JagwinderJodha7ਜਦੋਂ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਕਾਰਨ ਕਿਸੇ ਕੋਲੋਂ ਪੁੱਛੋ ਤਾਂ ਸਭ ਤੋਂ ਵੱਡਾ ਬਹਾਨਾ ...
(26 ਮਈ 2024)
ਇਸ ਸਮੇਂ ਪਾਠਕ: 340.


ਕਿਸੇ ਜ਼ਮਾਨੇ ਵਿੱਚ ਪੰਜਾਬ ਵਿੱਚ ਕਣਕ ਦੇ ਖਾਲੀ ਹੋਏ ਵੱਢਾਂ ਵਿੱਚ ਵਾਵਰੋਲੇ ਹਵਾਂਕਦੇ ਫਿਰਦੇ ਹੁੰਦੇ ਸਨ। ਅੱਜ ਕੱਲ੍ਹ ਸਵਾਹ ਦੇ ਪੈੜ-ਚਿੰਨ੍ਹ ਦਿਸਦੇ ਹਨ। ਤਿਰਕਾਲਾਂ ਵੇਲੇ ਖੇਤ ਵਿੱਚ ਖਲੋ ਕੇ ਦੂਰ ਤਕ ਦੇਖੋ ਤਾਂ ਕਿਤੇ ਨਾ ਕਿਤੇ ਅੱਗ ਦੀ ਅਗਾਂਹ ਵਧਦੀ ਲਹਿਰ ਦਿਸ ਪੈਂਦੀ ਹੈ। ਹੈਰਾਨੀ ਇਹ ਹੈ ਕਿ ਇਸ ਰੁੱਤੇ ਅੱਗ ਦੀ ਗੱਲ ਕੋਈ ਨਹੀਂ ਕਰਦਾ
, ਨਾ ਧੂੰਏਂ ਨਾਲ ਹੋਣ ਵਾਲੇ ਨੁਕਸਾਨ ਗਿਣਾਉਂਦਾ ਹੈ।

ਝੋਨੇ ਦੀ ਪਰਾਲੀ ਨੂੰ ਲੱਗਣ ਵਾਲੀ ਅੱਗ ਦਾ ਧੂੰਆਂ ਦਿੱਲੀ ਜਾ ਵੜਦਾ ਪਰ ਕਣਕ ਦੇ ਨਾੜ ਨੂੰ ਲੱਗੀ ਅੱਗ ਖੌਰੇ ਪੰਜਾਬ ਦੀ ਜੂਹ ਨਹੀਂ ਟੱਪਦੀ? ਜਦੋਂ ਝੋਨੇ ਦੀ ਪਰਾਲੀ ਨੂੰ ਸਾੜਨ ਦਾ ਕਾਰਨ ਕਿਸੇ ਕੋਲੋਂ ਪੁੱਛੋ ਤਾਂ ਸਭ ਤੋਂ ਵੱਡਾ ਬਹਾਨਾ ਇਹੀ ਹੁੰਦਾ ਹੈ, “ਇਸ ਪਰਾਲੀ ਨੂੰ ਕੀ ਕਰੀਏ? ਇਹਨੂੰ ਤਾਂ ਡੰਗਰ ਵੀ ਨਹੀਂ ਖਾਂਦੇ। ਨਾਲੇ ਆਪਾਂ ਅਗਲੀ ਫਸਲ ਵੀ ਤਾਂ ਬੀਜਣੀ ਹੋਈ। ਪਰਾਲੀ ਸੰਭਾਲਣ ’ਤੇ ਦਸ ਦਿਨ ਲਾ ਦਿੱਤੇ ਤਾਂ ਕਣਕ ਪਛੇਤੀ ਨਾ ਹੋ ਜਾਊ?”

ਕਣਕ ਦੇ ਨਾੜ ਤੋਂ ਤਾਂ ਤੂੜੀ ਵੀ ਬਣਾ ਲਈ, ਅਗਲੀ ਫਸਲ ਬੀਜਣ ਦੀ ਕਾਹਲ ਵੀ ਕੋਈ ਨਹੀਂ। ਨਾੜ ਦੀ ਮਿਕਦਾਰ ਖੇਤ ਵਿੱਚ ਇੰਨੀ ਹੈ ਵੀ ਨਹੀਂ ਕਿ ਹਲਾਂ ਮੋਹਰੇ ਫਸ ਜਾਵੇ। ਸਾਡੇ ਕੋਲ ਮਸ਼ੀਨਰੀ ਵੀ ਬਥੇਰੀ ਹੈ ਪਰ ਅੱਗ ਪਤਾ ਨਹੀਂ ਅੱਗ ਕਿਸ ਸ਼ੌਕ ਨੂੰ ਲਾ ਰਹੇ ਹਾਂ। ਕੀ ਚੀਜ਼ਾਂ ਨੂੰ ਸਾੜ ਕੇ ਸਵਾਹ ਕਰ ਦੇਣ ਪਿੱਛੇ ਕੋਈ ਗੁੱਸਾ ਤਾਂ ਨਹੀਂ ਜੋ ਖੇਤਾਂ ’ਤੇ ਨਿਕਲ ਜਾਂਦਾ ਹੈ?

ਇਸ ਰੁੱਤੇ ਅੱਗ ਬਾਰੇ ਬੜੀਆਂ ਕਹਾਵਤਾਂ ਬਣੀਆਂ। ਕਹਿੰਦੇ ਅੱਗ ਅੱਜ ਕੱਲ੍ਹ ਪੇਕੀਂ ਆਈ ਹੁੰਦੀ ਹੈ। ਪੇਕੀਂ ਆਈ ਕੁੜੀ ਵਾਂਗ ਅੱਗ ਦੀ ਤਾਬ ਨਹੀਂ ਝੱਲੀ ਜਾਂਦੀ। ਬਰਸਾਤ ਰੁੱਤੇ ਉਹ ਸਹੁਰੇ ਚਲੀ ਜਾਵੇਗੀ ਤੇ ਸਿਆਲ ਆਉਂਦੇ ਆਉਂਦੇ ਸਹੁਰਿਆਂ ਦੇ ਕੰਮਾਂ ਵਿੱਚ ਮਧੋਲੀ ਔਰਤ ਵਾਂਗ ਉਸ ਵਿੱਚ ਤਾਪ ਤੇ ਤੇਜ਼ ਘਟ ਜਾਵੇਗਾ। ਪੇਕੀਂ ਆਈ ਅੱਗ ਨੂੰ ਖੇਤਾਂ ਵਿੱਚ ਤੂੜੀ ਬਣਾਉਣ ਤੋਂ ਬਾਅਦ ਬਚੇ ਮਾਮੂਲੀ ਨਾੜ ਨੂੰ ਸਾੜਨ ਦੇ ਕੰਮ ਭੇਜਿਆ ਜਾ ਰਿਹਾ ਹੈ। ਅੱਗ ਨੇ ਆਪਣਾ ਤਪ ਤੇ ਤੇਜ਼ ਜ਼ਾਹਿਰ ਕਰਨਾ ਹੋਇਆ। ਲਿਹਾਜ਼ਾ ਉਹ ਹੁਣੇ ਲੰਘੀ ਪਤਝੜ ਰੁੱਤ ਦੇ ਝੜੇ ਪੱਤਿਆਂ ਨੂੰ ਆਪਣਾ ਖਾਜਾ ਬਣਾਉਂਦੀ ਹੈ, ਬਹਾਰ ਰੁੱਤੇ ਆਂਡੇ ਦੇਣ ਵਾਲੇ ਪੰਛੀਆਂ ਦੀਆਂ ਨਸਲਾਂ ਫੂਕੀ ਤੁਰੀ ਜਾਂਦੀ ਹੈ ਤੇ ਸੜਕਾਂ ਤੇ ਪਹੀਆਂ ਕੰਢੇ ਖਲੋਤੇ ਬੁੱਢੜੇ ਰੁੱਖਾਂ ਨੂੰ ਸਾੜ ਸੁੱਟਦੀ ਹੈ। ਇੰਨਾ ਕਰ ਕੇ ਵੀ ਅੱਗ ਨੂੰ ਸਬਰ ਕਿੱਥੇ! ਉਹ ਹਰੇ ਰੁੱਖਾਂ ਦੇ ਪੱਤੇ ਲੂਹ ਸੁਟਦੀ ਹੈ। ਹਰ ਪਾਸੇ ਤਾਂਬਈ ਰੰਗਤ ਬਿਖੇਰ ਕੇ ਅੱਗ ਅੱਧੀ ਰਾਤ ਤੋਂ ਕਿਤੇ ਬਾਅਦ ਟਿਕਾ ਵਿੱਚ ਆਉਂਦੀ ਹੋਣੀ।

ਮੈਨੂੰ ਆਪਣੇ ਬਾਪ ਤੋਂ ਅਕਸਰ ਸੁਣੀ ਕਹਾਣੀ ਯਾਦ ਆਈ ਹੈ। ਪੁਰਾਣੇ ਸਮਿਆਂ ਵਿੱਚ ਖੇਤੀ ਵਿੱਚ ਹੱਡ ਭੰਨਵੀਂ ਮੁਸ਼ੱਕਤ ਅਤੇ ਘਾਟਿਆਂ ਤੋਂ ਕੋਈ ਕਿਸਾਨ ਬੇਜ਼ਾਰ ਹੋ ਗਿਆ। ਇੱਕ ਰਾਤ ਉਹ ਬਿਨਾਂ ਆਪਣੇ ਬਾਪ, ਘਰਵਾਲੀ ਤੇ ਬੱਚੇ ਨੂੰ ਦੱਸੇ ਘਰੋਂ ਚਲਾ ਗਿਆ। ਉਦੋਂ ਬਹੁਤੇ ਲੋਕ ਭੱਜ ਕੇ ਹਰਿਦੁਆਰ ਹੀ ਜਾਂਦੇ ਸਨ। ਉਹ ਬਾਰਾਂ ਸਾਲੀਏ ਸੰਤਾਂ ਦੀ ਕਿਸੇ ਸੰਪਰਦਾ ਨਾਲ ਰਲ ਗਿਆ ਤੇ ਸਾਧਨਾਂ ਪੱਧਤੀਆਂ ਵਿੱਚੋਂ ਗੁਜ਼ਰਦਾ ਕਈ ਸਾਲਾਂ ਬਾਅਦ ਛੋਟੇ ਜਿਹੇ ਮੱਠ ਦਾ ਮੁਖੀ ਬਣ ਗਿਆ। ਸੰਤਾਂ ਦਾ ਇਹ ਮੱਠ ਰਸਦ ਤੇ ਅਨਾਜ ਇਕੱਠਾ ਕਰਨ ਦੇ ਮੰਤਵ ਨਾਲ ਕਈ ਪਿੰਡਾਂ ਵਿੱਚ ਜਾਂਦਾ ਹੁੰਦਾ ਸੀ। ਬਾਰਾਂ ਸਾਲ ਬੀਤੇ ਤਾਂ ਉਨ੍ਹਾਂ ਦਾ ਮੱਠ ਵੀ ਪਿੰਡਾਂ ਵੱਲ ਆਇਆ। ਸੁਭਾਇਕੀ ਉਨ੍ਹਾਂ ਉਸੇ ਪਿੰਡ ਡੇਰਾ ਲਾਇਆ, ਜੋ ਉਸ ਦਾ ਆਪਣਾ ਪਿੰਡ ਸੀ।

ਪਿੰਡ ਵਾਸੀਆਂ ਨੂੰ ਸੰਤਾਂ ਦੀ ਆਮਦ ਦਾ ਪਤਾ ਲੱਗਿਆ ਤਾਂ ਉਹ ਦੁੱਧ ਰਸਦ ਆਦਿ ਦੀ ਸੇਵਾ ਕਰਨ ਆਉਣ ਲੱਗੇ। ਸਾਧ ਬਣੇ ਉਸ ਕਿਸਾਨ ਦੀ ਘਰਵਾਲੀ ਵੀ ਦੁੱਧ ਲੈ ਕੇ ਡੇਰੇ ਆਈ। ਉਦੋਂ ਤਕ ਉਸ ਕਿਸਾਨ ਸੰਤ ਦੀ ਦਾੜ੍ਹੀ ਵਧੀ ਹੋਈ ਸੀ ਤੇ ਉਹ ਗੱਦੀ ’ਤੇ ਬੈਠਾ ਸੀ। ਉਸ ਦੀ ਘਰਵਾਲੀ ਨੇ ਜਦੋਂ ਉਸ ਦੀਆਂ ਅੱਖਾਂ ਵਿੱਚ ਦੇਖਿਆ ਤਾਂ ਬੀਤੇ ਸਮੇਂ ਦੇ ਕਈ ਮੰਜ਼ਰ ਉਸ ਦੀਆਂ ਨਜ਼ਰਾਂ ਵਿੱਚੋਂ ਗੁਜ਼ਰ ਗਏ। ਸੰਤ ਨੇ ਵੀ ਉਸ ਔਰਤ ਨੂੰ ਪਛਾਣ ਲਿਆ ਤੇ ਅੱਖਾਂ ਬੰਦ ਕਰ ਕੇ ਸਮਾਧੀ ਵਿੱਚ ਹੋਣ ਦਾ ਪਾਖੰਡ ਕਰਨ ਲੱਗਾ। ਬੀਬੀ ਦੁੱਧ ਵਾਲਾ ਡੋਲਣਾ ਕੋਲ ਰੱਖ ਕੇ ਪੈਰੀਂ ਹੱਥ ਲਾ ਕੇ ਬਹਿ ਗਈ।

ਸੰਤ ਨੇ ਸਿਰ ਪਲੋਸਿਆ ਤਾਂ ਬੀਬੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹਨੇ ਆਪਣੇ ਦੁੱਖ ਦੱਸਦਿਆਂ ਕਿਹਾ, “ਬਾਬਾ ਜੀ, ਮੈਂ ਬੜੀ ਦੁਖੀ ਆਂ, ਮੇਰਾ ਘਰ ਵਾਲਾ ਕਿਤੇ ਚਲਾ ਗਿਆ, ਦੋ ਸਾਲ ਹੋਏ ਸਹੁਰਾ ਵੀ ਮਰ ਗਿਆ।”

ਸੰਤ ਨੇ ਆਵਾਜ਼ ’ਤੇ ਕਾਬੂ ਰੱਖਦਿਆਂ ਉਪਦੇਸ਼ ਦੇ ਭਾਵ ਨਾਲ ਕਿਹਾ, “ਬੀਬੀ ਸੰਸਾਰ ਦੁੱਖਾਂ ਦਾ ਘਰ ਹੈ … ਜੋ ਆਇਆ ਹੈ, ਜਾਵੇਗਾ ਵੀ ਜ਼ਰੂਰ। ਮਨ ਨੂੰ ਪਰਮਾਤਮਾ ਨਾਲ ਲਾਓ।”

ਬੀਬੀ ਨੇ ਦੁੱਖਾਂ ਦੀ ਗੰਢ ਹੋਰ ਖੋਲ੍ਹੀ, “ਬਾਬਾ ਜੀ, ਮੁੰਡਾ ਵੀ ਆਖੇ ਤੋਂ ਬਾਹਰ ਹੋਇਆ ਫਿਰਦਾ, ਕੋਈ ਕੰਮ ਨਹੀਂ ਕਰਦਾ।”

ਸੰਤ ਨੇ ਉਸੇ ਸ਼ਾਂਤ ਭਾਵ ਨਾਲ ਆਖਿਆ, “ਇੱਥੇ ਕੋਈ ਕਿਸੇ ਦਾ ਨਹੀਂ ਬੀਬੀ, ਇਹ ਰਿਸ਼ਤੇ ਵੀ ਝੂਠ ਤੇ ਭਰਮ ਦਾ ਰੂਪ ਨੇ …।”

ਬੀਬੀ ਦਾ ਸ਼ੱਕ ਹੋਰ ਵਧ ਗਿਆ। ਉਹਨੇ ਆਪਣੇ ਪਤੀ ਦੇ ਪਿਆਰੇ ਬਲਦਾਂ ਦੀ ਜੋੜੀ ਬਾਰੇ ਗੱਲ ਛੇੜੀ, “ਬਾਬਾ ਜੀ, ਪਿੰਡ ਦੇ ਸੇਠ ਨੇ ਸਾਡੇ ਬਲਦ ਖੋਲ੍ਹ ਲਏ, ਸਾਡੀ ਮੱਝ ਵੀ ਕਰਜ਼ੇ ਵਿੱਚ ਲੈ ਗਿਆ। ਅਸੀਂ ਬੜੇ ਔਖੇ ਆਂ।”

ਸੰਤ ਜੀ ਨੇ ਆਪਣੇ ਆਪ ਨੂੰ ਕਾਬੂ ਵਿੱਚ ਰੱਖਦਿਆਂ ਸੱਜਾ ਹੱਥ ਖੜ੍ਹਾ ਕਰ ਕੇ ਕਿਹਾ, “ਸ਼ਾਂਤ ਰਹੋ ਬੀਬਾ, ਇਹ ਚੀਜ਼ਾਂ ਵਸਤਾਂ ਇਸੇ ਸੰਸਾਰ ਵਿੱਚ ਰਹਿ ਜਾਣੀਆਂ। ਮਨ ਨੂੰ ਪਾਠ ਪੂਜਾ ਵੱਲ ਲਾਓ, ਸ਼ਾਂਤੀ ਮਿਲੇਗੀ।”

ਉਸ ਔਰਤ ਨੇ ਕਿਹਾ, “ਬਾਬਾ ਜੀ, ਹੁਣ ਸਾਡੇ ਸ਼ਰੀਕ ਸਾਡੀ ਜ਼ਮੀਨ ਦੱਬਣ ਨੂੰ ਫਿਰਦੇ ਆ। ਵੱਟ ਉੱਪਰ ਲੱਗੇ ਅੰਬ ਦੇ ਰੁੱਖ ਨੂੰ ਆਪਣੇ ਵੱਲ ਦੱਸਦੇ ਆ। ਅੱਜ ਉਨ੍ਹਾਂ ਨੇ ਉਹ ਰੁੱਖ ਵੱਢਣ ਲਈ ਆਰੇ ਵਾਲੇ ਨੂੰ ਸੱਦਿਆ …।”

ਇੰਨੀ ਗੱਲ ਸੁਣਨ ਦੀ ਦੇਰ ਸੀ ਕਿ ਉਸ ਸੰਤ ਦੇ ਅੰਦਰੋਂ ਕਿਸਾਨ ਜਾਗ ਪਿਆ। ਉਹਨੇ ਧੂਣੇ ਵਿੱਚੋਂ ਬਲਦੀ ਲੱਕੜ ਚੁੱਕ ਲਈ ਤੇ ਲਲਕਾਰਾ ਮਾਰਿਆ, “ਕਿਹਦੀ ਇੰਨੀ ਮਜ਼ਾਲ ਐ ਕਿ ਮੇਰੇ ਲਾਏ ਅੰਬ ਦੇ ਬੂਟੇ ਨੂੰ ਆਰੇ ਦਾ ਟੱਕ ਵੀ ਲਾ ਸਕੇ … ਮੈਂ ਸੀਰਮੇ ਨਾ ਪੀ ਜਾਵਾਂ …।”

ਪੰਜਾਬ ਦੀ ਉਹੀ ਧਰਤੀ ਜਿੱਥੇ ਰੁੱਖ ਬਦਲੇ ਕੋਈ ਦਹਾਕਿਆਂ ਦੀ ਖੱਟੀ ਖੂਹ ਵਿੱਚ ਪਾਉਣ ਲਈ ਤਿਆਰ ਹੋ ਜਾਂਦਾ ਸੀ, ਅੱਜ ਸੈਂਕੜੇ ਸੜ ਰਹੇ ਰੁੱਖਾਂ ਦਾ ਸ਼ਮਸ਼ਾਨ ਬਣਿਆ ਹੋਇਆ ਹੈ।…

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4998)
(ਸਰੋਕਾਰ ਨਾਲ ਸੰਪਰਕ ਲਈ:
(This email address is being protected from spambots. You need JavaScript enabled to view it.)

About the Author

ਜਗਵਿੰਦਰ ਜੋਧਾ

ਜਗਵਿੰਦਰ ਜੋਧਾ

Phone: (91 - 94654 - 64502)
Emai;: (jodha.js@gmail.com)