“ਉਹ ਪੰਜਾਬੀ ਕਹਾਣੀ ਦੇ ਸਮੁੱਚ ਵਿਚ ਵੱਖਰਾ ਖੜ੍ਹਾ ਦਿੱਸਦਾ ਹੈ ...”
(30 ਦਸੰਬਰ 2019)
ਗੁਰਬਚਨ ਸਿੰਘ ਭੁੱਲਰ ਹੋਰੀਂ ਪੰਜਾਬੀ ਜ਼ਬਾਨ ਦੀ ਰਚਨਾਕਾਰੀ ਦਾ ਇਕ ਦੌਰ ਹਨ। ਉਨ੍ਹਾਂ ਨੇ ਇਕ ਤਵੀਲ ਅਰਸਾ (ਲੰਮਾ ਸਮਾਂ) ਪੰਜਾਬੀ ਦੀਆਂ ਬਹੁਤੀਆਂ ਸਿਨਫਾਂ ਵਿਚ ਲਿਖਿਆ ਹੈ। ਇਸ ਵਿਚ ਗਲਪ ਤੇ ਗਦ ਦੀ ਰਚਨਾ ਦੇ ਸਾਰੇ ਰੂਪ ਆ ਜਾਂਦੇ ਹਨ। ਇਹ ਬਜ਼ੁਰਗ ਦਾਨਿਸ਼ਵਰ ਅਜੇ ਵੀ ਨਿਰੰਤਰ ਲਿਖਣ ਰਾਹੀਂ ਨਵੀਆਂ ਪੀੜ੍ਹੀਆਂ ਨਾਲ ਵਰ ਮੇਚ ਰਿਹਾ ਹੈ। ਕੁਝ ਸਾਲ ਪਹਿਲਾਂ ਛਪ ਕੇ ਆਇਆ ਵੱਡ ਆਕਾਰੀ ਨਾਵਲ ਅਤੇ ਪਿਛਲੇ ਦਿਨੀਂ ਛਪੀਆਂ ਵਾਰਤਕ ਕਿਤਾਬਾਂ ਇਸ ਕਥਨ ਦੇ ਪ੍ਰਮਾਣ ਲਈ ਕਾਫੀ ਹਨ। ਪਰ ਗ਼ਾਲਿਬ ਦੇ ਕਹਿਣ:
ਗੋ ਮੈਂ ਰਹਾ ਰਹੀਨ-ਏ-ਸਿਤਮ ਹਾਏ ਰੋਜ਼ਗਾਰ,
ਲੇਕਿਨ ਤੇਰੇ ਖ਼ਯਾਲ ਸੇ ਗ਼ਾਫ਼ਿਲ ਨਹੀਂ ਰਹਾ।
ਵਾਂਗ ਉਨ੍ਹਾਂ ਕੁਝ ਵੀ ਲਿਖਿਆ ਹੋਵੇ ਉਸ ਵਿਚ ਪੰਜਾਬੀ ਬਣਦੇ ਤੇ ਪੰਜਾਬੀਅਤ ਦੀ ਹੋਂਦ ਅਤੇ ਹੋਣੀ ਦੇ ਮਸਲੇ ਪੇਸ਼-ਪੇਸ਼ ਰਹੇ ਹਨ। ਗੁਰਬਚਨ ਭੁੱਲਰ ਨੇ ਕਈ ਦਹਾਕਿਆਂ ਤਕ ਪੰਜਾਬੀ ਕਹਾਣੀ ਲਿਖੀ ਹੈ ਤੇ ਏਨੀ ਸ਼ਿੱਦਤ ਨਾਲ ਲਿਖੀ ਕਿ ਹੁਣ ਪੰਜਾਬੀ ਭੁੱਲਰ ਹੋਰਾਂ ਦਾ ਨਾਮ ਲਿਆਂ ਹੀ ਪੰਜਾਬੀ ਕਹਾਣੀ ਦਾ ਇਕ ਦੌਰ ਸਾਕਾਰ ਹੋ ਜਾਂਦਾ ਹੈ। ਉਹ ਦੌਰ ਜਿਸ ਵਿਚ ਕਿਸੇ ਨੇ ਅਸਮਾਨ ਨੂੰ ਦੋ ਨਾਵਾਂ ਲਈ ਬੈਅ ਕੀਤੇ ਜਾਣ ਦਾ ਜੁਮਲਾ ਹਵਾ ਵਿਚ ਦਾਗ ਦਿੱਤਾ ਸੀ। ਇਹ ਜੁਮਲਾ ਸਮੀਖਿਆਕਾਰੀ ਲਈ ਨਿੱਕ-ਰਸਤਾ ਸਾਬਿਤ ਹੋਇਆ। ਇਸ ਸੌਖੇ ਰਾਹ ਤੁਰ ਕੇ ਪੰਜਾਬੀ ਵਿਚ ਕਹਾਣੀ ਦਾ ਮੁਤਾਲਿਆ ਕੀਤਾ ਜਾਣ ਲੱਗਿਆ। ਗੁਰਬਚਨ ਭੁੱਲਰ ਹੋਰਾਂ ਨੇ ਅਸਮਾਨ ਦੀ ਥਾਂ ਧਰਤੀ ਉੱਪਰ ਕਥਾ ਪੈੜ ਪਾਈ। ਉਨ੍ਹਾਂ ਦੀ ਕਹਾਣੀ ਨੇ ਲਿੱਬੜਿਆਂ, ਲਿੱਤੜਿਆਂ ਤੇ ਜੀਣ ਦੇ ਮੌਕਿਆਂ ਲਈ ਜੂਝਦੇ ਲੋਕਾਂ ਨੂੰ ਆਪਣੇ ਪਾਤਰ ਬਣਾਇਆ। ਇਸੇ ਲਈ ਉਹ ਪੰਜਾਬੀ ਕਹਾਣੀ ਦੇ ਸਮੁੱਚ ਵਿਚ ਵੱਖਰਾ ਖੜ੍ਹਾ ਦਿੱਸਦਾ ਹੈ। ਉਸਦੇ ਪਾਤਰ ਤੇ ਪਾਤਰਾਂ ਦਾ ਵਿਹਾਰ ਵੀ ਵੱਖਰੀ ਤਰ੍ਹਾਂ ਦਾ ਹੈ, ਬੁਰੇ ਤੋਂ ਬੁਰੇ ਹਾਲਾਤ ਵਿਚ ਵੀ ਜੀਣ ਦੇ ਜਜ਼ਬੇ ਨਾਲ ਦਗ਼ਣ ਤੇ ਮਘਣ ਵਾਲਾ।
ਆਪਣੀ ਲੇਖਣੀ ਦੇ ਪੰਧ ਬਾਰੇ ਗੁਰਬਚਨ ਸਿੰਘ ਭੁੱਲਰ ਦੇ ਇਕ ਸਵੈ-ਕਥਨ ‘ਮੈਂ ਕੋਈ ਗੋਰਕੀ ਨਹੀਂ’ ਵਿਚ ਉਨ੍ਹਾਂ ਦੱਸਿਆ ਕਿ ਕਵਿਤਾ ਨਾਲ ਉਨ੍ਹਾਂ ਦੀ ਸਿਰਜਣਾ ਦਾ ਆਰੰਭ ਹੋਇਆ। ਬਾਅਦ ਵਿਚ ਜਦੋਂ ਮਹਿਸੂਸ ਹੋਇਆ ਕਿ ਕੁਝ ਗੱਲਾਂ ਕਵਿਤਾ ਦੀ ਸਮਰੱਥਾ ਤੋਂ ਬਾਹਰ ਰਹਿ ਜਾਂਦੀਆਂ ਹਨ ਤਾਂ ਉਹ ਕਹਾਣੀ ਵੱਲ ਨੂੰ ਮੁੜੇ। ਇਹ 1960 ਤੋਂ ਪਹਿਲਾਂ ਦੀਆਂ ਗੱਲਾਂ ਹਨ। ਇਸਦਾ ਅਰਥ ਹੈ ਭੁੱਲਰ ਹੁਰਾਂ ਦੀ ਕਲਮਕਾਰੀ ਦਾ ਸਫ਼ਰ ਛੇ ਦਹਾਕਿਆਂ ਤੋਂ ਲੰਮੇਰਾ ਹੈ। ਇਹ ਸਫ਼ਰ ਅੱਜ ਵੀ ਬੇਰੋਕ ਜਾਰੀ ਹੈ। ਪੰਜਾਬੀ ਦੇ ਹਰ ਛੋਟੇ ਵੱਡੇ ਸਮੀਖਿਅਕ ਨੇ ਉਨ੍ਹਾਂ ਦੀ ਰਚਨਾਕਾਰੀ ਬਾਰੇ ਲਿਖਿਆ ਹੈ। ਸਾਹਿਤ ਅਕਾਦਮੀ ਇਨਾਮ ਸਮੇਤ ਸਾਰੇ ਇਨਾਮ ਉਨ੍ਹਾਂ ਦੇ ਨਾਮ ਨਾਲ ਦਰਜ ਹਨ। ਏਨੇ ਕੁਝ ਦੇ ਬਾਵਜੂਦ ਆਪਣੇ ਆਸ-ਪਾਸ ਨੂੰ ਜਾਨਣ ਤੇ ਉਸ ਨੂੰ ਸ਼ਬਦਾਂ ਵਿਚ ਢਾਲਣ ਦੀ ਉਨ੍ਹਾਂ ਦੀ ਚਾਹ ਪਹਿਲਾਂ ਜਿੰਨੀ ਹੀ ਤੀਬਰ ਹੈ। ਉਹ ਜਦੋਂ ਅਮਰੀਕਾ ਬਾਰੇ ਸਫ਼ਰਨਾਮਾ ਲਿਖਦੇ ਹਨ ਤਾਂ ਪੇਸ਼ਕਾਰੀ ਉੱਥੋਂ ਦੇ ਪਰਵਾਸੀ ਜੀਵਨ ਦੀ ਦਿੱਖ ਦੇ ਵਰਣਨ ਤੋਂ ਅਗਾਂਹ ਜਾ ਕੇ ਅਣਦਿਸਦੇ ਤੱਥਾਂ ਤਕ ਪੁੱਜਦੀ ਹੈ। ਇਸ ਨਾਲ ਪਰਵਾਸੀ ਮਨੁੱਖ ਦੀ ਹੋਂਦਕਾਰੀ ਦੇ ਸਭਿਆਚਾਰਕ ਅਤੇ ਪਛਾਣ ਦੇ ਸੰਕਟ, ਪੰਜਾਬੀ ਅਤੇ ਬਦੇਸ਼ੀ ਸਭਿਆਚਾਰ ਦੇ ਟਕਰਾਵੇਂ ਸੰਬੰਧਾਂ ਸਮੇਤ ਉਜਾਗਰ ਹੁੰਦੇ ਹਨ। ਜਦੋਂ ਉਹ ਆਪਣੇ ਸਮਕਾਲੀਆਂ ਦੇ ਸ਼ਬਦ-ਚਿੱਤਰ ਲਿਖਦੇ ਹਨ ਤਾਂ ਉਨ੍ਹਾਂ ਦੀ ਲੇਖਣੀ ਅਤੇ ਜ਼ਿੰਦਗੀ ਦੇ ਤੱਥਾਂ ਨੂੰ ਗੁੰਨ੍ਹ ਲੈਂਦੇ ਹਨ। ਏਥੇ ਲੇਖਕ ਦੇ ਨਿੱਜੀ ਵੇਰਵਿਆਂ ਰਾਹੀਂ ਪਾਠਕੀ ਭੁਸ ਪੂਰਤੀ ਦੀ ਜਗ੍ਹਾ ਲਿਖਤਾਂ ਪਿੱਛੇ ਕਾਰਜਸ਼ੀਲ ਵਿਰੋਧਤਾਈਆਂ ਸਾਮ੍ਹਣੇ ਆਉਂਦੀਆਂ ਹਨ। ਇਸ ਵਿਸ਼ੇਸ਼ਤਾ ਨੂੰ ਅੰਗੀਕਾਰ ਕਰਨਾ ਹੀ ਗੁਰਬਚਨ ਭੁੱਲਰ ਹੋਣਾ ਹੈ।
ਪੰਜਾਬੀ ਸਮੀਖਿਆ ਮੂਲ ਰੂਪ ਵਿਚ ਆਪਣੇ ਅਕਾਦਮਿਕ ਉਦੇਸ਼ ਨਾਲ ਜੁੜੀ ਰਹੀ ਹੈ। ਆਰੰਭ ਦੀ ਪੰਜਾਬੀ ਸਮੀਖਿਆ ਦਾ ਇਕ ਪ੍ਰਯੋਜਨ ਸਾਹਿਤਕ ਕਿਰਤਾਂ ਨੂੰ ਉਨ੍ਹਾਂ ਦੇ ਸਹੀ ਇਤਿਹਾਸਕ ਕ੍ਰਮ ਵਿਚ ਟਿਕਾਉਣਾ ਵੀ ਸੀ। ਉਹੀ ਕਿਰਿਆ ਬਾਅਦ ਦੇ ਸਮੀਖਿਆ ਕਾਰਜ ਦੀ ਪੱਕ ਚੁੱਕੀ ਆਦਤ ਵਾਂਗ ਕਦੇ ਖਾਰਜ ਨਹੀਂ ਹੋਈ। ਸੌਖ-ਪਸੰਦੀ ਲਈ ਲੇਖਕ ਨੂੰ ਇਕ ਸਥਿਰ ਇਤਿਹਾਸਕ ਬਿੰਦੂ ’ਤੇ ਟਿਕਾ ਕੇ ਦੇਖਣਾ ਤੇ ਸਾਹਿਤਕ ਧਾਰਾ ਨੂੰ ਪੀੜ੍ਹੀਆਂ ਤੇ ਪ੍ਰਵਿਰਤੀਆਂ ਵਿਚ ਵੰਡ ਲੈਣਾ ਪ੍ਰਚਲਿਤ ਸਮੀਖਿਅਕ ਵਿਹਾਰ ਹੈ। ਇਸ ਤਰ੍ਹਾਂ ਉਨ੍ਹਾਂ ਲੇਖਕਾਂ ਨਾਲ ਧੱਕਾ ਹੋਣਾ ਲਾਜ਼ਮੀ ਹੋ ਜਾਂਦਾ ਹੈ ਜੋ ਆਲੋਚਨਾ ਵਲੋਂ ਘੋਸ਼ਿਤ ਰੁਝਾਨਾਂ ਅਤੇ ਪ੍ਰਵਿਰਤੀਆਂ ਤੋਂ ਬਾਹਰ ਰਹਿ ਜਾਂਦੇ ਹਨ ਜਾਂ ਕਈ ਪੀੜ੍ਹੀਆਂ ਦੇ ਸਮਾਂਤਰ ਲਿਖਣ ਕਾਰਜ ਕਰਦੇ ਰਹਿੰਦੇ ਹਨ। ਗੁਰਬਚਨ ਭੁੱਲਰ ਹੋਰਾਂ ਨਾਲ ਵੀ ਇਹੀ ਹੋਇਆ ਹੈ। ਜਦੋਂ ਭੁੱਲਰ ਹੋਰਾਂ ਦੀ ਕਥਾ-ਸੰਵੇਦਨਾ ਵਿਗਸ ਰਹੀ ਸੀ ਉਦੋਂ ਪ੍ਰਗਤੀਵਾਦ ਦਾ ਦੌਰ-ਦੌਰਾ ਸੀ। ਸਾਹਿਤ ਦੇ ਰਾਜਸੀ ਪੱਖ ਉੱਪਰ ਵਧੇਰੇ ਜ਼ੋਰ ਦੇ ਕੇ ਜਮਾਤੀ ਟਕਰਾਵਾਂ ਦੇ ਸਿਧਾਂਤ ਅਨੁਸਾਰ ਲਿਖਣਾ ਫੈਸ਼ਨ ਵਾਂਗ ਸੀ। ਭੁੱਲਰ ਹੋਰਾਂ ਨੇ ਉਸ ਦੌਰ ਵਿਚ ਵੀ ਆਪਣਾ ਪੂਰਾ ਧਿਆਨ ਜ਼ਿੰਦਗੀ ਦੀ ਰੌਂਅ ਵਲ ਰੱਖਿਆ ਤੇ ਮਿੱਥ ਕੇ ਘਟਨਾਵਾਂ ਦੀ ਚੋਣ ਜਾਂ ਪਾਤਰਾਂ ਦੇ ਵਿਹਾਰ ਵਲ ਨਹੀਂ ਕੀਤਾ। ਇਸੇ ਵੱਖਰਤਾ ਨੇ ਉਨ੍ਹਾਂ ਦੀਆਂ ਕਹਾਣੀਆਂ ਨੂੰ ਬਣੇ-ਬਣਾਏ ਸਾਂਚਿਆਂ ਵਿਚ ਪੂਰੀਆਂ ਨਹੀਂ ਆਉਣ ਦਿੱਤਾ। ਉਨ੍ਹਾਂ ਦੀਆਂ ਕਹਾਣੀਆਂ ਵਿਚ ਧੜਕਦਾ ਮਨੁੱਖੀ ਬਿੰਬ ਪੇਸ਼ ਹੁੰਦਾ ਹੈ। ਇਹ ਬਿੰਬ ਆਸ-ਪਾਸ ਦੀ ਜ਼ਿੰਦਗੀ ਵਿਚ ਮੌਜੂਦ ਮਨੁੱਖ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ ਸਮੇਤ ਹਸਤੀ ਤੇ ਹੋਣੀ ਦੀ ਤਲਾਸ਼ ਨਾਲ ਜੁੜਿਆ ਹੋਇਆ ਹੈ।
ਗੁਰਬਚਨ ਭੁੱਲਰ ਨੇ ਪੇਂਡੂ ਸਮਾਜ ਦੇ ਜਿਨ੍ਹਾਂ ਵਿਸ਼ਿਆਂ ਬਾਰੇ ਕਹਾਣੀਆਂ ਲਿਖੀਆਂ ਉਹ ਪੰਜਾਬੀ ਸਾਹਿਤ ਲਈ ਓਪਰੇ ਨਹੀਂ ਸਨ। ਪੰਜਾਬੀ ਦੇ ਪਾਠਕ ਜਗਤ ਨੇ ਲੰਮਾ ਸਮਾਂ ਪੇਂਡੂ ਕਿਸਾਨੀ ਜੀਵਨ ਦੀਆਂ ਵਿਸੰਗਤੀਆਂ ਦੀ ਪੇਸ਼ਕਾਰੀ ਕਰਦੇ ਗਲਪ ਸਾਹਿਤ ਨੂੰ ਪਹਿਲਾ ਪਿਆਰ ਬਣਾਈ ਰੱਖਿਆ। ਗੁਰਬਚਨ ਭੁੱਲਰ ਹੋਰਾਂ ਦੀ ਪੇਂਡੂ ਜੀਵਨ ਨਾਲ ਸੰਬੰਧਿਤ ਕਹਾਣੀ ਵਿਚ ਵੀ ਅਜਿਹੇ ਵਿਸ਼ਿਆਂ ਦੀ ਭਰਮਾਰ ਹੈ। ਕਿਸਾਨੀ ਸਮਾਜ ਦੇ ਜ਼ਮੀਨ, ਔਰਤ ਅਤੇ ਗੈਰਤ ਦੇ ਸਰੋਕਾਰ ਉਨ੍ਹਾਂ ਦੀ ਕਥਾਕਾਰੀ ਵਿਚ ਭਰਵੇਂ ਰੂਪ ਵਿਚ ਪੇਸ਼ ਹੋਏ ਪਰ ਇਨ੍ਹਾਂ ਕਹਾਣੀਆਂ ਦਾ ਖਾਸਾ ਕਿਸਾਨੀ ਸਮਾਜ ਦੀ ਕਹਾਣੀ ਨਾਲੋਂ ਵੱਖਰਾ ਦਿਸਦਾ ਹੈ। ਸਭ ਤੋਂ ਮੁਢਲਾ ਫਰਕ ਤਾਂ ਗੁਰਬਚਨ ਭੁੱਲਰ ਦੀ ਕਹਾਣੀ ਦਾ ਬਿਰਤਾਂਤਕ ਅੰਦਾਜ਼ ਹੈ। ਇਹ ਅੰਦਾਜ਼ ਪੰਜਾਬੀ ਸਭਿਆਚਾਰ ਵਿਚ ਪਈ ਕਥਾ-ਵਾਚਨ ਪਰੰਪਰਾ ਦੇ ਨੇੜੇ-ਤੇੜੇ ਵਿਚਰਦਾ ਹੈ। ਇਸ ਵਿਚ ਬਿਰਤਾਂਤ ਪੱਖੋਂ ਤਜੁਰਬੇ ਕਰਕੇ ਕਹਾਣੀ ਨੂੰ ਆਧੁਨਿਕ ਵਿਧਾ ਸਿੱਧ ਕਰਨ ਦੀ ਉਚੇਚ ਨਹੀਂ ਹੈ ਬਲਕਿ ਕਹਾਣੀ ਕਹਿਣ ਅਤੇ ਸੁਣਨ ਦੀਆਂ ਸਭਿਆਚਾਰਕ ਰੂੜੀਆਂ ਭਾਰੂ ਹਨ। ਪੰਜਾਬੀ ਦੀ ਲੋਕ ਕਥਾ ਕੰਨ-ਰਸਤਾ ਲਈ ਪਹੇਲੀਆਂ, ਅੜਾਉਣੀਆਂ, ਰਹੱਸ-ਉਦਘਾਟਨ ਆਦਿ ਵਿਧੀਆਂ ਦੀ ਧਾਰਨੀ ਸੀ। ਵਿਰਕ ਦੀ ਕਹਾਣੀ ਦੇ ਅੰਤ ’ਤੇ ਅਰਥਾਂ ਦਾ ਵਿਸਫੋਟ ਵੀ ਇਸੇ ਪਰੰਪਰਾ ਦਾ ਇਕ ਪਸਾਰ ਸੀ। ਭੁੱਲਰ ਦੀ ਕਹਾਣੀ ਦਾ ਸਰੋਤਾ ਨਿਸ਼ਕ੍ਰਿਅ ਨਹੀਂ ਰਹਿ ਸਕਦਾ ਬਲਕਿ ਉਹ ਆਪ ਸਾਰੇ ਵਰਤਾਰੇ ਦਾ ਸਾਖੀ ਬਣਦਾ ਹੈ। ਬਿਰਤਾਂਤਕਾਰੀ ਦੀ ਇਹ ਜੀਵੰਤਤਾ ਲੁਕ ਛਿਪ ਕੇ ਕੀਤੀ ਮੁਹੱਬਤ ਦੇ ਵੇਰਵਿਆਂ ਤੋਂ ਲੈ ਕੇ ਸ਼ਰੇਆਮ ਨਫਰਤ ਦੇ ਪ੍ਰਗਟਾਵੇ ਤਕ ਅਤੇ ਪਤੀ-ਪਤਨੀ ਦੇ ਵਾਰਤਾਲਾਪ ਤੋਂ ਲੈ ਕੇ ਪੰਚਾਇਤ ਦੇ ਫੈਸਲੇ ਦੇ ਵੇਰਵਿਆਂ ਤਕ ਇਕਸਾਰ ਫੈਲੀ ਹੋਈ ਹੈ। ਲੋਕਮਨ ਦੀ ਅਜਿਹੀ ਸਜੀਵ ਅਕਾਸੀ ਭੁੱਲਰ ਕਥਾ ਸੰਵੇਦਨਾ ਨੂੰ ਵਧੇਰੇ ਤਰਲਤਾ ਪ੍ਰਦਾਨ ਕਰਦੀ ਹੈ। ਕਿਸੇ ਭਾਸ਼ਾ ਦੇ ਬਿਰਤਾਂਤ ਦਾ ਅਵਚੇਤਨ ਉਸ ਸਭਿਆਚਾਰ ਦੀਆਂ ਮੂਲ ਮਨੌਤਾਂ ਤੋਂ ਪੂਰੀ ਤਰ੍ਹਾਂ ਨਿਰਲੇਪ ਨਹੀਂ ਹੁੰਦਾ ਜਿਸ ਸਭਿਆਚਾਰ ਵਿਚ ਉਹ ਭਾਸ਼ਾ ਨਿਕਸੀ-ਵਿਗਸੀ ਹੋਵੇ। ਬਿਰਤਾਂਤਕ ਉਚਾਰ ਵਿਚ ਇਹ ਜ਼ੋਖਮ ਬਣਿਆ ਰਹਿੰਦਾ ਹੈ, ਸਾਰੇ ਦਾ ਸਾਰਾ ਪ੍ਰਵਚਨ ਸਹਿਜੇ ਹੀ ਸਿਖਰਲੀ ਧਿਰ ਦਾ ਅਨੁਸਾਰੀ ਹੋ ਜਾਵੇ। ਉਹ ਧਿਰ ਰਾਜਸੀ ਵੀ ਹੋ ਸਕਦੀ ਹੈ, ਜਾਤੀਗਤ ਵੀ ਤੇ ਲਿੰਗਕ ਵੀ। ਪੰਜਾਬੀ ਦੇ ਬਹੁਤੇ ਕਥਾ ਸੰਗਠਨ ਵਿਚ ਇਸ ਦਾ ਪ੍ਰਮਾਣ ਦੇਖਣ ਨੂੰ ਮਿਲਦਾ ਹੈ। ਕਹਾਣੀ ਬਹੁਤ ਸਹਿਜਤਾ ਨਾਲ ਮਰਦਵਾਚੀ ਪ੍ਰਵਚਨ ਵਿਚ ਵਟ ਜਾਂਦੀ ਹੈ। ਸਮਾਜਕ ਅਵਚੇਤਨ ਵਿਚ ਔਰਤ ਦੀ ਦੂਜੈਲੀ ਥਾਂ ਬਿਰਤਾਂਤਕ ਵੇਰਵਿਆਂ ਵਿਚ ਉਸ ਲਈ ਸਪੇਸ ਹੀ ਨਹੀਂ ਛੱਡਦੀ। ਮਰਦ ਹੀ ਦੁਖਾਂਤ ਭੋਗ ਰਿਹਾ ਹੈ, ਉਹ ਹੀ ਲੜ ਰਿਹਾ ਹੈ, ਉਹ ਹੀ ਸੰਕਟ ਤੋਂ ਪਾਰ ਜਾਣ ਲਈ ਜੂਝਦਾ ਹੈ। ਜੇ ਕਹਾਣੀ ਵਿਚ ਭੈਣ, ਮਾਂ ਜਾਂ ਪਤਨੀ ਦੇ ਰੂਪ ਵਿਚ ਔਰਤਾਂ ਹਨ ਵੀ ਤਾਂ ਸਹਾਇਕ ਦੀ ਭੂਮਿਕਾ ਵਿਚ ਹੀ ਹਨ। ਅਜਿਹੀ ਕਹਾਣੀ ਵਿਚ ਪ੍ਰੇਮਿਕਾ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਭੁੱਲਰ ਹੁਰਾਂ ਦੇ ਸਮਕਾਲ ਦੇ ਵੱਡੇ ਨਾਵਾਂ ਦੀ ਕਹਾਣੀ ਇਸ ਦੋਸ਼ ਤੋਂ ਮੁਕਤ ਨਹੀਂ। ਪਰ ਗੁਰਬਚਨ ਭੁੱਲਰ ਦੀ ਬਿਰਤਾਂਤਕਾਰੀ ਇਸ ਅਵਚੇਤਨੀ ਗੁੰਝਲ ਨਾਲ ਸੁਚੇਤ ਤੌਰ ’ਤੇ ਖਹਿਬੜਦੀ ਹੈ। ਉਨ੍ਹਾਂ ਦੀ ਔਰਤ ਪਾਤਰ ਆਪਣੀ ਬੇਬਾਕੀ, ਸਿਦਕ, ਸ਼ਿੱਦਤ ਤੇ ਸਿਰੜ ਨਾਲ ਆਪਣੇ ਸਾਰੇ ਜਜ਼ਬਿਆਂ ਸਮੇਤ ਹਾਜ਼ਰ ਹਨ। ‘ਥਕੇਵਾਂ’ ਕਹਾਣੀ ਦੀ ਆਸੋ ਹੋਵੇ ਜਾਂ ‘ਦੀਵੇ ਵਾਂਗ ਬਲਦੀ ਅੱਖ’ ਦੀ ਮਹਿੰਦਰੋ ਜਾਂ ਫਿਰ ਖੂਨ ਕਹਾਣੀ ਦੀ ਕੁਲਵੰਤ, ਇਹ ਸਭ ਔਰਤਾਂ ਮਰਦਾਂ ਦੀ ਦੁਨੀਆਂ ਤੇ ਮਰਦਾਂ ਲਈ ਬਣੀ ਭਾਸ਼ਾ ਵਿਚ ਆਪਣੀ ਜਗ੍ਹਾ ਲੱਭਣ ਲਈ ਸੰਘਰਸ਼ੀਲ ਹਨ। ਇਹ ਔਰਤਾਂ ਇਕ ਨਵੀਂ ਸਮਾਜਕ ਵਿਆਕਰਨ ਲਿਖਣ ਲਈ ਰਿਸ਼ਤਿਆਂ ਦੇ ਪ੍ਰਵਾਨਿਤ ਅਤੇ ਵਰਜਿਤ ਰੂਪ ਦੀ ਨਵੀਂ ਵਿਆਖਿਆ ਦੀਆਂ ਗਵਾਹ ਬਣਦੀਆਂ ਹਨ।
ਗੁਰਬਚਨ ਭੁੱਲਰ ਦੇ ਕਥਾ ਸੰਸਾਰ ਦਾ ਆਰੰਭ ਚਾਹੇ ਪੇਂਡੂ ਜੀਵਨ ਨਾਲ ਬਾਵਸਤਾ ਕਹਾਣੀਆਂ ਤੋਂ ਹੋਇਆ ਹੋਵੇ, ਜਿਵੇਂ ਜਿਵੇਂ ਸ਼ਹਿਰੀ ਜੀਵਨ ਜਾਚ ਲੇਖਕ ਦੇ ਅਨੁਭਵ ਦਾ ਹਿੱਸਾ ਬਣੀ, ਉਸਨੇ ਸ਼ਹਿਰੀ ਜੀਵਨ ਬਾਰੇ ਵੀ ਕਹਾਣੀਆਂ ਲਿਖੀਆਂ। ਮੈਂ ਗਜ਼ਨਵੀ ਨਹੀਂ, ਰੋਹੀ-ਬੀਆਬਾਨ, ਪੱਥਰ ਦਾ ਬੁੱਤ ਅਤੇ ਹਰ ਮੁਟਿਆਰ ਸੁਨੀਤਾ ਹੈ, ਇਸੇ ਤਰਜ਼-ਏ-ਜ਼ਿੰਦਗੀ ਦੀਆਂ ਕਹਾਣੀਆਂ ਹਨ। ਇਹ ਵੱਖਰੀ ਗੱਲ ਹੈ ਕਿ ਉਸਦੇ ਪਾਤਰ ਸ਼ਹਿਰੀ ਜ਼ਿੰਦਗੀ ਵਿਚ ਵੀ ਪੇਂਡੂ ਸਿਮਰਤੀਆਂ ਤੋਂ ਮੁਕਤ ਹੋਣ ਲਈ ਸੰਘਰਸ਼ ਵਿਚ ਦਿਸਦੇ ਹਨ। ‘ਰੋਹੀ ਬੀਆਬਾਨ’ ਦਾ ਮੈਂ ਪਾਤਰ ਸ਼ਾਮੋ ਤਾਈ ਦੇ ਅਨੁਭਵਾਂ ਨੂੰ ਆਪਣੀਆਂ ਸਿਮਰਤੀਆਂ ਵਿਚ ਸਾਂਭੀ ਆਪਣੇ ਵਰਤਮਾਨ ਮਸਲੇ ਨਾਲ ਆਢਾ ਲੈ ਰਿਹਾ ਹੈ। ਇਹ ਦਰਅਸਲ ਸ਼ਹਿਰੀ ਬਣੀ ਪੰਜਾਬ ਦੀ ਪੇਂਡੂ ਜਮਾਤ ਦੇ ਦੋ ਸਭਿਆਚਾਰਾਂ ਵਿਚਾਲੇ ਲਟਕੇ ਹੋਣ ਦੇ ਦਵੰਧ ਦੀ ਕਥਾਕਾਰੀ ਹੈ। ਇਸੇ ਵਿੱਚੋਂ ਪੰਜਾਬੀ ਮਧ ਸ਼੍ਰੇਣਿਕ ਜਮਾਤ ਦਾ ਚਿਹਰਾ-ਮੁਹਰਾ ਨਿਖਰ ਕੇ ਸਾਮ੍ਹਣੇ ਆਉਂਦਾ ਹੈ।
ਪਿਛਲੀ ਸਦੀ ਵਿਚ ਪੰਜਾਬੀ ਸਮਾਜ ਗੰਭੀਰ ਸੰਕਟਾਂ ਦੇ ਸਨਮੁਖ ਹੋਇਆ। ਇਨ੍ਹਾਂ ਸੰਕਟਾਂ ਦੀ ਕਥਾਕਾਰੀ ਨੇ ਵੱਡੇ ਪਾਠਕ ਵਰਗ ਨੂੰ ਨਾ ਸਿਰਫ ਆਪਣੇ ਨਾਲ ਜੋੜਿਆ, ਸਗੋਂ ਅਜਿਹੇ ਮਸਲਿਆਂ ਦੀ ਕਹਾਣੀ ਦੇ ਸੁਹਜ ਪ੍ਰਤਿਮਾਨ ਵੀ ਨਿਰਧਾਰਤ ਕੀਤੇ। ਗੁਰਬਚਨ ਭੁੱਲਰ ਨੇ ਸੰਕਟ ਕਾਲ ਦੀਆਂ ਘਟਨਾਵਾਂ ਨੂੰ ਕਹਾਣੀ ਵਿਚ ਢਾਲਦਿਆਂ ਇਕਹਿਰੀ ਸੁਹਜ ਸੰਵੇਦਨਾ ਨੂੰ ਪਾਸੇ ਕਰ ਦਿੱਤਾ। ਉਸਦੇ ਪਾਤਰ ਇੱਕੋ ਸਮੇਂ ਬਾਹਰੀ ਤੇ ਅੰਦਰੂਨੀ ਸੰਕਟਾਂ ਨਾਲ ਜੂਝਦੇ ਹਨ। ਬਾਹਰੀ ਸੰਕਟਾਂ ਦੇ ਅਧਾਰ ਰਾਜਸੀ/ਸਮਾਜ-ਸਭਿਆਚਾਰਕ ਮਹਿਸੂਸ ਹੁੰਦੇ ਹਨ ਤੇ ਸਮਾਂਤਰ ਅੰਦਰੂਨੀ ਸੰਕਟਾਂ ਦਾ ਕਾਰਨ ਸੰਵੇਦਨਾ। ਪਾਠਕ ਪਾਤਰਾਂ ਦੀ ਸਥਿਤੀ ਨਾਲ ਵਧੇਰੇ ਅਪਣੱਤ ਨਾਲ ਜੁੜਦਾ ਹੈ। ‘ਵਖਤਾਂ ਮਾਰੇ’ ਦਾ ਮੈਂ ਪਾਤਰ ਇਸ ਕਥਨ ਦਾ ਪ੍ਰਮਾਣ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਅਤੇ ਪਾਤਰਾਂ ਦੀ ਚੋਣ ਗੁਰਬਚਨ ਭੁੱਲਰ ਦੀ ਕਥਾਕਾਰੀ ਦੀ ਵਿਸ਼ੇਸ਼ਤਾ ਹੈ। ਇਹ ਵਿਚਾਰਧਾਰਾ ਘਟਨਾਵਾਂ ਜਾਂ ਪਾਤਰੀ ਵਿਹਾਰ ਦੀ ਚਿੱਟੀ-ਕਾਲ਼ੀ ਵੰਡ ਦੀ ਥਾਂ ਘਸਮੈਲੇ ਯਥਾਰਥ ਦੀ ਪੇਸ਼ਕਾਰੀ ਵਿੱਚੋਂ ਸਾਕਾਰ ਹੁੰਦੀ ਹੈ। ਗੁਰਬਚਨ ਭੁੱਲਰ ਨੇ ਪੰਜਾਬੀ ਬੰਦੇ ਨਾਲ ਜੁੜੀਆਂ ਮਿੱਥਾਂ ਦਾ ਭੰਜਨ ਆਪਣੀਆਂ ਕਹਾਣੀਆਂ ਵਿਚ ਬਾਖੂਬੀ ਕੀਤਾ। ਅਣਖ, ਗੈਰਤ, ਬਹਾਦਰੀ, ਬੁਜ਼ਦਿਲੀ, ਜ਼ੁਲਮ ਤੇ ਕਰੁਣਾ ਦੇ ਭਾਵ ਉਸਦੇ ਪਾਤਰਾਂ ਦੀ ਉਸਾਰੀ ਵਿਚ ਏਨੇ ਰਲਗੱਡ ਹਨ ਕਿ ਇਨ੍ਹਾਂ ਨੂੰ ਅੱਡ ਕਰਕੇ ਵੇਖਿਆ ਨਹੀਂ ਜਾ ਸਕਦਾ। ਸ਼ਾਇਦ ਹੀ ਕੋਈ ਪੇਂਡੂ ਪੰਜਾਬੀ ਹੋਵੇ ਜਿਸਨੇ ‘ਖੂਨ’ ਕਹਾਣੀ ਦਾ ਕਰਤਾਰਾ ਆਪਣੇ ਆਲੇ-ਦੁਆਲੇ ਨਾ ਵੇਖਿਆ ਹੋਵੇ। ਆਲੇ-ਦੁਆਲੇ ਕਿਉਂ ਆਪਣੇ ਅੰਦਰ ਹੀ ਨਾ ਮਹਿਸੂਸਿਆ ਹੋਵੇ।
ਕੁਝ ਸਾਲ ਪਹਿਲਾਂ ਗੁਰਬਚਨ ਭੁੱਲਰ ਹੁਰਾਂ ਦਾ ਚਰਚਿਤ ਨਾਵਲ ‘ਇਹੁ ਜਨਮ ਤੁਮਾਰੇ ਲੇਖੇ’ ਛਪ ਕੇ ਆਇਆ। ਇਸ ਨਾਵਲ ਨੇ ਪੰਜਾਬੀ ਦੇ ਸਾਹਿਤਕ ਹਲਕਿਆਂ ਵਿਚ ਗੰਭੀਰ ਵਿਵਾਦ/ਸੰਵਾਦ ਛੇੜਿਆ। ਪੰਜਾਬੀ ਦੀ ਇਕ ਵੱਡੀ ਸਾਹਿਤਕ ਹਸਤੀ ਦੇ ਜੀਵਨ ਬਾਰੇ ਬਣੇ ਸ਼ਰਧਾਭਾਵੀ ਬਿੰਬ ਨੂੰ ਉਲਟਾ ਕੇ ਭੁੱਲਰ ਨੇ ਉਸਦੀਆਂ ਲਾਲਸਾਵਾਂ ਦੀ ਬਲੀ ਚੜ੍ਹੇ ਉਸਦੇ ਪਤੀ ਬਾਰੇ ਵੇਰਵਿਆਂ ਨੂੰ ਨਾਵਲੀ ਵਸਤੂ ਬਣਾਇਆ। ਬਿਨਾਂ ਸ਼ੱਕ ਅਜਿਹਾ ਕਰਦਿਆਂ ਇਕ ਮਰਦ ਲੇਖਕ ਦੀ ਖਿਝ ਐਸੇ ਸਿਖਰ ਤੋਂ ਪ੍ਰਗਟ ਹੋਈ ਕਿ ਹੁਣ ਤਕ ਦੇ ਸਮਾਜਿਕ ਇਤਿਹਾਸ ਵਿਚ ਮਰਦਾਵੀਂ ਲਾਲਸਾ ਦੀ ਬਲੀ ਚੜ੍ਹੀਆਂ ਅਣਗਿਣਤ ਔਰਤਾਂ ਨੂੰ ਨਿਆਸ਼ੀਲ ਬਣਾਉਣ ਵਾਲੀ ਲੱਗੀ। ਪਰ ਇਸ ਨਾਵਲ ਦੀ ਪੜਤ ਵਿਚ ਇਕ ਅਹਿਮ ਪਸਾਰ ਵੀ ਸੀ। ਸੱਤਾ ਦੇ ਪਾਰ-ਲਿੰਗਕ ਖਾਸੇ ਬਾਰੇ ਨਾਵਲ ਨੇ ਨਵੀਂ ਤਰ੍ਹਾਂ ਸੋਚਣ ਦਾ ਮੌਕਾ ਦਿੱਤਾ। ਮਰਦ ਦੀ ਸੱਤਾ ਜਾਂ ਲੇਖਕੀ ਮੱਠਾਂ ਦੀ ਸੱਤਾ ਦੇ ਵਿਰੋਧ ਵਿਚ ਜੂਝਦੀ ਉਸ ਨਾਵਲ ਦੀ ਮੁੱਖ ਪਾਤਰ ਆਪਣੇ ਆਪ ਨੂੰ ਮਰਦ ਬਣਾ ਕੇ ਸਾਹਿਤਕ ਮੱਠ ਸਥਾਪਿਤ ਕਰਦੀ ਹੈ। ਇਹ ਸੱਤਾ ਭੋਗ ਨਾਰੀ ਸਸ਼ਕਤੀਕਰਨ ਬਾਰੇ ਇਕਹਿਰੀਆਂ ਸਥਾਪਨਾਵਾਂ ਬਾਰੇ ਦੁਬਾਰਾ ਸੋਚਣ ਲਈ ਮਜਬੂਰ ਕਰਦਾ ਹੈ।
ਗੁਰਬਚਨ ਭੁੱਲਰ ਆਪਣੇ ਸਮਕਾਲ ਵਿਚ ਹੀ ਨਹੀਂ ਪੂਰੀ ਧਾਰਾ ਵਿਚ ਵੱਖਰੇ ਮੁਹਾਂਦਰੇ ਅਤੇ ਮੁਹਾਵਰੇ ਵਾਲਾ ਕਹਾਣੀਕਾਰ ਰਿਹਾ ਹੈ। ਉਸ ਤੋਂ ਅਗਲੀਆਂ ਪੀੜ੍ਹੀਆਂ ਦੇ ਕਹਾਣੀਕਾਰਾਂ ਨੂੰ ਸਮੀਖਿਆ ਕਰਨ ਵਾਲਿਆਂ ਨੇ ਦੋ ਧਾਰਾਵਾਂ ਨਾਲ ਸੰਬੰਧਿਤ ਕੀਤਾ। ਖ਼ੁਦ ਅਗਲੇਰੇ ਕਹਾਣੀਕਾਰ ਵੀ ਇਨ੍ਹਾਂ ਦੋਵਾਂ ਧਾਰਾਵਾਂ ਨਾਲ ਸੰਬੰਧਿਤ ਹੋ ਕੇ ਖੁਸ਼ ਸਨ। ਕਿਸੇ ਵੀ ਕਹਾਣੀਕਾਰ ਨੂੰ ਗੁਰਬਚਨ ਭੁੱਲਰ ਵਰਗਾ ਨਹੀਂ ਕਿਹਾ ਗਿਆ, ਨਾ ਹੀ ਕਿਸੇ ਨੇ ਆਪਣੇ ਆਪ ਨੂੰ ਭੁੱਲਰ ਵਰਗਾ ਕਹਾਣੀਕਾਰ ਮੰਨਿਆ। ਕਿਉਂਕਿ ਗੁਰਬਚਨ ਭੁੱਲਰ ਵਰਗਾ ਹੋਣਾ ਬੇਹੱਦ ਮੁਸ਼ਕਿਲ ਲਗਦਾ ਹੈ। ਭੁੱਲਰ ਨੇ ਮੱਠਵਾਦ ਦੇ ਖਿਲਾਫ ਬੋਲ ਕੇ ਤੇ ਲਿਖ ਕੇ ਆਪਣੇ ਆਪ ਨੂੰ ਅੰਕਿਤ ਕਰਵਾਇਆ। ਸਾਹਿਤ ਦੇ ਦੁਰ-ਵਰਤਾਰਿਆਂ ਬਾਰੇ ਉਹ ਅਜੇ ਵੀ ਆਪਣਾ ਵਿਰੋਧ ਦਰਜ ਕਰਵਾਉਂਦਾ ਰਹਿੰਦਾ ਹੈ। ਅਜਿਹੀ ਸਥਿਤੀ ਵਿਚ ਜਦੋਂ ਅਸਮਾਨ ਦੋ ਹਿੱਸਿਆਂ ਤੋਂ ਅਗਾਂਹ ਕਈ ਹੋਰ ਟੁਕੜਿਆਂ ਵਿਚ ਵੰਡਿਆ ਗਿਆ ਹੈ, ਗੁਰਬਚਨ ਭੁੱਲਰ ਦੀ ਰਚਨਾਕਾਰੀ ਧਰਤੀ ਉੱਪਰ ਉੱਕਰੀ ਉਹ ਕਥਾ ਪੈੜ ਹੈ ਜੋ ਸਮੇਂ ਦੇ ਬੀਤਣ ਨਾਲ ਹੋਰ ਪਕੇਰੀ ਤੇ ਗਹਿਰੀ ਹੁੰਦੀ ਜਾਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(1867)
(ਸਰੋਕਾਰ ਨਾਲ ਸੰਪਰਕ ਲਈ: