾ ਸ਼ੁਰੂ ਕਰਨਾ ਵੀ ਇਸੇ ਕੜੀ ਦਾ ਹਿੱਸਾ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗਾ।
ਇਸੇ ਤਰ੍ਹਾਂ ਦੀ ਗੱਲ ਦਿੱਲੀ ਵਿਖੇ ਮੁਸਲਮ ਤਬਲੀਕ ਜਮਾਤ ਦੇ ਸਮਾਗਮ ਵਿੱਚ, ਇਸ ਤਬਕੇ ਦੇ ਸ਼ਾਮਲ ਹੋਏ 2000 ਲੋਕਾਂ ਬਾਰੇ ਚਰਚਾ ਦੀ ਹੈ। ਇਸ ਵਿੱਚ ਵਿਦੇਸ਼ਾਂ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਸਮੇਂ ਦੌਰਾਨ ਅਜਿਹੇ ਇਕੱਠ ਕਰਨਾ ਤਾਂ ਮੂਰਖਪੁਣਾ ਹੈ ਹੀ, ਪਰ ਇਸ ਨੂੰ ਰੋਕਣ ਲਈ ਸਥਾਨਕ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਗ੍ਰਹਿ ਵਿਭਾਗ, ਜਿਸ ਨੇ ਵਿਦੇਸ਼ੀਆਂ ਨੂੰ ਵੀਜ਼ੇ ਦਿੱਤੇ, ਉਸ ਦੀ ਲਾਪਰਵਾਹੀ ਉੱਪਰ ਵੀ ਉਂਗਲ ਰੱਖਣੀ ਬਣਦੀ ਹੈ। ਕੁਲ ਮਿਲਾ ਕੇ ਸਾਰੀਆਂ ਧਿਰਾਂ ਹੀ ਕਟਹਿਰੇ ਵਿੱਚ ਹਨ। ਇਹ ਵੀ ਸ਼ੱਕ ਦੇ ਘੇਰੇ ਵਿੱਚ ਹੈ ਕਿ ਇਹ ਇਕੱਠ ਜਾਣ ਬੁੱਝਕੇ ਹੋਣ ਦਿੱਤਾ ਗਿਆ ਹੋਵੇ ਤਾਂ ਕਿ ਬਾਅਦ ਵਿੱਚ ਹਿੰਦੂ ਮੁਸਲਮ ਦੇ ਵਿਵਾਦ ਨੂੰ ਹੋਰ ਤਿੱਖਾ ਕਰਨ ਲਈ ਵਰਤਿਆ ਜਾ ਸਕੇ। ਹੁਣ ਜੋ ਕੁਝ ਚੱਲ ਰਿਹਾ ਹੈ, ਉਹ ਵੀ ਇਹੋ ਦਰਸਾਉਂਦਾ ਵੇਖਿਆ ਜਾ ਸਕਦਾ ਹੈ।
ਦੇਸ਼ ਵਾਸੀਆਂ ਲਈ ਤਾਲਾ ਬੰਦੀ ਹੈ, ਪਰ 3 ਅਪਰੈਲ ਨੂੰ ਇੱਕ ਹੋਰ ਸਰਕਾਰੀ ਪੋਲ ਸਾਹਮਣੇ ਆਈ ਕਿ ਦਿੱਲੀ, ਇੰਡੀਆ ਗੇਟ ਨੇੜੇ 200 ਦੇ ਕਰੀਬ, ਵਿਦੇਸ਼ੀ ਯਾਤਰੀਆਂ ਦੀਆਂ ਭਰੀਆਂ ਦੋ ਲਗਜ਼ਰੀ ਬੱਸਾਂ ਮੀਡੀਆ ਕਰਮੀਆਂ ਵੱਲੋਂ ਪੁੱਛ ਗਿੱਛ ਲਈ ਰੋਕੀਆਂ ਗਈਆਂ। ਪੁਲਿਸ ਮੁਲਾਜ਼ਮ ਵੀ ਮੌਕੇ ’ਤੇ ਮੌਜੂਦ ਸਨ, ਜਿਹਨਾਂ ਨੇ ਮੀਡੀਆ ਕਰਮੀਆਂ ਵੱਲੋਂ ਕੀਤੇ ਗਏ ਸਵਾਲਾਂ ਦਾ ਕੋਈ ਵੀ ਤਸੱਲੀਬਖਸ ਜਵਾਬ ਨਹੀਂ ਦਿੱਤਾ। ਸਿਰਫ ਇਹ ਕਹਿਕੇ ਖਹਿੜਾ ਛੁਡਵਾਇਆ ਕਿ ਇਸ ਬਾਰੇ ਫਾਰਨ ਮਨਿਸਟਰੀ (ਵਿਦੇਸ਼ ਮੰਤਰਾਲਾ) ਨੂੰ ਪਤਾ ਹੈ, ਉਸ ਤੋਂ ਪੁੱਛ ਲਓ। ਵਿਦੇਸ਼ੀ ਯਾਤਰੀਆਂ ਨੇ ਵੀ ਪੁੱਛ ਗਿੱਛ ਕਰਨ ਤੇ ਕੋਈ ਪੱਲਾ ਨਹੀਂ ਫੜਾਇਆ। ਪੂਰੇ ਦੇਸ਼ ਲਈ ਕਰਫਿਊ ਲੱਗਾ ਹੋਵੇ, ਏਅਰ ਪੋਰਟ ਪੂਰਨ ਤੌਰ ਉੱਤੇ ਬੰਦ ਹੋਣ, ਪਰ ਵਿਦੇਸ਼ੀ ਯਾਤਰੀਆਂ ਲਈ ਇਸ ਤਰ੍ਹਾਂ ਘੁੰਮਣ ਦੀ ਖੁੱਲ੍ਹ ਦਿੱਤੀ ਜਾਵੇ ਅਤੇ ਸਮਾਜ ਵਿੱਚ ਮਨੁੱਖੀ ਦੂਰੀ ਦਾ ਫ਼ਾਸਲਾ ਰੱਖਣ ਬਾਰੇ ਤੈਅ ਕੀਤੇ ਨਿਯਮਾਂ ਦੀਆਂ ਸ਼ਰੇਆਮ ਸਰਕਾਰ ਦੇ ਨੱਕ ਹੇਠ ਧੱਜੀਆਂ ਉਡਾਈਆਂ ਜਾਣ, ਪਰ ਪੁਲਿਸ ਵੀ ਬੇਵੱਸ ਨਜ਼ਰ ਆਵੇ ਤੇ ਕਿਸੇ ਦੀ ਕੋਈ ਜਵਾਬ ਦੇਹੀ ਤੈਅ ਨਾ ਹੋਵੇ ਤਾਂ ਸੁਭਾਵਿਕ ਹੀ ਇਹ ਸਭ ਕੁਝ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ, ਜਿਸ ਬਾਰੇ ਦਿੱਲੀ ਤੇ ਕੇਂਦਰ ਸਰਕਾਰਾਂ ਦੋਵੇਂ ਚੁੱਪ ਹਨ। ਇਹ ਤਾਂ ਸੀ ਦੇਸ਼ ਦੇ ਆਮ ਲੋਕਾਂ ਲਈ ਤਾਲਾਬੰਦੀ, ਪਰ ਚਹੇਤਿਆਂ ਨੂੰ ਇਸ ਤਾਲਾਬੰਦੀ ਵਿੱਚ ਖੁੱਲ੍ਹਾਂ ਅਤੇ ਪ੍ਰਬੰਧਾਂ ਦੀ ਸੰਖੇਪ ਤਸਵੀਰ।
ਇਸ ਨਾਲ ਮਸਲੇ ਦਾ ਦੂਜਾ ਪੱਖ ਵੀ ਵਿਚਾਰਨ ਯੋਗ ਹੈ, ਜੋ ਕਿ ‘ਸਦਮਾ ਮੱਤ’ ਨਾਂ ਦੀ ਕਿਤਾਬ ਵਿੱਚ, ਇਸਦੀ ਲੇਖਕਾ ਨੈਓਮੀ ਕਲੇਨ ਨੇ ਪੇਸ਼ ਕੀਤਾ ਹੈ। ਇਸ ਕਿਤਾਬ ਵਿੱਚ ਕਾਰਪੋਰੇਟਾਂ ਜਾਂ ਵੱਡੇ ਪੂੰਜੀਪਤੀਆਂ ਬਾਰੇ ਸੱਚ, ਬਾਖੂਬੀ ਬਿਆਨੇ ਗਏ ਹਨ। ਇਸ ਵਿੱਚ ਲੇਖਕਾ ਨੇ ਕਾਰਪੋਰੇਟਾਂ ਵੱਲੋਂ, ਪਹਿਲਾਂ ਲੋਕਾਂ ਲਈ ਖੌਫ਼ (ਸਦਮੇਂ) ਪੈਦਾ ਕਰਕੇ ਅਤੇ ਬਾਅਦ ਵਿੱਚ ਉਸ ਖੌਫ਼ ਨੂੰ ਹੱਲ ਕਰਨ ਦੇ ਬਹਾਨੇ, ਲੋਕਾਂ ਦੀ ਵੱਡੀ ਪੱਧਰ ’ਤੇ ਲੁੱਟ ਕਰਨ ਰਾਹੀਂ ਅਰਬਾਂ-ਖਰਬਾਂ ਰੁਪਇਆ ਕਮਾਉਣਾ, ਨੂੰ ਸਿੱਧ ਕੀਤਾ ਹੈ। ਇਸ ਵਿੱਚ ਉਹਨਾਂ ਵੱਡੀਆਂ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਨਾਲ ਦਰਜ ਹੈ, ਜਿਹਨਾਂ ਵੱਖ ਵੱਖ ਬਿਮਾਰੀਆਂ ਦੀਆਂ ਦਵਾਈਆਂ ਪੇਟੈਂਟ ਕਰਵਾਕੇ ਅੰਨ੍ਹੇਵਾਹ ਦੁਨੀਆਂ ਭਰ ਵਿੱਚ ਵੇਚਕੇ ਲੁੱਟ ਮਚਾਈ। ਇਸੇ ਤਰ੍ਹਾਂ ਕਈ ਹੜ੍ਹਾਂ-ਤੁਫਾਨਾਂ ਵਰਗੀਆਂ ਕੁਦਰਤੀ ਆਫਤਾਂ ਨਾਲ ਤਬਾਹ ਹੋਏ ਮਨੁੱਖੀ ਵਸੀਲਿਆਂ ਨੂੰ ਆਪਣੇ ਹੀ ਢੰਗ ਨਾਲ ਹੱਲ ਕਰਨ ਦੇ ਬਹਾਨੇ ਆਪਣੀ ਕਮਾਈ ਦੇ ਸਾਧਨ ਵਿਕਸਿਤ ਕੀਤੇ। ਕਈ ਗੈਰ ਕੁਦਰਤੀ ਖੌਫ ਆਪ ਹੀ ਪੈਦਾ ਕਰਕੇ, ਫਿਰ ਉਸ ਸਬੰਧੀ ਸ਼ਰਤਾਂ ਅਧੀਨ ਦਿੱਤੀ ਸਹਾਇਤਾ ਦੇ ਨਾਂ ਹੇਠ ਵੱਡੀ ਪੱਧਰ ’ਤੇ ਸਰਮਾਇਆ ਕਮਾਇਆ। ਸਾਮਰਾਜੀਆਂ ਵੱਲੋਂ ਸੰਸਾਰ ਪੱਧਰ ’ਤੇ, ਕਰੋਨਾ ਦੇ ਕੁਦਰਤੀ ਕਹਿਰ ਨੂੰ ਪਹਿਲਾਂ ਲੋਕਾਂ ਦੇ ਦਿਲਾਂ ਵਿੱਚ ਵੱਡਾ ਖੌਫ਼ ਬਣਾਉਣਾ ਅਤੇ ਬਾਅਦ ਵਿੱਚ ਇਸਦੇ ਇਲਾਜ ਲਈ ਦਵਾਈਆਂ ਰਾਹੀਂ ਵੱਡੀ ਪੱਧਰ ਤੇ ਲੋਕਾਂ ਦੀ ਲੁੱਟ ਕਰਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਅਜਿਹੇ ਸਾਮਰਾਜੀਆਂ ਲਈ ਮੰਡੀ ਵਜੋਂ ਸਾਡਾ ਦੇਸ਼ ਵੀ ਸ਼ਾਮਲ ਹੈ ਅਤੇ ਸਾਡੀਆਂ ਸਰਕਾਰਾਂ ਵੀ ਦੇਸ਼ ਦੇ ਲੋਕਾਂ ਦੀ ਭਲਾਈ ਦੇ ਬਜਾਏ, ਸਾਮਰਾਜੀ ਹਿਤਾਂ ਅਨੁਸਾਰ ਹੀ ਪ੍ਰਬੰਧ ਚਲਾਉਂਦੀਆਂ ਹਨ। ਸਾਡੀ ਸਰਕਾਰ ਦੀ ਦੇਸ਼ ਦੇ ਲੋਕਾਂ ਪ੍ਰਤੀ ਗੈਰ ਜ਼ਿੰਮੇਵਾਰਾਨਾ ਨੀਤੀ ਇਸ ਗੱਲ ਤੋਂ ਸਾਫ ਜ਼ਾਹਰ ਹੈ ਕਿ ਇੱਕ ਪਾਸੇ ਦੇਸ਼ ਕਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਅਤੇ ਇੱਥੇ ਹਸਪਤਾਲਾਂ ਵਿੱਚ ਡਾਕਟਰ ਅਤੇ ਸਿਹਤ ਕਾਮੇ ਸਮੇਤ ਲੋਕਾਂ ਦੇ, ਆਪਣਾ ਬਚਾਓ ਕਰਨ ਵਾਲੇ ਸੁਰੱਖਿਅਤ ਸਾਜ਼ੋ ਸਾਮਾਨ ਦੀ ਵੱਡੀ ਥੁੜ ਦੀ ਦੁਹਾਈ ਦੇ ਰਹੇ ਹਨ ਪਰ ਸਰਕਾਰ ਕਰੋੜਾਂ ਰੁਪਏ ਇਹ ਸਾਜ਼ੋ ਸਾਮਾਨ ਖਰੀਦਣ ਦੀ ਬਜਾਏ, 20 ਹਜ਼ਾਰ ਕਰੋੜ ਰੁਪਏ ਸੰਸਦ ਭਵਨ ਦੀ ਇਮਾਰਤ ਉੱਪਰ ਖਰਚ ਕਰਨ ਨੂੰ ਪਹਿਲ ਦੇ ਰਹੀ ਹੈ। ਇਸਰਾਇਲ ਨਾਲ ਹਥਿਆਰ ਖਰੀਦਣ ਦੇ ਸੌਦੇ ਕਰਨ ਦੀਆਂ ਵੀ ਖ਼ਬਰਾਂ ਹਨ। ਪ੍ਰਧਾਨ ਮੰਤਰੀ ਜੀ ਇਸ ਦੌਰ ਵਿੱਚ ਜਿੰਨੀ ਵਾਰੀ ਵੀ ਟੀਵੀ ’ਤੇ ਆ ਕੇ ਲੋਕਾਂ ਨੂੰ ਸੰਬੋਧਤ ਹੋਏ ਹਨ, ਉਹਨਾਂ ਕਦੀ ਵੀ ਲੋਕਾਂ ਦੀ ਰੋਟੀ ਰੋਜ਼ੀ ਜਾਂ ਜ਼ਿੰਦਗੀ ਵਿੱਚ ਦਰਪੇਸ਼ ਤੰਗੀਆਂ ਤੁਰਸ਼ੀਆਂ ਨੂੰ ਹੱਲ ਕਰਨ ਦੀ ਗੱਲ ਨਹੀਂ ਕੀਤੀ। ਜਿਹੜੇ ਗਰੀਬ ਮਜ਼ਦੂਰਾਂ, ਬੱਚਿਆਂ, ਬਜ਼ੁਰਗਾਂ ਦੇ ਢਿੱਡ ਭੁੱਖੇ ਹੋਣਗੇ, ਉਹਨਾਂ ਦਾ ਮਨੋਬਲ ਥਾਲੀਆਂ, ਤਾੜੀਆਂ, ਘੰਟੀਆਂ ਬਜਾ ਕੇ ਤੇ ਮੋਮਬੱਤੀਆਂ ਜਗਾਉਣ ਨਾਲ ਉੱਚਾ ਨਹੀਂ ਹੋਣਾ, ਉਹਨਾਂ ਲਈ ਤੁਰੰਤ ਹੀ ਸਾਰਥਿਕ ਕਦਮ ਚੁੱਕਣ ਦੀ ਲੋੜ ਹੈ।
*****
(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(2039)
(ਸਰੋਕਾਰ ਨਾਲ ਸੰਪਰਕ ਲਈ:This email address is being protected from spambots. You need JavaScript enabled to view it.)