“ਪੰਜਾਬ ਵਿੱਚ ਇਹ ਜਾਨਵਰ ਤੁਰਕਾਂ ਨਾਲ ਪ੍ਰਵੇਸ਼ ਕਰਦਾ ਹੈ। ਪੰਜਾਬ ਦੇ ਖੂਹਾਂ ਤੇ ਹਲਟ ਖਿੱਚਣ ਲਈ ...”
(29 ਅਪ੍ਰੈਲ 2023)
ਇਸ ਸਮੇਂ ਪਾਠਕ: 190.
ਕੋਈ ਸਮਾਂ ਸੀ, ਬੋਤਿਆਂ ਦਾ ਖੇਤੀ ਵਿੱਚ ਉੱਘਾ ਯੋਗਦਾਨ ਸੀ। ਰੇੜ੍ਹੀ ਖਿੱਚਣ, ਹਲਟ ਗੇੜਨ ਤੇ ਹਲ਼ ਵਾਹੁਣ ਦੇ ਕੰਮਾਂ ਤੋਂ ਬਿਨਾਂ ਸਰਦੇ-ਪੁੱਜਦੇ ਕਿਸਾਨੀ ਪਰਿਵਾਰਾਂ ਵਿੱਚ ਆਉਣ ਜਾਣ ਲਈ ਬੋਤੇ ਦੀ ਵਰਤੋਂ ਆਮ ਸੀ। ਕੁਝ ਸਾਲ ਪਹਿਲਾਂ ਮੈਂ ਪੁਸ਼ਕਰ ਦੇ ਸਲਾਨਾ ਮੇਲੇ ਵਿੱਚ ਲੱਖਾਂ ਦੀ ਕੀਮਤ ਵਾਲੇ ਘੋੜੇ ਵੇਖੇ। ਬਲਦਾਂ ਅਤੇ ਬੋਤਿਆਂ ਦੀ ਕੀਮਤ ਮਸਾਂ ਦਹਿ-ਹਜ਼ਾਰ ਹੀ ਰਹਿ ਗਈ ਸੀ। ਖੇਤੀ ਦੇ ਮਸ਼ੀਨੀਕਰਨ ਨੇ ਦੋਵਾਂ ਸ਼ਾਨਦਾਰ ਜਾਨਵਰਾਂ ਦੀ ਪਰਵਰਿਸ਼ ਦੇ ਸ਼ੌਕ ਦਾ ਲੱਕ ਤੋੜ ਸੁੱਟਿਆ। ਬਲਦ ਤਾਂ ਫਿਰ ਵੀ ਦੌੜਾਂ ਕਰਕੇ ਕੁਝ ਕਦਰ ਦੇ ਧਾਰਨੀ ਹਨ, ਬੋਤਿਆਂ ਦਾ ਹਾਲ ਬੁਰਾ ਹੈ। ਕੁਝ ਸਦੀਆਂ ਪਹਿਲਾਂ ਭਾਰ ਢੋਣ ਲਈ ਆਸਟ੍ਰੇਲੀਆ ਲਿਜਾਏ ਗਏ ਬੋਤਿਆਂ ਨੂੰ ਕਤਲ ਕਰਨ ਦੀਆਂ ਖ਼ਬਰਾਂ ਅਸੀਂ ਸੁਣੀਆਂ, ਮਸਲਾ ਇਹ ਹੈ ਕਿ ਉਹ ਲੋਕਾਂ ਦੇ ਹਿੱਸੇ ਦਾ ਪਾਣੀ ਪੀ ਜਾਂਦੇ ਹਨ।
ਬੋਤੇ ਦੁਨੀਆਂ ਦੇ ਸਭ ਤੋਂ ਵਿਸ਼ਾਲ ਜਾਨਵਰਾਂ ਦੀਆਂ ਆਖ਼ਰੀ ਬਚੀਆਂ ਪ੍ਰਜਾਤੀਆਂ ਵਿੱਚੋਂ ਇੱਕ ਹਨ। ਮਨੁੱਖ ਜਾਤੀ ਦੀ ਸਮਰਿਧੀ ਵਿੱਚ ਇਨ੍ਹਾਂ ਭਰਪੂਰ ਯੋਗਦਾਨ ਪਾਇਆ। ਵਿਸ਼ੇਸ਼ ਕਰਕੇ ਰੇਗਿਸਤਾਨੀ ਇਲਾਕੇ ਵਿੱਚ ਮਨੁੱਖੀ ਜ਼ਿੰਦਗੀ ਸੰਭਵ ਹੋਈ ਤਾਂ ਇਸਦਾ ਸਿਹਰਾ ਬੋਤਿਆਂ ਦੇ ਔਖੇ ਹਾਲਾਤ ਸਹਿਣ ਦੀ ਸਮਰੱਥਾ ਨੂੰ ਜਾਂਦਾ ਹੈ। ਇਹ ਵੀ ਘੋੜਿਆਂ ਵਾਂਗ ਉੱਤਰੀ ਅਮਰੀਕੀ ਮਹਾਂਦੀਪ ਵਿੱਚ ਪਹਿਲਾਂ ਪਹਿਲ ਪਾਏ ਜਾਣ ਵਾਲੇ ਜੀਵ ਸਨ ਜੋ ਈਸਾ ਤੋਂ ਪੰਜ ਤੋਂ ਦਸ ਹਜ਼ਾਰ ਸਦੀਆਂ ਪਹਿਲਾਂ ਪਾਲਤੂ ਬਣੇ। ਬੋਤਿਆਂ ਦੀਆਂ ਤਸਵੀਰਾਂ ਮੈਸੋਪਟਾਮੀਆ ਤੇ ਸਾਊਦੀ ਅਰਬ ਦੀਆਂ ਗੁਫ਼ਾਵਾਂ ਵਿੱਚ ਸਭ ਤੋਂ ਪੁਰਾਣੀਆਂ ਮਿਲਦੀਆਂ ਹਨ। ਉਮਰ ਭਰ ਦੁੱਧ, ਕੰਮ ਲਈ ਵਰਤੇ ਜਾਣ ਤੋਂ ਬਾਅਦ ਮੌਤ ਮਗਰੋਂ ਮਾਸ ਅਤੇ ਚਮੜੀ ਤੋਂ ਕੱਪੜੇ ਲਈ ਵਰਤੇ ਗਏ ਜੀਵ ਹਨ। ਵਿਗਿਆਨੀਆਂ ਨੇ ਇਨ੍ਹਾਂ ਦੀਆਂ ਚਾਰ ਨਸਲਾਂ ਦੀ ਪਛਾਣ ਕੀਤੀ। ਅਰਬੀ ਬੋਤੇ ਸਭ ਤੋਂ ਸ਼ਾਨਦਾਰ ਹਨ ਤੇ ਔਖੇ ਹਾਲਾਤ ਵਿੱਚ ਰੇਗਿਸਤਾਨੀ ਜਹਾਜ਼ ਵਾਂਗ ਰਹਿਣ ਯੋਗ ਵੀ। ਭਾਰਤ ਵਿੱਚ ਇਸੇ ਦੀ ਉਪਪ੍ਰਜਾਤੀ ਮਿਲਦੀ ਹੈ।
ਇਸਲਾਮ ਦੁਨੀਆਂ ਵਿੱਚ ਫੈਲਿਆ ਤਾਂ ਫੌਜਾਂ ਦੇ ਰਸਦ ਅਤੇ ਤੋਪਾਂ ਦੀ ਢੁਆਈ ਲਈ ਬੋਤੇ ਵਰਤੋਂ ਵਿੱਚ ਆਏ। ਇਸ ਜਾਨਵਰ ਤੋਂ ਬਿਨਾਂ ਇਸਲਾਮ ਦੂਰ-ਦੁਰਾਡੇ ਨਾ ਪਹੁੰਚ ਸਕਦਾ। ਹਿਜਰਤ ਤੋਂ ਬਾਅਦ ਜਿਸ ਜਗ੍ਹਾ ਮੁਹੰਮਦ ਸਾਹਿਬ ਦਾ ਬੋਤਾ ਚਰਨ ਲੱਗਾ ਉਸੇ ਜਗ੍ਹਾ ਮਦੀਨਾ ਵਸਾਇਆ ਗਿਆ। ‘ਊਂਸ਼ਟ’ ਸ਼ਬਦ ਵੀ ਸੰਸਕ੍ਰਿਤ ਭਾਸ਼ਾ ਦਾ ਹੈ ਜਿਸਦਾ ਅਰਥ ਹੈ ਵਿਸ਼ਾਲ। ਅਰਬੀ ਭਾਸ਼ਾ ਵਿੱਚ ਇਸਦੇ ਹਾਣ ਦਾ ਸ਼ਬਦ ਉਸ਼ਤਰ ਹੈ, ਜਿਸ ਤੋਂ ਸ਼ੁਤਰ ਬਣਿਆ ਜਿਸਦਾ ਭਾਵ ਹੈ ਸੁੰਦਰ ਜੀਵ।
ਫ਼ਾਰਸ ਦੇ ਕਿਲਿਆਂ ’ਤੇ ਬੋਤਿਆਂ ਨਾਲ ਪਾਣੀ ਫ਼ਸੀਲਾਂ ਤੋਂ ਉੱਪਰ ਖਿੱਚਿਆ ਜਾਂਦਾ ਸੀ।
ਪੰਜਾਬ ਵਿੱਚ ਇਹ ਜਾਨਵਰ ਤੁਰਕਾਂ ਨਾਲ ਪ੍ਰਵੇਸ਼ ਕਰਦਾ ਹੈ। ਪੰਜਾਬ ਦੇ ਖੂਹਾਂ ਤੇ ਹਲਟ ਖਿੱਚਣ ਲਈ ਇਸ ਜਾਨਵਰ ਦੀ ਸਭ ਤੋਂ ਜ਼ਿਆਦਾ ਵਰਤੋਂ ਹੋਈ। ਇੱਕ ਤਾਂ ਦੋ ਬਲਦਾਂ ਦੇ ਮੁਕਾਬਲੇ ਇੱਕ ਬੋਤਾ ਰੱਖਣਾ ਸੌਖਾ ਸੀ, ਦੂਜਾ ਖੂਹ ਗੇੜਨ ਲਈ ਇਸਦੇ ਪਿੱਛੇ ਗਾਧੀ ਉੱਪਰ ਬੰਦਾ ਬਿਠਾਉਣ ਦੀ ਲੋੜ ਨਹੀਂ ਸੀ, ਬੱਸ ਖੋਪੇ ਲਾ ਕੇ ਕੰਮ ਚੱਲ ਜਾਂਦਾ ਸੀ। ਹਲ਼ ਵਾਹੁਣ ਦਾ ਕੰਮ ਬੋਤੇ ਨਾਲ ਤਾਂ ਬਹੁਤਾ ਕਾਮਯਾਬ ਨਹੀਂ ਸੀ ਕਿ ਇਸ ਲਈ ਸਾਜ਼ ਬਹੁਤ ਮਹਿੰਗਾ ਹੁੰਦਾ ਤੇ ਰੈਲ੍ਹ ਦੇ ਸਿਰੇ ਤੋਂ ਬੋਤਾ ਔਖਾ ਮੁੜਦਾ ਸੀ। ਦੁਆਬੇ ਵਿੱਚ ਪੱਠੇ ਕੁਤਰਨ ਲਈ ਗੇੜੀ ਚਲਾਉਣ ਤੇ ਵੇਲਣਾ ਗੇੜਨ ਦਾ ਕੰਮ ਬੋਤੇ ਕੋਲੋਂ ਬਹੁਤ ਬਾਅਦ ਤਕ ਲਿਆ ਜਾਂਦਾ ਰਿਹਾ।
ਸੱਠਵਿਆਂ ਦੇ ਆਰੰਭ ਤਕ ਤਕੜੇ ਜ਼ਿਮੀਦਾਰ ਰਿਸ਼ਤੇਦਾਰਾਂ ਦੇ ਜਾਣ ਵੇਲੇ ਬੋਤੇ ਦੀ ਵਰਤੋਂ ਕਰਦੇ ਰਹੇ। ਉਦੋਂ ਹੀ ਇਹ ਬੋਲੀ ਹੋਂਦ ਵਿੱਚ ਆਈ ਹੋਏਗੀ:
ਤੇਰੇ ਬੋਤੇ ਨੂੰ ਗਵਾਰੇ ਦੀਆਂ ਫਲੀਆਂ,
ਤੈਨੂੰ ਵੀਰਾ ਦੁੱਧ ਦਾ ਛੰਨਾ।
ਇਸ ਜਾਨਵਰ ਨੂੰ ਬੜਾ ਖੌ-ਖੋਰ ਮੰਨਿਆ ਗਿਆ। ਐਸੀਆਂ ਕਹਾਣੀਆਂ ਦੀ ਘਾਟ ਨਹੀਂ ਜਿਨ੍ਹਾਂ ਵਿੱਚ ਬੋਤੇ ਨੇ ਵੇਚੇ ਜਾਣ ਦੇ ਬਾਵਜੂਦ ਵਾਪਸ ਆ ਕੇ ਪਹਿਲੇ ਮਾਲਕ ਕੋਲੋਂ ਆਪਣਾ ਬਦਲਾ ਲਿਆ।
ਹੁਣ ਇਹ ਜਾਨਵਰ ਕਦੇ ਕਦਾਈਂ ਕਣਕ ਦੀ ਵਾਢੀ ਤੋਂ ਬਾਅਦ ਤੂੜੀ ਖਰੀਦਦੇ ਫਿਰਦੇ ਬਾਂਗੜੂਆਂ ਦੀਆਂ ਗੱਡੀਆਂ ਅੱਗੇ ਦਿਸਦੇ ਹਨ ਜਾਂ ਰਾਜਸਥਾਨ ਘੁੰਮਣ ਜਾਣ ਵਾਲੇ ਲੋਕਾਂ ਦੇ ਬੱਚੇ ਇਨ੍ਹਾਂ ਦੀ ਸਵਾਰੀ ਕੱਕੀ ਰੇਤ ਦੇ ਟਿੱਬਿਆਂ ’ਤੇ ਕਰਦੇ ਹਨ।
ਜਗੀਰੂ ਸਮਾਜ ਵਿੱਚ ਬਹੁਤ ਬੁਰੀਆਂ ਗੱਲਾਂ ਦੇ ਸਮਾਨੰਤਰ ਇੱਕ ਵਧੀਆ ਗੱਲ ਇਹ ਸੀ ਕਿ ਜਗੀਰੂ ਲੋਕ ਆਪਣੇ ਉਤਪਾਦਨੀ ਸਰੋਤਾਂ ਨੂੰ ਪਿਆਰ ਕਰਦੇ ਸਨ। ਉਨ੍ਹਾਂ ਦੀ ਹੋਂਦ ਬਿਨਾਂ ਜ਼ਿੰਦਗੀ ਦੀ ਕਲਪਨਾ ਕਰਨੀ ਔਖੀ ਸੀ। ਇਹ ਸਰੋਤ ਕਾਮੇ ਵੀ ਸਨ ਤੇ ਜਾਨਵਰ ਵੀ। ਮਸ਼ੀਨੀ ਯੁਗ ਨੇ ਉਤਪਾਦਨ ਦੀ ਵਿਧੀ ਨੂੰ ਵੀ ਮਸ਼ੀਨੀ ਬਣਾਇਆ ਤੇ ਆਪਣੇ ਸਰੋਤਾਂ ਬਾਰੇ ਮਨੁੱਖੀ ਪਹੁੰਚ ਨੂੰ ਵੀ ਮਸ਼ੀਨੀ ਕਰ ਦਿੱਤਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3940)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)